ਵਲਾਇਤੀ ਨਿੱਕ-ਸੁੱਕ

ਗੁਲਜ਼ਾਰ ਸਿੰਘ ਸੰਧੂ
ਮੇਰੇ ਪਾਠਕ ਲੰਮੇ ਸਮੇਂ ਤੋਂ ਦੇਸੀ ਨਿੱਕ-ਸੁੱਕ ਪੜ੍ਹਦੇ ਆ ਰਹੇ ਹਨ। ਮੇਰੇ ਕੋਲ 2021 ਦੇ ਅਰੰਭ ਲਈ ਵਲਾਇਤੀ ਨਿੱਕ-ਸੁੱਕ (ਨਵਯੁਗ ਪਬਲਿਸ਼ਰਜ਼ ਦਿੱਲੀ, ਪੰਨੇ 175, ਮੱੁਲ 350 ਰੁਪਏ) ਦਾ ਤੋਹਫਾ ਪਹੰੁਚਿਆ ਹੈ; ਰਣਜੀਤ ਧੀਰ ਦੀ ਵਲਾਇਤ ਤੋਂ। ਉਹ ਪਿਛਲੇ 53 ਸਾਲ ਤੋਂ ਉਥੇ ਰਹਿ ਰਿਹਾ ਹੈ। ਮੁਕਤਸਰ ਦੇ ਸਰਕਾਰੀ ਕਾਲਜ ਵਿਚ ਅੰਗਰੇਜ਼ੀ ਦਾ ਅਧਿਆਪਨ ਛੱਡ ਕੇ ਉਸ ਦੇਸ਼ ਨੂੰ ਤੁਰ ਗਿਆ ਸੀ, ਜਿਥੇ ਸਾਡੇ ਪੰਜਾਬੀ ਮਿਹਨਤ ਮਜ਼ਦੂਰੀ ਕਰਕੇ ਪਿੱਛੇ ਰਹਿ ਗਏ ਪਰਿਵਾਰਾਂ ਲਈ ਪੌਂਡ ਭੇਜਦੇ ਹਨ-ਬਜੁਰਗਾਂ ਦੀ ਸਹੂਲਤ ਤੇ ਬੱਚਿਆਂ ਦੀ ਪੜ੍ਹਾਈ ਲਈ; ਥੋੜ੍ਹੇ ਸੌਖੇ ਹੋ ਜਾਂਦੇ ਹਨ ਤਾਂ

ਆਪਣੀ ਟੌਰ ਦੱਸਣ ਲਈ ਆਪਣੇ ਫਾਰਮਾਂ ਵਿਚ ਨਵੀਂਆਂ ਕੋਠੀਆਂ ਦੀ ਉਸਾਰੀ ਲਈ ਵੀ। ਪੌਂਡਾਂ ਦੀ ਮਾਇਆ ਛੱਡ ਕੇ ਉਹ ਮੁੜ ਆਪਣੇ ਦੇਸ਼ ਨਹੀਂ ਪਰਤਦੇ ਤੇ ਉਨ੍ਹਾਂ ਦੀਆਂ ਕੋਠੀਆਂ ਵਿਚ ਉਨ੍ਹਾਂ ਦੇ ਅੰਗੀ ਸਾਕੀ ਤੇ ਗੁਆਂਢੀ ਬੱਕਰੀਆਂ ਪਾਲਦੇ ਹਨ। ਦੁਆਬੇ ਦੇ ਖੇਤਾਂ ਵਿਚ ਇਹ ਵਰਤਾਰਾ ਆਮ ਦੇਖਿਆ ਜਾ ਸਕਦਾ ਹੈ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਤੇ ਉਸ ਦੇ ਨਾਨਕੇ ਪਿੰਡ ਮੋਰਾਂਵਾਲੀ ਦੇ ਆਸ-ਪਾਸ ਖਾਸ ਕਰਕੇ। ਮੇਰੇ ਬਚਪਨ ਵਿਚ ਉਸ ਪਿੰਡ ਬਾਰੇ ਇਹ ਵੀ ਕਿਹਾ ਜਾਂਦਾ ਸੀ ਕਿ ਉਥੋਂ ਦੀਆਂ ਸੁਆਣੀਆਂ ਬੱਚੇ ਨੂੰ ਜਨਮ ਦੇਣ ਸਮੇਂ ਵਲਾਇਤ ਵਲ ਮੰੂਹ ਕਰ ਲੈਂਦੀਆਂ ਹਨ। ਮੇਰੇ ਜੱਦੀ ਪਿੰਡ ਸੂਨੀ ਤੋਂ ਮੋਰਾਂਵਾਲੀ 5 ਮੀਲ ਹੈ ਤੇ ਖਟਕੜ ਕਲਾਂ ਨੌਂ ਮੀਲ।
ਰਣਜੀਤ ਧੀਰ ਦੇ ਮਾਲਵਾ ਖੇਤਰ ਦਾ ਵਰਤਾਰਾ ਇਹ ਵਾਲਾ ਤਾਂ ਨਹੀਂ, ਪਰ ਮਿਲਦਾ-ਜੁਲਦਾ ਹੈ। ਧੀਰ ਨੇ ਉਥੇ ਜਾ ਕੇ 14 ਸਾਲ ਦਾ ਬਣਵਾਸ ਕੱਟਦੇ ਸਾਰ ਸੰਤ ਸਿੰਘ ਸੇਖੋਂ, ਸੋਹਨ ਸਿੰਘ ਜੋਸ਼, ਜਸਵੰਤ ਸਿੰਘ ਕੰਵਲ, ਦਲੀਪ ਕੌਰ ਟਿਵਾਣਾ ਵਰਗੇ ਉੱਚ ਦੁਮਾਲੜੇ ਮਹਾਰਥੀਆਂ ਤੇ ਲੇਖਕਾਂ ਨੂੰ ਉਨ੍ਹਾਂ ਦੇ ਸੁਪਨਿਆਂ ਦੀ ਵਲਾਇਤ ਦਿਖਾਉਣ ਵਾਸਤੇ ਵਿਸ਼ਵ ਪੰਜਾਬੀ ਕਾਨਫਰੰਸ ਦਾ ਆਯੋਜਨ ਕੀਤਾ, ਜਿੱਥੇ ਮੇਰੇ ਤੇ ਮੀਸ਼ੇ ਵਰਗੇ ਵੀ ਹਾਜ਼ਰੀ ਲਵਾ ਆਏ। ਛੇ ਜੂਨ ਤੋਂ 21 ਜੂਨ 1980 ਤੱਕ ਬਰਤਾਨੀਆਂ ਦੇ ਵੱਖ-ਵੱਖ ਸ਼ਹਿਰਾਂ ਵਿਚ ਚੱਲੀ ਇਸ ਕਾਨਫਰੰਸ ਨੂੰ ਪਿਛਲੇ 40 ਸਾਲਾਂ ਵਿਚ ਕੋਈ ਵੀ ਦੇਸ਼ ਮਾਤ ਨਹੀਂ ਪਾ ਸਕਿਆ। ਇਸ ਵਿਚ ਸਿਰਫ ਪੰਜਾਬ ਦੇ ਪੰਜਾਬੀ ਪਿਆਰਿਆਂ ਨੇ ਹੀ ਸ਼ਿਰਕਤ ਨਹੀਂ ਕੀਤੀ; ਪਾਕਿਸਤਾਨ, ਮਲੇਸ਼ੀਆ, ਅਮਰੀਕਾ ਤੇ ਕੈਨੇਡਾ ਦੇ ਕਵੀ, ਸਾਹਿਤਕਾਰ ਤੇ ਨਾਟਕਕਾਰ ਵੀ ਪਹੰੁਚੇ। ਉਨ੍ਹਾਂ ਦੀ ਆਓ ਭਗਤ, ਪ੍ਰਾਹੁਣਚਾਰੀ ਤੇ ਫੇਰੇ-ਤੋਰੇ ਦਾ ਪ੍ਰਬੰਧ ਧੀਰ ਦੇ ਮਿੱਤਰ ਪਿਆਰਿਆਂ ਨੇ ਹੀ ਨਹੀਂ, ਧੀਰ ਦੀ ਹਮਸਫਰ ਹਰਭਨ ਧੀਰ ਨੇ ਵੀ ਕੀਤਾ। ਹੁਣ ਤੱਕ ਦੇ ਪਰਵਾਸੀ ਸਫਰ ਵਿਚ ਧੀਰ ਨੇ ਆਪਣੀ ਰਿਹਾਇਸ਼ ਉੱਤੇ ਸਾਹਿਤਕ ਸਿਆਸੀ, ਵਿਦਿਅਕ, ਅਦਾਲਤੀ ਤੇ ਸਭਿਆਚਾਰਕ ਬੈਠਕਾਂ ਵੀ ਵਿਉਤੀਆਂ ਅਤੇ ਲੰਦਨ ਵਿਚ ਮੇਅਰ, ਮੈਜਿਸਟ੍ਰੇਟ, ਕੌਂਸਲਰ ਤੇ ਸਥਨਕ ਸਰਕਾਰ ਦੇ ਡਿਪਟੀ ਲੀਡਰ ਦੀ ਜ਼ਿੰਮੇਵਾਰੀ ਨਿਭਾ ਕੇ ਦੁਨੀਆਂ ਭਰ ਦੇ ਪੰਜਾਬੀਆਂ ਦਾ ਸਿਰ ਉੱਚਾ ਕੀਤਾ ਹੈ। ਸਾਲ 2018 ਵਿਚ ਬਰਤਾਨੀਆਂ ਦੀ ਮਲਿਕਾ ਨੇ ਸਥਾਨਕ ਸਰਕਾਰ ਵਿਚ ਨਿਭਾਈ ਸੇਵਾ ਸਦਕਾ ਉਸ ਨੂੰ ਆਰਡਰ ਆਫ ਦੀ ਬ੍ਰਿਟਿਸ਼ ਐਮਪਾਇਰ (25) ਦੇ ਖਿਤਾਬ ਨਾਲ ਨਿਵਾਜਿਆ ਤਾਂ ਰਹਿੰਦੀ ਦੁਨੀਆਂ ਵਿਚ ਬੱਲੇ ਬੱਲੇ ਹੋ ਗਈ।
ਖਿਮਾ ਕਰਨਾ ਮੈਂ ਵਲਾਇਤੀ ਨਿੱਕ-ਸੁੱਕ ਦਾ ਮਹੱਤਵ ਦੱਸਣ ਦੀ ਥਾਂ ਇਸ ਦੇ ਰਚਨਹਾਰੇ ਦੀਆਂ ਗੱਲਾਂ ਵਿਚ ਉਲਝ ਗਿਆ। ਕਸੂਰ ਮੇਰਾ ਨਹੀਂ, ਉਸ ਦੀਆਂ ਪ੍ਰਾਪਤੀਆਂ ਤੇ ਪਿਆਰ ਦਾ ਤਾਣਾ ਪੇਟਾ ਹੀ ਇਸ ਤਰ੍ਹਾਂ ਦਾ ਹੈ ਕਿ ਆਪਾਂ ਉਲਝੇ ਬਿਨਾ ਨਹੀਂ ਰਹਿ ਸਕਦੇ, ਪੁਸਤਕ ਵਿਚ ਪਹਿਲੀ ਪੀੜ੍ਹੀ ਦੇ ਪਰਵਾਸੀਆਂ ਦਾ ਸੰਕਟ, ਦੂਜੀ ਪੀੜ੍ਹੀ ਦਾ ਸਭਿਆਚਰਕ ਵਰਤਾਰਾ ਤੇ ਉਥੇ ਦੀ ਧੱੁਪ ਦੀਆਂ ਮਹਿਫਿਲਾਂ ਦਾ ਹੀ ਜ਼ਿਕਰ ਨਹੀਂ ਸਗੋਂ ਬਰਤਾਨੀਆਂ ਤੇ ਯੂਰਪ ਵਿਚ ਆਏ ਨਿਘਾਰ, ਚੋਰੀਆਂ, ਕਤਲਾਂ ਤੇ ਡਾਕਿਆਂ ਦਾ ਵਿਸ਼ਲੇਸ਼ਣ ਵੀ ਹੈ। ਇਹ ਪੁਸਤਕ ਵਿਦੇਸ਼ ਜਾ ਕੇ ਵੱਸਣ ਵਾਲੇ ਪੰਜਾਬੀਆਂ ਲਈ ਇੱਕ ਤਰ੍ਹਾਂ ਦੀ ਗਾਈਡ ਵੀ ਹੋ ਨਿਬੜਦੀ ਹੈ। ਵਿਦੇਸ਼ੀ ਵੀਜ਼ਾ ਲਵਾਉਣ ਵਾਲੇ ਪਾਠਕਾਂ ਨੂੰ ਇਸ ਰਚਨਾ ਦਾ ਪਾਠ ਕਰਨਾ ਲਾਭਦਾਇਕ ਹੈ। ਪੁਸਤਕ ਆਪਣੇ ਲੋਕਾਂ ਦਾ ਆਤਮ-ਵਿਸ਼ਵਾਸ ਦਰਸਾ ਕੇ ਦੇਸ਼ ਵਾਸੀਆਂ ਪ੍ਰਤੀ ਮਾਣ ਦੀਆਂ ਭਾਵਨਾਵਾਂ ਨੂੰ ਸੁਰਜੀਤ ਕਰਦੀ ਹੈ। ਧੀਰ ਦਸਦਾ ਹੈ ਕਿ ਵਿਦੇਸ਼ ਵਿਚ ਰਹਿੰਦੇ ਭਾਰਤੀਆਂ ਦੀ ਕੁਲ ਗਿਣਤੀ ਤਿੰਨ ਕਰੋੜ ਹੈ, ਜਿਹੜੀ ਪੰਜਾਬ ਦੀ ਕੱੁਲ ਵਸੋਂ ਨਾਲੋਂ ਕਿਤੇ ਵੱਧ ਹੈ। ਸਪਸ਼ਟ ਹੈ ਕਿ ਭਾਰਤ ਦਾ ਇੱਕ ਪੂਰੇ ਦਾ ਪੂਰਾ ਸੂਬਾ ਵਿਦੇਸ਼ ਰਹਿੰਦਾ ਹੈ।
ਵਲਾਇਤੋਂ ਨਿੱਕ-ਸੁੱਕ ਦਾ ਪਾਠ ਦੱਸਦਾ ਹੈ ਕਿ ਅੰਗਰੇਜ਼ੀ ਸਮਾਜ ਅਤੇ ਅਵਾਸੀਆਂ ਵਿਚਾਲੇ ਵਿਹਾਰਕ ਸਬੰਧ ਤਾਂ ਠੀਕ-ਠਾਕ ਹਨ, ਪਰ ਸੱਭਿਆਚਾਰਕ ਪੱਖੋਂ ਕਈ ਤਣਾਓ ਹਨ। ਇਸ ਤਰ੍ਹਾਂ ਦੇ ਤਣਾਓ ਵੱਖ-ਵੱਖ ਅਵਾਸੀ ਗਰੁੱਪਾਂ ਵਿਚ ਵੀ ਹਨ। ਹਰੇਕ ਅਵਾਸੀ ਗਰੁੱਪ ਵਿਚ ਅੰਦਰੂਨੀ ਤੌਰ ’ਤੇ ਪਰੰਪਰਾਵਾਦੀਆਂ ਅਤੇ ਆਧੁਨਿਕ ਵਿਚਾਰਾਂ ਵਿਚ ਵੀ ਟਕਰਾਉ ਹੈ। ਇਕ ਪਾਸੇ ਉਹ ਹਨ, ਜੋ ਲੋਕਾਂ ਨੂੰ ਜੱਦੀ ਪੁਸ਼ਤੀ ਮੁਲਕਾਂ ਦੀ ਜੀਵਨ-ਜਾਚ ਵਿਚ ਜਕੜੀ ਰੱਖਣਾ ਚਾਹੰੁਦੇ ਹਨ ਅਤੇ ਦੂਜੇ ਪਾਸੇ ਉਹ, ਜੋ ਨਵੇਂ ਦੇਸ਼ ਦੇ ਖੱੁਲ੍ਹੇ ਵਿਸ਼ਾਲ ਸਮਾਜ ਨਾਲ ਸਾਂਝਾਂ ਪਾਉਣੀਆਂ ਚਾਹੰੁਦੇ ਹਨ।
ਲੰਦਨ ਦੀ ਇਕ ਯੂਨੀਵਰਸਿਟੀ ਵਿਚ ਇਸ ਵਿਸ਼ੇ ਉਤੇ ਇਕ ਦਿਲਚਸਪ ਗੋਸ਼ਟੀ ਹੋਈ, ਜਿੱਥੇ ਵੱਡੇ-ਵੱਡੇ ਡਾਕਟਰ, ਪ੍ਰੋਫੈਸਰ ਆਏ। ਉਨ੍ਹਾਂ ਸੱਭਿਆਚਾਰ ਬਾਰੇ ਵੱਡੇ ਭਾਰੇ ਸੰਕਲਪਾਂ ਉਤੇ ਪੇਪਰ ਪੜ੍ਹੇ। ਕਈ ਧਰਮਾਂ, ‘ਐਥਨਿਕ’ ਗਰੁੱਪਾਂ ਅਤੇ ਅਫਰੀਕੀ ਕਬੀਲਿਆਂ ਦੇ ਬੰਦੇ ਹਾਜ਼ਰ ਸਨ। ਨਾਲ ਹੀ ਕੁਝ ਸਾਧਾਰਨ ਅਵਾਸੀਆਂ ਦਾ ਪੈਨਲ ਵੀ ਸੀ ਤਾਂ ਕਿ ਉਹ ਆਪਣੀ ਕਹਾਣੀ ਸਾਂਝੀ ਕਰ ਸਕਣ। ਲੇਖਕ ਨੂੰ ਅੰਤਲਾ ਪੈਨਲ ਸਭ ਤੋਂ ਚੰਗਾ ਲੱਗਾ, ਕਿਉਂਕਿ ਇਹ ਉਨ੍ਹਾਂ ਲੋਕਾਂ ਦੀ ਕਹਾਣੀ ਸੀ, ਜਿਨ੍ਹਾਂ ਨੇ ਅਵਾਸ-ਪਰਵਾਸ ਦੇ ਹਰ ਚੰਗੇ-ਮਾੜੇ ਤਜਰਬਿਆਂ ਨੂੰ ਆਪਣੇ ਪਿੰਡਿਆਂ ’ਤੇ ਹੰਢਾਇਆ ਸੀ।
ਪਹਿਲੇ ਅਵਾਸੀ ਨੇ ਦੱਸਿਆ, “ਮੈਂ ਬਹੁਤ ਖੁਸ਼ਕਿਸਮਤ ਹਾਂ। ਔਖਾਂ ਤਾਂ ਬਹੁਤ ਕੱਟੀਆਂ, ਪਰ ਬੱਚੇ ਬਣ ਗਏ, ਇਕ ਵਕੀਲ ਤੇ ਦੂਜਾ ਡਾਕਟਰ। ਬੇਟੀ ਟੀਚਰ ਹੈ ਅਤੇ ਉਹਨੇ ਵਿਆਹ ਵੀ ਅੰਗਰੇਜ਼ ਟੀਚਰ ਨਾਲ ਕੀਤਾ ਹੋਇਆ। ਮੰੁਡਾ ਸਾਊ ਹੈ। ਭਾਰਤੀ ਖਾਣਿਆਂ ਦਾ ਸ਼ੁਕੀਨ ਹੈ। ਗੋਭੀ ਵਾਲੇ ਪਰੌਂਠੇ ਤਾਂ ਉਹਨੂੰ ਵੀਹ ਦੇ ਦਿਉ, ਸਾਰੇ ਛਕ ਜਾਂਦਾ ਹੈ। ਬੱਚਿਆਂ ਨੂੰ ਗੁਰਦੁਆਰੇ ਵੀ ਲਿਜਾਂਦਾ ਹੈ ਅਤੇ ਚਰਚ ਵੀ। ਅਸੀਂ ਇੰਡੀਆ ਨੂੰ ਯਾਦ ਤਾਂ ਕਰਦੇ ਹਾਂ, ਜਾਂਦੇ ਵੀ ਹਾਂ, ਪਰ ਸਾਨੂੰ ਦੇਸ਼ ਛੱਡਣ ਦਾ ਕੋਈ ਹਿਰਖ ਨਹੀਂ।”
ਦੂਜਾ ਬੰਦਾ ਕਹਿੰਦਾ, “ਸਾਨੂੰ ਤਾਂ ਕਲਚਰ-ਕੁਲਚਰ ਦਾ ਪਤਾ ਨ੍ਹੀਂ। ਬੱਸ ਆਏ ਸੀ। ਬਹੁਤ ਕਮਾਈਆਂ ਕੀਤੀਆਂ, ਪਰ ਹੁਣ `ਕੱਲੇ ਰਹਿ`ਗੇ। ਇੱਥੇ ਕੁਝ ਨਹੀਂ। ਵਾਪਸ ਜਾ ਨ੍ਹੀਂ ਸਕਦੇ। ਇੰਡੀਆ ਦਾ ਤਾਂ ਭੱਠਾ ਹੀ ਬੈਠਿਆ ਪਿਆ।”
ਤੀਜੇ ਭਾਈਬੰਦ ਨੇ ਦੱਸਿਆ, “ਮੈਂ ਸੱਠ ਸਾਲ ਪਹਿਲਾਂ ਯੂਗਾਂਡਾ ਚਲਾ ਗਿਆ ਸੀ। ਉਮਰ ਮਸਾਂ ਪੰਦਰਾਂ ਕੁ ਦੀ ਸੀ। ਉਥੇ ਬਹੁਤ ਵਧੀਆ ਦਿਨ ਨਿਕਲੇ, ਪਰ 1972 ਵਿਚ ਉਥੋਂ ਨਿਕਲਣਾ ਪਿਆ। ਤਿੰਨ ਬੱਚਿਆਂ ਸਮੇਤ ਇੰਗਲੈਂਡ ਆ ਗਏ। ਵੱਡਾ ਮੰੁਡਾ ਸਮਲਿੰਗਭੋਗੀ ਨਿਕਲਿਆ; ਕਿਸੇ ਮੰੁਡੇ ਨਾਲ ਰਹਿੰਦੈ। ਕੁੜੀ ਇਕ ਅਫਰੀਕੀ ਨਾਲ ਵਿਆਹ ਕਰਾ ਕੇ ਚਲੀ ਗਈ। ਛੋਟਾ ਮੰੁਡਾ ‘ਡਰੱਗਾਂ’ ਲੈਣ ਲੱਗ ਪਿਆ। ਅਖੀਰ ਇਟਲੀ ਚਲਾ ਗਿਆ ਅਤੇ ਇਕ ਮੁਰਾਕਾਨ ਕੁੜੀ ਨਾਲ ਰਹਿੰਦਾ। ਡਰੱਗਾਂ ਤਾਂ ਛੱਡ ਗਿਆ, ਪਰ ਘਰ ਨਹੀਂ ਆਉਂਦਾ। ਬੱਸ ਇਕ ਵਾਰੀ ਆਪਣੀ ਮਾਂ ਨੂੰ ਫੋਨ ਕੀਤਾ ਸੀ ਕਿ ਮੈਂ ਠੀਕ ਹਾਂ। ਅਸੀਂ ਦੋਨੋਂ ਹੁਣ ਇਕੱਲੇ ਰਹਿੰਦੇ ਹਾਂ। ਦੋ ਵੇਲੇ ਗੁਰਦੁਆਰੇ ਜਾਂਦੇ ਹਾਂ। ਘਰ ਵਾਲੀ ਨੂੰ ਡਿਪਰੈਸ਼ਨ ਹੋ ਗਿਆ ਹੈ। ਕੀ ਕਹੀਏ ਆਪਣੀ ਆਪਣੀ ਕਿਸਮਤ ਹੈ।”
ਧੀਰ ਦੀ ਸ਼ੈਲੀ ਵਿਚ ਦਮ ਹੈ, ਚੇਤਨਾ ਹੈ, ਵਿਸ਼ਲੇਸ਼ਣ ਤੇ ਸਹਿਜ ਹੈ। ਪਰਵਾਸ ਜਾ ਰਹੇ ਬੰਦਿਆਂ ਲਈ ਪਰਵਾਸ ਦੇ ਮਿੱਠੇ ਤੇ ਕੌੜੇ ਅਨੁਭਵ ਹਨ। ਜੀਵਨ ਦਾ ਵਡੇਰਾ ਭਾਗ ਪਰਦੇਸ ਰਹਿ ਚੁਕਣ ਦੇ ਬਾਵਜੂਦ ਪੰਜਾਬ ਵਿਚਲੇ ਆਪਣੇ ਜੱਦੀ ਪੁਸ਼ਤੀ ਘਰਾਂ, ਖੇਤਾਂ ਤੇ ਪੈਲੀਆਂ ਵਿਚ ਪਰਤਣ ਦਾ ਸੁਪਨਾ ਵੀ।
ਇਸ ਰਚਨਾ ਦਾ ਭਾਰਤੀ ਕਿਸਾਨ ਅੰਦੋਲਨ ਦੇ ਦਿਨਾਂ ਵਿਚ ਛਪਣਾ ਭਾਵੇਂ ਸਬਬ ਦੀ ਗੱਲ ਹੈ, ਪਰ ਇਹ ਪੰਜਾਬ ਤੋਂ ਪਰਦੇਸ ਜਾਣ ਦੀਆਂ ਲਾਈਨਾਂ ਵਿਚ ਲੱਗੇ ਲੋਕਾਂ ਲਈ ਚੇਤਾਵਨੀ, ਸੰਦੇਸ਼ ਤੇ ਸਵਾਗਤ ਵੀ।
ਅੰਤਿਕਾ: ਰੰਗਾ ਰੰਗ ਸੰਸਾਰ
ਬਨਾ ਕਰ ਫਕੀਰੋਂ ਕਾ ਹਮ ਭੇਸ ਗ਼ਾਲਿਬ
ਤਮਾਸ਼ਾ-ਏ ਅਹਿਲ-ਏ-ਕਰਮ ਦੇਖਤੇ ਹੈ। (ਮਿਰਜ਼ਾ ਗ਼ਾਲਿਬ)

ਵੇਖ ਲਈ ਦੁਨੀਆਂ ਤੇਰੀ
ਓ ਮਾਲਕਾ ਦੁਨੀਆਂ ਦਿਆ,
ਤੇਰੀ ਦੁਨੀਆਂ ਵਿਚ ਯੁਮਨ ਦੇ
ਨਾਲ ਕੀ ਬੀਤੀ, ਨਾ ਪੁੱਛ! (ਬਰਕਤ ਰਾਮ ਯੁਮਨ)

ਐ ਗਰਦਸ਼-ਏ-ਅਯਾਮ ਤੇਰਾ ਸ਼ੁਕਰੀਆ
ਹਮ ਨੇ ਹਰ ਪਹਿਲੂ ਸੇ ਦੁਨੀਆਂ ਦੇਖ ਲੀ। (ਗੁਮਨਾਮ)