ਪੰਜਾਬ, ਹਰਿਆਣਾ ਅਤੇ ਹੋਰਨਾਂ ਸਟੇਟਾਂ ਦੇ ਕਿਰਸੀ ਜਿਊੜਿਆਂ ਨੇ ਜਿਸ ਤਰ੍ਹਾਂ ਦਿੱਲੀ ਦੇ ਸਿੰਘੂ, ਟੀਕਰੀ ਅਤੇ ਗਾਜ਼ੀਪੁਰ ਬਾਰਡਰ `ਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਵਿੱਢਿਆ ਹੋਇਆ ਹੈ, ਉਸ ਨੇ ਸਪਸ਼ੱਟ ਸੰਕੇਤ ਦੇ ਦਿੱਤਾ ਹੈ ਕਿ ਲੋਕ ਹੁਣ ਕਾਰਪੋਰੇਟ ਘਰਾਣਿਆਂ ਦੀ ਸਰਪ੍ਰਸਤ ਸਰਕਾਰ ਨੂੰ ਨਕੇਲ ਪਾ ਕੇ ਹੀ ਦਮ ਲੈਣਗੇ। ਇਸ ਸੰਘਰਸ਼ ਦਾ ਇਕ ਬਦਲਵਾਂ ਪੱਖ ਇਹ ਵੀ ਹੈ ਕਿ ਪੰਜਾਬ ਵਿਚ ਪਹਿਲਾਂ ਕਿਸਾਨਾਂ ਦੀਆਂ ਟਰਾਲੀਆਂ `ਤੇ ‘ਨਿੱਤ ਮੰਗਵੀਂ ਨਾ ਮਿਲਣੀ, ਆਪਣੀ ਬਣਾ ਲੈ ਹਾਣੀਆ’ ਜਿਹੀਆਂ ਤੁਕਾਂ ਹੁੰਦੀਆਂ ਸਨ,
ਪਰ ਹੁਣ ਦੋ ਹਰਫੀ ਇਨਕਲਾਬੀ ਤੁਕਾਂ, ਮੁਹਾਵਰੇ ਜਾਂ ਤਿੱਖੇ ਮਿਹਣੇ ਬਿਆਨਦੀਆਂ ਸਤਰਾਂ ਨੇ ਨਵਾਂ ਕਿਸਾਨ ਲੋਕ-ਕਾਵਿ ਰਚ ਦਿੱਤਾ ਹੈ। ਇਸੇ ਦਾ ਜਿ਼ਕਰ ਡਾ. ਆਸਾ ਸਿੰਘ ਘੁੰਮਣ ਨੇ ਆਪਣੇ ਇਸ ਲੇਖ ਵਿਚ ਕੀਤਾ ਹੈ। -ਸੰਪਾਦਕ
ਡਾ. ਆਸਾ ਸਿੰਘ ਘੁੰਮਣ
ਨਡਾਲਾ (ਕਪੂਰਥਲਾ)
ਫੋਨ: 91-97798-53245
ਨਅਦਅਲਅਗਹੁਮਅਨ@ਗਮਅਲਿ।ਚੋਮ
ਅੰਗਰੇਜ਼ੀ ਦੇ ਇਕ ਲੇਖਕ ਦਾ ਇਹ ਕਹਿਣਾ ਠੀਕ ਲੱਗਦਾ ਹੈ ਕਿ ਮਾਨਸਿਕ ਤਣਾਅ ਵਿਚੋਂ ਹੀ ਸਾਹਿਤ ਸਿਰਜਣਾ ਹੁੰਦੀ ਹੈ। ਮਾਨਸਿਕ ਸੰਕਟਾਂ ਵਿਚੋਂ ਹੀ ਜਜ਼ਬਾਤ ਫੁੱਟ ਵਹਿੰਦੇ ਹਨ, ਭਾਵਨਾਵਾਂ ਪੁੰਗਰਦੀਆਂ ਹਨ ਅਤੇ ਇਨਕਲਾਬੀ ਵਹਿਣ ਵਹਿ ਤੁਰਦੇ ਹਨ। ਹਰ ਲੋਕ-ਸੰਘਰਸ਼ ਪਾਏਦਾਰ ਸਾਹਿਤ ਨੂੰ ਵੀ ਜਨਮ ਦਿੰਦਾ ਹੈ ਅਤੇ ਥੋੜ੍ਹ-ਚਿਰੇ ਨੂੰ ਵੀ। ਸਾਹਿਤ ਦੀ ਇੱਕ ਉਹ ਵੰਨਗੀ ਹੁੰਦੀ ਹੈ, ਜੋ ਸਥਾਪਤ ਸਾਹਿਤਕਾਰ ਲਿਖਦੇ ਹਨ ਅਤੇ ਦੂਸਰਾ ਜੋ ਲੋਕ-ਮਨਾਂ ਵਿਚੋਂ ਉਪਜਦਾ ਹੈ। ਮੌਜੂਦਾ ਕਿਸਾਨ ਸੰਘਰਸ਼ ਵਿਚ ਵੀ ਅਜਿਹਾ ਵਰਤਾਰਾ ਪ੍ਰਤੱਖ ਹੈ। ਹਰ ਅਜਿਹੇ ਸੰਘਰਸ਼ ਵਿਚ ਪਹਿਲਾਂ ਅਜਿਹੇ ਯੁੱਧਾਂ ਵਿਚ ਰਚੇ ਸਾਹਿਤ ਦੀਆਂ ਗੂੰਜਾਂ ਵੀ ਪੈਂਦੀਆਂ ਹਨ ਅਤੇ ਨਵਾਂ ਸਾਹਿਤ ਵੀ ਉਪਜਦਾ ਹੈ।
ਸਿੰਘੂ ਬਾਰਡਰ ‘ਤੇ ਧਰਨਾ ਜਮਾਈ ਬੈਠੇ ਕਿਰਤੀ-ਕਿਸਾਨ ਇਸ ਸਮੇਂ ਕਈ ਤਰੀਕਿਆਂ ਨਾਲ ਆਪਣਾ ਧਿਆਨ ਖਿੱਚੀ ਬੈਠੇ ਹਨ। ਇਹ ਕਿਸਾਨ ਮੋਰਚਾ ਮੁੱਖ ਤੌਰ `ਤੇ ਇਸ ਸਮੇਂ ਟਰਾਲੀ ਮੋਰਚੇ ਦਾ ਰੂਪ ਧਾਰੀ ਬੈਠਾ ਹੈ। ਕਿਸਾਨਾਂ ਨੇ ਸ਼ਾਇਦ ਕਦੀ ਖੁਦ ਨਹੀਂ ਸੋਚਿਆ ਹੋਣਾ ਕਿ ਖੇਤੀ ਸਾਧਨਾਂ ਲਈ ਵਰਤੀ ਜਾਣ ਵਾਲੀ ਟਰਾਲੀ ਕਿਸੇ ਸੰਘਰਸ਼ ਦਾ ਪ੍ਰਤੀਕ ਬਣ ਜਾਵੇਗੀ ਅਤੇ ਇਸ ਦੇ ਨਾਮ ‘ਤੇ ਮੈਗਜ਼ੀਨ ਅਤੇ ਰਸਾਲੇ ਨਿਕਲਣਗੇ (ਟਰਾਲੀ ਟਾਈਮਜ਼)।
ਵਾਹ ਨੀ ਟਰਾਲੀਏ ਕਮਾਲ ਕੀਤਾ ਈ
ਏਕਤਾ ਦਾ ਐਸਾ ਪਰਮਾਣ ਦਿੱਤਾ ਈ।
ਪੰਜਾਬੀਆਂ ਨੇ ਮੁੱਦਤਾਂ ਤੋਂ ਆਪਣੇ ਭੋਇੰ-ਵਾਹਕ ਬਲਦਾਂ ਨੂੰ ਆਪਣੇ ਪੁੱਤਰਾਂ ਵਾਂਗੂੰ ਪਿਆਰ ਦਿੱਤਾ ਹੈ, ਉਨ੍ਹਾਂ ਨੂੰ ਬੱਚਿਆਂ ਵਾਂਗ ਪਿਆਰਨਾ, ਪੁਚਕਾਰਨਾ, ਸ਼ਿੰਗਾਰਨਾ, ਦੁਲਾਰਨਾ ਜੱਟਾਂ ਦਾ ਪੁਸ਼ਤੀ-ਵਿਹਾਰ ਰਿਹੈ। ਬਲਦਾਂ ਨਾਲ ਕੀਤਾ ਜਾਂਦਾ ਇਹ ਜਜ਼ਬਾਤੀ ਪਿਆਰ ਹੁਣ ਵਕਤ ਅਨੁਸਾਰ ਟਰੈਕਟਰ-ਟਰਾਲੀ ਵੱਲ ਖਿਸਕ ਗਿਐ। ਟਰੈਕਟਰ ਵਾਹੀਕਾਰ ਦੀ ਫੈਮਿਲੀ-ਕਾਰ ਵੀ ਹੈ, ਉਸ ਦੀ ਆਨ, ਮਾਨ ਤੇ ਸ਼ਾਨ ਵੀ ਹੈ। ਉਸ ਦੀ ਧੌਂਸ ਦਾ ਪ੍ਰਤੀਕ ਵੀ ਹੈ ਅਤੇ ਗੁਆਂਢੀਆਂ ਦਾ ਸ਼ਰੀਕ ਵੀ ਹੈ। ਧਰਤੀ ਨੂੰ ਧੁੜਕਾਉਂਦਾ, ਸਿਆੜਾਂ ਨੂੰ ਬੁੜਕਾਉਂਦਾ ਤੇ ਘੁੱਗੀਆਂ-ਘੁਮਾਉਂਦਾ, ਟਰੈਕਟਰ ਕਿਸਾਨ ਦਾ ਵਿਕੋਲਿਤਰਾ ਸਰਮਾਇਆ ਹੈ। ਪ੍ਰਤਾਪ ਸਿੰਘ ਕੈਰੋਂ ਦੇ ਕਹਿਣ ਵਾਂਗ ਜੱਟ ਤਾਂ ਸੁਹਾਗੇ `ਤੇ ਚੜ੍ਹਿਆ ਨਹੀਂ ਮਾਣ; ਤੇ ਫਿਰ ਜਦੋਂ ਉਹ ਟਰੈਕਟਰ `ਤੇ ਚੜ੍ਹਿਆ ਹੋਵੇ ਤਾਂ ਧਰਤੀ ਹੀ ਨਹੀਂ, ਹਰਿਆਣੇ ਦੇ ਬੈਰੀਕੇਡ ਉਸ ਅੱਗੇ ਨਿਉਂ-ਨਿਉਂ ਪੈਣ ਤਾਂ ਸਿੰਘੂ ਬਾਰਡਰ `ਤੇ ਪਹੁੰਚ, ਦਿੱਲੀ ਦੀ ਹਿੱਕ ਤੇ ਮਾਰ ਕੇ ਹਵਾਈ ਬਰੇਕਾਂ ਕੋਈ ਨੌਜੁਆਨ ਫਿਰ 36 ਇੰਚੀ ਸੀਨੇ ਤੇ ਹਥੌੜੇ ਵਰਗਾ ਹੱਥ ਠੋਕ ਕੇ ਇਹੀ ਕਹੇਗਾ ਨਾ?
ਆ ਖੜਾ ਈ ਮੈਸੀ
ਮੋਦੀ ਦੀ ਐਸੀ ਕੀ ਤੈਸੀ।
ਕਹਿਣਾ ਤਾਂ ਕੁਝ ਸ਼ਾਇਦ ਹੋਰ ਚਾਹੁੰਦਾ ਸੀ, ਪਰ ਨਾਲ ਹੀ ਧਿਆਨ ਸਾਹਮਣੀ ਟਰਾਲੀ `ਤੇ ਪੈ ਜਾਂਦੈ, ਜਿਥੇ ਤਿੰਨਾਂ ਬੈਨਰਾਂ ਵਿਚੋਂ ਇੱਕ `ਤੇ ਲਿਖਿਐ,
ਠੇਕੇ ਖੁੱਲੇ੍ਹ ਸਕੂਲ ਬੰਦ
ਮੋਦੀ ਤੇਰੀ….।
ਨਾ ਬਾਬਾ ਨਾ ਗਾਲ੍ਹ ਨੀਂ ਕੱਢਣੀਂ।
ਤਾਂ ਉਹ ਕਈ ਕੁਝ ਜ਼ੀਰ ਜਾਂਦੈ ਅਤੇ ਜਜ਼ਬਾਤਾਂ ਦੇ ਹੜ੍ਹ ਨੂੰ ਰੋਕ ਲੈਂਦੈ।
ਟਰਾਲੀਆਂ `ਤੇ ਟੰਗਿਆ, ਚਿਪਕਾਇਆ, ਸਜਾਇਆ ਪੰਜਾਬੀ ਕਾਵਿ-ਪ੍ਰਵਾਹ ਲੋਕ-ਮਨਾਂ ਦੀ ਚੜ੍ਹਦੀ ਕਲਾ ਦੀ ਅਵੱਸਥਾ ਉਲੀਕਦਾ ਹੈ। ਕਿਤੇ ਪਾਸ਼ ਦੀਆਂ ਸਤਰਾਂ ਭਖਦੀਆਂ ਮਹਿਸੂਸ ਹੁੰਦੀਆਂ ਹਨ ਅਤੇ ਕਿਤੇ ਸੰਤ ਰਾਮ ਉਦਾਸੀ ਦੀਆਂ ਸਤਰਾਂ ਫੁੰਕਾਰੇ ਮਾਰਦੀਆਂ ਹਨ। ਕਈ ਥਾਈਂ ਮੌਜੂਦਾ ਸਾਹਿਤਕਾਰ ਸੁਰਜੀਤ ਪਾਤਰ ਅਤੇ ਸੁਖਵਿੰਦਰ ਅੰਮ੍ਰਿਤ ਦੇ ਸਹਿਜ ਭਾ ਉਚਾਰੇ ਜਾਂਦੇ ਬਹੁ-ਅਰਥੀ ਕਲਾਮ ਉਭਰਦੇ ਹਨ ਤੇ ਕਿਤੇ ਬਾਬੇ ਨਜ਼ਮੀ ਦੀਆਂ ਸਤਰਾਂ ਹੁੰਗਾਰੇ ਮੰਗਦੀਆਂ ਹਨ। ਧਾਰਮਿਕ ਸੰਸਥਾਵਾਂ ਦੇ ਟਰੱਕ-ਟਰਾਲਿਆਂ ‘ਤੇ ਬੀਰ-ਰਸੀ ਤੁਕਾਂ ਜੈਕਾਰੇ ਛੱਡਦੀਆਂ ਪ੍ਰਤੀਤ ਹੁੰਦੀਆਂ ਹਨ। ਵੱਡੇ ਸ਼ਾਇਰਾਂ ਦੀਆਂ ਲਿਖੀਆਂ ਇਨਕਲਾਬੀ ਕਵਿਤਾਵਾਂ ਵਿਚੋਂ ਕਈ ਤੁਕਾਂ ਸਦਾ ਸਦਾ ਲਈ ਮੁਹਾਵਰੇ ਵਾਂਗ ਬਹੁਤ ਲੰਬੀ ਦਾਸਤਾਂ ਦੋ ਹਰਫਾਂ ਵਿਚ ਹੀ ਮੁਕਾ ਦਿੰਦੀਆਂ ਹਨ। ਜਿਵੇਂ ਸੋਹਣ ਸਿੰਘ ਸੀਤਲ ਦੀ ਇਹ ਤੁਕ,
ਸ਼ੇਰ ਨਾਂ ਜਿਉਂਦੇ ਸੀਤਲਾ
ਨੱਕ ਨੱਥ ਪਵਾ ਕੇ।
ਭਾਵੇਂ ਕਿ ਸਿੰਘੂ ਮੋਰਚੇ ਵਿਚ ਕਿਸਾਨ ਕਿਸੇ ਵੀ ਧਰਮ ਦਾ ਹੋ ਸਕਦਾ ਹੈ, ਪਰ ਇਹ ਮੋਰਚਾ ਮੁੱਖ ਤੌਰ `ਤੇ ਪੰਜਾਬੀ ਕਿਸਾਨਾਂ ਦਾ ਹੈ। ਇਸ ਲਈ ਇਤਿਹਾਸਕ ਵੀਰਤਾ ਦਾ ਉਭਾਰ ਬੜਾ ਸੁਭਾਵਿਕ ਹੈ। ਮੋਰਚਾ ਭਾਵੇਂ ਹੈ ਤਾਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਪਰ ਕਿਤੇ ਕਿਤੇ ਪੰਜਾਬ ਦੀਆਂ ਟਰਾਲੀਆਂ ਦੇਸ਼ ਦੀਆਂ ਕੇਂਦਰੀ ਫਿਰਕੂ ਤਾਕਤਾਂ ਦੇ ਖਿਲਾਫ ਖੁਦ-ਮੁਖਤਿਆਰੀ ਦੀ ਬੋਲੀ ਵੀ ਉਚੀ ਸੁਰ ਵਿਚ ਬੋਲਦੀਆਂ ਹਨ,
ਵੱਖਰੀਆਂ ਗੱਲਾਂ ਹੋਣੀਆਂ
ਖਾਲਸਾ ਰਾਜ ਦੀਆਂ,
ਮੋਦੀ ਸਾਡੇ ਪੱਠੇ ਪਾਊ
ਕੰਗਨਾ ਹੁਰੀਂ ਭਾਂਡੇ ਮਾਂਜਦੀਆਂ।
ਕੰਗਨਾ ਦਾ ਕਿਸਾਨੀ ਮੋਰਚੇ ਵਿਚ ਆਈਆਂ ਸਿੱਖ ਮਾਤਾਵਾਂ ਬਾਰੇ ਨਾਮਾਕੂਲ ਕੁਮੈਂਟ ਸਿੱਖ ਨੌਜੁਆਨਾਂ ਨੂੰ ਡਾਢਾ ਦੁੱਖਦਾ ਰਿਹੈ, ਜੀਅ ਤਾਂ ਉਨ੍ਹਾਂ ਦਾ ਕਰਦੈ ਕਿ ਉਹ ਉਸ ਨੂੰ ਜੁਆਬ ਪੰਜਾਬੀ-ਦੇਸੀ ਭਾਸ਼ਾ ਵਿਚ ਮੋਟੇ-ਠੁੱਲੇ ਤੇ ਭਾਰੇ-ਭਰਕਮ ਸ਼ਬਦਾਂ ਵਿਚ ਦੇਣ, ਪਰ ਉਸ ਬਾਰੇ ਵੀ ਉਬਾਲੇ ਮਾਰਦੇ, ਭਖਦੇ ਅਲਫਾਜ਼ ਉਹ ਨਿਗਲ ਜਾਂਦੇ ਹਨ। ਬੇਹੱਦ ਮਕਬੂਲ ਹੋਏ ਇੱਕ ਗਾਇਕ ਦੇ ਇਹ ਬੋਲ, “ਕਿੱਥੇ ਕੰਗਨਾ ਤੇ ਕਿੱਥੇ ਕੜਾ ਬੱਲੀਏ…।”
ਇੱਕ ਲੰਮੇ ਚੌੜੇ ਇਤਿਹਾਸਕ ਪਿਛੋਕੜ ਵੱਲ ਧਿਆਨ ਲਿਜਾਂਦੇ ਹਨ। ਕੰਗਨਾ ਕਮਜ਼ੋਰੀ ਦੀ, ਸ਼ਿੰਗਾਰ-ਉਲਾਰ ਦੀ ਅਤੇ ਕੱਚ-ਕੁਆਰ ਦੀ ਨਿਸ਼ਾਨੀ ਹੈ, ਜਦੋਂਕਿ ਕੜਾ ਲੋਹ-ਪੁਰਸ਼, ਖਾਲਸ-ਸ਼ੁੱਧ ਅਤੇ ਧਰਮ-ਯੁੱਧ ਦੀ ਵਿਰਾਸਤ ਹੈ। ਕੰਗਨਾ ਕਦੇ ਲੋਹੇ ਦਾ ਨਹੀਂ ਹੁੰਦਾ ਅਤੇ ਹਥਿਆਰ ਕਦੇ ਸੋਨੇ-ਚਾਂਦੀ ਦਾ ਨਹੀਂ ਹੁੰਦਾ।
ਸੰਘਰਸ਼ ਹਮੇਸ਼ਾ ਟਕਰਾਵ ਦੀ ਸਥਿਤੀ ਵਿਚੋਂ ਉਪਜਦਾ ਹੈ। ਅਕਸਰ ਸੰਘਰਸ਼ ਸੱਤਾ ਦੇ ਖਿਲਾਫ ਵਿਢਿਆ ਜਾਂਦਾ ਹੈ ਅਤੇ ਸੱਤਾਧਾਰੀ ਧਿਰ ਦੇ ਵਿਰੁੱਧ ਅੰਦੋਲਨ ਨੂੰ ਪ੍ਰਚੰਡ ਕਰਨ ਲਈ ਸੱਤਾਧਾਰੀ-ਪ੍ਰਮੁੱਖ ਅਤੇ ਉਸ ਦੀ ਜੁੰਡਲੀ ਨੂੰ ਹਰ ਪੱਖੋਂ ਭੰਡਿਆ ਜਾਂਦਾ ਹੈ ਅਤੇ ਨਕਾਰਿਆ-ਤ੍ਰਿਸਕਾਰਿਆ ਜਾਂਦਾ ਹੈ। ਦੂਸਰੇ ਪਾਸੇ ਆਪਣੇ ਸਾਥੀਆਂ ਨੂੰ ਯੋਧੇ ਅਤੇ ਸੂਰਬੀਰ ਸਾਬਤ ਕਰਨ ਲਈ ਅਤੇ ਉਨ੍ਹਾਂ ਦੇ ਹੌਸਲੇ ਬੁਲੰਦ ਰੱਖਣ ਲਈ ਕਈ ਇੱਕ ਤਰੀਕੇ ਵਰਤੇ ਜਾਂਦੇ ਹਨ। ਹੌਂਸਲੇ ਵਧਾਉਣ ਵਿਚ ਵਿਰਾਸਤੀ, ਜੁਝਾਰੂ ਅਤੇ ਇਨਕਲਾਬੀ ਕਵਿਤਾ ਬੜਾ ਅਹਿਮ ਰੋਲ ਅਦਾ ਕਰਦੀ ਹੈ। ਸਿੰਘੂ-ਸੰਘਰਸ਼ ਵਿਚ ਜਿਥੇ ਗਾਇਕ ਗੀਤ ਗਾ ਕੇ, ਸ਼ਾਇਰ ਸ਼ਾਇਰੀ ਉਚਾਰ ਕੇ ਕਿਸਾਨ-ਬਿਰਤੀ ਨੂੰ ਚੜ੍ਹਦੀ ਕਲਾ ਵਿਚ ਰੱਖ ਰਹੇ ਹਨ, ਉਥੇ ਲੋਕ-ਮਨ ਕਾਵਿਕ ਨਾਅਰੇ ਲਾ ਕੇ ਅਤੇ ਆਪਣੀਆਂ ਟਰਾਲੀਆਂ ਉਪਰ ਜੁਝਾਰੂ ਪੋਸਟਰ ਲਾ ਕੇ ਆਪਣੀ ਵਿਰਾਸਤ ਨੂੰ ਵਡਿਆਉਣ ਅਤੇ ਸੱਤਾ-ਧਿਰ ਨੂੰ ਠੁੱਠ ਵਿਖਾਉਣ ਵਿਚ ਮਾਹਰ ਨਜ਼ਰ ਆਉਂਦੇ ਹਨ,
ਮੁੰਡੇ ਸੋਹਣੇ ਸੋਹਣੇ ਆ ਗਏ
ਮੋਦੀ ਤੇਰੇ ਪ੍ਰਾਹੁਣੇ ਆ ਗਏ।
ਬਿਨਾ ਸ਼ੱਕ ਪੰਜਾਬੀ ਵਿਚ ਪ੍ਰਾਹੁਣਾ ਸ਼ਬਦ ਜੁਆਈ ਦੇ ਅਰਥਾਂ ਵਿਚ ਵੀ ਲਿਆ ਜਾਂਦੈ, ਉਂਜ ਇਹ ਪੰਜਾਬੀ ਨੌਜੁਆਨ ਸ਼ੁਗਲ ਮੇਲਾ ਤਾਂ ਖੂਬ ਕਰਦੇ ਹਨ, ਪਰ ਕਿਤੇ ਵੀ ਜੁਆਈ-ਸੰਕੇਤਕ ਹੁਲੜਬਾਜ਼ੀ ਕਰਦੇ ਨਜ਼ਰ ਨਹੀਂ ਆਉਂਦੇ।
ਬਹੁਤ ਵਾਰੀ ਅਜਿਹੇ ਮੌਕਿਆਂ `ਤੇ ਸਥਾਪਤ ਇਤਿਹਾਸਕ ਕਥਨਾਂ ਨੂੰ ਇਸ ਤਰ੍ਹਾਂ ਦਾ ਕਾਵਿਕ ਰੰਗ ਦਿੱਤਾ ਜਾਂਦਾ ਹੈ ਕਿ ਉਹ ਮੌਜੂਦਾ ਸਥਿਤੀਆਂ ਵਿਚ ਇਤਿਹਾਸਕ ਮਾਅਨੇ ਸੰਚਾਰ ਕਰਨ। “ਦੇਗ-ਤੇਗ ਫਤਿਹ” ਦੇ ਖਾਲਸਾਈ ਨਾਅਰੇ ਨੂੰ ਲੰਗਰ ਸਥਾਨ `ਤੇ ਇਸ ਤਰ੍ਹਾਂ ਲਿਖਿਆ ਜਾਣਾ ਅਜਿਹੇ ਤਜਰਬੇ ਦੀ ਹੀ ਇੱਕ ਮਿਸਾਲ ਹੈ,
ਆਏ-ਗਏ ਨੂੰ ਦੇਗ ਪੱਕੀ
ਸਿਰ ਚੜ੍ਹੇ ਨੂੰ ਤੇਗ ਪੱਕੀ।
ਸਦੀਆਂ ਤੋਂ ਦਿੱਲੀ ਸਿੰਘਾਸਨ-ਸਥਾਨ ਰਿਹਾ ਹੈ, ਇਸ ਲਈ ਪੰਜਾਬੀਆਂ ਲਈ ਅਤੇ ਵਿਸ਼ੇਸ਼ ਤੌਰ `ਤੇ ਸਿੱਖਾਂ ਲਈ ਦਿੱਲੀ ਕਠੋਰਤਾ ਦੀ, ਨਿਰਦੈਤਾ ਦੀ ਅਤੇ ਬਾਬਰ-ਜਾਬਰ ਦੀ ਪ੍ਰਤੀਕ ਰਹੀ ਹੈ। ਦਿੱਲੀ ਖਿਲਾਫ ਪਿਛਲੇ ਵਿੱਢੇ ਯੁੱਧਾਂ ਨੂੰ ਯਾਦ ਕਰਨਾ ਸੁਭਾਵਕ ਅਮਲ ਬਣ ਜਾਂਦੈ। ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਰਹੀਆਂ ਹਨ। ਮੌਜੂਦਾ ਮੁਹਿੰਮ ਵਿਚ ਦਿੱਲੀ ਦੇ ਖਿਲਾਫ ਕਈ ਟਰਾਲੀਆਂ ਦੇ ਮੱਥੇ ‘ਤੇ ਜਾਂ ਵੱਖੀਆਂ `ਚੋਂ ਜੋਸ਼ੀਲੇ ਨਾਅਰੇ ਉਭਰਦੇ ਹਨ,
ਜਿੱਤ ਹੋਊਗੀ ਅੰਤ ਨੂੰ ਕਿਰਤੀਆਂ ਦੀ,
ਕਿਲਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ।
—
ਸਾਨੂੰ ਜਦੋਂ ਜਦੋਂ ਕਰੇਂਗੀ ਖਰਾਬ ਦਿੱਲੀਏ,
ਤੇਰੀ ਹਿੱਕ ਉਤੇ ਨੱਚੂਗਾ ਪੰਜਾਬ ਦਿੱਲੀ ਏ।
ਇਸ ਸੰਘਰਸ਼ ਨੂੰ ਹਾਕਮ ਧਿਰ ਵੱਲੋਂ ਸਿੱਧੇ ਜਾਂ ਅਸਿੱਧੇ ਕਈ ਤਰੀਕਿਆਂ ਨਾਲ ਬਦਨੁਮਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਕਦੀ ਮਾਓਵਾਦੀ ਅੰਦੋਲਨ ਕਹਿ ਕੇ ਅਤੇ ਕਦੀ ਖਾਲਿਸਤਾਨੀ ਪ੍ਰਭਾਵਤ ਜਾਂ ਸੰਚਾਲਤ ਮੋਰਚਾ ਕਹਿ ਕੇ। ਜੁਆਬ ਵਿਚ ਇਕ ਟਰਾਲਾ ਗੜਕ ਕੇ, ਪਰ ਸੰਭਲ ਕੇ, ਬੋਲਦਾ ਲੱਗਦਾ ਹੈ,
ਸਰਕਾਰੇ ਤੇਰੇ ਕੰਮ ਨਿਕੰਮੇ
ਫੇਰ ਕਹੇਂ ਸਿੰਘ ਖਾੜਕੂ ਜੰਮੇਂ।
ਪੰਜਾਬ ਦੀ ਅੰਦਰੂਨੀ ਅਵਾਜ਼ ਇਹ ਵੀ ਰਹੀ ਹੈ ਕਿ ਪੰਜਾਬ ਨੂੰ ਕੋਈ ਸਿਆਸੀ ਪਾਰਟੀ ਐਸੀ ਨਹੀਂ ਮਿਲੀ, ਜਿਸ ਨੇ ਇਸ ਨੂੰ ਭਰਪੂਰ ਸੰਭਾਵਨਾਵਾਂ ਦੀ ਪ੍ਰਾਪਤੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੋਵੇ, ਜਿਸ ਦੀ ਬਦੌਲਤ ਪੰਜਾਬ ਸ਼ਾਨਾਂਮੱਤਾ ਜੀਵਨ ਭੋਗ ਰਿਹਾ ਹੁੰਦਾ। ਇਹ ਸੰਤਾਪ ਇੱਕ ਬਜੁਰਗ ਦੀ ਅਵਾਜ਼ ਬਣ ਕੇ ਇੱਕ ਟਰਾਲੀ ਵਿਚੋਂ ਗੂੰਜ ਰਿਹਾ ਲੱਗਦਾ ਹੈ,
ਸਾਡੀ ਬਾਦਲਾਂ ਨੇ ਰੋਲ’ਤੀ ਜੁਆਨੀ
ਮੋਦੀ ਨੇ ਬੁਢਾਪਾ ਰੋਲ`ਤਾ।
ਕਿਸੇ ਨੌਜੁਆਨ ਦੀ ਕਲਮ ਕਾਲੀ ਸਿਆਹੀ ਦਾ ਭਰਵਾਂ ਡੋਹਕਾ ਲਾ ਕੇ ਬਾਦਲ ਅਤੇ ਕੈਪਟਨ ਦੇ ਚਿਹਰਿਆਂ ‘ਤੇ ਕਾਟਾ ਮਾਰ ਕੇ ਲਿਖਦਾ ਹੈ,
ਇੱਕੋ ਸਿੱਕੇ ਦੇ ਦੋ ਪਾਸੇ
ਪੰਜਾਬ ਦੇ ਏਨ੍ਹਾਂ ਖੋਹ ਲਏ ਹਾਸੇ।
ਇੱਕ ਹੋਰ ਕਲਮ ਇਸ ਤੋਂ ਵੀ ਤਿੱਖਾ ਇੱਕ-ਤੁੱਕਾ ਵਾਰ ਕਰਦੀ ਹੈ,
ਮੋਦੀ ਦੇ ਯਾਰ
ਪੰਜਾਬ ਦੇ ਗੱਦਾਰ।
ਸਾਰੇ ਪੰਜਾਬ ਵਿਚੋਂ ਹਜ਼ਾਰਾਂ ਹੀ ਟਰਾਲੀਆਂ ਸਿੰਘੂ ਜਾਂ ਟੀਕਰੀ ਬਾਰਡਰ ਵਿਖੇ ਦਿੱਲੀ ਦੀ ਹਿੱਕ `ਤੇ ਡਟੀਆਂ ਪਈਆਂ ਹਨ; ਕਿਤੇ ਘਰ ਬਣੀਆਂ ਪਈਆਂ, ਕਿਤੇ ਰਾਸ਼ਨ ਦਾ ਜ਼ਖੀਰਾ, ਕਿਤੇ ਲੱਕੜਾਂ ਦਾ ਟਾਲ ਅਤੇ ਕਿਤੇ ਵਾਸ਼-ਰੂਮ; ਪਰ ਨੌਜੁਆਨ ਜਾਣਦੇ ਹਨ ਕਿ ਕਈ ਪਿੰਡਾਂ ਵਿਚੋਂ ਅਜੇ ਵੀ ਟਰਾਲੀਆਂ ਨਹੀਂ ਪਹੁੰਚੀਆਂ, ਰਸਦ-ਪਾਣੀ ਭਾਵੇਂ ਪਹੁੰਚ ਰਿਹੈ, ਤਾਂ ਹੀ ਤਾਂ ਇੱਕ ਨੌਜੁਆਨ ਆਪਣਾ ਪੈੱਨ ਕੱਢਦੈ ਅਤੇ ਇੱਕ ਸ਼ੀਟ `ਤੇ ਮੋਟੀ ਗਾਲ੍ਹ ਵਰਗਾ ਮਿਹਣਾ ਲਿਖ ਦਿੰਦੈ,
ਫਿਟੇ ਮੂੰਹ ਉਸ ਪਿੰਡ ਦੇ
ਜਿੱਥੋਂ ਨਹੀਂ ਟਰਾਲੀ ਆਈ।
ਇਸ ਸੰਘਰਸ਼-ਸ਼ਹਿਰ ਵਿਚ ਸ਼ਾਮਲ ਹਰ ਵਿਅਕਤੀ ਹੋ ਸਕਦੈ ਕਿਸਾਨ ਨਾ ਹੋਵੇ, ਪਰ ਉਹ ਕਿਸਾਨ ਹਿਤੈਸ਼ੀ ਜ਼ਰੂਰ ਹੈ ਜਾਂ ਉਹ ਕਿਸਾਨ ਦਾ ਪੁੱਤ-ਪੋਤਰਾ ਹੋ ਸਕਦੈ। ਕੜਾਕੇ ਦੀ ਠੰਡ ਵਿਚ ਵਿਰਾਸਤ ਦੀ ਬੁੱਕਲ ਮਾਰੀ ਕੋਈ ਯੋਧਾ ਪੁਕਾਰ ਉਠਦੈ,
ਜਦ ਤੱਕ ਜਾਨ ਆਂ ਉਦੋਂ ਤੱਕ ਲੜਾਂਗਾ
ਪੁੱਤ ਹਾਂ ਕਿਸਾਨ ਦਾ, ਕਿਸਾਨ ਨਾਲ ਖੜਾਂਗਾ।
ਕਿਸਾਨ ਆਪਣੇ ਪਾਏ ਬੀਜ ਨੂੰ ਫਸਲ ਤੱਕ ਪਹੁੰਚਦੇ ਵੇਖਣ ਲਈ ਬੜੇ ਸਬਰ-ਸੰਤੋਖ ਨਾਲ ਉਡੀਕਣ ਦਾ ਆਦੀ ਹੁੰਦੈ। ਉਸ ਦੀ ਜੀਵਨ-ਸ਼ੈਲੀ ਵਿਚ ਸਿੱਟੇ ਛੇਤੀ ਜਾਂ ਕਾਹਲੇ ਪਿਆਂ ਨਹੀਂ ਨਿਕਲਦੇ। ਇਹੀ ਵਜ੍ਹਾ ਹੈ ਕਿ ਇਸ ਸੰਗਰਾਮ ਵਿਚ ਵੀ ਉਹ ਪੱਕੇ ਪੈਰੀਂ ਤੇ ਸਬਰ ਨਾਲ ਬੈਠਾ ਹੈ। ਉਂਜ ਉਸ ਨੂੰ ਜਿੱਤ ਦੀ ਪੂਰੀ ਉਮੀਦ ਹੈ, ਬਸ਼ਰਤੇ ਲੀਡਰ ਅਤੇ ਸੰਗਰਾਮੀ ਇੱਕ ਸੋਚ ‘ਤੇ ਇੱਕ ਮੁੱਠ ਹੋ ਕੇ ਪਹਿਰਾ ਦਿੰਦੇ ਰਹਿਣ,
ਏਕੇ ਨਾਲ ਅਟੱਲ ਜਿਤਾਂਗੇ
ਅੱਜ ਨਹੀਂ ਤਾਂ ਕੱਲ੍ਹ ਜਿਤਾਂਗੇ।
ਇਹ ਸਮਿਆਂ ਦੀ ਬਦਕਿਸਮਤੀ ਰਹੀ ਹੈ ਕਿ ਕਿਰਤੀ ਤਾਂ ਆਪਣੀ ਕਿਰਤ ਕਰਨ ਵਿਚ ਵਿਅਸਤ ਰਹਿੰਦਾ ਹੈ ਅਤੇ ਇਮਾਨਦਾਰੀ ਨਾਲ ਮਿਹਨਤ-ਮੁਸ਼ੱਕਤ ਕਰਦਾ ਹੈ, ਪਰ ਸੱਤਾਧਾਰੀ ਹਮੇਸ਼ਾ ਚੁਸਤ ਚਲਾਕ ਅਤੇ ਨੌਸਰਬਾਜ਼ ਹੁੰਦਾ ਹੈ। ਉਸ ਦਾ ਮੁਕਾਬਲਾ ਕਰਨ ਲਈ ਚੇਤੰਨ ਅਤੇ ਦਿਆਨਤਦਾਰ ਆਗੂਆਂ ਦਾ ਮਿਲ ਬੈਠਣਾ ਜ਼ਰੂਰੀ ਹੈ। ਸਿੰਘੂ ਬਾਰਡਰ `ਤੇ ਸਾਂਝੀ ਸੱਥ ਸ਼ੁਰੂ ਕਰਕੇ ਇਸ ਪੱਖੋਂ ਨਿਵੇਕਲੀ ਪਹਿਲ ਕੀਤੀ ਗਈ ਹੈ। ਕੋਈ ਸੂਖਮ ਕਲਮ ਇਸ ਬਾਰੇ ਕਿਆ ਸਿਆਣਾ ਵਿਸ਼ਲੇਸ਼ਣ ਕਰਦੀ ਹੈ,
ਕਿਰਤੀ ਹੱਥਾਂ ਨੇ
ਤੈਂ ਪਾਉਣੀਆਂ ਨੱਥਾਂ ਨੇ
ਤੇਰੀ ਹਿੱਕ `ਤੇ ਹਾਕਮਾ ਓਏ
ਆ ਜੁੜੀਆਂ ਸੱਥਾਂ ਨੇ।
ਇਹ ਵੀ ਇਸ ਸੰਘਰਸ਼-ਸ਼ਹਿਰ ਦੀ ਸਿਫਤ ਹੀ ਕਹੋ ਕਿ ਹਜ਼ਾਰਾਂ ਨੌਜੁਆਨ ਹੋਣ ਦੇ ਬਾਵਜੂਦ ਇਸ ਦੇ ਕਿਸੇ ਗਲੀ-ਕੂਚੇ `ਚੋਂ ਕਿਸੇ ਅਸਭਿਅ ਗੀਤ ਦੀ ਕੋਈ ਸੁਰ ਉਚੀ ਨਹੀਂ ਉਠਦੀ ਸੁਣਦੀ ਤੇ ਨਾ ਹੀ ਕੋਈ ਵਾਹਯਾਤੀ ਵਾਲੀ ਲਿਖਤ ਨਜ਼ਰੇ ਚੜ੍ਹਦੀ ਹੈ। ਮਰਿਆਦਾ ਦਾ ਅਤੇ ਆਪਣੇ ਉਚੇ ਕਿਰਦਾਰ ਦਾ ਬੇਹੱਦ ਖਿਆਲ ਰੱਖਿਆ ਜਾ ਰਿਹਾ ਹੈ। ਹੈਰਾਨੀ ਹੁੰਦੀ ਹੈ ਕਿ ਗੁਰੂ ਤੇਗ ਬਹਾਦਰ ਮਾਰਗ `ਤੇ ਬੈਠੇ ਇਹ ਪੰਜਾਬੀ ਨੌਜੁਅਨ, ਜੋ ਹਰ ਵਾਕ ਵਿਚ ਕਾਮਾ ਅਤੇ ਫੁੱਲ ਸਟਾਪ ਮਾਂ-ਭੈਣ ਦੀ ਗਾਲ੍ਹ ਨਾਲ ਲਾਉਣ ਦੇ ਆਦੀ ਸਨ, ਕਿਵੇਂ ਗੁਰੂ ਦੇ ਸਿੱਖ ਬਣ, ਵਕਤ ਦੇ ਹਾਣੀ ਹੋ ਨਿਬੜੇ ਹਨ।