ਗੱਜਣਵਾਲਾ ਸੁਖਮਿੰਦਰ (ਚੰਡੀਗੜ੍ਹ ਤੋਂ)
ਫੋਨ: +91-99151-06449
ਮਾਝੇ ਵਾਲੀ ਭੂਆ ਕਿਹਾ ਕਰਦੀ ਸੀ, ਬੇ-ਜ਼ਮੀਨਿਆਂ ਦੇ ਧੀ ਨਹੀਂ ਵਿਆਹੁਣੀ: ਜ਼ਮੀਨ ਤਾਂ ਔਰਤ ਦਾ ਦੂਜਾ ਖਸਮ ਹੁੰਦੈ।
ਜ਼ਮੀਨ, ਪੈਲੀ, ਭੋਇੰ ਮਾਤਰ ਕਣਕਾਂ-ਝੋਨੇ ਤੇ ਹੋਰ ਫਸਲਾਂ ਉਗਾਉਣ ਦਾ ਹੀ ਜ਼ਰੀਆ ਨਹੀਂ, ਰੋਜ਼ੀ ਰੋਟੀ ਤੇ ਭੁੱਖ ਮਿਟਾਉਣ ਦੇ ਵਸੀਲੇ ਤੋਂ ਉਪਰ ਉਠ ਕੇ, ਇਹ ਪੰਜਾਬੀਆਂ ਦੀ ਸਦੀਆਂ ਦੀ ਕਮਾਈ ਹੋਈ ਵਿਰਾਸਤ ਹੈ। ਇਹ ਜੱਟ/ਕਿਸਾਨ ਦੇ ਮਹੀਨ ਸਭਿਆਚਾਰ ਦਾ ਉਹ ਮਰਕਜ਼ੀ ਅਸਾਸਾ ਹੈ, ਜਿਸ ਦੁਆਲੇ ਤਮਾਮ ਖਿਤੇ ਦੇ ਸੰਸਕਾਰ ਜੁੜੇ ਹਨ। ਬਰੇ-ਸਾਗੀਰ ਦੇ ਇਸ ਖਿੱਤੇ ਵਿਚ, ਜੋ ਅੱਜ ਦੇ ਪੰਜਾਬੀ ਕਲਚਰ ਦੀ ਉਚਤਮਤਾ ਦੀ ਗੱਲ ਹੈ, ਉਹ ਜ਼ਮੀਨ ਦੇ ਪਰਿਪੇਖ ‘ਚੋਂ ਹੀ ਲਿਸ਼ਕਦੀ ਹੈ। ਇਸ ਕੁਰਾ-ਏ-ਅਰਜ਼ ਵਿਚ ਪੰਜਾਬੀਆਂ ਦੇ ਇਸ ਧਰਾਤਲ ਨੂੰ ਜੋ ਰੰਗ ਭਾਗ ਲੱਗੇ ਹਨ, ਉਹ ਸਾਰੇ ਜ਼ਮੀਨ ਦੇ ਬਦੌਲਤ ਹਨ। ਕੁੱਲ ਲੁਬੇ-ਲੁਬਾਬ ਇਹ ਹੈ ਕਿ ਪੰਜਾਬੀਆਂ ਦੇ ਸ਼੍ਰੇਸ਼ਠ ਕਲਚਰ ਨੂੰ ਇਥੋਂ ਦੀ ਮਿੱਟੀ ਤੋਂ ਵੱਖਰਾ ਕਰ ਕੇ ਵੇਖਿਆ ਹੀ ਨਹੀਂ ਜਾ ਸਕਦਾ।
ਪੜੇ੍ਹ-ਲਿਖੇ ਵੱਡੀਆਂ ਡਿਗਰੀਆਂ ਵਾਲੇ, ਸ਼ਹਿਰੀ ਜੀਵਨ ਦੇ ਭੇਚਲੇ ਹੋਏ ਲੋਕ ਅਕਸਰ ਤਨਜ਼ੀ ਲਹਿਜੇ ਵਿਚ ਆਖ ਦਿੰਦੇ ਹਨ, ਇਹ ਜੱਟ/ਕਿਸਾਨ ਆਪਣੀਆਂ ਲੜਕੀਆਂ ਦੇ ਸਾਕ ਜ਼ਮੀਨਾਂ ਨੂੰ ਕਰਦੇ ਹਨ, ਹੋਰ ਕੁਝ ਨਹੀਂ ਵੇਖਦੇ। ਜਦ ਵੀ ਕੁੜੀ ਵਾਲਿਆਂ ਨੂੰ ਦੱਸ ਪਾਈ ਜਾਂਦੀ ਹੈ ਤਾਂ ਅੱਗੋਂ ਸੁਆਲ ਹੁੰਦਾ, ਮੁੰਡੇ ਨੂੰ ਪੈਲੀ ਕਿੰਨੀ ਆਉਂਦੀ ਹੈ? ਜ਼ਮੀਨ ਆਉਂਦੀ ਵੀ ਹੈ ਜਾਂ ਨਹੀਂ? ਇਨ੍ਹਾਂ ਕਿਤਾਬੀ ਗਿਆਨਵਾਨਾਂ ਨੂੰ ਇਹ ਇਲਮ ਨਹੀਂ ਕਿ ਕਿਸਾਨੀ ਕਲਚਰ ਦੇ ਸਵੈਮਾਣ/ਸਵੈਸੰਤੁਸ਼ਟੀ ਦਾ ਵੱਡਾ ਜ਼ਖੀਰਾ ਜ਼ਮੀਨ ਹੀ ਹੈ।
ਜ਼ਮੀਨ ਉਹ ਅਚੱਲ ਸੰਪਦਾ ਹੈ, ਜੋ ਧਰਤੀ ਨਾਲ ਜੁੜੇ ਮਖਲੂਕ ਦਾ ਪੁਸ਼ਤ-ਦਰ-ਪੁਸ਼ਤ ਪਾਲਣ ਪੋਸਣ ਕਰਦੀ ਰਹੀ। ਪੀੜ੍ਹੀਆਂ ਨੂੰ ਅੱਗੇ ਤੋਰਨ ਦਾ ਸਬੱਬ ਬਣੀ ਰਹੀ। ਦੁੱਖਾਂ-ਸੁੱਖਾਂ ਵੇਲੇ ਹਰ ਪੂਰਤੀ ਦੇ ਸਮਰੱਥ ਬਣੀ। ਆਪਣੇ ਮਾਲਕ ਦੀ ਮਾਣ ਮਰਿਆਦਾ ਵਿਚ ਵਾਧਾ ਕਰਦੀ ਰਹੀ। ਉਸ ਦੇ ਹਾਸਿਆਂ-ਖੇਡਿਆਂ ਦਾ ਦੀਰਘ ਹਿੱਸਾ ਬਣਦੀ ਰਹੀ। ਇਸ ਲਈ ਜ਼ਮੀਨ ਦੀ ਕੀਮਤ ਇਕ ਕਿਸਾਨ ਹੀ ਸਮਝ ਸਕਦਾ ਹੈ ਤੇ ਜਾਣ ਸਕਦਾ ਹੈ। ਜ਼ਮੀਨ ਦਾ ਸਹੀ ਮੁਤਾਲਿਆ ਪੈਲੀ ਨਾਲ ਜੁੜਿਆ ਮਨੁੱਖ ਕਿਸਾਨ ਹੀ ਕਰ ਸਕਦਾ ਹੈ। ਸੋ ਉਹ ਮਨੁੱਖ, ਜਿਸ ਨੇ ਆਪਣੀ ਪੀੜ੍ਹੀ ਨੂੰ ਸੰਤੁਸ਼ਟ ਅਤੇ ਵਧਦਾ ਫੁਲਦਾ ਵੇਖਣਾ ਹੈ, ਉਹ ਤਾਂ ਫਿਰ ਇਹ ਗੱਲ ਹਮੇਸ਼ਾ ਪੁੱਛਦਾ ਹੀ ਰਹੂਗਾ, ਮੁੰਡੇ ਨੂੰ ਜ਼ਮੀਨ ਕਿੰਨੀ ਕੁ ਆਉਂਦੀ ਹੈ?
ਪੰਜਾਬੀ ਸਭਿਆਚਾਰ ਦੇ ਜ਼ਮੀਨੀ ਹਕੀਕਤ ਨਾਲ ਜੁੜੇ ਹੋਏ ਬਹੁਤ ਹੀ ਸੁਹਾਵਣੇ ਮਲਟੀ ਡਾਈਮੈਨਸ਼ਨਲ ਰੰਗ ਹਨ। ਜਿਨ੍ਹਾਂ `ਚੋਂ ਇਸ ਖਿੱਤੇ ਦੀ ਮਿੱਟੀ ਨਾਲ ਜੁੜਿਆ ਇਕ ਪ੍ਰਮਾਣਕ ਰੰਗ ਲੋਕ-ਫੋਕ ਹੈ। ਸਾਡੀ ਲੋਕ ਧਾਰਾ ਦਾ ਤਾਂ ਬਹੁਤ ਹੀ ਨਿਆਰਾ ਰੰਗ ਹੈ। ਗਾਇਕ ਕੁਲਦੀਪ ਮਾਣਕ ਦੇ ਜਦ ਆਹ ਬੋਲ ਖੁੱਲੇ੍ਹ ਅਸਮਾਨ ਹੇਠ ਉਚਰਦੇ ਹਨ ਤਾਂ ਇਕ ਮਾਲਦਾਰ ਵਿਰਸੇ ਦੀ ਗੱਲ ਉਭਰ ਕੇ ਦਿਸਣ ਲੱਗ ਪੈਂਦੀ ਹੈ,
ਬੂਰ ਪਿਆ ਕਣਕਾਂ ਨੂੰ ਮਾਏ
ਵਿਚ ਬਾਗਾਂ ਅੰਬੀਆਂ ਪੱਕੀਆਂ।
ਅੱਗ ਦੇ ਭਾਂਬੜ ਵਰਗੀਆਾਂ ਧੀਆਂ
ਨੀ ਤੂੰ ਸਾਂਭ ਬੁੱਕਲ ਵਿਚ ਰੱਖੀਆਂ।
ਗਿਣਵੇਂ ਦਿਨਾਂ ਦੀਆਂ ਸਾਂਝਾਂ ਵੇ ਬਾਬਲ
ਅਸਾਂ ਸਿਦਕਾਂ ਨਾਲ ਨਿਭਾਈਆਂ।
ਕੂੰਜਾਂ ਵਾਂਗ ਪ੍ਰਾਹੁਣੀਆਂ ਧੀਆਂ
ਵੇ ਤੇਰੇ ਵੇਹੜੇ ਦੋ ਦਿਨ ਆਈਆਂ।
ਜਦੋਂ ਸਾਡੀ ਗੀਤਕਾਰੀ ਤੇ ਗਾਈਕੀ ਵਿਚੋਂ ਆਹ ਲਾਈਨਾਂ ਸਾਡੇ ਕੰਨਾਂ ਵਿਚ ਦਾਖਲ ਹੁੰਦੀਆਂ,
ਚੜ੍ਹੀ ਜਵਾਨੀ ਮੱਖਣਾਂ,
ਡੋਕੇ ਚੁੰਘ ਕੇ ਬੂਰੀ ਦੇ।
ਭਰ ਭਰ ਖਾਧੇ ਛੰਨੇ
ਘਿਉ ਦੀ ਚੂਰੀ ਦੇ।
ਤੇ ਫਿਰ,
ਖੇਡਣ ਵੇਖ ਕਬੱਡੀ ਜੋਧੇ ਪੁੱਤਰ ਮਾਂਵਾਂ ਦੇ।
ਸ਼ੇਰਾਂ ਵਾਂਗੂੰ ਪਾਲੇ ਆ ਮਾਪਿਆਂ ਨੇ ਚਾਵਾਂ ਦੇ।
ਇਹ ਉਪਰਲੇ ਸਾਰੇ ਅਲਫਾਜ਼ ਸਾਡੀ ਮਿੱਟੀ `ਚੋਂ ਹੀ ਪੁੰਗਰੇ ਇਕ ਖਾਸ ਰੰਗ ਦੀ ਚਮਕ ਹੀ ਤਾਂ ਦੇ ਰਹੇ ਹਨ।
ਇਸ ਪੰਜਾਬ ਦੇ ਖਿੱਤੇ `ਚੋਂ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ ਦੇ ਨਾਲ ਟਾਕਰੇ ਹੁੰਦੇ ਰਹੇ ਤੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਸਰਕਾਰਾਂ ਦੇ ਖਿਲਾਫ ਕਈ ਲਹਿਰਾਂ ਉਠੀਆਂ, ਇਤਿਹਾਸਕ ਸੰਘਰਸ਼ ਹੋਏ; ਪਰ ਜੋ ਸਮੁੱਚੀ ਪੰਜਾਬੀ ਚੇਤਨਾ ਦਾ ਲੋਕ ਰੋਹ ਕੇਂਦਰ ਸਰਕਾਰ ਦੇ ਵਿਰੁੱਧ ਆਕ੍ਰੋਸ਼ ਇਸ 2020 ਦੇ ਕਿਸਾਨ ਅੰਦੋਲਨ ਵੇਲੇ ਹੋਇਆ ਤੇ ਮੁਸੱਲਸਲ ਜਾਰੀ ਹੈ, ਇਸ ਨੇ ਤਾਂ ਇਕ ਤਵਾਰੀਖੀ ਮਿਸਾਲ ਹੀ ਕਾਇਮ ਕਰ ਲਈ ਹੈ। ਬੇਸ਼ੱਕ ਪਹਿਲੇ ਸੰਘਰਸ਼ਾਂ ਦੌਰਾਨ ਵੀ ਸਫਲਤਾਵਾਂ ਮਿਲੀਆਂ, ਜਿੱਤਾਂ ਹਾਸਲ ਕੀਤੀਆਂ, ਪਰ ਇਸ ਵਾਰ ਪੰਜਾਬੀ ਕਿਸਾਨੀ ਵਰਗ ਦਾ ਕੇਂਦਰ ਸਰਕਾਰ ਵੱਲੋਂ ਲਿਆਂਦੇ/ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿੱਲਾਂ ਦੇ ਬਰਖਿਲਾਫ ਜੋ ਏਕਾ ਵੇਖਣ ਨੂੰ ਮਿਲਿਆ ਹੈ, ਇਸ ਨੇ ਸਾਰੇ ਹਿੰਦੋਸਤਾਨ ਨੂੰ ਇਕ ਵਾਰ ਹਿਲਾ ਕੇ ਰੱਖ ਦਿੱਤਾ ਹੈ। ਪੰਜਾਬੀ ਕਿਸਾਨਾਂ ਦੇ ਬੇਰੋਕ ਹੜ੍ਹ ਨੇ ਰਾਜਧਾਨੀ ਦੇ ਪੈਰੀਫੇਰੀ ਦੁਆਲੇ ਘੇਰਾ ਘੱਤ ਕੇ ਪਹਿਲੇ ਸਾਰੇ ਪ੍ਰੋਟੈਸਟਾਂ ਨੂੰ ਮਾਤ ਹੀ ਪਾ ਦਿੱਤੀ ਹੈ। ਇਸ ਸਮੂਹਿਕ ਪੰਜਾਬੀ ਚੇਤਨਾ ਨੂੰ ਜਾਣਨ ਤੋਂ ਪਹਿਲਾਂ ਪੰਜਾਬੀ ਕਿਸਾਨੀ ਦੇ ਹਿਰਦੇ ਅੰਦਰਲੀ ਲੰਮੇਰੀ ਪੀੜ੍ਹਾ ਨੂੰ ਜਾਣਨਾ ਪਵੇਗਾ।
ਪਹਿਲੇ ਜਿੰਨੇ ਵੀ ਸੰਘਰਸ਼ ਸਰਕਾਰਾਂ ਵਿਰੁੱਧ ਵਿਰੋਧ ਹੋਏ, ਉਹ ਖਾਸ ਮੁੱਦਿਆਂ ‘ਤੇ ਅਧਾਰਤ ਸਨ, ਪਰ ਉਹ ਇਸ ਕਿਸਾਨੀ ਅੰਦੋਲਨ ਵਾਂਗ ਸਮੂਹਿਕ ਚੇਤਨਾ ਦਾ ਹਿੱਸਾ ਨਹੀਂ ਸੀ ਬਣੇ। ਇਸ ਵਾਰ ਤਾਂ ਮਖਲੂਕ ਨੇ ਇਕ ਤਰ੍ਹਾਂ ਨਾਲ ਕਰੋ ਜਾਂ ਮਰੋ ਵਰਗੀ ਸ਼ਿੱਦਤ ਅਖਤਿਆਰ ਕਰ; ਆਖਰੀ ਸਵਾਸਾਂ ਤਕ ਜੂਝਣ ਦੀ ਤਹਿਰੀਕ ਵਿੱਢ ਲਈ ਜਾਪਦੀ ਹੈ।
ਇਸ ਅੰਦੋਲਨ ਦੀ ਬੁਲੰਦੀ ਦਾ ਮੂਲ ਕਾਰਨ ਕਿਸਾਨੀ ਜਨ-ਸਮੂਹ ਨੂੰ ਕੁੱਲ ਖੇਤੀ `ਤੇ ਨਿਰਭਰ ਪਿੰਡ ਦੁਨੀਆਂ ਨੂੰ ਆਪਣਾ ਭੈਅਭੀਤ ਭਵਿੱਖ ਨਜ਼ਰ ਆ ਰਿਹਾ ਹੈ। ਆਪਣੇ ਅਮੀਰ ਵਿਰਸੇ ਦੇ ਖੁੱਸਣ ਦੀ ਭਿਆਨਕ ਤਸਵੀਰ ਬਰੂਹਾਂ ‘ਤੇ ਆਈ ਖਲੋਤੀ ਦਿਸਦੀ ਹੈ। ਐਂ ਜਾਪਦਾ ਹੈ, ਭਾਰਤ ਦਾ ਮਰਕਜ਼ੀ ਨਿਜ਼ਾਮ, ਪੰਜਾਬੀ ਸਭਿਆਚਾਰ ਦੇ ਅਸਲ ਸਾਰ/ਸੱਚ ਨੂੰ ਸਮਝਣ ਤੋਂ ਵਿਰਵਾ ਰਹਿ ਗਿਆ ਹੈ। ਕੇਂਦਰ ਨੇ ਪੰਜਾਬ ਦੇ ਇਸ ਧਰਾਤਲ ਨੂੰ ਦੇਸ਼ ਦੇ ਹੋਰ ਸੂਬਿਆਂ ਦੀ ਜਿਨਸੀ ਮਾਨਸਿਕਤਾ ਵਰਗਾ ਹੀ ਸਮਝ ਕੇ ਆਪਣੇ ਆਪ ਨੂੰ ਇਕ ਬੇਲੋੜੇ ਬਿਖੜੇ ਮਾਰਗ ‘ਤੇ ਸੁੱਟ ਲਿਆ ਹੈ। ਉਸ ਨੇ ਪੰਜਾਬੀ ਕਿਸਾਨੀ ਜੈਨੇਟਿਕ (ਰੇਸ) ਨੂੰ ਪਛਾਣਨ ਦੀ ਕੋਸ਼ਿਸ਼ ਨਹੀਂ ਕੀਤੀ ਜਾਪਦੀ। ਕੇਂਦਰ ਇਥੋਂ ਦੇ ਜਨ-ਸਮੂਹ ਦੇ ਅੰਤਰੀਵ ਜਜ਼ਬਾਤ ਦਾ ਭੇਦ ਨਾ ਪਾਉਂਦਾ ਹੋਇਆ, ਬੇਲੋੜਾ ਕਲੇਸ਼ ਸਹੇੜ ਬੈਠਾ ਹੈ।
ਇਹ ਤਾਂ ਪੋਰਸ ਸਿਕੰਦਰਾਂ ਦੀ ਧਰਤੀ ਰਹੀ, ਇਥੋਂ ਤਾਂ ਅਬਦਾਲੀਆਂ ਧਾੜਵੀਆਂ ਨੂੰ ਹਿੱਕ ਠੋਕਵੀਆਂ ਠੱਲ੍ਹਾਂ ਪੈਂਦੀਆਂ ਰਹੀਆਂ। ਇਥੋਂ ਦੀ ਅਣਖ ਨੇ ਤਾਂ ਸੀਸਾਂ ਦੀ ਪਰਵਾਹ ਨਹੀਂ ਕੀਤੀ, ਆਪਣੇ ਮਾਸੂਮ ਬੱਚੇ ਨੇਜ਼ਿਆਂ ‘ਤੇ ਟੰਗਵਾ ਦਿੱਤੇ।
ਇਸ ਵੇਲੇ ਕਿਸਾਨੀ ਪ੍ਰੋਟੈਸਟ ਜਿਹਾਦ ਵਰਗੀ ਸ਼ਕਲ ਅਖਤਿਆਰ ਕਰ ਗਿਆ ਹੈ। ਕਿਸਾਨ ਨੂੰ ਆਪਣੇ ਅਮੀਰ ਵਿਰਸੇ ਦੇ ਗੁਆਚ ਜਾਣ ਦਾ ਵੱਡਾ ਤੌਖਲਾ ਹੈ, ਉਨ੍ਹਾਂ ਲਈ ਆਪਣੀ ਹੋਂਦ ਬਚਾਉਣ ਲਈ ਚੈਲੇਂਜ ਦਿਸ ਰਿਹਾ ਹੈ।
ਪੰਜਾਬੀਆਂ ਦੇ ਲੋਕ-ਰੋਹ ਦੀ ਅਸਚਰਜਤਾ ਇਹ ਹੈ ਕਿ ਇਸ ਵਾਰ ਪੰਜਾਬ ਦੇ ਹਰ ਪਿੰਡ ਦਾ, ਹਰ ਘਰ ਘਰ ਅੰਦੋਲਨ ਵਿਚ ਹਿੱਸਾ ਲੈਣ ਲਈ ਤਤਪਰ ਸਮਰਪਿਤ ਹੋ ਚੁਕਾ ਹੈ। ਨੌਜਵਾਨੀ ਨੂੰ ਘਰੇ ਬੈਠਣਾ ਆਪਣੇ ਆਪ ਨੂੰ ਗੁਨਾਹਗਾਰ ਮਹਿਸੂਸ ਕਰ ਰਿਹਾ ਹੈ। ਜੱਟਾਂ ਵਿਚ ਇਹ ਧਾਰਨਾ ਪ੍ਰਚੱਲਤ ਹੈ ਕਿ ਵਿਆਹ ਤੋਂ ਇਕ ਦਾ ਮੂੰਹ ਦੂਜੇ ਪਾਸੇ, ਦੂਜੇ ਦਾ ਉਲਟ ਪਾਸੇ, ਆਪਸ ਵਿਚ ਬਣਦੀ ਹੀ ਨਹੀਂ ਹੁੰਦੀ; ਪਰ ਇਸ ਸੰਘਰਸ਼ ਨੇ ਆਪਸੀ ਰੌਲਿਆਂ, ਭਿੰਨ-ਭੇਦਾਂ ਦੇ ਸਮੀਕਰਨ ਹੀ ਬਦਲ ਦਿੱਤੇ। ਇਕ ਵਾਢਿਓਂ ਸਭ ਨੇ ਘਰ-ਬਾਰ ਦੇ ਕੰਮ ਔਰਤਾਂ ਨੂੰ ਸੰਭਾਲ, ਸਿੰਘੂ-ਟੀਕਰੀ ਦਿੱਲੀ ਬਾਰਡਰਾਂ ਵੱਲ ਵਹੀਰਾਂ ਘੱਤ ਦਿੱਤੀਆਂ। ਪਿੰਡਾਂ ਵਿਚ ਬਹੁਤੀਆਂ ਜ਼ਮੀਨਾਂ ਵਾਲੇ ਸੌਖੇ ਬੰਦੇ ਜੋ ਚੂੰਡੀ ਨਹੀਂ ਸੀ ਵਢਾਉਂਦੇ, ਆਪ ਤੋਂ ਛੋਟੇ ਨਾਲ ਚੱਜ ਨਾਲ ਗੱਲ ਨਹੀਂ ਸੀ ਕਰਦੇ, ਦੂਰੀ ਬਣਾ ਕੇ ਰੱਖਦੇ ਸਨ-ਉਹ ਵੀ ਸਾਰੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਵਿਸਾਰ ਕੇ ਦਿਲ ਖੋਲ੍ਹ ਕੇ, ਜੱਫੀਆਂ ਪਾ ਕੇ ਸੰਘਰਸ਼ ਵਿਚ ਅੱਗੇ ਹੋ ਕੇ ਚੱਲ ਪਏ। ਸਿਆਣਿਆਂ ਸੱਚ ਕਿਹਾ, ਜਦੋਂ ਅੱਤ ਤੇ ਰੱਬ ਦਾ ਵੈਰ ਹੋ ਜਾਵੇ, ਉਸ ਵੇਲੇ ਸਾਰੇ ਇਕੱਠੇ ਹੋ ਹੀ ਜਾਇਆ ਕਰਦੇ ਹਨ।
ਕਿਸਾਨਾਂ ਨੂੰ ਕੇਂਦਰੀ ਨਿਜ਼ਾਮ ਦੀ ਅਸਲ ਨੀਅਤ ਦਾ ਪਤਾ ਲੱਗ ਗਿਆ ਹੈ। ਕਿਸਾਨ ਨੂੰ ਖਦਸ਼ਾ ਹੈ ਕਿ ਹਿੰਦੋਸਤਾਨੀ ਸਰਕਾਰ ਕਿਸਾਨੀ ਦਾ ਖੁਰਾ ਖੋਜ ਮਿਟਾਉਣ ਦੀ ਤਾਕ ਵਿਚ ਹੈ। ਜਦੋ ਇਨ੍ਹਾਂ ਨੂੰ ਅਮਨ ਭੰਡਾਰ ਲਈ ਸਾਡੀ (ਹਰਿਆਣੇ ਤੇ ਪੰਜਾਬ) ਲੋੜ ਸੀ, ਉਦੋਂ ਸਾਡੀ ਇਹ ਵਡਿਆਈ ਕਰਦੇ ਨਹੀਂ ਸੀ ਥੱਕਦੇ, ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਲਾਉਂਦੇ ਸਨ। ਹੁਣ ਯੂ. ਪੀ., ਬਿਹਾਰ ਵਿਚ ਚਾਰ ਦਾਣੇ ਹੋਣ ਲੱਗ ਪਏ, ਅਸੀਂ ਚੰਗੇ ਲੱਗਣੋਂ ਹਟ ਗਏ। ਪਾਣੀ ਨਿਕਲਿਆ ਤੇ ਖਵਾਜ਼ਾ ਵਿਸਰਿਆ! ਸੋਚੋ! ਐਦੂੰ ਮਾੜਾ ਕੀ ਹੋਊ ਆਪਣੇ ਦੇਸ਼ ਵਾਸੀਆਂ ਨਾਲ ਹੀ ਅਕ੍ਰਿਤਘਣ।
ਬਾਹਰਲੇ ਦੇਸ਼ ਕੈਨੇਡਾ, ਅਮਰੀਕਾ ਵਰਗੇ ਜਿਥੇ ਬੇਘਰੇ ਹਨ, ਜੋ ਕੋਈ ਕੰਮਕਾਰ ਨਹੀਂ ਕਰ ਸਕਦੇ, ਸਰਕਾਰਾਂ ਉਨ੍ਹਾਂ ਦੇ ਰਹਿਣ ਸਹਿਨ ਦਾ ਪੂਰਾ ਬੰਦੋਬਸਤ ਕਰਦੀਆਂ, ਉਨ੍ਹਾਂ ਨੂੰ ਰਹਿਣ ਲਈ ਘਰ ਦਿੰਦੀਆਂ; ਕੋਕ ਬਰਗਰ, ਫਲ ਵਗੈਰਾ ਬਹੁਤ ਕੁਝ ਮੁਫਤ ‘ਚ ਦਿੰਦੀਆਂ। ਜਾਣੋ ਸਾਰੀਆਂ ਸਹੂਲਤਾਂ ਉਨ੍ਹਾਂ ਨੂੰ ਦਿੰਦੀਆਂ ਹਨ, ਜੋ ਭੋਰਾ ਭਰ ਵੀ ਕੰਮ ਨਹੀਂ ਕਰ ਸਕਦੇ। ਪਰ ਐਧਰ ਸਾਡੇ ਨਿਰਾਲੇ ਆਲਮ ਵਾਲਿਆਂ ਦੀ ਸੋਚ ਵੇਖ ਲਵੋ, ਉਤਰੀ ਭਾਰਤ ਦਾ ਕਿਸਾਨ ਜੋ ਅੱਜ ਵੀ ਅੱਧੇ ਦੇਸ਼ ਦਾ ਢਿੱਡ ਭਰਦਾ, ਲੋੜਵੰਦਾਂ ਦੇ ਮੂੰਹਾਂ ‘ਚ ਰੋਟੀ ਪਾਉਂਦਾ, ਉਸ ਅੰਨਦਾਤੇ ਦਾ ਸੰਵਾਰਨਾ ਤਾਂ ਦੂਰ ਦੀ ਗੱਲ, ਉਸ ਨੂੰ ਉਜਾੜਨ, ਘਰੋਂ ਬੇਘਰ ਕਰਨ ‘ਤੇ ਤੁਲੀ ਹੋਈ ਹੈ। ਕਿਸਾਨ ਇਸ ਖਦਸ਼ੇ ‘ਚ ਉਤਰ ਗਿਆ ਹੈ: ਗੌਰਮਿੰਟ ਉਨ੍ਹਾਂ ਦੀਆਂ ਜ਼ਮੀਨਾਂ ਕਾਰਪੋਰੇਟਾਂ ਦੇ ਹਵਾਲੇ ਕਰਨ ਨੂੰ ਫਿਰਦੀ ਹੈ।
ਹਿੰਦੂ ਬਾਣੀਏ ਨੂੰ ਕੀ ਇਲਮ ਕਿ ਜ਼ਮੀਨ ਕੀ ਹੁੰਦੀ ਹੈ। ਜ਼ਮੀਨ ਦੀ ਅਹਿਮੀਅਤ ਦਾ ਤਾਂ ਕਿਸਾਨ/ਜੱਟ ਹੀ ਦੱਸ ਸਕਦਾ, ਜਿਸ ਨਾਲ ਉਸ ਦੇ ਸਾਰੇ ਮਰਨੇ-ਪਰਨੇ ਜੁੜੇ ਹਨ। ਸਦੀਆਂ ਤੋਂ ਪੁਸ਼ਤ-ਦਰ-ਪੁਸ਼ਤ ਚਲਦੇ ਜੀਵਨ ਨਿਰਬਾਹ ਵਿਚ ਕਿਸ ਕਦਰ ਜ਼ਮੀਨ ਦਾ ਰੋਲ ਹੈ, ਕਿਸ ਤਰ੍ਹਾਂ ਇਸ ਖਿੱਤੇ ਦੀ ਮਿੱਟੀ ਕਿਸਾਨਾਂ ਦੇ ਮਨਾਂ ਵਿਚ ਧਾਸੂੰ ਜਗ੍ਹਾ ਬਣਾ ਚੁੱਕੀ ਹੈ।
ਕੋਈ ਵੇਲਾ ਸੀ ਜਦ ਕਿਸਾਨ ਦਾ ਪੁੱਤਰ ਜਾਂ ਉਸ ਦੇ ਸੀਰੀ ਦਾ ਪੁੱਤਰ ਹਲ ਦੀ ਜੰਗੀ ਫੜਨ ਦੇ ਯੋਗ ਹੋ ਜਾਂਦਾ ਤਾਂ ਸਿਆਣੇ ਜਾਣ ਲੈਂਦੇ ਬਈ ਮੁੰਡਾ ਹੁਣ ਵਿਆਹੁਣ ਦੇ ਕਾਬੁਲ ਹੋ ਗਿਆ, ਭੁੱਖਾ ਨ੍ਹੀਂ ਮਰੂਗਾ। ਜੱਟ ਦੇ ਤਾਂ ਸਾਰੇ ਸੰਸਕਾਰ ਜ਼ਮੀਨ ਨਾਲ ਜੁੜੇ ਪਏ ਹਨ। ਫਿਰ ਜਦ ਐਨਾ ਵੱਡਾ ਨੁਕਸਾਨ ਹੁੰਦਾ ਦਿਸ ਰਿਹਾ ਹੋਵੇ, ਤਦ ਜੱਟ ਕਿਸਾਨ ਅੰਦਰ ਭਿਆਨਕ ਰੋਹ ਭੈਅ ਤਾਂ ਜਾਗੂਗਾ ਹੀ ਨਾ।
ਇਸ ਅੰਦੋਲਨ ਦੇ ਪੂਰਨ ਪਸਮੰਜਰ ਵਿਚ ਵੇਖਿਆ ਜਾਵੇ ਤਾਂ ਰਣਜੀਤ ਕੌਰ ਤੇ ਸਦੀਕ ਦੀਆਂ ਗਾਈਆਂ ਆਹ ਲਾਈਨਾਂ ਕਿਤੇ ਕਿਤੇ ਪੂਰੀਆਂ ਢੁਕਦੀਆਂ ਲਗਦੀਆਂ,
ਕੁਝ ਲੁੱਟ ਲਈ ਮੈਂ ਪਿੰਡ ਦਿਆਂ ਪੈਂਚਾਂ,
ਕੁਝ ਲੁੱਟ ਲਈ ਸਰਕਾਰਾਂ ਨੇ…।
ਸੱਚਮੁੱਚ ਸਾਡੀਆਂ ਕੇਂਦਰੀ ਤੇ ਸੂਬਾਈ ਸਰਕਾਰਾਂ ਦੀਆਂ ਸਿਆਸਤਾਂ ਨੇ ਇਸ ਅੰਨਦਾਤੇ ਦਾ ਚੱਜ ਨਾਲ ਕਦੇ ਵੀ ਭਲਾ ਨਹੀਂ ਲੋਚਿਆ। ਸਗੋਂ ਇਸ ਨੂੰ ਹੈਲਥ, ਐਜੂਕੇਸ਼ਨ ਪੱਖੋਂ ਨੰਗ ਕਰਨ ‘ਤੇ ਹੀ ਬੜੀ ਢੀਠਾਈ ਨਾਲ ਤੁਲੀਆਂ ਰਹੀਆਂ। ਸਭ ਨੇ ਇਸ ਅੰਨਦਾਤੇ ਨੂੰ ਦੋਨੀਂ ਹੱਥੀ ਲੁੱਟਿਆ, ਵਰਤਿਆ ਤੇ ਆਪਣੀਆਂ ਤਿਜੌਰੀਆਂ ਨੂੰ ਭਰਨ ‘ਚ ਲੱਗੇ ਰਹੇ। ਆਪਣੀ ਰਾਜ ਸੱਤਾ ਪਿੱਛੇ ਪੰਜਾਬੀਆਂ ਦਾ ਧਨਵਾਨ ਭਾਈਚਾਰਾ ਟੁਕੜੇ-ਟੁਕੜੇ ਕਰ ਕੇ ਵੰਡ ਕੇ ਰੱਖ ਦਿੱਤਾ। ਪਿੰਡਾਂ, ਕਸਬਿਆਂ, ਮੁਹੱਲਿਆਂ, ਫਲਿਆਂ ਵਿਚ ਦੁਸ਼ਮਣੀਆਂ ਪਾ ਦਿੱਤੀਆਂ। ਚੰਗੀ ਭਲੀ ਵਸਦੀ ਰਸਦੀ ਪੇਂਡੂ ਦੁਨੀਆਂ ਵਿਚ ਵਿਤਕਰੇਬਾਜ਼ੀ ਖੜ੍ਹੀ ਕਰ ਦਿੱਤੀ, ਸਿਰਫ ਆਪਣੇ ਮੁਫਾਦ ਪਿੱਛੇ।
ਇਸ ਵੇਲੇ ਜੇ ਕਿਸੇ ਨੂੰ ਸਿਹਰਾ ਜਾਂਦਾ ਹੈ, ਉਹ ਹੈ ਕਿਸਾਨ ਯੂਨੀਅਨਾਂ ਵੱਲ, ਕਿਸਾਨ ਤਨਜ਼ੀਮਾਂ ਵੱਲ, ਜੋ ਲੰਮੇਰੇ ਸੰਘਰਸ਼ ਤੋਂ ਬਾਅਦ ਕਿਸਾਨਾਂ ਨੂੰ ਇਕੱਠੇ ਕਰਨ, ਦਿਲੋਂ ਇਕ ਪਲੈਟਫਾਰਮ ‘ਤੇ ਲਿਆਉਣ ਵਿਚ ਸਫਲ ਹੋ ਸਕੀਆਂ, ਆਪਣਾ ਵਿਸ਼ਵਾਸ ਬਹਾਲ ਕਰਨ ਵਿਚ ਕਾਮਯਾਬ ਹੋਈਆਂ ਹਨ। ਕਿਸਾਨ ਵਰਗ ਦੀ ਵੀ ਕਮਾਲ ਦੀ ਖੁਬਸੂਰਤੀ ਹੈ, ਜਿਨ੍ਹਾਂ ਇਕੋ ਝਟਕੇ ਨਾਲ ਸੱਤਰ ਸਾਲਾਂ ਤੋਂ ਮਾਸ ਚੂੰਡ ਰਹੀਆਂ ਸਿਆਸੀ ਪਾਰਟੀਆਂ ਨੂੰ ਪਰ੍ਹਾਂ ਵਗਾ ਕੇ ਮਾਰਿਆ ਤੇ ਉਨ੍ਹਾਂ ਨੂੰ ਗੁਨਾਹਗਾਰ ਹੋਣ ਦਾ ਅਹਿਸਾਸ ਕਰਵਾ ਦਿੱਤਾ।
ਇਸ ਲਹਿਰ ਵਿਚ ਜੋ ਰੱਬੀ ਜਲੌਅ ਵੇਖਣ ਨੂੰ ਮਿਲਿਆ, ਜੋ ਅਸਚਰਜ ਕੌਤਕ ਭਾਣਾ ਵਰਤਿਆ ਹੈ, ਉਹ ਹੈ ਸਾਡੇ ਖਿਤੇ ਦੀ ਨੌਜਵਾਨੀ ਦਾ ਲੋਕ ਰੋਹ। ਇਕ ਵਾਰ ਫਿਰ ਸਾਬਤ ਹੋ ਗਿਆ ਹੈ, ਸਾਡੀ ਪੰਜਾਬੀ ਨੌਜਵਾਨੀ ਦੀ ਰੂਹ ਵਿਚ ਅੰਤਾਂ ਦਾ ਵੇਗ ਹੈ, ਅੰਤਾਂ ਦਾ ਜ਼ੋਰ ਹੈ। ਯੂ. ਪੀ., ਸੀ. ਪੀ. ਤੇ ਪੂਰਬੀਆਂ ਦੀ ਬਿਮਾਰ ਮਾਨਸਿਕਤਾ ਦੇ ਮੁਕਾਬਲੇ ਸਾਡੇ ਪੰਜਾਬੀ ਗੱਭਰੂਆਂ ਦੀਆਂ ਕੀ/ਕਿਆ ਰੀਸਾਂ: ਇਹ ਤਾਂ ਚੱਟਾਨ ਵਾਂਗ ਦੁਨੀਆਂ ਦੇ ਵੱਡੇ ਤੋਂ ਵੱਡੇ ਵੈਰੀ ਨਾਲ ਮੱਥਾ ਲਾਉਣ, ਸਿਰ ਭਿੜਾਉਣ ਦੇ ਸਮੱਰਥ ਹਨ; ਤਾਂ ਹੀ ਤਾਂ ਆਹ ਬੋਲ ਨਿਕਲਦੇ,
ਮਾਰ ਸੋਹਣਿਆ ਕੈਂਚੀ
ਰੇਡਰ ਸੁੱਕਾ ਜਾਵੇ ਨਾ।
ਬੋਤਲ ਜਿੰਨਾ ਨਸ਼ਾ ਜਿੰਮ ਦਾ
ਰਹਿੰਦਾ ਯਾਰਾਂ ਨੂੰ…।
ਚੀਨੀ ਟਰੈਵਲਰ ਹਿਊਨਸ਼ਾਗ ਆਪਣੇ ਸਫਰਨਾਮੇ ਵਿਚ ਰਾਜੇ ਹਰਸ਼ਵਰਧਨ ਬਾਰੇ ਲਿਖਦਾ ਹੈ ਕਿ ਹਰਸ਼ਵਰਧਨ ਦਾ ਕੌਲ ਸੀ, ਜਿਸ ਰਾਜੇ ਦੇ ਰਾਜ ਵਿਚ ਇਕ ਵੀ ਭੁੱਖਾ ਸੌਂਦਾ ਹੋਵੇ ਉਸ ਰਾਜੇ ਨੂੰ ਰਾਜ ਕਰਨ ਦਾ ਕੋਈ ਅਧਿਕਾਰ ਨਹੀਂ; ਪਰ ਐਥੇ ਇੰਤਜ਼ਾਮੀਆ ਦੀ ਸੋਚ ਹੀ ਵਿਪਰੀਤ ਹੈ। ਡਾ. ਇਸਰਾਰ ਇਕ ਬਹੁਤ ਹੀ ਆਲਮ ਫਾਜ਼ਲ ਦੀਨੀ ਸਕਾਲਰ ਹੋਇਆ, ਉਹ ਪ੍ਰਸਿੱਧ ਵਿਆਖਿਆਰ ਸੈਮੂਅਲ ਹਨਟਿੰਗਟਨ ਦੇ ਹਵਾਲੇ ਨਾਲ ਦੱਸਦਾ ਹੈ ਕਿ ਇਸ ਦੁਨੀਆਂ ‘ਤੇ ਕਿਸੇ ਵੇਲੇ 20 ਤਹਿਜ਼ੀਬਾਂ/ਸਭਿਅਤਾਵਾਂ ਹੁੰਦੀਆਂ ਸਨ, ਉਨ੍ਹਾਂ `ਚੋਂ ਇਸ ਵੇਲੇ 8 ਦੇ ਕਰੀਬ ਹੀ ਬਚੀਆਂ ਹਨ।
ਬਾਬਾ ਬੰਦਾ ਸਿੰਘ ਬਹਾਦਰ ਤੇ ਸਾਡੇ ਹੋਰ ਮਹਾਨ ਪੁਰਖੇ ਜਦ ਜੰਗਾਂ ਜੁੱਧਾਂ ਲਈ ਚੜ੍ਹ ਕੇ ਜਾਂਦੇ ਸੀ ਤਾਂ ਸਫਲਤਾ ਹਿਤ ‘ਗੁਰੂ ਬਹੁੜੀ ਹੋਗੁ’ ਦਾ ਬਚਨ ਉਚਾਰਦੇ ਸਨ। ਅਸੀਂ ਵੀ ਅੰਨਦਾਤੇ ਦੇ ਇਸ ਸੰਘਰਸ਼ ਦੀ ਕਾਮਯਾਬੀ ਪ੍ਰਤੀ ਪੁਰ ਉਮੀਦ ਹਾਂ। ਅਸੀਂ ਪੁਰ ਉਮੀਦ ਹਾਂ ਗੁਰੂ ਬਹੁੜੀ ਹੋਗੁ, ਸਾਡਾ ਅੰਨਦਾਤਾ ਵੀ ਵੱਡੀ ਜਿੱਤ ਹਾਸਲ ਕਰ ਕੇ ਖੁਸ਼ੀਆਂ ਚਾਵਾਂ ਨਾਲ ਘਰਾਂ ਨੂੰ ਪਰਤੇਗਾ ਤੇ ਇਤਿਹਾਸ ਦੇ ਪੱਤਰਿਆਂ ‘ਤੇ ਪੰਜਾਬ ਨੂੰ ‘ਜੁਝਾਰੂਆਂ ਦੇ ਖਿੱਤੇ’ ਦੇ ਨਾਮ ਨਾਲ ਦਰਜ ਕਰਵਾਏਗਾ ਅਤੇ ਇਸ ਖਿੱਤੇ ਵਿਚ ‘ਸਿੱਖ ਸਿਵਲਾਈਜ਼ੇਸ਼ਨ’ ਦੇ ਲਕਬ ਨਾਲ ਇਕ ਨਵਾਂ ਆਵੇਸ਼ ਹੋਵੇਗਾ।
—
(ਲੇਖਕ ਰਿਸਰਚਰ, ਤਜ਼ੱਜ਼ੀਆਕਾਰ ਹੈ ਤੇ ਕੋਈ 18 ਸਾਲ ਗੁਰੂ ਇਤਿਹਾਸ `ਤੇ ਖੋਜ ਕਾਰਜ ਕੀਤਾ।)