ਮੇਜਰ ਦੇ ਮਨ ਵਿਚ ਔਰਤਾਂ ਪ੍ਰਤੀ ਤੁਅੱਸਬ ਨਹੀਂ

ਸਤਿਕਾਰਯੋਗ ਸੰਪਾਦਕ ਜੀ,
ਪੰਜਾਬ ਟਾਈਮਜ਼ ਦੇ 22 ਜੂਨ ਦੇ ਅੰਕ ਵਿਚ ‘ਸੰਪਾਦਕ ਦੀ ਡਾਕ’ ਕਾਲਮ ਹੇਠ ਜਗਜੀਤ ਸਿੰਘ ਜਖਮੀ ਦੀ ਮੇਜਰ ਕੁਲਾਰ ਦੀ ਕਹਾਣੀ ‘ਨ੍ਹੇਰੀਆਂ ਝੱਖੜਾਂ ‘ਚ ਬਾਲੇ ਦਿਲ ਕੋਈ’ ਬਾਰੇ ਟਿੱਪਣੀ ਪੜ੍ਹ ਕੇ ਮਨ ਨੂੰ ਠੇਸ ਪਹੁੰਚੀ। ਮੈਂ ਮੇਜਰ ਕੁਲਾਰ ਦੀਆਂ ਲਿਖਤਾਂ ਪੰਜਾਬ ਟਾਈਮਜ਼ ਦੇ ਜ਼ਰੀਏ ਪੜ੍ਹਦਾ ਆ ਰਿਹਾ ਹਾਂ। ਉਨ੍ਹਾਂ ਦੀ ਲਿਖਤ ਬਹੁਤ ਉਸਾਰੂ ਤੇ ਜਿੰਦਗੀ ਨੂੰ ਸੇਧ ਦੇਣ ਵਾਲੀ ਹੁੰਦੀ ਹੈ। ਉਸ ਦੀਆਂ ਲਿਖਤਾਂ ਔਰਤ ਜਾਤੀ ਦੇ ਵਿਰੁਧ ਨਹੀਂ ਸਗੋਂ ਜੀਵਨ ਜਾਚ ਨਾਲ ਭਰਪੂਰ ਹੁੰਦੀਆਂ ਹਨ। ਸਾਡੇ ਭਾਈਚਾਰੇ ਵਿਚ ਹੀਰ ਦੀ ਗੱਲ ਤਾਂ ਹਰ ਕੋਈ ਕਰਦਾ ਹੈ ਪਰ ਉਸ ਦੇ ਆਪਣੇ ਘਰ ਹੀਰ ਜਨਮ ਲਵੇ, ਇਸ ਗੱਲੋਂ ਡਰਦਾ ਹੈ। ਜਿਹੜੀ ਕਹਾਣੀ ਵਿਚ ਜ਼ਖਮੀ ਹੋਰਾਂ ਨੂੰ ਔਰਤ ਜਾਤੀ ਪ੍ਰਤੀ ਨਫਰਤ ਝਲਕੀ, ਉਹ ਸਿਰਫ ਇੱਕ ਦੁਖੀ ਮਾਂ ਦੀ ਮਨੋਅਵਸਥਾ ਬਿਆਨ ਕਰਦੀ ਹੈ। ਮਾਂ ਕਹਿੰਦੀ ਹੈ, “ਮੈਨੂੰ ਪਤਾ ਹੁੰਦਾ ਕਲਜੋਗਣ ਨੇ ਇੰਜ ਕਰਨੀ ਹੈ ਤਾਂ ਮੈਂ ਢਿੱਡ ਵਿਚ ਹੀ ਨਿੱਕਾ ਨਿੱਕਾ ਕਟਵਾ ਦਿੰਦੀ।”
ਇਹ ਵਾਕ ਕੋਈ ਮੇਜਰ ਕੁਲਾਰ ਦੀ ਆਪਣੀ ਰਾਏ ਨਹੀਂ ਬਲਕਿ ਕਹਾਣੀ ਦੇ ਪਾਤਰ ਦੀ ਵਿਥਿਆ ਹੈ। ਇਹ ਕਹਾਣੀ ਦੀ ਪਾਤਰ ਉਸ ਦੁਖੀ ਮਾਂ ਦੀ ਅਵਾਜ਼ ਹੈ, ਜਿਸ ਦੀ ਧੀ ਨੇ ਘਰੋਂ ਉਧਲ ਕੇ ਮਾਪਿਆਂ ਦੀ ਪੱਗ ਪੈਰੀਂ ਰੋਲੀ ਹੈ। ਬੇਸ਼ੱਕ ਅਸੀਂ ਅਮਰੀਕਾ, ਕੈਨੇਡਾ ਜਾਂ ਹੋਰ ਕਿਸੇ ਪੱਛਮੀ ਦੇਸ਼ ਦੇ ਬਾਸ਼ਿੰਦੇ ਬਣ ਚੁਕੇ ਹਾਂ। ਸਵਾਲ ਹੈ ਕਿ ਕੀ ਅਸੀਂ ਆਪਣੀਆਂ ਵਿਰਾਸਤੀ ਕਦਰਾਂ ਕੀਮਤਾਂ ਵੀ ਭੁਲ ਗਏ ਹਾਂ? ਜੇ ਇਹ ਗੱਲ ਹੋਵੇ ਫਿਰ ਅਸੀਂ ਇਨ੍ਹਾਂ ਮੁਲਕਾਂ ਵਿਚ ਕਿਸੇ ਭਾਰਤੀ ਕੁੜੀ ਦੇ ਕਾਲੇ ਮੂਲ ਦੇ ਮੁੰਡੇ ਨਾਲ ਰਿਸ਼ਤਾ ਜੋੜਨ ‘ਤੇ ਇਤਰਾਜ਼ ਨਾ ਕਰੀਏ। ਅਸੀਂ ਗੈਰਤਮੰਦ ਪੰਜਾਬੀ ਹਾਂ। ਹਾਂ, ਹਰ ਇੱਕ ਦਾ ਸੋਚਣ ਦਾ ਦਾਇਰਾ ਵੱਖਰਾ ਹੋ ਸਕਦਾ ਹੈ ਪਰ ਮੇਜਰ ਨੇ ਕਿਸੇ ਗੋਰੇ ਪਰਿਵਾਰ ਦੀ ਕਹਾਣੀ ਨਹੀਂ ਲਿਖੀ। ਇਹ ਕਹਾਣੀ ਆਮ ਪੇਂਡੂ ਪਰਿਵਾਰ ਦੇ ਜੀਵਨ ਦੀ ਗਾਥਾ ਹੈ। ਅਸੀਂ ਲੱਖ ਪ੍ਰਦੇਸੀ ਹੋਈਏ, ਆਪਣੀ ਪੱਗ ਨਹੀਂ ਰੋਲ ਸਕਦੇ।
-ਗੁਰਿੰਦਰਜੀਤ ਸਿੰਘ ‘ਨੀਟਾ ਮਾਛੀਕੇ’
ਫਰਿਜ਼ਨੋ।

Be the first to comment

Leave a Reply

Your email address will not be published.