ਮਹਿਰੀਨ ਦੇ ਕਰੀਅਰ ਦਾ ਰੋੜਾ ਬਣਿਆ ਨਰੇਂਦਰ ਮੋਦੀ

ਪਾਕਿਸਤਾਨ ਦੀ ਸੁਪਰਮਾਡਲ ਮੁਟਿਆਰ ਮਹਿਰੀਨ ਸੱਯਦ ਨੂੰ ਇਹ ਚਿਤ-ਚੇਤਾ ਵੀ ਨਹੀਂ ਸੀ ਕਿ ਭਾਜਪਾ ਦਾ ਕੱਟੜ ਆਗੂ ਨਰੇਂਦਰ ਮੋਦੀ ਉਸ ਦੇ ਰਾਹ ਦਾ ਰੋੜਾ ਬਣ ਜਾਵੇਗਾ। 2012 ਵਿਚ ਬਣਾਈ ਫਿਲਮ ‘ਲਾਹੌਰ’ ਦੇ ਡਾਇਰੈਕਟਰ ਸੰਜੈ ਪੂਰਨ ਸਿੰਘ ਚੌਹਾਨ ਨੇ ਮਹਿਰੀਨ ਨੂੰ ਆਪਣੀ ਫਿਲਮ ਤੋਂ ਜਵਾਬ ਦੇ ਦਿੱਤਾ ਹੈ। ਇਸ ਫਿਲਮ ਜਿਸ ਦਾ ਅਜੇ ਨਾਂ ਵੀ ਨਹੀਂ ਰੱਖਿਆ ਗਿਆ, ਲਈ ਸੰਜੈ ਨੇ ਮਹਿਰੀਨ ਨੂੰ ਬੜੇ ਧੜੱਲੇ ਨਾਲ ਸਾਈਨ ਕੀਤਾ ਸੀ ਅਤੇ ਇਸ ਦੀ ਸ਼ੂਟਿੰਗ ਸਤੰਬਰ ਵਿਚ ਸ਼ੁਰੂ ਹੋਣੀ ਹੈ।
ਅਸਲ ਵਿਚ ਇਸ ਫਿਲਮ ਦੀ ਬਹੁਤੀ ਸ਼ੂਟਿੰਗ ਗੁਜਰਾਤ ਵਿਚ ਹੋਣੀ ਹੈ ਅਤੇ ਸੰਜੈ ਪੂਰਨ ਸਿੰਘ ਚੌਹਾਨ ਨਹੀਂ ਚਾਹੁੰਦਾ ਕਿ ਇਸ ਪਾਕਿਸਤਾਨੀ ਕੁੜੀ ਕਰ ਕੇ ਉਸ ਦੀ ਫਿਲਮ ਦਾ ਨਿਰਮਾਣ ਰੁਕ ਜਾਵੇ। ਉਸ ਨੂੰ ਡਰ ਹੈ ਕਿ ਭਾਜਪਾ ਆਗੂ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਗੁਜਰਾਤ ਸਰਕਾਰ ਪਾਕਿਸਤਾਨੀ ਅਦਾਕਾਰਾ ਕਾਰਨ ਅੜਿੱਕੇ ਪਾ ਸਕਦੀ ਹੈ ਅਤੇ ਉਸ ਨੂੰ ਸੂਬੇ ਵਿਚ ਵੜਨ ਤੋਂ ਵੀ ਡੱਕ ਸਕਦੀ ਹੈ। ਉਂਜ ਸੰਜੈ ਦੇ ਮਿੱਤਰਾਂ-ਦੋਸਤਾਂ ਨੇ ਉਸ ਦੇ ਇਸ ਨਵੇਂ ਫੈਸਲੇ ਦਾ ਬਹੁਤ ਬੁਰਾ ਮਨਾਇਆ ਹੈ ਕਿ ਪ੍ਰੋਫੈਸ਼ਨ ਦੇ ਪੱਧਰ ‘ਤੇ ਇਹ ਬਹੁਤ ਮਾੜਾ ਫੈਸਲਾ ਹੈ ਅਤੇ ਕਲਾਕਾਰਾਂ ਦਾ ਦਿਲ ਤੋੜਨ ਵਾਲਾ ਹੈ। ਦੋਸਤਾਂ ਦਾ ਕਹਿਣਾ ਹੈ ਕਿ ਸੰਜੈ ਨੂੰ ਇਸ ਮਾਮਲੇ ‘ਤੇ ਇਉਂ ਹਾਰਨਾ ਨਹੀਂ ਸੀ ਚਾਹੀਦਾ।
ਉਧਰ ਸੰਜੈ ਦਾ ਇਹੀ ਕਹਿਣਾ ਹੈ ਕਿ ਉਸ ਨੇ ਆਪਣੀ ਪਹਿਲੀ ਫਿਲਮ ‘ਲਾਹੌਰ’ ਕਾਰਨ ਬਥੇਰਾ ਨੁਕਸਾਨ ਉਠਾਇਆ ਹੈ ਅਤੇ ਹੁਣ ਉਹ ਅਜਿਹਾ ਹੋਰ ਨੁਕਸਾਨ ਉਠਾਉਣ ਲਈ ਤਿਆਰ ਨਹੀਂ ਹੈ। ਫਿਲਮਸਾਜ਼ ਚੌਹਾਨ ਨੇ ਸੰਪਰਕ ਕਰਨ ‘ਤੇ ਦੱਸਿਆ, “ਹਾਂ, ਇਹ ਖ਼ਬਰ ਮਾੜੀ ਹੈ ਪਰ ਸੱਚੀ ਹੈ। ਮੈਂ ਆਪਣੀ ਫਿਲਮ ਵਿਚ ਹੁਣ ਮਹਿਰੀਨ ਸੱਯਦ ਨਾਲ ਕੰਮ ਨਹੀਂ ਕਰ ਰਿਹਾ।” ਉਸ ਨੇ ਦੱਸਿਆ ਕਿ ਆਪਣੀ ਪਲੇਠੀ ਫਿਲਮ ‘ਲਾਹੌਰ’ ਵਿਚ ਉਸ ਨੇ ਪਾਕਿਸਤਾਨੀ ਅਦਾਕਾਰਾ ਰਸ਼ੀਦ ਨਾਜ਼ ਤੋਂ ਕੰਮ ਕਰਵਾਇਆ ਸੀ। ਉਦੋਂ ਵੀ ਸੰਕਟ ਦੇ ਬੱਦਲ ਛਾ ਗਏ ਸਨ। ਹੁਣ ਉਹ ਉਸੇ ਸੰਕਟ ਵਿਚ ਫਿਰ ਤੋਂ ਨਹੀਂ ਘਿਰਨਾ ਚਾਹੁੰਦਾ।
ਮਹਿਰੀਨ ਸੱਯਦ ਨੇ ਸੰਜੈ ਦੇ ਇਸ ਫੈਸਲੇ ਦਾ ਬੁਰਾ ਤਾਂ ਮਨਾਇਆ ਹੈ, ਪਰ ਹੌਸਲੇ ਨਾਲ ਕਿਹਾ ਹੈ ਕਿ ਇਸ ਫੈਸਲੇ ਨਾਲ ਉਸ ਦੇ ਕਰੀਅਰ ਉਤੇ ਕੋਈ ਅਸਰ ਨਹੀਂ ਪਵੇਗਾ। 2 ਅਗਸਤ 1986 ਨੂੰ ਜਨਮੀ ਮਹਿਰੀਨ ਆਖਦੀ ਹੈ, “ਸੰਜੈ ਚੌਹਾਨ ਦੇ ਇਸ ਫੈਸਲੇ ਨੇ ਉਸ ਨੂੰ ਤੰਗ ਤਾਂ ਬਹੁਤ ਕੀਤਾ ਹੈ ਪਰ ਉਹ ਸਦਾ ਅਗਾਂਹ ਚੱਲਣ ਵਿਚ ਵਿਸ਼ਵਾਸ ਰੱਖਦੀ ਹੈ। ਉਸ ਕੋਲ ਉਂਜ ਵੀ ਬਥੇਰਾ ਕੰਮ ਹੈ।”
ਉਂਜ ਉਸ ਨੇ ਮੰਨਿਆ ਕਿ ਜੇ ਇਹ ਫਿਲਮ ਬਣ ਜਾਂਦੀ ਤਾਂ ਸੋਨੇ ਉਤੇ ਸੁਹਾਗੇ ਵਾਲੀ ਗੱਲ ਹੋ ਜਾਣੀ ਸੀ। ਮਹਿਰੀਨ ਨੇ ਨਿੱਕੀ ਉਮਰੇ ਹੀ ਫੈਸ਼ਨ ਦੀ ਦੁਨੀਆਂ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ। 2005 ਤੋਂ ਹੀ ਉਹ ਇਨਾਮ ਜਿੱਤਦੀ ਆ ਹੀ ਹੈ। ਉਸ ਨੇ ਇਸੇ ਵਰ੍ਹੇ 23 ਫਰਵਰੀ ਨੂੰ ਅਹਿਮਦ ਹਿਮਾਯੂੰ ਸ਼ੇਖ ਨਾਲ ਨਿਕਾਹ ਕਰਾਇਆ ਹੈ। ਆਪਣੀ ਇਕ ਇੰਟਰਵਿਊ ਦੌਰਾਨ ਮਹਿਰੀਨ ਨੇ ਕਿਹਾ ਸੀ ਕਿ ਉਹ ਆਮਿਰ ਖਾਨ ਨਾਲ ਕੰਮ ਕਰਨਾ ਚਾਹੁੰਦੀ ਹੈ। ਦੇਖੋ, ਹੁਣ ਉਸ ਦੀ ਇਹ ਇੱਛਾ ਕਦੋਂ ਪੂਰੀ ਹੁੰਦੀ ਹੈ!

Be the first to comment

Leave a Reply

Your email address will not be published.