ਚੰਡੀਗੜ੍ਹ: ਪੰਜਾਬ ਤੋਂ ਬਾਅਦ ਹਰਿਆਣਾ ਵਿਚ ਵੀ ਕਿਸਾਨ ਅੰਦੋਲਨ ਦਾ ਸਿਆਸੀ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਖੇਤੀ ਕਾਨੂੰਨਾਂ ਖਿਲਾਫ ਜਾਰੀ ਕਿਸਾਨੀ ਸੰਘਰਸ਼ ਦਾ ਅਸਰ ਹਰਿਆਣਾ ਦੀਆਂ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਵਿਚ ਵੀ ਨਜ਼ਰ ਆਇਆ ਹੈ। ਹਰਿਆਣੇ ਵਿਚ ਹੋਈਆਂ ਮਿਊਂਸਪਲ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਤੇ ਜਨ ਨਾਇਕ ਜਨਤਾ ਪਾਰਟੀ ਦੇ ਗਠਜੋੜ ਨੂੰ ਕਰਾਰੀ ਹਾਰ ਹੋਈ ਹੈ।
ਵੋਟਰਾਂ ਵਲੋਂ ਚੁਣੇ ਗਏ ਸਿੱਧੇ 3 ਮੇਅਰਾਂ ਦੀ ਚੋਣ `ਚ ਸੋਨੀਪਤ ਵਿਚ ਕਾਂਗਰਸ, ਅੰਬਾਲਾ ਵਿਚ ਆਜ਼ਾਦ ਤੇ ਸਿਰਫ ਪੰਚਕੂਲਾ ਵਿਚ ਹੀ ਭਾਜਪਾ ਨੂੰੂ ਜਿੱਤ ਨਸੀਬ ਹੋਈ ਹੈ। ਵਰਨਣਯੋਗ ਗੱਲ ਇਹ ਹੈ ਕਿ ਰਾਜ ਵਿਧਾਨ ਸਭਾ ਦੀ ਬੜੌਦਾ ਉਪ ਚੋਣ ਹਾਰਨ ਤੋਂ ਪਿੱਛੋਂ ਭਾਜਪਾ ਨੂੰ ਇਹ ਦੂਜੀ ਹਾਰ ਹੋਈ ਹੈ। ਇਸੇ ਤਰ੍ਹਾਂ ਕੌਂਸਲਰਾਂ ਦੀ ਚੋਣ ਵਿਚ ਵੀ ਭਾਜਪਾ-ਜੇ.ਜੇ.ਪੀ. ਗਠਜੋੜ ਨੂੰ ਕਿਤੇ ਵੀ ਬਹੁਮਤ ਹਾਸਲ ਨਹੀਂ ਹੋ ਸਕਿਆ। ਸੋਨੀਪਤ `ਚ ਨਿਖਿਲ ਮਦਾਨ, ਅੰਬਾਲਾ `ਚ ਵੰਦਨਾ ਸ਼ਰਮਾ ਤੇ ਪੰਚਕੂਲਾ ਵਿਚ ਕੁਲਭੂਸ਼ਣ ਗੋਇਲ ਜੇਤੂ ਕਰਾਰ ਦਿੱਤੇ ਗਏ ਹਨ। ਮੇਅਰਾਂ ਦੀ ਸਿੱਧੀ ਚੋਣ `ਚੋਂ ਦੋ ਵਿਚ ਭਾਜਪਾ ਦੂਜੇ ਨੰਬਰ ਉਤੇ ਆਈ ਹੈ। ਇਨੈਲੋ ਨੇ ਇਨ੍ਹਾਂ ਚੋਣਾਂ ਦਾ ਇਸ ਕਰਕੇ ਬਾਈਕਾਟ ਕੀਤਾ ਸੀ ਕਿ ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਜੇ.ਜੇ.ਪੀ. ਦੇ ਨਗਰ ਪ੍ਰੀਸ਼ਦਾਂ ਰਾਹੀਂ ਖੜੇ ਕੀਤੇ ਉਮੀਦਵਾਰ ਵੀ ਹਾਰ ਗਏ ਹਨ।
ਸੱਤਾ `ਤੇ ਕਾਬਜ ਹੋਣ ਦੇ ਬਾਵਜੂਦ ਭਾਜਪਾ ਤੇ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਗੱਠਜੋੜ ਦੇ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਨਿਗਮ ਚੋਣਾਂ ਦੇ ਆਏ ਨਤੀਜਿਆਂ ਵਿਚ ਤਿੰਨ ਮੇਅਰਾਂ ਦੀ ਚੋਣ ਵਿਚ ਭਾਜਪਾ ਨੂੰ ਦੋ `ਤੇ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਇਕ ਸੀਟ ਹੀ ਭਾਜਪਾ ਹਾਸਲ ਕਰ ਸਕੀ ਹੈ। ਰਿਵਾੜੀ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਵਿਚ ਭਾਜਪਾ ਦੇ ਉਮੀਦਵਾਰ ਦੀ ਜਿੱਤ ਹੋਈ ਹੈ ਜਦਕਿ ਮਿਉਂਸਪਲ ਕਮੇਟੀ ਸਾਂਪਲਾ, ਧਰੂਹੇੜਾ ਅਤੇ ਉਕਲਾਣਾ ਵਿਚ ਭਾਜਪਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਪੰਚਕੂਲਾ ਨਿਗਮ ਚੋਣਾਂ ਵਿਚ ਭਾਜਪਾ ਦੇ ਮੇਅਰ ਅਹੁਦੇ ਲਈ ਉਮੀਦਵਾਰ ਕੁਲਭੂਸ਼ਨ ਗੋਇਲ ਨੇ ਕਾਂਗਰਸ ਦੇ ਉਮੀਦਵਾਰ ਉਪਿੰਦਰ ਆਹਲੂਵਾਲੀਆ ਨੂੰ 2057 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਅੰਬਾਲਾ ਵਿਚ ਹਰਿਆਣਾ ਜਨ ਚੇਤਨਾ ਪਾਰਟੀ ਦੀ ਉਮੀਦਵਾਰ ਸ਼ਕਤੀ ਰਾਣੀ ਸ਼ਰਮਾ ਨੇ ਭਾਜਪਾ ਉਮੀਦਵਾਰ ਵੰਦਨਾ ਸ਼ਰਮਾ ਨੂੰ 7 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ। ਜਦਕਿ ਸੋਨੀਪਤ ਵਿੱਚ ਕਾਂਗਰਸੀ ਉਮੀਦਵਾਰ ਨਿਖਿਲ ਮਦਾਨ ਨੇ 55,340 ਵੋਟਾਂ ਹਾਸਲ ਕੀਤੀਆਂ ਹਨ ਤੇ ਭਾਜਪਾ ਉਮੀਦਵਾਰ ਲਲਿਤ ਬੱਤਰਾ ਨੂੰ 13 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਨਗਰ ਕੌਂਸਲ ਚੋਣਾਂ ਰਿਵਾੜੀ ਵਿਚ ਭਾਜਪਾ ਉਮੀਦਵਾਰ ਪੂਨਮ ਯਾਦਵ ਨੇ ਆਜ਼ਾਦ ਉਮੀਦਵਾਰ ਉਪਮਾ ਯਾਦਵ ਨੂੰ 2087 ਵੋਟਾਂ ਨਾਲ ਹਰਾਇਆ ਹੈ ਜਦਕਿ ਕਾਂਗਰਸ ਤੀਜੇ ਸਥਾਨ `ਤੇ ਰਹੀ ਹੈ।
ਜਿਕਰਯੋਗ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸੂਬੇ ਵਿਚ ਕਿਸਾਨ ਅੰਦੋਲਨ ਦਾ ਬਹੁਤਾ ਅਸਰ ਨਾ ਹੋਣ ਬਾਰੇ ਕਈ ਵਾਰ ਕਹਿ ਚੁੱਕੇ ਹਨ। ਪਰ ਚੋਣ ਨਤੀਜੇ ਦਰਸਾਉਂਦੇ ਹਨ ਕਿ ਹਰਿਆਣਾ ਦੇ ਪਿੰਡਾਂ ਦੇ ਹੀ ਨਹੀਂ ਸਗੋਂ ਸ਼ਹਿਰਾਂ ਦੇ ਲੋਕਾਂ ਨੇ ਵੀ ਕਿਸਾਨਾਂ ਦਾ ਸਮਰਥਨ ਕੀਤਾ ਹੈ। ਸੂਬੇ ਦੇ ਕਰੀਬ ਹਰ ਤਬਕੇ ਵੱਲੋਂ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ ਜਾ ਰਹੀ ਹੈ। ਕਿਸਾਨ ਜਥੇਬੰਦੀਆਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਸਮਾਗਮਾਂ ਦਾ ਵੀ ਵਿਰੋਧ ਕਰ ਰਹੀਆਂ ਹਨ।
ਹਰਿਆਣਾ ਵਿਚ ਭਾਰਤੀ ਜਨਤਾ ਪਾਰਟੀ ਅਤੇ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਦੀ ਸਾਂਝੀ ਸਰਕਾਰ ਹੈ। ਜੇ.ਜੇ.ਪੀ. ਦਾ ਮੂਲ ਆਧਾਰ ਕਿਸਾਨੀ (ਜਾਟਾਂ) ਵਿਚ ਮੰਨਿਆ ਜਾਂਦਾ ਹੈ। ਹਰਿਆਣਾ ਦੇ ਕਿਸਾਨਾਂ ਨੇ ਦੁਸ਼ਯੰਤ ਚੌਟਾਲਾ ਦਾ ਘਰ ਘੇਰ ਕੇ ਉਪ ਮੁੱਖ ਮੰਤਰੀ ਦਾ ਅਹੁਦਾ ਤਿਆਗਣ ਦੀ ਮੰਗ ਕੀਤੀ ਸੀ। ਸੂਚਨਾਵਾਂ ਅਨੁਸਾਰ ਭਾਜਪਾ ਦੇ ਕੁਝ ਆਗੂ ਹੁਣ ਜੇ.ਜੇ.ਪੀ. ਨੂੰ ਬੋਝ ਸਮਝਣ ਲੱਗੇ ਹਨ ਕਿਉਂਕਿ ਕਿਸਾਨਾਂ ਦਾ ਗੁੱਸਾ ਉਸ ਖਿਲਾਫ ਜ਼ਿਆਦਾ ਮੰਨਿਆ ਜਾ ਰਿਹਾ ਹੈ। 2019 ਦੀਆਂ ਚੋਣਾਂ ਦੌਰਾਨ ਕੁੱਲ 90 ਵਿਚੋਂ ਭਾਜਪਾ ਨੇ 40 ਸੀਟਾਂ ਜਿੱਤੀਆਂ ਸਨ ਅਤੇ ਨਵੀਂ ਬਣੀ ਜੇ.ਜੇ.ਪੀ. 10 ਤੇ ਕਾਂਗਰਸ 31 ਸੀਟਾਂ ਜਿੱਤ ਸਕੀ ਸੀ। ਕਿਸਾਨ ਅੰਦੋਲਨ ਦੇ ਬੁਲੰਦੀਆਂ ਛੂਹਣ ਦੇ ਨਾਲ ਨਾਲ ਜੇ.ਜੇ.ਪੀ. ਦੇ ਬਹੁਤੇ ਵਿਧਾਇਕ ਇਸ ਦਾ ਸਮਰਥਨ ਕਰਦੇ ਦਿਖਾਈ ਦਿੱਤੇ। ਕਈ ਭਾਜਪਾ ਵਿਧਾਇਕਾਂ ਨੇ ਵੀ ਸਮਰਥਨ ਦੀ ਗੱਲ ਕੀਤੀ ਹੈ। ਅੰਦੋਲਨ ਦਾ ਵਧ ਰਿਹਾ ਆਕਾਰ ਸੱਤਾਧਾਰੀ ਧਿਰ ਨੂੰ ਪਰੇਸ਼ਾਨੀ ਵਿਚ ਪਾ ਰਿਹਾ ਹੈ। ਹਰਿਆਣਾ ਦੇ ਸੰਸਦ ਮੈਂਬਰਾਂ ਨੇ ਐਸ.ਵਾਈ.ਐਲ. ਦਾ ਮੁੱਦਾ ਉਠਾ ਕੇ ਪੰਜਾਬ ਅਤੇ ਹਰਿਆਣਾ ਦੇ ਅੰਦੋਲਨਕਾਰੀ ਕਿਸਾਨਾਂ ਵਿਚ ਦਰਾੜ ਪਵਾਉਣ ਦੀ ਕੋਸ਼ਿਸ਼ ਕੀਤੀ ਜੋ ਕਿਸਾਨਾਂ ਦੇ ਏਕੇ ਕਾਰਨ ਅਸਫਲ ਰਹੀ। ਖੱਟਰ ਸਰਕਾਰ ਉਤੇ ਖਤਰੇ ਦੇ ਬੱਦਲ ਮੰਡਰਾਉਂਦੇ ਰਹਿਣ ਦੇ ਆਸਾਰ ਦਿਖਾਈ ਦੇ ਰਹੇ ਹਨ।