ਚੰਡੀਗੜ੍ਹ: ਖੇਤੀ ਕਾਨੂੰਨਾਂ ਖਿਲਾਫ ਅੰਦੋਲਨ `ਚ ਡਟੇ ਕਿਸਾਨਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਸਾਲ 2020 ਨੂੰ ਅਲਵਿਦਾ ਆਖਿਆ ਅਤੇ ਨਵੇਂ ਵਰ੍ਹੇ `ਚ ਪ੍ਰਵੇਸ਼ ਕੀਤਾ। ਕਿਸਾਨੀ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ ਗਿਆ। 32 ਕਿਸਾਨਾਂ ਧਿਰਾਂ ਦੀ ਅਗਵਾਈ ਵਿਚ ਪੰਜਾਬ ਵਿਚ ਚੱਲ ਰਿਹਾ ਕਿਸਾਨ ਅੰਦੋਲਨ ਤਿੰਨ ਮਹੀਨੇ ਦਾ ਸਫਰ ਪੂਰਾ ਕਰ ਚੁੱਕਾ ਹੈ। ਬੀ.ਕੇ.ਯੂ. ਉਗਰਾਹਾਂ ਵੱਲੋਂ ਪੰਜਾਬ ਵਿਚ 41 ਥਾਵਾਂ `ਤੇ ਧਰਨੇ ਲਾਏ ਹੋਏ ਹਨ ਜਿਨ੍ਹਾਂ ਵਿਚ ਟੌਲ ਪਲਾਜ਼ੇ, ਕਾਰਪੋਰੇਟ ਅਦਾਰਿਆਂ ਦੇ ਕਾਰੋਬਾਰੀ ਸੰਸਥਾਨ ਅਤੇ ਭਾਜਪਾ ਆਗੂਆਂ ਦੇ ਘਰਾਂ ਦੇ ਅੱਗੇ ਦਿੱਤੇ ਜਾ ਰਹੇ ਧਰਨੇ ਵੀ ਸ਼ਾਮਲ ਹਨ।
ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਪੰਜਾਬ ਵਿਚ ਪਹਿਲੀ ਅਕਤੂਬਰ ਤੋਂ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਸ਼ੁਰੂ ਹੋਇਆ ਸੀ ਅਤੇ ਤਿੰਨ ਮਹੀਨੇ ਪੂਰੇ ਹੋ ਚੁੱਕੇ ਹਨ। ਉਨ੍ਹਾਂ ਆਖਿਆ ਕਿ ਕਿਸਾਨਾਂ ਦਾ ਜੋਸ਼ ਤੇ ਜਨੂਨ ਬਰਕਰਾਰ ਹੈ।
ਕਿਸਾਨਾਂ ਨੇ ਧਰਨਿਆਂ ਵਿਚ ਹੀ ਨਵਾਂ ਸਾਲ ਬਾਰੇ ਜਸ਼ਨ ਮਨਾਏ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜੰਡਿਆਲਾ ਗੁਰੂ ਦੇ ਰੇਲਵੇ ਸਟੇਸ਼ਨ ਲਾਗੇ ਧਰਨਾ ਲਾਇਆ ਹੋਇਆ ਹੈ, ਜਿਥੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਸੰਘਰਸ਼ `ਤੇ ਡਟੇ ਰਹਿਣ ਦਾ ਪ੍ਰਣ ਲਿਆ। ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿਚ ਸ਼ੁਰੂ ਹੋਏ ਸਾਂਝੇ ਕਿਸਾਨ ਸੰਘਰਸ਼ ਨੂੰ ਵੀ ਤਿੰਨ ਮਹੀਨੇ ਪੂਰੇ ਹੋ ਗਏ ਹਨ। ਪਹਿਲੀ ਅਕਤੂਬਰ ਨੂੰ ਰੇਲ ਪਟੜੀਆਂ ਮੱਲਣ ਤੋਂ ਬਾਅਦ ਪਲੇਟਫਾਰਮ ਤੋਂ ਹੁਣ ਰੇਲਵੇ ਪਾਰਕਿੰਗ ਵਿਚ ਭੁੱਖ ਹੜਤਾਲ ਵਜੋਂ ਸੰਘਰਸ਼ ਜਾਰੀ ਹੈ। ਪੰਜਾਬ `ਚ ਸੈਂਕੜੇ ਥਾਵਾਂ `ਤੇ ਚੱਲ ਰਹੀਆਂ ਸੰਘਰਸ਼ੀ ਥਾਵਾਂ ਵਿਚ ਹੋਰ ਵਧੇਰੇ ਜੋਸ਼ ਨਾਲ ਸ਼ਾਮਲ ਹੋਣ ਲਈ ਸੰਗਰਾਮੀ ਮੁਬਾਰਕਬਾਦ ਦਿੱਤੀ।
___________________________
ਖੇਤੀ ਕਾਨੂੰਨ: ਹਰਿਆਣਾ `ਚ ਉਚਾ ਹੋਇਆ ਰੋਹ ਦਾ ਝੰਡਾ
ਚੰਡੀਗੜ੍ਹ: ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਬਰੂਹਾਂ `ਤੇ ਚੱਲ ਰਹੇ ਕਿਸਾਨੀ ਸੰਘਰਸ਼ ਦਾ ਅਸਰ ਹਰਿਆਣਾ `ਚ ਲਗਾਤਾਰ ਦਿਖਾਈ ਦੇ ਰਿਹਾ ਹੈ। ਕਿਸਾਨ-ਮਜ਼ਦੂਰਾਂ ਵੱਲੋਂ ਸੂਬੇ ਭਰ ਵਿਚ ਪਹਿਲਾਂ ਹੀ ਭਾਜਪਾ ਤੇ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਦੇ ਸਾਰੇ ਸਮਾਗਮਾਂ ਦਾ ਵਿਰੋਧ ਕਰਦਿਆਂ ਧਰਨੇ ਦਿੱਤੇ ਜਾ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਸੱਦੇ `ਤੇ ਅੰਬਾਨੀ, ਅਡਾਨੀ ਅਤੇ ਬਾਬਾ ਰਾਮਦੇਵ ਦੇ ਸਾਮਾਨ ਦਾ ਬਾਈਕਾਟ ਜਾਰੀ ਹੈ। ਜਥੇਬੰਦੀਆਂ ਵੱਲੋਂ ਹਰ ਤਬਕੇ ਦੇ ਲੋਕਾਂ ਨੂੰ ਇਨ੍ਹਾਂ ਦੇ ਸਾਮਾਨ ਦੀ ਵਰਤੋਂ ਨਾ ਕਰਨ ਅਤੇ ‘ਜੀਓ` ਸਿਮ ਨੂੰ ਹੋਰਨਾਂ ਕੰਪਨੀਆਂ ਵਿਚ ਪੋਰਟ ਕਰਵਾਉਣ ਲਈ ਪ੍ਰੇਰਿਆ ਜਾ ਰਿਹਾ ਹੈ। ਉਤਰੀ ਭਾਰਤ ਵਿਚ ਮੀਂਹ ਪੈਣ ਦੇ ਬਾਵਜੂਦ ਸੰਘਰਸ਼ਸ਼ੀਲ ਕਿਸਾਨਾਂ ਦੇ ਜੋਸ਼ ਵਿਚ ਕੋਈ ਕਮੀ ਨਹੀਂ ਆਈ ਹੈ। ਮੀਂਹ ਦੇ ਬਾਵਜੂਦ ਟੌਲ ਪਲਾਜ਼ਿਆਂ `ਤੇ ਦਿੱਤੇ ਧਰਨੇ ਵਿੱਚ ਵੱਡੀ ਗਿਣਤੀ ਲੋਕ ਜੁਟੇ ਰਹੇ। ਉਹ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਤੱਕ ਧਰਨੇ ਜਾਰੀ ਰੱਖਣ ਲਈ ਬਜਿੱਦ ਹਨ। ਹਰਿਆਣਾ ਵਿਚ ਕਈ ਥਾਵਾਂ `ਤੇ ਕਿਸਾਨ ਜਥੇਬੰਦੀਆਂ ਦੇ ਆਗੂ ਟਰੈਕਟਰ ਮਾਰਚ ਕੱਢ ਕੇ ਲੋਕਾਂ ਨੂੰ ਸੰਘਰਸ਼ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕਰ ਰਹੇ ਹਨ।
ਕਿਸਾਨਾਂ ਦੇ ਹੱਕ ਵਿਚ ਹਰਿਆਣਾ ਦੀ ਗੱਠਜੋੜ ਸਰਕਾਰ ਤੋਂ ਸਮਰਥਨ ਵਾਪਸ ਲੈਣ ਵਾਲੇ ਹਲਕਾ ਦਾਦਰੀ ਦੇ ਆਜਾਦ ਵਿਧਾਇਕ ਸੋਮਵੀਰ ਸਾਂਗਵਾਨ ਨੇ ਕਿਹਾ ਕਿ ਕੇਂਦਰੀ ਖੇਤੀ ਕਾਨੂੰਨ ਕਿਸਾਨ ਵਿਰੋਧੀ ਹਨ ਅਤੇ ਇਹ ਕਾਰਪੋਰੇਟ ਘਰਾਣਿਆਂ ਦੇ ਲਾਭ ਲਈ ਬਣਾਏ ਗਏ ਹਨ। ਸਾਂਗਵਾਨ ਨੇ ਦੋਸ਼ ਲਾਇਆ ਕਿ ਭਾਜਪਾ ਆਗੂ ਐਸ.ਵਾਈ.ਐਲ. ਦਾ ਮੁੱਦਾ ਉਭਾਰ ਕੇ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ।
___________________________
ਕਿਸਾਨਾਂ `ਤੇ ਜ਼ੁਲਮ ਕਰ ਰਹੀ ਹੈ ਸਰਕਾਰ: ਰਾਹੁਲ
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਠੰਢ ਤੇ ਮੀਂਹ ਵਿਚਾਲੇ ਸੜਕਾਂ `ਤੇ ਬੈਠੇ ਕਿਸਾਨਾਂ ਨਾਲ ਜ਼ਾਲਮਾਨਾ ਵਿਹਾਰ ਕਰ ਰਹੀ ਹੈ।
ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਠੰਢ ਤੇ ਭਾਰੀ ਮੀਂਹ `ਚ ਟੈਂਟਾਂ ਦੀਆਂ ਛੱਤਾਂ ਤੋਂ ਰਿਸਦੇ ਪਾਣੀ ਹੇਠਾਂ ਬੈਠੇ ਕਿਸਾਨ ਆਪਣੇ ਹੀ ਹਨ, ਗੈਰ ਨਹੀਂ। ਸਰਕਾਰ ਦੇ ਜ਼ੁਲਮਾਂ ਦੇ ਦ੍ਰਿਸ਼ਾਂ `ਚ ਹੁਣ ਕੁਝ ਹੋਰ ਦੇਖਣਾ ਬਾਕੀ ਨਹੀਂ ਹੈ।` ਪ੍ਰਿਯੰਕਾ ਨੇ ਟਵੀਟ ਕਰਕੇ ਦੋਸ਼ ਲਾਇਆ ਕਿ ਸਰਕਾਰ ਇਕ ਪਾਸੇ ਤਾਂ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਉਂਦੀ ਹੈ ਤੇ ਦੂਜੇ ਪਾਸੇ ਕੜਾਕੇ ਦੀ ਠੰਢ `ਚ ਉਨ੍ਹਾਂ `ਤੇ ਅੱਥਰੂ ਗੈਸ ਦੇ ਗੋਲੇ ਦਾਗ ਰਹੀ ਹੈ। ਇਸ ਅੜੀਅਲ ਤੇ ਜ਼ਾਲਮਾਨਾ ਰਵੱਈਏ ਕਾਰਨ ਹੁਣ ਤੱਕ 60 ਕਿਸਾਨਾਂ ਦੀ ਜਾਨ ਜਾ ਚੁੱਕੀ ਹੈ।