ਸ਼੍ਰੋਮਣੀ ਕਮੇਟੀ ਲਈ ਵਿੱਤੀ ਸੰਕਟ ਤੇ ਅੰਦਰੂਨੀ ਵਿਵਾਦਾਂ ਵਾਲਾ ਰਿਹਾ 2020

ਅੰਮ੍ਰਿਤਸਰ: ਕਰੋਨਾ ਮਹਾਮਾਰੀ ਦਾ ਅਸਰ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਰਥਿਕ ਸਰੋਤਾ `ਤੇ ਵੀ ਪਿਆ ਹੈ ਤੇ ਸੰਸਥਾ ਵਿੱਤੀ ਸੰਕਟ ਦਾ ਸ਼ਿਕਾਰ ਹੋਈ ਹੈ। ਇਸ ਤੋਂ ਇਲਾਵਾ ਸੰਸਥਾ ਦੇ ਪਬਲੀਕੇਸ਼ਨ ਵਿਭਾਗ ਦੇ ਰਿਕਾਰਡ ਵਿਚੋਂ 328 ਪਾਵਨ ਸਰੂਪ ਘਟਣ ਦਾ ਮਾਮਲਾ ਇਸ ਵਰ੍ਹੇ ਸਿਖਰ `ਤੇ ਰਿਹਾ। ਇਸ ਕਾਰਨ ਸਿੱਖ ਸੰਸਥਾ ਦੀ ਸਾਖ ਨੂੰ ਵੱਡੀ ਢਾਹ ਲੱਗੀ ਹੈ। ਇਸ ਕਾਰਨ ਇਹ ਵਰ੍ਹਾ ਸਿੱਖ ਸੰਸਥਾ ਦੇ ਇਤਿਹਾਸ ਵਿਚ ਹਮੇਸ਼ਾ ਲਈ ਕੌੜੀ ਯਾਦ ਵਜੋਂ ਯਾਦ ਰਹੇਗਾ।

ਇਸ ਵਰ੍ਹੇ ਮਾਰਚ ਮਹੀਨੇ ਵਿਚ ਕਰੋਨਾ ਮਹਾਮਾਰੀ ਦੀ ਸ਼ੁਰੂਆਤ ਸਮੇਂ ਸਰਕਾਰ ਵੱਲੋਂ ਕਰਫਿਊ ਲਾ ਦਿੱਤਾ ਗਿਆ ਸੀ। ਉਸ ਵੇਲੇ ਧਾਰਮਿਕ ਸਥਾਨ ਵੀ ਸ਼ਰਧਾਲੂਆਂ ਲਈ ਬੰਦ ਕਰ ਦਿੱਤੇ ਗਏ ਸਨ। ਵਿਦੇਸ਼ਾਂ ਵਿਚ ਕਈ ਗੁਰਦੁਆਰੇ ਵੀ ਬੰਦ ਕਰ ਦਿੱਤੇ ਗਏ। ਇਸ ਦੌਰਾਨ ਹਰਿਮੰਦਰ ਸਾਹਿਬ ਦੇ ਦਰਵਾਜੇ ਇਕ ਦਿਨ ਵੀ ਸ਼ਰਧਾਲੂਆਂ ਵਾਸਤੇ ਬੰਦ ਨਹੀਂ ਹੋਏ ਪਰ ਕਰਫਿਊ ਅਤੇ ਆਵਾਜਾਈ ਬੰਦ ਹੋਣ ਕਾਰਨ ਸ਼ਰਧਾਲੂਆਂ ਦੀ ਆਮਦ ਨਾਂ-ਮਾਤਰ ਰਹਿ ਗਈ ਸੀ। ਸਿਰਫ ਨੇੜਲੇ ਇਲਾਕੇ ਦੇ ਕੁਝ ਸ਼ਰਧਾਲੂ ਅਤੇ ਕੁਝ ਅਮਲਾ ਮੈਂਬਰ ਹੀ ਆਉਂਦੇ ਸਨ। ਸ਼ਰਧਾਲੂਆਂ ਦੀ ਆਮਦ ਨਾ ਹੋਣ ਕਾਰਨ ਇਸ ਦਾ ਅਸਰ ਗੁਰਦੁਆਰੇ ਦੀ ਗੋਲਕ `ਤੇ ਵੀ ਹੋਇਆ। ਇਸ ਤੋਂ ਇਲਾਵਾ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਦਾਨ ਦੀ ਰਕਮ ਵੀ ਰੁਕ ਗਈ। ਅਜਿਹੀ ਸਥਿਤੀ ਹੋਰ ਗੁਰਦੁਆਰਿਆਂ ਵਿਚ ਵੀ ਸੀ। ਇਸ ਕਰ ਕੇ ਆਮਦਨ ਵੱਡੇ ਪੱਧਰ `ਤੇ ਘਟ ਗਈ। ਦੂਜੇ ਪਾਸੇ, ਸ਼੍ਰੋਮਣੀ ਕਮੇਟੀ ਨੇ ਹੋਰਨਾਂ ਅਦਾਰਿਆਂ ਵਾਂਗ ਨਾ ਤਾਂ ਆਪਣੇ ਕਰਮਚਾਰੀਆਂ ਦੀ ਤਨਖਾਹ ਵਿਚ ਕਟੌਤੀ ਕੀਤੀ ਅਤੇ ਨਾ ਹੀ ਲੰਗਰ ਦਾ ਕੰਮ ਰੋਕਿਆ ਗਿਆ। ਕਰੋਨਾ ਦੌਰਾਨ ਸਿੱਖ ਭਾਈਚਾਰੇ ਵੱਲੋਂ ਦੇਸ਼-ਵਿਦੇਸ਼ ਵਿਚ ਲੋੜਵੰਦਾਂ ਵਾਸਤੇ ਲੰਗਰ ਲਾ ਕੇ ਕੀਤੀ ਗਈ ਸੇਵਾ ਨੇ ਵਿਸ਼ਵ ਭਰ ਵਿਚ ਸਿੱਖ ਭਾਈਚਾਰੇ ਦਾ ਮਾਣ ਵਧਾਇਆ ਹੈ।
ਕਰੋਨਾ ਕਾਰਨ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦਾ 28 ਮਾਰਚ ਨੂੰ ਰੱਖਿਆ ਗਿਆ ਸਾਲਾਨਾ ਬਜਟ ਸਮਾਗਮ ਮੁਲਤਵੀ ਕਰ ਦਿੱਤਾ ਗਿਆ। ਇਹ ਸਮਾਗਮ 6 ਮਹੀਨੇ ਮਗਰੋਂ 28 ਸਤੰਬਰ ਨੂੰ ਕੀਤਾ ਗਿਆ। ਆਮਦਨ ਵਿਚ ਘਾਟ ਆਉਣ ਕਾਰਨ ਪਿਛਲੇ ਵਰ੍ਹੇ ਦੇ 1205 ਕਰੋੜ ਰੁਪਏ ਦੇ ਸਾਲਾਨਾ ਬਜਟ ਦੀ ਥਾਂ ਵਰ੍ਹੇ 2020-21 ਵਾਸਤੇ ਸਿਰਫ 981 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ ਅਤੇ ਇਸ ਵਿਚ ਲਗਭਗ 19 ਫੀਸਦ ਦੀ ਕਮੀ ਆਈ ਜਦੋਂਕਿ ਆਮਦਨ ਵਿਚ 30 ਫੀਸਦ ਤਕ ਕਮੀ ਦਰਜ ਕੀਤੀ ਗਈ ਸੀ। ਆਮਦਨ ਵਿਚ ਆਈ ਘਾਟ ਕਾਰਨ ਸਿੱਖ ਸੰਸਥਾ ਵੱਲੋਂ ਸਥਿਤੀ ਨਾਲ ਨਜਿੱਠਣ ਵਾਸਤੇ ਇਸ ਵਰ੍ਹੇ ਦੌਰਾਨ ਕਈ ਰੋਕਾਂ ਲਾਈਆਂ ਗਈਆਂ ਹਨ। ਇਸੇ ਕਾਰਨ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦੀ ਸ਼ਤਾਬਦੀ ਦੇ ਸਮਾਗਮ ਵੀ ਪ੍ਰਭਾਵਿਤ ਹੋਏ ਹਨ।
ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਦੇ ਰਿਕਾਰਡ ਵਿਚੋਂ 328 ਪਾਵਨ ਸਰੂਪ ਘਟਣ ਦੀ ਘਟਨਾ ਨੇ ਸਿੱਖ ਸੰਸਥਾ ਦੀ ਸਾਖ ਨੂੰ ਵੱਡੀ ਢਾਹ ਲਾਈ ਹੈ। ਇਸ ਕਾਰਨ ਸਿੱਖ ਸੰਸਥਾ ਹੁਣ ਵੀ ਸਵਾਲਾਂ ਦੇ ਘੇਰੇ ਵਿਚ ਹੈ। ਇਸ ਘਟਨਾ ਕਾਰਨ ਗੁਰੂ ਗ੍ਰੰਥ ਸਾਹਿਬ ਭਵਨ ਵਿਚ 2016 ਵਿਚ ਲੱਗੀ ਅੱਗ ਦੀ ਘਟਨਾ ਵੀ ਇਕ ਵਾਰ ਮੁੜ ਉੱਭਰ ਕੇ ਸਾਹਮਣੇ ਆਈ ਹੈ। ਇਸ ਨਾਲ ਕਈ ਵੱਡੀਆਂ ਖਾਮੀਆਂ ਵੀ ਉੱਭਰ ਕੇ ਸਾਹਮਣੇ ਆਈਆਂ ਹਨ। ਪਾਵਨ ਸਰੂਪਾਂ ਦੇ ਮਾਮਲੇ ਵਿਚ ਅਕਾਲ ਤਖਤ ਵੱਲੋਂ ਕਰਵਾਈ ਜਾਂਚ ਵਿਚ ਕਈ ਭੇਤ ਖੁੱਲ੍ਹੇ ਹਨ। ਇਸ ਤੋਂ ਪਤਾ ਲੱਗਾ ਕਿ ਗੁਰੂ ਦਾ ਪ੍ਰਚਾਰ ਕਰਨ ਵਾਲੇ ਕਿਵੇਂ ਗੁਰੂ ਦਾ ਵਪਾਰ ਕਰ ਰਹੇ ਹਨ ਅਤੇ ਇਸ ਦਾ ਵਪਾਰ ਕਰ ਕੇ ਆਪਣੀਆਂ ਜੇਬਾਂ ਭਰ ਰਹੇ ਹਨ। ਇਕ ਗੱਲ ਇਹ ਵੀ ਸਾਹਮਣੇ ਆਈ ਕਿ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਅੱਗ ਲੱਗਣ ਤੋਂ ਬਾਅਦ ਇਸ ਭਵਨ ਦੇ ਨਵੀਨੀਕਰਨ ਦੀ ਯੋਜਨਾ ਵੀ ਕਿਵੇਂ ਹੁਣ ਤਕ ਠੰਢੇ ਬਸਤੇ ਵਿਚ ਪਾਈ ਗਈ ਹੈ। ਰਿਕਾਰਡ ਵਿਚੋਂ ਘਟੇ ਪਾਵਨ ਸਰੂਪਾਂ ਦੇ ਵੇਰਵੇ ਮੰਗ ਰਹੀਆਂ ਸਿੱਖ ਜਥੇਬੰਦੀਆਂ ਵੱਲੋਂ ਲਗਭਗ 2 ਮਹੀਨੇ ਸਿੱਖ ਸੰਸਥਾ ਦੇ ਮੁੱਖ ਦਫਤਰ ਦੇ ਬਾਹਰ ਧਰਨਾ ਲਾਇਆ ਗਿਆ। ਉਨ੍ਹਾਂ ਵੱਲੋਂ ਸਿੱਖ ਸੰਸਥਾ ਦੇ ਮੁੱਖ ਦਫਤਰ ਦੇ ਗੇਟ ਨੂੰ ਜਿੰਦਰਾ ਲਾਉਣ ਕਾਰਨ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਅਤੇ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਵਿਚਾਲੇ ਹਿੰਸਕ ਝੜਪ ਨੇ ਵੀ ਸਿੱਖਾਂ ਦੀ ਸਾਖ ਨੂੰ ਢਾਹ ਲਾਈ ਹੈ। ਇਸ ਝਗੜੇ ਵਿਚ ਦੋਵਾਂ ਧਿਰਾਂ ਦੇ ਕਈ ਵਿਅਕਤੀ ਜਖਮੀ ਹੋਏ ਅਤੇ ਦੋਵਾਂ ਧਿਰਾਂ ਖਿਲਾਫ ਪੁਲਿਸ ਕੇਸ ਦਰਜ ਹੋਏ। ਲਾਪਤਾ ਸਰੂਪਾਂ ਦੇ ਮਾਮਲੇ ਵਿਚ ਕੀਤੀ ਜਾਂਚ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ 10 ਅਧਿਕਾਰੀ ਅਤੇ ਕਰਮਚਾਰੀਆਂ ਖਿਲਾਫ ਕਾਰਵਾਈ ਕੀਤੀ ਗਈ। ਇਸ ਤਹਿਤ 5 ਅਧਿਕਾਰੀ ਤੇ ਕਰਮਚਾਰੀ ਨੌਕਰੀ ਤੋਂ ਫਾਰਗ ਕਰ ਦਿੱਤੇ ਗਏ ਅਤੇ 5 ਮੁਅੱਤਲ ਕਰ ਦਿੱਤੇ ਗਏ। ਇਕ ਮੁੱਖ ਸਕੱਤਰ ਨੇ ਨੈਤਿਕ ਆਧਾਰ `ਤੇ ਆਪਣਾ ਅਸਤੀਫਾ ਦੇ ਦਿੱਤਾ ਅਤੇ ਇਕ ਸਾਬਕਾ ਮੁੱਖ ਸਕੱਤਰ ਦੀ ਤਣਾਅ ਵਾਲੀ ਸਥਿਤੀ ਦੇ ਚਲਦਿਆਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਹ ਮਾਮਲਾ ਹੁਣ ਵੀ ਸਰਗਰਮ ਹੈ ਅਤੇ ਕੁਝ ਸਿੱਖ ਜਥੇਬੰਦੀਆਂ ਇਸ ਮਾਮਲੇ ਨੂੰ ਲੈ ਕੇ ਧਰਨਾ ਲਾ ਕੇ ਬੈਠੀਆਂ ਹੋਈਆਂ ਹਨ। ਉਹ ਇਸ ਮਾਮਲੇ ਦੀ ਜਾਂਚ ਅਤੇ ਦੋਸ਼ੀਆਂ ਖਿਲਾਫ ਪੁਲਿਸ ਕਾਰਵਾਈ ਦੀ ਮੰਗ ਨੂੰ ਲੈ ਕੇ ਅਦਾਲਤ ਵਿਚ ਪੁੱਜ ਗਈਆਂ ਹਨ।
ਇਸ ਮਾਮਲੇ ਦਾ ਸੇਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਹੋਰ ਅਹੁਦੇਦਾਰਾਂ ਨੂੰ ਵੀ ਲੱਗਾ ਹੈ। 28 ਨਵੰਬਰ ਨੂੰ ਹੋੋਏ ਜਨਰਲ ਇਜਲਾਸ ਵਿਚ ਸਿੱਖ ਸੰਸਥਾ ਦਾ ਨਵਾਂ ਪ੍ਰਧਾਨ ਜਗੀਰ ਕੌਰ ਨੂੰ ਬਣਾ ਦਿੱਤਾ ਗਿਆ, ਜੋ ਤਿੰਨ ਵਾਰ ਪਹਿਲਾਂ ਵੀ ਇਸ ਸੰਸਥਾ ਦੀ ਪ੍ਰਧਾਨ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਪਬਲੀਕੇਸ਼ਨ ਵਿਭਾਗ ਵਿਚ ਮਈ 2016 ਵਿਚ ਅੱਗ ਲੱਗਣ ਦੇ ਮਾਮਲੇ ਵਿਚ ਅਕਾਲ ਤਖਤ ਵੱਲੋਂ ਸੰਸਥਾ ਦੀ ਉਸ ਵੇਲੇ ਦੀ ਕਾਰਜਕਾਰਨੀ ਦੇ ਮੈਂਬਰਾਂ `ਤੇ ਇਕ ਸਾਲ ਲਈ ਕੋਈ ਵੀ ਅਹੁਦਾ ਨਾ ਲੈਣ ਦੀ ਰੋਕ ਲਾ ਦਿੱਤੀ ਗਈ। ਪਿਛਲੇ ਮਹੀਨੇ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਸੁਖਜਿੰਦਰ ਸਿੰਘ ਅਕਾਲ ਚਲਾਣਾ ਕਰ ਗਏ, ਹੁਣ ਉਨ੍ਹਾਂ ਦੀ ਪਤਨੀ ਦੀ ਵੀ ਮੌਤ ਹੋ ਗਈ ਹੈ।
ਕਰੋਨਾ ਕਾਰਨ ਇਸ ਵਾਰ ਸਿੱਖ ਸ਼ਰਧਾਲੂਆਂ ਦਾ ਸਿਰਫ ਇਕ ਹੀ ਜਥਾ ਨਵੰਬਰ ਮਹੀਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਲਈ ਗਿਆ। ਅਪਰੈਲ ਵਿਚ ਵਿਸਾਖੀ, ਮਈ-ਜੂਨ ਵਿਚ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸਿੱਖ ਸ਼ਰਧਾਲੂਆਂ ਦੇ ਜਥੇ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਲਈ ਨਹੀਂ ਜਾ ਸਕੇ। ਇਸੇ ਕਾਰਨ ਹੁਣ ਤਕ ਗੁਰਦੁਆਰਾ ਕਰਤਾਰਪੁਰ ਦਾ ਲਾਂਘਾ ਮੁੜ ਸ਼ੁਰੂ ਨਹੀਂ ਹੋ ਸਕਿਆ ਹੈ ਜਦੋਂਕਿ ਸਿੱਖ ਸੰਸਥਾ ਕਈ ਵਾਰ ਇਸ ਲਾਂਘੇ ਨੂੰ ਮੁੜ ਖੋਲ੍ਹਣ ਦੀ ਮੰਗ ਕਰ ਚੁੱਕੀ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਵਾਸਤੇ ਕੇਂਦਰ ਸਰਕਾਰ ਵੱਲੋਂ ਗੁਰਦੁਆਰਾ ਚੋਣ ਕਮਿਸ਼ਨਰ ਨਿਯੁਕਤ ਕਰ ਦਿੱਤਾ ਗਿਆ ਪਰ ਇਸ ਵਰ੍ਹੇ ਚੋਣਾਂ ਦੀ ਹੋਰ ਕੋਈ ਪ੍ਰਕਿਰਿਆ ਸ਼ੁਰੂ ਨਹੀਂ ਹੋ ਸਕੀ। ਵੱਡੇ ਪੱਧਰ `ਤੇ ਜੇ ਦੇਖਿਆ ਜਾਵੇ ਤਾਂ ਵਰ੍ਹਾ 2020 ਕਈ ਕੌੜੀਆਂ ਯਾਦਾਂ ਛੱਡ ਕੇ ਜਾ ਰਿਹਾ ਹੈ, ਜੋ ਭਵਿੱਖ ਵਿਚ ਇਤਿਹਾਸ ਦਾ ਹਿੱਸਾ ਬਣਨਗੀਆਂ।
______________________________
ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਲਈ ਰਿਫਰੈਸ਼ਰ ਕੋਰਸ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਮੁਲਾਜ਼ਮਾਂ ਨੂੰ ਗੁਰਮਤਿ ਦ੍ਰਿੜ੍ਹ ਕਰਵਾਉਣ ਅਤੇ ਗੁਰੂ ਘਰਾਂ ਦੇ ਪ੍ਰਬੰਧਾਂ ਦੌਰਾਨ ਸਿੱਖ ਸਰੋਕਾਰਾਂ ਪ੍ਰਤੀ ਪਾਬੰਦ ਰਹਿਣ ਲਈ 15 ਦਿਨਾਂ ਦੇ ਰਿਫਰੈਸ਼ਰ ਕੋਰਸ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਤਹਿਤ ਹਰ ਗੁਰਦੁਆਰੇ ਦੇ ਮੁੱਖ ਗ੍ਰੰਥੀ ਅਤੇ ਕਥਾਵਾਚਕਾਂ ਵੱਲੋਂ ਮੁਲਾਜ਼ਮਾਂ ਨੂੰ ਸਿੱਖ ਰਹਿਤ ਮਰਿਆਦਾ ਅਤੇ ਸਿੱਖ ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਹ ਪਹਿਲਕਦਮੀ ਕਰਦਿਆਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਇਹ ਕੋਰਸ ਸਥਾਨਕ ਪੱਧਰ `ਤੇ ਹੀ ਰੋਜ਼ਾਨਾ ਅੱਧਾ ਘੰਟਾ ਕਰਵਾਏ ਜਾਣਗੇ। ਉਨ੍ਹਾਂ ਸਿੱਖ ਜਥੇਬੰਦੀਆਂ, ਧਾਰਮਿਕ ਅਸਥਾਨਾਂ ਦੇ ਪ੍ਰਬੰਧਕਾਂ, ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਤੇ ਸਿੰਘ ਸਭਾਵਾਂ ਨੂੰ ਵੀ ਹਰ ਗੁਰੂ ਘਰ ਤੋਂ ਰੋਜ਼ਾਨਾ ਕਥਾ ਸਮੇਂ ਸੰਗਤ ਨੂੰ ਸਿੱਖੀ ਬਾਰੇ ਮੁਢਲੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ।