ਚੰਡੀਗੜ੍ਹ: ਕਿਸਾਨ ਅੰਦੋਲਨ ਅਤੇ ਭਾਜਪਾ ਵੱਲੋਂ ਪੈਦਾ ਕੀਤੇ ਸਿਆਸੀ ਹਾਲਾਤ ਪਿੱਛੋਂ ਭਾਰਤ ਦੀ ਰਾਜਨੀਤੀ ਵਿਚ ਨਵੀਂ ਸਫਬੰਦੀ ਸ਼ੁਰੂ ਹੋ ਗਈ ਹੈ। ਭਾਰਤ ਦੀ ਤਕਰੀਬਨ ਹਰ ਸਿਆਸੀ ਧਿਰ ਹੁਣ ਭਾਜਪਾ ਦਾ ਤੋੜ ਲੱਭਣ ਲਈ ਹਰ ਹੀਲਾ ਵਰਤਣ ਲਈ ਤਿਆਰ ਬਰ ਤਿਆਰ ਜਾਪਣਾ ਲੱਗੀ ਹੈ।
ਇਸ ਵਿਚਾਲੇ ਸਭ ਤੋਂ ਵੱਧ ਚਰਚਾ ਸਿਆਸੀ ਧਿਰਾਂ ਵੱਲੋਂ ਕੌਮੀ ਜਮਹੂਰੀ ਗੱਠਜੋੜ (ਯੂ.ਪੀ.ਏ) ਦੀ ਓਟ ਲੈਣ ਦੀ ਹੋ ਰਹੀ ਹੈ। ਇਥੋਂ ਤੱਕ ਕਿ ਅਕਾਲੀ ਦਲ ਬਾਦਲ ਵੀ ਇਸ ਦੀ ਸੰਭਾਵਨਾ ਦੀ ਗੱਲ ਕਰਨ ਲੱਗਾ ਹੈ। ਸ਼ਿਵ ਸੈਨਾ ਨੇ ਸਾਰੀਆਂ ਭਾਜਪਾ ਵਿਰੋਧੀ ਧਿਰਾਂ ਨੂੰ ਹੁਣ ਯੂ.ਪੀ.ਏ. ਗੱਠਜੋੜ ਹੇਠ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ। ਸ਼ਿਵ ਸੈਨਾ ਦਾ ਤਰਕ ਹੈ ਕਿ ਕਾਂਗਰਸ ਦੀ ਅਗਵਾਈ ਵਾਲੇ ਮੌਜੂਦਾ ਯੂ.ਪੀ.ਏ. ਦੀ ਹਾਲਤ ਕਿਸੇ ਐਨ.ਜੀ.ਓ. (ਗੈਰ ਸਰਕਾਰੀ ਸੰਗਠਨ) ਵਰਗੀ ਹੋ ਗਈ ਹੈ। ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੇਸ਼ ਵਿਚ ਤਾਨਾਸ਼ਾਹੀ ਰੁਝਾਨਾਂ ਖਿਲਾਫ ਦੇਸ਼ ਵਿਆਪਕੀ ਇਕਜੁਟ ਲਹਿਰ ਚਲਾਉਣ ਦਾ ਸੱਦਾ ਦਿੱਤਾ ਅਤੇ ਆਖਿਆ ਕਿ ਦੇਸ਼ ਵਿਚ ਅਸਲ ਸੰਘੀ ਢਾਂਚਾ ਸਥਾਪਤ ਕਰਨ ਲਈ ਅਜਿਹੀ ਮੁਹਿੰਮ ਜ਼ਰੂਰੀ ਹੈ। ਅਕਾਲੀ ਦਲ ਨੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੀ ਚੇਅਰਪਰਸਨ ਮਮਤਾ ਬੈਨਰਜੀ ਨਾਲ ਵੀ ਇਕਜੁੱਟਤਾ ਪ੍ਰਗਟਾਈ ਹੈ। ਅਸਲ ਵਿਚ, ਇਸ ਸਮੇਂ ਸਭ ਤੋਂ ਵੱਧ ਖਤਰਾ ਭਾਜਪਾ ਦੀਆਂ ਭਾਈਵਾਲ ਸਿਆਸੀ ਧਿਰਾਂ ਮਹਿਸੂਸ ਕਰ ਰਹੀ ਹੈ। ਭਾਜਪਾ ਇਕ-ਇਕ ਕਰਕੇ ਆਪਣੇ ਭਾਈਵਾਲਾਂ ਦੀ ਸਿਆਸੀ ਹੋਂਦ ਖਤਮ ਕਰਨ ਵਿਚ ਜੁਟੀ ਹੋਈ ਹੈ।
ਦੇਸ਼ ਵਿਚ 1996 ਦੀਆਂ ਲੋਕ ਸਭਾ ਚੋਣਾਂ ਸਮੇਂ ਵਿਚਾਰਧਾਰਕ ਵਖਰੇਵਿਆਂ ਕਾਰਨ ਕੋਈ ਵੀ ਸਿਆਸੀ ਧਿਰ ਭਾਰਤੀ ਜਨਤਾ ਪਾਰਟੀ ਨਾਲ ਸਹਿਯੋਗ ਕਰਨ ਲਈ ਤਿਆਰ ਨਹੀਂ ਸੀ। ਸ਼੍ਰੋਮਣੀ ਅਕਾਲੀ ਦਲ ਪਹਿਲੀ ਸਿਆਸੀ ਪਾਰਟੀ ਸੀ ਜਿਸ ਨੇ ਤਤਕਾਲੀ ਭਾਜਪਾ ਸਰਕਾਰ ਦੀ ਬਿਨਾਂ ਸ਼ਰਤ ਹਮਾਇਤ ਕਰਨ ਦਾ ਐਲਾਨ ਕੀਤਾ ਸੀ। ਲਗਭਗ ਇਕੋ ਜਿਹੀ ਵਿਚਾਰਧਾਰਾ ਵਾਲੀ ਸ਼ਿਵ ਸੈਨਾ ਦੂਸਰੀ ਖੇਤਰੀ ਪਾਰਟੀ ਸੀ ਜਿਸ ਨੇ ਭਾਜਪਾ ਨਾਲ ਸਾਂਝ ਪਾਈ। ਇਸ ਤੋਂ ਪਿੱਛੋਂ ਬਹੁਤ ਸਾਰੀਆਂ ਧਰਮ ਨਿਰਪੱਖ ਕਹਾਉਣ ਵਾਲੀਆਂ ਪਾਰਟੀਆਂ ਗੱਠਜੋੜ ਦਾ ਹਿੱਸਾ ਬਣ ਲੱਗੀਆਂ। ਕੌਮੀ ਜਮਹੂਰੀ ਗੱਠਜੋੜ ਵਿਚ ਜਨਤਾ ਦਲ, ਨੈਸ਼ਨਲ ਕਾਨਫਰੰਸ, ਪੀ.ਡੀ.ਪੀ. ਸਮੇਤ ਹੋਰ ਅਨੇਕ ਪਾਰਟੀਆਂ ਨੇ ਸਮੇਂ ਸਮੇਂ `ਤੇ ਸਾਂਝ ਪਾਈ। ਜਿਵੇਂ ਹੀ ਭਾਜਪਾ ਦੀ ਸਿਆਸੀ ਤਾਕਤ ਵਧਦੀ ਗਈ ਤਾਂ ਗੱਠਜੋੜ ਦੀਆਂ ਕਈ ਭਾਈਵਾਲ ਪਾਰਟੀਆਂ ਅਸਹਿਜ ਮਹਿਸੂਸ ਕਰਨ ਲੱਗੀਆਂ ਹਨ। ਅਰੁਣਾਚਲ ਪ੍ਰਦੇਸ਼ ਅੰਦਰ ਜਨਤਾ ਦਲ (ਯੂਨਾਈਟਡ) ਦੇ ਸੱਤ ਵਿਚੋਂ ਛੇ ਵਿਧਾਇਕਾਂ ਨੂੰ ਦਲ-ਬਦਲੀ ਕਰਵਾ ਕੇ ਭਾਜਪਾ ਵਿਚ ਸ਼ਾਮਲ ਕਰਵਾ ਲੈਣ ਨਾਲ ਦੋਵਾਂ ਸਹਿਯੋਗੀਆਂ ਦੇ ਸਬੰਧਾਂ ਵਿਚ ਤਰੇੜਾਂ ਦਿਖਾਈ ਦੇਣ ਲੱਗੀਆਂ ਹਨ। ਅਜਿਹੀਆਂ ਰਣਨੀਤੀਆਂ ਨੇ ਬਿਹਾਰ ਵਿਚ ਭਾਜਪਾ ਦੀ ਭਾਈਵਾਲੀ ਵਾਲੀ ਜਨਤਾ ਦਲ (ਯੂ) ਸਰਕਾਰ ਦਾ ਵੀ ਫਿਕਰ ਵਧਾ ਦਿੱਤਾ ਹੈ ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਵਿਰੋਧੀ ਧਿਰਾਂ ਨਾਲ ਹੁਣ ਤੋਂ ਸੰਪਰਕ ਰੱਖਣ ਦੀ ਸਲਾਹ ਮਿਲ ਗਈ ਹੈ।