ਬੀਬੀ ਸੁਰਜੀਤ ਕੌਰ ‘ਸੈਕਰਾਮੈਂਟੋ’
ਸਾਲ 2020 ਦੁਨੀਆਂ ਨੂੰ ਬਹੁਤ ਕੁਝ ਐਸਾ ਦੇ ਗਿਆ, ਜੋ ਆਉਣ ਵਾਲੀਆਂ ਸਦੀਆਂ ਵੀ ਯਾਦ ਰੱਖਣਗੀਆਂ। ਸਾਲ 2020 ਅੱਜ ਵੀ ਚਰਚਾ ਵਿਚ ਸਿਖਰਾਂ `ਤੇ ਹੈ ਅਤੇ ਭਵਿਖ ਵਿਚ ਵੀ ਇਸ ਦਾ ਜਿ਼ਕਰ ਜ਼ੋਰਾਂ `ਤੇ ਰਹੇਗਾ। ਅਸੀਂ ਸਤਿਜੁਗ, ਤ੍ਰੇਤਾ, ਦੁਆਪਰ ਅਤੇ ਵਰਤਮਾਨ ਕਲਜੁਗ-ਇਨ੍ਹਾਂ ਜੁਗਾਂ ਬਾਰੇ ਬਹੁਤ ਕੁਝ ਪੜ੍ਹਿਆ ਹੈ ਤੇ ਪੜ੍ਹਦੇ ਹਾਂ। ਗੁਰਬਾਣੀ ਵਿਚ ਵੀ ਇਨ੍ਹਾਂ ਚਾਰ ਜੁਗਾਂ ਦੇ ਬਾਬਤ ਬਹੁਤ ਕੁਝ ਲਿਖਿਆ ਹੋਇਆ ਹੈ।
ਅਸੀਂ ਆਪਣੇ ਮਾਤਾ-ਪਿਤਾ ਜਾਂ ਵਡੇਰੇ ਪੁਰਖਿਆਂ ਤੋਂ ਹਰ ਜੁਗ ਵਿਚ ਜਾਂ ਉਨ੍ਹਾਂ ਦੇ ਜੀਵਨ ਕਾਲ ਵਿਚ ਆਈਆਂ ਭਿਆਨਕ ਮਹਾਮਾਰੀਆਂ ਬਾਰੇ ਵੀ ਬਹੁਤ ਕੁਝ ਸੁਣਦੇ ਆਏ ਹਾਂ। ਸੰਸਾਰ ਦੇ ਤਾਕਤਵਰ ਮੁਲਕਾਂ ਵਿਚ ਹੋਈਆਂ ਮਨੁੱਖਤਾ ਮਾਰੂ ਜੰਗਾਂ, ਜਿਨ੍ਹਾਂ ਨੂੰ ‘ਸੰਸਾਰ ਜੰਗਾਂ’ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ, ਉਹ ਵੀ ਸਭ ਪੜ੍ਹਨ ਤੇ ਜਾਣਨ ਲਈ ਉਪਲਬਧ ਹੈ, ਪਰ ਜੋ ਸਾਲ 2020 ਨੇ ਦੁਨੀਆਂ ਵਿਚ ਕਰੋਨਾ ਨਾਮ ਦਾ ਤਹਿਲਕਾ ਮਚਾਇਆ, ਉਹ ਸਭ ਤੋਂ ਤਾਕਤਵਰ ਰਿਹਾ। ਕਰੋਨਾ ਨੇ ਸਭ ਤੋਂ ਭਿਆਨਕ ਅਤੇ ਵਿਕਰਾਲ ਰੂਪ ਵਿਚ ਪੂਰੇ ਹੀ ਸੰਸਾਰ ਵਿਚ ਰੱਜ ਕੇ ਤਾਂਡਵ ਕੀਤਾ ਅਤੇ ਹੱਸਦੀ ਵੱਸਦੀ ਮਨੁਖਤਾ ਨੂੰ ਮੌਤ ਦੇ ਮੂੰਹ ਵਿਚ ਸੁੱਟਦਾ ਗਿਆ। ਇਸ ਦਾ ਕਹਿਰ ਅਜੇ ਵੀ ਬੇ-ਧੜਕ ਬੇ-ਖੌਫ ਜਾਰੀ ਹੈ।
2020 ਦੇ ਅਖੀਰ ਵਿਚ ਭਾਵੇਂ ਕਰੋਨਾ ਦੇ ਟਾਕਰੇ ਲਈ ਵੈਕਸੀਨ ਤਿਆਰ ਹੋਣ ਦੀਆਂ ਗੱਲਾਂ ਹੁੰਦੀਆਂ ਰਹੀਆਂ ਅਤੇ ਦਸੰਬਰ ਦੇ ਅਖੀਰਲੇ ਹਫਤੇ ਵਿਚ ਵੈਕਸੀਨ ਤਿਆਰ ਹੋ ਕੇ ਲੱਗਣੀ ਵੀ ਸ਼ੁਰੂ ਹੋ ਗਈ। ਨਵੇਂ ਸਾਲ 2021 ਵਿਚ ਕਰੋਨਾ ਨੂੰ ਮਾਤ ਦੇਣ ਵਾਲੀ ਵੈਕਸੀਨ ਨੇ ਵੀ ਸੰਸਾਰ ਦੀ ਮਾਰਕੀਟ ਵਿਚ ਪਹੁੰਚ ਕੇ ਜ਼ੋਰਾਂ-ਸ਼ੋਰਾਂ ਨਾਲ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਜਗਤ ਜਲੰਦੇ ਨੂੰ ਕੁਝ ਕੁ ਆਸ ਬੱਝੀ ਹੈ ਕਿ ਹੁਣ ਕਰੋਨਾ ਨਾਮ ਦੇ ਦੈਂਤ ਦਾ ਸਫਾਇਆ ਹੋ ਜਾਵੇਗਾ ਜਾਂ ਇਸ `ਤੇ ਕਾਬੂ ਪਾ ਲਿਆ ਜਾਵੇਗਾ।
ਇਹ ਤਾਂ ਸੀ ਸਾਰੇ ਸੰਸਾਰ ਦਾ ਹਾਵੇ ਹਉਕਿਆਂ ਭਰਿਆ ਸਾਲ 2020, ਜਿਸ ਨੇ ਪੂਰਾ ਸਾਲ ਹੀ ਸਾਰੀ ਲੁਕਾਈ ਨੂੰ ਆਪਣੇ ਅੱਗੇ ਅੱਗੇ ਲਾਈ ਰੱਖਿਆ। ਕਿਹੜੇ ਮੁਲਕ ਵਿਚ ਕਿੰਨੀ ਵਾਰ ਲੌਕਡਾਊਨ ਹੋਏ ਅਤੇ ਬੰਦ ਬੂਹਿਆਂ ਪਿੱਛੇ ਕਿੰਨੀ ਮਨੁੱਖਤਾ ਸਿਸਕੀਆਂ ਭਰਦੀ ਰਹੀ, ਕੋਈ ਹਿਸਾਬ ਨਹੀਂ। ਕਿਹੜੇ ਮੁਲਕ ਵਿਚ ਕਿੰਨੀਆਂ ਜਾਨਾਂ ਗਈਆਂ ਅਤੇ ਜਹਾਨੋਂ ਤੁਰ ਗਿਆਂ ਦੇ ਆਪਣੇ ਉਨ੍ਹਾਂ ਨੂੰ ਅਲਵਿਦਾ ਕਹਿਣ ਵੀ ਨਾ ਜਾ ਸਕੇ, ਕੋਈ ਹਿਸਾਬ ਨਹੀਂ। ਕਿੰਨੇ ਗਰੀਬ ਕਰੋਨਾ ਦੇ ਡਰੋਂ ਅੰਦਰੀ ਬੈਠੇ ਭੁਖੇ-ਭਾਣੇ ਹੀ ਮਰ-ਖਪ ਗਏ, ਕੋਈ ਹਿਸਾਬ ਨਹੀਂ। ਕਿਹੜੇ ਮੁਲਕ ਨੇ ਅਪਣੇ ਧਰਮ ਦੇ, ਕੌਮ ਦੇ, ਸਮਾਜ ਦੇ, ਕਿੰਨੇ ਯੋਧੇ ਗੁਆ ਲਏ ਕੋਈ ਹਿਸਾਬ ਨਹੀਂ।
ਸਿਰ ਤਲੀ `ਤੇ ਧਰ ਕੇ ਮਨੁੱਖਤਾ ਨੂੰ ਬਚਾਉਣ ਵਿਚ ਲੱਗੇ ਹੋਏ ਮੈਡੀਕਲ ਲਾਈਨ ਦੇ ਚਮਕਦੇ ਸਿਤਾਰੇ ਕਿੰਨੇ ਕੁ ਵਿਛੜ ਗਏ, ਕੋਈ ਹਿਸਾਬ ਨਹੀਂ। ਬੱਸ ਐਸੀ ਹਫੜਾ ਦਫੜੀ ਮੱਚੀ ਕਿ ਹਰ ਕੋਈ ਆਪਣੀ ਜਾਨ ਬਚਾਉਣ ਲਈ ਦੌੜ ਰਿਹਾ ਸੀ, ਕੋਈ ਕਿਤੇ ਬੈਠਾ ਤਰਸ ਰਿਹਾ ਸੀ ਅਤੇ ਕੋਈ ਕਿਤੇ ਬੈਠਾ ਤੜਪ ਰਿਹਾ ਸੀ।
ਕਈ ਮਰ ਗਈਆਂ ਜ਼ਮੀਰਾਂ ਵਾਲੇ ਜਾਲਮ ਲੋਕ ਇਸ ਦਰਦਨਾਕ ਸਮੇਂ ਵਿਚ ਵੀ ਆਪਣੇ ਬਿਜਨਸ ਅਤੇ ਕਾਰੋਬਾਰਾਂ ਵਿਚ ਧਨ ਦੌਲਤਾਂ ਕਮਾਉਣ ਵਿਚ ਦਿਨ ਰਾਤ ਇਕ ਕਰੀ ਬੈਠੇ ਸਨ, ਇਹਦਾ ਵੀ ਕੋਈ ਹਿਸਾਬ ਨਹੀਂ।
ਕਿੰਨੇ ਕੁ ਗਰੀਬ ਭੁਖ ਮਰੀ ਨਾਲ ਜੂਝ ਰਹੇ ਸਨ ਅਤੇ ਅਮੀਰ ਮਹਿਲਾਂ ਵਿਚ ਬੈਠੇ ਗਰੀਬਾਂ ਦਾ ਖੂਨ ਪੀਣ ਵਿਚ ਮਸਤ ਸਨ, ਕੋਈ ਪਤਾ ਨਹੀਂ। ਕਿੰਨੇ ਲੋਕ ਬੀਮਾਰੀਆਂ ਨਾਲ ਜੂਝਦੇ ਹੋਏ ਵੀ ਡਰਦੇ ਅਵਾਜ਼ ਨਹੀਂ ਸੀ ਕੱਢਦੇ, ਕੋਈ ਪਤਾ ਨਹੀਂ। ਬਸ ਉਹ ਕੁਝ ਹੋ ਰਿਹਾ ਸੀ, ਜੋ ਕਦੀ ਨਾ ਸੁਣਿਆ ਸੀ ਤੇ ਨਾ ਹੀ ਕਦੀ ਦੇਖਿਆ ਸੀ।
ਪਰ ਮਨੁੱਖਤਾ ਦੀ ਰੱਤ ਪੀਣ ਵਾਲੇ ਦਰਿੰਦਿਆਂ ਨੂੰ ਕੋਈ ਖੌਫ ਨਹੀਂ ਸੀ, ਕੋਈ ਡਰ ਨਹੀਂ ਸੀ। ਇਹੋ ਜਿਹਾ ਹੀ ਮਾਨਸ ਦੀ ਸ਼ਕਲ ਵਿਚ ਇਕ ਭੇੜੀਆ ਦੁਨੀਆਂ ਦੇ ਰੰਗ ਮੰਚ `ਤੇ ਅਚਾਨਕ ਸਾਹਮਣੇ ਆਇਆ, ਜੋ ਕਹਿਣ ਨੂੰ ਤਾਂ ਭਾਰਤ ਦਾ ਪ੍ਰਧਾਨ ਮੰਤਰੀ ਹੈ, ਪਰ ‘ਕਰਤੂਤ ਪਸੂ ਕੀ ਮਾਨਸ ਜਾਤਿ’ ਵਾਂਗ ਜਦ ਕਰੋਨਾ ਮਹਾਮਾਰੀ ਨਾਲ ਪੂਰਾ ਸੰਸਾਰ ਹੀ ਜੰਗ ਲੜ ਰਿਹਾ ਸੀ ਤਾਂ ਐਨ ਉਸੇ ਵਕਤ ਉਸ ਨੇ ਆਪਣੀ ਬਹੁਸੰਮਤੀ ਦਾ ਲਾਭ ਲੈ ਚੁੱਪ ਚੁਪੀਤੇ ਕਿਸਾਨ ਮਾਰੂ ਬਿਲ ਪੂਰੇ ਮੁਲਕ ਵਿਚ ਲਾਗੂ ਕਰ ਦਿੱਤੇ ਅਤੇ ਕਿਸਾਨਾਂ ਦੀ ਜਿ਼ੰਦਗੀ ਤੇ ਉਨ੍ਹਾਂ ਦੀਆਂ ਜ਼ਮੀਨਾਂ ਦੀ ਮਲਕੀਅਤ ਅੰਬਾਨੀ-ਅਡਾਨੀ ਵਰਗੇ ਪੂੰਜੀਪਤੀਆਂ ਦੇ ਨਾਮ ਲਿਖ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਮਾਰੀ ਦੇ ਭਿਆਣਕ ਦੌਰ ਵਿਚ ਦੇਸ਼ ਦੇ ਗਰੀਬ ਕਿਸਾਨ ਦੀ ਕਿਸਮਤ ਦਾ ਫੈਸਲਾ ਕਰਕੇ ਉਸ ਨੂੰ ਘਰੋਂ ਬਾਹਰ ਨਿਕਲਣ ਲਈ ਮਜਬੂਰ ਕਰ ਦਿੱਤਾ। ਉਹ ਗਰੀਬ ਕਿਰਸਾਨ, ਜੋ ਆਪਣੀ ਥੋੜ੍ਹੀ ਥੋੜ੍ਹੀ ਜ਼ਮੀਨ ਉਤੇ ਹੱਲ ਚਲਾ ਕੇ ਫਸਲ ਬੀਜਦਾ ਹੈ ਤੇ ਮਹੀਨਿਆਂ ਬੱਧੀ ਇਸ ਆਸ `ਤੇ ਜਿਉਂਦਾ ਹੈ ਕਿ ਕਦ ਮੇਰੀ ਫਸਲ ਘਰ ਆਵੇ ਤੇ ਮੈਂ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰਾਂ; ਉਹ ਗਰੀਬ ਕਿਸਾਨ ਜਿਸ ਦਾ ਹਰ ਕੰਮ ਕਾਜ ਖੇਤੀ `ਤੇ ਹੀ ਨਿਰਭਰ ਹੈ, ਇਸ ਕਾਲੇ ਕਾਨੂੰਨ ਨੂੰ ਲਾਗੂ ਹੋਇਆ ਦੇਖ ਤੜਪ ਉਠਿਆ, ਉਹਦੀ ਰੂਹ ਕੁਰਲਾ ਉਠੀ। ਜਦ ਗਰੀਬ ਕਿਸਾਨ ਨੂੰ ਉਹਦਾ ਜੀਵਨ ਹਨੇਰੇ ਵਿਚ ਡੁੱਬਦਾ ਨਜ਼ਰ ਆਇਆ ਤਾਂ ਉਸ ਨੇ ਖੜ੍ਹਾ ਹੋ ਪੂਰੀ ਹਿੰਮਤ ਜੁਟਾ ਇਕ ਨਾਅਰਾ ਬੁਲੰਦ ਕੀਤਾ, ਜਿਸ ਨੂੰ ਸੁਣ ਕੇ ਹਰ ਕਿਸਾਨ ਜੋਸ਼ ਵਿਚ ਆ ਗਿਆ, ਉਹ ਨਾਅਰਾ ਸੀ, ‘ਜੈ ਕਿਸਾਨ ਜੈ ਜਵਾਨ।’
ਇਤਿਹਾਸ ਗਵਾਹ ਹੈ ਕਿ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੂੰ ਸਦੀਆਂ ਤੋਂ ਇਹ ਮਾਣ ਹਾਸਲ ਹੈ ਕਿ ਜਦ ਵੀ ਕਦੀ ਮੁਲਕ `ਤੇ ਭੀੜ ਬਣੀ ਹੈ ਤਾਂ ਪੰਜਾਬ ਦੇ ਸਿਰਲੱਥ ਯੋਧਿਆਂ ਨੇ ਅਗੇ ਹੋ ਕੇ ਅਗਵਾਈ ਵੀ ਕੀਤੀ ਹੈ ਅਤੇ ਆਪਣੇ ਹੱਕਾਂ ਦੀ ਰਾਖੀ ਵੀ ਕੀਤੀ ਹੈ-ਚਾਹੇ ਗਦਰੀ ਬਾਬਿਆਂ ਦਾ ਸਮਾਂ ਹੋਵੇ ਜਾਂ ਸਰਹੱਦਾਂ ਦੀ ਰਾਖੀ ਹੋਵੇ।
ਸੋ, ਇਸ ਕਿਸਾਨੀ ਹੱਕਾਂ ਦੇ ਸ਼ਾਂਤਮਈ ਅੰਦੋਲਨ/ਸੰਘਰਸ਼ ਦੀ ਸ਼ੁਰੂਆਤ ਵੀ ਪੰਜਾਬ ਦੀ ਧਰਤੀ ਦੇ ਜੰਮੇ ਜਾਇਆਂ ਨੇ ਹੀ ਕੀਤੀ ਹੈ, ਜਿਸ ਦੀ ਗੂੰਜ ਅੱਜ ਸਮੁਚੇ ਸੰਸਾਰ ਵਿਚ ਪੈ ਰਹੀ ਹੈ। ਜਦ ਪੰਜਾਬ ਤੋਂ ਇਹ ਕਾਫਲਾ ਤੁਰਿਆ ਤਾਂ ਹਰਿਆਣਾ, ਯੂ. ਪੀ., ਬਿਹਾਰ, ਰਾਜਸਥਾਨ ਅਤੇ ਬਾਕੀ ਹੋਰ ਸੂਬਿਆਂ ਦੇ ਕਿਸਾਨ ਤੇ ਮਜ਼ਦੂਰ ਵੀ ਨਾਲ ਆ ਮਿਲੇ।
ਕਹਿਰਾਂ ਦੀ ਸਰਦੀ ਹੈ, ਕਈ ਕਈ ਦਿਨ ਧੁੰਦ ਪਈ ਰਹਿੰਦੀ ਹੈ ਅਤੇ ਦਿਨ ਵੇਲੇ ਵੀ ਰਾਤਾਂ ਵਰਗਾ ਧੁੰਦੂਕਾਰ ਬਣਿਆ ਰਹਿੰਦਾ ਹੈ। ਕਿਸੇ ਦਿਨ ਬਾਰਸ਼ ਸ਼ੁਰੂ ਹੁੰਦੀ ਹੈ ਤਾਂ ਉਹ ਵੀ ਦੋ ਚਾਰ ਦਿਨ ਝੜੀ ਲਾ ਕੇ ਹੀ ਮੁੜਦੀ ਹੈ। ਅਜਿਹੇ ਸਰਦੀ ਦੇ ਕਹਿਰ ਭਰੇ ਮੌਸਮ ਵਿਚ ਜੋ ਲੁਕਾਈ ਸੜਕਾਂ `ਤੇ ਪਈ ਰੁਲਦੀ ਹੈ, ਉਨ੍ਹਾਂ ਦਾ ਦਰਦ ਮੋਦੀ, ਅੰਬਾਨੀ, ਅਡਾਨੀ ਤੇ ਸ਼ਾਹ ਵਰਗੇ ਬੇ-ਈਮਾਨ ਲੋਕ ਕੀ ਜਾਣਨਗੇ? ਇਨ੍ਹਾਂ ਦਿਨਾਂ ਵਿਚ ਹੀ ਕਦੀ ਸਰਬੰਸਦਾਨੀ ਦਸਮੇਸ਼ ਸਤਿਗੁਰੂ ਜੀ ਦਾ ਪਰਿਵਾਰ ਵੀ ਆਨੰਦਪੁਰੀ ਦਾ ਤਿਆਗ ਕਰਕੇ ਤੁਰ ਪਿਆ ਸੀ, ਸ਼ਹਾਦਤਾਂ ਦੇ ਪਿਆਲੇ ਪੀਣ ਲਈ। ਦੁੱਖ ਤਾਂ ਇਸ ਗੱਲ ਦਾ ਹੈ ਕਿ ਉਸ ਸਮੇ ਦਿੱਲੀ ਤਖਤ `ਤੇ ਪਾਪੀ ਔਰੰਗਾ ਬੈਠਾ ਸੀ, ਪਰ ਅਜ ਆਪਣੇ ਹੀ ਲੋਕਾਂ ਦੀ ਚੁਣੀ ਹੋਈ ਸਰਕਾਰ ਕਾਬਜ ਹੈ। ਉਹ ਸਰਕਾਰ, ਜੋ ਬਿਲਕੁਲ ਔਰੰਗੇ ਜਿਹੀ ਹੈ, ਕਿਉਂਕਿ ਮੋਦੀ ਤੇ ਉਹਦੇ ਭਾਈਵਾਲ ਕਟੜਵਾਦ ਦੇ ਰੰਗ ਵਿਚ ਰੰਗੇ ਪਏ ਹਨ। ਜਦ ਔਰਤ ਵਿਹੂਣਾ ਅਤੇ ਔਲਾਦ ਵਿਹੂਣਾ ਬੰਦਾ ਤਖਤ `ਤੇ ਬੈਠੇਗਾ ਤਾਂ ਉਹ ਅਧੂਰਾ ਬੰਦਾ ਕਦੀ ਅਦਲ ਕਰ ਹੀ ਨਹੀਂ ਸਕੇਗਾ, ਅਜਿਹੇ ਬੰਦੇ ਲਈ ਹੀ ਤਾਂ ਗੁਰੂ ਨਾਨਕ ਪਿਤਾ ਜੀ ਆਖ ਗਏ ਸਨ,
ਜਿਸੁ ਸਿਕਦਾਰੀ ਤਿਸਹਿ ਖੁਆਰੀ
ਚਾਕਰ ਕੇਹੇ ਡਰਣਾ॥
ਜਾ ਸਿਕਦਾਰੈ ਪਵੈ ਜੰਜੀਰੀ
ਤਾ ਚਾਕਰ ਹਥਹੁ ਮਰਣਾ॥
ਇਥੇ ਹੀ ਬੱਸ ਨਹੀਂ ਇਸ ਸੰਘਰਸ਼ ਵਿਚ ਹਰ ਰੋਜ਼ ਕੋਈ ਨਾ ਕੋਈ ਕਿਸਾਨ ਸ਼ਹੀਦੀ ਵੀ ਪਾ ਰਿਹਾ ਹੈ, ਪਰ ਮੋਦੀ ਸਰਕਾਰ ਅਤੇ ਉਸ ਦੇ ਚਾਟੜੇ ਟਸ ਤੋਂ ਮਸ ਨਹੀਂ ਹੋ ਰਹੇ। ਹਰ ਤੀਜੇ ਦਿਨ ਮੀਟਿੰਗਾਂ ਹੁੰਦੀਆਂ ਹਨ, ਪਰ ਕਾਲੇ ਕਾਨੂੰਨ ਜਿਉਂ ਦੇ ਤਿਉਂ ਆਪਣੀ ਥਾਂ ਬਰਕਰਾਰ ਹਨ। ਸ਼ਾਬਾਸ਼ੇ ਕਿਸਾਨ ਵੀਰੋ! ਤੁਸਾਂ ਵੀ ਆਪਣੇ ਧਰਮ ਦੀ ਲਾਜ ਰੱਖ ਰਹੇ ਹੋ। ਤੁਹਾਡੀ ਏਕਤਾ ਅਤੇ ਸਾਂਝੀਵਾਲਤਾ ਨੇ ਦਿੱਲੀ ਤਾਂ ਕੀ, ਸਾਰੀ ਦੁਨੀਆਂ ਵਿਚ ਤੁਹਾਡਾ ਸਤਿਕਾਰ ਬਣਾਇਆ ਹੈ। ਤੁਸਾਂ ਸ਼ਾਤਮਈ ਅੰਦੋਲਨ ਦੇ ਝੰਡੇ ਗੱਡ ਦਿੱਤੇ ਹਨ, ਤੁਸਾਂ ਆਪਨੇ ਗੁਰੂ ਦੀ ਰੱਖ ਵਿਖਾਈ ਹੈ। ਤੁਹਾਡੀ ਏਕਤਾ ਅਤੇ ਸਾਂਝੀਵਾਲਤਾ ਨੇ ਨਵੇਂ ਜੁਗ ਦੀ ਸ਼ੁਰੂਆਤ ਕੀਤੀ ਹੈ, ਤੁਸੀਂ ਨਵਾਂ ਇਤਿਹਾਸ ਲਿਖ ਰਹੇ ਹੋ, ਤੁਸੀਂ ਕਲਜੁਗ ਦਾ ਅੰਤ ਕਰ ਸਤਿਜੁਗ ਵਿਚ ਜੁੜ ਬੈਠੇ ਹੋ।
ਇਹੀ ਤਾਂ ਸਤਿਜੁਗ ਹੈ, ਨਵਾਂ ਸਾਲ 2021 ਤੁਹਾਡੀਆਂ ਸਫਲਤਾਵਾਂ ਲੈ ਕੇ ਆਇਆ ਹੈ। ਗੁਰੂ ਮਿਹਰ ਕਰਨ ਤੁਸੀਂ ਆਪਣੇ ਹੱਕ ਲੈ ਕੇ ਆਪਣੇ ਘਰਾਂ ਨੂੰ ਪਰਤੋ ਅਤੇ ਸੁਖੀ ਵੱਸੋ, ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਛਕੋ, ਸਰਬੱਤ ਦਾ ਭਲਾ ਮੰਗੋ। ਸਾਲ 2021 ਤੁਹਾਡੇ ਨਾਮ!
ਨਵਾਂ ਸਾਲ ਆਇਆ ਏ,
ਨਵਾਂ ਸਾਲ ਆਇਆ ਏ।
ਚਾਵਾਂ ਅਤੇ ਖੁਸ਼ੀਆਂ ਨੂੰ
ਨਾਲ ਹੀ ਲਿਆਇਆ ਏ।
ਦੇਵਾਂ ਮੈਂ ਵਧਾਈਆਂ ਅੱਜ
ਸਾਰੇ ਸੰਸਾਰ ਨੂੰ,
ਲੁਟੇ ਨਾ ਕੋਈ ਦਾਤਾ
ਤੇਰੀ ਖਿੜੀ ਗੁਲਜ਼ਾਰ ਨੂੰ।
ਤੇਰਾ ਸੋਹਣਾ ਬਾਗ ਹੈ
ਤੂੰ ਆਪ ਇਹਨੂੰ ਲਾਇਆ ਏ।
ਬਣਿਆ ਰਹੇ ਮੇਰਾ ਵਿਸਵਾਸ਼
ਸਦਾ ਸਦਾ ਤੇਰੇ `ਤੇ,
ਹੱਥ ਰੱਖੀ ਆਪਣਾ
ਤੂੰ ਦਾਤਾ ਸਦਾ ਮੇਰੇ `ਤੇ।
ਸੁਖੀ ਏਹ ਜਹਾਨ ਵੱਸੇ
ਸਦਾ ਹੀ ਮੈਂ ਚਾਹਿਆ ਏ।
ਮਹਾਮਾਰੀ ਮੁੱਕੇ ਵੱਸੇ
ਸੁਖਾਂ `ਚ ਜਹਾਨ ਇਹ,
ਦੇ ਦਿਓ ਮਨੁੱਖਤਾ ਨੂੰ
ਪ੍ਰਭੂ ਵਰਦਾਨ ਇਹ।
ਪਉਣ, ਪਾਣੀ, ਧਰਤੀ
ਆਕਾਸ਼ ਤੇਰਾ ਸਾਇਆ ਏ।
ਮੋਦੀ ਸਰਕਾਰ ਦੇ
ਮੁੱਕ ਜਾਣ ਜਨੂੰਨ ਵੀ,
ਸਾਰੇ ਹੀ ਮੁਕਾ ਦੇਹ
ਕਾਲੇ ਬਣੇ ਜੋ ਕਾਨੂੰਨ ਵੀ।
ਜਾਂਦਾ ਏ ਸਮਝ ਉਹ
ਜਿਹਨੂੰ ਤੂੰ ਸਮਝਾਇਆ ਏ।
ਸੜਕਾਂ `ਤੇ ਕਦੀ ਵੀ
ਰੁਲਣ ਕਿਰਸਾਨ ਨਾ,
ਅੰਨਦਾਤੇ ਦਾ ਕੋਈ
ਮੋਦੀ ਕਰੇ ਅਪਮਾਨ ਨਾ।
ਹੱਕ ਲੈਣਾ ਆਪਣਾ
ਇਹ ਤੂੰ ਹੀ ਫੁਰਮਾਇਆ ਏ।
ਮੁੱਕ ਜਾਏ ਧਰਮ ਉਤੋਂ
ਬਾਦਲਾਂ ਦਾ ਰਾਜ ਵੀ,
ਮੁੱਕ ਜਾਣ ਗੈਂਗ ਸਾਰੇ
ਵੱਸੇ ਸੁਖਾਂ `ਚ ਸਮਾਜ ਵੀ।
ਬੇਈਮਾਨਾਂ ਨੇ ਭੜਥੂ
ਗਰੀਬਾਂ ਵਿਚ ਪਾਇਆ ਏ।
ਸਾਹਿਤਕਾਰ ਸਾਹਿਤ ਦਾ,
ਕਰਨ ਅਪਮਾਨ ਨਾ,
ਕਦੀ ਵੀ ਕਸ਼ੀਦੇ ਇਹ
ਸਰਕਾਰਾਂ ਦੇ ਗਾਉਣ ਨਾ।
ਧੰਨ ਉਹ ਲਿਖਾਰੀ
ਜਿਨ੍ਹਾਂ ਸੱਚ ਅਪਨਾਇਆ ਏ।
ਹੋਵੇ ਕਿਸੇ ਔਰਤ ਦਾ
ਪਤੀ ਬੇ-ਈਮਾਨ ਨਾ,
ਹੋਵੇ ਕਦੀ ਮਾਪਿਆਂ ਦੀ
ਭੈੜੀ ਸੰਤਾਨ ਨਾ।
ਪੁਛੋ ਜ਼ਰਾ ਜਾ ਕੇ ਦੁੱਖ
ਜਿਨ੍ਹਾਂ ਇਹ ਹੰਢਾਇਆ ਏ।
ਕਦੀ ਪਈ ਲਿਖਾਂ ਅਤੇ
ਕਦੀ ਗਾਵਾਂ ਤੇਰੇ ਗੀਤ ਮੈਂ,
ਤੇਰੀ ਮਿਹਰ ਨਾਲ
ਬਣੀ ਰਵ੍ਹਾਂ ‘ਸੁਰਜੀਤ’ ਮੈਂ।
ਤੇਰੇ ਦਰ ਬਿਨਾ ਕਿਤੇ
ਸਿਰ ਨਾ ਝੁਕਾਇਆ ਏ।