ਲੱਕੀ ਸਾਂਗਰ: ਸਟੇਜ ਤੇ ਫਿਲਮਾਂ ਦਾ ਨਵਾਂ ਚਿਹਰਾ

ਉਘੇ ਰੰਗਕਰਮੀ ਭਾਅ ਜੀ ਗੁਰਸ਼ਰਨ ਸਿੰਘ ਦੇ ਥਾਪੜੇ ਨਾਲ ਅਦਾਕਾਰ ਲੱਕੀ ਦਾ ਪੰਜਾਬੀ ਥੀਏਟਰ ‘ਚ ਜਨਮ ਹੋਇਆ ਜੋ ਮੁਹਾਲੀ ਦੇ ਸਰਕਾਰੀ ਕਾਲਜ ‘ਚ ਬੀæਏæ ਕਰਦੇ ਸਮੇਂ ਨਾਟਕਾਂ ਦੀ ਦੁਨੀਆਂ ‘ਚ ਪ੍ਰਵੇਸ਼ ਕਰ ਗਿਆ ਸੀ। ਉਸ ਨੇ ਭਾਅ ਜੀ ਤੋਂ ਮਿਲੇ ਨਿੱਘ ਸਦਕਾ ਪੰਜਾਬ ਦੇ ਅਨੇਕਾਂ ਪਿੰਡਾਂ ਦੀਆਂ ਸੱਥਾਂ, ਗਲੀਆਂ ਵਿਚ ਜਾ-ਜਾ ਕੇ ਨਾਟਕ ਖੇਡੇ। ਉਸ ਨੇ ਆਪਣਾ ਪਹਿਲਾ ਨਾਟਕ ਮੁਹਾਲੀ ਕਾਲਜ ਦੀ ਸਟੇਜ ਉਤੇ  ‘ਅੱਜ ਆਖਾਂ ਵਾਰਸ਼ ਸ਼ਾਹ ਨੂੰ’ ਖੇਡਿਆ ਸੀ। ਆਪਣੀ ਹੀ ਮੌਜ ਲਈ ਜਿਉਣ ਵਾਲੇ ਲੱਕੀ ਦੀ ਜ਼ਿੰਦਗੀ ਇਸ ਨਾਟਕ ਨੇ ਪਲਟ ਦਿੱਤੀ ਤੇ ਉਹ ਸਟੇਜ ਦੀ ਦੁਨੀਆਂ ਵਿਚ ਇਸ ਤਰ੍ਹਾਂ ਖੁਭ ਗਿਆ ਕਿ ਉਸ ਨੇ ਆਪਣੀ ਕਲਾ ਰਾਹੀਂ ਹਾਕਮ ਧਿਰ ਵੱਲੋਂ ਕੀਤੀ ਜਾ ਰਹੀ ਲੁੱਟ-ਖਸੁੱਟ ਵਿਰੁੱਧ ਆਮ ਜਨਤਾ ‘ਚ ਚੇਤਨਾ ਪੈਦਾ ਕਰਨ ਵਾਲੀ ਜ਼ਿੰਦਗੀ ਨੂੰ ਤਰਜੀਹ ਦਿੱਤੀ। ਉਸ ਨੇ ਭਾਅ ਜੀ ਨਾਲ ‘ਨਵਾਂ ਜਨਮ’, ‘ਕਿਵ ਕੁੜੈ ਤੁਟੈ ਪਾਲ’, ‘ਚਾਂਦਨੀ ਚੌਕ ਤੋਂ ਸਰਹਿੰਦ ਤੱਕ’ ਆਦਿ ਨਾਟਕ ਪਿੰਡਾਂ ਦੀਆਂ ਸੱਥਾਂ ਵਿਚ ਖੇਡੇ।
ਲੱਕੀ ਪਿੰਡ ਭੰਜੌਲੀ (ਖਰੜ) ਦਾ ਰਹਿਣ ਵਾਲਾ ਹੈ ਤੇ ਆਪਣੀ ਮਾਂ ਕੁਲਦੀਪ ਕੌਰ ਦਾ ਲਾਡਲਾ ਪੁੱਤਰ ਹੈ। ਉਸ ਦੇ ਪਿਤਾ ਸ਼ ਸੁਰਮੁਖ ਸਿੰਘ ਖੇਤੀਬਾੜੀ ਦਾ ਕੰਮ ਕਰਦੇ ਹਨ। ਨਾਟਕ ਖੇਡਦੇ-ਖੇਡਦੇ ਲੱਕੀ ਦੀ ਮੁਲਾਕਾਤ ਫਿਲਮਸਾਜ਼ ਤੇ ਲੇਖਕ ਜਤਿੰਦਰ ਮੌਹਰ ਨਾਲ ਪੰਜਾਬੀ ਫਿਲਮ ‘ਮਿੱਟੀ’ ਦੀ ਸ਼ੂਟਿੰਗ ਦਰਮਿਆਨ ਹੋਈ। ਇਸ ਤੋਂ ਬਾਅਦ ਲੱਕੀ ਨੇ ਫਿਲਮੀ ਦੁਨੀਆਂ ਵਿਚ ਆਪਣੀ ਕਲਾ ਦੇ ਜੌਹਰ ਵਿਖਾਉਣੇ ਸ਼ੁਰੂ ਕੀਤੇ ਤੇ ਕਈ ਨਾਮਵਰ ਪੰਜਾਬੀ ਫਿਲਮਾਂ ‘ਚ ਆਪਣੀ ਕਲਾ ਦੇ ਰੰਗ ਬਖੇਰੇ। ਲੱਕੀ ਨੇ ਹੁਣੇ ਰਿਲੀਜ਼ ਹੋਈ ‘ਸਿਕੰਦਰ’ (ਪਹਿਲਾ ਨਾਂ ‘ਸਰਸਾ’)) ਫਿਲਮ ਜਿਸ ਵਿਚ ਪੰਜਾਬ ਦੀ ਨੌਜਵਾਨ ਪੀੜ੍ਹੀ ਜੋ ਸਿਆਸਤ ਦੇ ਖੇਤਰ ਦੀ ਦਲਦਲ ਵਿਚ ਘਿਰ ਕੇ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਰਹੀ ਹੈ, ਤੋਂ ਨੌਜਵਾਨਾਂ ਨੂੰ ਸੁਚੇਤ ਹੋਣ ਦਾ ਸੰਦੇਸ਼ ਦਿੱਤਾ ਗਿਆ ਹੈ, ਵਿਚ ਆਪਣੀ ਕਲਾ ਦੇ ਜੌਹਰ ਵਿਖਾਏ ਹਨ। ਲੱਕੀ ਅਜਿਹੀਆਂ ਫਿਲਮਾਂ ਨੂੰ ਹੀ ਤਰਜੀਹ ਦਿੰਦਾ ਹੈ ਜੋ ਦਰਸ਼ਕਾਂ ਨੂੰ ਸੰਦੇਸ਼ ਦਿੰਦੀਆਂ ਹੋਣ। ਉਹ, ਉਨ੍ਹਾਂ ਫਿਲਮਾਂ ਰਾਹੀਂ ਨਾਮਣਾ ਨਹੀਂ ਖੱਟਣਾ ਚਾਹੁੰਦਾ ਜੋ ਬੇਤੁਕੇ ਵਿਸ਼ਿਆਂ ਅਤੇ ਘਟੀਆ ਜਿਹੇ ਹਾਸ-ਰਸ ਉਤੇ ਆਧਾਰਤ ਹੋਣ। ਉਹ ‘ਮੜ੍ਹੀ ਦਾ ਦੀਵਾ’, ‘ਅੰਨ੍ਹੇ ਘੋੜੇ ਦਾ ਦਾਨ’, ‘ਸ਼ਹੀਦੇ ਮੁਹੱਬਤ ਬੂਟਾ ਸਿੰਘ’ ਤੇ ‘ਸ਼ਹੀਦ ਊਧਮ ਸਿੰਘ’ ਵਰਗੀਆਂ ਫਿਲਮਾਂ ‘ਚ ਕੰਮ ਕਰਨਾ ਪਸੰਦ ਕਰਦਾ ਹੈ। ਲੱਕੀ ਦਾ ਕਹਿਣਾ ਹੈ ਕਿ ਹਾਸ ਰਸ ਫਿਲਮਾਂ ਵਿਚੋਂ ‘ਜੱਟ ਐਂਡ ਜੂਲੀਅਟ’ ਤੇ ‘ਕੈਰੀ ਔਨ ਜੱਟਾ’ ਫਿਲਮਾਂ ਨੂੰ ਹੀ ਕਾਮਯਾਬੀ ਮਿਲੀ ਹੈ, ਪਰ ਇਨ੍ਹਾਂ ਫਿਲਮਾਂ ਪਿੱਛੇ ਲੱਗ ਕੇ ਹੋਰ ਅਦਕਾਰਾਂ ਵੱਲੋਂ ਅਨੇਕਾਂ ਹਾਸ-ਰਸ ਫਿਲਮਾਂ ਬਣਾਈਆਂ ਜਾ ਰਹੀਆਂ ਹਨ ਜੋ ਅਸਫਲ ਹੋ ਰਹੀਆਂ ਹਨ।
ਲੱਕੀ ਫਿਕਰਮੰਦ ਹੈ ਕਿ ਅੱਜ ਬਹੁਤ ਜੱਦੋ-ਜਹਿਦ ਨਾਲ ਪੰਜਾਬੀ ਸਿਨੇਮਾ ਆਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ, ਕਿਤੇ ਇਹ ਨਾ ਹੋਵੇ ਕਿ ਬੇਤੁਕੇ ਵਿਸ਼ਿਆਂ ਉਤੇ ਬਣਨ ਵਾਲੀਆਂ ਫਿਲਮਾਂ ਕਾਰਨ ਇਹ ਫਿਰ ਆਪਣੇ ਪੈਰ ਪਤਨ ਵੱਲ ਮੋੜ ਲਵੇ। ਲੱਕੀ ਆਪਣੇ ਆਪ ਉਤੇ ਮਾਣ ਮਹਿਸੂਸ ਕਰਦਾ ਹੈ ਕਿ ਉਸ ਨੂੰ ਸ਼ੁਰੂਆਤ ਤੋਂ ਹੀ ਨਾਮਵਰ ਨਾਟਕਕਾਰ, ਲੇਖਕਾਂ, ਨਿਰਦੇਸ਼ਕਾਂ, ਫਿਲਮਸਾਜ਼ਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ।

Be the first to comment

Leave a Reply

Your email address will not be published.