ਜਦੋਂ ਕੁਲਵਰਨ ਸਿੰਘ ਹੁੰਦਲ ਨੇ ਨਿਊ ਯਾਰਕ ਵਿਚ ਰੇਲ ਗੱਡੀ ਰੋਕੀ

ਅਣਖੀਲੇ ਪੰਜਾਬੀਆਂ ਦੀ ਨਿਰਭੈਅਤਾ ਦੇ ਕਿੱਸੇ
ਅਵਤਾਰ ਸਿੰਘ ਆਦਮਪੁਰੀ
ਆਪਾਂ ਪੰਜਾ ਸਾਹਿਬ ਦੇ ਰੇਲ ਗੱਡੀ ਰੋਕਣ ਵਾਲੇ ਸ਼ਹੀਦਾਂ ਨੂੰ ਜਦੋਂ ਯਾਦ ਕਰਦੇ ਹਾਂ ਤਾਂ ਅਚੰਭਿਤ ਹੁੰਦੇ ਹਾਂ, ਉਨ੍ਹਾਂ ਦੇ ਪਹਾੜ ਜਿੱਡੇ ਹੌਸਲਿਆਂ ਬਾਰੇ ਸੋਚ ਕੇ। ਹੁਣ ਫਿਰ ਪੰਜਾਬ ਵਿਚ ਕਿਸਾਨ-ਵਿਰੋਧੀ ਸਰਕਾਰੀ ਕਾਨੂੰਨਾਂ ਦੇ ਖਿਲਾਫ ਪੰਜਾਬੀਆਂ ਵਲੋਂ ਮੋਰਚੇ ਲੱਗੇ ਹੋਏ ਹਨ, ਜਿਸ ਤਹਿਤ ਰੇਲਾਂ ਰੋਕੀਆਂ ਜਾ ਰਹੀਆਂ ਹਨ ਤਾਂ ਅੱਜ ਮੇਰਾ ਧਿਆਨ ਸ. ਕੁਲਵਰਨ ਸਿੰਘ ਹੁੰਦਲ ਵੱਲ ਖਿੱਚਿਆ ਗਿਆ।

ਸੰਨ 1985-1986 ਦੀ ਗੱਲ ਹੈ, ਉਦੋਂ ਮੈਂ ਵੀ ਨਿਊ ਯਾਰਕ ਰਹਿੰਦਾ ਸਾਂ। ਸ. ਕੁਲਵਰਨ ਸਿੰਘ ਅਤੇ ਉਨ੍ਹਾਂ ਦਾ ਇੱਕ ਮੁਸਲਮਾਨ ਪਾਕਿਸਤਾਨੀ ਦੋਸਤ ਇੱਕਠੇ ਕੰਮ ਕਰਦੇ ਸੀ। ਇੱਕ ਦਿਨ ਕੰਮ ਤੋਂ ਹਟਣ ਪਿਛੋਂ ਰੇਲਵੇ ਸਟੇਸ਼ਨ `ਤੇ ਗੱਡੀ ਚੜ੍ਹਨ ਲਈ ਇੰਤਜ਼ਾਰ ਕਰ ਰਹੇ ਸਨ ਤਾਂ ਸਿੰਘਾਂ ਦੀ ਗੱਡੀ ਰੋਕਣ ਦੀ ਗੱਲ ਕਰਨ ਲੱਗ ਪਏ। ਉਹਦਾ ਉਹ ਦੋਸਤ ਕਹਿਣ ਲੱਗਾ ਕਿ ਤੁਸੀਂ ਸਿੰਘ ਹੁਣ ਪਹਿਲਾਂ ਵਰਗੇ ਨਹੀਂ ਰਹੇ, ਉਨ੍ਹਾਂ ਪਹਿਲੇ ਸਿੰਘ ਸਿੰਘਣੀਆਂ ਵਿਚ ਜੋ ਸਿੱਖੀ ਸਪਿਰਿਟ, ਜਜ਼ਬਾ ਸੀ, ਉਹ ਹੁਣ ਕਿੱਥੇ ਆ? ਗੱਲਬਾਤ ਦੌਰਾਨ ਉਹਦਾ ਇਸ਼ਾਰਾ 1984 ਦੇ ਦਰਬਾਰ ਸਾਹਿਬ, ਅੰਮ੍ਰਿਤਸਰ ਤੇ ਹੋਰ ਗੁਰਦੁਆਰਿਆਂ ਵਿਚ ਅਤੇ ਭਾਰਤ ਅੰਦਰ ਸਰਕਾਰ ਵਲੋਂ ਕੀਤੇ ਜਾ ਰਹੇ ਕਤਲੇਆਮ ਵੱਲ ਵੀ ਸੀ। ਇਹ ਸੁਣ ਕੇ ਕੁਲਵਰਨ ਸਿੰਘ ਕਹਿਣ ਲੱਗਾ ਕਿ ਸਾਡੇ ਵਿਚ ਉਹੀ ਸਪਿਰਿਟ, ਜਜ਼ਬਾ ਅੱਜ ਵੀ ਬਿਲਕੁਲ ਬਰਕਰਾਰ ਹੈ।
ਫਿਰ ਉਹ ਮੁਸਲਮਾਨ ਭਰਾ ਕਹਿਣ ਲੱਗਾ ਕਿ ਜੇ ਇਹ ਗੱਲ ਹੈ ਤਾਂ ਤੂੰ ਹੁਣ ਗੱਡੀ ਰੋਕ ਕੇ ਦਿਖਾ ਦੇਹ। ਇਹ ਸੁਣ ਕੇ ਕੁਲਵਰਨ ਸਿੰਘ “ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ” ਕਹਿ ਕੇ ਰੇਲਵੇ ਲਾਈਨ `ਤੇ ਜਾ ਖੜ੍ਹਾ ਹੋਇਆ, ਓਧਰੋਂ ਗੱਡੀ ਹੌਰਨ ਮਾਰਦੀ ਆ ਰਹੀ ਸੀ। ਡਰਾਈਵਰ ਨੇ ਪੂਰੇ ਜ਼ੋਰ ਨਾਲ ਬਰੇਕਾਂ ਲਾਈਆਂ, ਗਰੜ ਗਰੜ ਕਰਦੇ ਗੱਡੀ ਦੇ ਪਹੀਆਂ ਦੀਆਂ ਚੀਕਾਂ ਤੇ ਧੂਆਂ ਨਿਕਲ ਗਿਆ ਅਤੇ ਗੱਡੀ ਸਿੰਘ ਤੋਂ ਦੋ ਕੁ ਫੁੱਟ ਦੀ ਦੂਰੀ `ਤੇ ਰੁਕ ਗਈ। ਪੁਲਿਸ ਤੇ ਐਂਬੂਲੈਂਸਾਂ ਪਹੁੰਚ ਗਈਆਂ। ਰੌਲਾ ਪੈ ਗਿਆ ਕਿ ਕੋਈ ਆਤਮ-ਹੱਤਿਆ ਕਰਨ ਲੱਗਾ ਸੀ। ਪੁੱਛਗਿੱਛ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਆਤਮ-ਹੱਤਿਆ ਨਹੀਂ ਕਰਦਾ, ਸਿੱਖ ਧਰਮ ਵਿਚ ਇਹ ਗੁਨਾਹ ਹੈ। ਮੈਂ ਤਾਂ ਆਪਣੇ ਸਿੱਖੀ ਇਤਿਹਾਸ ਦੀ ਅਤੇ ਪੰਜਾਬੀਆਂ ਦੀ ਅਣਖ ਤੇ ਨਿਡਰਤਾ ਦੀ ਗਵਾਹੀ ਦਿੱਤੀ ਹੈ। ਕਿਸੇ ਨੇ ਮੈਨੂੰ ਵੰਗਾਰਿਆ ਸੀ ਤੇ ਮੈਂ ਉਹਨੂੰ ਸਬੂਤ ਦੇਣਾ ਜ਼ਰੂਰੀ ਸਮਝਿਆ। ਜਿਉਂਦੀਆਂ ਕੌਮਾਂ ਨੂੰ ਕੋਈ ਮਿਹਣਾ ਮਾਰ ਜਾਵੇ ਤਾਂ ਉਹ ਜਵਾਬ ਨਾ ਦੇਣ ਤਾਂ ਸਮਝੋ ਜ਼ਮੀਰ ਮਰ ਚੁਕੀ ਹੈ।
ਪੁਲਿਸ ਤੇ ਐਂਬੂਲੈਂਸ ਵਾਲੇ ਹੈਰਾਨ ਸਨ ਕਿ ਇਹ ਕਿਹੋ ਜਿਹਾ ਬੰਦਾ ਹੈ, ਜੋ ਕਿਸੇ ਦੇ ਮਿਹਣੇ ਕਰ ਕੇ ਆਪਣੇ ਆਪ ਨੂੰ ਮਾਰਨ ਲਈ ਤਿਆਰ ਹੋ ਗਿਆ। ਖੈਰ! ਉਨ੍ਹਾਂ ਨੇ ਆਪਣੀ ਕਾਰਵਾਈ ਕੀਤੀ ਅਤੇ ਛੱਡ ਦਿੱਤਾ। ਇਹ ਖਬਰ ਉਦੋਂ ਪੇਪਰਾਂ ਵਿਚ ਵੀ ਛਪੀ ਸੀ (ਜੇ ਕਿਸੇ ਕੋਲ ਕਾਪੀ ਹੋਵੇ ਤਾਂ ਸਾਡੇ ਤਾਈਂ ਪਹੁੰਚਾਉਣ ਦੀ ਕਿਰਪਾਲਤਾ ਕਰਨੀ)।
ਸ. ਕੁਲਵਰਨ ਸਿੰਘ ਹੁੰਦਲ ਦਾ ਜਨਮ 15 ਅਗਸਤ 1945 ਨੂੰ ਸ. ਸੁੱਚਾ ਸਿੰਘ ਹੁੰਦਲ ਦੇ ਗ੍ਰਹਿ ਮਾਤਾ ਮਲਕੀਤ ਕੌਰ ਦੀ ਕੁੱਖੋਂ ਪਿੰਡ ਜਲਭੇਆਂ, ਜਿਲਾ ਜਲੰਧਰ ਵਿਚ ਹੋਇਆ। ਮੁੱਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਲੈ ਕੇ ਖਾਲਸਾ ਸਕੂਲ ਆਦਮਪੁਰ ਦੁਆਬਾ ਤੋਂ ਮੈਟ੍ਰਿਕ ਪਾਸ ਕਰਨ ਉਪਰੰਤ ਫੌਜ ਵਿਚ ਭਰਤੀ ਹੋ ਗਏ। ਉਹ ਇੱਕ ਆਦਰਸ਼ਕ, ਨਿਧੜਕ, ਨਿਡਰ, ਬੇਖੌਫ ਇਨਸਾਨ ਸੀ। ਫੌਜ ਵਿਚ ਸਟੇਨਗੰਨ ਚਲਾਉਣੀ, ਕੱਲੇ ਕੱਲੇ ਰੌਂਦ ਕੱਢਣੇ ਅਤੇ ਵਧੀਆ ਨਿਸ਼ਾਨਾ ਲਾਉਣ ਕਰ ਕੇ ਉਨ੍ਹਾਂ ਨੂੰ ਸਪੈਸ਼ਲ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ।
ਉਹ ਕਿਸੇ ਦੀ ਟੈਂ ਨਹੀਂ ਸੀ ਝੱਲਦੇ, ਜਿਸ ਕਾਰਨ ਉਹਦੀ ਆਪਣੇ ਵੱਡੇ ਅਫਸਰ ਨਾਲ ਬਣਦੀ ਨਹੀਂ ਸੀ; ਨਤੀਜਨ ਉਨ੍ਹਾਂ ਦਾ ਕਈ ਵਾਰ ਕੋਰਟ ਮਾਰਸ਼ਲ ਵੀ ਹੋਇਆ। ਤੰਗ ਆ ਕੇ ਦਸ ਸਾਲ ਬਾਅਦ ਹੀ ਫੌਜ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਇਸੇ ਦੌਰਾਨ ਸੰਨ 1967 ਵਿਚ ਉਨ੍ਹਾਂ ਦਾ ਅਨੰਦ ਕਾਰਜ ਬੀਬੀ ਸੁਖਵਿੰਦਰ ਕੌਰ ਸਪੁੱਤਰੀ ਸ. ਅਰਜਨ ਸਿੰਘ ਕੂਨਰ ਤੇ ਪ੍ਰੀਤਮ ਕੌਰ ਕੂਨਰ, ਪਿੰਡ ਉਦੇਸੀਆਂ, ਜਿਲਾ ਜਲੰਧਰ ਨਾਲ ਹੋਇਆ। ਫੌਜ ਦੀ ਨੌਕਰੀ ਛੱਡਣ ਤੋਂ ਬਾਅਦ ਇੱਕ ਸਾਲ ਹਾਂਗਕਾਂਗ ਰਹੇ ਤੇ ਫਿਰ ਦੁਬੱਈ ਚਲੇ ਗਏ, ਜਿੱਥੋਂ ਸਾਲ ਦੋ ਸਾਲ ਬਾਅਦ ਛੁੱਟੀ ਆਉਂਦੇ ਰਹੇ। ਕਰੀਬ ਦਸ ਸਾਲ ਬਾਅਦ ਦੁਬੱਈ ਨੂੰ ਅਲਵਿਦਾ ਕਹਿ ਕੇ 1984 ਵਿਚ ਨਿਊ ਯਾਰਕ ਆ ਗਏ।
ਇੱਥੇ ਰਹਿੰਦਿਆਂ ਇੱਕ ਦਿਨ ਸੜਕ ਪਾਰ ਕਰਦਿਆਂ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ, ਉਨ੍ਹਾਂ ਨੂੰ ਕਾਫੀ ਸੱਟਾਂ ਲੱਗੀਆਂ ਅਤੇ ਸਰੀਰ ਵਿਚ ਕਈ ਸਰੀਏ ਪਾਏ ਹੋਏ ਸਨ। ਛੇ ਮਹੀਨੇ ਹਸਪਤਾਲ ਰਹੇ, ਪਰ ਹੌਸਲਾ ਬੁਲੰਦ ਸੀ। ਯਾਰਾਂ ਦਾ ਯਾਰ, ਹਰੇਕ ਦਾ ਮਦਦਗਾਰ, ਜਿੰਨੇ ਜੋਗਾ ਵੀ ਸੀ, ਉੱਠ ਕੇ ਤੁਰ ਪੈਂਦਾ ਸੀ। ਸਮੇਂ ਦਾ ਬਹੁਤ ਪਾਬੰਦ ਸੀ, ਵੇਲਾ-ਕੁਵੇਲਾ ਨਹੀਂ ਸੀ ਦੇਖਦਾ। ਜੋ ਕੰਮ ਕਰਨਾ ਤੱਕ ਲਿਆ, ਫਿਰ ਭਾਵੇਂ ਅੱਧੀ ਰਾਤ ਹੋਵੇ, ਤੁਰ ਪੈਣਾ। ਕਦੇ ਕਿਸੇ ਦੀ ਧਿਰ ਨਹੀਂ ਸੀ ਬਣਦਾ ਭਾਵੇਂ ਜੋ ਮਰਜ਼ੀ ਨੁਕਸਾਨ ਹੋ ਜਾਵੇ; ਸੱਚ ਨਾਲ ਖੜ੍ਹਾ ਹੁੰਦਾ ਸੀ।
1995 ਵਿਚ ਅਮਰੀਕਾ ਛੱਡ ਕੇ ਪੱਕੇ ਤੌਰ `ਤੇ ਪੰਜਾਬ ਰਹਿਣ ਲੱਗ ਪਏ। ਜ਼ਿਕਰਯੋਗ ਹੈ ਕਿ ਸੰਨ 1976 ਤੋਂ ਉਨ੍ਹਾਂ ਨੇ ਆਪਣੀ ਰਿਹਾਇਸ਼ ਖੁਰਦਪੁਰ (ਆਦਮਪੁਰ) ਬਣਾ ਲਈ ਸੀ। ਭਾਵੇਂ ਪਹਿਲਾਂ ਸ਼ਰਾਬ ਪੀ ਲਿਆ ਕਰਦੇ ਸਨ, ਪਰ ਫਿਰ ਬਿਰਤੀ ਪਰਮਾਤਮਾ ਦੇ ਨਾਮ ਸਿਮਰਨ ਨਾਲ ਜੁੜ ਗਈ ਸੀ। ਸੰਨ 1995 ਵਿਚ ਅਕਾਲ ਤਖਤ ਸਾਹਿਬ, ਅੰਮ੍ਰਿਤਸਰ ਵਿਖੇ ਆਪਣੀ ਜੀਵਨ ਸਾਥਣ ਨਾਲ ਅੰਮ੍ਰਿਤ ਛਕ ਲਿਆ। ਗੁਰਬਾਣੀ ਦੇ ਨਿੱਤਨੇਮ ਦੇ ਨਾਲ ਨਾਲ ਗੁਰਧਾਮਾਂ ਦੇ ਦਰਸ਼ਨ ਅਰੰਭ ਦਿੱਤੇ। ਹਜ਼ੂਰ ਸਾਹਿਬ ਵੀ ਗਏ। ਹੇਮਕੁੰਟ ਸਾਹਿਬ ਵਿਖੇ ਉੱਪਰੋਥਲੀ ਪੰਜ ਵਾਰ ਗਏ, ਪਤਾ ਨਹੀਂ ਉਨ੍ਹਾਂ ਦੇ ਮਨ ਵਿਚ ਕਿਹੜਾ ਸਵਾਲ ਸੀ। ਇਨ੍ਹੀਂ ਦਿਨੀਂ ਉਨ੍ਹਾਂ ਨੇ ਪੱਕੇ ਤੌਰ `ਤੇ ਕਨੇਡਾ ਆ ਜਾਣਾ ਸੀ, ਸੋ ਕਹਿਣ ਲੱਗੇ, ਪਤਾ ਨਹੀਂ ਮੁੜ ਕਦੋਂ ਆ ਹੋਵੇ ਤਾਂ ਥੋੜ੍ਹੇ ਸਮੇਂ ਵਿਚ ਹੀ ਖੁਰਦਪੁਰ ਤੋਂ ਹੇਮਕੁੰਟ ਸਾਹਿਬ ਜਾਂਦੇ ਰਹੇ। ਜਿੱਥੇ ਉਹ ਇਰਾਦੇ ਦੇ ਪੱਕੇ ਸਨ, ਉਥੇ ਉਹ ਆਲਸ ਵੀ ਬਿਲਕੁਲ ਨਹੀਂ ਸੀ ਕਰਦੇ।
2001 ਦੇ ਸ਼ੁਰੂ ਵਿਚ ਉਹ ਸਰੀ (ਵੈਨਕੂਵਰ) ਆਪਣੇ ਬੇਟੇ ਪਾਸ ਪੱਕੇ ਤੌਰ `ਤੇ ਆ ਗਏ। ਪਰਮਾਤਮਾ ਵਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਥੋੜ੍ਹੀ ਹੀ ਸੀ ਤੇ ਉਹ 55 ਵਰਿਆਂ ਦੀ ਉਮਰ ਭੋਗ ਕੇ 25 ਜੂਨ 2001 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੀ ਸੁਪਤਨੀ ਸੁਖਵਿੰਦਰ ਕੌਰ ਬੇਟੇ ਹਰਜੀਤ ਸਿੰਘ ਹੁੰਦਲ ਅਤੇ ਨੂੰਹ ਮਨਿੰਦਰ ਕੌਰ ਨਾਲ ਸਰੀ, ਕੈਨੇਡਾ ਰਹਿ ਰਹੀ ਹੈ, ਜਿਨ੍ਹਾਂ ਦੇ ਅੱਗੇ ਤਿੰਨ ਲੜਕੀਆਂ ਤੇ ਇੱਕ ਲੜਕਾ ਹੈ। ਉਨ੍ਹਾਂ ਦੀ ਬੇਟੀ ਹਰਮੀਤ ਕੌਰ ਆਪਣੇ ਪਤੀ ਸਰਬਜੀਤ ਸਿੰਘ ਟਿਵਾਣਾ (ਸਾਬੀ) ਅਤੇ ਦੋ ਬੱਚਿਆਂ ਦੇ ਨਾਲ ਕੈਂਟ (ਸਿਆਟਲ) ਅਮਰੀਕਾ ਵਿਚ ਰਹਿੰਦੇ ਹਨ।
ਸ. ਕੁਲਵਰਨ ਸਿੰਘ ਹੁੰਦਲ ਨੂੰ ਯਾਦ ਕਰਦਿਆਂ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਉਹ ਇੱਕ ਲੇਖਕ ਵੀ ਸਨ। ਉਨ੍ਹਾਂ ਦੀਆਂ ਅਣਛਪੀਆਂ ਲਿਖਤਾਂ ਪਰਿਵਾਰ ਕੋਲ ਸਾਂਭੀਆਂ ਪਈਆਂ ਹਨ। ਉਨ੍ਹਾਂ ਦੇ ਸਪੁੱਤਰ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਨਿੱਜੀ ਡਾਇਰੀ ਦੇ ਪੰਨਿਆਂ ਨੂੰ ਪੜ੍ਹਦਿਆਂ ਪਤਾ ਲੱਗਦਾ ਹੈ ਕਿ ਇਨ੍ਹਾਂ ਦਾ ਪਿਛੋਕੜ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਰੋੜ ਸਿੰਘੀਏ ਮਿਸਲ ਦੇ ਬਾਬਾ ਬਘੇਲ ਸਿੰਘ ਨਾਲ ਜੁੜਦਾ ਹੈ। ਅੱਜ ਬਹੁਤ ਲੋੜ ਹੈ, ਪੰਜਾਬ ਨੂੰ ਇਸ ਤਰ੍ਹਾਂ ਦੇ ਅਣਖੀਲੇ ਨਿਰਭਉ ਪੰਜਾਬੀਆਂ ਦੀ, ਜੋ ਪੰਜਾਬ ਦਾ ਖੁੱਸਿਆ ਹੋਇਆ ਰਾਜ ਭਾਗ ਮੁੜ ਪ੍ਰਾਪਤ ਕਰਨ ਅਤੇ ਸਲੂਟ ਹੈ ਉਨ੍ਹਾਂ ਸਾਰਿਆਂ ਨੂੰ, ਜੋ ਇਸ ਵੇਲੇ ਨਿਰਸਵਾਰਥ ਸੰਘਰਸ਼ ਕਰ ਰਹੇ ਹਨ।