ਚੰਡੀਗੜ੍ਹ: ਅਡਾਨੀ ਗਰੁੱਪ ਨੇ ਤਿੰਨ ਵਰ੍ਹੇ ਪਹਿਲਾਂ ਹੀ ਪੰਜਾਬ ਵਿਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਸਨ, ਜਿਸ ਦੇ ਭੇਤ ਹੁਣ ਖੁੱਲ੍ਹਣ ਲੱਗੇ ਹਨ। ਸੂਰਜੀ ਊਰਜਾ ‘ਚ ਅਡਾਨੀ ਨੇ ਪੰਜਾਬ ‘ਚ ਦੋ ਕਦਮ ਹੋਰ ਵਧਾ ਲਏ ਹਨ। ਸਿੱਟੇ ਵਜੋਂ ਪੰਜਾਬ ਸਰਕਾਰ ਹੁਣ ਅਡਾਨੀ ਗਰੁੱਪ ਤੋਂ ਮਹਿੰਗੀ ਬਿਜਲੀ ਵੀ ਖਰੀਦੇਗੀ। ਅਡਾਨੀ ਗਰੁੱਪ ਨੇ ਖਾਸ ਕਰਕੇ ਮਾਲਵਾ ਖਿੱਤੇ ‘ਚ ਸੱਤ ਨਵੀਆਂ ਕੰਪਨੀਆਂ ਬਣਾ ਲਈਆਂ ਹਨ।
ਅਡਾਨੀ ਗਰੁੱਪ ਨੇ ਮਾਨਸਾ ਜ਼ਿਲ੍ਹੇ ਵਿਚਲੇ ਦੋ ਸੋਲਰ ਪ੍ਰੋਜੈਕਟ ਖਰੀਦ ਲਏ ਹਨ।
ਇਨ੍ਹਾਂ ਵਿਚ ਪਿੰਡ ਲਖਮੀਰ ਵਾਲਾ ਅਤੇ ਪਿੰਡ ਬਰ੍ਹੇ ਦੇ ਦੋ ਸੋਲਰ ਪਲਾਂਟ ਸ਼ਾਮਲ ਹਨ। ਪਿੰਡ ਬਰ੍ਹੇ (ਮਾਨਸਾ) ‘ਚ ‘ਐਸਲ ਰੀਨਿਊਏਬਲ ਐਨਰਜੀ ਲਿਮਟਿਡ’ ਵੱਲੋਂ ਸੋਲਰ ਪ੍ਰੋਜੈਕਟ ਲਾਇਆ ਗਿਆ ਅਤੇ ਇਸ ਕੰਪਨੀ ਨੇ 30 ਦਸੰਬਰ 2013 ਨੂੰ 25 ਸਾਲਾਂ ਲਈ 8.65 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਪਾਵਰਕੌਮ ਨੂੰ ਬਿਜਲੀ ਦੇਣ ਦਾ ਸਮਝੌਤਾ ਕੀਤਾ। ਪਿੰਡ ਲਖਵੀਰ ਵਾਲਾ ਵਿਚ ‘ਐੱਸਲ ਕਲੀਨ ਐਨਰਜੀ ਲਿਮਟਿਡ’ ਦੇ ਸੋਲਰ ਪ੍ਰੋਜੈਕਟ ਤੋਂ ਪਾਵਰਕੌਮ ਨੂੰ 8.70 ਰੁਪਏ ਪ੍ਰਤੀ ਯੂਨਿਟ ਬਿਜਲੀ ਪਾਵਰਕੌਮ ਨੂੰ ਮਿਲ ਰਹੀ ਹੈ ਅਤੇ ਇਹ ਸਮਝੌਤਾ ਵੀ 25 ਸਾਲਾਂ ਲਈ 30 ਦਸੰਬਰ 2013 ਨੂੰ ਕੀਤਾ ਗਿਆ। ਇਹ ਦੋਵੇਂ ਸੋਲਰ ਪ੍ਰੋਜੈਕਟ ਹੁਣ ਅਡਾਨੀ ਗਰੁੱਪ ਨੇ ਖਰੀਦ ਕਰ ਲਏ ਹਨ।
ਪਾਵਰਕੌਮ ਹੁਣ ਮਹਿੰਗੀ ਬਿਜਲੀ ਅਡਾਨੀ ਦੇ ਇਨ੍ਹਾਂ ਪ੍ਰੋਜੈਕਟਾਂ ਤੋਂ ਖਰੀਦ ਕਰੇਗਾ। ਇਸੇ ਤਰ੍ਹਾਂ ਅਡਾਨੀ ਗਰੁੱਪ ਦੀ ‘ਪ੍ਰਾਰਥਨਾ ਡਿਵੈਲਪਰ ਲਿਮਟਿਡ` ਵੱਲੋਂ ਬਠਿੰਡਾ ਦੇ ਪਿੰਡ ਚੁੱਘੇ ਕਲਾਂ ਵਿਚ 100 ਮੈਗਾਵਾਟ ਦਾ ਸੋਲਰ ਪ੍ਰੋਜੈਕਟ ਲਾਇਆ ਗਿਆ। ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ 8 ਨਵੰਬਰ 2016 ਨੂੰ ਇਸ ਸੋਲਰ ਪ੍ਰੋਜੈਕਟ ਦਾ ਉਦਘਾਟਨ ਕੀਤਾ ਸੀ। ਅਡਾਨੀ ਵੱਲੋਂ ਪਾਵਰਕੌਮ ਨੂੰ 50 ਮੈਗਾਵਾਟ ਬਿਜਲੀ 5.95 ਰੁਪਏ ਪ੍ਰਤੀ ਯੂਨਿਟ ਅਤੇ ਬਾਕੀ 50 ਮੈਗਾਵਾਟ ਬਿਜਲੀ 5.80 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਪਾਵਰਕੌਮ ਨੂੰ 25 ਸਾਲਾਂ ਲਈ ਦੇਣੀ ਹੈ। ਇਕੋ ਕੰਪਲੈਕਸ ਵਿਚ ਲੱਗੇ ਸੋਲਰ ਪ੍ਰੋਜੈਕਟ ਦੀ ਬਿਜਲੀ ਦੇ ਦੋ ਭਾਅ ਦਿੱਤੇ ਗਏ ਹਨ। ਇਹ ਪ੍ਰੋਜੈਕਟ 641 ਏਕੜ ਵਿਚ ਲੱਗਿਆ ਹੋਇਆ ਹੈ।
ਅਡਾਨੀ ਗਰੁੱਪ ਦਾ ਮੋਗਾ ਵਿਚ ਸਾਇਲੋ ਪਲਾਂਟ ਹੈ, ਜੋ ਸਾਲ 2007 ਵਿਚ ਚਾਲੂ ਹੋਇਆ ਸੀ। ਭਾਰਤੀ ਖੁਰਾਕ ਨਿਗਮ ਵੱਲੋਂ 20 ਸਾਲ ਲਈ ਅਨਾਜ ਭੰਡਾਰਨ ਵਾਸਤੇ ਸਮਝੌਤਾ ਅਡਾਨੀ ਗਰੁੱਪ ਨਾਲ ਕੀਤਾ ਹੋਇਆ ਹੈ। ਇਸੇ ਤਰ੍ਹਾਂ ਕਿਲ੍ਹਾ ਰਾਏਪੁਰ ਵਿਚ ਅਡਾਨੀ ਗਰੁੱਪ ਦਾ ਲੌਜਿਸਟਿਕ ਪਾਰਕ ਹੈ। ਕੋਟਕਪੂਰਾ ਵਿਚ ਵੀ ਅਡਾਨੀ ਗਰੁੱਪ ਵੱਲੋਂ ਸਾਇਲੋ ਸਥਾਪਤ ਕੀਤਾ ਜਾਣਾ ਹੈ। ਕਿਸਾਨ ਧਿਰਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਬਾਨੀ ਤੇ ਅਡਾਨੀ ਨੂੰ ਨਿਸ਼ਾਨੇ ‘ਤੇ ਰੱਖਿਆ ਹੋਇਆ ਹੈ, ਜਿਸ ਦੇ ਕਾਰੋਬਾਰੀ ਅਦਾਰਿਆਂ ਦਾ ਕਿਸਾਨ ਵਿਰੋਧ ਕਰ ਰਹੇ ਹਨ। ਤਾਜਾ ਬਣੇ ਹਾਲਾਤ ਵਿਚ ਅਡਾਨੀ ਗਰੁੱਪ ਪੰਜਾਬ ਵੱਲ ਮੂੰਹ ਕਰਨ ਤੋਂ ਝਿਜਕੇਗਾ। ਅਡਾਨੀ ਗਰੁੱਪ ਵੱਲੋਂ ਪਹਿਲਾਂ ਹੀ ਪੰਜਾਬ ‘ਤੇ ਡੋਰੇ ਪਾਉਣ ਲਈ ਲੰਮੀ ਵਿਉਂਤਬੰਦੀ ਕੀਤੀ ਹੋਈ ਸੀ। ਅਡਾਨੀ ਗਰੁੱਪ ਨੇ ਪੰਜਾਬ ਵਿਚ ਸੱਤ ਕੰਪਨੀਆਂ ਬਣਾ ਲਈਆਂ ਸਨ। ਛੇ ਕੰਪਨੀਆਂ ਜਨਵਰੀ 2017 ਵਿਚ ਬਣਾਈਆਂ ਗਈਆਂ ਸਨ, ਜਿਨ੍ਹਾਂ ‘ਚ ਅਡਾਨੀ ਐਗਰੀ ਲੌਜਿਸਟਿਕ ਬਰਨਾਲਾ, ਅਡਾਨੀ ਐਗਰੀ ਲੌਜਿਸਟਿਕ ਬਠਿੰਡਾ, ਅਡਾਨੀ ਐਗਰੀ ਲੌਜਿਸਟਿਕ ਰਾਮਾਂ, ਅਡਾਨੀ ਐਗਰੀ ਲੌਜਿਸਟਿਕ ਮਾਨਸਾ, ਅਡਾਨੀ ਐਗਰੀ ਲੌਜਿਸਟਿਕ ਨਕੋਦਰ ਅਤੇ ਅਡਾਨੀ ਐਗਰੀ ਲੌਜਿਸਟਿਕ ਮੋਗਾ ਸ਼ਾਮਲ ਹਨ। ਇਸੇ ਤਰ੍ਹਾਂ 25 ਜਨਵਰੀ 2019 ਨੂੰ ਅਡਾਨੀ ਐਗਰੀ ਲੌਜਿਸਟਿਕ ਕੋਟਕਪੂਰਾ ਵੀ ਬਣਾਈ ਗਈ। ਭਵਿੱਖ ਵਿਚ ਖੇਤੀ ਕਾਰੋਬਾਰ ਲਈ ਅਡਾਨੀ ਗਰੁੱਪ ਵਲੋਂ ਤਿਆਰੀ ਕੀਤੀ ਗਈ ਹੈ। ਇਨ੍ਹਾਂ ਸਾਰੀਆਂ ਕੰਪਨੀਆਂ ਦਾ ਪਤਾ ਅਡਾਨੀ ਹਾਊਸ, ਅਹਿਮਦਾਬਾਦ (ਗੁਜਰਾਤ) ਹੈ।