ਭਾਰਤੀ ਸਿਨੇਮਾ ‘ਚ ਫ੍ਰੀ-ਲਾਂਸ ਅਦਾਕਾਰੀ ਕਰਨ ਦੀ ਸ਼ੁਰੂਆਤ ਜਿਹੜੇ ਕਲਾਕਾਰਾਂ ਨੇ ਕੀਤੀ, ਉਨ੍ਹਾਂ ਵਿਚ ਇਕ ਅਦਾਕਾਰਾ ਵੀ ਸੀ। ਇਸ ਅਦਾਕਾਰਾ ਨਾਂ ਸੀ ਸ਼ਾਂਤਾ ਆਪਟੇ। ਹਿੰਦੀ ਫ਼ਿਲਮ ਇਤਿਹਾਸ ‘ਚ ਸ਼ਾਂਤਾ ਆਪਟੇ ਦਾ ਨਾਂ ਵਿਦਰੋਹੀ ਨਾਇਕਾ ਦੇ ਰੂਪ ‘ਚ ਦਰਜ ਹੈ। ਇਹ ਖਿਤਾਬ ਉਸ ਨੂੰ ਇਸ ਲਈ ਦਿੱਤਾ ਗਿਆ ਕਿਉਂਕਿ ਉਸ ਨੇ ਪਰਦੇ ‘ਤੇ ਔਰਤ ਦੇ ਵਿਦਰੋਹੀ ਰੂਪ ਨੂੰ ਬੜੀ ਸ਼ਿੱਦਤ ਨਾਲ ਸਾਕਾਰ ਕੀਤਾ। ਇਹੀ ਨਹੀਂ, ਪਰਦੇ ਤੋਂ ਬਾਹਰ ਅਸਲ ਜੀਵਨ ‘ਚ ਵੀ ਉਸ ਨੇ ਆਪਣੇ ਇਸ ਰੂਪ ਦਾ ਬਾਖੂਬੀ ਸਬੂਤ ਦਿੱਤਾ। ਵਿਦਰੋਹੀ ਸੁਭਾਅ ਕਾਰਨ ਹੀ ਸ਼ਾਂਤਾ ਆਪਟੇ ਭਾਰਤ ‘ਚ ਫ੍ਰੀ-ਲਾਂਸ ਨਾਇਕਾਵਾਂ ਦੀ ਰਵਾਇਤ ਸ਼ੁਰੂ ਕਰਨ ਵਾਲੀ ਅਦਾਕਾਰਾ ਬਣੀ। 23 ਨਵੰਬਰ 1916 ਨੂੰ ਪੁਣੇ ਕੋਲ ਮਹਾਰਾਸ਼ਟਰੀਅਨ ਬ੍ਰਾਹਮਣ ਪਰਿਵਾਰ ‘ਚ ਪੈਦਾ ਹੋਈ ਸ਼ਾਂਤਾ ਨੂੰ ਬਚਪਨ ਤੋਂ ਹੀ ਅਦਾਕਾਰੀ ਅਤੇ ਸੰਗੀਤ ‘ਚ ਦਿਲਚਸਪੀ ਸੀ। ਮਸ਼ਹੂਰ ਨਿਰਮਾਤਾ-ਨਿਰਦੇਸ਼ਕ ਭਾਲਜੀ ਪੇਂਢਾਰਕਰ ਨੇ ਉਨ੍ਹਾਂ ਨੂੰ ਆਪਣੀ ਫ਼ਿਲਮ ‘ਸ਼ਿਆਮ ਸੁੰਦਰ’ (1932) ਵਿਚ ਬਤੌਰ ਨਾਇਕਾ ਪਹਿਲਾ ਮੌਕਾ ਦਿੱਤਾ।
ਇਸ ਪਿੱਛੋਂ 1933 ‘ਚ ਸ਼ਾਂਤਾ ਆਪਟੇ ਨੂੰ ਪ੍ਰਭਾਤ ਫ਼ਿਲਮ ਕੰਪਨੀ ਨੇ ਲੰਬੇ ਸਮੇਂ ਲਈ ਆਪਣੀ ਸੰਸਥਾ ‘ਚ ਸਾਈਨ ਕਰ ਲਿਆ। ਉਥੇ ਉਸ ਦੀ ਪਹਿਲੀ ਫ਼ਿਲਮ ਬਣੀ ‘ਅੰਮ੍ਰਿਤ ਮੰਥਨ’ ਜਿਸ ਵਿਚ ਮਿਠਾਸ ਭਰੇ ਗਾਇਨ ਦੇ ਨਾਲ ਨਾਲ ਉਸ ਨੇ ਬੇਹੱਦ ਭਾਵਪੂਰਨ ਅਦਾਕਾਰੀ ਕੀਤੀ। ਇਹ ਪਹਿਲੀ ਹਿੰਦੀ ਫ਼ਿਲਮ ਸੀ ਜਿਸ ਨੇ 25 ਹਫਤੇ ਚੱਲ ਕੇ ਸਿਲਵਰ ਜੁਬਲੀ ਮਨਾਈ। ਇਸ ਪਿੱਛੋਂ ਪ੍ਰਭਾਤ ਵਲੋਂ ਬਣਾਈ ਗਈ ‘ਅਮਰ ਜਯੋਤੀ’, ‘ਗੋਪਾਲ ਕ੍ਰਿਸ਼ਨ’, ‘ਰਾਜਪੂਤ ਰਮਣੀ’ ਅਤੇ ‘ਦੁਨੀਆ ਨ ਮਾਨੇ’ ਵਰਗੀਆਂ ਬਹੁਤ ਸਾਰੀਆਂ ਫ਼ਿਲਮਾਂ ‘ਚ ਸਰਵੋਤਮ ਅਦਾਕਾਰੀ ਕਰਦਿਆਂ ਸ਼ਾਂਤਾ ਉੱਚ-ਕੋਟੀ ਦੀ ਅਦਾਕਾਰਾ ਬਣ ਗਈ।
1937 ਵਿਚ ਆਈ ਫਿਲਮ ‘ਦੁਨੀਆਂ ਨ ਮਾਨੇ’ ਵਿਚ ਵਿਦਰੋਹੀ ਨਾਇਕਾ ਦੇ ਕਿਰਦਾਰ ਨਾਲ ਸ਼ਾਂਤਾ ਦੀ ਪ੍ਰਸਿੱਧੀ ਜਗਮਗਾ ਉਠੀ। ਉਸ ਕੋਲ ਹੋਰ ਨਿਰਮਾਤਾਵਾਂ ਅਤੇ ਸੰਸਥਾਵਾਂ ਵੱਲੋਂ ਵਧੇਰੇ ਮਿਹਨਤਾਨੇ ਦੀਆਂ ਪੇਸ਼ਕਸ਼ਾਂ ਆਉਣ ਲੱਗੀਆਂ। ਸ਼ਾਂਤਾ ਉਹ ਪੇਸ਼ਕਸ਼ਾਂ ਸਵੀਕਾਰ ਕਰਨਾ ਚਾਹੁੰਦੀ ਸੀ, ਪਰ ਉਸ ਲਈ ਪ੍ਰਭਾਤ ਫ਼ਿਲਮ ਕੰਪਨੀ ਦੇ ਕਾਂਟਰੈਕਟ ਤੋਂ ਮੁਕਤ ਹੋਣਾ ਜ਼ਰੂਰੀ ਸੀ। 1948 ‘ਚ ਜਦੋਂ ਉਸ ਨੇ ਇਹ ਕਾਂਟਰੈਕਟ ਤੋੜਨਾ ਚਾਹਿਆ ਤਾਂ ਪ੍ਰਭਾਤ ਨੇ ਇਜਾਜ਼ਤ ਨਹੀਂ ਦਿੱਤੀ। ਇਸ ‘ਤੇ ਸ਼ਾਂਤਾ ਨੇ ਪ੍ਰਭਾਤ ਫ਼ਿਲਮ ਕੰਪਨੀ ਦੇ ਦਰਵਾਜ਼ੇ ‘ਤੇ ਮਰਨ ਵਰਤ ਰੱਖ ਕੇ ਕਾਂਟਰੈਕਟ ਪ੍ਰਥਾ ਖਿਲਾਫ ਧਰਨਾ ਦਿੱਤਾ। ਹਾਰ ਕੇ ਪ੍ਰਭਾਤ ਨੂੰ ਉਸ ਨੂੰ ਕਾਂਟਰੈਕਟ ਤੋਂ ਮੁਕਤ ਕਰਨਾ ਪਿਆ। ਉਸ ਪਿੱਛੋਂ ਸ਼ਾਂਤਾ ਨੇ ਜਿੰਨੀਆਂ ਵੀ ਫ਼ਿਲਮਾਂ ‘ਚ ਕੰਮ ਕੀਤਾ; ਜਿਵੇਂ ‘ਸਾਵਿਤਰੀ’, ‘ਮੁਹੱਬਤ’, ‘ਅਪਨਾ ਘਰ’, ‘ਕਾਦੰਬਰੀ’, ‘ਭਾਗਯਲਕਸ਼ਮੀ’, ‘ਸਾਵਨ’, ‘ਜ਼ਮੀਂਦਾਰ’, ‘ਪਾਨੀਹਾਰੀ’, ‘ਸੁਭੱਦਰਾ’, ‘ਉਤਰਾ-ਅਭਿਮਨਿਊ’, ‘ਭਾਗਯਵਾਨ’, ‘ਮੰਦਿਰ’, ‘ਮੈਂ ਅਬਲਾ ਨਹੀਂ ਹੂੰ’, ‘ਸਵੈਂਸਿੱਧਾ’ ਅਤੇ ‘ਚੰਡੀ ਪੂਜਾ’ ਆਦਿ ਸਾਰੀਆਂ ਫ਼ਿਲਮਾਂ ‘ਚ ਆਜ਼ਾਦ ਰੂਪ ‘ਚ ਆਪਣੀਆਂ ਸ਼ਰਤਾਂ ‘ਤੇ ਕੰਮ ਕੀਤਾ। ਸ਼ਾਂਤਾ ਆਪਟੇ ਦੀ ਆਖਰੀ ਫ਼ਿਲਮ 1947 ‘ਚ ਪ੍ਰਦਰਸ਼ਿਤ ‘ਚੰਡੀ ਪੂਜਾ’ ਸੀ, ਪਰ ਦਮਦਾਰ ਅਦਾਕਾਰੀ ਪੱਖੋਂ ਉਨ੍ਹਾਂ ਦੀ ਆਖਰੀ ਫ਼ਿਲਮ ‘ਸਵੈਂਸਿੱਧਾ’ ਮੰਨੀ ਜਾਂਦੀ ਹੈ ਜੋ 1950 ‘ਚ ਆਈ ਸੀ। 25 ਫਰਵਰੀ 1964 ਨੂੰ ਕੈਂਸਰ ਦੀ ਬਿਮਾਰੀ ਨਾਲ ਇਸ ਵਿਲੱਖਣ ਅਤੇ ਵਿਦਰੋਹੀ ਨਾਇਕਾ ਦਾ ਦੇਹਾਂਤ ਹੋ ਗਿਆ।
Leave a Reply