ਰਵਿੰਦਰ ਚੋਟ
ਫੋਨ: +91-98726-73703
ਮਨੁੱਖੀ ਮਨ ਦਾ ਵਿਸਥਾਰ ਸ਼ੰਕਿਆਂ ਅਤੇ ਭਟਕਣ ਵਿਚੋਂ ਹੁੰਦਾ ਹੈ। ਮਨ ਦਾ ਵਹਾਅ ਪਾਣੀ ਵਾਂਗ ਨਿਵਾਣਾਂ ਵਲ ਆਪ-ਮੁਹਾਰੇ ਹੋ ਜਾਂਦਾ ਹੈ, ਪਰ ਉਚਾਣਾਂ ਵਲ ਲਿਜਾਣ ਲਈ ਕਰੜੀ ਮਿਹਨਤ ਕਰਨੀ ਪੈਂਦੀ ਹੈ। ਜਿੰਨਾ ਮਰਜ਼ੀ ਕੋਈ ਮਨ ਨੂੰ ਸਾਧ ਲਵੇ, ਫਿਰ ਵੀ ਭਟਕਣ ਰਹਿੰਦੀ ਹੈ। ਕਈ ਵਾਰੀ ਭਰਿਆ ਹੋਇਆ ਡੁੱਲ੍ਹ ਜਾਂਦਾ ਹੈ। ਆਮ ਸੁਣਦੇ ਹਾਂ ਕਿ ਆਪਣਾ ਦਿਮਾਗ ਅਤੇ ਦੂਜੇ ਦਾ ਪੈਸਾ ਤੇ ਸ਼ੁਹਰਤ ਹਮੇਸ਼ਾ ਜ਼ਿਆਦਾ ਲੱਗਦੇ ਹਨ। ਸੈਂਕੜੇ ਸਾਲਾਂ ਦੀ ਤਪੱਸਿਆ, ਮਨ ਪਲਾਂ ਵਿਚ ਤਬਾਹ ਕਰ ਦਿੰਦਾ ਹੈ।
ਮਨੁੱਖ ਪੈਦਾ ਹੁੰਦਾ ਹੈ, ਵਿਦਿਆ ਹਾਸਲ ਕਰ ਕੇ ਅਹੁਦੇ ਪ੍ਰਾਪਤ ਕਰਦਾ ਹੈ, ਖੂਬ ਪੈਸਾ ਕਮਾਉਂਦਾ ਹੈ। ਕੋਈ ਕਲਾ ਦੇ ਖੇਤਰ ਵਿਚ ਸਿਖਰਾਂ ਛੂੰਹਦਾ ਹੈ, ਟੀ. ਵੀ. ਅਤੇ ਫਿਲਮੀ ਦੁਨੀਆਂ ਦਾ ਬਾਦਸ਼ਾਹ ਬਣ ਜਾਂਦਾ ਹੈ। ਖਿਡਾਰੀ ਖੇਡਾਂ ਵਿਚ ਵੱਡੀਆਂ ਪ੍ਰਾਪਤੀਆਂ ਕਰ ਕੇ ਕਰੋੜਾਂ ਦਿਲਾਂ ਦੀ ਧੜਕਣ ਬਣ ਜਾਂਦੇ ਹਨ। ਖੇਡ ਦੇ ਮੈਦਾਨ ਵਿਚ ਉਨ੍ਹਾਂ ਦੇ ਇਕ ਇਕ ਚੌਕੇ/ਛੱਕੇ ‘ਤੇ ਕਰੋੜਾਂ ਰੁਪਏ ਦੇ ਸੱਟੇ ਲਗਦੇ ਹਨ। ਉਚ ਅਧਿਕਾਰੀ, ਵੱਡੇ ਅਭਿਨੇਤਾ ਅਤੇ ਸਿਖਰ ਦੇ ਖਿਡਾਰੀ ਦੁਨੀਆਂ ਦੇ ਦਿਲਾਂ ‘ਤੇ ਰਾਜ ਕਰਦੇ ਹਨ, ਪਰ ਭਟਕਣ ਉਨ੍ਹਾਂ ਦੀ ਵੀ ਵਧਦੀ ਜਾਂਦੀ ਹੈ। ਫਿਲਮੀ ਸੰਸਾਰ ਦਾ ਗਲੈਮਰ, ਉਚ ਅਫਸਰਾਂ ਦੀ ਸ਼ਕਤੀਸ਼ਾਲੀ ਦੁਨੀਆਂ ਅਤੇ ਖਿਡਾਰੀਆਂ ਦਾ ਰੁਮਾਂਚਕ ਸੰਸਾਰ ਵੀ ਸਿਆਸਤ ਦਾ ਮੁਥਾਜ ਲੱਗਦਾ ਹੈ। ਆਖਰ ਸਿਆਸਤ ਵਿਚ ਅਜਿਹੀ ਕਿਹੜੀ ਗੱਲ ਹੈ ਕਿ ਇੰਨੇ ਵੱਡੇ ਅਹੁਦੇ, ਪੈਸੇ ਅਤੇ ਸ਼ੁਹਰਤ ਵਾਲੇ ਲੋਕ ਵੀ ਇਸ ਵਲ ਖਿੱਚੇ ਆਉਂਦੇ ਹਨ।
ਅਫਸਰਸ਼ਾਹੀ ਨੂੰ ਵਾਚੀਏ ਤਾਂ ਬੜੇ ਭਾਵਪੂਰਤ ਤੱਥ ਸਾਹਮਣੇ ਆਉਂਦੇ ਹਨ। ਭਾਰਤ ਵਿਚ ਆਈ. ਐਫ. ਐਸ., ਆਈ. ਏ. ਐਸ. ਅਤੇ ਆਈ. ਪੀ. ਐਸ ਅਫਸਰਾਂ ਦੇ ਅਹੁਦੇ ਪ੍ਰਾਪਤ ਕਰਨ ਲਈ ਬਹੁਤ ਔਖੇ ਇਮਤਿਹਾਨ ਪਾਸ ਕਰਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਹ ਅਹੁਦੇ ਹਨ ਵੀ ਸੁਪਰੀਮ। ਸਰਕਾਰ ਦੇ ਸਾਰੇ ਕੰਮ ਇਨ੍ਹਾਂ ਦੀ ਕਲਮ ਤੋਂ ਵਗੈਰ ਨੇਪਰੇ ਨਹੀਂ ਚੜ੍ਹਦੇ। ਦੂਰੋਂ ਤਾਂ ਲਗਦਾ ਹੈ ਕਿ ਅਸਲੀ ਸਰਕਾਰ ਇਹ ਅਫਸਰ ਹੀ ਹਨ। ਸਾਰੀ ਜ਼ਿੰਦਗੀ ਇਹ ਲੋਕ ਰਾਜ ਕਰਦੇ ਹਨ। ਇਨ੍ਹਾਂ ਵਿਚੋਂ ਕੁਝ ਅਫਸਰ ਰਿਟਾਇਰਮੈਂਟ ਤੋਂ ਕੁਝ ਸਮਾਂ ਪਹਿਲਾਂ ਸਿਆਸਤ ਵਿਚ ਜਾਣ ਬਾਰੇ ਮਨ ਬਣਾ ਲੈਂਦੇ ਹਨ ਅਤੇ ਸਿਆਸੀ ਲੀਡਰਾਂ ਨਾਲ ਗੰਢ-ਤੁਪ ਸ਼ੁਰੂ ਕਰ ਦਿੰਦੇ ਹਨ। ਇਸੇ ਤਰ੍ਹਾਂ ਫਿਲਮੀ ਹਸਤੀਆਂ ਅਤੇ ਖਿਡਾਰੀ ਵੀ ਸਿਆਸਤ ਵਲ ਮੋੜਾ ਕੱਟਦੇ ਹਨ।
ਇਹ ਵਰਤਾਰਾ ਆਜ਼ਾਦੀ ਤੋਂ ਬਾਅਦ ਛੇਤੀ ਸ਼ੁਰੂ ਹੋ ਗਿਆ ਸੀ। ਉਚ ਅਫਸਰਾਂ ਨੇ ਸਿਆਸਤ ਵਿਚ ਵੀ ਧਾਂਕ ਜਮਾਈ। ਯਸਵੰਤ ਸਿਨਹਾ 1960 ਬੈਚ ਦੇ ਆਈ. ਏ. ਐਸ. ਅਫਸਰ ਹਨ। ਉਹ 1984 ਤਕ ਇਸ ਸਰਵਿਸ ਵਿਚ ਰਹੇ ਅਤੇ ਫਿਰ ਜਨਤਾ ਦਲ ਵਿਚ ਆ ਗਏ। ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੀ ਵਜ਼ਾਰਤ ਵਿਚ 1990-91 ਵਿਚ ਕੈਬਨਿਟ ਮੰਤਰੀ ਰਹੇ। ਬਾਅਦ ਵਿਚ ਉਹ ਬੀ. ਜੇ. ਪੀ. ਵਿਚ ਆ ਗਏ ਅਤੇ ਵਾਜਪਾਈ ਸਰਕਾਰ ਵਿਚ ਵਿੱਤ ਮੰਤਰੀ ਤੇ ਵਿਦੇਸ਼ ਮੰਤਰੀ ਰਹੇ। 2018 ਵਿਚ ਉਨ੍ਹਾਂ ਇਹ ਪਾਰਟੀ ਛੱਡ ਦਿੱਤੀ।
ਅਜੀਤ ਜੋਗੀ 1970 ਵਿਚ ਆਈ. ਏ. ਐਸ. ਅਫਸਰ ਬਣੇ। ਕਈ ਜਿ਼ਲ੍ਹਿਆਂ ਦੇ ਕੁਲੈਕਟਰ (ਡਿਪਟੀ ਕਮਿਸ਼ਨਰ) ਰਹੇ। ਫਿਰ ਉਨ੍ਹਾਂ ਸਿਆਸਤ ਲਈ ਕਾਂਗਰਸ ਪਾਰਟੀ ਅਪਨਾ ਲਈ। ਬਾਅਦ ਵਿਚ ਉਹ ਛਤੀਸਗੜ੍ਹ ਦੇ ਮੁੱਖ ਮੰਤਰੀ ਵੀ ਰਹੇ। ਮੀਰਾ ਕੁਮਾਰੀ ਨੇ 1973 ਵਿਚ ਆਈ. ਐਫ. ਐਸ. ਅਧਿਕਾਰੀ ਦੇ ਤੌਰ ‘ਤੇ ਸੇਵਾ ਸ਼ੁਰੂ ਕੀਤੀ ਅਤੇ ਕਈ ਦਹਾਕੇ ਕਈ ਦੇਸ਼ਾਂ ਵਿਚ ਕੰਮ ਕੀਤਾ। ਬਾਅਦ ਵਿਚ ਉਨ੍ਹਾਂ ਕਾਂਗਰਸ ਪਾਰਟੀ ਰਾਹੀਂ 1985 ਵਿਚ ਸਿਆਸਤ ਸ਼ੁਰੂ ਕੀਤੀ ਅਤੇ ਲੋਕ ਸਭਾ (2009 ਤੋਂ 2014 ਤਕ) ਦੀ ਪਹਿਲੀ ਔਰਤ ਸਪੀਕਰ ਬਣਨ ਦਾ ਮਾਣ ਪ੍ਰਾਪਤ ਕੀਤਾ। ਉਨ੍ਹਾਂ 2017 ਵਿਚ ਰਾਸ਼ਟਰਪਤੀ ਪਦ ਲਈ ਵੀ ਕਾਂਗਰਸ ਵਲੋਂ ਚੋਣ ਲੜੀ, ਪਰ ਸਫਲਤਾ ਨਹੀਂ ਮਿਲੀ। ਮਨੀ ਸ਼ੰਕਰ ਅਈਯਰ ਨੇ ਵੀ 1963 ਵਿਚ ਭਾਰਤੀ ਵਿਦੇਸ਼ੀ ਸੇਵਾਵਾਂ ਵਿਚ ਸੇਵਾ ਕੀਤੀ। ਰਿਟਾਇਰਮੈਂਟ ਤੋਂ ਬਾਅਦ 1989 ਵਿਚ ਸਿਆਸਤ ਵਿਚ ਆਏ ਅਤੇ 1991 ਵਿਚ ਤਾਮਿਲਨਾਡੂ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ। ਉਹ ਕੇਂਦਰੀ ਮੰਤਰੀ ਵੀ ਰਹੇ। ਨਟਵਰ ਸਿੰਘ ਨੇ 1953 ਤੋਂ ਸ਼ੁਰੂ ਕਰ ਕੇ 31 ਸਾਲ ਭਾਰਤੀ ਵਿਦੇਸ਼ੀ ਸੇਵਾਵਾਂ ਵਿਚ ਸੇਵਾ ਕੀਤੀ ਅਤੇ 1983 ਵਿਚ ਨੌਕਰੀ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ। ਰਾਜੀਵ ਗਾਂਧੀ ਸਰਕਾਰ ਅਤੇ ਡਾ. ਮਨਮੋਹਨ ਸਿੰਘ ਸਰਕਾਰ ਵਿਚ ਮੰਤਰੀ ਵਜੋਂ ਕੰਮ ਕੀਤਾ।
ਅਰਵਿੰਦ ਕੇਜਰੀਵਾਲ, ਜਿਨ੍ਹਾਂ ਨੇ ਇੰਜੀਨੀਅਰਿੰਗ ਕਰਨ ਤੋਂ ਬਾਅਦ 1992 ਵਿਚ ਆਈ. ਆਰ. ਐਸ. ਵਿਚ ਸੇਵਾ ਸ਼ੁਰੂ ਕੀਤੀ, 2011 ਵਿਚ ਨੌਕਰੀ ਛੱਡ ਕੇ ਅੰਨਾ ਹਜ਼ਾਰੇ ਵਲੋਂ ਭ੍ਰਿਸ਼ਟਾਚਾਰ ਵਿਰੁਧ ਚਲਾਈ ਲਹਿਰ ਵਿਚ ਕੁੱਦ ਪਏ। 2012 ਵਿਚ ਉਨ੍ਹਾਂ ਨਵੀਂ ਸਿਆਸੀ ਪਾਰਟੀ ‘ਆਮ ਆਦਮੀ ਪਾਰਟੀ’ ਬਣਾਈ ਅਤੇ ਦਿੱਲੀ ਵਿਧਾਨ ਸਭਾ ਚੋਣ ਵਿਚ ਜਿੱਤ ਪ੍ਰਾਪਤ ਕਰ ਕੇ ਕਾਂਗਰਸ ਦੇ ਸਹਿਯੋਗ ਨਾਲ ਸਰਕਾਰ ਬਣਾਈ, ਪਰ ਇਹ 49 ਦਿਨਾਂ ਬਾਅਦ ਹੀ ਟੁੱਟ ਗਈ। ਦੁਬਾਰਾ 2015 ਵਿਚ ਭਾਰੀ ਬਹੁਮਤ ਨਾਲ ਜਿੱਤ ਕੇ (ਕੁਲ 70 ਵਿਚੋਂ 67 ਸੀਟਾਂ) ਫਿਰ ਸਰਕਾਰ ਬਣਾਈ। ਉਹ ਅੱਜ ਕੱਲ੍ਹ ਦਿੱਲੀ ਦੇ ਮੁੱਖ ਮੰਤਰੀ ਹਨ।
ਜੇ ਮੋਦੀ ਸਰਕਾਰ ‘ਤੇ ਨਜ਼ਰ ਮਾਰੀਏ ਤਾਂ ਸਭ ਤੋਂ ਪਹਿਲਾਂ ਹਰਦੀਪ ਸਿੰਘ ਪੁਰੀ ਦਾ ਨਾਮ ਆਉਂਦਾ ਹੈ। ਉਹ 1974 ਬੈਚ ਦੇ ਆਈ. ਐਫ. ਐਸ. ਅਧਿਕਾਰੀ ਹਨ, ਜਿਹੜੇ ਕਈ ਦੇਸ਼ਾਂ ਦੇ ਸਫੀਰ ਰਹੇ ਹਨ। ਉਹ ਜਨੇਵਾ ਤੇ ਨਿਊ ਯਾਰਕ ਵਿਚ ਸੰਯੁਕਤ ਰਾਸ਼ਟਰ ਦੇ ਪੱਕੇ ਨੁਮਾਇੰਦੇ ਰਹੇ ਹਨ। ਉਹ 2014 ਵਿਚ ਬੀ. ਜੇ. ਪੀ. ਵਿਚ ਆਏ ਅਤੇ 2017 ਵਿਚ ਕੇਂਦਰੀ ਮੰਤਰੀ ਵੀ ਬਣ ਗਏ। ਰਾਜ ਕੁਮਾਰ ਸਿੰਘ, ਜੋ 1975 ਬੈਚ ਦੇ ਆਈ. ਏ. ਐਸ. ਅਧਿਕਾਰੀ ਹਨ, 1990 ਵਿਚ ਜਦੋਂ ਐਲ. ਕੇ. ਅਡਵਾਨੀ ਰੱਥ ਯਾਤਰਾ ਦੌਰਾਨ ਗ੍ਰਿਫਤਾਰ ਹੋਏ, ਉਸ ਸਮੇਂ ਉਹ (ਰਾਜ ਕੁਮਾਰ ਸਿੰਘ) ਸਮੱਸਤੀਪੁਰ ਦੇ ਕੁਲੈਕਟਰ ਸਨ। ਉਹ 2013 ਵਿਚ ਬੀ. ਜੇ. ਪੀ. ਵਿਚ ਆਏ ਅਤੇ ਬਿਹਾਰ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ।
ਸਤਿਆਪਾਲ ਸਿੰਘ 1990 ਬੈਚ ਦੇ ਆਈ. ਪੀ. ਐਸ. ਅਧਿਕਾਰੀ ਹਨ। ਉਨ੍ਹਾਂ ਨੌਕਰੀ ਤੋਂ ਅਸਤੀਫਾ ਦਿੱਤਾ ਅਤੇ ਬੀ. ਜੇ. ਪੀ. ਵਿਚ ਆ ਗਏ। ਬਾਗਪਤ ਤੋਂ ਲੋਕ ਸਭਾ ਮੈਂਬਰ ਬਣ ਕੇ ਉਹ ਕੇਂਦਰੀ ਰਾਜ ਮੰਤਰੀ ਬਣੇ। ਸੋਮ ਪ੍ਰਕਾਸ਼ ਕੈਂਥ, ਜੋ ਪਹਿਲਾਂ ਪੀ. ਸੀ. ਐਸ. ਅਫਸਰ ਸਨ ਤੇ ਫਿਰ ਆਈ. ਏ. ਐਸ. ਅਫਸਰ ਬਣੇ, ਨੌਕਰੀ ਛੱਡ ਕੇ ਸਿਆਸਤ ਵਿਚ ਆਏ ਅਤੇ ਪੰਜਾਬ ਤੋਂ ਹੁਸ਼ਿਆਰਪੁਰ ਦੀ ਸੀਟ ਜਿੱਤ ਕੇ ਕੇਂਦਰ ਵਿਚ ਰਾਜ ਮੰਤਰੀ ਦੇ ਤੌਰ ‘ਤੇ ਕੰਮ ਕਰ ਰਹੇ ਹਨ। ਇਸੇ ਤਰ੍ਹਾਂ ਪੰਜਾਬ ਵਿਚ ਜ਼ਿਮਨੀ ਚੋਣਾਂ ਵਿਚ ਬਲਵਿੰਦਰ ਸਿੰਘ ਧਾਲੀਵਾਲ ਡਿਪਟੀ ਕਮਿਸ਼ਨਰ ਦੀ ਪੋਸਟ ਤੋਂ ਅਸਤੀਫਾ ਦੇ ਕੇ ਚੋਣਾਂ ਵਿਚ ਕੁੱਦੇ ਅਤੇ ਜਿੱਤ ਕੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਬਣੇ ਹਨ।
ਹੁਣ ਖਿਡਾਰੀਆਂ ਵਲ ਆਈਏ। ਮੁਹੰਮਦ ਅਜ਼ਰੂਦੀਨ ਲੰਮਾ ਸਮਾਂ ਕ੍ਰਿਕਟ ਦੇ ਖਿਡਾਰੀ ਰਹੇ। ਉਹ 2009 ਵਿਚ ਕਾਂਗਰਸ ਪਾਰਟੀ ਵਿਚ ਆਏ ਅਤੇ ਮੁਰਾਦਾਬਾਦ ਤੋਂ ਚੋਣ ਲੜ ਕੇ ਮੈਂਬਰ ਪਾਰਲੀਮੈਂਟ ਬਣੇ। ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੇ ਦੇਸ਼ ਦੀ ਕ੍ਰਿਕਟ ਟੀਮ ਵਲੋਂ 51 ਟੈਸਟ ਮੈਚ ਅਤੇ 134 ਇਕ ਦਿਨਾਂ ਮੈਚ ਖੇਡੇ। ਖੇਡ ਕੁਮੈਂਟਰੀ ਵੀ ਕਮਾਲ ਦੀ ਕੀਤੀ। ਉਹ 2004 ਵਿਚ ਬੀ. ਜੇ. ਪੀ. ਵਿਚ ਆ ਗਏ ਅਤੇ ਚੋਣ ਲੜ ਕੇ ਦੋ ਵਾਰੀ ਪਾਰਲੀਮੈਂਟ ਮੈਂਬਰ ਬਣੇ, ਰਾਜ ਸਭਾ ਮੈਂਬਰ ਵੀ ਰਹੇ। 2017 ਵਿਚ ਉਹ ਕਾਂਗਰਸ ਪਾਰਟੀ ਵਿਚ ਆ ਗਏ ਅਤੇ ਹੁਣ ਪੰਜਾਬ ਦੀ ਸਿਆਸਤ ਵਿਚ ਸਰਗਰਮ ਹਨ। ਮਨਸੂਰ ਅਲੀ ਪਟੌਦੀ, ਜੋ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰਹੇ, ਨੇ ਵੀ ਸਿਆਸਤ ਵਿਚ ਦੋ ਵਾਰੀ ਕਿਸਮਤ ਅਜ਼ਮਾਈ, ਪਰ ਸਫਲ ਨਹੀ ਹੋਏ। ਕੀਰਤੀ ਆਜ਼ਾਦ ਚੰਗਾ ਕ੍ਰਿਕਟ ਖਿਡਾਰੀ ਰਿਹਾ, ਜੋ 1983 ਵਿਚ ਵਰਲਡ ਕੱਪ ਜਿੱਤਣ ਵਾਲੀ ਟੀਮ ਦਾ ਮੈਂਬਰ ਸੀ। ਉਸ ਨੇ 1993 ਵਿਚ ਦਿੱਲੀ ਵਿਧਾਨ ਸਭਾ ਸੀਟ ਜਿੱਤੀ। ਬਾਅਦ ਵਿਚ ਉਹ ਦੋ ਵਾਰੀ ਦਰਭੰਗਾ ਤੋਂ ਪਾਰਲੀਮੈਂਟ ਮੈਂਬਰ ਵੀ ਬਣੇ। ਗੌਤਮ ਗੰਭੀਰ ਵੀ ਦਿੱਲੀ ਤੋਂ ਮੈਂਬਰ ਪਾਰਲੀਮੈਂਟ ਬਣਿਆ। ਜਿਓਤੀ ਰਮਈ ਸਿਕਦਾਰ, ਜਿਸ ਨੇ ਬੈਂਕਾਕ ਏਸ਼ੀਅਨ ਖੇਡਾਂ ਵਿਚ 800 ਅਤੇ 1500 ਮੀਟਰ ਦੌੜਾਂ ਵਿਚੋਂ ਸੋਨੇ ਦੇ ਮੈਡਲ ਜਿੱਤੇ, ਸੀ. ਪੀ. ਐਮ. ਰਾਹੀਂ ਸਿਆਸਤ ਵਿਚ ਆਈ ਅਤੇ ਕ੍ਰਿਸ਼ਨ ਨਗਰ ਵੈਸਟ ਬੰਗਾਲ ਤੋਂ ਐਮ. ਪੀ. ਚੁਣੀ ਗਈ। ਰਾਜਿਆਵਰਧਨ ਸਿੰਘ ਰਾਠੌਰ ਨੇ 2004 ਓਲੰਪਿਕ ਵਿਚ ਸ਼ੂਟਿੰਗ ਵਿਚੋਂ ਸਿਲਵਰ ਮੈਡਲ ਜਿੱਤਿਆ। ਫਿਰ ਫੌਜ ਵਿਚੋਂ ਰਿਟਾਇਰ ਹੋ ਕੇ 2013 ਵਿਚ ਬੀ. ਜੇ. ਪੀ. ਵਿਚ ਆ ਗਏ। ਉਨ੍ਹਾਂ ਨੇ ਜੈਪੁਰ (ਦੇਹਾਤੀ) ਤੋਂ ਚੋਣ ਲੜੀ ਅਤੇ ਮੋਦੀ ਸਰਕਾਰ ਵਿਚ ਮੰਤਰੀ ਬਣੇ। ਅੱਜ ਕੱਲ੍ਹ ਲੋਕ ਸਭਾ ਮੈਂਬਰ ਹਨ। ਵਿਜੇਂਦਰ ਸਿੰਘ ਨੇ ਬੀਜਿੰਗ ਓਲੰਪਿਕ ਬਾਕਸਿੰਗ ਵਿਚ ਬਰੋਨਜ਼ ਮੈਡਲ ਜਿੱਤਿਆ, ਫਿਰ ਕਾਂਗਰਸ ਪਾਰਟੀ ਵਿਚ ਆ ਗਏ।
ਇਸੇ ਤਰ੍ਹਾਂ ਭਾਰਤੀ ਹਾਕੀ ਟੀਮ ਦੇ ਕਪਤਾਨ ਰਹੇ ਪ੍ਰਗਟ ਸਿੰਘ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਿਚ ਅਤੇ ਫਿਰ ਕਾਂਗਰਸ ਵਲੋਂ ਪੰਜਾਬ ਵਿਧਾਨ ਸਭਾ ਮੈਂਬਰ ਬਣੇ। ਮੁਹੰਮਦ ਕੈਫ ਅਤੇ ਚੇਤਨ ਚੌਹਾਨ ਨੇ ਵੀ ਭਾਰਤੀ ਜਨਤਾ ਪਾਰਟੀ ਵਿਚ ਪ੍ਰਵੇਸ਼ ਕੀਤਾ। ਨਫੀਸਾ ਅਲੀ 1972 ਤੋਂ 1974 ਤਕ ਭਾਰਤੀ ਤੈਰਾਕੀ ਟੀਮ ਵਲੋਂ ਤੈਰਾਕੀ ਵਿਚ ਮੱਲਾਂ ਮਾਰਦੀ ਰਹੀ, ਫਿਰ ਅਦਾਕਾਰਾ ਬਣੀ ਅਤੇ 2009 ਵਿਚ ਲਖਨਊ ਤੋਂ ਚੋਣ ਲੜੀ ਅਤੇ ਜਿੱਤੀ। ਭਾਰਤੀ ਹਾਕੀ ਟੀਮ ਦੇ ਕਪਤਾਨ ਰਹੇ ਸੰਦੀਪ ਸਿੰਘ ਪਿਹੋਵਾ ਹਲਕੇ ਤੋਂ ਚੋਣ ਜਿੱਤ ਕੇ ਹਰਿਆਣਾ ਸਰਕਾਰ ਵਿਚ ਖੇਡ ਮੰਤਰੀ ਵਜੋਂ ਕੰਮ ਕਰ ਰਹੇ ਹਨ।
ਖਿਡਾਰੀਆਂ ਤੋਂ ਵੀ ਵੱਧ ਗਲੈਮਰ ਭਰਪੂਰ ਸ਼੍ਰੇਣੀ ਫਿਲਮੀ ਕਲਾਕਾਰਾਂ ਦੀ ਹੁੰਦੀ ਹੈ। ਇਹ ਵੀ ਸਿਆਸਤ ਵਿਚ ਖੂਬ ਰੰਗ ਲਾਉਂਦੇ ਹਨ। ਰਾਜ ਬੱਬਰ ਕਾਂਗਰਸ ਵਲੋਂ 1994 ਤੋਂ 1999 ਤਕ ਉਤਰ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਰਹੇ। ਅਮਿਤਾਭ ਬਚਨ ਵੀ ਅਲਾਹਾਬਾਦ ਤੋਂ ਪਾਰਲੀਮੈਂਟ ਮੈਂਬਰ ਰਹੇ ਅਤੇ ਉਨ੍ਹਾਂ ਦੀ ਪਤਨੀ ਜਯਾ ਬਚਨ ਯੂ. ਪੀ. ਤੋਂ ਰਾਜ ਸਭਾ ਮੈਂਬਰ ਰਹੇ ਅਤੇ ਅੱਜ ਵੀ ਹਨ। ਬੀ. ਆਰ. ਚੋਪੜਾ ਦੇ ਬਣਾਏ ਸੀਰੀਅਲ ‘ਮਹਾਂਭਾਰਤ’ ਵਿਚ ਕ੍ਰਿਸ਼ਨ ਦੀ ਭੂਮਿਕਾ ਨਿਭਾਉਣ ਵਾਲੇ ਨਿਤੀਸ਼ ਭਾਰਦਵਾਜ ਵੀ ਲੋਕ ਸਭਾ ਮੈਂਬਰ (1996-98) ਬਣੇ। ਰੂਪਾ ਗੰਗੋਲੀ, ਜਿਸ ਨੇ ਇਸੇ ਸੀਰੀਅਲ ਵਿਚ ਦਰੋਪਤੀ ਦਾ ਰੋਲ ਕੀਤਾ, ਰਾਜ ਸਭਾ ਮੈਂਬਰ ਰਹੇ। ਨਿੰਮੀ ਚਕਰਵਰਤੀ ਲੋਕ ਸਭਾ ਮੈਂਬਰ ਅਤੇ ਮਿਥੁਨ ਚਕਰਵਰਤੀ ਰਾਜ ਸਭਾ ਮੈਂਬਰ ਰਹੇ। ਰਾਮਾ ਨੰਦ ਸਾਗਰ ਦੇ ਸੀਰੀਅਲ ‘ਰਮਾਇਣ’ ਵਿਚ ਸੀਤਾ ਦਾ ਰੋਲ ਨਿਭਾਉਣ ਵਾਲੀ ਦੀਪਕਾ ਚਿਖਾਲੀਆ ਵੀ ਸਿਆਸਤ ਵਿਚ ਆਈ ਅਤੇ ਬੀ. ਜੇ. ਪੀ. ਦੀ ਟਿਕਟ ‘ਤੇ ਲੋਕ ਸਭਾ ਲਈ ਚੁਣੀ ਗਈ। ਭਗਵਾਨ ਰਾਮ ਚੰਦਰ ਦਾ ਰੋਲ ਨਿਭਾਉਣ ਵਾਲੇ ਅਰੁਣ ਗੋਵਿਲ ਵੀ ਸਿਆਸਤ ਵਿਚ ਆਏ। ਇਸੇ ਸੀਰੀਅਲ ਵਿਚ ਰਾਵਣ ਦਾ ਰੋਲ ਕਰਨ ਵਾਲੇ ਅਰਵਿੰਦ ਤ੍ਰਿਵੇਦੀ ਨੇ ਵੀ ਬੀ. ਜੇ. ਪੀ. ਵਲੋਂ ਚੋਣ ਲੜੀ ਅਤੇ ਲੋਕ ਸਭਾ ਮੈਂਬਰ ਬਣੇ। ਹੇਮਾ ਮਾਲਿਨੀ ਅਤੇ ਸੰਨੀ ਦਿਓਲ ਅੱਜ ਕੱਲ੍ਹ ਬੀ. ਜੇ. ਪੀ. ਵਲੋਂ ਲੋਕ ਸਭਾ ਮੈਂਬਰ ਹਨ। ਵਿਨੋਦ ਖੰਨਾ ਵੀ ਬੀ. ਜੇ. ਪੀ. ਦੇ ਸੰਸਦ ਮੈਂਬਰ ਰਹੇ। ਧਰਮਿੰਦਰ ਅਤੇ ਸੁਨੀਲ ਦੱਤ ਵੀ ਲੋਕ ਸਭਾ ਮੈਂਬਰ ਰਹੇ। ਟੀ. ਵੀ. ਕਲਾਕਾਰ ਸਿਮਰਤੀ ਇਰਾਨੀ ਅੱਜ ਕੱਲ੍ਹ ਮੋਦੀ ਸਰਕਾਰ ਵਿਚ ਮੰਤਰੀ ਹੈ। ਪੰਜਾਬੀ ਗਾਇਕ ਹੰਸ ਰਾਜ ਹੰਸ ਬੀ. ਜੇ. ਪੀ. ਵਲੋਂ ਅਤੇ ਮੁਹੰਮਦ ਸਦੀਕ ਕਾਂਗਰਸ ਵਲੋਂ ਚੋਣ ਲੜ ਕੇ ਪਾਰਲੀਮੈਂਟ ਵਿਚ ਪਹੁੰਚੇ ਹਨ।
ਜਿਨ੍ਹਾਂ ਵੱਡੇ ਅਫਸਰਾਂ ਦੇ ਦਫਤਰਾਂ ਦੀ ਚਿੱਕ ਚੁੱਕ ਕੇ ਹਰ ਆਦਮੀ ਅੰਦਰ ਜਾਣ ਤੋਂ ਪਹਿਲਾਂ ਸੌ ਵਾਰੀ ਸੋਚਦਾ ਹੈ, ਜਿਨ੍ਹਾਂ ਕਲਾਕਾਰਾਂ ਦੀ ਸਟਾਰਡਮ ਦੇ ਦੀਵਾਨੇ ਲੱਖਾਂ ਲੋਕ ਕਦੇ ਉਨ੍ਹਾਂ ਨੂੰ ਨੇੜਿਓਂ ਦੇਖਣ ਲਈ ਤਤਪਰ ਰਹਿੰਦੇ ਹਨ ਅਤੇ ਜਿਨ੍ਹਾਂ ਖਿਡਾਰੀਆਂ ਦੇ ਆਟੋਗਰਾਫ ਲੈਣ ਲਈ ਲੋਕ ਆਪਣੇ ਕੱਪੜੇ ਪੜਵਾ ਲੈਂਦੇ ਹਨ, ਜਦੋਂ ਉਹ ਸਿਆਸਤ ਵਿਚ ਆਉਂਦੇ ਹਨ ਤਾਂ ਉਹ ਝੁੱਗੀਆਂ ਝੌਂਪੜੀਆਂ ਵਿਚ ਜਾ ਕੇ ਵੋਟਾਂ ਲਈ ਮਿੱਟੀ ਵਿਚ ਲਿੱਬੜੇ ਬੱਚਿਆਂ ਨੂੰ ਚੁੱਕ ਕੇ ਚੋਹਲ-ਮੋਹਲ ਕਰਦੇ ਦਿਖਾਈ ਦਿੰਦੇ ਹਨ। ਗਰੀਬ ਤੋਂ ਗਰੀਬ ਲੋਕਾਂ ਤੋਂ ਵੀ ਵੋਟਾਂ ਦੀ ਭੀਖ ਮੰਗਦੇ ਹਨ। ਜਿਨ੍ਹਾਂ ਕੋਲੋਂ ਕਦੀ ਲੰਘੇ ਤਕ ਨਹੀਂ ਹੁੰਦੇ, ਉਨ੍ਹਾਂ ਦੇ ਘਰਾਂ ਵਿਚ ਖਾਣਾ ਵੀ ਖਾਂਦੇ ਹਨ। ਇਹ ਸਭ ਉਨ੍ਹਾਂ ਨੂੰ ਸਿਆਸਤ ਵਿਚ ਕਾਮਯਾਬ ਹੋਣ ਲਈ ਕਰਨਾ ਪੈਂਦਾ ਹੈ।
ਉਚ ਅਧਿਕਾਰੀ ਆਪਣੀ ਨੌਕਰੀ ਦੌਰਾਨ ਅਸਲ ਵਿਚ ਰਾਜ ਭੋਗਦੇ ਹਨ। ਉਨ੍ਹਾਂ ਦੇ ਮਾਤਹਿਤ ਹਮੇਸ਼ਾ ਉਨ੍ਹਾਂ ਦੇ ਹੁਕਮਾਂ ਦੀ ਤਾਮੀਲ ਕਰਦੇ ਹਨ। ਉਨ੍ਹਾਂ ਨੂੰ ਨਾਂਹ ਸੁਣਨ ਦੀ ਆਦਤ ਨਹੀਂ ਹੁੰਦੀ। ਨੌਕਰੀ ਤੋਂ ਫਾਰਗ ਹੋਣ ਦੇ ਨੇੜੇ ਪਹੁੰਚ ਕੇ ਇਨ੍ਹਾਂ ਨੂੰ ਆਪਣਾ ਰਾਜ ਖੁੱਸਦਾ ਪ੍ਰਤੀਤ ਹੁੰਦਾ ਹੈ। ਇਸ ਰਾਜ ਨੂੰ ਕਾਇਮ ਰੱਖਣ ਲਈ ਇਨ੍ਹਾਂ ਨੂੰ ਸਿਆਸਤ ਕਾਰਗਰ ਖੇਤਰ ਲੱਗਦਾ ਹੈ। ਇਹੀ ਗੱਲ ਫਿਲਮੀ ਕਲਾਕਾਰਾਂ ਅਤੇ ਖਿਡਾਰੀਆਂ ‘ਤੇ ਵੀ ਢੁੱਕਦੀ ਹੈ। ਫਿਲਮੀ ਕਲਾਕਾਰਾਂ ਨੂੰ ਆਰਥਿਕ ਤੌਰ ‘ਤੇ ਭਾਵੇਂ ਕੋਈ ਘਾਟ ਨਹੀ ਹੁੰਦੀ, ਪਰ ਸਟਾਰਡਮ ਦੀ ਬਾਦਸ਼ਾਹਤ ਨੂੰ ਕੋਈ ਵੀ ਖੁੱਸਣ ਨਹੀਂ ਦੇਣਾ ਚਾਹੁੰਦਾ। ਜਦੋਂ ਫਿਲਮੀ ਕਲਾਕਾਰਾਂ ਦੀ ਉਮਰ ਢਲਣ ਲੱਗਦੀ ਹੈ ਅਤੇ ਕੰਮ ਘਟ ਜਾਂਦਾ ਹੈ ਤਾਂ ਉਹ ਵੀ ਸਿਆਸਤ ਵੱਲ ਮੂੰਹ ਕਰ ਲੈਂਦੇ ਹਨ। ਇਸੇ ਤਰ੍ਹਾਂ ਖਿਡਾਰੀ ਕਰਦੇ ਹਨ।