ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜਿ਼ੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਹੋਕਰੇ ਲਾਏ ਸਨ, “ਪਾਣੀ ਦੇ ਪਿੰਡੇ ‘ਤੇ ਤਰੇੜਾਂ ਪਾਉਣ ਵਾਲਿਓ! ਪਾਣੀ ‘ਚ ਤਰੇੜ ਨਹੀਂ ਪੈਂਦੀ, ਸਗੋਂ ਤੁਹਾਡੇ ਮਨ ਵਿਚਲੀ ਤਰੇੜ ਹੀ ਨਜ਼ਰ ਆਉਂਦੀ ਹੈ; ਰੌਸ਼ਨੀ ਵਿਚ ਚੀਰ ਪਾਉਣ ਵਾਲਿਓ! ਕਿੰਜ ਚੀਰੋਗੇ ਚਾਨਣ ਨੂੰ?
ਇਸ ਦੀ ਫਿਤਰਤ ਨੂੰ? ਉਡਦੇ ਪਰਿੰਦੇ ਦੇ ਪਰ ਕੱਟਣ ਦੀ ਜੁਗਤ ਮਨ ਵਿਚ ਧਾਰਨ ਵਾਲਿਓ! ਪਰਿੰਦੇ ਤਾਂ ਟੁੱਟੇ ਪਰਾਂ ਨਾਲ ਵੀ ਉਡਾਣ ਭਰ ਲੈਂਦੇ ਨੇ, ਬਸ਼ਰਤੇ ਮਨ ਵਿਚ ਉਡਾਰੀ ਭਰਨ ਦਾ ਹੱਠ ਹੋਵੇ; ਮਨ ਵਿਚ ਮੌਲਦੇ ਵਿਚਾਰਾਂ ਨੂੰ ਜੰ਼ਜੀਰਾਂ ਵਿਚ ਕੈਦ ਕਰਨ ਵਾਲਿਓ! ਵਿਚਾਰ ਕਦੇ ਕੈਦ ਨਹੀਂ ਹੁੰਦੇ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਪ੍ਰਛਾਂਵਿਆਂ ਦੇ ਪ੍ਰਗੀਤ ਬਿਆਨੇ ਹਨ ਕਿ ਪ੍ਰਛਾਂਵਾਂ ਕਦੇ ਝੂਠ ਨਹੀਂ ਬੋਲਦਾ, ਕਪਟ ਨਹੀਂ ਕਰਦਾ, ਧੋਖਾ ਨਹੀਂ ਦਿੰਦਾ ਅਤੇ ਨਾ ਹੀ ਗਲਤਫਹਿਮੀਆਂ ਪਾਲਦਾ ਏ। ਉਹ ਤਾਂ ਨਿੱਤਰੇ ਪਾਣੀ ਵਰਗਾ, ਜਿਸ ਵਿਚੋਂ ਕੋਈ ਵੀ ਆਪਣਾ ਪਾਰਦਰਸ਼ੀ ਰੂਪ ਨਿਹਾਰ ਸਕਦਾ ਏ।…ਪ੍ਰਛਾਂਵਾਂ ਉਹ ਵੀ ਹੁੰਦਾ, ਜੋ ਤੁਸੀਂ ਕਿਸੇ ਦੀ ਮਾਨਸਿਕਤਾ ਵਿਚ ਬਣਾਉਂਦੇ ਹੋ। ਕਿਸੇ ਅਣਜਾਣ ਵਿਅਕਤੀ ਦੀ ਸੋਚ ਵਿਚ ਆਪਣਾ ਬਿੰਬ ਉਸਾਰਦੇ ਹੋ। ਲੋਕ-ਮਨਾਂ ਵਿਚ ਤੁਸੀਂ ਕਿਹੜਾ ਬਿੰਬ ਬਣਾਇਆ, ਇਹ ਹੀ ਨਿਰਧਾਰਤ ਕਰਦਾ ਹੈ ਕਿ ਤੁਸੀਂ ਕੌਣ ਹੋ ਅਤੇ ਤੁਹਾਡੀ ਹੋਂਦ ਦੇ ਕੀ ਅਰਥ ਨੇ? ਉਨ੍ਹਾਂ ਦੀ ਨਸੀਹਤ ਹੈ, “ਕਦੇ ਵੀ ਕਿਸੇ ਦਾ ਪ੍ਰਛਾਂਵਾਂ ਨਾ ਬਣੋ, ਸਗੋਂ ਪ੍ਰਛਾਂਵਿਆਂ ਨੂੰ ਸਿਰਜੋ ਤਾਂ ਕਿ ਕੋਈ ਤੁਹਾਡੇ ਪ੍ਰਛਾਂਵੇਂ ਦੇ ਨਿੱਘ ਵਿਚ ਜੀਵਨ ਦੀਆਂ ਉਮੀਦਾਂ ਅਤੇ ਉਮੰਗਾਂ ਨੂੰ ਨਵੀਂ ਪਰਵਾਜ਼ ਦੇ ਸਕੇ।” ਸੰਪਾਦਕ
ਡਾ. ਗੁਰਬਖਸ਼ ਸਿੰਘ ਭੰਡਾਲ
ਪ੍ਰਛਾਂਵਾਂ ਹੋਂਦ ਦਾ ਗਵਾਹ, ਅਦਿੱਖ ਪ੍ਰਭਾਵ ਅਤੇ ਆਪਣੇ ਆਪ ਨਾਲ ਰਹਿਣ ਤੇ ਆਪਣੀ ਪਛਾਣ ਨੂੰ ਹੋਰ ਪਕੇਰਾ ਕਰਨ ਦਾ ਸਬੱਬ।
ਪ੍ਰਛਾਂਵਾਂ ਆਪਣਾ ਵੀ ਹੁੰਦਾ ਤੇ ਪਰਾਇਆ ਵੀ। ਕੁਝ ਪ੍ਰਛਾਂਵੇਂ ਧੁੰਦਲੇ ਅਤੇ ਕੁਝ ਗਾੜੇ੍ਹ। ਕੁਝ ਪ੍ਰਛਾਂਵੇਂ ਬਹੁਤ ਛੋਟੇ, ਪਰ ਕੁਝ ਪ੍ਰਛਾਂਵੇਂ ਬਹੁਤ ਲੰਮੇਰੇ। ਹਰ ਪ੍ਰਛਾਂਵੇਂ ਦੀ ਆਪਣੀ ਅਹਿਮੀਅਤ, ਅਸਲੀਅਤ ਅਤੇ ਸਰੋਕਾਰ।
ਪ੍ਰਛਾਂਵਾਂ ਹਮੇਸ਼ਾ ਨਾਲ ਨਾਲ ਤੁਰਦਾ। ਹਰ ਕਦਮ, ਮੋੜ, ਚੌਰਾਹੇ ਜਾਂ ਰਾਹ ‘ਤੇ ਸਾਥ ਨਿਭਾਉਂਦਾ, ਬਸ਼ਰਤੇ ਤੁਸੀਂ ਚਾਨਣ ਦਾ ਸਾਥ ਮਾਣਦੇ ਹੋ। ਹਨੇਰੇ ਵਿਚ ਪ੍ਰਛਾਂਵੇਂ ਨਹੀਂ ਦਿੱਸਦੇ, ਪਰ ਪ੍ਰਛਾਂਵੇਂ ਅਦਿੱਖ ਵੀ ਹੁੰਦੇ, ਜੋ ਤੁਹਾਡੀ ਸੋਚ ਵਿਚ, ਜਿ਼ਹਨ ਵਿਚ ਜਾਂ ਅੰਤਰੀਵ ਵਿਚ ਬਹਿ, ਤੁਹਾਡੇ ਨਾਲ ਗੁਫਤਗੂ ਵੀ ਕਰਦੇ, ਤੁਹਾਡੀਆਂ ਬਲਾਵਾਂ ਵੀ ਸਿਰ ‘ਤੇ ਲੈਂਦੇ ਅਤੇ ਮਾਰਗ ਦਰਸ਼ਨ ਵੀ ਕਰਦੇ; ਪਰ ਇਹ ਪ੍ਰਛਾਂਵੇਂ ਤੁਹਾਡੇ ਅਚੇਤ ਦਾ ਹਿੱਸਾ ਹੁੰਦੇ। ਬਹੁਤ ਘੱਟ ਲੋਕ ਹੁੰਦੇ ਜਿਹੜੇ ਅਚੇਤ ਨੂੰ ਸੁਚੇਤ ਬਣਾ ਕੇ ਜੀਵਨ ਦੀਆਂ ਤਰਜ਼ੀਹਾਂ ਨੂੰ ਤਕਦੀਰਾਂ ਬਣਾਉਂਦੇ।
ਪ੍ਰਛਾਂਵੇ ਨੂੰ ਨਿੱਕੇ ਜਿਹੇ ਦਾਇਰੇ ਵਿਚ ਸੀਮਤ ਨਹੀਂ ਕੀਤਾ ਜਾ ਸਕਦਾ। ਵਸੀਹ ਅਰਥ ਤੇ ਦ੍ਰਿਸ਼ ਨੇ। ਬਹੁਤ ਸਾਰੀਆਂ ਪਰਤਾਂ ਨੇ ਇਸ ਦੀਆਂ। ਸਿਰਫ ਸਾਡੇ ਮਨ ਵਿਚ ਇਨ੍ਹਾਂ ਪਰਤਾਂ ਨੂੰ ਫਰੋਲਣ ਅਤੇ ਇਨ੍ਹਾਂ ਦੀ ਸੂਖਮਤਾ ਨੂੰ ਸੋਚ ਦੇ ਨਾਮ ਲਾਉਣ ਦੀ ਤਮੰਨਾ ਤੇ ਤਰਜ਼ੀਹ ਦਾ ਹੋਣਾ ਜਰੂਰੀ।
ਪ੍ਰਛਾਂਵਾਂ ਗੱਲਾਂ ਵੀ ਕਰਦਾ ਅਤੇ ਹੁੰਗਾਰੇ ਵੀ ਭਰਦਾ। ਕਦੇ ਪਿਆਸ ਮਿਟਾਉਣ ਲੱਗਿਆਂ, ਦਰਿਆ ਦੇ ਪਾਣੀ ਦਾ ਬੁੱਕ ਭਰਨ ਵੇਲੇ ਪਾਣੀ ਵਿਚ ਉਤਰੇ ਸੂਰਜ ਨੂੰ ਵੀ ਪਾਣੀ ਦੀ ਸੁਲਾਹ ਜਰੂਰ ਮਾਰਨਾ। ਸੂਰਜ ਤਾਂ ਯੁੱਗਾਂ ਦਾ ਪਿਆਸਾ। ਖੁਦ ਨੂੰ ਅੱਗ ਦਾ ਗੋਲਾ ਬਣਾ, ਧਰਤੀ ਦੇ ਹਰ ਬਾਸਿ਼ੰਦੇ ਲਈ ਜੀਵਨ ਦਾਨੀ ਬਣਿਆ ਹੋਇਆ ਏ। ਅਸੀਂ ਉਸ ਦੀ ਪਿਆਸ ਵੱਲ ਕਦੇ ਧਿਆਨ ਹੀ ਨਹੀਂ ਦਿਤਾ। ਕਦੇ ਚਾਨਣੀ ਰਾਤ ਵਿਚ ਝੀਲ ਦੇ ਪਾਣੀ ਵਿਚ ਉਤਰੇ ਚੰਨ ਨਾਲ ਗੱਲਾਂ ਕਰਨੀਆਂ, ਚਾਨਣੀ ਦੀਆਂ ਸਿਫਤਾਂ ਕਰਨੀਆਂ। ਚਾਨਣੀ ਦੀ ਬੁੱਕਲ ਮਾਰ ਕੇ ਆਪਣੇ ਸੰਗ ਚੁੱਪ ਦਾ ਸੰਵਾਦ ਰਚਾਉਣਾ, ਤੁਹਾਨੂੰ ਪਤਾ ਲੱਗੇਗਾ ਕਿ ਚੰਨ ਦਾ ਪ੍ਰਛਾਂਵਾਂ ਵੀ ਤੁਹਾਡੀਆਂ ਗੱਲਬਾਤ ਵਿਚ ਸ਼ਾਮਲ ਹੋ, ਅੰਤਰੀਵ ਨੂੰ ਸੁੱਚੀ ਚਾਨਣੀ ਨਾਲ ਭਰ ਦੇਵੇਗਾ। ਰਾਤ ਨੂੰ ਪ੍ਰਛਾਂਵਾਂ ਸਿਰਫ ਚੰਨ ਦੀ ਹਾਜ਼ਰੀ ਵਿਚ ਹੀ ਨਜ਼ਰ ਆਉਂਦਾ। ਜਦ ਚੰਨ ਬੱਦਲਾਂ ਦੇ ਓਹਲੇ ਹੋ ਜਾਵੇ ਤਾਂ ਓਦਰਿਆ ਮਨ ਕਿਸ ਨਾਲ ਗੱਲਾਂ ਕਰੇ? ਦਿਲ ਦੀਆਂ ਬਰੂਹਾਂ ਵਿਚ ਕਿਹੜੇ ਸ਼ਗਨਾਂ ਦਾ ਪਾਣੀ ਡੋਲੇ।
ਪ੍ਰਛਾਂਵੇਂ ਦੀ ਜਰੂਰਤ ਤੇ ਕੀਮਤ ਦਾ ਅੰਦਾਜ਼ਾ ਕਦੇ ਬਾਪ ਦੇ ਪ੍ਰਛਾਂਵੇਂ ਵਿਚ ਬੈਠੇ ਉਸ ਬਾਲ ਨੂੰ ਪੱਛਣਾ, ਜਿਸ ਨੂੰ ਪ੍ਰਛਾਂਵੇਂ ਵਿਚਲੀ ਠੰਢਕ ਕਾਰਨ ਜਾਂ ਤਿੱਖੜ ਦੁਪਹਿਰ ਦੌਰਾਨ ਵਰਦੀ ਅੱਗ ਦਾ ਅਹਿਸਾਸ ਹੀ ਨਹੀਂ ਹੁੰਦਾ ਭਾਵੇਂ ਕਿ ਬਾਪ ਦਾ ਨੰਗਾ ਪਿੰਡਾ ਤਿੱਖੀ ਧੁੱਪ ਵਿਚ ਸੜਨ ਲੱਗ ਪਵੇ। ਬਾਪ ਦੀ ਪਰਨੇ ਦੀ ਛਾਂਵੇਂ ਬਹਿ ਕੇ ਨੀਂਦ ਦੇ ਹਿਲੋਰੇ ਲੈਣ ਵਾਲੇ ਬੱਚੇ ਨੂੰ ਕੀ ਪਤਾ ਹੁੰਦਾ ਏ ਕਿ ਧੁੱਪ ਦਾ ਸੇਕ ਕੀ ਹੁੰਦਾ? ਸੜਕ ‘ਤੇ ਰੋੜੀ ਕੁੱਟਦੀ ਮਾਂ ਦਾ ਬੱਚਾ ਚੁੰਨੀ ਦੀ ਲਾਂਗੜ ਹੇਠ ਸੁਸਤਾਉਂਦਾ ਵੀ ਏ, ਰੋਂਦਾ ਵੀ ਅਤੇ ਸੋਂਦਾ ਵੀ ਏ ਭਾਵੇਂ ਕਿ ਉਸ ਦੀ ਮਾਂ ਦਾ ਪਸੀਨਾ, ਲਾਡਲੇ ਦੀ ਛਾਂ ਦੇ ਕਿਆਸ ਵਿਚ ਖੁਦ ਹੀ ਸੁੱਕ ਜਾਂਦਾ ਏ। ਜਰਾ ਸੋਚਣਾ ਕਿ ਮਾਂ-ਮਹਿਟਰ ਬੱਚੇ ਕਿਸ ਦੇ ਪ੍ਰਛਾਂਵੇਂ ਹੇਠ ਜੀਵਨ ਦੀਆਂ ਤਿੱਖੜ ਦੁਪਹਿਰਾਂ ਕੱਟਦੇ ਹੋਣਗੇ? ਬਾਪ ਦੀ ਅਣਹੋਂਦ ਵਿਚ ਬੱਚੇ ਦੇ ਹਿੱਸੇ ਦੀ ਛਾਂ ਵੀ ਜ਼ਾਬਰ ਲੋਕ ਅਗਵਾ ਕਰ ਲੈਂਦੇ।
ਪ੍ਰਛਾਂਵਾਂ ਪਾਕੀਜ਼ ਮਰਤਬਾ ਪ੍ਰਾਪਤ ਕਰਦਾ, ਜਦ ਉਹ ਕਿਸੇ ਥੱਕੇ-ਹਾਰੇ ਲਈ ਛਾਂ ਬਣਦਾ। ਦੁਪਹਿਰਾ ਕੱਟਣ ਦਾ ਸਬੱਬ ਬਣਦਾ। ਅਲੂੰਏਂ ਬੋਟ ਲਈ ਰਾਹਤ ਬਣਦਾ ਜਾਂ ਸੱਥ/ਮਹਿਫਿਲ ਦੀ ਰਮਣੀਕ ਜਗਾ ਬਣ, ਉਨ੍ਹਾਂ ਦੇ ਚੋਹਲ-ਮੋਹਲ ਅਤੇ ਸੁੰਦਰਤਾ ਭਰਪੂਰ ਗੱਲਾਂ ਵਿਚ ਖੁਦ ਨੂੰ ਦੂਣ ਸਵਾਇਆ ਸਮਝਦਾ, ਪਰ ਪ੍ਰਛਾਂਵੇਂ ਸਦਾ ਅਜਿਹੀ ਛਾਂ ਨਹੀਂ ਹੁੰਦੇ, ਜੋ ਕਿਸੇ ਲਈ ਵਾਧੇ ਤੇ ਵਿਸਥਾਰ ਦਾ ਕਾਰਨ ਹੋਣ। ਕਈ ਵਾਰ ਪ੍ਰਛਾਂਵਿਆਂ ਦੀ ਮਾਰ ਹੇਠ ਆਏ ਪੌਦੇ ਮੌਲਣੋਂ ਮੁਨਕਰ ਹੋ ਜਾਂਦੇ। ਪਲਿੱਤਣਾਂ ਦੀ ਮੁਰਦੇਹਾਣੀ, ਉਨ੍ਹਾਂ ਦੇ ਹਿੱਸੇ ਦੀ ਧੁੱਪ ਤੋਂ ਮੁਨਕਰੀ ਹੁੰਦੀ। ਆਖਰ ਨੂੰ ਆਪਣੇ ਆਪ ਦੀ ਅਲਵਿਦਾਇਗੀ ਪੜ੍ਹਨ ਜੋਗੇ ਹੀ ਰਹਿ ਜਾਂਦੇ।
ਕਦੇ ਵੀ ਕਿਸੇ ਦਾ ਪ੍ਰਛਾਂਵਾਂ ਨਾ ਬਣੋ, ਸਗੋਂ ਪ੍ਰਛਾਵਿਆਂ ਨੂੰ ਸਿਰਜੋ ਤਾਂ ਕਿ ਕੋਈ ਤੁਹਾਡੇ ਪ੍ਰਛਾਂਵੇਂ ਦੇ ਨਿੱਘ ਵਿਚ ਜੀਵਨ ਦੀਆਂ ਉਮੀਦਾਂ ਅਤੇ ਉਮੰਗਾਂ ਨੂੰ ਨਵੀਂ ਪਰਵਾਜ਼ ਦੇ ਸਕੇ।
ਪ੍ਰਛਾਵਿਆਂ ਵਰਗੇ ਲੋਕ ਸਿਰਫ ਚਾਪਲੂਸ, ਦੋਖੀ ਤੇ ਖੁਦਗਰਜ਼ ਹੋ ਸਕਦੇ। ਮੁਫਾਦ ਪੂਰਤੀ ਤੋਂ ਬਾਅਦ, ਉਨ੍ਹਾਂ ਲਈ ਪ੍ਰਛਾਂਵੇਂ ਬਣੇ ਰਹਿਣ ਦਾ ਕੋਈ ਮਕਸਦ ਨਹੀਂ ਰਹਿ ਜਾਂਦਾ।
ਯਾਦਾਂ ਦੇ ਪ੍ਰਛਾਂਵੇਂ ਜਦ ਮਸਤਕ ‘ਤੇ ਦਸਤਕ ਦਿੰਦੇ ਤਾਂ ਬਹੁਤ ਕੁਝ ਸਾਡੇ ਚੇਤਿਆਂ ਵਿਚ ਆਉਂਦਾ, ਜਿਸ ਨੂੰ ਕਈ ਵਾਰ ਮੁੜ ਵੀ ਜਿਉਣਾ ਚਾਹੁੰਦੇ; ਪਰ ਕਈ ਵਾਰ ਇਸ ਨੂੰ ਭੁਲਾਉਣ ਵਿਚ ਹੀ ਬਿਹਤਰੀ ਸਮਝਦੇ। ਇਹ ਤਾਂ ਪ੍ਰਛਾਂਵਿਆਂ ਦੀ ਤਾਸੀਰ ‘ਤੇ ਨਿਰਭਰ ਕਿਉਂਕਿ ਕੁਝ ਯਾਦਾਂ ਤਸਕੀਨ ਦਿੰਦੀਆਂ ਅਤੇ ਕੁਝ ਤਕਲੀਫ ਦਿੰਦੀਆਂ। ਕੁਝ ਰੂਹ ਲਈ ਸਕੂਨ ਤੇ ਕੁਝ ਰੁਆਉਂਦੀਆਂ। ਕੁਝ ਪਛਤਾਵੇ ਦੀ ਅੱਗ, ਕਝ ਬੀਤਿਆ ਸੁੰਦਰ ਸਬੱਬ/ ਕੁਝ ਆਹਾਂ ਦੀ ਲੂਅ ਤੇ ਕੁਝ ਸਾਹਾਂ ਦੀ ਸੂਹ। ਕੁਝ ਪੈੜ ਵਿਚ ਉਗੀਆਂ ਪੀੜਾਂ ਅਤੇ ਕੁਝ ਰੱਬ ਰਜਾਈਆਂ ਰੀਝਾਂ। ਇਹ ਪ੍ਰਛਾਂਵੇਂ ਬੱਦਲੀ ਵਾਂਗ ਕੁਝ ਪਲ ਅਟਕ ਫਿਰ ਅਲੋਪ ਹੋ ਜਾਂਦੇ।
ਕੌਣ ਚਾਹੁੰਦਾ ਏ ਕਿੱਕਰ ਦਾ ਪ੍ਰਛਾਂਵਾਂ। ਕੰਡਿਆਲੀ ਥੋਹਰ ਦਾ ਪ੍ਰਛਾਂਵਾਂ ਸਿਰਫ ਸੂਲਾਂ ਹੀ ਬੀਜ ਸਕਦਾ। ਮਾਰੂਥਲਾਂ ਵਿਚਲੇ ਪ੍ਰਛਾਂਵੇਂ ਮ੍ਰਿਗ-ਤ੍ਰਿਸ਼ਨਾ ਹੁੰਦੇ। ਅੱਜ ਕੱਲ੍ਹ ਬੰਦਾ ਆਪਣੀ ਗੁੰਮਸ਼ੁਦਗੀ ਹੰਢਾਉਂਦਾ ਸੋਚਦਾ ਏ ਕਿ ਉਹ ਆਪਣੇ ਪ੍ਰਛਾਂਵੇਂ ਨਾਲ ਗੱਲ ਕਰੇ ਜਾਂ ਆਪਣੀ ਮ੍ਰਿਗ-ਤ੍ਰਿਸ਼ਨਾ ਨਾਲ? ਤਿੱਤਰਖੰਭੀ ਦੇ ਪ੍ਰਛਾਂਵੇਂ ਦਾ ਕਿਸੇ ਨੂੰ ਕੀ ਭਾਅ? ਪੱਤਹੀਣ ਬਿਰਖ ਨੂੰ ਕਦੇ ਪੁੱਛਣਾ ਕਿ ਹੁਣ ਉਸ ਦੇ ਹੇਠਾਂ ਕੋਈ ਰਾਹੀਂ ਕਿਉਂ ਨਹੀਂ ਸੁਸਤਾਉਂਦਾ? ਨਾ ਹੀ ਕੋਈ ਪਰਿੰਦਾ ਆਲ੍ਹਣਾ ਪਾਉਂਦਾ ਏ? ਕੁਝ ਲੋਕ ਵੀ ਅਜਿਹੇ ਪ੍ਰਛਾਂਵਿਆਂ ਵਰਗੇ ਜਿਨ੍ਹਾਂ ਹੇਠ ਮਰਨਹਾਰੀ ਰੁੱਤ ਦਾ ਪਹਿਰਾ ਹੁੰਦਾ। ਖੁਦਾ ਕਰੇ! ਅਜਿਹੇ ਪ੍ਰਛਾਂਵਿਆਂ ਤੋਂ ਦੂਰੀ ਬਣੀ ਰਹੇ।
ਪ੍ਰਛਾਂਵਾਂ ਉਹ ਵੀ ਹੁੰਦਾ, ਜੋ ਤੁਸੀਂ ਕਿਸੇ ਦੀ ਮਾਨਸਿਕਤਾ ਵਿਚ ਬਣਾਉਂਦੇ ਹੋ। ਕਿਸੇ ਅਣਜਾਣ ਵਿਅਕਤੀ ਦੀ ਸੋਚ ਵਿਚ ਆਪਣਾ ਬਿੰਬ ਉਸਾਰਦੇ ਹੋ। ਲੋਕ-ਮਨਾਂ ਵਿਚ ਤੁਸੀਂ ਕਿਹੜਾ ਬਿੰਬ ਬਣਾਇਆ, ਇਹ ਹੀ ਨਿਰਧਾਰਤ ਕਰਦਾ ਹੈ ਕਿ ਤੁਸੀਂ ਕੌਣ ਹੋ ਅਤੇ ਤੁਹਾਡੀ ਹੋਂਦ ਦੇ ਕੀ ਅਰਥ ਨੇ?
ਆਪਣੇ ਪ੍ਰਛਾਂਵੇਂ ਨਾਲ ਕਦੇ-ਕਦਾਈ ਇਕੱਲ ਵਿਚ ਗੱਲਾਂ ਕਰਨਾ। ਉਹ ਤੁਹਾਨੂੰ ਤੁਹਾਡੇ ਅੰਤਰੀਵ ਦੇ ਰੂਬਰੂ ਕਰ, ਤੁਹਾਡਾ ਸੱਚ ਤੁਹਾਡੇ ਸਾਹਵੇਂ ਉਜਾਗਰ ਕਰੇਗਾ। ਇਸ ਸੱਚ ਨੂੰ ਤੁਸੀਂ ਕਿਹੜੇ ਰੂਪ ਵਿਚ ਮੁਖਾਤਬ ਹੁੰਦੇ ਹੋ ਅਤੇ ਆਪਣੀ ਕਮੀਆਂ ਨੂੰ ਦੂਰ ਕਰਨ ਕਿਹੜੀ ਧਾਰਨਾ ਮਨ ਵਿਚ ਪਾਲਦੇ ਹੋ, ਇਹ ਹੀ ਦੱਸਦਾ ਹੈ ਕਿ ਤੁਸੀਂ ਆਪਣੇ ਹੀ ਪ੍ਰਛਾਂਵੇਂ ਨਾਲ ਕਿੰਨੇ ਕੁ ਸੁਹਿਰਦ ਹੋ? ਕਿੰਨੇ ਪ੍ਰਤੀਬੱਧ ਹੋ? ਕਿੰਨੇ ਕੁ ਸਮਰਪਿਤ ਹੋ? ਪ੍ਰਛਾਂਵਾਂ ਕਦੇ ਝੂਠ ਨਹੀਂ ਬੋਲਦਾ, ਕਪਟ ਨਹੀਂ ਕਰਦਾ, ਧੋਖਾ ਨਹੀਂ ਦਿੰਦਾ ਅਤੇ ਨਾ ਹੀ ਗਲਤਫਹਿਮੀਆਂ ਪਾਲਦਾ ਏ। ਉਹ ਤਾਂ ਨਿੱਤਰੇ ਪਾਣੀ ਵਰਗਾ, ਜਿਸ ਵਿਚੋਂ ਕੋਈ ਵੀ ਆਪਣਾ ਪਾਰਦਰਸ਼ੀ ਰੂਪ ਨਿਹਾਰ ਸਕਦਾ ਏ।
ਕਈ ਵਾਰ ਕਿਸੇ ਦੇ ਬੋਲ ਦਾ ਪ੍ਰਛਾਂਵਾਂ ਮਨ ਵਿਚ ਅਜਿਹਾ ਗੂੰਜਦਾ ਕਿ ਅਸੀਂ ਇਸ ਬੋਲ ਨੂੰ ਅਕੀਦਤ ਬਣਾ, ਇਸ ‘ਚੋਂ ਹੀ ਰੂਹਾਨੀਅਤ ਤੇ ਜਿ਼ੰਦਗੀ ਦੇ ਸੁੱਚਮ ਦੀ ਪ੍ਰਾਪਤੀ ਕਰਦੇ। ਕਿਸੇ ਸ਼ਬਦ ਦਾ ਪ੍ਰਛਾਂਵਾਂ, ਸਾਰੀ ਕਿਤਾਬ ਨੂੰ ਆਪਣੇ ਕਲਾਵੇ ਵਿਚ ਲੈ, ਇਸ ਦੀ ਇਬਾਰਤ ਨੂੰ ਇਬਾਦਤ ਬਣਾ, ਵਸੀਹ ਅਰਥ ਮਨ ਦੀ ਚੰਗੇਰ ਵਿਚ ਧਰ ਜਾਂਦਾ। ਬਹੁਤ ਸਾਰੇ ਮਾਣਕ ਮੋਤੀ ਸਾਡਾ ਹਾਸਲ ਬਣ, ਸਾਡੀ ਪੁਸ਼ਤਪਨਾਹੀ ਵੀ ਕਰਦੇ ਅਤੇ ਜੀਵਨ ਦਾਤਾਂ ਵੀ ਬਣਦੇ। ਕੁਝ ਮੌਕਿਆਂ `ਤੇ ਕਿਸੇ ਦ੍ਰਿਸ਼, ਘਟਨਾ, ਕਲਾ, ਕਿਰਤ, ਮੂਰਤੀ ਜਾਂ ਸ਼ਖਸ ਦਾ ਅਲੋਕਾਰੀ ਪ੍ਰਛਾਂਵਾਂ ਸਾਡੇ ਸਮੁੱਚ ਨੂੰ ਅਜਿਹਾ ਪ੍ਰਭਾਵਿਤ ਕਰਦਾ ਕਿ ਅਸੀਂ ਉਸ ਵਿਚੋਂ ਸੇਧ-ਸੁਨੇਹਾ ਲੈ ਕੇ, ਸੁੰਦਰ ਸੁਪਨੇ ਦੀ ਸੰਪੂਰਨਤਾ ਲਈ ਸਿਰੜ ਸਾਧਨਾ ਦਾ ਪੱਲੂ ਫੜਦੇ। ਮਨ ਦੀ ਧਰਾਤਲ ‘ਤੇ ਕਿਹੜੇ ਪ੍ਰਛਾਂਵੇਂ ਨੇ, ਕਿਸ ਰੂਪ ਵਿਚ ਮਨੁੱਖੀ ਮਾਨਸਿਕਤਾ ਨੂੰ ਪ੍ਰਭਾਵਤ ਕੀਤਾ, ਇਹ ਹੀ ਭਵਿੱਖ ਦਾ ਮੁਹਾਂਦਰਾ ਹੁੰਦਾ।
ਪ੍ਰਛਾਂਵਾਂ ਸ਼ਾਤ ਰਹਿ ਕੇ ਖਲਬਲੀ ਪੈਦਾ ਕਰਦਾ। ਅਬੋਲ ਰਹਿ ਕੇ ਵੀ ਬਹੁਤ ਕੁਝ ਕਹਿ ਜਾਂਦਾ। ਅਦਿੱਖ ਹੁੰਦਾ ਹੋਇਆ ਵੀ ਬਹੁਤ ਕੁਝ ਨਜ਼ਰ ਦੇ ਨਾਂਵੇਂ ਕਰਦਾ ਅਤੇ ਪਰਾਇਆ ਹੋ ਕੇ ਅਪਣੱਤ ਜਾਹਰ ਕਰਨ ਤੋਂ ਨਹੀਂ ਹਟਕਦਾ।
ਪ੍ਰਛਾਂਵਾਂ ਅਤਿ ਕਰੀਬੀ, ਸੁਹਿਰਦ ਸਾਥੀ, ਹਮਰੁਬਾ, ਲੰਗੋਟੀਆ ਯਾਰ, ਬੁੱਕਲ ਦੀ ਸਾਂਝ, ਗੁੱਝੀਆਂ ਰਮਜ਼ਾਂ ਜਾਣਦਾ, ਰੂਹ ਦਾ ਭੇਤੀ ਅਤੇ ਜੀਵਨ ਦੀ ਬਹੁ-ਪ੍ਰਤੀਤੀਆਂ ਨੂੰ ਆਪਣੇ ਰੰਗ ਵਿਚ ਰੰਗਣ ਵਾਲਾ।
ਸਮਾਂ ਬੀਤਣ ਨਾਲ ਕੁਝ ਪ੍ਰਛਾਂਵੇਂ ਧੁੰਦਲੇ ਜਰੂਰ ਹੋ ਜਾਂਦੇ, ਪਰ ਕਦੇ ਨਹੀਂ ਮਿਟਦੇ। ਕੁਝ ਪ੍ਰਛਾਂਵੇਂ ਤਾਂ ਕਦੇ ਵੀ ਅਪਸੱ਼ਟ ਜਾਂ ਧੁੰਦਲੇ ਨਹੀਂ ਹੁੰਦੇ। ਨਾ ਹੀ ਵਕਤ ਦੀ ਧੂੜ ਉਨ੍ਹਾਂ ਦਾ ਕੁਝ ਵਿਗਾੜ ਸਕਦੀ, ਕਿਉਂਕਿ ਇਹ ਪ੍ਰਛਾਂਵੇਂ ਤੁਹਾਡੀ ਚੇਤਨਾ ਦਾ ਹਿੱਸਾ ਹੁੰਦੇ। ਪਿਆਰੇ ਦੀ ਅਣਿਆਈ ਮੌਤ ਨੂੰ ਕਿੰਜ ਭੁਲਾਇਆ ਜਾ ਸਕਦਾ? ਟੁੱਟੀਆਂ ਵੰਗਾਂ ਦਾ ਪ੍ਰਛਾਂਵਾਂ ਕਿੰਜ ਮਿੱਟ ਸਕਦਾ ਏ? ਪੂੰਝੇ ਸੰਧੂਰਾਂ ਦੇ ਰੁਦਨ ਦਾ ਪ੍ਰਛਾਂਵਾਂ ਤਾਂ ਹਰ ਪਲ ਮਾਨਕਿਸਤਾ ਨੂੰ ਕੋਂਹਦਾ ਏ।
ਕਈ ਵਾਰ ਪ੍ਰਛਾਂਵਾਂ ਗ੍ਰਹਿਣ ਵੀ ਹੁੰਦਾ, ਜਿਹੜਾ ਤੁਹਾਡੇ ਨਿੱਜ ‘ਤੇ ਵੀ ਪ੍ਰਸ਼ਨ ਚਿੰਨ ਬਣ, ਹੋਂਦ ਅਤੇ ਹਸਤੀ ਲਈ ਖਤਰਾ ਹੁੰਦਾ। ਗ੍ਰਹਿਣੇ ਲੋਕਾਂ ਤੋਂ ਦੂਰੀ ਬਣਾਉਣਾ ਹੀ ਬਿਹਤਰ ਹੁੰਦਾ। ਗ੍ਰਹਿਣ ਦੀ ਤਾਂ ਹਮੇਸ਼ਾ ਹਨੇਰ ਫੈਲਾਉਣ ਦੀ ਚਾਹਨਾ ਹੁੰਦੀ।
ਪ੍ਰਛਾਂਵੇਂ ਹਮੇਸ਼ਾ ਅਸਥਿੱਰ ਅਤੇ ਓਹਲਾ। ਕੰਧਾਂ ਦੇ ਪ੍ਰਛਾਂਵੇਂ ਹੇਠ ਕੁਕਰਮ ਉਪਜਦੇ। ਕੋਠਿਆਂ ਦੇ ਪ੍ਰਛਾਂਵਿਆਂ ਵਿਚ ਕੁਰੀਤੀਆਂ ਜਨਮ ਲੈਂਦੀਆਂ। ਵੱਡੇ ਘਰਾਂ ਦੇ ਪ੍ਰਛਾਂਵਿਆਂ ਵਿਚ ਸਫੈਦ-ਪੋਸ਼ ਲੋਕਾਂ ਦੀ ਬਿਮਾਰ ਜਹਿਨੀਅਤ ਅਤੇ ਜ਼ਮੀਰ ਵੱਸਦੀ।
ਕਦੇ ਨਿੱਤਰੇ ਪਾਣੀਆਂ ਵਿਚ ਆਪਣਾ ਪ੍ਰਛਾਂਵਾਂ ਦੇਖਣਾ, ਤੁਹਾਨੂੰ ਪਾਣੀ ਦੀ ਸਫਾਫਤਾ ਤੇ ਆਪਣੀ ਪਵਿੱਤਰਤਾ ‘ਤੇ ਨਾਜ਼ ਹੋਵੇਗਾ। ਇਸ ਪ੍ਰਛਾਂਵੇਂ ਵਿਚ ਕੋਈ ਵੀ ਓਹਲਾ ਨਹੀਂ ਹੁੰਦਾ। ਚਿੱਟੇ ਦਿਨ ਵਾਂਗ ਸਾਫ ਤੇ ਸਪੱਸ਼ਟ।
ਪ੍ਰਛਾਂਵੇਂ ਚਾਨਣ ਦੀ ਹਾਜਰੀ ਵਿਚ ਉਹ ਕੁਝ ਵੀ ਕਹਿ ਦਿੰਦੇ, ਜੋ ਅਸੀਂ ਆਪਣੀ ਅੱਖ ਨਾਲ ਦੇਖਣ ਤੋਂ ਅਸਮਰੱਥ। ਚਾਨਣ ਵੰਨੀਂ ਮੂੰਹ ਰੱਖੋਗੇ ਤਾਂ ਪ੍ਰਛਾਂਵਾਂ ਨਜ਼ਰ ਨਹੀਂ ਆਵੇਗਾ ਕਿਉਂਕਿ ਪ੍ਰਛਾਂਵਾਂ ਹਮੇਸ਼ਾ ਤੁਹਾਡਾ ਪਿੱਛਾ ਹੀ ਕਰ ਸਕਦਾ।
ਕਦੇ ਦੁੱਖਾਂ ਦੇ ਪ੍ਰਛਾਂਵਿਆਂ ਹੇਠ ਰਹਿੰਦੇ ਲੋਕਾਂ ਦੀ ਮਾਨਸਿਕਤਾ ਨੂੰ ਪੜ੍ਹਨਾ, ਤੁਹਾਡੇ ਦੀਦਿਆਂ ਵਿਚ ਹੰਝੂਆਂ ਦਾ ਸੈਲਾਬ ਆਵੇਗਾ। ਪਤਾ ਲੱਗੇਗਾ ਕਿ ਦਰਦਾਂ ਦੀ ਵਹਿੰਗੀ ਢੋਣਾ ਕਿੰਨਾ ਔਖਾ ਹੁੰਦਾ, ਜਦ ਦੂਰ ਤੀਕ ਵੀ ਇਸ ਤੋਂ ਰਾਹਤ ਨਜ਼ਰ ਆਵੇ। ਗਰੀਬੀ ਦੇ ਪ੍ਰਛਾਂਵਿਆਂ ‘ਚ ਘਰ ਦੀ ਛੱਤ ਵਾਸਤੇ ਅੰਬਰ ਨੂੰ ਸਿਰ ‘ਤੇ ਲੈਣਾ ਪੈਂਦਾ। ਆਪਣਿਆਂ ਦੀ ਬੇਰੁਹਮਤੀ ਅਤੇ ਬੇਇੱਜਤੀ ਦੇ ਕਰੂਰ ਪ੍ਰਛਾਂਵਿਆਂ ਨੂੰ ਮਨ ਦੀ ਤਖਤੀ ਤੋਂ ਕਿਵੇਂ ਪੂੰਝਿਆਂ ਜਾ ਸਕਦਾ?
ਜਦ ਸਾਰੇ ਸਾਥ ਛੱਡ ਜਾਣ, ਆਪਣੇ ਵੀ ਆਪਣੇ ਨਾ ਰਹਿਣ, ਘਰ ਦੀ ਚਾਰਦੀਵਾਰੀ ਵੀ ਤੁਹਾਡੇ ਤੋਂ ਬੇਮੁੱਖ ਹੋ ਜਾਵੇ ਅਤੇ ਕਮਰੇ ਦੀਆਂ ਕੰਧਾਂ ਸਲੀਬਾਂ ਬਣ ਜਾਣ ਤਾਂ ਆਪਣੇ ਪ੍ਰਛਾਂਵੇਂ ਨਾਲ ਸੰਵਾਦ ਰਚਾਉਣਾ। ਪ੍ਰਛਾਂਵਾਂ ਤੁਹਾਡੇ ਰਾਹਾਂ ਵਿਚ ਚਾਨਣ ਦਾ ਛਿੜਕਾ ਕਰੇਗਾ ਅਤੇ ਓਝੜ ਰਾਹਾਂ ਨੂੰ ਮੰਜਿ਼ਲਾਂ ਦੀ ਦੱਸ ਪਾਵੇਗਾ।
ਪ੍ਰਛਾਂਵਾਂ ਬਣ ਕੇ ਸਿਰਫ ਕੁਝ ਕੁ ਹੀ ਜਿਉਂਦੇ ਜੀਅ ਨਾਲ ਰਹਿੰਦੇ। ਮਰ ਗਿਆਂ ਦਾ ਕੌਣ ਪ੍ਰਛਾਂਵਾਂ ਬਣਦਾ? ਫਿਰ ਤਾਂ ਘਰ ਦੇ ਹਰੇਕ ਜੀਅ ਨੂੰ ਕਾਹਲ ਹੁੰਦੀ ਹੈ ਕਿ ਮਾਤਮੀ ਚੁੱਪ ਦੇ ਪ੍ਰਛਾਂਵੇਂ ਤੋਂ ਜਲਦੀ ਤੋਂ ਜਲਦੀ ਮੁਕਤੀ ਪਾਈ ਜਾਵੇ।
ਮੌਤ ਦਾ ਪ੍ਰਛਾਂਵਾਂ ਜਦ ਕਿਸੇ ਬਸਤੀ, ਝੌਪੜੀ, ਕੁੱਲੀ ਜਾਂ ਖੇਤ ਵਿਚ ਮੰਡਰਾਉਂਦਾ ਤਾਂ ਇਕ ਮੁਰਦੇਹਾਣੀ ਛਾ ਜਾਂਦੀ। ਫਿਜ਼ਾ ਵਿਚ ਕੁਰਲਾਹਟਾਂ, ਕੀਰਨੇ ਅਤੇ ਦੁਹੱਥੜ ਹੀ ਸੁਣਾਈ ਦਿੰਦੇ, ਜਿਸ ਵਿਚੋਂ ਜਿ਼ੰਦਗੀ ਮਨਫੀ ਹੁੰਦੀ। ਇਹ ਮੌਤ ਦਾ ਪ੍ਰਛਾਂਵਾਂ ਕੁਦਰਤੀ ਵੀ ਹੋ ਸਕਦਾ ਜਾਂ ਮਾਣਨ-ਜਾਤੀ ਦੇ ਕੁਕਰਮਾਂ ਦੀ ਸਜ਼ਾ ਵੀ ਹੋ ਸਕਦਾ।
ਪ੍ਰਛਾਂਵਿਆਂ ਤੋਂ ਮੱਨਕਰੀ ਮਨੁੱਖ ਦੀ ਖੁਦ ਤੋਂ ਮੁਨਕਰੀ ਹੁੰਦੀ। ਇਹ ਪ੍ਰਛਾਂਵੇਂ ਜਿ਼ੰਦਗੀ ਨੂੰ ਪ੍ਰਭਾਵਤ ਵੀ ਕਰਦੇ, ਨਿਰਧਾਰਤ ਵੀ ਕਰਦੇ ਅਤੇ ਕਈ ਵਾਰ ਅਸੀਂ ਪ੍ਰਛਾਂਵਿਆਂ ਦੇ ਪਿੰਡ ਵਿਚ ਰਹਿੰਦਿਆਂ ਹੀ ਸਾਰੀ ਹਯਾਤੀ ਬਤੀਤ ਕਰ ਦਿੰਦੇ। ਪ੍ਰਛਾਂਵਿਆਂ ਤੋਂ ਪਰ੍ਹਾਂ ਵੀ ਬਹੁਤ ਕੁਝ ਹੁੰਦਾ। ਲੋੜ ਹੈ ਕਿ ਪ੍ਰਛਾਂਵਿਆਂ ਦੀ ਪ੍ਰਦਖਣਾ ਕਰਦਿਆਂ, ਇਸ ਦੇ ਅਦਿੱਖ ਰੂਪਾਂ ਨੂੰ ਆਪਣੇ ਸੋਝੀ ਰਾਹੀਂ ਦ੍ਰਿਸ਼ਟਮਾਨ ਕਰੀਏ ਅਤੇ ਇਸ ਨੂੰ ਮੁਖਾਤਬ ਹੋਈਏ।
ਪ੍ਰਛਾਂਵੇਂ ਵਰਗੇ ਮਿੱਤਰ ਵੀ ਰਾਤ ਦੇ ਹਨੇਰੇ ਵਿਚ ਸਾਥ ਛੱਡ ਜਾਂਦੇ। ਜੀਵਨ ਦੀ ਪਤਝੱੜ, ਔੜਾਂ ਜਾਂ ਘੁੱਪ ਹਨੇਰਿਆਂ ਵਿਚ ਕੁਝ ਹੀ ਲੋਕ ਹੁੰਦੇ ਜੋ ਪ੍ਰਛਾਂਵਾਂ ਨਾ ਹੋ ਕੇ, ਪ੍ਰਛਾਂਵੇਂ ਦਾ ਧਰਮ ਪਾਲਦੇ।
ਬਾਹਰਲੇ ਪ੍ਰਛਾਂਵੇਂ ਹੋਂਦ ਦੀ ਗਵਾਹੀ ਭਰਦੇ। ਸਥੂਲ ਹੁੰਦੇ, ਦਿੱਸਦੇ ਅਤੇ ਇਸ ਦੇ ਬਦਲਦੇ ਰੰਗਾਂ ਅਤੇ ਰੂਪਾਂ ਨੂੰ ਪਰਿਭਾਸ਼ਤ ਕਰ ਸਕਦੇ ਹਾਂ, ਪਰ ਅੰਤਰੀਵ ਵਿਚ ਵੱਸਦੇ ਪ੍ਰਛਾਂਵੇਂ ਅਸਥੂਲ, ਅਦਿੱਖ ਅਤੇ ਅਸਰਮਈ ਹੁੰਦੇ। ਕਿਉਂ ਇਹ ਪ੍ਰਛਾਂਵੇਂ ਹੀ ਹੁੰਦੇ, ਜੋ ਸਾਡੀ ਮਾਨਸਿਕਤਾ, ਵਰਤੋਂ-ਵਿਹਾਰ, ਚੱਜ-ਆਚਾਰ, ਕਿਰਦਾਰ, ਗੁਫਤਾਰ ਅਤੇ ਰਫਤਾਰ ਨੂੰ ਕੰਟਰੋਲ ਕਰਦੇ। ਮਨੁੱਖੀ ਸ਼ਖਸੀਅਤ ਦਰਅਸਲ ਇਨ੍ਹਾਂ ਪ੍ਰਛਾਂਵਿਆਂ ਦੇ ਸੰਗਮ ਵਿਚੋਂ ਹੀ ਨਿਵੇਕਲਾ ਅਤੇ ਵਿਲੱਖਣ ਰੂਪ ਅਖਤਿਆਰ ਕਰਦੀ ਏ।
ਇਕ ਪ੍ਰਛਾਂਵਾਂ ਮੇਰੇ ਅੰਗ-ਸੰਗ ਰਹਿੰਦਾ
ਜਦ ਚਾਨਣ ਪਹਿਰਾ ਹੋਵੇ
ਜਦ ਨੇਰੇ ਦੀ ਪਰਤ ਫੈਲਦੀ ਤਾਂ
ਪਤਾ ਨਹੀਂ ਕਿਥੇ ਖੁਦ ਲਕੋਵੇ?
ਫਿਰ ਇਹ ਪ੍ਰਛਾਂਵਾਂ ਨਾ ਹੁੰਦਿਆਂ ਵੀ
ਮੇਰੀਆਂ ਸੋਚਾਂ ਮੱਲੇ
ਤੇ ਅਵਚੇਤਨ ਵਿਚ ਬੈਠੇ ਫਿਕਰ ਲਈ
ਸ਼ੁਭ-ਇਛਾਵਾਂ ਘੱਲੇ
ਕੁਝ ਪ੍ਰਛਾਂਵੇਂ ਚਾਨਣ ਦੇ ਜਾਏ
ਤੇ ਧੁੱਪਾਂ ਦੇ ਹਮਸਾਏ
ਰੌਸ਼ਨੀ ਦੀ ਸੰਦਲੀ-ਸਰਦਲੇ
ਇਸ ਨੇ ਆਸਣ ਲਾਏ
ਪ੍ਰਛਾਂਵੀਂ ਪਰਤ ਦਾ ਵਹਿਮ ਪਾਲਦੇ
ਕੁਝ ਕੁ ਲੋਕ ਅਵੱਲੇ
ਜਿਨ੍ਹਾਂ ਦੇ ਨੇ ਮਸਤਕ ਬੂਹੇ
ਹਨੇਰਿਆਂ ਨੇ ਹੈ ਮੱਲੇ
ਉਚੇ ਚੜ੍ਹ ਕੇ ਫੱਕਰ ਕੂਕਦੇ
ਬੰਦਾ ਇਕ ਪ੍ਰਛਾਂਵਾਂ
ਜਿਸ ਦੇ ਤਨ ਲੀਰਾਂ ਦੀ ਲੋਈ
ਤੇ ਖਰਚੇ ਪੱਲੇ ਦੇ ਸਾਹਾਂ
ਭਲੇ ਪ੍ਰਛਾਂਵੇਂ, ਰਹਿਣ ਪ੍ਰਛਾਂਵੇਂ
ਮਨ ਦੀ ਸੁੱਚੀ ਜੂਹੇ
ਤੇ ਪ੍ਰਛਾਂਵਿਆਂ ਦੀ ਸੁਖਨ-ਸਬੂਰੀ
ਮਹਿਕੇ ਸੱਖਣੀ ਰੂਹੇ
ਪ੍ਰਛਾਂਵਾਂ ਭਾਵੇਂ ਸੱਚ ਨਹੀਂ ਹੁੰਦਾ
ਪਰ ਹੋਂਦ ਦਾ ਹਾਸਲ ਹੋਵੇ
ਪਲ ਪਲ ਬਦਲਦੇ ਵਕਤ ਦੇ ਵਾਂਗੂੰ
ਛੋਟਾ ਵੱਡਾ ਹੋਵੇ
ਨਾ ਬਣਿਓ ਕੋਹਝੇ ਪ੍ਰਛਾਂਵੇਂ
ਪ੍ਰਛਾਂਵੇਂ ਮਨੀਂ ਉਗਾਵੋ
ਤੇ ਚਾਨਣ ਦੇ ਵਿਹੜੇ ਦੇ ਵਿਚ
ਸੱਚ ਦਾ ਹੋਕਰਾ ਲਾਓ।
ਪ੍ਰਛਾਂਵੇਂ ਜਦ ਛੋਟੇ ਹੋਣ ਲੱਗਦਾ ਤਾਂ ਦਿਨ ਚੜ੍ਹਦਾ ਏ ਅਤੇ ਜਦ ਇਹ ਲੰਮੇ ਹੋਣ ਲੱਗ ਪੈਣ ਤਾਂ ਸਮਝ ਲੈਣਾ ਕਿ ਹੁਣ ਦਿਨ ਢਲਣ ਲੱਗ ਪਿਆ ਏ। ਢੱਲਦੇ ਪ੍ਰਛਾਂਵਿਆਂ ਤੋਂ ਬਾਅਦ ਕਾਲੀ ਰਾਤ ਨੇ ਉਤਰਨਾ ਹੀ ਹੁੰਦਾ।
ਬਾਪ ਦੀਆਂ ਨਸੀਹਤਾਂ ਅਤੇ ਮਾਂ ਦੀਆਂ ਸਮਝੌਤੀਆਂ ਦੇ ਪ੍ਰਛਾਂਵਿਆਂ ਦਾ ਸਾਥ ਮਾਣਨ ਦੀ ਜਿਨ੍ਹਾਂ ਨੂੰ ਜਾਚ ਆ ਜਾਂਦੀ, ਉਹ ਜੀਵਨ ਦੇ ਔਖੇ ਪੈਂਡਿਆਂ ਅਤੇ ਹਨੇਰੀਆਂ ਰਾਤਾਂ ਵਿਚ ਆਪਣੇ ਮਾਰਗ ਤੋਂ ਕਦੇ ਨਹੀਂ ਥਿੜਕਦੇ।
ਜਦ ਜੀਵਨ ਦੇ ਅੰਬਰ ‘ਤੇ ਰਾਤ ਦੇ ਪ੍ਰਛਾਂਵੇਂ ਉਤਰਦੇ ਤਾਂ ਖੁਆਬ ਤੇ ਖਿਆਲ ਵੀ ਕਾਲੇ। ਰਾਤ ਵੀ ਕਾਲੀ। ਗੁੰਮਸ਼ੁਦੀ ਹੰਢਾਉਣ ਲਈ ਮਜ਼ਬੂਰ ਹੋ ਜਾਂਦਾ ਚੰਨ। ਸਿਰਫ ਕੁਝ ਕੁ ਤਾਰੇ ਹੀ ਰਾਤ ਦੀ ਵੱਖੀ ਵਿਚ ਜੁਗਨੂੰਆਂ ਦੀ ਖੇਤੀ ਕਰਦੇ।
ਭੁੱਖ ਦੇ ਪ੍ਰਛਾਂਵਿਆਂ ਵਿਚ ਵਿਲਕਦੀਆਂ ਨੇ ਆਂਦਰਾਂ ਅਤੇ ਗੁਰਬਤ ਦੇ ਪ੍ਰਛਾਂਵਿਆਂ ਵਿਚ ਸੂਲੀ ‘ਤੇ ਲਟਕ ਜਾਂਦੇ ਨੇ ਸੁਪਨੇ।
ਜਦ ਸ਼ੀਸ਼ੇ ਵਿਚਲਾ ਪ੍ਰਛਾਂਵਾਂ ਅੱਥਰੂਆਂ ਲਈ ਅਰਦਾਸ ਬਣ ਜਾਵੇ ਤਾਂ ਸ਼ੀਸ਼ਾ ਤਿੜਕ ਜਾਂਦਾ। ਇਸ ਦੇ ਹਰ ਟੋਟੇ ਵਿਚ ਚਸਕਦੇ ਤੇ ਰਿੱਸਦੇ ਖੁਆਬ ਦੀ ਚੀਸ ਸੁਣਾਈ ਦਿੰਦੀ। ਕਦੇ ਵੀ ਆਪਣੇ ਪ੍ਰਛਾਂਵੇਂ ਨੂੰ ਟੁੱਟਣ ਜਾਂ ਰੁੱਸਣ ਨਾ ਦੇਣਾ। ਖੁਦ ਨਾਲੋਂ ਰੁੱਸ ਕੇ ਤੁਸੀਂ ਕਿੰਨੀ ਕੁ ਦੂਰ ਜਾ ਸਕਦੇ ਹੋ?
ਪ੍ਰਛਾਂਵਿਆਂ ਦੀ ਪਛਾਣ ਵਿਚੋਂ ਹੀ ਅਸੀਂ ਖੁਦ ਦੀ ਪਛਾਣ ਕਰਦੇ ਹਾਂ। ਖੁਦ ਨੂੰ ਤਲਾਸ਼ਦੇ ਹਾਂ, ਜਦ ਵੀ ਅਸੀਂ ਬੀਤੇ ਸਮਿਆਂ ‘ਤੇ ਝਾਤ ਮਾਰਦੇ, ਨਿਭਾਈਆਂ ਦੋਸਤੀਆਂ ਅਤੇ ਟੁੱਟੀਆਂ ਸਾਂਝਾਂ ਨੂੰ ਚਿਤਾਰਦੇ ਹਾਂ, ਭਰੋਸੇ ਤੇ ਵਿਸ਼ਵਾਸ ਨੂੰ ਲੱਗੀ ਢਾਹ ਨੂੰ ਕਿਆਸਦੇ ਹਾਂ। ਇਸ ਦੀ ਪੁੱਛ-ਛਾਣ ਕਰਕੇ ਹੀ ਅਸੀਂ ਆਪਣੇ ਆਪੇ ਦੇ ਸਭ ਤੋਂ ਕਰੀਬ ਹੁੰਦੇ ਹਾਂ।
ਪ੍ਰਛਾਂਵੇਂ ਹਾਕ ਵੀ ਮਾਰਦੇ ਤੇ ਹੁੰਗਾਰਾ ਵੀ ਭਰਦੇ। ‘ਕੇਰਾਂ ਆਪਣੇ ਪ੍ਰਛਾਂਵੇਂ ਨੂੰ ਕਿਹਾ ਕਿ ਸੱਜਣਾ! ਦੱਸ ਤੂੰ ਕਿਉਂ ਮੇਰੇ ਨਾਲ-ਨਾਲ ਰਹਿਨਾ ਏ? ਉਹ ਹੱਸਿਆ ਤੇ ਠਰੰਮੇ ਨਾਲ ਬੋਲਿਆ, “ਹੋਰ ਤੇਰੇ ਨਾਲ ਹੁਣ ਕੌਣ ਰਹਿੰਦਾ ਏ? ਸ਼ੁਕਰ ਕਰ ਕਿ ਮੈਂ ਤਾਂ ਹਰਦਮ ਤੇਰੇ ਸੰਗ ਰਹਿੰਦਾ ਹਾਂ।” ਤੇ ਮੈਂ ਜਵਾਬ ਸੁਣ ਕੇ ਅਵਾਕ ਹੋ ਗਿਆ ਅਤੇ ਅੱਜ ਤੀਕ ਚੁੱਪ ਹੀ ਹਾਂ।