ਉਮੀਦ ਹੈ ਆਉਂਦਾ ਵਰ੍ਹਾ ਨਾਇਨਸਾਫੀਆਂ ਨੂੰ ਧੱਕਣ ਦਾ ਵਰ੍ਹਾ ਹੋਵੇ

ਬਲਤੇਜ
ਫੋਨ: 91-98550-22508
ਲੰਘਿਆ ਸਾਲ 2020 ਬੇਇਨਸਾਫੀਆਂ ਦਾ ਸਾਲ ਰਿਹਾ ਹੈ। ਪਿਛਲੇ ਸਾਲ ਇਨ੍ਹਾਂ ਹੀ ਦਿਨਾਂ ਵਿਚ ਠੰਢੀਆਂ ਸੜਕਾਂ `ਤੇ ਬੈਠੀਆਂ ਸ਼ਾਹੀਨ ਬਾਗ ਦੀਆਂ ਬੀਬੀਆਂ ਨੇ ਨਵੇਂ ਸਾਲ ਦਾ ਆਗਾਜ਼ ਕੀਤਾ ਸੀ। ਸ਼ਾਹੀਨ ਬਾਗ ਆਵਦੇ ਅੰਤਲੇ ਦਿਨਾਂ ਤੱਕ ਪਹੁੰਚਦਿਆਂ ‘ਲਿਬਰਲ ਲਾਣੇ’ ਦੇ ਹੱਥੀਂ ਚੜ੍ਹਨ ਕਰਕੇ ਆਵਦੀ ਸ਼ੁਰੂਆਤੀ ਤਾਕਤ ਅਤੇ ਭਾਵਨਾ, ਜੋ ਜਾਮੀਆ ਮਿਲੀਆ ਇਸਲਾਮੀਆ ਦੇ ਵਿਦਿਆਰਥੀਆਂ ਨੇ ਇਸ ਦੀ ਸ਼ੁਰੂਆਤ ਕਰਨ ਵੇਲੇ ਫੂਕੀ ਸੀ, ਉਹ ਗਵਾ ਚੁਕਾ ਸੀ।

ਬਹੁਗਿਣਤੀ ਪ੍ਰਦਰਸ਼ਕਾਂ ਨੂੰ ਸ਼ਾਂਤੀ ਦਾ ਰੱਟਾ ਇਸ ਕਦਰ ਲਵਾਇਆ ਜਾ ਚੁਕਾ ਸੀ ਕਿ ਜਦੋਂ 23 ਫਰਵਰੀ ਨੂੰ ਭਾਜਪਾ ਨੇ ਦੰਗੇ ਕਰਵਾਏ ਤਾਂ ਆਪਣੇ ਪਰਿਵਾਰ ਨੂੰ ਬਚਾਉਣ ਵਾਲੇ ਅਤੇ ਆਤਮ ਰੱਖਿਆ ਕਰਨ ਲਈ ਬੰਦੂਕ ਦਿਖਾਉਣ ਵਾਲੇ ਸ਼ਾਹਰੁਖ ਪਠਾਣ ਲਈ ਬਹੁਗਿਣਤੀ ਮੁਸਲਮਾਨ ਅਤੇ ਪੂਰਾ ਲਿਬਰਲ ਲਾਣਾ ਮੂੰਹ ਸਿਓਂ ਕੇ ਬਹਿ ਗਿਆ; ਜਦੋਂ ਕਿ ਸ਼ਾਹੀਨ ਬਾਗ ਆ ਕੇ ਮੁਸਲਮਾਨਾਂ `ਤੇ ਗੋਲੀਆਂ ਚਲਾਉਣ ਵਾਲਿਆਂ ਨੂੰ ਬਹੁ-ਗਿਣਤੀ ਭਾਰਤ ਵਾਸੀਆਂ ਨੇ ਆਪਣਾ ਨਾਇਕ ਮੰਨ ਲਿਆ।
ਹਿੰਦੂਵਾਦੀਆਂ ਤੋਂ ਸੜਕਾਂ ਉੱਤੇ ਮੁਸਲਮਾਨਾਂ ਨੂੰ ਜਾਨੀ-ਮਾਲੀ ਨੁਕਸਾਨ ਪਹੁੰਚਵਾਉਣ ਤੋਂ ਬਾਅਦ ਮੁਸਲਮਾਨਾਂ ਦੀ ‘ਕਾਨੂੰਨੀ ਬੁਰਛਾਗਰਦੀ’ ਸ਼ੁਰੂ ਹੋਈ। ਗ੍ਰਿਫਤਾਰੀਆਂ ਦਾ ਦੌਰ ਚੱਲਿਆ, ਲਗਭਗ 15 ਪ੍ਰਦਰਸ਼ਨਕਾਰੀਆਂ ਦੀ, ਜਿਸ ਵਿਚ ਬਹੁਗਿਣਤੀ ਵਿਦਿਆਰਥੀ ਹਨ, ਵਰਗੇ ਖਤਰਨਾਕ ਕਾਨੂੰਨ ਅਧੀਨ ਗ੍ਰਿਫਤਾਰੀ ਹੋਈ। ਸਰਕਾਰ ਸ਼ਾਹੀਨ ਬਾਗ ਨੂੰ ਸੜਕ ਤੋਂ ਲੈ ਕੇ ਅਦਾਲਤ ਤੱਕ ਕਾਬੂ ਕਰ ਚੁਕੀ ਸੀ। ਇਹ ਸਰਕਾਰ ਦਾ ਇੱਕ ਸਫਲ ਪ੍ਰਯੋਗ ਸੀ, ਜਿਸ ਵਿਚ ਪਹਿਲਾਂ ਆਪ ਦੰਗੇ ਕਰਵਾ ਕੇ ਮੁਸਲਮਾਨਾਂ ਦਾ ਨੁਕਸਾਨ ਕੀਤਾ ਗਿਆ ਅਤੇ ਬਾਅਦ ਵਿਚ ਜਿਨ੍ਹਾਂ ਨੇ ਦੰਗਿਆਂ ਦੇ ਵਿਚ ਮੁਕਾਬਲਾ ਕੀਤਾ, ਉਨ੍ਹਾਂ ਮੁਸਲਮਾਨਾਂ ਨੂੰ ਹੀ ਦੰਗਿਆਂ ਦਾ ਦੋਸ਼ੀ ਦੱਸਿਆ ਗਿਆ। ਉਂਜ ਸਰਕਾਰ ਦੇ ਇਸ ਪ੍ਰਯੋਗ ਨੇ ਘੱਟਗਿਣਤੀਆਂ ਨੂੰ ਸਮਝਾ ਦਿੱਤਾ ਕਿ ਸ਼ਾਂਤੀ ਦਾ ਪਾਠ ਜਾਂ ‘ਇੰਡੀਆ ਮਾਈ ਵੈਲੇਨਟਾਈਨ (ਭਾਰਤ ਮੇਰਾ ਪਿਆਰ)’ ਇਸ ਹਕੂਮਤ ਨੂੰ ਕਦੇ ਨਹੀਂ ਪਿਘਲਾ ਸਕਣਗੇ। ਸਗੋਂ ਇਨ੍ਹਾਂ ਭੂਤਰੇ ਸਾਨ੍ਹਾਂ ਨੂੰ ਤਾਂ ਦੂਣੇ ਹੋ ਕੇ ਹੀ ਟੱਕਰਿਆ ਜਾ ਸਕਦਾ ਹੈ।
ਖੈਰ, ਉਸ ਤੋਂ ਬਾਅਦ ਸੰਸਾਰ ਭਰ ਵਿਚ ਫੈਲੀ ਕਰੋਨਾ ਮਹਾਮਾਰੀ ਨੂੰ ਜਿੱਥੇ ਦੁਨੀਆਂ ਭਰ ਦੇ ਸੱਜੇਪੱਖੀਆਂ ਨੇ ਵਰਤਿਆ, ਮਾਰਚ ਵਿਚ ਇਹ ਭਾਰਤੀ ਹਾਕਮਾਂ ਦੇ ਵੀ ਸੂਤ ਆ ਗਈ। ਲੌਕਡਾਊਨ ਨੇ ਸਰਕਾਰ ਦਾ ਸ਼ਾਹੀਨ ਬਾਗ ਤੋਂ ਖਹਿੜਾ ਛੁਡਵਾ ਦਿੱਤਾ। ‘ਮੇਰੇ ਪਿਆਰੇ ਭਾਰਤ’ ਵਰਗੇ ਨਾਅਰਿਆਂ `ਤੇ ਵੀ ਕੂਚੀ ਫੇਰ ਦਿੱਤੀ ਗਈ।
ਪਰ ਇਸ ਲੌਕਡਾਊਨ ਨੇ ਇੱਥੋਂ ਦੇ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ। ਗੁਰਬਤ ਦੀ ਜ਼ਿੰਦਗੀ ਜਿਉਂਦੇ ਮਨੁੱਖ ਉਸੇ ਗੁਰਬਤ ਭਰੇ ਸਮੇਂ ਨੂੰ ਤਰਸਣ ਲੱਗੇ। ਲੁਧਿਆਣੇ ਤੋਂ ਯੂ. ਪੀ., ਬਿਹਾਰ ਦੀ ਵਾਟ ਕਦਮਾਂ ਨਾਲ ਮਾਪੀ ਗਈ। ਭਾਰਤ ਦੇ ਮੀਡੀਆ ਦੀ ਦੁਰਦਸ਼ਾ ਇਹ ਰਹੀ ਕਿ ਗੁਰੂਗ੍ਰਾਮ ਤੋਂ ਬਿਹਾਰ ਤੱਕ ਆਵਦੇ ਬਿਮਾਰ ਪਿਓ ਨੂੰ ਢੋਣ ਵਾਲੀ ਜੋਤੀ ਕੁਮਾਰੀ ਦੀ ਤ੍ਰਾਸਦੀ ਨੂੰ ਪੂਰਾ ਭਾਰਤ ਮਾਣ ਨਾਲ ‘ਸਾਈਕਲ ਗਰਲ’ ਦੀ ਸਟੋਰੀ ਸੁਣ ਰਿਹਾ ਸੀ। ਇੰਜ ਇਹ ਲੌਕਡਾਊਨ ‘ਆਪਦਾ ਸੇ ਅਵਸਰ’ ਭਾਲਦਾ ਪਤਾ ਨਹੀਂ ਕਦੋਂ ਤੇ ਕਿਵੇਂ ਰੁਲ-ਖੁਲ ਗਿਆ।
ਕਸ਼ਮੀਰ ਮੀਡੀਆ ਲਈ ਅਤੇ ਕਸ਼ਮੀਰ ਲਈ ਮੀਡੀਆ ਲਗਭਗ ਗਾਇਬ ਰਿਹਾ, ਕਿਉਂਕਿ ਉੱਥੇ ਪੂਰਾ ਸਾਲ ਧਾਰਾ 370 ਦੇ ਵਿਰੋਧ ਦੇ ਚੱਲਦਿਆਂ ਇੰਟਰਨੈਟ ਸੇਵਾਵਾਂ ਬੰਦ ਜਾਂ ਮੱਧਮ ਹੀ ਰਹੀਆਂ।
‘ਆਪਦਾ ਸੇ ਅਵਸਰ ਖੋਜਤੇ’ ਭਾਰਤ ਦੇ ਹਿੰਦੂਤਵੀਆਂ-ਕਾਰਪੋਰੇਟਾਂ ਦੇ ਗਠਜੋੜ ਨੇ ਕਿਰਤ ਕਾਨੂੰਨਾਂ ਅਤੇ ਖੇਤੀਬਾੜੀ ਕਾਨੂੰਨਾਂ ਵਿਚ ‘ਸੋਧਾਂ’ ਕਰ ਦਿੱਤੀਆਂ। ਉਂਜ, ਸੋਧਾਂ ਦਾ ਅਰਥ ਠੀਕ ਕਰਨਾ ਹੁੰਦਾ ਹੈ, ਪਰ ਨਵ-ਉਦਾਰਵਾਦੀ ਦੌਰ ਤੋਂ ਬਾਅਦ ਕਾਨੂੰਨ ਵਿਚ ਸੋਧਾਂ ਦਾ ਮਤਲਬ ਲੋਕ ਵਿਗਾੜ ਸਮਝਿਆ ਕਰਨ, ਕਿਉਂਕਿ ਇਹ ਸੋਧਾਂ ਦਰਅਸਲ ਦੁਨੀਆਂ ਭਰ ਦੇ ਸਰਮਾਏਦਾਰਾਂ-ਕਾਰਪੋਰੇਟਾਂ ਲਈ ਹੁੰਦੀਆਂ ਹਨ।
ਭਾਰਤ ਵਿਚ ਪਹਿਲਾਂ ਤੋਂ ਹੀ ਬਹੁ-ਗਿਣਤੀ ਮਜ਼ਦੂਰ ਗੈਰ-ਜਥੇਬੰਦਕ ਖੇਤਰਾਂ ਵਿਚ ਲੱਗੇ ਹੋਏ ਹਨ ਅਤੇ 12-12 ਘੰਟੇ ਕੰਮ ਕਰਦੇ ਹਨ। ਇਨ੍ਹਾਂ ਖੇਤਰਾਂ ਵਿਚ ਜੋ ਕੰਮ ਪਹਿਲਾਂ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਸਨ। ਨਵੀਆਂ ‘ਸੋਧਾਂ’ ਨੇ ਇਹ ਸਭ ਕਾਨੂੰਨ ਦੇ ਦਾਇਰੇ ਵਿਚ ਕਰ ਦਿੱਤੇ ਹਨ। ਇਨ੍ਹਾਂ ‘ਸੋਧਾਂ’ ਉਤੇ ਵਿਰੋਧ ਵੱਡੇ ਪੱਧਰ `ਤੇ ਨਹੀਂ ਹੋਇਆ।
ਪਰ ਖੇਤੀਬਾੜੀ ਕਾਨੂੰਨਾਂ ਵਿਚ ਹੋਈਆਂ ‘ਸੋਧਾਂ’ ਅੱਜ ਦੇ ਸਮੇਂ ਮੋਦੀ ਸਰਕਾਰ ਦੇ ਗਲੇ ਦੀ ਹੱਡੀ ਬਣ ਗਈਆਂ ਹਨ। ਇਨ੍ਹਾਂ ਖਿਲਾਫ ਵੱਡੀ ਗਿਣਤੀ ਵਿਚ ਪੰਜਾਬ ਅਤੇ ਹਰਿਆਣਾ ਦਿੱਲੀ ਦੀਆਂ ਬਰੂਹਾਂ `ਤੇ ਬੈਠਾ ਹੈ। ਦੂਜੇ ਦੇਸ਼ਾਂ ਵਿਚ ਬੈਠੇ ਪੰਜਾਬ ਦੇ ਲੋਕ ਇਸ ਅੰਦੋਲਨ ਦੀ ਡਟਵੀਂ ਹਮਾਇਤ ਕਰ ਰਹੇ ਹਨ। ਇਹ ਕਹਿਣਾ ਅਤਿਕਥਨੀ ਨਹੀਂ ਹੈ ਕਿ ਇਸ ਅੰਦੋਲਨ ਨੂੰ ਦਿੱਲੀ ਆਉਣ ਦੀ ਦਿਸ਼ਾ ਹਰਿਆਣੇ ਦੀਆਂ ਜਥੇਬੰਦੀਆਂ ਨੇ ਬੈਰੀਕੇਡ ਤੋੜ ਕੇ ਦਿੱਤੀ ਹੈ ਅਤੇ ਉਸ ਦਿਸ਼ਾ ਵਿਚ ਪੰਜਾਬ ਦੇ ਲੋਕਾਂ ਤੇ ਜਥੇਬੰਦੀਆਂ ਨੇ ਆਪਣੀ ਜਿੰਦਜਾਨ ਲਾ ਕੇ ਮੋਰਚਾ ਗੱਡ ਦਿੱਤਾ। ਪੰਜਾਬ ਅਤੇ ਹਰਿਆਣੇ ਦੇ ਲੋਕ ਹਿੰਦੂਤਵੀਆਂ-ਕਾਰਪੋਰੇਟਾਂ ਦੇ ਗਠਜੋੜ ਨੂੰ ਦੂਣੇ ਹੋ ਕੇ ਟੱਕਰੇ ਨੇ। ਸਤੰਬਰ ਵਿਚ ਹੀ ਇਸ ਬਿਲ ਦਾ ਵਿਰੋਧ ਜਥੇਬੰਦੀਆਂ ਵੱਲੋਂ ਕੀਤਾ ਜਾਣ ਲੱਗ ਗਿਆ ਸੀ। ਉਸ ਤੋਂ ਬਾਅਦ ਇਹ ਕਿਸਾਨ ਅੰਦੋਲਨ ਪੰਜਾਬ ਅਤੇ ਹਰਿਆਣਾ ਵਿਚ ਲੋਕ ਅੰਦੋਲਨ ਬਣ ਗਿਆ ਅਤੇ ਹੁਣ ਇਹ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਫੈਲ ਰਿਹਾ ਹੈ। ਇਸ ਮੋਰਚੇ ਦੀ ਖਾਸੀਅਤ ਇਹ ਰਹੀ ਹੈ ਕਿ ਇਸ ਵਿਚ ਲਿਬਰਲ ਲਾਣਾ ਅਤੇ ਰਾਸ਼ਟਰਵਾਦੀ ਚਾਹ ਕੇ ਵੀ ਹੁਣ ਤੱਕ ਦਖਲਅੰਦਾਜ਼ੀ ਵੱਡੇ ਪੱਧਰ `ਤੇ ਨਹੀਂ ਕਰ ਸਕੇ। ਇਹਦਾ ਇੱਕ ਵੱਡਾ ਕਾਰਨ ਇਹ ਹੈ ਕਿ ਪੰਜਾਬ ਦੀ ਆਪਣੀ ਕੌਮੀ ਪਛਾਣ ਭਾਰਤ ਨਾਲੋਂ ਜਿ਼ਆਦਾ ਗੂੜ੍ਹੀ ਹੈ। ਜਿਸ ਦਿਨ ਇਹ ਮੋਰਚਾ ਦਿੱਲੀ ਪਹੁੰਚਿਆ ਸੀ, ਉਸੇ ਦਿਨ ਹੀ ਭਾਰਤ ਦੇ ਹਰ ਧਰਨੇ ਦੀ ‘ਅਗਵਾਈ’ ਦਾ ਵਹਿਮ ਪਾਲਣ ਵਾਲੇ ਕੁਝ ਲੀਡਰ ਪਹੁੰਚੇ ਅਤੇ ਲੋਕਾਂ ਨੂੰ ਬੁਰਾੜੀ ਮੈਦਾਨ ਜਾਣ ਲਈ ਸਮਝਾਉਣ ਲੱਗੇ, ਪਰ ਪੰਜਾਬ ਦੀਆਂ ਜਥੇਬੰਦੀਆਂ ਅਤੇ ਲੋਕਾਂ ਦੇ ਏਕੇ ਦੀ ਬਦੌਲਤ ਇਹ ਮੋਰਚਾ ਨਾ ਕਿਸੇ ਮੈਦਾਨ ਵਿਚ ਗਿਆ, ਨਾ ਕਿਸੇ ‘ਰਾਸ਼ਟਰਵਾਦੀ’ ਦੇ ਹੱਥ ਵਿਚ।
ਸਰਕਾਰ ਲਈ ਇਹ ਮੋਰਚਾ ਇੰਨੀ ਸਿਰਦਰਦੀ ਨਹੀਂ ਹੈ, ਜਿੰਨੀ ਇਸ ਰਾਹੀਂ ਫੈਲ ਰਹੀ ਸਿਆਸਤ ਅਤੇ ਭਾਵਨਾ ਹੈ। ਇਸ ਮੋਰਚੇ ਦੀ ਸਿਆਸਤ ਹੁਣ ਤੱਕ ਥੋਪੀ ਜਾ ਰਹੀ ਜਾਅਲੀ ਭਾਰਤੀ ਰਾਸ਼ਟਰਵਾਦੀ ਪਛਾਣ ਨੂੰ ਇੱਕ ਪਛਾੜ ਲਾ ਰਹੀ ਹੈ ਅਤੇ ਇਹ ਮੋਰਚੇ ਦੀ ਭਾਵਨਾ ਕਿਸੇ ਵਿਚਾਰਗੀ ਜਾਂ ਕੁਝ ਮੰਗਣ ਦੀ ਭਾਵਨਾ ਨਹੀਂ, ਸਗੋਂ ਚੜ੍ਹਦੀ ਕਲਾ ਅਤੇ ਹੱਕ ਖੋਹਣ ਦੀ ਹੈ। ਇਸੇ ਲਈ ਮੋਰਚੇ `ਤੇ ਪਹੁੰਚ ਕੇ ਕਈਆਂ ਨੂੰ ਇਹ ਮੇਲਾ ਵੀ ਲੱਗਣ ਲੱਗਦਾ ਹੈ, ਜਿਸ ਵਿਚ ਵਰ੍ਹਿਆਂ ਤੋਂ ਆਪਸ ‘ਚ ਲੜਦੇ ਆ ਰਹੇ ਮਿਲ ਰਹੇ ਹਨ; ਵੱਖ ਵੱਖ ਸੱਭਿਆਚਾਰ, ਖਿੱਤਿਆਂ ਦੇ ਲੋਕ ਮਿਲ ਰਹੇ ਹਨ ਅਤੇ ਇੱਕ ਸਾਂਝ ਜਨਮ ਲੈ ਰਹੀ ਹੈ।
ਹੁਣ ਵੀ ਇਹ ਮੋਰਚਾ ਆਪਣੀ ਚੜ੍ਹਦੀ ਕਲਾ ਦੇ ਜਲੌਅ ਵਿਚ ਹੈ। ਲੋਕਾਂ ਦਾ ਹੜ੍ਹ ਲਗਾਤਾਰ ਦਿੱਲੀ ਸਰਹੱਦ ਵੱਲ ਨੂੰ ਵਗ ਰਿਹਾ ਹੈ। ਇਸ ਮੋਰਚੇ ਦਾ ਭਵਿੱਖ ਕੀ ਹੋਵੇਗਾ, ਇਹ ਸਮਾਂ ਦੱਸੇਗਾ, ਪਰ ਇਸ ਨੇ ਪੰਜਾਬ ਦੀ ਸਿਆਸੀ ਚੇਤਨਾ ਨੂੰ ਬਹੁਤ ਉੱਪਰ ਲੈ ਜਾਣਾ ਹੈ। ਉਮੀਦ ਹੈ, ਨਵਾਂ ਵਰ੍ਹਾ ਇਨ੍ਹਾਂ ਬੇਇਨਸਾਫੀਆਂ ਨੂੰ ਧੱਕਣ ਦਾ ਵਰ੍ਹਾ ਬਣੇ।