ਸੀਤ ਲਹਿਰ ਦਾ ਕਹਿਰ ਅਤੇ ਕਿਸਾਨਾਂ ਦੇ ਹੌਸਲੇ

ਸਰਬਜੀਤ ਧਾਲੀਵਾਲ
ਬਰਫੀਲੀ ਸੀਤ ਲਹਿਰ ਦਾ ਕਹਿਰ ਸਿਖਰ `ਤੇ ਹੈ, ਪਰ ਇਹ ਦਿੱਲੀ ਨੂੰ ਘੇਰਾ ਘਤੀਂ ਬੈਠੇ ਧਰਤੀ ਪੁੱਤਰਾਂ ਦੇ ਹੌਸਲਿਆਂ ਦੀ ਅਡੋਲ ਬੁਲੰਦੀ ਨੂੰ ਢਾਹ ਨਹੀਂ ਲਾ ਸਕਿਆ। ਜਿਸ ਤਰ੍ਹਾਂ ਸੀਤ ਲਹਿਰ ਸੰਘਰਸ਼ੀ ਕਿਸਾਨਾਂ, ਮਜ਼ਦੂਰਾਂ ਦਾ ਸਿਦਕ ਪਰਖ ਰਹੀ ਹੈ, ਦਿੱਲੀ ਵੀ ਘੱਟ ਨਹੀਂ ਗੁਜ਼ਾਰ ਰਹੀ। ਦਿੱਲੀ ਦੇ ਹਕੂਮਤੀ ਜਲਾਲ ਦੀ ਦੀਰਘ ਹਉਮੈ ਵੀ ਸਿਖਰ `ਤੇ ਹੈ। ਪਰ ਇਸ `ਤੇ ਕਿਸਾਨਾਂ ਦੇ ਨਿਰਭੈ ਸਿਦਕ ਦੀ ਸਾਦਗੀ ਪੂਰੀ ਤਰ੍ਹਾਂ ਭਾਰੂ ਹੈ ਤੇ ਇਸ ਸਿਦਕ ਨੇ ਉਸ ਹਉਮੈ ਨੂੰ ਸੱਟ ਮਾਰੀ ਹੈ।

ਜਿਥੇ ਇਹ ਸਾਦੇ ਨਿਰਭੈ ਸਿਦਕ ਨੇ ਦੁਨੀਆਂ ਭਰ ਦੇ ਲੋਕਾਂ, ਚਿੰਤਕਾਂ, ਨਾਮਾ ਨਿਗਾਰਾਂ, ਲੋਕ ਲਹਿਰਾਂ ਦੇ ਵਿਸ਼ਲੇਸ਼ਕਾਂ ਦੇ ਮੂੰਹ `ਚ ਉਂਗਲਾਂ ਪਵਾ ਦਿੱਤੀਆਂ ਹਨ, ਉੱਥੇ ਇਸ ਸੰਘਰਸ਼ ਦੀ ਵਿਲੱਖਣਤਾ ਨੇ ਨਵਾਂ ਇਤਿਹਾਸ ਸਿਰਜਿਆ ਹੈ। ਇਸ ਦੀ ਕਹਾਣੀ ਕਈ ਦਹਾਕੇ ਪੈਂਦੀ ਰਹੂ। ਪਿਛਲੇ ਸਮਿਆਂ `ਚ ਸੰਘਰਸ਼ਾਂ ਰਾਹੀਂ ਹੋਈ ਫਤਿਹ ਦਾ ਲੇਖਾ-ਜੋਖਾ ਵਿਸ਼ਲੇਸ਼ਕ ਕਰਦੇ ਆਏ ਨੇ।
ਇਹ ਸੰਘਰਸ਼ ਨਿਸਚੇ ਹੀ ਅਲੌਕਿਕ ਹੈ। ਕਈ ਪਹਿਲੂਆਂ ਤੋਂ ਇਹ ਕੁਲ ਵਰਤਾਰਾ ਇਸ ਤਰ੍ਹਾਂ ਦਾ ਪ੍ਰਭਾਵ ਦਿੰਦਾ, ਜਿਵੇਂ ਕੋਈ ਮਹਾਂ ਕੌਤਕ ਤੁਹਾਡੇ ਸਾਹਮਣੇ ਵਾਪਰ ਰਿਹਾ ਹੋਵੇ। ਸਾਡੀ ਯਾਦ ‘ਚ ਵਸੇ ਮਹਾਂ ਨਾਇਕਾਂ ਦੇ ਦੀਦਾਰੇ ਇਸ ਮੋਰਚੇ ‘ਚ ਡਟੇ ਬਹੁਤ ਸਾਰੇ ਬੁਜਰਗਾਂ ਦੇ ਦਗ ਦਗ ਕਰਦੇ ਚਿਹਰਿਆਂ ਤੇ ਸਡੌਲ ਜੁੱਸਿਆਂ ‘ਚ ਕੀਤੇ ਜਾ ਸਕਦੇ ਹਨ। ਮੋਰਚੇ ‘ਚ ਸ਼ਾਮਿਲ ਸਿਦਕੀ ਬਾਬਿਆਂ ਦੀ ਚੜ੍ਹਦੀ ਕਲਾ ਵਾਲੀ ਗਰਜ `ਚੋਂ ਤੁਹਾਨੂੰ ਬਾਬਾ ਦੀਪ ਸਿੰਘ ਵਰਗੇ ਮਹਾਨ ਯੋਧਿਆਂ ਦਾ ਝਲਕਾਰਾ ਪੈਂਦਾ ਹੈ। ਅੰਗਰੇਜ਼ੀ ‘ਚ ਅਕਸਰ ਕਿਹਾ ਜਾਂਦੈ, ਕਈ ਵਾਰੀ ਯਕੀਨ ਨਹੀਂ ਹੁੰਦਾ ਕਿ ਜੋ ਵਾਪਰ ਰਿਹਾ ਹੈ, ਉਹ ਸੱਚ ਹੈ।
ਤੁਸੀਂ ਵੀ ਜਾਓ, ਦੇਖੋ। ਤੁਹਾਨੂੰ ਮੋਰਚੇ ‘ਚ ਕਈ ਮਹਾਂ ਨਾਇਕਾਂ ਦੇ ਕੱਦ ਬੁੱਤ ਵਰਗੇ ਬੰਦਿਆਂ ਦੇ ਦਰਸ਼ਨ ਹੋਣਗੇ। ਬੇਸ਼ੁਮਾਰ ਲੰਗਰਾਂ ‘ਚ ਉੱਥੇ ਇਕ ਸ਼ਹੀਦੀ ਰੰਗੜਿਆਂ ਦਾ ਲੰਗਰ ਵੀ ਲੱਗਾ ਹੋਇਆ ਹੈ। ਉਸ ਲੰਗਰ ‘ਚ ਕਈ ਸਿੰਘ ਤੁਹਾਨੂੰ 20-25 ਕਿਲੋ ਦੇ ਵਜ਼ਨ ਦੇ ਘੋਟਣਿਆਂ ਨਾਲ ਬਦਾਮਾਂ ਤੇ ਖਸਖਸ ਨੂੰ ਏਨੇ ਸਹਿਜ ਨਾਲ ਰਗੜੇ ਲਾਉਂਦੇ ਨਜ਼ਰ ਆਉਂਦੇ ਹਨ, ਜਿਵੇਂ ਕੋਈ ਖੇਤ ‘ਚ ਗੋਪੀਆ ਘੁਮਾ ਰਿਹਾ ਹੋਵੇ।
ਬੜੇ ਨਿਸ਼ਚੇ, ਦ੍ਰਿੜਤਾ, ਸਹਿਜ ਤੇ ਸ਼ਾਂਤਮਈ ਤਰੀਕੇ ਨਾਲ ਖੇਤੀ ਕਾਨੂੰਨਾਂ ਖਿਲਾਫ ਯੁੱਧ ਲੜਿਆ ਜਾ ਰਿਹਾ ਹੈ, ਪਰ ਇਹ ਤਾਂ ਦਿੱਲੀ ਦੀ ਕਿਸਾਨਾਂ ਵਲੋਂ ਘੇਰਾਬੰਦੀ ਦਾ ਮਾਮੂਲੀ ਜਿਹਾ ਪਹਿਲੂ ਹੈ। ਇਹ ਯੁੱਧ ਵੱਡੇ ਸੁਨੇਹੇ ਦਿੰਦਾ ਹੈ। ਇਸ ਦੀਆਂ ਪਰਤਾਂ ‘ਚ ਬਹੁਤ ਕੁਝ ਢਕਿਆ ਪਿਆ ਹੈ। ਜਿਥੇ ਇਹ ਆਲੇ ਦੁਆਲੇ ਪਸਰੀ ਬੜੀ ਵੱਡੀ ਬੇਚੈਨੀ ਦਾ ਸੂਚਕ ਹੈ, ਉਥੇ ਇਹ ਮੌਲਿਕ ਪੰਜਾਬੀ ਸੱਭਿਆਚਾਰ, ਭਾਈਚਾਰੇ, ਮੋਹ, ਪਿਆਰ, ਨਿਰਸਵਾਰਥ ਨਿਸ਼ਕਾਮ ਸੇਵਾ, ਵਿਅਕਤੀਗਤ ਸੁੰਤਰਤਾ ਦਾ ਮਹਾਂ ਜਸ਼ਨ ਹੈ।
ਸੰਭਵ ਹੈ ਕਿ ਇਹ ਅੱਗੇ ਜਾ ਕੇ ਪੱਛਮੀ ਪੂੰਜੀਵਾਦ ਦੀ ਭਾਰਤ ‘ਚ ਨਿਰਤੰਤਰ ਚੜ੍ਹਤ ਨੂੰ ਚਿਤ ਕਰਨ ‘ਚ ਸਹਾਈ ਹੋਵੇ। ਅੰਨੇਵਾਹ ਪੂੰਜੀਵਾਦ ਦੀ ਸੇਵਾ ‘ਚ ਲੱਗੀਆਂ ਸਰਕਾਰਾਂ ਲਈ ਇਹ ਮੋਰਚਾ ਭੈਅ ਬਣ ਗਿਆ ਹੈ। ਇਸ ਮੋਰਚੇ ‘ਚ ਪਾਈ ਫਤਿਹ ਸਰਕਾਰੀ ਸਾਧਨਾ ਨੂੰ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਲਈ ਸਰਕਾਰਾਂ ‘ਚ ਲੱਗੀ ਦੌੜ ਨੂੰ ਵੱਡੀ ਠਿੱਬੀ ਮਾਰ ਸਕਦੀ ਹੈ। ਕਿਸਾਨ ਮਾਰੂ ਕਾਲੇ ਕਾਨੂੰਨਾਂ ਵਿਰੁਧ ਛਿੜੀ ਲੜਾਈ ਦਾ ਰੁਖ ਹੌਲੀ ਹੌਲੀ ਭਾਰਤ ਵਿਚਲੇ ਪੂੰਜੀਵਾਦ ਦੇ ਅਲੰਬਰਦਾਰਾਂ ਵਲ ਮੋੜਾ ਕੱਟ ਗਿਆ ਹੈ। ਪੰਜਾਬ ਦੀ ਸਰਜ਼ਮੀਨ ‘ਚ ਉਠਿਆ ਲੋਕ ਰੋਹ ਹੁਣ ਦੇਸ਼ ਦੇ ਹੋਰਨਾਂ ਸੂਬਿਆਂ ਨੂੰ ਵੀ ਆਪਣੀ ਜ਼ੱਦ ਵਿਚ ਲੈ ਰਿਹਾ ਹੈ। ਇਹ ਕਿਸਾਨ ਰੋਹ ਕਿੰਨੇ ਹੋਰ ਰੋਹਾਂ ਨੂੰ ਜਨਮ ਦੇਵੇਗਾ, ਇਸ ਦਾ ਅੰਦਾਜ਼ਾ ਲਾਉਣਾ ਹਾਲ ਦੀ ਘੜੀ ਮੁਸ਼ਕਿਲ ਲੱਗ ਰਿਹਾ ਹੈ, ਪਰ ਇਸ ਨੇ ਇਸ ਵਰਤਾਰੇ ਦਾ ਬੀਜ ਜਰੂਰ ਬੀਜ ਦਿਤਾ ਹੈ।
ਇਹ ਸੰਘਰਸ਼ ਫੈਡਰਲ ਢਾਂਚੇ ਨੂੰ ਕਮਜ਼ੋਰ ਕਰਨ ਦੀਆਂ ਹਕੂਮਤੀ ਚਾਲਾਂ ਨੂੰ ਠੱਲ੍ਹ ਹੀ ਨਹੀਂ ਪਾਏਗਾ, ਸਗੋਂ ਹਕੂਮਤੀ ਪ੍ਰਬੰਧ ਵਿਚ ਲੋਕ ਰਾਏ ਦੀ ਪ੍ਰਮੁੱਖਤਾ ਦੀ ਬਹਾਲੀ ਵੀ ਕਰੇਗਾ। ਰਾਜਸੀ ਧਿਰਾਂ ਵਲੋਂ ਲੋਕਤੰਤਰ ਨੂੰ ਲਾਏ ਜਾ ਰਹੇ ਖੋਰੇ ਨੂੰ ਨੱਥ ਪਾਏਗਾ। ਕਿਸਾਨ ਸੰਘਰਸ਼ ਨੇ ਬਲਹੀਣ ਹੋਈ ਜਨਤਾ ਨੂੰ ਸੱਤਾਧਾਰੀ ਜਮਾਤਾਂ ਦੇ ਆਪਹੁਦਰੇਪਣ ਨੂੰ ਚਣੌਤੀ ਦੇਣ ਦਾ ਬਲ ਬਖਸਿ਼ਆ ਹੈ। ਕਈ ਦਹਾਕਿਆਂ ਦੀ ਨੀਰਸਤਾ ਬਾਅਦ ਲੋਕਾਂ ਨੂੰ ਮੁੜ ਆਪਣੀ ਤਾਕਤ ਦਾ ਅਹਿਸਾਸ ਹੋਣਾ ਸ਼ੁਰੂ ਹੋਇਆ। ਇਹ ਯਾਕੀਨ ਬੱਝ ਰਿਹਾ ਹੈ ਕਿ ਲੋਕ ਸ਼ਕਤੀ ਤਾਕਤਵਰ ਤੋਂ ਤਾਕਤਵਰ ਨਿਜ਼ਾਮ ਨੂੰ ਗੋਡਿਆਂ ਭਾਰ ਕਰ ਸਕਦੀ ਹੈ। ਇਹ ਵਿਸ਼ਵਾਸ ਹੋ ਰਿਹਾ ਹੈ ਕਿ ਲੋਕਤੰਤਰ ਵਿਵਸਥਾਵਾਂ ਵਿਚ ਸ਼ਾਂਤੀ ਪੂਰਵਕ ਘੋਲਾਂ ਰਾਹੀਂ ਲੋਕ ਆਪਣੀਆਂ ਸਰਕਾਰਾਂ ਨੂੰ ਬੇਵਸੀ ਦੇ ਆਲਮ ‘ਚ ਧੱਕ ਸਕਦੇ ਹਨ ਤੇ ਆਪਣੀ ਗੱਲ ਮੰਨਵਾ ਸਕਦੇ ਹਨ।
ਮੋਰਚਾ ਆਪਣੇ ਸਿਖਰ ਵਲ ਉਸ ਵੇਲੇ ਵਧ ਰਿਹਾ ਹੈ, ਜਦੋਂ ਸਾਰਾ ਖਾਲਸਾ ਪੰਥ ਦੀਰਘ ਵੈਰਾਗ ਵਿਚ ਡੁਬਿਆ ਹੋਇਆ ਹੈ। ਪੋਹ ਦਾ ਮਹੀਨਾ ਹਰ ਸਾਲ ਡੂੰਘੀਆਂ ਉਦਾਸੀਆਂ ਲੈ ਕੇ ਆਉਂਦਾ ਹੈ। ਇਹ ਉਹ ਸਮਾਂ ਹੈ, ਜਦੋਂ ਕਲਗੀਧਰ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦੀ ਯਾਦ ਹਰ ਮਨ ਮਸਤਕ `ਤੇ ਭਾਰੂ ਹੈ। ਇਸ ਪੋਹ ਦੀ ਕੜਕ ਸਰਦੀ ‘ਚ ਹੀ ਗੁਰੂ ਸਾਹਿਬ ਦੇ ਵੱਡੇ ਤੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਸਨ। ਗੁਰੂ ਸਾਹਿਬ ਦੇ ਪਰਿਵਾਰ ਤੇ ਗੁਰੂ ਪਿਆਰਿਆਂ ਨੂੰ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਸੀ। ਚਮਕੌਰ ਦੇ ਗੜ੍ਹੀ, ਜਿਥੇ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਸਨ, ਨੂੰ ਅੱਜ ਕਿਸਾਨ ਪੁੱਤਰਾਂ (ਗੁਰੂ ਪਿਆਰਿਆਂ) ਵਲੋਂ ਸੰਭਾਲੇ ਮੋਰਚੇ ਨਾਲ ਤਸ਼ਬੀਹਾਂ ਦਿੱਤੀਆਂ ਜਾ ਰਹੀਆਂ ਨੇ। ਚਮਕੌਰ ਸਾਹਿਬ ਦੀ ਜੰਗ ਹੱਕ ਸੱਚ ਦੀ ਲੜਾਈ ਲਈ ਜੂਝ ਜਾਣ ਵਾਸਤੇ ਵੱਡਾ ਪ੍ਰੇਰਨਾ ਸਰੋਤ ਹੈ। ਕਿਸਾਨ ਸੰਘਰਸ਼ `ਤੇ ਇਸ ਦਾ ਗਹਿਰਾ ਅਸਰ ਮਹਿਸੂਸ ਕੀਤਾ ਜਾ ਸਕਦਾ ਹੈ। ਗੁਰੂ ਪੁੱਤਰਾਂ ਨੂੰ ਸ਼ਰਧਾਂਜਲੀਆਂ ਦੀਆਂ ਵਾਰਾਂ ਨੇ ਮੋਰਚੇ ਦੀ ਫਿਜ਼ਾ ਨੂੰ ਵੱਡਾ ਨਿੱਘ ਤੇ ਸ਼ਕਤੀ ਬਖਸ਼ੀ ਹੋਈ ਹੈ।
ਇਸ ਮੋਰਚੇ ‘ਚ ਹਰਿਆਣਾ ਦੇ ਜਾਟ ਤੇ ਉਨ੍ਹਾਂ ਦੇ ਨੌਜਵਾਨ ਮੁੰਡੇ ਵੱਡੀ ਗਿਣਤੀ ‘ਚ ਸ਼ਾਮਿਲ ਹਨ। ਮੋਰਚੇ ‘ਚ ਹਰਿਆਣੇ ਤੇ ਪੰਜਾਬ ਦੇ ਗੱਭਰੂ ਪੁੱਤਰਾਂ ਦਾ ਆਪਸੀ ਮਿਲਵਰਤਣ ਹਾਲ ਦੀ ਘੜੀ ਮਿਸਾਲੀ ਲੱਗ ਰਿਹਾ ਹੈ, ਤੇ ਦੋਹਾਂ ਸੂਬਿਆਂ ਦਾ ਭਾਈਚਾਰਾ ਸਿਖਰ `ਤੇ ਹੈ। ਹਰਿਆਣਾ ਦੇ ਚੌਧਰੀ ਪੰਜਾਬ ਨੂੰ ਆਪਣਾ ਵੱਡਾ ਭਾਈ ਕਹਿ ਕੇ ਹਿੱਕ ਚੌੜੀ ਕਰਦੇ ਦੇਖੇ ਜਾ ਸਕਦੇ ਨੇ। ਥਾਂ ਥਾਂ ਹਰਿਆਣੇ ਤੇ ਪੰਜਾਬ ਦੇ ਭਾਈਚਾਰੇ ਦੇ ਬੈਨਰ ਦੇਖਣ ਨੂੰ ਮਿਲਦੇ ਨੇ। ਗੱਲ ਮਿਲਵਰਤਣ ਤੋਂ ਅੱਗੇ ਨਿਕਲ ਗਈ ਹੈ। ਆਪਸੀ ਪਿਆਰ ਦੀ ਪਕੜ ਮਜਬੂਤ ਹੁੰਦੀ ਨਜ਼ਰ ਆਉਂਦੀ ਹੈ। ਦੋਹਾਂ ਸੂਬਿਆਂ ‘ਚ ਨਹਿਰੀ ਪਾਣੀ ਦਾ ਦਹਾਕਿਆਂ ਤੋਂ ਚਲਿਆ ਆ ਰਿਹਾ ਕਲੇਸ਼ ਉਥੇ ਕਿਸੇ ਦੇ ਚਿੱਤ ਚੇਤਾ ਵੀ ਨਹੀਂ। ਹਾਲਾਂਕਿ ਇਸ ਮੁੱਦੇ ਨੂੰ ਹਵਾ ਦੇ ਕੇ ਭਾਜਪਾ ਹਰਿਆਣੇ ਵਿਚ ਆਪਣਾ ਸਾਜਿਸ਼ੀ ਰੋਲ ਨਿਭਾ ਰਹੀ ਹੈ ਤੇ ਦੋਹਾਂ ਸੂਬਿਆਂ ਦੇ ਲੋਕਾਂ ਵਿਚ ਕਿਸਾਨੀ ਘੋਲ ਨੇ ਪਵਾਈਆਂ ਗਲਵੱਕੜੀਆਂ ਨੂੰ ਤੋੜਨ ਦਾ ਹਰ ਹੀਲਾ ਵਰਤ ਰਹੀ ਹੈ। ਭਾਜਪਾ ਦੇ ਇਹ ਸਾਜਿਸ਼ੀ ਦਾਓ ਪੇਚਾਂ ਦਾ ਪਰਛਾਂਵਾਂ ਖੇਤਾਂ ਦੇ ਪੁੱਤਾਂ ਨੇ ਆਪਣੇ `ਤੇ ਪੈਣ ਨਹੀਂ ਦਿੱਤਾ। ਸਗੋਂ ਉਹ ਭਾਜਪਾ ‘ਤੇ ਫੁੱਟ ਪਾਉਣ ਦੀ ਰਾਜਨੀਤੀ ਦੇ ਦੋਸ਼ ਲਾ ਰਹੇ ਹਨ ਤੇ ਲਾਹਨਤਾਂ ਪਾ ਰਹੇ ਹਨ। ਭਾਜਪਾ ਖੂਬ ਆਪਣੀ ਕੱਚੀ ਰਾਜਨੀਤਕ ਬੁੱਧੀ ਦਾ ਪ੍ਰਦਰਸ਼ਨ ਹਰਿਆਣੇ ‘ਚ ਕਰਦੀ ਨਜ਼ਰ ਆ ਰਹੀ ਹੈ, ਪਰ ਉਸ ਦੀ ਸੱਤਾਧਾਰੀ ਪਾਰਟੀ ਹੋਣ ਦੇ ਬਾਵਜੂਦ ਦਾਲ ਨਹੀਂ ਗਲ ਰਹੀ।
ਫੁੱਟ ਪਾਉਣ ਦੀ ਨੀਤੀ ਨੂੰ ਭਾਜਪਾ ਨੇ ਆਪਣੀ ਰਾਜਨੀਤੀ ਤੇ ਰਣਨੀਤੀ ਦੇ ਬਹੁਤ ਹੀ ਕਾਰਗਾਰ ਹਥਿਆਰ ਵਜੋਂ ਵਰਤਿਆ ਹੈ। ਇਸ ਰਾਹੀਂ ਹੀ ਉਹ ਰਾਜਸੱਤਾ ਦੀ ਪੌੜੀ ਦੇ ਸਿਖਰਲੇ ਡੰਡੇ `ਤੇ ਬਿਰਾਜਮਾਨ ਹੋਈ ਹੈ। ਆਪਣੇ ਵਿਰੋਧੀਆਂ ਨੂੰ ਦੇਸ਼ ਧ੍ਰੋਹੀ, ਅਰਬਨ ਨਕਸਲ, ਖਾਲਿਸਤਾਨੀ ਗਰਦਾਨਣ ‘ਚ ਭਾਜਪਾ ਤੇ ਇਸ ਪੱਖੀ ਮੀਡੀਏ ਦਾ ਕੋਈ ਸਾਨੀ ਨਹੀਂ, ਪਰ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਭਾਜਪਾ ਦਾ ਇਹ ਮੰਤਰ ਵੀ ਨਹੀਂ ਅਸਰ ਕਰ ਰਿਹਾ। ਭਾਜਪਾ ਦੇ ਇਸ ਪੈਂਤੜੇ ਦਾ ਬੇਅਸਰ ਹੋਣਾ ਇਸ ਦੀ ਭਵਿੱਖ ਵਿਚਲੀ ਰਾਜਨੀਤੀ `ਤੇ ਗਹਿਰਾ ਅਸਰ ਪਾਏਗਾ। ਹੁਣ ਤਕ ਭਾਜਪਾ ਇਸ ਪੈਂਤੜੇ ਨੂੰ ਆਪਣੇ ਬ੍ਰਹਮ ਅਸਤਰ ਦੇ ਰੂਪ ‘ਚ ਵਰਤਦੀ ਆਈ ਸੀ। ਕੇਂਦਰ ਸਰਕਾਰ ਤੇ ਇਸ ਦੇ ਧੁਤੂਆਂ ਦੀ ਇਸ ਸੰਘਰਸ਼ ਨੂੰ ਇਕੱਲੇ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਗਰਦਾਨਣ ਦੀ ਕੋਸਿ਼ਸ਼ ਰਹੀ ਹੈ, ਪਰ ਇਸ ਵਿਚ ਹਰਿਆਣਾ ਦੇ ਲੋਕਾਂ ਦੀ ਬਰਾਬਰ ਦੀ ਸ਼ਮੂਲੀਅਤ ਮੂਹਰੇ ਉਹਦੀ ਪੇਸ਼ ਨਹੀਂ ਚਲ ਰਹੀ। ਉੱਤਰ ਪ੍ਰਦੇਸ, ਰਾਜਸਥਾਨ ਤੇ ਕੁਝ ਹੋਰ ਰਾਜਾਂ ਦੇ ਕਿਸਾਨ ਵੀ ਮੋਰਚੇ ‘ਚ ਸ਼ਾਮਿਲ ਹਨ, ਪਰ ਉਨ੍ਹਾਂ ਦੀ ਹਾਜ਼ਰੀ ਏਨੀ ਭਰਵੀਂ ਨਹੀਂ, ਜਿੰਨੀ ਪੰਜਾਬ ਤੇ ਹਰਿਆਣੇ ਦੇ ਕਿਸਾਨਾਂ ਦੀ ਹੈ।
ਹਰਿਆਣੇ ਦੇ ਲੋਕਾਂ ਨੇ ਮੋਰਚੇ ‘ਚ ਦੁੱਧ ਤੇ ਲੱਸੀ ਦੀਆਂ ਨਦੀਆਂ ਚਲਾ ਦਿੱਤੀਆਂ ਨੇ। ਦੇਸ਼ ਵਿਚ ਫੋਟੋਗ੍ਰਾਫੀ ‘ਚ ਸਭ ਤੋਂ ਵੱਡੇ ਨਾਮ ਵਾਲਾ ਸ਼ਖਸ ਰਘੂ ਰਾਏ ਇਸ ਮਾਹੌਲ ਬਾਰੇ ਸੁਣ ਕੇ 78 ਸਾਲ ਦੀ ਉਮਰ ‘ਚ ਵੀ ਆਪਣੇ ਆਪ ਨੂੰ ਮੋਰਚੇ ਤੋਂ ਆਉਣ ਰੋਕ ਨਹੀਂ ਸਕਿਆ। ਉਹ ਕਹਿੰਦਾ ਇਸ ਉਮਰ ‘ਚ ਵੀ ਉਹ ਇਸ ਮੋਰਚੇ ਦੀ ਵਾਰ ਵਾਰ ਫੋਟੋਗ੍ਰਾਫੀ ਕਰਨ ਲਈ ਆ ਰਿਹਾ ਹੈ। ਇਸ ਦਾ ਨਿਰਾਲਾਪਣ ਉਸ ਨੂੰ ਇਸ ਵਲ ਵਾਰ ਵਾਰ ਖਿੱਚ ਰਿਹਾ ਹੈ। ਉਹ ਕਹਿੰਦਾ ਹੈ ਕਿ ਸਰਕਾਰ ਨੂੰ ਇਹ ਇਕ ਮਹਿਜ ਪ੍ਰਦਰਸ਼ਨ ਨਹੀਂ ਸਮਝਣਾ ਚਾਹੀਦਾ। ਇਹ ਇਕ ਲੋਕਤੰਤਰੀ ਜਸ਼ਨ ਹੈ। ਇਸ ਦੀ ਗਹਿਰਾਈ ਨੂੰ ਸਮਝਣਾ ਚਾਹੀਦਾ ਹੈ।
ਹਰਿਆਣੇ ਦੇ ਨੌਜਵਾਨ ਮੁੰਡਿਆਂ ਨੇ ਸ਼ਹੀਦ ਭਗਤ ਸਿੰਘ ਨੂੰ ਆਪਣੇ ਨਾਇਕ ਵਜੋਂ ਵੱਡੀ ਮਾਨਤਾ ਇਸ ਮੋਰਚੇ ਜ਼ਰੀਏ ਦਿੱਤੀ ਹੈ। ਭਾਵੇਂ ਭਗਤ ਸਿੰਘ ਦਾ ਸਾਰੇ ਦੇਸ਼ ਵਿਚ ਸ਼ਹੀਦ ਵਜੋਂ ਵੱਡਾ ਰੁਤਬਾ ਤੇ ਸਤਿਕਾਰ ਹੈ, ਪਰ ਜਿਸ ਤਰ੍ਹਾਂ ਉਹ ਹਰਿਆਣੇ ਦੇ ਨੌਜਵਾਨਾਂ ਦੀ ਮਾਨਸਕਿਤਾ ‘ਚ ਉਭਰਿਆ ਹੈ, ਉਹ ਕਮਾਲ ਹੈ। ਸਰ ਛੋਟੂ ਰਾਮ ਹਰਿਆਣੇ ਵਿਚ ਕਿਸਾਨਾਂ ਦਾ ਨਾਇਕ ਹੈ। ਆਜ਼ਾਦੀ ਤੋਂ ਪਹਿਲਾਂ ਉਸ ਦੀ ਕਰਜ਼ੇ ‘ਚ ਡੁੱਬੀ ਕਿਸਾਨੀ ਨੂੰ ਬਚਾਉਣ ਲਈ ਬਹੁਤ ਅਹਿਮ ਭੂਮਿਕਾ ਰਹੀ। ਉਸ ਨੇ ਕਈ ਅਜਿਹੇ ਕਾਨੂੰਨਾਂ ਦਾ ਨਿਰਮਾਣ ਕਰਵਾਇਆ ਸੀ, ਜਿਸ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਕੁਰਕ ਹੋਣ ਤੋਂ ਬਚੀਆਂ ਰਹੀਆਂ ਸਨ। ਮੋਰਚੇ ‘ਚ ਹਰਿਆਣੇ ਦੇ ਹਰ ਬੈਨਰ `ਤੇ ਸਰ ਛੋਟੂ ਰਾਮ ਨਾਲ ਸ਼ਹੀਦ ਭਗਤ ਸਿੰਘ ਦੀ ਫੋਟੋ ਲੱਗੀ ਹੋਈ ਹੈ।
ਇਨਕਲਾਬ ਦਾ ਨਾਅਰਾ ਹੁਣ ਪੰਜਾਬ ‘ਚ ਕੋਈ ਵੱਡੀ ਧੂਹ ਨਹੀਂ ਪਾਉਂਦਾ। ਸ਼ਾਇਦ ਇਸ ਕਰਕੇ ਕਿ ਪੰਜਾਬ ਮਾਰਕਸਵਾਦ ਤੋਂ ਬੜੀ ਤੇਜੀ ਮੂੰਹ ਮੋੜ ਰਿਹਾ ਹੈ ਤੇ ਬਾਬੇ ਨਾਨਕ ਦੇ ਫਲਸਫੇ ਵਲ ਮੁੜ ਖਿਚਿਆ ਜਾ ਰਿਹਾ ਹੈ। ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਸਿਧਾਂਤ ਪੰਜਾਬ ਦੀ ਸਿਮ੍ਰਿਤੀ ‘ਚ ਡੂੰਘਾ ਉਤਰਦਾ ਦਿਖਾਈ ਦੇ ਰਿਹਾ ਹੈ। ਪੰਜਾਬ ਆਪਣੇ ਵਿਰਸੇ ‘ਚ ਆਪਣੇ ਆਪ ਨੂੰ ਤਲਾਸ਼ ਰਿਹਾ ਹੈ। ਉਹ ਵਿਰਸਾ, ਜਿਸ ਵਿਚ ਰੂਹਾਨੀ ਤੇ ਸਮਾਜੀ ਇਨਕਲਾਬ ਦੇ ਬੀਜ ਪੰਜ ਸਦੀਆਂ ਪਹਿਲਾਂ ਬੀਜ ਦਿੱਤੇ ਗਏ ਸਨ; ਪਰ ਕੁਝ ਕਾਰਨ ਜਰੂਰ ਰਹੇ ਹੋਣਗੇ ਕਿ ਇਹ ਬੀਜਾਂ ਨੂੰ ਵੱਡਾ ਹਰਾ ਭਰਾ ਬਾਗ ਬਣਨ ‘ਚ ਬਹੁਤ ਦੇਰ ਲੱਗ ਗਈ ਹੈ। ਕਿਸਾਨੀ ਸੰਘਰਸ਼ ਨੇ ਇਸ ਬਾਗ ਦੇ ਮੌਲਣ ਲਈ ਨਵੀਂ ਜਮੀਨ ਤਿਆਰ ਕੀਤੀ ਹੈ। ਸਰਬ ਸਾਂਝੀਵਾਲਤਾ ਦੇ ਮਹਾਨ ਸੰਦੇਸ਼ ਦੀ ਧੁਮ ਚਾਰੇ-ਚੁਫੇਰੇ ਪੈਂਦੀ ਸੁਣਦੀ ਹੈ।
ਮੋਰਚਾ ਇਕ ਖਾਲਸ ਸੰਸਾਰ ਦੇ ਨਿਰਮਾਣ ਦੀ ਬੁਨਿਆਦ ਬਣ ਗਿਆ ਹੈ। ਇਸ ਪਦਾਰਥਵਾਦੀ ਯੁੱਗ ਵਿਚ ਇਹ ਵਰਤਾਰਾ ਸਮਾਜ ਵਿਗਿਆਨੀਆਂ ਦੀਆਂ ਗਿਆਨ ਇੰਦਰੀਆਂ ਦੀ ਪਕੜ ‘ਚ ਨਹੀਂ ਆ ਰਿਹਾ। ਕਿਸਾਨੀ ਸੰਘਰਸ਼ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਸਰਬ ਸਾਂਝੀਵਾਲਤਾ ਵਾਲੇ ਸੰਦੇਸ਼ ਅਤੇ ਵਿਰਸੇ ਦੀ ਭੱਲ ਹੁਣ ਦੇਸ਼ ਵਿਚ ਹੀ ਨਹੀਂ, ਸਗੋਂ ਵਿਦੇਸ਼ਾਂ ‘ਚ ਵੀ ਬਣਨੀ ਸ਼ੁਰੂ ਹੋ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ 100 ਸਾਲ ‘ਚ ਨਹੀਂ ਕਰ ਸਕੀ, ਉਹ ਕਿਸਾਨ ਮੋਰਚੇ ਨੇ ਕੁਝ ਹਫਤਿਆਂ ‘ਚ ਕਰ ਦਿਖਾਇਆ ਹੈ। ਮੋਰਚੇ ਦੇ ਨਾਲ ਇਹ ਕਮਾਲ ਸੋਸ਼ਲ ਮੀਡੀਏ ਨੇ ਵੀ ਕੀਤਾ ਹੈ। ਉਹ ਇਸ ਫਲਸਫੇ ਨੂੰ ਦੂਰ ਤਕ ਲੈ ਜਾਣ ‘ਚ ਜ਼ਰੀਆ ਬਣਿਆ ਹੈ।
ਲੋਕਾਈ ਨੂੰ ਸੰਘਰਸ਼ ਦੇ ਨਾਲ ਨਾਲ ਇਸ ਨਾਲ ਜੁੜੇ ਲੰਗਰ ਦੇ ਵਰਤਾਰੇ, ਬਾਕਮਾਲ ਸੇਵਾ ਭਾਵ, ਬੱਚਿਆਂ ਤੋਂ ਲੈ ਕੇ ਬੁਜਰਗਾਂ, ਮਾਈਆਂ ਤੇ ਭਾਈਆਂ ਦੀ ਇਸ ਵਿਚ ਸ਼ਮੂਲੀਅਤ, ਉਨ੍ਹਾਂ ਦਾ ਮਿਸਾਲੀ ਜਜ਼ਬਾ, ਦ੍ਰਿੜਤਾ ਤੇ ਪਿਆਰ ਦੇ ਹੜ੍ਹ ਨੇ ਮੰਤਰ ਮੁਗਧ ਕੀਤਾ ਹੋਇਆ। ਵੱਡੇ ਵੱਡੇ ਗਾਇਕ ਝਾੜੂ ਨਾਲ ਸਫਾਈ ਕਰਦੇ ਨਜ਼ਰ ਆਉਂਦੇ ਨੇ। ਚੰਡੀਗੜ੍ਹ ਦੀ ਕੁੜੀ ਦੀ ਥਾਂ ਹੁਣ ਪੰਜਾਬੀ ਗਾਇਕਾਂ ਦੇ ਗੀਤਾਂ ਦਾ ਧਿਆਨ ਕਿਸਾਨ ਤੇ ਪੰਜਾਬ ਦੇ ਅਰਥਚਾਰੇ `ਤੇ ਕੇਂਦ੍ਰਿਤ ਹੋ ਗਿਆ ਹੈ। ਦਿੱਲੀ ਖਲਨਾਇਕ ਬਣ ਗਈ ਹੈ। ਹਾਲ ਦੀ ਘੜੀ ਬਹੁਤੇ ਗਾਇਕ ਕੁੜੀਆਂ ਦੇ ਲੱਕ ਮਿਣਨ ਤੋਂ ਹਟ ਗਏ ਨੇ। ਉਹ ਖੇਤਾਂ ਤੇ ਪੰਜਾਬ ਦੀ ਮਿੱਟੀ ਨੂੰ ਨਤਮਸਤਕ ਹੋਣ ਲੱਗ ਪਏ ਨੇ। ਆਪਣੇ ਮੂਲ ਸੱਭਿਆਚਾਰਕ ਵਿਰਸੇ ਨਾਲ ਜੁੜਨ ਲੱਗੇ ਨੇ, ਜਿਸ ਤੋਂ ਉਨ੍ਹਾਂ ਨੇ ਲੰਬੀ ਦੇਰ ਦੂਰੀ ਬਣਾਈ ਰੱਖੀ। ਉਨ੍ਹਾਂ ਦੇ ਚੇਤਿਆਂ ‘ਚ ਮੁੜ ਲੋਕ ਨਾਇਕਾਂ ਦਾ ਵਾਸ ਹੋਣ ਲੱਗਾ ਹੈ।
ਬੁੱਧੀਜੀਵੀ ਸਟੇਜ ਤੋਂ ਆਪਣਾ ਗਿਆਨ ਲੋਕਾਂ ਨਾਲ ਸਾਂਝੇ ਕਰਦੇ ਦੇਖੇ ਜਾ ਸਕਦੇ ਹਨ। ਕਿਤਾਬਾਂ ਦੇ ਲੰਗਰ ਲੱਗੇ ਹੋਏ ਨੇ। ਕਿਸਾਨ ਮਾਲ ਮੁਫਤ ਸਾਮਾਨ ਵੰਡ ਰਹੀ ਹੈ। ਡਾਕਟਰ ਮਰੀਜਾਂ ਦੀ ਸੇਵਾ ‘ਚ ਡਟੇ ਹੋਏ ਨੇ। ਕਾਲਜਾਂ ਤੇ ਯੂਨੀਵਰਸਿਟੀਆਂ ਦੇ ਮੁੰਡੇ-ਕੁੜੀਆਂ ਪੇਂਟਿੰਗਾਂ ਬਣਾਉਣ ਤੇ ਨਾਅਰੇ ਲਿਖਣ ‘ਚ ਮਸ਼ਰੂਫ ਦਿਖਦੇ ਨੇ। ਗੁਰੂ ਦੀਆਂ ਲਾਡਲੀਆਂ ਫੌਜਾਂ ਗਤਕੇ ਦੇ ਜੌਹਰ ਦਿਖਾ ਕੇ ਲੋਕਾਂ ਦਾ ਮਨੋਰੰਜਨ ਕਰਦੀਆਂ ਮਿਲਣਗੀਆਂ। ਭੁਝੰਗੀ ਸਿੰਘ ਘੋੜਿਆਂ ਦੀ ਸਵਾਰੀ ਨਾਲ ਆਪਣੀ ਬਹਾਦਰੀ ਭਰਪੂਰ ਕਲਾ ਦਾ ਮੁਹਾਜਾਰਾ ਕਰਦੇ ਦੇਖੇ ਜਾ ਸਕਦੇ ਨੇ। ਮੋਰਚੇ ਦੇ ਅਲੌਕਿਕ ਜਲੌਅ ਨੂੰ ਸ਼ਬਦਾਂ ਦੀ ਪਕੜ ‘ਚ ਲਿਆਉਣਾ ਅਸੰਭਵ ਹੀ ਨਹੀਂ, ਨਾ-ਮੁਮਕਿਨ ਹੈ।
ਕੋਈ ਆਓ, ਕੁਛ ਖਾਓ, ਕੁਛ ਪੀਓ। ਇਹ ਪ੍ਰਵਾਹ ਬੇਪ੍ਰਵਾਹ ਵਰਤ ਰਿਹਾ। ਕੋਈ ਕਿਸੇ ਦੀ ਜਾਤ ਨਹੀਂ ਪੁੱਛਦਾ, ਕੋਈ ਕਿਸੇ ਦਾ ਮਜ਼ਹਬ ਨਹੀਂ ਪੁੱਛਦਾ। ਗੁਰੂਆਂ ਦੀ ਸੋਚ ਦਾ ਉਥੇ ਪਹਿਰਾ ਹੈ। ਉਨ੍ਹਾਂ ਦੇ ਪ੍ਰਤਾਪ ਸਦਕਾ ਮੋਰਚੇ ਦੇ ਕਰਤਾਰੀ ਜਲੌਅ ਦੀ ਲਿਸ਼ਕ ਮਨ ਮਸਤਕ ਨੂੰ ਰੌਸ਼ਨ ਕਰ ਰਹੀ ਹੈ। ਭਾਰਤ ਵਰਗੇ ਦੇਸ਼ `ਚ, ਜਿਥੇ ਜਾਤ-ਪਾਤ ਦਾ ਲਾਹਨਤੀ ਵਰਤਾਰਾ ਆਪਣੇ ਆਪ ‘ਚ ਮਹਾਂ ਧਰਮ ਹੈ, ਜੇ ਇਹ ਕਿਸਾਨ ਸੰਘਰਸ਼ ਮਹਾਂ ਕੌਤਕ ਨਹੀਂ ਤਾਂ ਫਿਰ ਹੋਰ ਕੀ ਹੈ! ਇਸ ਸੰਘਰਸ਼ ਦੀ ਇਹ ਸਭ ਤੋਂ ਵੱਡੀ ਖੂਬਸੂਰਤੀ ਤੇ ਪ੍ਰਾਪਤੀ ਹੈ। ਗੁਰੂਆਂ ਦੀਆਂ ਬਖਸ਼ੀਆਂ ਖਾਲਸਾਈ ਸ਼ਾਨਾਂ ਆਪਣੀ ਸਿਖਰ ਵਲ ਵੱਧ ਰਹੀਆਂ ਹਨ। ਇਸ ਦੀ ਲਿਸ਼ਕੋਰ ਹੱਦਾਂ-ਬੰਨੇ ਟੱਪ ਕੇ ਦੇਸ਼ਾ-ਦੇਸਾਂਤਰਾਂ ‘ਚ ਫੈਲ ਗਈ ਹੈ।
ਇਸ ਅਦੁਭੁਤ ਲੋਕ ਲਹਿਰ ਨੇ ਨਵਾਂ ਇਤਿਹਾਸ ਸਿਰਜਿਆ ਹੈ। ਨਿਸ਼ਚੇ ਹੀ ਇਸ ਦਾ ਸਿਹਰਾ ਕਿਸਾਨ ਆਗੂਆਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਹੁਣ ਤੱਕ ਇਸ ਦੀ ਸਿਰਜਣਾ ‘ਚ ਸ਼ਾਨਦਾਰ ਰੋਲ ਨਿਭਾਇਆ ਹੈ। ਕਿਸਾਨ ਆਗੂ ਆਪਣੀ ਸੋਝੀ, ਵਿਦਵਤਾ ਤੇ ਸਹਿਜ ਦਾ ਲੋਹਾ ਸਰਕਾਰ ਨੂੰ ਮੰਨਵਾ ਚੁਕੇ ਹਨ। ਆਪਣੇ ਵਿਚਾਰਧਾਰਕ ਵਖਰੇਵਿਆਂ ਦੇ ਬਾਵਜੂਦ ਉਹ ਕਿਸਾਨੀ ਮੁੱਦਿਆਂ `ਤੇ ਇਕ ਮੁੱਠ ਹੋ ਕੇ ਚਲ ਰਹੇ ਨੇ। ਉਨ੍ਹਾਂ ਦਾ ਸਰਕਾਰ ਨਾਲ ਗੱਲਬਾਤ ‘ਚ ਪੱਲੜਾ ਹੁਣ ਤਕ ਭਾਰੀ ਰਿਹਾ ਹੈ। ਮੋਰਚੇ ਦੀ ਸਫਲਤਾ ਦਾ ਵੱਡਾ ਰਾਜ ਹੈ ਕਿ ਕਿਸਾਨਾਂ ਨੇ ਰਾਜਨੀਤਕ ਲੋਕਾਂ ਨੂੰ ਇਸ ਦੇ ਨੇੜੇ ਨਹੀਂ ਫੜਕਣ ਦਿੱਤਾ। ਉਹ ਸਟੇਜ ਤੋਂ ਨਹੀਂ ਬੋਲ ਸਕਦੇ। ਸਾਹਮਣੇ ਇਕੱਠ ‘ਚ ਬੈਠ ਸਕਦੇ ਨੇ, ਪਰ ਬਹੁਤੇ, ਖਾਸ ਕਰਕੇ ਉਹ ਜਿਨ੍ਹਾਂ ਨੂੰ ਆਪਣੀ ਦਿਆਨਤਦਾਰੀ `ਤੇ ਭਰੋਸਾ ਨਹੀਂ, ਉਹ ਡਰਦੇ ਉਧਰ ਨੂੰ ਮੂੰਹ ਨਹੀਂ ਕਰਦੇ। ਕਿਤੇ ਨਾ ਕਿਤੇ ਇਹ ਮੋਰਚਾ ਬਹੁਤੇ ਰਾਜਨੀਤਕ ਲੋਕਾਂ ਨੂੰ ਸਤਾ ਜਰੂਰ ਰਿਹਾ ਹੈ। ਏਨੇ ਵੱਡੇ ਲੋਕ ਘੋਲ ਤੋਂ ਦੂਰ ਰਹਿਣਾ ਉਨ੍ਹਾਂ ਅੰਦਰ ਵੱਡੀ ਬੇਚੈਨੀ ਜਰੂਰ ਪੈਦਾ ਕਰਦਾ ਹੋਊ।
ਜਿਥੇ ਇਹ ਮੋਰਚਾ ਨਫਰਤ ਦੀ ਰਾਜਨੀਤੀ `ਤੇ ਕਰਾਰੀ ਚੁਪੇੜ ਸਾਬਿਤ ਹੋ ਰਿਹਾ ਹੈ, ਉਥੇ ਇਹ ਲੋਕਾਂ ਨੂੰ ਪਿਆਰ ਨਾਲ ਜੋੜਨ ਦਾ ਸੰਦੇਸ਼ ਦਿੰਦਾ ਹੈ। ਇਸ ਕਿਸਾਨੀ ਘੋਲ ਨੇ ਪੰਜਾਬ ਦੀ ਜਵਾਨੀ ਨੂੰ ਨਵੇਂ ਸਿੱਧੇ ਰਾਹ ਹੀ ਨਹੀਂ ਪਾਇਆ, ਸਗੋਂ ਉਸ ਨੂੰ ਆਪਣੇ ਵਿਰਸੇ ਦੀਆਂ ਮਹਾਨ ਰਵਾਇਤਾਂ ਦੇ ਦਰਸ਼ਨ ਵੀ ਕਰਵਾਏ ਹਨ। ਉਨ੍ਹਾਂ ਲਈ ਇਸ ਘੋਲ ਨੇ ਆਪਣੇ ਵਿਰਸੇ ਨੂੰ ਜੀਣ ਤੇ ਹੰਢਾਉਣ ਦਾ ਮਾਹੌਲ ਸਿਰਜਿਆ ਹੈ। ਨਾਲ ਹੀ ਜਵਾਨੀ ਨੂੰ ਪੰਜਾਬ ਦੀ ਹੋਂਦ ਬਚਾਈ ਰੱਖਣ ਅਤੇ ਇਸ ਦੀ ਵਿਰਾਸਤ ਤੇ ਜਮੀਨ ਨੂੰ ਹਰਿਆ-ਭਰਿਆ ਰੱਖਣ ਦੀ ਜਿ਼ੰਮੇਵਾਰੀ ਵੀ ਸੌਂਪ ਦਿੱਤੀ ਹੈ।