ਕਰੋਨਾ ਕਾਰਨ ਸਖਤੀ ਦੇ ਬਾਵਜੂਦ ਪੰਜਾਬ ਵਿਚ ਅਪਰਾਧਕ ਮਾਮਲੇ ਵਧੇ

ਚੰਡੀਗੜ੍ਹ: ਪੰਜਾਬ ਵਿਚ ਇਸ ਸਾਲ ਦੇ ਪਹਿਲੇ 11 ਮਹੀਨਿਆਂ ਦੌਰਾਨ ਡਕੈਤੀਆਂ, ਲੁੱਟ-ਖੋਹ, ਕਤਲ, ਇਰਾਦਾ ਕਤਲ ਅਤੇ ਨਕਲੀ ਸ਼ਰਾਬ ਦੇ ਮਾਮਲਿਆਂ ਵਿਚ ਹੈਰਾਨੀਜਨਕ ਵਾਧਾ ਅਤੇ ਮਾਝੇ ਦੇ ਤਿੰਨ ਜ਼ਿਲ੍ਹਿਆਂ ਵਿਚ ਜ਼ਹਿਰੀਲੀ ਸ਼ਰਾਬ ਨਾਲ ਸਵਾ ਸੌ ਤੋਂ ਵੱਧ ਵਿਅਕਤੀਆਂ ਦੀ ਮੌਤ ਨੇ ਸੂਬਾਈ ਪੁਲਿਸ ਦੀ ਕਾਰਗੁਜ਼ਾਰੀ ਉਤੇ ਸਵਾਲ ਚੁੱਕੇ ਹਨ।

ਪੁਲਿਸ ਤੋਂ ਹਾਸਲ ਕੀਤੇ ਤੱਥਾਂ ਮੁਤਾਬਕ ਇਸ ਸਾਲ ਦੌਰਾਨ ਸਾਧਾਰਨ ਕਿਸਮ ਤੇ ਔਰਤਾਂ ਖਿਲਾਫ ਅਪਰਾਧਾਂ ਵਿਚ ਵੱਡੀ ਕਮੀ ਵੀ ਦਰਜ ਕੀਤੀ ਗਈ ਹੈ। ਛੋਟੇ-ਮੋਟੇ ਅਪਰਾਧਾਂ `ਚ ਕਮੀ ਦਾ ਵੱਡਾ ਕਾਰਨ ‘ਕਰੋਨਾ ਕਾਲ` ਅਤੇ ਕਿਸਾਨੀ ਅੰਦੋਲਨ ਹੀ ਮੰਨਿਆ ਜਾ ਰਿਹਾ ਹੈ। ਮਾਰਚ ਮਹੀਨੇ ਤੋਂ ਕਰੋਨਾ ਦੀ ਦਹਿਸ਼ਤ ਅਤੇ ਸਰਕਾਰੀ ਫੁਰਮਾਨਾਂ ਕਾਰਨ ਲੋਕ ਆਪਣੇ ਘਰਾਂ ਅੰਦਰ ਅਜਿਹੇ ਤੜੇ ਕਿ ਚੋਰੀ, ਬਲਾਤਕਾਰ, ਦਹੇਜ ਹੱਤਿਆ, ਦਹੇਜ ਮੰਗਣ, ਕੁੱਟਮਾਰ, ਔਰਤਾਂ ਖਿਲਾਫ ਘਰੇਲੂ ਹਿੰਸਾ ਅਤੇ ਛੇੜਛਾੜ ਆਦਿ ਅਪਰਾਧਾਂ ਵਿਚ ਕਮੀ ਦਰਜ ਕੀਤੀ ਗਈ। ਇਸ ਦੇ ਨਾਲ ਹੀ ਡਕੈਤੀਆਂ, ਸੂਚਨਾ ਤਕਨਾਲੋਜੀ, ਕਤਲ ਅਤੇ ਇਰਾਦਾ ਕਤਲ ਦੇ ਮਾਮਲੇ ਪਿਛਲੇ ਸਾਲ ਨਾਲੋਂ ਵਧੇ ਹਨ। ਕਰੋਨਾ ਕਾਰਨ ਮਹਾਮਾਰੀ ਐਕਟ ਅਤੇ ਕਰਫਿਊ ਦੀ ਉਲੰਘਣਾ ਵਰਗੇ ਮਾਮਲਿਆਂ ਵਿੱਚ ਹੀ ਪੰਜਾਬੀਆਂ ਖਿਲਾਫ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ। ਪੰਜਾਬ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਸੂਬੇ ਵਿਚ ਹਰ ਸਾਲ ਅਪਰਾਧਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਸੀ। ਇਸ ਸਾਲ ਮਾਰਚ ਮਹੀਨੇ ਤੋਂ ਲੈ ਕੇ ਹੁਣ ਤਕ ਜ਼ਿਆਦਾਤਰ ਲੋਕ ਆਪਣੇ ਘਰਾਂ ਅੰਦਰ ਰਹਿਣ ਕਾਰਨ ਕਈ ਤਰ੍ਹਾਂ ਦੇ ਅਜਿਹੇ ਅਪਰਾਧ ਘਟੇ, ਜਿਸ ਦਾ ਸਮਾਜ `ਤੇ ਅਸਰ ਪੈਂਦਾ ਹੈ ਤੇ ਪੁਲੀਸ ਦੇ ਅਕਸ `ਤੇ ਵੀ ਧੱਬਾ ਲਗਦਾ ਹੈ। ਇਹ ਗੱਲ ਵੀ ਮਹੱਤਵਪੂਰਨ ਹੈ ਕਿ ਇਸ ਸਾਲ ਦੌਰਾਨ ਸ਼ਰਾਬ ਬਣਾਉਣ ਦੀਆਂ ਨਕਲੀ ਫੈਕਟਰੀਆਂ ਅਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਾਝੇ ਦੇ ਕਈ ਜ਼ਿਲ੍ਹਿਆਂ ਵਿਚ ਸਵਾ ਸੌ ਤੋਂ ਵੱਧ ਵਿਅਕਤੀਆਂ ਨੇ ਆਪਣੀਆਂ ਜਾਨਾਂ ਗਵਾ ਲਈਆਂ। ਸੂਬੇ ਵਿਚ ਆਬਕਾਰੀ ਕਾਨੂੰਨ ਤਹਿਤ ਪਰਚੇ ਦਰਜ ਹੋਣ ਦਾ ਇਕ ਕਾਰਨ ਇਹ ਵੀ ਹੈ ਕਿ ਪੁਲੀਸ ਨੇ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਬਦਨਾਮੀ ਦੇ ਦਾਗ ਧੋਣ ਲਈ ਧੜਾਧੜ ਲਾਹਣ ਅਤੇ ਸ਼ਰਾਬ ਬਣਾਉਣ ਲਈ ਵਰਤੀ ਜਾਂਦੀ ਹੋਰ ਸਮੱਗਰੀ ਫੜਨ ਦੇ ਦਾਅਵੇ ਕੀਤੇ। ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਤੇ ਸ਼ਰਾਬ ਦੀ ਤਸਕਰੀ ਅਤੇ ਸ਼ਰਾਬ ਦੀਆਂ ਕਈ ਨਕਲੀ ਫੈਕਟਰੀਆਂ ਦਾ ਫੜਿਆ ਜਾਣਾ ਸਰਕਾਰ ਤੇ ਪੁਲਿਸ ਲਈ ਬਦਨਾਮੀ ਦਾ ਕਾਰਨ ਵੀ ਬਣਿਆ। ਇਹ ਇਕ ਅਜਿਹਾ ਸਾਲ ਵੀ ਸੀ ਜਦੋਂ ਸ਼ੁਰੂਆਤ ਦੇ ਮਹੀਨਿਆਂ ਤੋਂ ਲੈ ਕੇ ਅੰਤਲੇ ਮਹੀਨੇ ਦਸੰਬਰ ਤੱਕ ਪੁਲਿਸ ਨੇ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਹਥਿਆਰ ਅਤੇ ਨਸ਼ੀਲੇ ਪਦਾਰਥ ਪੰਜਾਬ ਵਿਚ ਸੁੱਟਣ ਦੇ ਦਾਅਵੇ ਕੀਤੇ ਗਏ। ਹਾਲਾਂਕਿ ਪੁਲਿਸ ਵੱਲੋਂ ਕੀਤੇ ਜਾਂਦੇ ਇਨ੍ਹਾਂ ਦਾਅਵਿਆਂ ਸਬੰਧੀ ਕਈ ਤਰ੍ਹਾਂ ਦੇ ਵਾਦ-ਵਿਵਾਦ ਵੀ ਚਲਦੇ ਰਹੇ ਹਨ।
ਅਪਰਾਧਿਕ ਅੰਕੜਿਆਂ ਵਿਚ ਸੰਗੀਨ ਜੁਰਮ ਦੀ ਗੱਲ ਕੀਤੀ ਜਾਵੇ ਤਾਂ ਡਕੈਤੀਆਂ ਦੇ ਅੰਕੜੇ ਹੈਰਾਨ ਕਰਨ ਵਾਲੇ ਹਨ। ਸੂਬੇ ਵਿਚ ਪਿਛਲੇ ਸਾਲ 2019 ਦੇ ਪਹਿਲੇ 11 ਮਹੀਨਿਆਂ ਦੌਰਾਨ ਜੇਕਰ 19 ਡਾਕੇ ਪਏ ਸਨ ਤਾਂ ਇਸ ਸਾਲ 30 ਨਵੰਬਰ ਤੱਕ 37 ਡਾਕੇ ਪੈਣ ਦੇ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ 84 ਮਾਮਲੇ ਡਕੈਤੀ ਦੀ ਤਿਆਰੀ ਕਰਦਿਆਂ ਫੜੇ ਜਾਣ ਨਾਲ ਸਬੰਧਤ ਹਨ। ਲੁੱਟ-ਖੋਹ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਦੀਆਂ 86 ਘਟਨਾਵਾਂ ਦੇ ਮੁਕਾਬਲੇ ਇਸ ਵਾਰ 97 ਘਟਨਾਵਾਂ ਵਾਪਰੀਆਂ ਹਨ। ਪੁਲਿਸ ਅਧਿਕਾਰੀਆਂ ਵੱਲੋਂ ਕਰੋਨਾ ਕਾਰਨ ਰੁਜ਼ਗਾਰ ਖੁੱਸਣ ਕਰਕੇ ਸੂਬੇ ਵਿਚ ਅਜਿਹੇ ਅਪਰਾਧ ਵਧਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਸ਼ਰਾਬ ਨਾਲ ਜੁੜੇ ਅਪਰਾਧਾਂ ਦੇ ਬੀਤੇ ਸਾਲ ਦਰਜ 11136 ਮਾਮਲਿਆਂ ਦੇ ਮੁਕਾਬਲੇ ਇਸ ਸਾਲ 16807 ਮਾਮਲੇ ਦਰਜ ਕੀਤੇ ਗਏ, ਜੋ ਕਿ ਰਿਕਾਰਡ ਵਾਧਾ ਹੈ। ਇਸ ਤੋਂ ਬਾਅਦ ਇਕ ਅੰਕੜਾ ਆਉਂਦਾ ਹੈ ਫਿਰੌਤੀ ਮੰਗਣ ਵਾਲਾ। ਪੁਲਿਸ ਦੇ ਅੰਕੜਿਆਂ ਮੁਤਾਬਕ ਇਸ ਸਾਲ ਦੌਰਾਨ 133 ਮਾਮਲੇ ਸਾਹਮਣੇ ਆਏ ਸਨ, ਜਦਕਿ ਪਿਛਲੇ ਸਾਲ ਅਜਿਹੇ ਮਾਮਲਿਆਂ ਦੀ ਗਿਣਤੀ 96 ਸੀ। ਇਸ ਦੇ ਮੁਕਾਬਲੇ ਨਸ਼ੀਲੇ ਪਦਾਰਥਾਂ (ਐਨ.ਡੀ.ਪੀ.ਐਸ. ਐਕਟ) ਨਾਲ ਸਬੰਧਤ 6209 ਮਾਮਲੇ ਦਰਜ ਕੀਤੇ ਗਏ ਤੇ ਸਾਲ 2019 ਵਿਚ ਇਨ੍ਹਾਂ ਮਾਮਲਿਆਂ ਦੀ ਗਿਣਤੀ 10825 ਸੀ। ਸੂਬੇ ਵਿਚ ਪਹਿਲੇ 11 ਮਹੀਨਿਆਂ ਦੇ ਸਮੇਂ ਦੌਰਾਨ 712 ਵਿਅਕਤੀਆਂ ਦੇ ਕਤਲ ਹੋਏ। ਇਹ ਅੰਕੜਾ ਛੋਟਾ ਨਹੀਂ ਤੇ ਪਿਛਲੇ ਸਾਲ ਦੇ ਮੁਕਾਬਲੇ ਪੰਜਾਬ ਵਿੱਚ 79 ਜ਼ਿਆਦਾ ਕਤਲ ਹੋਏ ਹਨ। ਇਸੇ ਤਰ੍ਹਾਂ ਸਾਲ 2019 ਵਿੱਚ ਪਹਿਲੇ 11 ਮਹੀਨਿਆਂ ਦੌਰਾਨ ਜੇਕਰ ਇਰਾਦਾ ਕਤਲ ਦੇ ਮਾਮਲੇ 825 ਦਰਜ ਕੀਤੇ ਗਏ ਸਨ ਤਾਂ ਇਸ ਸਾਲ ਦੇ ਪਹਿਲੇ 11 ਮਹੀਨਿਆਂ ਦੌਰਾਨ 905 ਮਾਮਲੇ ਸਾਹਮਣੇ ਆਏ ਹਨ। ਇਸ ਸਾਲ ਬਲਾਤਕਾਰ ਦੇ ਮਾਮਲੇ ਘਟੇ ਹਨ। ਪਿਛਲੇ ਸਾਲ 11 ਮਹੀਨਿਆਂ `ਚ 1050 ਔਰਤਾਂ ਨਾਲ ਬਲਾਤਕਾਰ ਹੋਏ ਸਨ ਤੇ ਇਸ ਸਮੇਂ ਦੌਰਾਨ ਇਸ ਸਾਲ ਵਿੱਚ 940 ਮਹਿਲਾਵਾਂ ਇਸ ਜੁਰਮ ਦਾ ਸ਼ਿਕਾਰ ਹੋਈਆਂ। ਉਂਜ ਪੰਜਾਬ ਵਿਚ ਬਲਾਤਕਾਰ ਦੇ ਮਾਮਲੇ ਹਰ ਸਾਲ ਵਧਦੇ ਹੀ ਰਹੇ ਹਨ। ਇਸ ਸਾਲ ਔਰਤਾਂ ਖਿਲਾਫ ਅਪਰਾਧ ਵਿਚ ਕਮੀ ਦਾ ਕਾਰਨ ਕਰੋਨਾ ਅਤੇ ਕਿਸਾਨੀ ਅੰਦੋਲਨ ਨੂੰ ਹੀ ਮੰਨਿਆ ਜਾ ਰਿਹਾ ਹੈ। ਇਸੇ ਤਰ੍ਹਾਂ ਔਰਤਾਂ ਨਾਲ ਜੁੜੇ ਅਪਰਾਧ ਵਿਚ ਹੀ ਬੀਤੇ ਸਾਲ ਦੌਰਾਨ 1415 ਔਰਤਾਂ ਨੂੰ ਬੰਦੀ ਬਣਾਉਣ ਜਾਂ ਅਗਵਾ ਕਰਨ ਦੀਆਂ ਘਟਨਾਵਾਂ ਵਾਪਰੀਆਂ ਸਨ ਤੇ ਇਸ ਸਾਲ ਅਜਿਹੀਆਂ ਘਟਨਾਵਾਂ ਦੀ ਗਿਣਤੀ 1126 ਸੀ।