ਸੰਤੋਖ ਮੰਡੇਰ ਦੀ ਖੇਡ ਫੋਟੋਗਰਾਫੀ

ਪ੍ਰਿੰ. ਸਰਵਣ ਸਿੰਘ
ਸੰਤੋਖ ਸਿੰਘ ਮੰਡੇਰ ਓਲੰਪਿਕ ਖੇਡਾਂ ਦਾ ਮਾਨਤਾ ਪ੍ਰਾਪਤ ਫੋਟੋਗ੍ਰਾਫਰ ਹੈ। ਉਹ ਥ੍ਰੀ ਇਨ ਵਨ ਨਹੀਂ, ਫਾਈਵ ਇਨ ਵਨ ਹੈ। ਵਿਸਲ, ਮਾਈਕ ਤੇ ਕਲਮ ਦਾ ਕਾਮਾ ਤਾਂ ਹੈ ਹੀ, ਫੋਟੋਗਰਾਫੀ ਤੇ ਡਿਜ਼ਾਈਨਕਾਰੀ ਦਾ ਵੀ ਧਨੀ ਹੈ। ਅਸਮਾਨੋਂ ਟਾਕੀ ਲਾਹ ਵੀ ਲੈਂਦੈ ਤੇ ਲਾ ਵੀ ਦਿੰਦੈ। ਉਹਦੀ ਇਕ ਲੱਤ ਲੁਧਿਆਣੇ ਹੁੰਦੀ ਹੈ, ਦੂਜੀ ਲਾਹੌਰ, ਤੀਜਾ ਕਦਮ ਲੰਡਨ ਤੇ ਚੌਥਾ ਲਾਸ ਏਂਜਲਸ। ਉਹਦਾ ਪਰਿਵਾਰ ਬੇਸ਼ਕ ਸਰੀ ਰਹਿੰਦੈ, ਪਰ ਆਪ ਉਹ ਧਰਤੀ ਦੁਆਲੇ ਗੇੜਾ ਬੱਧੀ ਰੱਖਦੈ। ਲੰਡਨ ਵਿਚ ਹੋਈਆਂ 30ਵੀਆਂ ਓਲੰਪਿਕ ਖੇਡਾਂ-2012 ਬਾਰੇ ਉਸ ਨੇ ਖੁਦ ਖਿੱਚੀਆਂ ਤਸਵੀਰਾਂ ਨਾਲ ਸਜਾਈ 200 ਪੰਨਿਆਂ ਦੀ ਵੱਡਆਕਾਰੀ ਕੌਫੀ ਟੇਬਲ ਬੁੱਕ ਛਪਵਾਈ ਹੈ, ਜੋ ਅੰਗਰੇਜ਼ੀ ਤੇ ਪੰਜਾਬੀ ਖੇਡ ਸਾਹਿਤ ਦਾ ਮਾਣ ਹੈ।

ਉਹਦਾ ਜਨਮ ਜਰਗ ਦੇ ਚੌਧਰੀ ਸੰਤ ਸਿੰਘ ਦੇ ਘਰ ਮਾਤਾ ਅਮੀਰ ਕੌਰ ਦੀ ਕੁੱਖੋਂ 1950 ਦੀ ਲੋਹੜੀ ਨੂੰ ਹੋਇਆ ਸੀ। ਜਿੱਦਣ ਦਾ ਜੰਮਿਆ ਬੱਸ ਲੋਹੜੀਆਂ ਹੀ ਵੇਖਦਾ ਫਿਰਦੈ! ਦੁਨੀਆਂ ਦਾ ਕੋਈ ਮੇਲਾ-ਗੇਲਾ ਨਹੀਂ ਹੋਣਾ, ਜਿਹੜਾ ਉਹਨੇ ਨਹੀਂ ਵੇਖਿਆ। ਇੰਡੀਆ, ਅਮਰੀਕਾ, ਕੈਨੇਡਾ ਦੇ ਸੌ ਕੁ ਖੇਡ ਮੇਲੇ ਤਾਂ ਅਸੀਂ ‘ਕੱਠੇ ਹੀ ਵੇਖ ਚੁਕੇ ਹਾਂ। ਉਹ ਹਜ਼ਾਰਾਂ ਨਹੀਂ, ਲੱਖ ਤੋਂ ਵੀ ਵੱਧ ਫੋਟੋ ਖਿੱਚੀ ਫਿਰਦੈ। ਦਰਜਨ ਤੋਂ ਵੱਧ ਕੀਮਤੀ ਕੈਮਰੇ ਹੰਢਾ ਜਾਂ ਗੁਆ ਚੁਕੈ! ਪੰਜਾਬੀ ਵਿਚ ਖੇਡਾਂ ਦਾ ਇੰਟਰਨੈਸ਼ਨਲ ਸਚਿੱਤਰ ਮੈਗਜ਼ੀਨ ‘ਖੇਡ ਸੰਸਾਰ’ ਅਸੀਂ ਰਲ ਕੇ ਕੱਢਦੇ ਰਹੇ ਹਾਂ, ਜਿਸ ਦੀ ਗੱਲ ਕਦੇ ਫੇਰ ਕਰਾਂਗੇ।
ਅਕਸਰ ਪੁੱਛਿਆ ਜਾਂਦੈ-ਕਿਹੜਾ ਕੰਮ ਹੈ, ਜਿਹੜਾ ਉਹਨੇ ਨਹੀਂ ਕੀਤਾ ਤੇ ਕਿਹੜਾ ਪੰਗਾ ਹੈ, ਜਿਹੜਾ ਉਹਨੇ ਨਹੀਂ ਲਿਆ! ਜਲੰਧਰ ਦੇ ਸਪੋਰਟਸ ਸਕੂਲ ਵਿਚ ਪੜ੍ਹਦਿਆਂ ਉਹ ਕਬੱਡੀ ਨੈਸ਼ਨਲ ਸਟਾਈਲ ਖੇਡਿਆ ਤੇ ਉਨ੍ਹਾਂ ਦੀ ਟੀਮ ਨੈਸ਼ਨਲ ਚੈਂਪੀਅਨ ਬਣੀ। ਸਰਕਾਰੀ ਕਾਲਜ ਮਲੇਰਕੋਟਲੇ ਤੋਂ ਰੋਲ ਆਫ ਆਨਰ ਲੈ ਕੇ ਉਹ ਅਗਲੇ ਸਾਲ ਗੁਰੂ ਗੋਬਿੰਦ ਸਿੰਘ ਕਾਲਜ, ਚੰਡੀਗੜ੍ਹ ਚਲਾ ਗਿਆ। ਮੁੜ ਕੇ ਇਕ ਸਾਲ ਸਿੱਧਸਰ ਕਾਲਜ ਵਿਚ ਲਾਇਆ। ਅਗਲੇ ਸਾਲ ਐੱਸ. ਡੀ. ਕਾਲਜ ਅੰਬਾਲੇ ਵਾਲੇ ਲੈ ਗਏ। ਫਿਰ ਉਹ ਜੀ. ਜੀ. ਐੱਨ. ਕਾਲਜ ਲੁਧਿਆਣੇ ਆ ਵੱਜਾ। ਇਉਂ ਉਸ ਨੇ ਬੀ. ਏ. ਕਰਨ ਤਕ ਪੰਜ ਕਾਲਜ ਬਦਲੇ। ਬੁੱਝੋ ਭਲਾ ਆਪੇ ਬਦਲੇ ਜਾਂ ਪ੍ਰਿੰਸੀਪਲ ਬਦਲਾਉਂਦੇ ਰਹੇ?
ਫਿਰ ਉਸ ਨੇ ਐੱਨ. ਆਈ. ਐੱਸ. ਪਟਿਆਲੇ ਤੋਂ ਹੈਂਡਬਾਲ ਦਾ ਡਿਪਲੋਮਾ ਕੀਤਾ ਤੇ ਨੈਸ਼ਨਲ ਪੱਧਰ ਦੀ ਹੈਂਡਬਾਲ ਖੇਡਿਆ। ਪੰਜਾਬ ਹੈਂਡਬਾਲ ਐਸੋਸੀਏਸ਼ਨ ਦਾ ਜਨਰਲ ਸੈਕਟਰੀ ਬਣ ਕੇ ਪੰਜਾਬ ਦੀਆਂ ਜੂਨੀਅਰ ਤੇ ਸੀਨੀਅਰ ਟੀਮਾਂ ਨੈਸ਼ਨਲ ਚੈਂਪੀਅਨਸਿ਼ਪ ਜਿੱਤਾਈਆਂ। 1974 ‘ਚ ਉਹ ਪੰਚਾਇਤੀ ਰਾਜ ਖੇਡ ਪ੍ਰੀਸ਼ਦ ਦਾ ਕਬੱਡੀ ਕੋਚ ਲੱਗ ਗਿਆ। 1980 ‘ਚ ਕੋਚਿੰਗ ਦੀ ਨੌਕਰੀ ਛੱਡ ਕੇ ਬਗਦਾਦ ਦੀ ਇਕ ਕੰਸਟ੍ਰੱਕਸ਼ਨ ਕੰਪਨੀ ਦਾ ਸਿ਼ਫਟ ਇੰਚਾਰਜ ਜਾ ਬਣਿਆ। 1985 ਵਿਚ ਉਹਦੀ ਬਦਲੀ ਲੰਡਨ ਦੀ ਹੋ ਗਈ। ਲੰਡਨੋਂ ਉਸ ਨੇ ਕੈਨੇਡਾ, ਅਮਰੀਕਾ ਤੇ ਆਸਟ੍ਰੇਲੀਆ ਦੇ ਵੀਜ਼ੇ ਲੈ ਲਏ ਤੇ ਜਹਾਜੀਂ ਉਡ ਚੱਲਿਆ। ਕਈ ਮੁਲਕਾਂ ਦਾ ਪਾਣੀ ਪੀ ਕੇ ਮੁੜ ਦਿੱਲੀ ਆਇਆ ਤਾਂ ਦਿੱਲੀ ਤੋਂ ਕਰਨਾਲ ਤਕ ਚੌੜੀ ਕੀਤੀ ਜਾ ਰਹੀ ਜਰਨੈਲੀ ਸੜਕ ਦਾ ਸੁਪਰਵਾਈਜ਼ਰ ਲੱਗ ਗਿਆ। ਵੈਨਕੂਵਰ ਦੀ ਐਕਸਪੋ-86 ਨੇ ਉਹਨੂੰ ਫਿਰ ਕੈਨੇਡਾ ਖਿੱਚ ਲਿਆ।
ਕੈਨੇਡਾ ਪਹੁੰਚ ਕੇ ਉਸ ਨੇ ਝਾੜੂ ਲਾਏ, ਘਾਹ ਉਗਾਇਆ, ਵਾੜਾਂ ਕੱਟੀਆਂ ਤੇ ਇੱਟਾਂ ਢੋਈਆਂ। ਇਟਲੀ ਦੀ ਫਰਮ ਨਾਲ ਮਾਰਬਲ ਦੀ ਡਿਜ਼ਾਈਨਿੰਗ ਕੀਤੀ, ਇੰਟੀਰੀਅਰ ਡੈਕੋਰੇਸ਼ਨ ਦਾ ਧੰਦਾ ਕੀਤਾ। 1990 ‘ਚ ਜਦੋਂ ਮੈਂ ਤੇ ਮੇਰੀ ਪਤਨੀ ਪਹਿਲੀ ਵਾਰ ਕੈਨੇਡਾ ਗਏ ਤਾਂ ਉਹਨੇ ਸਾਨੂੰ ਆਪਣੇ ਸਰੀ ਵਾਲੇ ਦਫਤਰ ਸੱਦਿਆ, ਜੋ ਪਟੋਲੇ ਵਾਂਗ ਸਿ਼ੰਗਾਰਿਆ ਹੋਇਆ ਸੀ। ਕੰਧਾਂ ਉਤੇ ਦੁਨੀਆਂ ਭਰ ਦੇ ਸਿੱਕੇ, ਖੇਡ ਨਿਸ਼ਾਨੀਆਂ ਤੇ ਝੰਡੇ ਫਰੇਮ ਕਰ ਕੇ ਟੰਗੇ ਹੋਏ ਸਨ। ਨਿਊਨ ਬੱਤੀਆਂ ਵਿਚ ਰੰਗੀਨ ਪਰਦਿਆਂ ਦਾ ਸੁਫਨਈ ਸੰਸਾਰ ਸੀ। ਰੁਮਾਂਚਿਕ ਚਿੱਤਰ ਸਨ ਤੇ ਨਵਾਰੀ ਪਲੰਘ। ਦਫਤਰ ਕਾਹਦਾ, ਅਜੂਬਾ ਸੀ!
ਦੁਬਾਰਾ ਉਹਦੇ ਦਫਤਰ ਗਏ ਤਾਂ ਉਹ ਇੰਟੀਰੀਅਰ ਡੈਕੋਰੇਸ਼ਨ ਛੱਡ ਕੇ ਇੰਪੋਰਟ ਐਕਸਪੋਰਟ ਕਰਨ ਲੱਗ ਪਿਆ। ਦੋ ਸਾਲ ਪ੍ਰਾਪਰਟੀ ਦਾ ਪੇਸ਼ਾ ਕੀਤਾ। ਫਿਰ ਸਟੋਰਾਂ ‘ਚ ਕੰਮ ਕਰਦਿਆਂ ਆਪਣਾ ਸਟੋਰ ਖੋਲ੍ਹ ਲਿਆ। ਇਕ ਸਟੋਰ ਤੋਂ ਛੇ ਸਟੋਰ ਕਰ ਲਏ। ਪੰਜਾਬੀ ਫਾਸਟ ਫੂਡ ਦੀ ਚੇਨ ਚਲਾ ਲਈ। ਵੈਸਟਰਨ ਸਟਾਈਲ ਪਰੌਂਠਾ ਬਣਾ ਕੇ ਸਭ ਤੋਂ ਵੱਡੀ ਮਾਲ ਮੈਟਰੋ ਟਾਊਨ ‘ਚ ‘ਫਾਸਟ ਪਰੌਂਠਾ’ ਸ਼ੁਰੂ ਕੀਤਾ। ਫਿਰ ਬਿਜ਼ਨਸ ਮਾਰਕੀਟਿੰਗ ਕੀਤੀ। ਕੰਪਨੀ ਦਾ ਮੁੜ ਨਿਗਰਾਨ ਬਣਿਆ ਤੇ ਹੁਣ ਘੰਟਿਆਂ ਬੱਧੀ ਕੰਪਿਊਟਰ ਨੂੰ ਚੰਬੜਿਆ ਰਹਿੰਦੈ। ਕੰਮ ਧੰਦੇ ਬਦਲਣ ‘ਚ ਉਹਦਾ ਰਿਕਾਰਡ ਹੈ। ਹੋ ਸਕਦੈ ਕਿਸੇ ਦਿਨ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿਚ ਉਹਦਾ ਨਾਂ ਵੀ ਆ ਜਾਵੇ।
ਪਿੱਛੇ ਜਿਹੇ ਮੈਂ ਉਹਦੇ ‘ਚੌਧਰੀ ਨਿਵਾਸ’ ਗਿਆ ਤਾਂ ਜਰਗ ਦਾ ਚੌਧਰੀ ਉੱਚੇ ਰੁੱਖ `ਤੇ ਚੜ੍ਹਿਆ ਟਾਹਣੀਆਂ ਛਾਂਗੀ ਜਾਂਦਾ ਸੀ। ਹੇਠਾਂ ਫ੍ਰੇਜ਼ਰ ਦਰਿਆ ਸੀ। ਕਾਇਦੇ ਕਾਨੂੰਨ ਵਜੋਂ ਉਸ ਨੇ ਗੁਆਂਢੀਆਂ ਨੂੰ ਕਹਿ ਰੱਖਿਆ ਸੀ, ਜੇ ਡਿੱਗ ਪਿਆ ਤਾਂ ਐਂਬੂਲੈਂਸ ਵਾਲਿਆਂ ਨੂੰ ਫੋਨ ਕਰ ਦਿਓ। ਫੋਨ ਤਾਂ ਅਗਲਿਆਂ ਨੇ ਕਰ ਹੀ ਦੇਣਾ ਸੀ, ਪਰ ਉਹਦਾ ਐਂਬੂਲੈਂਸ `ਚੋਂ ਦਰਿਆ `ਚ ਛਾਲ ਨਾ ਮਾਰਨ ਦਾ ਜਿ਼ੰਮਾ ਕੌਣ ਲੈਂਦਾ? ਤਰਨ ਬਿਨਾ ਵੀ ਉਹਤੋਂ ਰਹਿ ਨ੍ਹੀਂ ਹੁੰਦਾ!
ਉਹਦੀ ਜਾਣ-ਪਛਾਣ ਦਾ ਇਹ ਆਲਮ ਹੈ ਕਿ ਵਾਹਗੇ ਬਾਰਡਰ ਵਾਲੇ ਉਹਨੂੰ ਘਰ ਦੇ ਭੇਤੀ ਵਾਂਗ ਜਾਣਦੇ ਹਨ। ਵਾਹਗਾ ਬਾਰਡਰ ਉਹ ਸੌ ਵਾਰ ਲੰਘ ਚੁਕਾ ਹੋਵੇਗਾ। ਪਾਕਿਸਤਾਨ ਤੇ ਇਰਾਨ ਤੋਂ ਕਬੱਡੀ ਖਿਡਾਰੀ ਲਿਆਉਣ ਦਾ ਉਹ ਪੀਰ ਉਸਤਾਦ ਹੈ। ਕਹਿੰਦਾ ਹੈ, ਹੁਣ ਇਕ ਘਰ ਲਾਹੌਰ ਹੀ ਪਾ ਲੈਣਾ। ਅਜੀਬ ਅੱਚਵੀ ਹੈ, ਜੋ ਉਹਨੂੰ ਕਿਤੇ ਨਿੱਠ ਕੇ ਨਹੀਂ ਟਿਕਣ ਦਿੰਦੀ। ਉਸ ਨੇ ਕਈ ਸਕੂਲ ਕਾਲਜ ਬਦਲੇ, ਕਿੱਤੇ ਬਦਲੇ, ਕਾਰੋਬਾਰ ਬਦਲੇ, ਘਰ ਬਦਲੇ, ਪਰ ਸ਼ੁਕਰ ਹੈ ਅਜੇ ਤਕ ਵਿਆਹ ਨਹੀਂ ਬਦਲਿਆ। ਵਿਆਹ ਉਹਦਾ ਖਹਿਰੇ ਕੁੱਬੇ ਹੋਇਆ, ਜਦੋਂ ਕਿ ਸਹੁਰਿਆਂ ਦਾ ਕਾਰੋਬਾਰ ਕਲਕੱਤੇ ਸੀ।
ਵਿਕਟੋਰੀਆ ਹੋਈਆਂ ਕਾਮਨਵੈਲਥ ਖੇਡਾਂ ਦਾ ਉਹ ਮਾਨਤਾ ਪ੍ਰਾਪਤ ਫੋਟੋਗ੍ਰਾਫਰ ਸੀ। ਉਸ ਨੇ ਵਿਸ਼ਵ ਕੱਪ ਕਵਰ ਕੀਤੇ, ਏਸਿ਼ਆਈ ਖੇਡਾਂ ਵੀ ਤੇ ਓਲੰਪਿਕ ਖੇਡਾਂ ਵੀ। ਉਹਦਾ ਰਿਵਰ ਸਾਈਡ ਵਾਲਾ ਘਰ ਯਾਦਗਾਰੀ ਨਿਸ਼ਾਨੀਆਂ ਦਾ ਭੰਡਾਰ ਹੈ, ਜਿਥੇ ਦੁਰਲੱਭ ਚਿੱਤਰ, ਬੰਦੂਕਾਂ ਤੇ ਪੁਸਤਕਾਂ ਹਨ, ਜਿਨ੍ਹਾਂ ਦੀ ਨੁਮਾਇਸ਼ ਲਾਈ ਜਾ ਸਕਦੀ ਹੈ। ਦਾਣੇ ਭੁੰਨਦੀ ਭੱਠੀ ਵਾਲੀ, ਇੱਜੜ ਚਾਰਦੇ ਆਜੜੀ, ਤ੍ਰਿੰਜਣ ਦੀਆਂ ਕੁੜੀਆਂ, ਕਬੱਡੀ ਖੇਡਦੇ ਗੱਭਰੂ, ਜਰਗ ਦੇ ਮੇਲੇ ‘ਚ ਗੁਲਗੁਲੇ ਖਾਂਦੇ ਗਧੇ ਤੇ ਸੁੱਖਾ ਘੋਟਦੇ ਨਿਹੰਗਾਂ ਵਰਗੀਆਂ ਤਸਵੀਰਾਂ ਨੁਮਾਇਸ਼ ਦਾ ਸਿੰ਼ਗਾਰ ਹਨ। ਘਰ ਸਜਾਉਣ ਨਹੀਂ, ਘਰ ਫੂਕ ਤਮਾਸ਼ਾ ਵੇਖਣ ਦਾ ਵੱਲ ਵੀ ਉਹਦੇ ਕੋਲੋਂ ਸਿੱਖਿਆ ਜਾ ਸਕਦੈ!
ਉਹਦੀ ਬਹੁਪੱਖੀ ਸ਼ਖਸੀਅਤ, ਭਾਂਤ-ਸੁਭਾਂਤੇ ਤਜਰਬੇ ਤੇ ਪੰਜਾਬੀਅਤ ਨਾਲ ਮੋਹ ਪਿਆਰ ਵੇਖਦਿਆਂ ਉਸ ਨੂੰ ਵਿਸ਼ਵ ਪੰਜਾਬੀਅਤ ਫਾਊਂਡੇਸ਼ਨ ਦਾ ਸਕੱਤਰ ਜਨਰਲ ਨਾਮਜ਼ਦ ਕੀਤਾ ਗਿਆ ਸੀ। 2001 ਵਿਚ ਲਾਹੌਰ ਆਲਮੀ ਪੰਜਾਬੀ ਕਾਨਫਰੰਸ ਕਰਵਾ ਕੇ ਧੰਨ ਧੰਨ ਕਰਵਾਈ। ਅਨੇਕਾਂ ਮਾਣ ਸਨਮਾਨ ਝੋਲੀ ਪਏ ਤੇ ਬੱਲੇ ਬੱਲੇ ਵੀ ਬੜੀ ਹੋਈ। ਬਥੇਰੀਆਂ ਓਲੰਪਿਕ ਖੇਡਾਂ ਕਵਰ ਕੀਤੀਆਂ, ਪਰ ਪੰਜਾਬੀ ਓਲੰਪਿਕਸ ਕਰਾਉਣੀ ਅਜੇ ਬਾਕੀ ਹਨ। ਡਰ ਹੈ ਕਿ ਕਾਂਟੇ ਬਦਲਦਾ ਕਦੇ ਹੰਭ ਹਾਰ ਨਾ ਬੈਠੇ। ਸਾਡੀ ਇਹੋ ਕਾਮਨਾ ਹੈ ਕਿ ਫਾਈਵ ਇਨ ਵਨ ਦੀ ਥਾਂ ਭਾਵੇਂ ਥ੍ਰੀ ਇਨ ਵਨ ਹੀ ਰਹਿ`ਜੇ, ਪਰ ਉਹਦੇ ਸੈੱਲ ਚਾਰਜ ਹੁੰਦੇ ਰਹਿਣ। ਪੇਸ਼ ਹੈ, ਲੰਡਨ ਓਲੰਪਿਕਸ ਦੀ ਭੂਮਿਕਾ:
ਲੰਡਨ ਦੀਆਂ ਓਲੰਪਿਕ ਖੇਡਾਂ ਉਤੇ ਨੌਂ ਅਰਬ ਪੌਂਡ ਖਰਚ ਹੋਏ। ਵਧੇਰੇ ਖੇਡਾਂ 500 ਏਕੜ ਦੇ ਓਲੰਪਿਕ ਪਾਰਕ ਵਿਚ ਨੇਪਰੇ ਚੜ੍ਹੀਆਂ ਜਿਥੇ 34 ਖੇਡ ਮੈਦਾਨ ਤੇ ਸਟੇਡੀਅਮ ਸਨ। ਉਥੇ 2012 ਦੀ 27 ਜੁਲਾਈ ਤੋਂ 12 ਅਗਸਤ ਤਕ ਲੱਖਾਂ ਲੋਕਾਂ ਨੇ ਖੇਡਾਂ ਦਾ ਅਨੰਦ ਮਾਣਿਆ। ਇਨ੍ਹਾਂ ਖੇਡਾਂ ਵਿਚ 204 ਮੁਲਕਾਂ ਦੇ 10,820 ਖਿਡਾਰੀਆਂ ਨੇ ਭਾਗ ਲਿਆ। ਮੁਕਾਬਲੇ ਲਈ 26 ਸਪੋਰਟਸ ਦੇ 39 ਡਿਸਿਪਲਿਨ ਤੇ 302 ਈਵੈਂਟ ਸਨ। 302 ਸੋਨੇ, 304 ਚਾਂਦੀ ਤੇ 356 ਤਾਂਬੇ ਦੇ ਤਮਗੇ ਜੇਤੂਆਂ ਦੇ ਗਲੀਂ ਪਏ। 962 ਤਮਗਿਆਂ ਵਿਚੋਂ 54 ਮੁਲਕ ਸੋਨੇ ਤੇ 85 ਮੁਲਕ ਚਾਂਦੀ ਜਾਂ ਤਾਂਬੇ ਦੇ ਤਮਗੇ ਹਾਸਲ ਕਰ ਸਕੇ। 119 ਮੁਲਕ ਖਾਲੀ ਹੱਥ ਰਹੇ। 2008 ਵਿਚ ਬੀਜਿੰਗ ਦੀਆਂ ਓਲੰਪਿਕ ਖੇਡਾਂ ‘ਚੋਂ 86 ਮੁਲਕ ਇਕ ਜਾਂ ਵੱਧ ਮੈਡਲ ਜਿੱਤੇ ਸਨ, ਜਦੋਂ ਕਿ 118 ਮੁਲਕ ਕੋਈ ਵੀ ਮੈਡਲ ਨਹੀਂ ਸੀ ਜਿੱਤ ਸਕੇ। ਉਥੇ ਚੀਨ ਸਭ ਤੋਂ ਉਪਰ ਸੀ, ਅਮਰੀਕਾ ਦੂਜੇ ਨੰਬਰ ‘ਤੇ ਸੀ। ਲੰਡਨ ਵਿਚ ਅਮਰੀਕਾ ਉਪਰ ਚਲਾ ਗਿਆ, ਚੀਨ ਦੂਜੇ ਨੰਬਰ ‘ਤੇ ਆ ਗਿਆ। ਬੀਜਿੰਗ ਦੀ ਤਮਗਾ ਸੂਚੀ ਵਿਚ ਭਾਰਤ ਦਾ 50ਵਾਂ ਨੰਬਰ ਸੀ। ਲੰਡਨ ਦੀ ਸੂਚੀ ਵਿਚ 55ਵੇਂ ਥਾਂ ਰਿਹਾ। ਉਂਜ ਮੈਡਲ ਤਿੰਨਾਂ ਤੋਂ ਛੇ ਹੋ ਗਏ, ਪਰ ਸੋਨੇ ਦਾ ਕੋਈ ਨਹੀਂ। ਬੀਜਿੰਗ ਵਿਚ ਇਕ ਸੋਨੇ ਦਾ ਵੀ ਸੀ।
ਲੰਡਨ ਓਲੰਪਿਕਸ ਦੇ ਉਦਘਾਟਨੀ ਸਮਾਰੋਹ ਦੀ ਸਭ ਤੋਂ ਮਹਿੰਗੀ ਟਿਕਟ 2012 ਪੌਂਡ ਦੀ ਸੀ। 20 ਪੌਂਡ ਤੋਂ 2012 ਪੌਂਡ ਤਕ ਦੀਆਂ 80 ਲੱਖ ਟਿਕਟਾਂ ਛਪੀਆਂ ਸਨ। ਇਕ ਦਿਨ ਦੀ ਟਿਕਟ 20 ਤੋਂ 50 ਪੌਂਡ ਸੀ। 17 ਲੱਖ ਟਿਕਟਾਂ ਸਿਰਫ ਫੁੱਟਬਾਲ ਦੇ ਮੈਚ ਵੇਖਣ ਲਈ ਸਨ। ਟਿਕਟਾਂ ਦੇ ਕੁਲ 40 ਕਰੋੜ ਪੌਂਡ ਵੱਟੇ ਗਏ। ਬਹੁਤੀ ਕਮਾਈ ਇਸ਼ਤਿਹਾਰਬਾਜ਼ੀ ਦੀ ਸੀ। ਓਲੰਪਿਕ ਖੇਡਾਂ ਕਰਾਉਣੀਆਂ ਹੁਣ ਘਾਟੇ ਦਾ ਸੌਦਾ ਨਹੀਂ। ਲਾਸ ਏਂਜਲਸ-1984, ਖਾਸ ਕਰਕੇ ਐਟਲਾਂਟਾ-1996 ਤੋਂ ਇਹ ਖੇਡਾਂ ਮੁਨਾਫਾਬਖਸ਼ ਬਣ ਗਈਆਂ ਹਨ। ਇਹੋ ਕਾਰਨ ਹੈ ਕਿ ਓਲੰਪਿਕ ਖੇਡਾਂ ਕਰਾਉਣ ਲਈ ਹਰ ਵਾਰ ਕਈ ਸ਼ਹਿਰ ਅਰਜ਼ੀਆਂ ਦਿੰਦੇ ਹਨ।
2012 ਦੀਆਂ ਖੇਡਾਂ ਲਈ ਨੌਂ ਸ਼ਹਿਰਾਂ ਨੇ ਅਰਜ਼ੀਆਂ ਦਿੱਤੀਆਂ ਸਨ-ਲੰਡਨ, ਪੈਰਿਸ, ਲਿਪਜਿ਼ਗ, ਮਾਸਕੋ, ਨਿਊ ਯਾਰਕ, ਹਵਾਨਾ, ਇਸਤੰਬੋਲ, ਮੈਡਰਿਡ ਤੇ ਰੀਓ ਡੀ ਜਨੀਰੋ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਕਾਰਜਕਾਰੀ ਬੋਰਡ ਨੇ ਮੀਟਿੰਗਾਂ ‘ਚ ਚਾਰ ਸ਼ਹਿਰ ਝਾੜ ਕੇ ਪੰਜ ਸ਼ਹਿਰ-ਲੰਡਨ, ਪੈਰਿਸ, ਮੈਡਰਿਡ, ਨਿਊ ਯਾਰਕ ਤੇ ਮਾਸਕੋ ਮੁਕਾਬਲੇ ਲਈ ਰੱਖੇ ਸਨ। 6 ਜੁਲਾਈ 2005 ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਸਿੰਗਾਪੁਰ ਹੋਏ 117ਵੇਂ ਸੈਸ਼ਨ ਵਿਚ ਵੋਟਾਂ ਪਾਈਆਂ ਗਈਆਂ। ਆਖਰੀ ਗੇੜ ਵਿਚ ਪੈਰਿਸ ਨੂੰ 50 ਤੇ ਲੰਡਨ ਨੂੰ 54 ਵੋਟਾਂ ਪਈਆਂ। ਇਹਤੋਂ ਪਹਿਲਾਂ ਲੰਡਨ ਨੇ 1908 ਤੇ 1948 ਵਿਚ ਵੀ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ। ਇਉਂ ਲੰਡਨ ਦੁਨੀਆਂ ਦਾ ਪਹਿਲਾ ਸ਼ਹਿਰ ਹੈ, ਜਿਥੇ ਤਿੰਨ ਓਲੰਪਿਕਸ ਹੋਈਆਂ।
ਲੰਡਨ ਨੂੰ ਦੁਨੀਆਂ ਦਾ ਦਿਲ ਤੇ ਵਿਸ਼ਵ ਸਭਿਅਤਾ ਦੀ ਰਾਜਧਾਨੀ ਕਿਹਾ ਜਾਂਦੈ। ਇਹਦੀਆਂ ਗਲੀਆਂ, ਬਜ਼ਾਰਾਂ ਤੇ ਘਰਾਂ ‘ਚ 300 ਜ਼ੁਬਾਨਾਂ ਬੋਲੀਆਂ ਜਾਂਦੀਆਂ ਹਨ। ਇਹ 2000 ਸਾਲ ਪਹਿਲਾਂ ਹੋਂਦ ਵਿਚ ਆਇਆ ਸੀ। 1831 ਤੋਂ 1925 ਤਕ ਇਹ ਦੁਨੀਆਂ ਦਾ ਸਭ ਤੋਂ ਵੱਡਾ ਸ਼ਹਿਰ ਗਿਣਿਆ ਜਾਂਦਾ ਰਿਹਾ। 2011 ਦੀ ਮਰਦਮਸ਼ੁਮਾਰੀ ਅਨੁਸਾਰ ਇਸ ਦੀ ਵਸੋਂ 80 ਲੱਖ ਤੋਂ ਉਪਰ ਹੈ, ਜਿਸ ਵਿਚ ਢਾਈ ਲੱਖ ਲੋਕ ਭਾਰਤੀ/ਪੰਜਾਬੀ ਮੂਲ ਦੇ ਹਨ। ਉਥੋਂ ਦਾ ਹੀਥਰੋ ਏਅਰਪੋਰਟ ਵਿਸ਼ਵ ‘ਚ ਸਭ ਤੋਂ ਵੱਧ ਉਡਾਣਾਂ ਵਾਲਾ ਹਵਾਈ ਅੱਡਾ ਹੈ। ਲੰਡਨ ਦੀ ਮੈਟਰੋ ਸਭ ਤੋਂ ਪੁਰਾਣੀ ਹੈ, ਜਿਸ ਰਾਹੀਂ ਲੱਖਾਂ ਕਰੋੜਾਂ ਮੁਸਾਫਿਰ ਢੋਏ ਜਾਂਦੇ ਹਨ। ਓਲੰਪਿਕ ਖੇਡਾਂ ਸਮੇਂ ਲੱਖਾਂ ਮੁਸਾਫਿਰ ਆਏ, ਜਿਸ ਨਾਲ ਲੰਡਨ ਦੀ ਆਰਥਿਕਤਾ ਨੂੰ ਤਕੜਾ ਹੁਲਾਰਾ ਮਿਲਿਆ। ਲੰਡਨ ਦੀ ਪਬਲਿਕ ਟਰਾਂਸਪੋਰਟ ਇਕ ਘੰਟੇ ‘ਚ 2 ਲੱਖ 40 ਹਜ਼ਾਰ ਸਵਾਰੀਆਂ ਢੋਣ ਦੀ ਸਮਰੱਥਾ ਰੱਖਦੀ ਹੈ।
ਥੇਮਸ ਦਰਿਆ ਦੇ ਕੰਢੇ ਵਸਿਆ ਲੰਡਨ ਵਿਸ਼ਵ ਦਾ ਸਭ ਤੋਂ ਵੱਧ ਸੈਰ ਸਪਾਟੇ ਵਾਲਾ ਸ਼ਹਿਰ ਹੈ। ਉਥੇ ਇਤਿਹਾਸਕ ਇਮਾਰਤਾਂ, ਅਜਾਇਬ ਘਰ, ਗਿਰਜੇ, ਮਹੱਲ, ਕਿਲੇ, ਟਾਵਰ, ਬਾਗ-ਬਗੀਚੇ, ਪਾਰਕ ਅਤੇ ਅਨੇਕਾਂ ਹੋਰ ਵੇਖਣਯੋਗ ਥਾਂਵਾਂ ਹਨ। ‘ਲੰਡਨ ਆਈ’ ਜਿਸ ਨੂੰ ਲੰਡਨ ਦੀ ਚੰਡੋਲ ਕਿਹਾ ਜਾ ਸਕਦੈ, ਉਹਦੀ ਢਾਣੀ ਦੂਰ ਤਕ ਉਨ੍ਹਾਂ ਦੇ ਦਰਸ਼ਨ ਕਰਾ ਦਿੰਦੀ ਹੈ। ਕਿਤੇ ਲੰਡਨ ਦੀ ਸ਼ਾਹਰਗ ਥੇਮਸ, ਲੰਡਨ ਟਾਵਰ, ਬਕਿੰਘਮ ਪੈਲਸ, ਪਿਕਾਡਲੀ ਸਰਕਸ, ਟ੍ਰੈਫਾਲਗਰ ਸੁਕੇਅਰ, ਵੈਂਬਲੇ ਸਟੇਡੀਅਮ, ਕਿਊ ਗਾਰਡਨਜ਼, ਲੰਡਨ ਬ੍ਰਿਜ, ਬ੍ਰਿਟਿਸ਼ ਮਿਊਜ਼ਮ, ਨੈਸ਼ਨਲ ਗੈਲਰੀ, ਬ੍ਰਿਟਿਸ਼ ਲਾਇਬ੍ਰੇਰੀ, ਨੈਸ਼ਨਲ ਹਿਸਟਰੀ ਮਿਊਜ਼ਮ ਤੇ ਕਿਤੇ ਇਤਿਹਾਸਕ ਗਿਰਜਿਆਂ ਦੇ ਮਿਨਾਰ ਦਿਸਦੇ ਹਨ।
6 ਜੁਲਾਈ 2005 ਨੂੰ 30ਵੀਆਂ ਓਲੰਪਿਕ ਖੇਡਾਂ ਲੰਡਨ ਨੂੰ ਸੌਂਪਣ ਦਾ ਐਲਾਨ ਹੋਇਆ। ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਕਿ 7 ਜੁਲਾਈ ਨੂੰ ਲੰਡਨ ਦੀ ਅੰਡਰ ਗਰਾਊਂਡ ਮੈਟਰੋ ‘ਚ ਬੰਬ ਧਮਾਕੇ ਹੋ ਗਏ, ਪਰ ਬਰਤਾਨੀਆ ਹਕੂਮਤ ਤੇ ਲੰਡਨ ਵਾਸੀਆਂ ਨੇ ਦਿਲ ਨਹੀਂ ਛੱਡਿਆ ਤੇ ਖੇਡਾਂ ਦੀ ਤਿਆਰੀ ਵਿਸ਼ਾਲ ਪੈਮਾਨੇ ‘ਤੇ ਕੀਤੀ। ਪੂਰਬੀ ਲੰਡਨ ਵੱਲ ਸਟੈਫੋਰਡ ਦੇ ਸਨਅਤੀ ਇਲਾਕੇ ਵਿਚ ਓਲੰਪਿਕ ਪਿੰਡ ਤੇ ਖੇਡ ਭਵਨ ਉਸਾਰੇ ਗਏ। ਓਲੰਪਿਕ ਪਾਰਕ ਵਿਚ ਹਜ਼ਾਰਾਂ ਰੁੱਖ ਤੇ ਲੱਖਾਂ ਬੂਟੇ ਲਾਏ ਅਤੇ ਪੰਛੀਆਂ ਦਾ ਵਸੇਬਾ ਕੀਤਾ ਗਿਆ ਤਾਂ ਜੋ ਖੇਡਾਂ ਲਈ ਵਾਤਾਵਰਣ ਅਨੁਕੂਲ ਰਹੇ। ਓਲੰਪਿਕ ਪਿੰਡ ਦੇ 2818 ਅਪਾਰਟਮੈਂਟ ਹਨ, ਜਿਨ੍ਹਾਂ ਵਿਚ 16 ਹਜ਼ਾਰ ਬੈੱਡ ਲਾਏ ਗਏ। ਰੋਜ਼ਾਨਾ 60 ਹਜ਼ਾਰ ਬਰੇਕ ਫਾਸਟ, ਲੰਚ ਤੇ ਡਿਨਰ ਵਰਤਾਏ ਜਾਂਦੇ ਰਹੇ, ਜਿਨ੍ਹਾਂ ਵਿਚ 5000 ਬਰੈੱਡਾਂ, 232 ਟਨ ਆਲੂ, 330 ਟਨ ਫਲ ਤੇ ਸਬਜ਼ੀਆਂ ਅਤੇ 75,000 ਲੀਟਰ ਦੁੱਧ ਲੱਗਦਾ ਰਿਹਾ। 27 ਜੁਲਾਈ ਰਾਤ ਨੂੰ 80 ਹਜ਼ਾਰ ਸੀਟਾਂ ਵਾਲੇ ਓਲੰਪਿਕ ਸਟੇਡੀਅਮ ਵਿਚ ਖੇਡਾਂ ਦਾ ਉਦਘਾਟਨੀ ਸਮਾਰੋਹ ਹੋਇਆ, ਜਿਸ ਵਿਚ ਕੁਝ ਮੁਲਕਾਂ ਦੇ ਮੁਖੀ ਵੀ ਸ਼ਾਮਲ ਹੋਏ।
ਮਾਰਚ ਪਾਸਟ ਵਿਚ ਸਭ ਤੋਂ ਵੱਡਾ ਦਲ ਗ੍ਰੇਟ ਬਰਤਾਨੀਆ ਦਾ ਸੀ, ਜਿਸ ਦੇ 541 ਖਿਡਾਰੀ ਸਨ। ਅਮਰੀਕਾ ਦੇ ਖਿਡਾਰੀਆਂ ਦੀ ਗਿਣਤੀ 530, ਰੂਸ ਦੀ 436, ਚੀਨ ਦੀ 396, ਜਰਮਨੀ ਦੀ 392 ਸੀ। ਭਾਰਤ ਦੇ 83 ਖਿਡਾਰੀ ਸਨ, ਜਿਨ੍ਹਾਂ ਦਾ ਝੰਡਾਬਰਦਾਰ ਸੁਸ਼ੀਲ ਕੁਮਾਰ ਸੀ। ਬੀਜਿੰਗ ਤੋਂ ਸੋਨ ਤਮਗਾ ਜੇਤੂ ਅਭਿਨਵ ਬਿੰਦਰਾ ਆਪਣੇ ਈਵੈਂਟ ‘ਤੇ ਧਿਆਨ ਕੇਂਦਰਤ ਕਰਦਾ ਝੰਡਾਬਰਦਾਰ ਨਹੀਂ ਸੀ ਬਣਿਆ। ਹਾਕੀ ਖਿਡਾਰੀ ਅਜੀਤਪਾਲ ਸਿੰਘ ਨੇ ਭਾਰਤੀ ਦਲ ਦੀ ਅਗਵਾਈ ਕਰਨੀ ਸੀ, ਪਰ ਉਹ ਬਿਮਾਰ ਹੋਣ ਕਾਰਨ ਲੰਡਨ ਨਾ ਜਾ ਸਕਿਆ। ਇੰਗਲੈਂਡ ਦੀ ਸਾਰ੍ਹਾ ਸਟੀਵਨਸਨ ਨੇ ਖਿਡਾਰੀਆਂ ਵੱਲੋਂ ਸਹੁੰ ਚੁੱਕੀ ਤੇ ਮਹਾਰਾਣੀ ਐਲਿਜ਼ਬੈੱਥ ਨੇ ਖੇਡਾਂ ਸ਼ੁਰੂ ਕਰਨ ਦਾ ਐਲਾਨ ਕੀਤਾ। ਗੀਤ-ਸੰਗੀਤ ਤੇ ਆਤਿਸ਼ਬਾਜ਼ੀ ਦੇ ਰੰਗਰੱਤੇ ਓਲੰਪਿਕ ਸਮਾਰੋਹ ਨੂੰ ਕਰੋੜਾਂ ਦਰਸ਼ਕਾਂ ਨੇ ਟੀ. ਵੀ. ਤੇ ਇੰਟਰਨੈੱਟ ਤੋਂ ਵੇਖਿਆ।
ਓਲੰਪਿਕ ਖੇਡਾਂ ਦੀ ਮਸ਼ਾਲ ਉਲਿੰਪੀਆ ਦੇ ਹੇਰਾ ਮੰਦਿਰ ਤੋਂ 18 ਮਈ ਨੂੰ ਜਗਾਈ ਗਈ ਸੀ, ਜਿਸ ਨੂੰ 8000 ਦੌੜਾਕ 8000 ਮੀਲ ਦੌੜ ਕੇ 70 ਦਿਨਾਂ ‘ਚ ਲੰਡਨ ਲਿਆਏ ਸਨ। ਉਨ੍ਹਾਂ ਦੌੜਾਕਾਂ ਵਿਚ ਮੈਰਾਥਨ ਦਾ ਮਹਾਂਰਥੀ ਸੌ ਸਾਲ ਤੋਂ ਟੱਪਿਆ ਬਾਬਾ ਫੌਜਾ ਸਿੰਘ ਵੀ ਸੀ, ਜੋ ਪਿੱਛੋਂ ਬਿਆਸ ਪਿੰਡ ਦਾ ਹੈ। ਜਿੱਦਣ ਉਹ ਦੌੜਿਆ, ਸਿੱਖ ਸੰਗਤਾਂ ਨੇ ਛਬੀਲਾਂ ਲਾਈਆਂ ਤੇ ਲੰਗਰ ਵਰਤਾਏ, ਜੋ ਓਲੰਪਿਕ ਮਸ਼ਾਲ ਦੇ ਸਫਰ ਦਾ ਅੰਗ ਬਣ ਗਏ। ਫੁੱਟਬਾਲ ਦੇ ਮੈਚ 25 ਜੁਲਾਈ ਨੂੰ ਹੀ ਸ਼ੁਰੂ ਹੋ ਗਏ, ਜਦੋਂ ਕਿ ਬਾਕੀ ਖੇਡਾਂ ਦੇ ਮੁਕਾਬਲੇ ਉਦਘਾਟਨੀ ਸਮਾਰੋਹ ਤੋਂ ਬਾਅਦ ਸ਼ੁਰੂ ਹੋਏ। ਪਹਿਲੇ ਮੈਡਲ ਜਿੱਤਣ ਵਿਚ ਚੀਨ ਦੀ ਚੜ੍ਹਤ ਰਹੀ, ਜਦ ਕਿ ਅਮਰੀਕਾ ਦੋਇਮ ਰਿਹਾ। ਪਹਿਲੇ ਦਿਨਾਂ ਵਿਚ ਲੱਗਦਾ ਰਿਹਾ ਕਿ ਚੀਨ ਫਿਰ ਝੰਡੀ ਲੈ ਜਾਵੇਗਾ, ਪਰ ਬਾਅਦ ਵਿਚ ਅਮਰੀਕਾ ਅੱਗੇ ਨਿਕਲ ਗਿਆ। ਭਾਰਤ ਲਈ ਪਹਿਲਾ ਮੈਡਲ ਗਗਨ ਨਾਰੰਗ ਨੇ ਜਿੱਤਿਆ, ਜੋ ਤਾਂਬੇ ਦਾ ਸੀ। ਉਸੇ ਦਿਨ ਹਰਿਆਣੇ ਦੇ ਮੁੱਖ ਮੰਤਰੀ ਵੱਲੋਂ ਉਸ ਲਈ ਕਰੋੜ ਰੁਪਏ ਦਾ ਇਨਾਮ ਐਲਾਨਿਆ ਗਿਆ।
ਲੰਡਨ ਦੀਆਂ ਓਲੰਪਿਕ ਖੇਡਾਂ ਉਸੈਨ ਬੋਲਟ ਤੇ ਮਾਈਕਲ ਫੈਲਪਸ ਦੀਆਂ ਖੇਡਾਂ ਕਹੀਆਂ ਜਾਣਗੀਆਂ। ਉਂਜ ਤਾਂ ਹੋਰ ਵੀ ਕਈ ਖਿਡਾਰੀਆਂ ਨੇ ਰਿਕਾਰਡ ਤੋੜੇ, ਪਰ ਮਾਈਕਲ ਫੈਲਪਸ ਨੇ ਤਾਂ ਕਮਾਲ ਹੀ ਕਰ ਦਿੱਤੀ। 22 ਮੈਡਲ ਜਿੱਤਣੇ ਕਹਿ ਦੇਣੀ ਗੱਲ ਹੈ। ਉਸ ਨੇ ਏਥਨਜ਼, ਬੀਜਿੰਗ ਤੇ ਲੰਡਨ ਦੀਆਂ ਓਲੰਪਿਕ ਖੇਡਾਂ ‘ਚੋਂ 18 ਸੋਨੇ, 2 ਚਾਂਦੀ ਤੇ 2 ਤਾਂਬੇ ਦੇ ਤਮਗੇ ਜਿੱਤ ਕੇ ਨਵਾਂ ਰਿਕਾਰਡ ਕਾਇਮ ਕੀਤਾ। ਓਦੂੰ ਪਹਿਲਾਂ ਵੱਧ ਤਮਗੇ ਜਿੱਤਣ ਦਾ ਰਿਕਾਰਡ ਸੋਵੀਅਤ ਰੂਸ ਦੀ ਲਰੀਸਾ ਲਤੀਨੀਨਾ ਦਾ ਸੀ, ਜਿਸ ਨੇ ਓਲੰਪਿਕ ਖੇਡਾਂ ‘ਚੋਂ 18 ਤਮਗੇ ਜਿੱਤੇ ਸਨ। ਰਤਾ ਸੋਚੋ, ਜੇ ਲਰੀਸਾ ਲਤੀਨੀਨਾ ਤੇ ਮਾਈਕਲ ਫੈਲਪਸ ਭਾਰਤ ‘ਚ ਜੰਮੇ ਹੁੰਦੇ ਤਾਂ ਕੀ ਹੁੰਦਾ?
ਬੀਜਿੰਗ ਦੀਆਂ ਓਲੰਪਿਕ ਖੇਡਾਂ-2008 ‘ਚੋਂ ਚੀਨ ਨੇ 51 ਸੋਨੇ, 21 ਚਾਂਦੀ ਤੇ 28 ਤਾਂਬੇ ਦੇ ਤਮਗੇ ਜਿੱਤੇ ਸਨ। ਅਮਰੀਕਾ 36, 38, 36 ਤਮਗਿਆਂ ਨਾਲ ਦੂਜੇ ਥਾਂ ਸੀ। ਭਾਰਤ ਨੇ 1 ਸੋਨੇ ਤੇ 2 ਤਾਂਬੇ ਦੇ ਤਮਗੇ ਜਿੱਤੇ ਸਨ। ਲੰਡਨ ਵਿਚ ਭਾਰਤ ਨੇ 2 ਚਾਂਦੀ ਤੇ 4 ਤਾਂਬੇ ਦੇ ਤਮਗੇ ਜਿੱਤੇ। 2016 ਦੀਆਂ 31ਵੀਆਂ ਓਲੰਪਿਕ ਖੇਡਾਂ ਬ੍ਰਾਜ਼ੀਲ ਦੇ ਸ਼ਹਿਰ ਰੀਓ ਵਿਚ 5 ਤੋਂ 21 ਅਗਸਤ ਤਕ ਹੋਣਗੀਆਂ। ਯੂਰਪ, ਅਮਰੀਕਾ, ਏਸ਼ੀਆ ਤੇ ਆਸਟ੍ਰੇਲੀਆ ਵਿਚ ਤਾਂ ਓਲੰਪਿਕ ਖੇਡਾਂ ਹੋ ਚੁਕੀਆਂ ਹਨ, ਪਰ ਅਫਰੀਕਾ ਵਿਚ ਕਦੇ ਵੀ ਨਹੀਂ ਹੋਈਆਂ।
ਲੰਡਨ ਓਲੰਪਿਕਸ ਵਿਚ ਜਮਾਇਕਾ ਦਾ ਉਸੈਨ ਬੋਲਟ ਦੁਨੀਆਂ ਦਾ ਸਭ ਤੋਂ ਤੇਜ਼ ਦੌੜਾਕ ਸਾਬਤ ਹੋਇਆ। ਓਲੰਪਿਕ ਖੇਡਾਂ ਦੇ ਇਤਿਹਾਸ ਵਿਚ ਉਹ ਪਹਿਲਾ ਅਥਲੀਟ ਹੈ, ਜੋ 100, 200 ਤੇ 4+100 ਮੀਟਰ ਰਿਲੇਅ ਦੌੜ, ਦੋ ਓਲੰਪਿਕਸ ਵਿਚ ਜਿੱਤਿਆ। 4 ਅਗਸਤ ਤਕ 51 ਲੱਖ ਦਰਸ਼ਕਾਂ ਦੀ ਹਾਜ਼ਰੀ ਨੇ ਖੇਡਾਂ ਵੇਖ ਲਈਆਂ ਸਨ। 60 ਹਜ਼ਾਰ ਦਰਸ਼ਕਾਂ ਨੇ ਔਰਤਾਂ ਦੀ ਮੈਰਾਥਨ ਦੌੜ ਵੇਖੀ। ਸਾਢੇ ਤਿੰਨ ਲੱਖ ਲੋਕਾਂ ਨੇ ਇੰਗਲੈਂਡ ਦੀਆਂ ਪਬਲਿਕ ਥਾਂਵਾਂ ਉਤੇ ਲਾਈਆਂ ਵੱਡੀਆਂ ਸਕਰੀਨਾਂ ਤੋਂ ਖੇਡ ਮੁਕਾਬਲੇ ਵੇਖੇ। ਜਿਨ੍ਹਾਂ ਓਲੰਪਿਕ ਮੈਡਲਾਂ ਲਈ ਕਰੋੜਾਂ ਦੇ ਇਨਾਮ ਸਨ, ਉਨ੍ਹਾਂ ਦੀ ਧਾਤ ਕੁਝ ਹਜ਼ਾਰਾਂ ਦੀ ਹੀ ਸੀ। ਸੋਨੇ ਦੇ ਮੈਡਲ ਵਿਚ ਸੋਨਾ ਡੇਢ ਫੀਸਦੀ ਵੀ ਨਹੀਂ ਸੀ। 400 ਗਰਾਮ ਦਾ ਉਹ ਗੋਲਡ ਮੈਡਲ ਮੌਕੇ ਦੇ ਭਾਅ ਅਨੁਸਾਰ 39 ਹਜ਼ਾਰ ਰੁਪਏ ਦਾ ਸੀ। ਚਾਂਦੀ ਦਾ 16 ਹਜ਼ਾਰ ਦਾ ਤੇ ਤਾਂਬੇ ਦਾ ਸਿਰਫ ਢਾਈ ਸੌ ਦਾ!
ਬੀਜਿੰਗ ਦੀਆਂ ਖੇਡਾਂ ‘ਚ 43 ਵਿਸ਼ਵ ਰਿਕਾਰਡ ਟੁੱਟੇ ਸਨ, ਜਦੋਂ ਕਿ ਲੰਡਨ ਵਿਚ 30 ਟੁੱਟੇ; 5 ਚੀਨਿਆਂ ਨੇ ਤੋੜੇ, 5 ਇੰਗਲੈਂਡੀਆਂ ਨੇ ਤੇ 5 ਅਮਰੀਕਨਾਂ ਨੇ। ਵਧੇਰੇ ਰਿਕਾਰਡ ਤੈਰਾਕੀ ਵਿਚ ਨਵਿਆਏ ਗਏ। ਕੀਨੀਆ ਦਾ ਡੇਵਿਡ ਰੁਡੀਸ਼ਾ 800 ਮੀਟਰ ਦੀ ਦੌੜ 1:40.82 ਮਿੰਟ ਵਿਚ ਦੌੜ ਕੇ ਨਵਾਂ ਵਿਸ਼ਵ ਰਿਕਾਰਡ ਸਿਰਜ ਗਿਆ। ਰੂਸ ਦੀ ਈਲੇਨਾ ਲਸ਼ਮਾਨੋਵਾ ਨੇ 20 ਕਿਲੋਮੀਟਰ ਦੀ ਵਾਕ 1 ਘੰਟਾ 25.02 ਮਿੰਟ ਵਿਚ ਪੂਰੀ ਕਰ ਕੇ ਅਤੇ ਜਮਾਇਕਾ ਦੇ ਪੁਰਸ਼ਾਂ ਦੀ ਟੀਮ ਨੇ 4+100 ਮੀਟਰ ਰਿਲੇਅ ਦੌੜ 36.84 ਸੈਕੰਡ ਤੇ ਅਮਰੀਕਾ ਦੀਆਂ ਔਰਤਾਂ ਦੀ ਟੀਮ ਨੇ 4+100 ਮੀਟਰ ਰਿਲੇਅ ਦੌੜ 40.82 ਸੈਕੰਡ ਵਿਚ ਦੌੜ ਕੇ ਨਵੇਂ ਵਿਸ਼ਵ ਰਿਕਾਰਡ ਰੱਖੇ।
ਬਰਤਾਨੀਆ ਦੀ ਸਾਈਕਲਿਸਟ ਕ੍ਰਿਸ ਹੋਏ ਛੇਵਾਂ ਗੋਲਡ ਮੈਡਲ ਜਿੱਤ ਕੇ ਖੁਸ਼ ਵੀ ਹੋਈ ਤੇ ਹੱਸਦੀ ਹੋਈ ਰੋਈ ਵੀ ਗਈ! ਜਿੱਤ-ਹਾਰ ਵਿਚ ਖਿਡਾਰੀਆਂ ਦੇ ਹੰਝੂ ਵੀ ਦਿਸੇ ਤੇ ਹਾਸੇ ਵੀ। ਚਿਹਰੇ ਰੋਹ ਭਰੇ ਵੀ ਦਿਸੇ ਤੇ ਹਰਾਸੇ ਹੋਏ ਵੀ ਨਜ਼ਰੀਂ ਪਏ। ਅਲੋਕਾਰ ਨਜ਼ਾਰੇ ਸਨ ਲੰਡਨ ਦੀਆਂ ਖੇਡਾਂ ਦੇ। ਪਾਣੀ ਦੀਆਂ ਪਰੀਆਂ ਪਾਣੀਆਂ ਨੂੰ ਅੱਗ ਲਾਈ ਗਈਆਂ। ਜਿਮਨਾਸਟਿਕਸ ਦੀਆਂ ਗੁੱਡੀਆਂ ਚਾਰ ਇੰਚ ਦੇ ਬੀਮ ਉਤੇ ਪੁੱਠੀਆਂ ਛਾਲਾਂ ਲਾਉਂਦੀਆਂ ਦਰਸ਼ਕਾਂ ਨੂੰ ਦੰਗ ਕਰਦੀਆਂ ਰਹੀਆਂ।
ਡੋਪ ਟੈੱਸਟ ਵੀ ਹੋਏ, ਜਿਨ੍ਹਾਂ ਵਿਚ ਇੱਕਾ ਦੁੱਕਾ ਖਿਡਾਰੀ ਫੇਲ੍ਹ ਵੀ ਹੋਏ। ਹਰ ਰੋਜ਼ 400 ਨਮੂਨੇ ਲਏ ਜਾਂਦੇ ਰਹੇ, ਜਿਨ੍ਹਾਂ ਦੀ ਗਿਣਤੀ 5000 ਹਜ਼ਾਰ ਤਕ ਜਾ ਅੱਪੜੀ। 3800 ਪਿਸ਼ਾਬ ਦੇ ਨਮੂਨੇ ਤੇ 1200 ਲਹੂ ਦੇ। ਆਈ. ਓ. ਸੀ. ਦੇ ਮੈਡੀਕਲ ਕਮਿਸ਼ਨ ਨੇ 2012 ਵਿਚ 240 ਰਸਾਇਣ ਤੱਤਾਂ ਦੀ ਸੂਚੀ ਜਾਰੀ ਕੀਤੀ ਸੀ, ਜੋ ਖਿਡਾਰੀਆਂ ਲਈ ਵਰਜਿਤ ਸਨ। ਫਿਰ ਵੀ ਬੇਲਾਰੂਸ ਦੀ ਨਦਯੇਇਆ ਡੋਪ ਟੈੱਸਟ ਵਿਚ ਪਾਜ਼ੇਟਿਵ ਪਾਏ ਜਾਣ ‘ਤੇ ਗੋਲੇ ਦਾ ਜਿੱਤਿਆ ਗੋਲਡ ਮੈਡਲ ਖੁਹਾ ਬੈਠੀ। ਬੈਡਮਿੰਟਨ ਦੀ ਖੇਡ ਵਿਚ ਮਿਲ ਕੇ ਖੇਡ ਜਾਣ ਕਾਰਨ ਅੱਠ ਖਿਡਾਰੀ ਅਯੋਗ ਕਰਾਰ ਦੇਣੇ ਪਏ। ਜੱਜਾਂ ਦੇ ਫੈਸਲਿਆਂ ‘ਤੇ ਟੀਕਾ ਟਿੱਪਣੀ ਵੀ ਹੋਈ। ਸਾਊਥ ਅਫਰੀਕਾ ਦਾ ਅਪਾਹਜ ਅਥਲੀਟ ਔਸਕਰ ਪਿਸਟੋਰੀਅਸ ਮਸਨੂਈ ਲੱਤਾਂ ਨਾਲ ਹੋਰਨਾਂ ਦੇ ਬਰਾਬਰ ਦੌੜਿਆ।
ਅੰਤਿਮ ਤਮਗਾ ਸੂਚੀ ਅਨੁਸਾਰ ਅਮਰੀਕਾ ਨੇ 46 ਸੋਨੇ, 29 ਚਾਂਦੀ, 29 ਤਾਂਬੇ, ਚੀਨ 38, 27, 24, ਬਰਤਾਨੀਆ 29, 17, 19, ਰੂਸ 24, 27, 32, ਦੱਖਣੀ ਕੋਰੀਆ 13, 8, 7, ਜਰਮਨੀ 11, 19, 14, ਫਰਾਂਸ 11, 11, 12, ਇਟਲੀ 8, 9, 11, ਹੰਗਰੀ 8, 4, 5 ਤੇ ਆਸਟ੍ਰੇਲੀਆ ਨੇ 7, 6, 12 ਤਮਗੇ ਜਿੱਤੇ। ਬੀਜਿੰਗ ਵਿਚ ਕ੍ਰਮਵਾਰ ਚੀਨ, ਅਮਰੀਕਾ, ਰੂਸ, ਬਰਤਾਨੀਆ, ਜਰਮਨੀ, ਆਸਟੇ੍ਰਲੀਆ, ਦੱਖਣੀ ਕੋਰੀਆ, ਜਪਾਨ, ਇਟਲੀ ਤੇ ਫਰਾਂਸ ਉਪਰਲੇ ਦਸਾਂ ਵਿਚ ਸਨ। 2012 ਤਕ ਹੋਈਆਂ ਸਾਰੀਆਂ ਓਲੰਪਿਕ ਖੇਡਾਂ ‘ਚ 14716 ਮੈਡਲ ਦਿੱਤੇ ਗਏ, ਜਿਨ੍ਹਾਂ ‘ਚੋਂ ਅਮਰੀਕਾ 2399 ਤਮਗੇ ਜਿੱਤ ਕੇ ਮੋਹਰੀ ਹੈ। ਰੂਸ ਨੇ ਸਣੇ ਸੋਵੀਅਤ ਰੂਸ 1521 ਤਮਗੇ ਜਿੱਤੇ ਹਨ ਤੇ ਚੀਨ ਨੇ ਸਿਰਫ 9 ਵਾਰ ਖੇਡਾਂ ‘ਚ ਹਿੱਸਾ ਲੈ ਕੇ 473 ਤਮਗੇ ਜੋੜ ਲਏ ਹਨ। ਭਾਰਤ 23 ਵਾਰ ਹਿੱਸਾ ਲੈ ਕੇ ਹਾਲੇ 26 ਤਗਮਿਆਂ ਤਕ ਹੀ ਪੁੱਜਾ ਹੈ। ਲੰਡਨ ਸ਼ਹਿਰ ਤੇ ਉਲੰਪਿਕ ਖੇਡਾਂ ਦਾ ਹੋਰ ਵੀ ਬਹੁਤ ਕੁਝ ਵੇਖਣ ਤੇ ਜਾਣਨ ਵਾਲਾ ਹੈ, ਜੋ 200 ਸੌ ਤੋਂ ਵੱਧ ਤਸਵੀਰਾਂ ਨਾਲ ਸਿ਼ੰਗਾਰੀ ਇਸ ਐਲਬਮਨੁਮਾ ਪੁਸਤਕ ਦੇ ਪੰਨਿਆਂ ‘ਤੇ ਵੇਖਿਆ ਜਾ ਸਕਦੈ।