ਕੇਂਦਰ ਦੀ ਅੜੀ ਨੇ ਪੰਜਾਬ ਦੀ ਭਾਜਪਾ ਲੀਡਰਸ਼ਿਪ ਸੁੱਕਣੇ ਪਾਈ

ਚੰਡੀਗੜ੍ਹ: ਖੇਤੀ ਕਾਨੂੰਨਾਂ ਬਾਰੇ ਕੇਂਦਰ ਸਰਕਾਰ ਦੀ ਅੜੀ ਕਾਰਨ ਭਾਜਪਾ ਆਗੂਆਂ ਨੂੰ ਥਾਂ-ਥਾਂ `ਤੇ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਥੇ ਕਿਸਾਨ ਧਿਰਾਂ ਨੇ ਭਾਜਪਾ ਆਗੂਆਂ ਖਿਲਾਫ ਘੇਰਾਬੰਦੀ ਸਖਤ ਕਰਨੀ ਸ਼ੁਰੂ ਕਰ ਦਿੱਤੀ ਹੈ, ਉਥੇ ਹੀ ਭਾਜਪਾ ਆਗੂ ਵੀ ਸ਼ਹਿਰਾਂ ਵਿਚ ਦੌਰੇ ਕਰਨ ਲੱਗੇ ਹਨ। ਪੰਜਾਬ ਪੁਲਿਸ ਇਸ ਭੇੜ ਵਿੱਚ ਫਸੀ ਹੋਈ ਨਜਰ ਆ ਰਹੀ ਹੈ। ਪੰਜਾਬ ਵਿਚ 32 ਕਿਸਾਨ ਧਿਰਾਂ ਅਤੇ ਬੀ.ਕੇ.ਯੂ. (ਉਗਰਾਹਾਂ) ਨੇ ਦਰਜਨਾਂ ਥਾਵਾਂ `ਤੇ ਪਹਿਲੀ ਅਕਤੂਬਰ ਤੋਂ ਲਗਾਤਾਰ ਧਰਨੇ ਲਾਏ ਹੋਏ ਹਨ। ਮੀਂਹ ਤੇ ਠੰਢ ਦੇ ਬਾਵਜੂਦ ਕਿਸਾਨਾਂ ਦੇ ਨਾਅਰੇ ਗੂੰਜ ਰਹੇ ਹਨ।

ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਸੰਗਰੂਰ ਵਿਚ ਕਿਸਾਨੀ ਸੇਕ ਝੱਲਣਾ ਪਿਆ। ਇਸੇ ਤਰ੍ਹਾਂ ਮੋਗਾ ਦੇ ਭਾਜਪਾ ਪ੍ਰਧਾਨ ਵਿਨੇ ਗੋਇਲ ਦੀ ਹੌਸਲਾ ਅਫਜ਼ਾਈ ਲਈ ਉਸ ਦੇ ਘਰ ਪੁੱਜੇ ਅਸ਼ਵਨੀ ਸ਼ਰਮਾ ਅਤੇ ਮਨੋਰੰਜਨ ਕਾਲੀਆ ਖਿਲਾਫ ਨਾਅਰੇਬਾਜੀ ਹੋਈ। ਕਿਸਾਨ ਜਥੇਬੰਦੀ ਬੀ.ਕੇ.ਯੂ. ਉਗਰਾਹਾਂ ਦੇ ਜਿਲ੍ਹਾ ਖਜ਼ਾਨਚੀ ਬਲੌਰ ਸਿੰਘ ਘਾਲੀ ਦੀ ਅਗਵਾਈ ਹੇਠ ਸੈਂਕੜੇ ਧਰਨਾਕਾਰੀ ਕਿਸਾਨਾਂ-ਮਜਦੂਰਾਂ ਨੇ ਨਾਅਰੇ ਲਾ ਕੇ ਵਿਰੋਧ ਪ੍ਰਗਟਾਇਆ। ਲਹਿਰਾਗਾਗਾ ਵਿਚ ਇਕ ਭਾਜਪਾ ਆਗੂ ਦੇ ਭੋਗ ਸਮਾਗਮ ਵਿਚ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸਾਬਕਾ ਮੰਤਰੀ ਸੁਰਜੀਤ ਜਿਆਣੀ ਨੇ ਪੁੱਜਣਾ ਸੀ ਪਰ ਕਿਸਾਨਾਂ ਨੇ ਪਹਿਲਾਂ ਹੀ ਬਿਗਲ ਵਜਾ ਦਿੱਤਾ, ਜਿਸ ਕਰਕੇ ਦੋਵਾਂ ਆਗੂਆਂ ਨੂੰ ਦੌਰਾ ਰੱਦ ਕਰਨਾ ਪਿਆ।
ਮੋਗਾ ਪਹੁੰਚੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਤੀਕਸ਼ਣ ਸੂਦ ਅਤੇ ਸ਼ਵੇਤ ਮਲਿਕ ਨੂੰ ਰੋਹ `ਚ ਆਏ ਕਿਸਾਨਾਂ ਨੇ ਘੇਰ ਲਿਆ ਅਤੇ ਭਾਜਪਾ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਭਾਜਪਾ ਆਗੂਆਂ ਨੂੰ ਬਾਹਰ ਕੱਢਣ ਲਈ ਪੁਲਿਸ ਨੂੰ ਲਾਠੀਚਾਰਜ ਵੀ ਕਰਨਾ ਪਿਆ।
ਜਿ਼ਕਰਯੋਗ ਹੈ ਕਿ ਭਾਜਪਾ ਜਿਲ੍ਹਾ ਪ੍ਰਧਾਨ ਵਿਨੈ ਸ਼ਰਮਾ ਦੇ ਘਰ ਅੱਗੇ ਕਰੀਬ ਸਵਾ ਦੋ ਮਹੀਨੇ ਤੋਂ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਹੈ। ਜਦੋਂ ਇਥੇ ਅਸ਼ਵਨੀ ਸ਼ਰਮਾ ਤੇ ਹੋਰ ਭਾਜਪਾ ਆਗੂ ਵਿਨੈ ਸ਼ਰਮਾ ਦਾ ਹੌਸਲਾ ਵਧਾਉਣ ਪੁੱਜੇ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਬੈਰੀਕੇਡ ਤੋੜ ਕੇ ਉਨ੍ਹਾਂ ਦਾ ਘਿਰਾਓ ਕਰਕੇ ਨਾਅਰੇਬਾਜੀ ਕੀਤੀ। ਇਸ ਦੌਰਾਨ ਭਾਜਪਾ ਵਰਕਰਾਂ ਨੇ ਵੀ ਕਿਸਾਨਾਂ ਦੇ ਬਰਾਬਰ ਭਾਜਪਾ ਦੇ ਹੱਕ ਵਿਚ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਮੌਕੇ ਧੱਕਾ-ਮੁੱਕੀ ਹੋਈ ਅਤੇ ਪੁਲਿਸ ਨੂੰ ਹਲਕਾ ਲਾਠੀਚਾਰਜ ਵੀ ਕਰਨਾ ਪਿਆ।
ਇਸੇ ਤਰ੍ਹਾਂ ਸੰਗਰੂਰ ਵਿਚ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਰੋਧ ਕਰਦਿਆਂ ਪੁਲਿਸ ਦੀ ਨਾਕੇਬੰਦੀ ਉਖਾੜਦਿਆਂ ਅੱਗੇ ਵਧ ਰਹੇ ਕਿਸਾਨਾਂ ਅਤੇ ਪੁਲਿਸ ਵਿਚਕਾਰ ਜਬਰਦਸਤ ਝੜਪ ਹੋਈ। ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਇਥੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਉਲ ਦੇ ਘਰ ਪਾਰਟੀ ਵਰਕਰਾਂ ਦੀ ਮੀਟਿੰਗ `ਚ ਭਾਗ ਲੈਣ ਪੁੱਜੇ ਸਨ। ਇਸ ਦੇ ਮੱਦੇਨਜਰ ਸ਼ਹਿਰ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕੀਤਾ ਹੋਇਆ ਸੀ। ਪਿੰਡ ਬਡਰੁੱਖਾਂ ਤੋਂ ਲੈ ਕੇ ਸ਼ਹਿਰ `ਚ ਥਾਂ-ਥਾਂ ਪੁਲਿਸ ਤਾਇਨਾਤ ਸੀ। ਜ਼ਿਲ੍ਹਾ ਪ੍ਰਧਾਨ ਦੇ ਘਰ ਨੇੜੇ ਧੂਰੀ-ਪਟਿਆਲਾ ਬਾਈਪਾਸ ਸੜਕ `ਤੇ ਪੁਲਿਸ ਨੇ ਦੋ ਪੜਾਵਾਂ `ਚ ਵੱਡੇ-ਵੱਡੇ ਬੈਰੀਕੇਡ ਲਗਾ ਕੇ ਮਿੱਟੀ ਦੇ ਟੈਂਕਰ ਵੀ ਭਰ ਕੇ ਖੜ੍ਹੇ ਕੀਤੇ ਹੋਏ ਸਨ। ਅਸ਼ਵਨੀ ਸ਼ਰਮਾ ਦੇ ਪੁੱਜਣ ਤੋਂ ਪਹਿਲਾਂ ਹੀ ਵੱਡੀ ਗਿਣਤੀ `ਚ ਪੁੱਜੇ ਕਿਸਾਨਾਂ ਨੇ ਪੁਲਿਸ ਦੀ ਨਾਕੇਬੰਦੀ ਅੱਗੇ ਧਰਨਾ ਲਗਾਉਂਦਿਆਂ ਅਸ਼ਵਨੀ ਸ਼ਰਮਾ ਅਤੇ ਭਾਜਪਾ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਿਸਾਨਾਂ ਨੇ ਵੱਡੇ-ਵੱਡੇ ਬੈਰੀਕੇਡ ਉਖਾੜ ਕੇ ਖਤਾਨਾਂ ਵਿਚ ਸੁੱਟ ਦਿੱਤੇ ਅਤੇ ਅੱਗੇ ਵਧਣ ਦੀ ਯਤਨ ਕੀਤਾ। ਇਸ ਮੌਕੇ ਪੁਲਿਸ ਤੇ ਕਿਸਾਨਾਂ ਵਿਚਕਾਰ ਜੋਰਦਾਰ ਝੜਪ ਹੋਈ। ਝੜਪ ਹੁੰਦੀ ਦੇਖ ਮੌਕੇ `ਤੇ ਪੁੱਜੇ ਨੌਜਵਾਨ ਟਰੈਕਟਰ ਨਾਲ ਪੁਲਿਸ ਨੂੰ ਧੂਹਦਿਆਂ ਦੂਜੇ ਨਾਕੇਬੰਦੀ ਕੋਲ ਪੁੱਜ ਗਏ। ਇਸ ਮਗਰੋਂ ਰੋਹ `ਚ ਆਈ ਪੁਲਿਸ ਸਭ ਤੋਂ ਮੂਹਰਲੇ ਟਰੈਕਟਰ ਚਾਲਕ ਕਿਸਾਨ `ਤੇ ਟੁੱਟ ਕੇ ਪੈ ਗਈ ਅਤੇ ਅੱਗੇ ਵਧ ਰਹੇ ਕਿਸਾਨਾਂ ਉਪਰ ਲਾਠੀਚਾਰਜ ਕਰ ਦਿੱਤਾ ਅਤੇ ਟਰੈਕਟਰਾਂ ਦੇ ਟਾਇਰਾਂ ਦੀ ਹਵਾ ਕੱਢ ਦਿੱਤੀ।
________________________________
ਭਾਜਪਾ ਆਗੂ ਦੇ ਘਰ ਮੂਹਰੇ ਗੋਹੇ ਦਾ ਢੇਰ ਲਾਇਆ
ਹੁਸ਼ਿਆਰਪੁਰ: ਭਾਜਪਾ ਦੇ ਸਾਬਕਾ ਮੰਤਰੀ ਤੀਕਸ਼ਣ ਸੂਦ ਵਲੋਂ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀ ਹੱਦ `ਤੇ ਸੰਘਰਸ਼ ਕਰ ਰਹੇ ਕਿਸਾਨਾਂ ਬਾਰੇ ਦਿੱਤੇ ਵਿਵਾਦਤ ਬਿਆਨ ਕਿ ‘ਕਿਸਾਨ ਉਥੇ ਪਿਕਨਿਕ ਮਨਾ ਰਹੇ ਹਨ` ਦੇ ਵਿਰੋਧ `ਚ ਕੁਝ ਕਿਸਾਨ ਹਮਾਇਤੀਆਂ ਨੇ ਇਥੇ ਸਿਵਲ ਲਾਈਨ ਇਲਾਕੇ `ਚ ਸੂਦ ਦੇ ਘਰ ਦੇ ਬਾਹਰ ਗੋਹੇ ਦਾ ਢੇਰ ਲਾ ਦਿੱਤਾ। ਇਸ ਕਾਰਵਾਈ ਨੂੰ ਅੰਜਾਮ ਦੇਣ ਵਾਲਿਆਂ ਵਿਚ ਦਲ ਖਾਲਸਾ ਦੇ ਕੁਝ ਕਾਰਕੁਨ ਵੀ ਸ਼ਾਮਲ ਸਨ। ਘਟਨਾ ਪਿੱਛੋਂ ਦੋਵਾਂ ਧਿਰਾਂ `ਚ ਜੰਮ ਕੇ ਝਗੜਾ ਵੀ ਹੋਇਆ ਤੇ ਪੁਲਿਸ ਨੇ ਮੌਕੇ `ਤੇ ਪਹੁੰਚ ਕੇ ਸਥਿਤੀ `ਤੇ ਕਾਬੂ ਪਾਇਆ। ਵੇਰਵਿਆਂ ਮੁਤਾਬਕ ਕੁਝ ਵਿਅਕਤੀਆਂ ਨੇ ਤੀਕਸ਼ਣ ਸੂਦ ਦੇ ਘਰ ਦੇ ਮੁੱਖ ਗੇਟ ਦੇ ਅੰਦਰ ਇਕ ਟਰਾਲੀ `ਚ ਗੋਹਾ ਲਿਜਾ ਕੇ ਸੁੱਟ ਦਿੱਤਾ।
______________________________
ਸੂਬੇ `ਚ ਕਾਨੂੰਨ ਵਿਵਸਥਾ ਬਦਤਰ ਹੋਈ: ਕਾਲੀਆ
ਜਲੰਧਰ: ਸਾਬਕਾ ਮੰਤਰੀ ਤੇ ਭਾਜਪਾ ਆਗੂ ਮਨੋਰੰਜਨ ਕਾਲੀਆ ਨੇ ਕਿਹਾ ਕਿ ਸੂਬੇ `ਚ ਕਾਨੂੰਨ ਵਿਵਸਥਾ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੁੱਖ ਸਕੱਤਰ ਤੇ ਡੀ.ਜੀ.ਪੀ. ਨੂੰ ਬੁਲਾ ਕੇ ਸਪੱਸ਼ਟੀਕਰਨ ਲੈਣਾ ਰਾਜਪਾਲ ਦਾ ਸੰਵਿਧਾਨਕ ਅਧਿਕਾਰ ਹੈ। ਇਸ ਨੂੰ ਕੋਈ ਵੀ ਚੁਣੌਤੀ ਨਹੀਂ ਦੇ ਸਕਦਾ। ਉਨ੍ਹਾਂ ਕਿਹਾ ਕਿ ਅਧਿਕਾਰੀ ਸਰਕਾਰ ਦੇ ਹੁੰਦੇ ਹਨ ਤੇ ਮੁੱਖ ਮੰਤਰੀ ਚੁਣੀ ਹੋਈ ਸਰਕਾਰ ਦਾ ਮੁਖੀ ਹੁੰਦਾ ਹੈ ਤੇ ਸਰਕਾਰ ਰਾਜਪਾਲ ਦੇ ਨਾਂ `ਤੇ ਕੰਮ ਕਰਦੀ ਹੈ। ਵਿਧਾਨ ਸਭਾ ਸੈਸ਼ਨ ਦੇ ਸ਼ੁਰੂ `ਚ ਰਾਜਪਾਲ ਸਰਕਾਰ ਦੀਆਂ ਪ੍ਰਾਪਤੀਆਂ ‘ਮੇਰੀ ਸਰਕਾਰ` ਕਹਿ ਕੇ ਗਿਣਵਾਉਂਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ‘ਮੇਰੇ ਅਫਸਰ` ਕਹਿਣਾ ਗਲਤ ਹੈ।