ਕਾਰੋਬਾਰੀ ਮੁਕੇਸ਼ ਅੰਬਾਨੀ ਨੇ ਪੰਜਾਬੀਆਂ ਨਾਲ ਮੱਥਾ ਲਾਉਣ ਤੋਂ ਹੱਥ ਕੀਤੇ ਖੜ੍ਹੇ

ਨਵੀਂ ਦਿੱਲੀ: ਕਾਰੋਬਾਰੀ ਮੁਕੇਸ਼ ਅੰਬਾਨੀ ਨੇ ਪੰਜਾਬੀਆਂ ਨਾਲ ਮੱਥਾ ਲਾਉਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ ਨੇ ਕਿਹਾ ਕਿ ਉਹ ਨਾ ਤਾਂ ਕਿਸਾਨਾਂ ਤੋਂ ਫਸਲਾਂ ਦੀ ਸਿੱਧੀ ਖਰੀਦ ਕਰਦੀ ਹੈ ਤੇ ਨਾ ਹੀ ਉਹ ਠੇਕਾ ਆਧਾਰਿਤ ਖੇਤੀ ਦੇ ਕਾਰੋਬਾਰ `ਚ ਹੈ। ਕੰਪਨੀ ਨੇ ਇਹ ਸਪੱਸ਼ਟੀਕਰਨ ਅਜਿਹੇ ਸਮੇਂ ਦਿੱਤਾ ਹੈ ਜਦੋਂ ਉਹ ਦੇਸ਼ `ਚ ਚੱਲ ਰਹੇ ਕਿਸਾਨ ਅੰਦੋਲਨ ਦੇ ਨਿਸ਼ਾਨੇ `ਤੇ ਹੈ।

ਰਿਲਾਇੰਸ ਇੰਡਸਟਰੀਜ ਨੇ ਇਕ ਜਾਰੀ ਬਿਆਨ `ਚ ਕਿਹਾ ਕਿ ਉਨ੍ਹਾਂ ਦੀ ਕੰਪਨੀ ਰਿਲਾਇੰਸ ਜੀਓ ਇਨਫੋਕੌਮ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ `ਚ ਪਟੀਸ਼ਨ ਦਾਇਰ ਕਰਕੇ ਗੈਰ-ਸਮਾਜੀ ਤੱਤਾਂ ਵੱਲੋਂ ਟਾਵਰਾਂ ਦੇ ਕੀਤੇ ਜਾ ਰਹੇ ਨੁਕਸਾਨ ਦੀਆਂ ਗੈਰਕਾਨੂੰਨੀ ਗਤੀਵਿਧੀਆਂ `ਤੇ ਪੂਰੀ ਤਰ੍ਹਾਂ ਰੋਕ ਲਗਾਉਣ ਲਈ ਸਰਕਾਰੀ ਅਥਾਰਿਟੀਆਂ ਦੇ ਤੁਰਤ ਦਖਲ ਦੀ ਮੰਗ ਕੀਤੀ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਉਸ ਨੂੰ ਇਨ੍ਹਾਂ ਕਾਨੂੰਨਾਂ ਤੋਂ ਕਿਸੇ ਤਰ੍ਹਾਂ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਹੈ ਤੇ ਦੇਸ਼ `ਚ ਜਿਨ੍ਹਾਂ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਬਹਿਸ ਚੱਲ ਰਹੀ ਹੈ, ਕੰਪਨੀ ਦਾ ਉਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਇਸ ਤੋਂ ਪਹਿਲਾਂ ਕਿਸਾਨ ਸੰਘਰਸ਼ ਦੇ ਮੱਦੇਨਜਰ ਪੰਜਾਬ ਵਿਚ ਨੁਕਸਾਨੇ ਜਾ ਰਹੇ ਟੈਲੀਕਾਮ ਢਾਂਚੇ ਨੂੰ ਬਚਾਉਣ ਲਈ ਰਿਲਾਇੰਸ ਜੀਓ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਇਸ ਮਾਮਲੇ `ਚ ਦਖਲ ਦੇਣ ਤੇ ਭੰਨ-ਤੋੜ ਦੀਆਂ ਘਟਨਾਵਾਂ ਲਈ ਜਿੰਮੇਵਾਰ ਵਿਅਕਤੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਲਿਖੇ ਪੱਤਰ ਵਿਚ ਜੀਓ ਨੇ ਕੰਪਨੀ ਦੇ ਨੈੱਟਵਰਕ ਵਾਲੀਆਂ ਸਾਈਟਾਂ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਭੰਨ-ਤੋੜ ਕੀਤੇ ਜਾਣ ਦਾ ਜਿਕਰ ਕੀਤਾ ਹੈ। ਕੰਪਨੀ ਨੇ ਦੋਸ਼ ਲਗਾਇਆ ਕਿ ਇਹ ਭੰਨ-ਤੋੜ ਜਾਣਬੁਝ ਕੇ ਕੰਪਨੀ ਦੇ ਢਾਂਚੇ ਤੇ ਸੇਵਾਵਾਂ ਨੂੰ ਵੱਧ ਤੋਂ ਵੱਧ ਢਾਹ ਲਾਉਣ ਲਈ ਕੀਤੀ ਜਾ ਰਹੀ ਹੈ। ਕੰਪਨੀ ਨੇ ਮੁੱਖ ਮੰਤਰੀ ਦਫਤਰ ਤੋਂ ਜਿਲ੍ਹਾ ਪ੍ਰਸ਼ਾਸਨ ਨੂੰ ਟੈਲੀਕਾਮ ਢਾਂਚੇ ਦੀ ਭੰਨ-ਤੋੜ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੇ ਜਾਣ ਦੀ ਅਪੀਲ ਕੀਤੀ ਹੈ।
______________________________
ਜੀਓ ਵੱਲੋਂ ਸਾਰੀਆਂ ਘਰੇਲੂ ਕਾਲਾਂ ਮੁਫਤ
ਨਵੀਂ ਦਿੱਲੀ: ਰਿਲਾਇੰਸ ਜੀਓ ਇਨਫੋਕੌਮ ਨੇ ਐਲਾਨ ਕੀਤਾ ਹੈ ਕਿ ਪਹਿਲੀ ਜਨਵਰੀ, 2021 ਤੋਂ ਕੰਪਨੀ ਦੇ ਨੈੱਟਵਰਕ ਤੋਂ ਸਾਰੀਆਂ ਘਰੇਲੂ ਕਾਲਾਂ ਮੁਫਤ ਕਰ ਦਿੱਤੀਆਂ ਜਾਣਗੀਆਂ, ਕਿਉਂਕਿ ਘਰੇਲੂ ਵੁਆਇਸ ਕਾਲਾਂ ਲਈ ਇੰਟਰਕੁਨੈਕਟ ਯੂਸੇਜ ਚਾਰਜਿਜ ਖਤਮ ਹੋ ਗਿਆ ਹੈ। ਜੀਓ ਅਨੁਸਾਰ ਟੈਲੀਕੌਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ ਦੀਆਂ ਹਦਾਇਤਾਂ ਅਨੁਸਾਰ ਪਹਿਲੀ ਜਨਵਰੀ ਤੋਂ ਦੇਸ਼ ਵਿਚ ‘ਬਿੱਲ ਐਂਡ ਕੀਪ` ਵਿਵਸਥਾ ਲਾਗੂ ਕੀਤੀ ਜਾ ਰਹੀ ਹੈ, ਜਿਸ ਨਾਲ ਸਾਰੀਆਂ ਘਰੇਲੂ ਵੁਆਇਸ ਕਾਲਾਂ `ਤੇ ਆਈ.ਯੂ.ਸੀ. ਖਤਮ ਹੋ ਜਾਵੇਗਾ। ਜੀਓ ਨੇ ਕਿਹਾ ਕਿ ਇੰਟਰਨੈੱਟ ਤੋਂ ਬਿਨਾਂ ਇੰਟਰਨੈੱਟ ਘਰੇਲੂ ਵੁਆਇਸ ਕਾਲ ਨੂੰ ਮੁੜ ਸਿਫਰ `ਤੇ ਲਿਆਉਣ ਦੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਨ ਲਈ ਇਹ ਕਦਮ ਉਠਾਇਆ ਗਿਆ ਹੈ।
______________________________
ਅੰਬਾਨੀ-ਅਡਾਨੀ ਦੇ ਲਾਇਸੈਂਸ ਰੱਦ ਕਰਨ ਦੀ ਮੰਗ
ਅੰਮ੍ਰਿਤਸਰ: ਕਿਸਾਨੀ ਸੰਘਰਸ਼ ਦੀ ਹਮਾਇਤ `ਚ ਸਿੰਘੂ ਹੱਦ `ਤੇ ਪੁੱਜੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਮੈਂਬਰਾਂ ਨੇ ਪੰਜਾਬ ਸਰਕਾਰ ਕੋਲੋਂ ਅੰਬਾਨੀਆਂ ਤੇ ਅਡਾਨੀਆਂ ਦੇ ਕਾਰੋਬਾਰ ਸਬੰਧੀ ਲਾਇਸੈਂਸ ਰੱਦ ਕਰਨ ਦੀ ਮੰਗ ਕੀਤੀ ਹੈ। ਜਥੇਬੰਦੀ ਦੇ ਆਗੂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਪ੍ਰਵੀਨ ਕੁਮਾਰ ਤੇ ਹੋਰਨਾਂ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਕਿਸਾਨ ਮੋਰਚੇ ਵਿਚ ਸ਼ਮੂਲੀਅਤ ਕਰਕੇ ਕਿਸਾਨ ਸੰਘਰਸ਼ ਨੂੰ ਹਮਾਇਤ ਦਿੱਤੀ ਗਈ ਹੈ। ਉਨ੍ਹਾਂ ਆਖਿਆ ਕਿ 2021 ਵਰ੍ਹੇ ਵਿਚ ਮਾਇਆਧਾਰੀਆਂ ਦਾ ਮਾਡਲ ਰੱਦ ਕਰਕੇ ਕਰਤਾਰਪੁਰ ਦਾ ਮਾਡਲ ਅਪਣਾਉਣਾ ਚਾਹੀਦਾ ਹੈ। ਅੱਜ ਲੱਖਾਂ ਕਿਸਾਨ ਸੜਕਾਂ `ਤੇ ਆਪਣੇ ਹੱਕਾਂ ਲਈ ਬੈਠੇ ਹਨ ਪਰ ਦੇਸ਼ ਦੀ ਸਰਬਉਚ ਅਦਾਲਤ ਚੁੱਪ ਕਰਕੇ ਸਾਰਾ ਤਮਾਸ਼ਾ ਦੇਖ ਰਹੀ ਹੈ।