ਬਲਕਾਰ ਸਿੰਘ (ਪ੍ਰੋਫੈਸਰ)
ਫੋਨ: 91-93163-01328
1. ਤੁਸੀਂ ਕਿਸਾਨ ਅੰਦੋਲਨ ਨੂੰ ਕਿਸ ਦ੍ਰਿਸ਼ਟੀ ਤੋਂ ਦੇਖਦੇ ਹੋ?
-ਮੇਰੇ ਲਈ ਕਿਸਾਨ ਅੰਦੋਲਨ ਅਜਿਹੀ ਨਿਆਰੀ ਲੋਕ ਲਹਿਰ ਹੈ, ਜਿਸ ਦੀ ਜੜ੍ਹ ਵਿਚ ਗੁਰੂ ਦੇ ਨਾਮ ‘ਤੇ ਜਿਉਣ ਵਾਲੀ ਸਿੱਖ ਰੰਗ ਵਾਲੀ ਪੰਜਾਬੀ ਮਾਨਸਿਕਤਾ ਸਕਰਮਕ ਹੈ। ਇਸ ਦਾ ਪਹਿਲੀ ਵਾਰ ਮੁਹੱਬਤੀ ਰਾਜਨੀਤੀ ਦੇ ਤਾਜ਼ਾ ਮਾਡਲ ਵਾਂਗ ਜਿਹੋ ਜਿਹਾ ਸੁਤੇ ਉਸਾਰ ਸਾਹਮਣੇ ਆ ਗਿਆ ਹੈ, ਉਹ ਮੈਨੂੰ ਪੰਜਾਬੀ ਸਭਿਆਚਾਰ ਅਤੇ ਸਿੱਖ ਸਭਿਆਚਾਰ ਦੀ ਮਿੱਸ ਵਿਚੋਂ ਪੈਦਾ ਹੋਇਆ ਕਿਸਾਨੀ ਸਭਿਆਚਾਰ ਲੱਗਦਾ ਹੈ ਤੇ ਇਹੀ ਸੰਗਤੀ ਰੰਗ ਇਸ ਲੋਕ ਲਹਿਰ ਦੀ ਅਗਵਾਈ ਕਰ ਰਿਹਾ ਹੈ। ਇਹ ਸਿਆਸਤ ਮੁਕਤ ਵਰਤਾਰਾ, ਜਿਵੇਂ ਲੀਡਰ ਮੁਕਤ ਵਹਿਣ ਵਾਂਗ ਵਹਿ ਰਿਹਾ ਹੈ, ਇਸ ਨੂੰ ਸਿਧਾਂਤਕੀਆਂ ਵਿਚ ਤੁਰਤ ਬੰਨ੍ਹਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਆਉਣ ਵਾਲੇ ਸਮਿਆਂ ਵਿਚ ਏਸੇ ਨੇ ਸਿਧਾਂਤਕੀਆਂ ਅਤੇ ਵਿਧੀਆਂ ਵਿਚ ਢਲਦੇ ਰਹਿਣਾ ਹੈ।
ਇਹੀ ਮੈਨੂੰ ਇਸ ਕਿਸਾਨੀ ਲਹਿਰ ਦੀ ਸਫਲਤਾ ਦੀ ਧੁਰੋਹਰ ਲੱਗਦਾ ਹੈ। ਇਸ ਨਾਲ ਮੋਦੀ ਮਾਰਕਾ ਅਜਿੱਤ ਰਾਜਨੀਤੀ ਦਾ ਕੂਟਨੀਤਕ ਭਰਮ ਟੁੱਟਦਾ ਨਜ਼ਰ ਆ ਰਿਹਾ ਹੈ।
2. ਕਿਸਾਨ ਅੰਦੋਲਨ ਵਿਚ ਕਿਸਾਨ ਆਗੂਆਂ ਨੂੰ ਕਿਸ ਦਿਸ਼ਾ ਵਿਚ ਕਾਰਜ ਕਰਨਾ ਚਾਹੀਦਾ ਹੈ?
-ਸੁਤੰਤਰ ਭਾਰਤ ਵਿਚ ਪਹਿਲੀ ਵਾਰ ਆਗੂਆਂ ਦੀ ਦਸ਼ਾ ਅਤੇ ਦਿਸ਼ਾ, ਅੰਦੋਲਨ ਤੈਅ ਕਰ ਰਿਹਾ ਹੈ ਅਤੇ ਇਸ ਨਾਲ ਕਿਸਾਨ ਜਥੇਬੰਦੀਆਂ ਦੇ ਆਗੂ ਜਿਸ ਸਿਦਕ ਅਤੇ ਸੁਜੱਗਤਾ ਨਾਲ ਨਿਭ ਰਹੇ ਹਨ, ਇਸ ਨੂੰ ਭੰਗ ਨਹੀਂ ਹੋਣ ਦੇਣਾ ਚਾਹੀਦਾ। ਵੈਸੇ ਵੀ ਕਿਸਾਨ ਅੰਦੋਲਨ ਦਾ ਏਜੰਡਾ ਦਿਮਾਗੀ ਘਾੜਤ ਦਾ ਸਿੱਟਾ ਨਹੀਂ ਹੈ, ਕਿਉਂਕਿ ਕਿਸਾਨੀ ਮਾਨਸਿਕਤਾ ਵਿਚੋਂ ਇਹ ਸੁਤੇ ਸਿੱਧ ਪ੍ਰਕਾਸ਼ਮਾਨ ਹੋ ਗਿਆ ਹੈ। ਇਸ ਨੂੰ ਜਸਬੀਰ ਮੰਡ ਦੇ ਨਾਵਲ ‘ਆਖਰੀ ਬਾਬੇ’ (2019) ਦੇ ਹਵਾਲੇ ਨਾਲ ਵੀ ਸਮਝਾਇਆ ਜਾ ਸਕਦਾ ਹੈ, ਪਰ ਇਸ ਵੇਲੇ ਫੈਜ਼ ਅਹਿਮਦ ਫੈਜ਼ ਦੇ ਇਕ ਸ਼ੇਅਰ ਰਾਹੀਂ ਸਮਝਣ ਦਾ ਯਤਨ ਕੀਤਾ ਜਾ ਸਕਦਾ ਹੈ:
ਗਰ ਬਾਜ਼ੀ ਇਸ਼ਕ ਕੀ ਹੈ
ਜੋ ਚਾਹੇ ਲਗਾ ਦੋ ਡਰ ਕੈਸਾ,
ਗਰ ਜੀਤ ਗਏ ਤੋ ਕਿਆ ਕਹਿਨਾ
ਹਾਰ ਗਏ ਤੋ ਬਾਜ਼ੀ ਮਾਤ ਨਹੀਂ।
ਧਰਤੀ ਦੇ ਪੁੱਤਰਾਂ ਦੀ ਕੋਮਲ ਬਚਨਬੱਧਤਾ ਨੇ ਅੰਦੋਲਨ ਨੂੰ ਜਿਥੇ ਪਹੁੰਚਾ ਦਿੱਤਾ ਹੈ, ਉਹ ਸੰਭਾਵਤ ਫੈਸਲਿਆਂ ਨਾਲੋਂ ਵੱਡੀ ਜਿਤ ਵਾਂਗ ਸਾਹਮਣੇ ਆ ਚੁਕਾ ਹੈ। ਇਸ ਨਾਲ ਸੱਤਾ ਦੇ ਅਜਿੱਤ ਬਿੰਬ ਖੁਰਦੇ ਨਜ਼ਰ ਆ ਰਹੇ ਹਨ ਅਤੇ ਨਫਰਤੀ ਰਾਜਨੀਤੀ ਨਾਲ ਚੁਫੇਰੇ ਫੈਲੇ ਆਤੰਕਣ ਵਿਚ ਸੁਖ ਦੇ ਸਾਹ ਦੀਆਂ ਸੰਭਾਵਨਾਵਾਂ ਪੈਦਾ ਹਣ ਲੱਗ ਪਈਆਂ ਹਨ। ਕਿਸਾਨ ਆਗੂਆਂ ਨੇ ਇਸ ਨਾਲ ਤੁਰਨ ਦੀ ਜਾਚ ਸਿੱਖ ਲਈ ਹੈ। ਏਸੇ ਦਾ ਸਾਰੇ ਪਾਸਿਆਂ ਤੋਂ ਸਵਾਗਤ ਹੋ ਰਿਹਾ ਹੈ। ਸਰਕਾਰ ਨੂੰ ਕਰਕੇ ਸੋਚਣ ਵਾਲੀ ਰਾਜਨੀਤੀ ਦੇ ਨਤੀਜੇ ਭੁਗਤਣੇ ਪੈ ਰਹੇ ਹਨ, ਕਿਸਾਨ ਆਗੂਆਂ ਨੂੰ ਸੋਚ ਕੇ ਕਰਨ ਦੀ ਅਪਨਾਈ ਹੋਈ ਨੀਤੀ ਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੰਦੇ ਰਹਿਣਾ ਚਾਹੀਦਾ ਹੈ।
3. ਕਿਸਾਨ ਅੰਦੋਲਨ ਰਾਹੀਂ ਪੰਜਾਬੀ ਚੇਤਨਾ ਕਿਸ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ?
-ਕਿਸਾਨ ਅੰਦੋਲਨ, ਪੰਜਾਬੀ ਚੇਤਨਾ ਦੇ ਇਰਦ-ਗਿਰਦ ਬੁਣਿਆ ਹੋਇਆ ਲੱਗਣ ਲੱਗ ਪਿਆ ਹੈ; ਹਾਲਾਂਕਿ ਇਹ ਅੰਦੋਲਨ ਸੂਬਾਈ ਹੱਦਾਂ ਤੋਂ ਪਾਰ ਲੰਘ ਗਿਆ ਹੈ। ਇਸੇ ਦੇ ਸਿੱਟੇ ਵਜੋਂ ਇਹ ਸਾਰੀ ਦੁਨੀਆਂ ਵਿਚ ਫੈਲ ਗਏ ਪੰਜਾਬਾਂ ਦਾ ਅੰਦੋਲਨ ਲੱਗਦਾ ਵੀ ਹੈ ਤਾਂ ਵੀ ਇਸ ਨੂੰ ਕਿਸੇ ਸ਼ਿਕੰਜੇ ਵਿਚ ਕਸੇ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਗੱਡੇ ਤੋਂ ਟਰੈਕਟਰ ਅਤੇ ਟਰੈਕਟਰ ਤੋਂ ਹਵਾਈ ਜਹਾਜ ਵਾਲਾ ਆਲਮੀ ਪੰਜਾਬ, ਜਿਵੇਂ ਇਸ ਵੇਲੇ ਟਰੈਕਟਰਾਂ ਰਾਹੀਂ ਨਜ਼ਰ ਆ ਰਿਹਾ ਹੈ, ਲੋੜ ਪਈ ਤਾਂ ਹਵਾਈ ਜਹਾਜਾਂ ਰਾਹੀਂ ਵੀ ਨਜ਼ਰ ਆ ਸਕਦਾ ਹੈ। ਸੰਭਾਵਨਾਵਾਂ ਦੀ ਆਸ ਤੇ ਵਰਤਮਾਨ ਦੀਆਂ ਪ੍ਰਾਪਤੀਆਂ ਦਾ ਰਾਹ ਨਹੀਂ ਰੋਕਣਾ ਚਾਹੀਦਾ। ਨਫਰਤੀ ਰਾਜਨੀਤੀ ਦੇ ਦੌਰ ਵਿਚ ਇਸ ਅੰਦੋਲਨ ਦੀ ਸ਼ਾਨ ਇਹ ਹੈ ਕਿ ਦਿੱਲੀ ਦੀ ਹੱਦ ਤੇ ਹੁੱਕੇ ਵਾਲਾ ਹਰਿਆਣਵੀ ਅਤੇ ਅੰਮ੍ਰਿਤਧਾਰੀ ਸਿੱਖ ਬਜੁਰਗ ਜੱਫੀਆਂ ਪਾ ਕੇ ਨਵਾਂ ਇਤਿਹਾਸ ਲਿਖ ਰਹੇ ਹਨ। ਸਿਆਸਤ ਦੇ ਪੈਰੋਂ ਪਈਆਂ ਵੰਡੀਆਂ ਨੂੰ ਪਿੱਛੇ ਛੱਡ ਕੇ ਹਰ ਰੰਗ ਦਾ ਸਿਆਸਤਦਾਨ ਜਿਵੇਂ ਇਕ ਦੂਜੇ ਨਾਲੋਂ ਅੱਗੇ ਹੋ ਕੇ ਅੰਦੋਲਨ ਦਾ ਯੋਗਦਾਨੀ ਬਣ ਰਿਹਾ ਹੈ, ਇਸ ਨੂੰ ਸਿੱਖ ਇਤਿਹਾਸ ਦੇ ਆਧੁਨਿਕ ਪੰਨੇ ਦੀ ਉਂਘਲਈ ਸੰਤੁਸ਼ਟੀ ਹੋ ਜਾਣ ਤੋਂ ਬਚਾਉਣਾ ਚਾਹੀਦਾ ਹੈ। ਇਸ ਨਾਲ ‘ਉੜਤੇ ਪੰਜਾਬ’ ਵਾਲਾ ਦਾਗ ਧੁਪਦਾ ਨਜ਼ਰ ਆ ਰਿਹਾ ਹੈ ਅਤੇ ‘ਪਗੜੀ ਸੰਭਾਲ ਜੱਟਾ’ ਦੀ ਸੁੱਚੀ ਭਾਵਨਾ ਦਾ ਸੁਤੇ ਪ੍ਰਕਾਸ਼ ਹੋ ਰਿਹਾ ਜਾਪਦਾ ਹੈ। ਇਸ ਨੂੰ ਸਿਆਸੀ ਸਮੀਕਰਨਾਂ ਦੇ ਸ਼ਿਕੰਜੇ ਵਿਚ ਕਸੇ ਜਾਣ ਤੋਂ ਜਿਸ ਮਾਤਰਾ ਵਿਚ ਬਚਾ ਲਵਾਂਗੇ, ਉਸੇ ਮਾਤਰਾ ਵਿਚ ਕਿਸਾਨੀ ਅੰਦੋਲਨ ਦੇ ਬੋਲ ਬਾਲੇ ਹੋ ਜਾਣਗੇ। ਯਾਦ ਰਹਿਣਾ ਚਾਹੀਦਾ ਹੈ ਕਿ ਸਿਆਸੀ ਸਮੀਕਰਨਾਂ ਵੱਲੋਂ ਥੋਪੀ ਹੋਈ ਚੁੱਪ ਨੂੰ ਇਸ ਅੰਦੋਲਨ ਨੇ ਜ਼ਬਾਨ ਬਖਸ਼ੀ ਹੈ। ਕਿਸਾਨ ਸਭਾਵਾਂ ਦੀ ਸਾਂਝੀ ਅਗਵਾਈ ਵਿਚ ਚੱਲ ਰਿਹਾ ਇਹ ਸਿਆਸਤ ਮੁਕਤ ਅੰਦੋਲਨ, ਆਪਣੇ ਵਰਗਾ ਆਪ ਹੋ ਗਿਆ ਹੈ। ਇਸ ਦੀ ਸੁਰ ਸਥਾਪਤੀ ਉਸ ਵੇਲੇ ਸ਼ੁਰੂ ਹੋ ਗਈ ਸੀ, ਜਦੋਂ ਸਰਕਾਰ ਦੀ ਤਲਿੱਸਮੀ ਪ੍ਰਾਹੁਣਾਚਾਰੀ ਵੱਲ ਪਿਠ ਕਰਕੇ ਕਿਸਾਨ ਆਗੂਆਂ ਨੇ ਆਪਣੀ ਲਿਆਂਦੀ ਲੱਸੀ ਪੀਤੀ ਸੀ ਅਤੇ ਭੁੰਜੇ ਬਹਿ ਕੇ ਲੰਗਰ ਛਕਿਆ ਸੀ। ਇਸ ਅੰਦੋਲਨ ਦੀ ਪ੍ਰਾਪਤੀ ਇਹ ਹੈ ਕਿ ਪੰਜਾਬ ਦੀ ਕਿਸਾਨੀ ਚੇਤਨਾ ਵਿਚੋਂ ਓਹੀ ਕੁਝ ਪੁੰਗਰ ਰਿਹਾ ਹੈ, ਜਿਹੜਾ ਕਿਸਾਨੀ ਸਭਿਆਚਾਰ ਦੇ ਲਹੂ ਵਿਚ ਹੈ। ਬਾਕੀਆਂ ਨੂੰ ਨਾਲ ਲੈ ਕੇ ਹੀ ਇਸ ਅੰਦੋਲਨ ਨੇ ਅੰਜਾਮ ਤੱਕ ਪਹੁੰਚਣਾ ਹੈ।
4. ਕਿਸਾਨ ਅੰਦੋਲਨ ਦੇ ਭਵਿਖਮੁਖੀ ਬਦਲਾਵ ਕੀ ਹੋਣਗੇ?
-ਇਸ ਕਿਸਾਨ ਅੰਦੋਲਨ ਵਾਸਤੇ ਕਿਸਾਨ ਅਤੇ ਕਿਸਾਨ ਹਮਾਇਤੀ, 32 ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਵਿਚ ਇਹ ਸਮਝ ਕੇ ਹੀ ਤੁਰੇ ਸਨ ਕਿ ‘ਜੰਗ ਹਿੰਦ ਪੰਜਾਬ’ ਦਾ ਲੜਨਾ ਹੈ। ਜਦੋਂ ਹਰਿਆਣੇ ਨੇ ਪੰਜਾਬੀਆਂ ਦੀ ਸੁਰ ਨਾਲ ਸੁਰ ਮਿਲਾਈ ਸੀ ਤਾਂ ਕਿਸਾਨ ਅੰਦੋਲਨ ਦੀ ਭਵਿਖਮੁਖੀ ਸੁਰ ਦੀ ਨੀਂਹ ਟਿਕ ਗਈ ਸੀ। ਸੁਰ ਵਿਚ ਭਾਰਤੀ ਕਿਸਾਨੀ ਦੀਆਂ ਸੁਰਾਂ ਮਿਲਦੀਆਂ ਗਈਆਂ ਹਨ ਅਤੇ ਰਾਜਨੀਤਕ ਆਪਾਧਾਪੀਆਂ ਦੇ ਮਾਹੌਲ ਵਿਚ ਭਵਿਖਮੁਖੀ ਬਦਲਾਵ ਮੁਹੱਬਤੀ ਰਾਜਨੀਤੀ ਵਜੋਂ ਉਸਰਨ ਲੱਗ ਪਿਆ ਸੀ\ਹੈ। ਇਸੇ ਨਾਲ ਜੁੜਿਆ ਹੋਇਆ ਹੈ ਖਾਲਸਾ-ਏਡ ਵਾਲਿਆ ਦਾ ਕਿਸਾਨ ਮਾਲ, ਗੈਰ-ਪੰਜਾਬੀ ਦਰਜੀ ਦੀ ਕਾਰ ਸੇਵਾ, ਅਤਿ ਦੀ ਸਰਦੀ ਵਿਰੁਧ ਰਜਾਈਆਂ ਤੇ ਕੰਬਲਾਂ ਦੇ ਢੇਰ ਅਤੇ ਸੜਕਾਂ ਦੇ ਕੰਢਿਆਂ ‘ਤੇ ਲੱਗੇ ਹੋਏ ਲੰਗਰ। ਕਿਸੇ ਨੂੰ ਛੇਤੀ ਵਾਪਸੀ ਦਾ ਫਿਕਰ ਨਹੀਂ ਹੈ ਅਤੇ ਪੱਕੇ ਮੋਰਚੇ ਦੀਆਂ ਨੀਂਹਾਂ ਪੱਕੀਆਂ ਜਾ ਰਹੀਆਂ ਹਨ। ਇਹ ਸੁਰ ਵੀ ਆਪਣੇ ਆਪ ਪੈਦਾ ਹੋ ਗਈ ਸੀ\ਹੈ ਕਿ ਇਸ ਅੰਦੋਲਨ ਦਾ ਭਵਿਖਮੁਖੀ ਰਾਹ ਵਰਤਮਾਨ ਦੀ ਸਿਆਸਤ ਨੇ ਰੋਕਿਆ ਹੋਇਆ ਸੀ\ਹੈ ਅਤੇ ਸਿਆਸਤਦਾਨਾਂ ਰਾਹੀਂ ਇਸ ਤੋਂ ਨਹੀਂ ਬਚਿਆ ਜਾ ਸਕਦਾ ਸੀ\ਹੈ। ਇਸ ਸੁਤੇ ਸੋਝੀ ਨੇ ਜਿਵੇਂ ਜਿਵੇਂ ਸਿਆਸਤ ਤੋਂ ਪੱਲਾ ਛੁਡਾਇਆ, ਤਿਵੇਂ ਤਿਵੇਂ ਭਵਿਖਮੁਖੀ ਬਦਲਾਵਾਂ ਦੀਆਂ ਸੰਭਾਵਨਾਵਾਂ ਅੰਗੜਾਈਆਂ ਲੈਣ ਲੱਗ ਪਈਆਂ ਸਨ\ਹਨ। ਇਸ ਵੇਲੇ ਇਹ ਅੰਦੋਲਨ ਸਾਰੀ ਦੁਨੀਆਂ ਵਾਸਤੇ ਸਿਆਸਤ ਦੇ ਪੈਰੋਂ ਪੈਦਾ ਹੋਣ ਵਾਲੀਆਂ ਦੁਸ਼ਵਾਰੀਆਂ ਦਾ ਸੰਕਟ ਮੋਚਨ ਮਾਡਲ ਬਣਦਾ ਜਾ ਰਿਹਾ ਹੈ।
5. ਕਿਸਾਨ ਅੰਦੋਲਨ ਵਿਚ ਮੀਡੀਆ ਦੀ ਕੀ ਭੂਮਿਕਾ ਹੈ?
-ਮੀਡੀਆ ਨੂੰ ਲੋਕਤੰਤਰ ਦਾ ਥੰਮ੍ਹ ਗਿਣਿਆ ਜਾਂਦਾ ਹੈ ਅਤੇ ਇਸ ਪਰਥਾਏ ਲੋਕ ਚੇਤਨਾ ਨੂੰ ਜਗਾਉਣ ਅਤੇ ਸੰਭਾਲਣ ਵਿਚ ਇਸ ਦੀ ਅਹਿਮ ਭੂਮਿਕਾ ਮੰਨੀ ਜਾਂਦੀ ਹੈ, ਪਰ ਇਸ ਵੇਲੇ ਤਾਂ ਮੀਡੀਆ ਦੀ ਭੂਮਿਕਾ ਸਿੱਖੇ ਹੋਏ ਬਟੇਰੇ ਵਾਂਗ ਆਪਣਿਆਂ ਨੂੰ ਫਸਾਉਣ ਦੇ ਕੰਮ ਆ ਰਹੀ ਹੈ। ਮੀਡੀਆ, ਇਸ ਵੇਲੇ ਕਾਰਪੋਰੇਟ ਸੈਕਟਰ ਦੀ ਮਲਕੀਅਤ ਵਾਂਗ ਕੰਮ ਕਰਦਾ ਨਜ਼ਰ ਆ ਰਿਹਾ ਹੈ ਅਤੇ ਕਾਰਪੋਰੇਟ ਸੈਕਟਰ ਦਾ ਪ੍ਰਧਾਨ ਮੰਤਰੀ ਰਾਹੀਂ ਵਰਤਮਾਨ ਭਾਜਪਾਈਆਂ ਨਾਲ ਅਪਵਿਤਰ ਗੱਠਜੋੜ ਹੋ ਗਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਇਸ ਦੇ ਸੂਤਰਧਾਰ ਹੋ ਗਏ ਹਨ। ਮੀਡੀਆ ਰਾਹੀਂ ਨਿਆਂ ਪ੍ਰਣਾਲੀ ਅਤੇ ਪ੍ਰਬੰਧਕੀ ਏਜੰਸੀਆਂ ਸਰਕਾਰੀ ਭੈਅ ਵਿਚ ਸਰਕਾਰੀ ਭਾਈਵਾਲ ਲੱਗਣ ਲੱਗ ਪਈਆਂ ਹਨ। ਮੀਡੀਆ ਨੇ ਵਿਰੋਧ ਮੁਕਤ ਰਾਜਨੀਤੀ ਪੈਦਾ ਕਰਨ ਵਾਸਤੇ ਅਹਿਮ ਭੂਮਿਕਾ ਨਿਭਾਈ ਹੈ-ਇਸੇ ਨੂੰ ਗੋਦੀ ਮੀਡੀਆ ਕਿਹਾ ਜਾ ਰਿਹਾ ਹੈ। ਉਲਾਰ ਸਰੋਕਾਰਾਂ ਦੇ ਬੋਲਬਾਲਿਆਂ ਵਿਚੋਂ ਸਹਿਜ ਦੇ ਗੁਆਚਣ ਨਾਲ ਜਿਹੋ ਜਿਹੀ ਸਥਿਤੀ ਪੈਦਾ ਹੋ ਗਈ ਹੈ, ਉਸ ਨੂੰ ‘ਆਸਾ ਦੀ ਵਾਰ’ ਦੇ ਹਵਾਲੇ ਨਾਲ ਸਮਝੀਏ ਤਾਂ ਕਿਹਾ ਜਾ ਸਕਦਾ ਹੈ ਕਿ ਜੋ ਕੁਝ ਇਸਲਾਮੀ ਕੱਟੜਤਾ ਕਰ ਰਹੀ ਸੀ, ਉਹੋ ਜਿਹਾ ਹੀ ਧਾਰਮਿਕ ਕੱਟੜਤਾ ਦੀ ਮੁੱਦਈ ਵਰਤਮਾਨ ਸਿਆਸਤ ਦੇ ਪੈਰੋਂ ਹੋ ਰਿਹਾ ਹੈ ਅਤੇ ਹੁੰਦਾ ਰਹਿਣਾ ਹੈ। ਇਸੇ ਦੀ ਆਸਥਾ ਦੀ ਸਿਆਸਤ ਵਜੋਂ ਜਿਵੇਂ ਗੋਦੀ ਮੀਡੀਆ ਨੇ ਪੈਰਵਾਈ ਕੀਤੀ ਹੈ, ਉਸ ਨੂੰ ਲੈ ਕੇ ਕਿਸਾਨ ਅੰਦੋਲਨ ਨੇ ਸੋਸ਼ਲ ਮੀਡੀਆ ਨੂੰ ਬਦਲ ਵਜੋਂ ਸਥਾਪਤ ਕਰ ਦਿੱਤਾ ਹੈ। ਗੋਦੀ ਮੀਡੀਆ ਨੇ ਸੁਰ ਬਿਲਕੁਲ ਨਹੀਂ ਬਦਲੀ, ਪਰ ਗੋਦੀ ਮੀਡੀਆ ਦਾ ਪ੍ਰਭਾਵ ਬਿਲਕੁਲ ਬਦਲ ਗਿਆ ਹੈ। ਇਸੇ ਕਰਕੇ ਕਿਸਾਨ ਅੰਦੋਲਨ ਦੀ ਗੂੰਜ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਪੈਣੀ ਸ਼ੁਰੂ ਹੋ ਗਈ ਹੈ। ਜਿਸ ਗੋਦੀ ਮੀਡੀਆ ਨੇ ਵਰਤਮਾਨ ਮੋਦੀ ਸਰਕਾਰ ਦਾ ਅਜਿੱਤ ਹੋਣ ਦਾ ਭਰਮ ਪੈਦਾ ਕਰ ਦਿੱਤਾ ਸੀ, ਉਸੇ ਗੋਦੀ ਮੀਡੀਆ ਦੇ ਹਾਰਿਆ ਹੋਇਆ ਮਹਿਸੂਸ ਕਰਨ ਕਰਕੇ ਮੋਦੀ ਸਰਕਾਰ ਦਾ ਵਰਤਮਾਨ ਦਾਅ ‘ਤੇ ਲੱਗਿਆ ਲੱਗਣ ਲੱਗ ਪਿਆ ਹੈ। ਇਸ ਨਾਲ ਇਹ ਸੱਚਾਈ ਸਾਹਮਣੇ ਆਉਣ ਲੱਗ ਪਈ ਹੈ ਕਿ ਅੱਤ ਦਾ ਸਤਿ ਨਾਲ ਵੈਰ ਰਹਿੰਦਾ ਹੈ ਅਤੇ ਉਲਾਰ ਆਪਣੇ ਹੀ ਭਾਰ ਹੇਠ ਡਿੱਗ ਪੈਂਦਾ ਹੈ। ਮੀਡੀਆ, ਭਾਵੇਂ ਦ੍ਰਿਸ਼ ਮੀਡੀਆ ਹੋਵੇ ਤੇ ਭਾਵੇਂ ਪ੍ਰਿੰਟ ਮੀਡੀਆ ਹੋਵੇ, ਮੇਰੇ ਮੁਤਾਬਿਕ ਅਜੇ ਵੀ ਕਾਰਪੋਰੇਟ ਸੈਕਟਰ ਅਤੇ ਸਰਕਾਰ ਵਿਚਕਾਰ ਵਿਚੋਲਗੀ ਦੀ ਭੂਮਿਕਾ ਨਿਭਾ ਰਿਹਾ ਹੈ ਤੇ ਆਮ ਮਾਨਸਿਕਤਾ ਨਾਲੋਂ ਦੂਰ ਹੁੰਦਾ ਜਾ ਰਿਹਾ ਹੈ।
6. ਕਿਸਾਨ ਅੰਦੋਲਨ ਵਿਚ ਨੌਜਵਾਨ ਵਰਗ ਆਪਣੇ ਸਾਰਥਕ ਰੋਲ ਨੂੰ ਕਿਸ ਤਰ੍ਹਾਂ ਨਿਭਾ ਰਿਹਾ ਹੈ?
-ਕਿਸੇ ਵੀ ਵਰਗ ਦੇ ਨੌਜਵਾਨਾਂ ਦੀ ਭੂਮਿਕਾ ਨੂੰ ਉਨ੍ਹਾਂ ਦੇ ਵਿਰਾਸਤੀ ਪ੍ਰਸੰਗ ਵਿਚ ਹੀ ਸਮਝਿਆ ਅਤੇ ਸਮਝਾਇਆ ਜਾ ਸਕਦਾ ਹੈ। ਸਿੱਖ ਸਭਿਆਚਾਰ ਵਿਚ ‘ਬਾਬਾਣੀਆਂ ਕਹਾਣੀਆਂ’ ਨੂੰ ‘ਪੁਤ ਸਪੁਤ ਕਰੇਨਿ’ ਦਾ ਵਿਰਾਸਤੀ ਮਾਧਿਅਮ ਮੰਨਿਆ ਹੋਇਆ ਹੈ। ਇਹੀ ਪੰਜਾਬੀ ਸਭਿਆਚਾਰ ਵਿਚ ਦਾਦੀ ਸਭਿਆਚਾਰ ਵਜੋਂ ਨਿਭਦਾ ਰਿਹਾ ਹੈ। ਬੜੀ ਦੇਰ ਤੋਂ ਜਵਾਨੀ ਇਸ ਨਾਲੋਂ ਤੋੜ ਵਿਛੋੜੇ ਦੇ ਰਾਹ ਪਈ ਹੋਈ ਸੀ। ਇਸ ਨੂੰ ਪਿੰਡਾਂ ਦੀ ਸ਼ਹਿਰਾਂ ਵੱਲ ਹਿਜਰਤ ਨੇ ਪੱਕਾ ਕੀਤਾ ਸੀ\ਹੈ। ਸਿਆਸਤ ਵਿਚ ਮਾਫੀਆ ਕਲਚਰ ਆ ਜਾਣ ਕਰਕੇ ਜਵਾਨੀ, ਵਿਰਾਸਤ ਨਾਲੋਂ ਟੁੱਟ ਕੇ ਨਸ਼ਿਆਂ ਵੱਲ ਪਰਤਣ ਲੱਗ ਪਈ ਸੀ। ਪੈਦਾ ਹੋਈ ਭਟਕਣ ਨੂੰ ਵਿਦੇਸ਼ਾਂ ਦੀ ਖਿੱਚ ਵੀ ਠੱਲ੍ਹ ਨਹੀਂ ਸੀ ਪਾ ਸਕੀ। ਇਹੋ ਜਿਹੇ ਵਿਚ ਕਿਸਾਨ ਅੰਦੋਲਨ ਨੇ ਜਵਾਨੀ ਵਾਸਤੇ ਅਜਿਹੀ ਥਾਂ ਪੈਦਾ ਕਰ ਦਿੱਤੀ ਹੈ, ਜਿਸ ਵਿਚ ਜਵਾਨੀ ਦੇ ਪਰਵੇਸ਼ ਨਾਲ ਵਿਰਾਸਤੀ ਜਲੌਅ ਖਿੜਨ ਲੱਗ ਪਿਆ ਹੈ। ਇਸ ਦੀ ਸ਼ੁਰੂਆਤ ਹਰਿਆਣਾ ਸਰਕਾਰ ਵੱਲੋਂ ਰਸਤਾ ਰੋਕਣ ਨਾਲ ਹੋਈ ਸੀ। ਰੁਕਾਵਟਾਂ ਨੂੰ ਜਿਸ ਸੰਜਮ ਅਤੇ ਸੁਜੱਗਤਾ ਨਾਲ ਜਵਾਨੀ ਨੇ ਤੋੜਿਆ, ਉਸ ਨੇ ਜਵਾਨੀ ਵਾਸਤੇ ਕਿਸਾਨ ਅੰਦੋਲਨ ਰਾਹੀਂ ਰਸਤਾ ਖੋਲ੍ਹ ਦਿੱਤਾ ਹੈ। ਰਿਸ਼ਤਿਆਂ ਦੀ ਨੈਤਿਕਤਾ ਜਿਵੇਂ ਸਿਰ ਚੜ੍ਹ ਕੇ ਬੋਲਣ ਲੱਗ ਪਈ ਹੈ, ਉਸ ਨਾਲ ਕੁੜੀਆਂ ਵੀ ਸ਼ਾਮਲ ਹੋਣ ਲਈ ਉਤਸ਼ਾਹਤ ਹੋ ਗਈਆਂ ਹਨ। ਸਰਕਾਰੀ ਘੁਸਪੈਠ ਨੂੰ ਜਵਾਨੀ ਨੇ ਹੀ ਠੱਲ੍ਹ ਪਾਈ ਹੈ ਅਤੇ ਅੰਦੋਲਨ ਨੂੰ ਕਿਸਾਨ-ਪਰਿਵਾਰ ਹੋ ਜਾਣ ਵਾਲੇ ਰਾਹ ਵੀ ਜਵਾਨੀ ਨੇ ਹੀ ਪਾਇਆ ਹੈ। ਅੰਦੋਲਨ ਵਿਚ ਮੋਰੀਆਂ ਕਰ ਸਕਣ ਵਾਲੀਆਂ ਆਦਤਾਂ ਤੋਂ ਜਿਵੇਂ ਜਵਾਨੀ ਮੁਕਤ ਹੋ ਕੇ ਸੇਵਾ ਕਰ ਰਹੀ ਹੈ, ਇਸੇ ਨੇ ਅੰਦੋਲਨ ਨੂੰ ਉਹ ਬਲ ਬਖਸ਼ਿਆ ਹੈ, ਜਿਸ ਤੋਂ ਸਰਕਾਰ ਵੀ ਆਤੰਕਤ ਹੋਈ ਲੱਗਣ ਲੱਗ ਪਈ ਹੈ। ਭਾਜਪਾਈ ਆਤੰਕਣ ਦੀ ਰਾਜਨੀਤੀ ਦੀ ਦੂਜਿਆਂ ਨੂੰ ਆਤੰਕਵਾਦੀ ਘੋਸ਼ਿਤ ਕਰਨ ਦੀ ਤਲਿੱਸਮੀ ਰਾਜਨੀਤੀ ਆਪਣੇ ਭਾਰ ਹੇਠ ਆਪ ਹੀ ਦੱਬਿਆ ਮਹਿਸੂਸ ਕਰਨ ਲੱਗ ਪਈ ਹੈ। ‘ਜੈ ਜਵਾਨ ਜੈ ਕਿਸਾਨ’ ਦੇ ਬਹੁਤ ਪੁਰਾਣੇ ਸਿਆਸੀ ਨਾਹਰੇ ਦਾ ਜੋ ਰੰਗ ਇਸ ਅੰਦੋਲਨ ਵਿਚ ਖਿੜਿਆ ਹੈ, ਉਹੀ ਪੈਦਾ ਹੋ ਰਹੇ ਗੀਤਾਂ ਦੀ ਪ੍ਰੇਰਨਾ ਹੋ ਗਿਆ ਹੈ।
7. ਕਿਸਾਨ ਅੰਦੋਲਨ ਵਿਚ ਔਰਤ ਵਰਗ ਦੀ ਹਿੱਸੇਦਾਰੀ ਨੂੰ ਕਿਵੇਂ ਵੇਖਿਆ ਜਾ ਸਕਦਾ ਹੈ?
-ਕਿਸਾਨ ਅੰਦੋਲਨ ਵਿਚ ਜੋ ਸੰਜਮ, ਸਹਿਜ ਅਤੇ ਸਲੀਕਾ ਨਜ਼ਰ ਆ ਰਿਹਾ ਹੈ, ਉਹ ਮੇਰੇ ਨਜ਼ਦੀਕ ਔਰਤ ਵਰਗ ਦੀ ਸ਼ਮੂਲੀਅਤ ਕਰਕੇ ਪੈਦਾ ਹੋਇਆ ਹੈ। ਇਸ ਵੇਲੇ ਹਰ ਵਰਗ ਦੀਆਂ ਔਰਤਾਂ ਇਸ ਅੰਦੋਲਨ ਵਿਚ ਸ਼ਾਮਲ ਹਨ। ਖਾਲਸਾ ਏਡ ਦੀ ਨਿਗਰਾਨੀ ਵਿਚ ਔਰਤਾਂ ਦੀਆਂ ਸਹੂਲਤਾਂ ਦੇ ਪ੍ਰਬੰਧ ਕੀਤੇ ਗਏ ਹਨ। ਔਰਤਾਂ ਦੀ ਸ਼ਮੂਲੀਅਤ ਕਰਕੇ ਹੀ ਅੰਦੋਲਨ ਵਿਚ ਪਰਿਵਾਰ ਵਰਗੀ ਭਾਵਨਾ ਪ੍ਰਚੰਡ ਹੋਈ ਹੈ। ਦਿੱਲੀ ਮਹਾਂਨਗਰ ਵਿਚੋਂ ਉਚ ਵਿਦਿਅਕ ਕੇਂਦਰਾਂ ਦੀਆਂ ਵਿਦਿਅਰਥਣਾਂ ਨੇ ਆਪਣੀ ਬੋਲ ਬਾਣੀ ਨਾਲ ਕਿਸਾਨ ਅੰਦੋਲਨ ਨੂੰ ਜਨ ਅੰਦੋਲਨ ਬਣਾਉਣ ਵਾਸਤੇ ਅਹਿਮ ਭੂਮਿਕਾ ਨਿਭਾਈ ਹੈ। ਕੇਸਰੀ ਦੁਪੱਟਿਆਂ ਵਿਚ ਅੰਮ੍ਰਿਤਧਾਰੀ ਕੁੜੀਆਂ ਲੋਕ ਸੁਰਾਂ ਵਿਚ ਕਿਸਾਨ ਅੰਦੋਲਨ ਦਾ ਸੁਨੇਹਾ ਦੂਰ ਦੂਰ ਤੱਕ ਪਹੁੰਚਾ ਰਹੀਆਂ ਸਨ। ਮਹਾਂਨਗਰਾਂ ਦੀਆਂ ਕਲਾਕਾਰ ਕੁੜੀਆਂ ਦਾ ਯੋਗਦਾਨ ਜਜ਼ਬਿਆਂ ਨੂੰ ਜ਼ਬਾਨ ਦੇ ਰਿਹਾ ਸੀ। ਵੱਖ ਵੱਖ ਵਰਗਾਂ ਦੀਆਂ ਕੁੜੀਆਂ ਕਿਸਾਨ ਪੁੱਤਰੀਆਂ ਵਜੋਂ ਕਾਲੇ ਕਾਨੂੰਨਾਂ ਨੂੰ ਖੋਲ੍ਹ ਕੇ ਬਿਆਨ ਕਰ ਰਹੀਆਂ ਸਨ। ਕਵੀ ਕੁੜੀਆਂ ਵੀ ਪਿੱਛੇ ਨਹੀਂ ਰਹੀਆਂ ਅਤੇ ਕਿਸਾਨੀ ਦੁਖੜਿਆਂ ਨੂੰ ਜ਼ਬਾਨ ਦੇ ਰਹੀਆਂ ਹਨ। ਜਿਹੋ ਜਿਹੀ ਸਿੱਖ ਸੁਰ ਕਿਸਾਨੀ ਅੰਦੋਲਨ ਵਿਚ ਨੁਮਾਇਆਂ ਹੈ, ਉਸ ਨਾਲ ਪੰਜਾਬੀਆਂ ਨੂੰ ਕੁੜੀ ਮਾਰ ਦੇ ਮਿਹਣੇ ਅਤੇ ਘਰੋਗੀ ਹਿੰਸਾ ਦੇ ਕਲੰਕ ਤੋਂ ਇਸ ਕਿਸਾਨ ਅੰਦੋਲਨ ਨੇ ਬਚਾਇਆ ਹੈ। ਖੁਦਕਸ਼ੀਆਂ ਦੀਆਂ ਸ਼ਿਕਾਰ ਵਿਧਵਾਵਾਂ ਦੀ ਸ਼ਮੂਲੀਅਤ ਨੇ ਕਿਸਾਨ ਅੰਦੋਲਨ ਨੂੰ ਬਲ ਬਖਸ਼ਿਆ ਹੈ। ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਇਸ ਕਿਸਾਨ ਅੰਦੋਲਨ ਵਿਚ ਔਰਤਾਂ ਦੀ ਭੂਮਿਕਾ ਕਿਸੇ ਨਾਲੋਂ ਘਟ ਨਹੀਂ ਆਂਕੀ ਜਾ ਸਕਦੀ।
8. ਕਿਸਾਨ ਅੰਦੋਲਨ ਵਿਚ ਬੁਧੀਜੀਵੀ ਕਿਸ ਉਤਸ਼ਾਹ ਨਾਲ ਸਾਹਮਣੇ ਆ ਰਹੇ ਹਨ?
-ਬੁਧੀਜੀਵੀਆਂ ਨੂੰ ਵਰਗ ਵਜੋਂ ਮਾਨਤਾ ਨਾ ਮਿਲੀ ਹੈ ਅਤੇ ਨਾ ਹੀ ਮਿਲਣੀ ਚਾਹੀਦੀ ਹੈ, ਕਿਉਂਕਿ ਨੌਕਰੀ ਪੇਸ਼ਾ ਵਰਗਾਂ ਦੀ ਸੰਘਰਸ਼ ਵਾਸਤੇ ਭੂਮਿਕਾ ਅਕਸਰ ਹੀ ਸਲਾਹੁਣਯੋਗ ਨਹੀਂ ਰਹੀ, ਪਰ ਕਿਸਾਨ ਅੰਦੋਲਨ ਵਿਚ ਚੇਤੰਨ ਵਰਗ ਨੇ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਜਿਸ ਵੇਲੇ ਗੋਦੀ ਮੀਡੀਆ ਨੇ ਹੋਣ ਵਾਲੀਆਂ ਬਹਿਸਾਂ ਨੂੰ ਵਕਤ ਖਪਾਊ ਸਿਆਸੀ ਕਾਂਵਾਂਰੌਲੀ ਬਣਾ ਦਿੱਤਾ ਸੀ, ਉਸ ਵੇਲੇ ਅਕਾਦਮਿਕਤਾ ਨਾਲ ਜੁੜੇ ਹੋਏ ਚੇਤੰਨ ਵਰਗ ਨੇ ਉਸ ਨੂੰ ਮੁੱਦਿਆਂ ਨਾਲ ਜੋੜ ਕੇ ਪੇਸ਼ ਕਰਨਾ ਸ਼ੁਰੂ ਕੀਤਾ ਸੀ। ਅੱਜ ਵੀ ਗੋਦੀ ਮੀਡੀਆ ਵਿਚ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਇਕ ਦੂਜੇ ਦੀ ਬੇਪਤੀ ਕਰਨ ਦੀ ਖੁਲ੍ਹ ਦਿੱਤੀ ਜਾ ਰਹੀ ਹੈ, ਉਸ ਵਿਚ ਸਮਝ ਨੂੰ ਟਿਕਾਉਣ ਦੀ ਕੋਸ਼ਿਸ਼ ਗੈਰ-ਸਿਆਸੀ ਚੇਤੰਨ ਲੋਕਾਂ ਵੱਲੋਂ ਹੀ ਹੋ ਰਹੀ ਹੈ। ਜਿਵੇਂ ਗੋਦੀ ਮੀਡੀਆਂ ਵਾਲਿਆਂ ਵੱਲੋਂ ਇਕ ਬਹੁਗਿਣਤੀ ਵਰਗ ਦੇ ਪ੍ਰਤੀਨਿਧਾਂ ਵੱਲੋਂ ਘਟਗਿਣਤੀ ਵਰਗ ਦੇ ਪ੍ਰਤੀਨਿਧੀਆਂ ਦੀ ਲਾਹ-ਪਾਹ ਕਰਵਾਈ ਜਾ ਰਹੀ ਸੀ, ਉਸ ਤਰ੍ਹਾਂ ਕਿਸਾਨੀ ਅੰਦੋਲਨ ਨਾਲ ਜੁੜੇ ਹੋਇਆਂ ਨੂੰ ਬੇ-ਸਮਝ, ਭਾੜੇ ਦੇ ਟੱਟੂ ਅਤੇ ਵਰਗਲਾਏ ਹੋਏ ਕਹਿਣ ਦੀ ਕੋਸ਼ਿਸ਼ ਭਾਜਪਾਈਏ ਕਰਦੇ ਤਾਂ ਹਨ, ਪਰ ਇਸ ਦਾ ਪ੍ਰਭਾਵ ਉਹ ਨਹੀਂ ਹੋ ਰਿਹਾ, ਜਿਹੜਾ ਮੁਸਲਮਾਨਾਂ ਦੇ ਖਿਲਾਫ ਹੋ ਰਿਹਾ ਸੀ। ਇਹ ਸਥਿਤੀ ਪੈਦਾ ਕਰਨ ਦੀ ਜਿੰ਼ਮੇਵਾਰੀ ਬੁਧੀਜੀਵੀਆਂ ਨੇ ਹੀ ਨਿਭਾਈ ਹੈ, ਪਰ ਕਿਸਾਨੀ ਮੁੱਦਿਆਂ ਨੂੰ ਫਾਰਮੂਲੇਟ ਕਰਨ ਵੱਲ ਅਜੇ ਤੁਰਨਾ ਹੈ। ਮਿਸਾਲ ਵਜੋਂ ਵਰਤਮਾਨ ਅੰਦੋਲਨ ਨਾਲ ਦੋ ਬਰਾਬਰ ਨੈਰੇਟਿਵ ਖੜ੍ਹੇ ਹੋ ਗਏ ਹਨ। ਪਹਿਲਾ ਕਿਸਾਨੀ ਨੈਰੇਟਿਵ ਅਤੇ ਦੂਜਾ ਸਰਕਾਰੀ ਨੈਰੇਟਿਵ। ਸਰਕਾਰੀ ਨੈਰੇਟਿਵ ਵਿਚ ਤਿੰਨ ਉਤਮਤਾਵਾਂ ਸ਼ਾਮਲ ਹਨ: ਪਹਿਲੀ, ਸਰਕਾਰੀ ਉਤਮਤਾ; ਦੂਜੀ, ਕਾਰਪੋਰੇਟ ਉਤਮਤਾ ਅਤੇ ਤੀਜੀ ਆਰ. ਐਸ. ਐਸ. ਉਤਮਤਾ। ਮੁਕਾਬਲੇ ਵਿਚ ਕਿਸਾਨੀ ਨੈਰੇਟਿਵ ਵਿਚ ਉਤਮਤਾ ਦੀ ਥਾਂ ਤਿੰਨ ਮਾਨਸਿਕਤਾਵਾਂ ਸ਼ਾਮਲ ਹਨ। ਪਹਿਲੀ, ਭੋਲਾਪਨ (ਇਨੋਸੈਂਸ), ਦੂਜੀ ਈਮਾਨਦਾਰੀ (ਆਨੈਸਟੀ) ਅਤੇ ਤੀਜੀ ਨੇਕ ਨੀਤੀ (ਇੰਟੈਗਰਿਟੀ)। ਜਿਵੇਂ ਸਰਕਾਰੀ ਨੈਰੇਟਿਵ ਵਿਚ ਉਤਮਤਾ, ਬੌਧਿਕਤਾ, ਅਕਾਦਮਿਕਤਾ ਅਤੇ ਵਿਸ਼ੇਸ਼ੱਗਤਾ ਸ਼ਾਮਲ ਰਹਿੰਦੀ ਹੈ, ਉਸੇ ਤਰ੍ਹਾਂ ਦਾ ਕਿਸਾਨ ਨੈਰੇਟਿਵ ਵਿਚ ਕੁਝ ਵੀ ਨਹੀਂ ਹੈ। ਇਸ ਹਾਲਤ ਵਿਚ ਵੀ ਕਿਸਾਨਾਂ ਨੇ ਜੇ ਆਪਣਾ ਏਜੰਡਾ ਦਿੱਤਾ ਹੈ ਤਾਂ ਇਸ ਵਿਚ ਬੁੱਧੀਜੀਵੀਆਂ ਦੀ ਭੂਮਿਕਾ ਸ਼ਾਮਲ ਹੈ, ਕਿਉਂਕਿ ਇਸ ਵਿਚ ਲਿਖਤਾਂ ਅਤੇ ਭਾਸ਼ਣਾਂ ਰਾਹੀਂ ਪਿਆ ਯੋਗਦਾਨ ਸ਼ਾਮਲ ਹੈ। ਬੁੱਧੀਜੀਵੀਆਂ ਕਰਕੇ ਹੀ ਸਰਕਾਰੀ ਨੈਰੇਟਿਵ ਵੱਲੋਂ ਪੈਦਾ ਕੀਤੀ ਜਾ ਰਹੀ ਤਲਿਸਮੀ ਗਿਣਤੀ-ਮਿਣਤੀ ਵਿਚ ਉਲਝਣ ਤੋਂ ਕਿਸਾਨੀ ਲੀਡਰਸ਼ਿਪ ਬਚੀ ਹੋਈ ਹੈ। ਸਰਕਾਰ ਕੋਲ ਜੇ ਕਾਨੂੰਨ ਦਾ ਕੁਤਕਾ ਹੈ ਤਾਂ ਕਿਸਾਨਾਂ ਕੋਲ ਨੈਤਿਕਤਾ ਦਾ ਖੂੰਡਾ ਹੈ। ਕਿਸਾਨ ਹਿਤੈਸ਼ੀ ਬੁੱਧੀਜੀਵੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਸਰਕਾਰ ਬੰਧੂਆ ਮਾਨਸਿਕਤਾ ਨੂੰ ਅੱਗੇ ਲਾ ਕੇ ਸਿਆਸੀ ਲੜਾਈ ਲੜਨ ਦੀ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਨੂੰ ਚੇਤਾ ਕਰਵਾਏ ਜਾਣ ਦੀ ਲੋੜ ਹੈ ਕਿ ਭਾੜੇ ਦੇ ਟੱਟੂ ਸਿਰਲੱਥ ਸੂਰਮਿਆਂ ਦਾ ਮੁਕਾਬਲਾ ਨਹੀਂ ਕਰ ਸਕਦੇ। ਖਿਲਰੇ-ਪੁਲਰੇ ਤਰੀਕੇ ਨਾਲ ਕਿਸਾਨ ਅੰਦੋਲਨ ਦੀ ਸੇਵਾ ਬੇਸ਼ੱਕ ਨਿਭ ਰਹੀ ਹੈ, ਪਰ ਇਸ ਨੂੰ ਜੇਤੂ-ਮਾਡਲ ਵਿਚ ਢਾਲ ਕੇ ਸਾਹਮਣੇ ਲਿਆਂਦੇ ਜਾਣ ਦੀ ਲੋੜ ਬਾਕੀ ਹੈ।
9. ਕਿਸਾਨ ਜਥੇਬੰਦੀਆਂ ਰਾਹੀਂ ਸਰਕਾਰੀ ਚੁੱਪ ਨੂੰ ਕਿਵੇਂ ਤੋੜਿਆ ਜਾ ਸਕਦਾ ਹੈ?
-ਸਰਕਾਰੀ ਚੁੱਪ ਨੂੰ ਮੀਸਣੀ ਸਿਆਸਤ ਕਹਿਣਾ ਚਾਹੀਦਾ ਹੈ ਅਤੇ ਇਸ ਨੂੰ ਤੋੜੇ ਜਾਣ ਦੀ ਨਹੀਂ, ਹਰਾਏ ਜਾਣ ਦੀ ਲੋੜ ਹੈ। ਇਹ ਅੰਦੋਲਨ ਇਸ ਪਾਸੇ ਵਧ ਰਿਹਾ ਹੈ। ਭਾਜਪਾਈਆਂ ਦੀਆਂ ਜਿੱਤਾਂ ਤਾਂ ਸ਼ੋਰੀਲੀ ਸਿਆਸਤ ਦਾ ਸਿੱਟਾ ਹਨ। ਸ਼ੋਰੀਲੀ ਸਿਆਸਤ ਵਿਚ ਝੂਠ, ਸੱਚ ਵਾਂਗ ਬੋਲਿਆ ਜਾਂਦਾ ਹੈ ਅਤੇ ਮੋਦੀ ਇਸ ਵਿਚ ਮਜੌਰ ਹੋ ਗਏ ਹਨ। ਇਸ `ਤੇ ਅੰਧ ਭਗਤਾਂ ਨੇ ਕਾਲੇ ਕਾਰਨਾਮਿਆਂ `ਤੇ ਪਰਦਾ ਪਾਇਆ ਹੋਇਆ ਸੀ। ਕਿਸਾਨ ਅੰਦੋਲਨ ਵਿਰੁਧ ਇਹ ਸਭ ਕੁਝ ਵਰਤਿਆ ਵੀ ਗਿਆ ਹੈ, ਪਰ ਉਸ ਦੇ ਸਿੱਟੇ ਓਹੋ ਜਿਹੇ ਨਹੀਂ ਨਿਕਲੇ, ਜਿਹੋ ਜਿਹੇ ਸਿੱਟਿਆਂ ਦੇ ਭਾਜਪਾਈਏ ਆਦੀ ਹੋ ਗਏ ਸਨ। ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦਾ ਨਤੀਜਾ ਹਿੰਦੂ ਭਾਰਤ ਵਿਚ ਨਿਕਲਿਆ ਹੈ। ਢਕੀ ਇਸ ਕਰਕੇ ਰਿਝੀ ਜਾ ਰਹੀ ਸੀ, ਕਿਉਂਕਿ ਅੰਧ ਭੀੜ ਵਿਚ ਮੁੱਦੇ ਗੁਆਚਦੇ ਵੀ ਰਹੇ ਸਨ ਅਤੇ ਮਿਧੇ ਵੀ ਜਾਂਦੇ ਰਹੇ ਸਨ। ਵਿਰੋਧੀ ਧਿਰ ਦੇ ਮੋਢੇ `ਤੇ ਰੱਖ ਕੇ ਜਿਵੇਂ ਰਾਜਨੀਤਕ ਨਿਸ਼ਾਨੇ ਫੁੰਡੇ ਜਾ ਰਹੇ ਸਨ, ਉਨ੍ਹਾਂ ਨੂੰ ਕਿਸਾਨ ਅੰਦੋਲਨ ਨੇ ਭੋਲੇ ਭਾ ਠੱਲ੍ਹ ਪਾ ਦਿੱਤੀ ਹੈ। ਨੋਟਬੰਦੀ ਖਿਲਾਫ ਉਠੀਆਂ ਅਵਾਜ਼ਾਂ ਨੂੰ ਇਹ ਕਹਿ ਕੇ ਚੁਪ ਕਰਾ ਦਿੱਤਾ ਗਿਆ ਸੀ ਕਿ ਜਿਨ੍ਹਾਂ ਦਾ ਭਲਾ ਹੋ ਰਿਹਾ ਹੈ, ਉਨ੍ਹਾਂ ਨੂੰ ਸਮਝ ਨਹੀਂ ਆ ਰਹੀ। ਇਹੀ ਸ਼ਿਕੰਜਾ ਕਿਸਾਨ ਅੰਦੋਲਨ `ਤੇ ਕੱਸਣ ਦੀ ਸਿਆਸਤ ਫੇਲ੍ਹ ਹੋ ਗਈ ਹੈ। ਸਰਕਾਰ ਦੀ ਉਂਘਲਈ ਚੁੱਪ ਨੂੰ ਕਿਸਾਨ ਅੰਦੋਲਨ ਨੇ ਸਿਆਸੀ ਚੀਕ ਵਾਂਗ ਪ੍ਰਗਟ ਕਰ ਦਿੱਤਾ ਹੈ। ਇਸ ਨਾਲ ਜਿਹੜਾ ਮੁਹੱਬਤੀ ਰਾਜਨੀਤੀ ਦਾ ਮਾਡਲ ਨਿਕਲ ਆਇਆ ਹੈ, ਉਸ ਨੂੰ ਵਰਤ ਕੇ ਭਾਰਤ ਨੂੰ ਭਾਰਤ ਬਣਾਉਣ ਦੇ ਸੁਪਨੇ ਹਰ ਰੰਗ ਦੇ ਸਿਆਸਤਦਾਨਾਂ ਅੰਦਰ ਮਚਲਨੇ ਸ਼ੁਰੂ ਹੋ ਗਏ ਹਨ। ਹਰ ਰੰਗ ਦੇ ਸਿਆਸਤਦਾਨ ਨੂੰ ਸਮਝ ਆਉਣ ਲੱਗ ਪਿਆ ਹੈ ਕਿ ‘ਰੱਬ ਜਦੋਂ ਮਾਰਦਾ ਹੈ, ਮੱਤ ਮਾਰਦਾ ਹੈ।’ ‘ਵਿਨਾਸ਼ ਕਾਲੇ ਵਿਪਰੀਤ ਬੁਧੀ’ ਦਾ ਵਿਰਾਸਤੀ ਸੱਚ ਵਰਤਮਾਨ ਸਰਕਾਰ ਰਾਹੀਂ ਸਾਹਮਣੇ ਆਉਣ ਲੱਗ ਪਿਆ ਹੈ। ਰੱਬ ਦੀ ਮਾਰ ਇਹੀ ਹੁੰਦੀ ਹੈ ਕਿ ਸਾਖ ਮਰ ਜਾਂਦੀ ਹੈ (ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ॥ 417) ਕਿਸਾਨ ਤਾਂ ਬਹਾਨਾ ਹਨ ਸਿਆਸੀ ਵਧੀਕੀਆਂ ਵਿਰੁਧ ਅਵਾਜ਼ ਬੁਲੰਦ ਕਰਨ ਲਈ। ਇਸ ਸੁਤੇ ਪ੍ਰਕਾਸ਼ ਰਾਹੀਂ ਕਿਸਾਨੀ ਪੰਜਾਬ ਦੇ ਤਿੰਨ ਰੰਗ ਸਿਆਸੀ ਚੁਪ ਵਿਚ ਗੱਡੇ ਗਏ ਹਨ- ਇਕ ਜੂਝਦਾ ਪੰਜਾਬ, ਦੂਜਾ ਗਲੋਬਲ ਪੰਜਾਬ ਅਤੇ ਤੀਜਾ ਲੋਕਤੰਤਰੀ ਪੰਜਾਬ। ਇਹ ਤਿੰਨੇ ‘ਹੋਇ ਇਕਤਰ ਮਿਲਹੁ ਮੇਰੇ ਭਾਈ…’ ਦੀ ਭਾਵਨਾ ਵਿਚ ਜੂਝ ਰਹੇ ਹਨ। ਇਸ ਨਾਲ ਦਰਪੇਸ਼ ਮਸਲਾ ਸੂਬਾਈ ਦੀ ਥਾਂ ਪਹਿਲਾਂ ਕੌਮੀ ਅਤੇ ਫਿਰ ਕੌਮਾਂਤਰੀ ਸੁਰ ਵਿਚ ਬੁਲੰਦ ਹੋ ਗਿਆ ਹੈ। ਇਸ ਵਿਚ ਉਲਝੀ ਹੋਈ ਸਰਕਾਰ ਦੀ ਚੁੱਪ ਅਸਲ ਵਿਚ ਚੀਕ ਬੁਲਬਲੀ ਵਾਂਗ ਨਿਕਲਣੀ ਸ਼ੁਰੂ ਹੋ ਗਈ ਹੈ।
10. ਕਿਸਾਨ ਅੰਦੋਲਨ ਦੇ ਤਿੰਨੇ ਕਾਨੂੰਨਾਂ ਪਿੱਛੇ ਪੂੰਜੀਪਤੀਆਂ ਦੀ ਮਨਸ਼ਾ ਕੀ ਹੈ?
-ਇਸ ਬਾਰੇ ਚਰਚਾ ਸਰਕਾਰੀ ਤੰਤਰ ਬਨਾਮ ਲੋਕਤੰਤਰ ਵਾਂਗ ਛਿੜ ਗਈ ਹੈ ਅਤੇ ਮਸਲਾ ਸਵਾਮੀ ਨਾਥਨ ਤੋਂ ਸਾਈ ਨਾਥ ਤੱਕ ਪਹੁੰਚ ਗਿਆ ਹੈ। ਪੂੰਜੀਪਤੀ ਤਾਂ ਹਰ ਸਰਕਾਰ ਤੋਂ ਆਪਣੇ ਨਿਵੇਸ਼ਨ ਨਾਲ ਵਪਾਰ ਕਰਦੇ ਹੀ ਆ ਰਹੇ ਸਨ। ਇਨ੍ਹਾਂ ਤਿੰਨਾਂ ਕਾਨੂੰਨਾਂ ਰਾਹੀਂ ਪੂੰਜੀਪਤੀਆਂ ਨੂੰ ਸੂਬਾਈ ਦਖਲ ਤੋਂ ਮੁਕਤ ਕਰਕੇ ਕੇਂਦਰੀ ਸੁਰੱਖਿਆ ਦੇ ਦਿੱਤੀ ਗਈ ਹੈ। ਪੂੰਜੀਪਤੀਆਂ ਦੀ ਨਿਗਾਹ ਮੰਡੀ `ਤੇ ਹੈ ਅਤੇ ਭਵਿੱਖ ਵਿਚ ਅਨਾਜ ਮੰਡੀਆਂ `ਤੇ ਕਬਜੇ ਵਾਸਤੇ ਮੌਜੂਦਾ ਪ੍ਰਧਾਨ ਮੰਤਰੀ ਨੇ ਅਨਾਜ ਮੰਡੀਆਂ `ਤੇ ਕਾਰਪੋਰੇਟੀਆਂ ਦੀ ਈਜਾਰੇਦਾਰੀ ਵਾਸਤੇ ਇਹ ਤਿੰਨੇ ਕਾਨੂੰਨ ਲਿਆਂਦੇ ਹਨ। ਖੇਤੀ ਕਿਉਂਕਿ ਸੂਬਾਈ ਮਾਮਲਾ ਹੈ, ਇਸ ਨੂੰ ਕੇਂਦਰੀ ਅਧਿਕਾਰ ਹੇਠ ਲੈ ਕੇ ਭਾਜਪਾ ਇਕ ਪਾਸੇ ਦੇਸ਼ ਦਾ ਫੈਡਰਲ ਢਾਂਚਾ ਖਤਮ ਕਰਨਾ ਚਾਹੁੰਦੀ ਹੈ ਅਤੇ ਦੂਜੇ ਪਾਸੇ ਕਿਸਾਨੀ ਨਾਬਰੀ ਤੇ ਕਿਸਾਨੀ ਖੁਸ਼ਹਾਲੀ ਨੂੰ ਆਪਣੇ ਸਿਆਸੀ ਠੁੰਮ੍ਹਣਿਆਂ ਵਾਂਗ ਵਰਤਣਾ ਚਾਹੁੰਦੀ ਹੈ। ਇਸ ਨਾਲ ਲੋਕ ਨੈਤਿਕਤਾ ਨਾਲੋਂ ਵਿਧਾਨਿਕਤਾ ਨੂੰ ਪਹਿਲ ਮਿਲ ਜਾਵੇਗੀ ਅਤੇ ਕਿਸਾਨੀ ਦੀ ਖਮੀਰੀ ਤਾਕਤ ਦੇ ਸੋਮੇ ਨਾਬਰੀ, ਬਹਾਦਰੀ ਅਤੇ ਖੁਸ਼ਹਾਲੀ `ਤੇ ਮਾਇਆਧਾਰੀਆਂ ਦੀ ਈਜਾਰੇਦਾਰੀ ਹੋ ਜਾਏਗੀ। ਮੰਡੀ ਤਾਂ ਬਹਾਨਾ ਹੈ, ਨਿਸ਼ਾਨਾ ਤਾਂ ਕਿਸਾਨ ਦੀ ਜ਼ਮੀਨ ਹੈ। ਕਿਸਾਨ ਵਾਸਤੇ ਜ਼ਮੀਨ, ਮਾਂ ਵਾਂਗ ਹੈ। ਇਨ੍ਹਾਂ ਕਾਨੂੰਨਾਂ ਨਾਲ ਜ਼ਮੀਨ ਵੇਸਵਾ ਵਾਂਗ ਹੋ ਜਾਏਗੀ। ਪੂੰਜੀਪਤੀਆਂ ਦੀ ਇਹ ਮਨਸ਼ਾ ਪੂਰੀ ਕਰਨ ਲਈ ਬਣਾਏ ਗਏ ਇਨ੍ਹਾਂ ਕਾਨੂੰਨਾਂ ਵਿਰੁਧ ਕਿਸਾਨੀ ਅੰਦੋਲਨ ਨੇ ਜੋ ਵਿੱਢਣ ਵਿੱਢ ਲਿਆ ਹੈ, ਉਸ ਨੂੰ ਗੀਤਾਂ ਰਾਹੀਂ ਸੋਸ਼ਲ ਮੀਡੀਆ ਨੇ ਸੰਭਾਲਿਆ ਹੋਇਆ ਹੈ। ਕੌਣ ਕਿਸ ਨੂੰ ਦੱਸੇ ਕਿ ਲਿਆਂਦੇ ਗਏ ਕਾਨੂੰਨਾਂ ਨੇ ਭਾਰਤ ਨੂੰ ਭਾਰਤ ਨਹੀਂ ਰਹਿਣ ਦੇਣਾ। ਲੜਾਈ ਪੂੰਜੀਪਤੀਆਂ ਦੀ ਦਲਾਲ ਹੋ ਗਈ ਸਰਕਾਰ ਵਿਰੁਧ ਹੈ। ਇਸ ਨਾਲ ਲੋਕ ਯੁੱਧ ਵਾਂਗ ਲੜ ਰਹੇ ਕਿਸਾਨੀ ਅੰਦੋਲਨ ਨਾਲ ਨਹੀਂ ਜੁੜਾਂਗੇ ਤਾਂ ਖਮਿਆਜ਼ਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ?