ਪੂਰਨ ਸਿੰਘ ਪਾਂਧੀ
ਫੋਨ: 905-789-6670
ਸਿੱਖ ਇਤਹਾਸ ਵਿਚ ਦਸੰਬਰ 20 ਤੋਂ 27 ਤੱਕ ਦਾ ਹਫਤਾ ਲਹੂ ਭਿੱਜੀਆਂ ਲਾਸਾਨੀ ਕੁਰਬਾਨੀਆਂ ਤੇ ਅਦੁੱਤੀ ਸ਼ਹਾਦਤਾਂ ਦਾ ਹਫਤਾ ਮੰਨਿਆ ਜਾਂਦਾ ਹੈ। ਇਸ ਨੂੰ ਸ਼ਹੀਦੀ ਸਾਤਾ ਆਖਿਆ ਜਾਂਦਾ ਹੈ। 20 ਦਸੰਬਰ ਨੂੰ ਅਨੰਦਪੁਰ ਛੱਡਣਾ, 21 ਦਸੰਬਰ ਨੂੰ ਸਰਸਾ ਨਦੀ ਉਤੇ ਭਿਆਨਕ ਜੰਗ, ਗੁਰੂ ਜੀ ਦੇ ਪਰਿਵਾਰ ਦਾ ਖੇਰੂੰ-ਖੇਰੂੰ ਹੋਣਾ, 22 ਦਸੰਬਰ ਨੂੰ ਚਮਕੌਰ ਦੀ ਗੜ੍ਹੀ ਵਿਚ ਵੱਡੇ ਸਾਹਿਬਜ਼ਾਦਿਆਂ ਅਜੀਤ ਸਿੰਘ ਤੇ ਜੁਝਾਰ ਸਿੰਘ ਦੀ ਸ਼ਹੀਦੀ, 23 ਤੋਂ 26 ਤੱਕ ਚਾਰ ਦਿਨ ਛੋਟੇ ਸਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫਤਹਿ ਸਿੰਘ ਨੂੰ ਸਰਹੰਦ ਦੇ ਹਾਕਮਾ ਵੱਲੋਂ ਤਰ੍ਹਾਂ-ਤਰ੍ਹਾਂ ਦੇ ਤਸੀਹੇ, ਡਰਾਵੇ ਤੇ ਲਾਲਚ। ਅੰਤ 27 ਦਸੰਬਰ 1704 ਨੂੰ ਨੀਹਾਂ ਵਿਚ ਚਿਣ ਦਿੱਤੇ ਤੇ ਸ਼ਹੀਦ ਕੀਤੇ ਗਏ।
11 ਨਵੰਬਰ 1675 ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਦੀ ਕੇਵਲ 9 ਸਾਲ ਦੀ ਕਿਸ਼ੋਰ ਉਮਰ ਸੀ, ਜਦੋਂ ਵਕਤ ਦੇ ਜਰਵਾਣਿਆਂ ਨੇ ਗੁਰੂ ਜੀ ਦੇ ਪਿਤਾ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਵਿਚ ਸ਼ਹੀਦ ਕਰ ਦਿੱਤਾ। ਭਾਈ ਜੈਤਾ ਗੁਰੂ ਜੀ ਦਾ ਸੀਸ ਲੈ ਕੇ ਅਨੰਦਪੁਰ ਪੁੱਜਾ। ਸੰਸਾਰ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦਾ ਸਸਕਾਰ ਕਿਸੇ ਹੋਰ ਥਾਂ ਦਿੱਲੀ ਵਿਚ ਅਤੇ ਸੀਸ ਦਾ ਕਿਸੇ ਹੋਰ ਥਾਂ ਅਨੰਦਪੁਰ ਹੋਇਆ ਹੋਵੇ।
ਉਦੋਂ ਤੋਂ ਹੀ ਬਾਲ ਗੋਬਿੰਦ ਰਾਇ ਜੀ ਦੇ ਅੰਦਰ ਇੱਕ ਵੱਖਰੀ ਤੇ ਨਿਆਰੀ ਕੌਮ ਦੀ ਸਿਰਜਣਾ ਦਾ ਸੰਕਲਪ ਸੀ। ਨੌਂ ਸਾਲ ਤੋਂ ਆਪਣੀ ਸਾਰੀ ਆਯੂ, 42 ਵਿਚੋਂ ਕੇਵਲ 33 ਸਾਲਾਂ ਵਿਚ ਆਪ ਜੀ ਨੇ ਸਿੱਖ ਜੱਥੇਬੰਦੀ ਮਜ਼ਬੂਤ ਕਰਨ, ਸਿੱਖਾਂ ਵਿਚ ਸੂਰਬੀਰਤਾ ਭਰਨ, ਸਿ਼ਕਾਰ ਖੇਡਣ, ਨਗਾਰੇ ਵਜਾਉਣ ਅਤੇ ਕਿਲ੍ਹੇ ਬਣਾਉਣ ਉਤੇ ਜ਼ੋਰ ਦਿੱਤਾ।
ਆਪ ਜੀ ਨੇ ਸਮੇਂ ਦੀ ਲੋੜ ਮੁਤਾਬਕ, ਜੰਗੀ ਦ੍ਰਿਸ਼ਟੀਕੋਣ ਤੋਂ ਪੰਜ ਕਿਲ੍ਹਿਆਂ ਦੀ ਉਸਾਰੀ ਕੀਤੀ: ਲੋਹਗੜ੍ਹ, ਹੋਲਗੜ੍ਹ, ਫਤਹਿਗੜ੍ਹ, ਅਨੰਦਗੜ੍ਹ ਤੇ ਕੇਸਗੜ੍ਹ। ਗੁਰੂ ਸਾਹਿਬਾਂ ਦੇ ਸਮਂੇ ਅਨੰਦਪੁਰ ਠੀਕ ਅਰਥਾਂ ਵਿਚ ਅਨੰਦ ਤੇ ਆਤਮਕ ਖੁਸ਼ੀ ਦਾ ਸੋਮਾ ਸੀ। ਸੂਰਮਿਆਂ, ਸਾਹਿਤਕਾਰਾਂ ਤੇ ਸੰਗੀਤਕਾਰਾਂ ਦਾ ਅਨੰਦਪੁਰ ਗੜ੍ਹ ਬਣ ਗਿਆ। ਗੁਰੂ ਜੀ ਦੇ ਦਰਬਾਰ ਵਿਚ ਕਵੀਆਂ ਦੀ ਗਿਣਤੀ 52 ਤੱਕ ਮੰਨੀ ਜਾਂਦੀ ਹੈ। ਹੋਲੀ ਤੋਂ ਹੋਲਾ ਮਹੱਲਾ ਦੀ ਰੀਤ ਤੋਰੀ। ਇੱਕ ਪਾਸੇ ਜੰਗਾਂ ਯੁੱਧਾਂ ਲਈ ਸਿੱਖਾਂ ਵਿਚ ਜੁਝਾਰੂ ਸਪਿਰਟ ਭਰੀ ਜਾ ਰਹੀ ਸੀ, ਰਣਜੀਤ ਨਗਾਰੇ ਵੱਜ ਰਹੇ ਸਨ; ਦੂਜੇ ਪਾਸੇ ਗੁਰਬਾਣੀ ਤੇ ਸੰਗੀਤ ਦੀਆਂ ਧੁਨਾਂ ਦੀ ਗੁੰਜਾਰ ਸੀ, ਸਾਹਿਤ ਰਚਿਆ ਜਾ ਰਿਹਾ ਸੀ। ਹਰ ਪੱਖ ਤੋਂ ਨਵੇਂ, ਨਰੋਏ ਤੇ ਸਮਰੱਥ ਮਨੁੱਖ ਦਾ ਮਾਡਲ ਤਿਆਰ ਹੋ ਰਿਹਾ ਸੀ।
ਇਸ ਸੰਕਲਪ ਨੂੰ ਸਾਕਾਰ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਨੂੰ ਕੇਸ ਗੜ੍ਹ (ਅਨੰਦਪੁਰ) ਦੇ ਸਥਾਨ `ਤੇ ਖਾਲਸੇ ਦੀ ਸਿਰਜਣਾ ਕੀਤੀ। ਇਹ ਇਨਕਲਾਬੀ ਜੱਥੇਬੰਦੀ ਸੀ ਜਿਸ ਦਾ ਰੂਪ ਸਰੂਪ, ਰਹਿਤ ਬਹਿਤ, ਪੁਸ਼ਾਕ ਤੇ ਬਾਹਰੀ ਦਿੱਖ ਸੰਸਾਰ ਦੀਆਂ ਹੋਰ ਕੌਮਾਂ ਤੋਂ ਅਨੋਖੀ ਤੇ ਨਿਆਰੀ ਸੀ। ਗੁਰੂ ਜੀ ਨੇ ਅੰਮ੍ਰਿਤ ਛਕਾਉਣ ਦੀ ਰਸਮ ਆਰੰਭ ਕੀਤੀ। ਹਰ ਸਿੱਖ ਦੇ ਨਾਂ ਨਾਲ ‘ਸਿੰਘ’ ਅਤੇ ਹਰ ਸਿੱਖਣੀ ਦੇ ਨਾਂ ਨਾਲ ‘ਕੌਰ’ ਲਾਉਣ ਦੀ ਰੀਤ ਤੋਰੀ। ਹਿੰਦੂਆਂ ਵਾਲੀਆਂ ਰੀਤਾਂ ਰਸਮਾਂ ਤੇ ਜਾਤਾ ਪਾਤਾਂ ਖਤਮ ਕੀਤੀਆਂ। ਸਭ ਨੂੰ ਇੱਕੋ ਬਾਟੇ ਵਿਚ ਅੰਮ੍ਰਿਤ ਛਕਣ, ਇੱਕੋ ਥਾਂ ਉਤੇ ਇੱਕੋ ਜਿਹਾ ਲੰਗਰ ਛਕਣ ਅਤੇ ਸਭ ਨੂੰ ਭਾਈ ਭਾਈ ਹੋਣ ਦਾ ਸੰਦੇਸ਼ ਦਿੱਤਾ।
ਗੁਰੂ ਗੋਬਿੰਦ ਸਿੰਘ ਦੇ ਸਿੱਖਾਂ, ਉਸ ਦੇ ਪਰਿਵਾਰ ਤੇ ਮਿਸ਼ਨ ਨੂੰ ਤਹਿਸ ਨਹਿਸ ਕਰਨ ਲਈ ਮੁਗਲ ਫੌਜਾਂ ਨੇ ਹਮਲਾ ਕਰ ਦਿੱਤਾ ਅਤੇ ਅਨੰਦਪੁਰ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ। ਆਖਿਆ ਜਾਂਦਾ ਹੈ ਕਿ ਇਹ ਘੇਰਾ 7 ਮਹੀਨੇ ਤੱਕ ਲਗਾਤਾਰ ਰਿਹਾ। ਅੰਦਰ ਖੁਰਾਕ ਦੀ ਤੋਟ ਆਉਣ ਲੱਗੀ। ਭੁੱਖੇ ਭਾਣੇ ਕਿੰਨਾ ਕੁ ਚਿਰ ਮੁਕਾਬਲਾ ਕਰਦੇ? ਆਖਰ ਮੁਗਲਾਂ ਤੇ ਹਿੰਦੂ ਰਾਜਿਆਂ ਦੀਆਂ ਕਸਮਾਂ ਉਤੇ ਇਤਬਾਰ ਕਰ ਕੇ 20 ਦਸੰਬਰ 1704 ਨੂੰ ਗੁਰੂ ਜੀ ਨੇ ਆਪਣਾ ਪਿਆਰਾ ਅਨੰਦਪੁਰ ਛਡ ਦਿੱਤਾ। ਛੱਡ ਤਾਂ ਦਿੱਤਾ ਪਰ ਹਿੰਦੂ ਰਾਜਿਆਂ ਤੇ ਮੁਗਲਾਂ ਦੀਆਂ ਕਸਮਾਂ, ਭਰੋਸੇ ਤੇ ਇਤਬਾਰ ਝੂਠੇ ਨਿਕਲੇ। ਬਾਹਰ ਨਿਕਲਦਿਆਂ ਹੀ ਸ਼ਾਹੀ ਫੌਜਾਂ ਨੇ ਹਮਲਾ ਕਰ ਦਿੱਤਾ। ਸਰਸਾ ਨਦੀ ਦੇ ਕਿਨਾਰੇ ਭਿਆਨਕ ਜੰਗ ਹੋਈ। ਬੇਅੰਤ ਸਿੰਘ ਸ਼ਹੀਦ ਹੋਏ। ਪਰਿਵਾਰ ਖੇਰੂੰ-ਖੇਰੂੰ ਹੋ ਗਿਆ।
ਗੁਰੂ ਜੀ ਲੜਦੇ ਹੋਏ 40 ਸਿੰਘਾਂ ਅਤੇ ਦੋ ਵੱਡੇ ਸਾਹਿਬਜ਼ਾਦਿਆਂ ਸਮੇਤ ਚਮਕੌਰ ਪਹੁੰਚੇ। ਉਥੇ ਕੱਚੀ ਗੜ੍ਹੀ ਵਿਚ ਘਿਰੇ ਭੁੱਖੇ ਭਾਣੇ 40 ਸਿੰਘਾਂ ਨੇ ਮੁਗਲ ਫੌਜਾਂ ਦਾ ਟਾਕਰਾ ਕੀਤਾ। ਸੰਸਾਰ ਦੀ ਸਭ ਤੋਂ ਭਿਆਨਕ ਤੇ ਅਸਾਵੀਂ ਚਮਕੌਰ ਦੀ ਇਸ ਜੰਗ ਵਿਚ 40 ਸਿੰਘ ਤੇ ਦੋਵੇਂ ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਸ਼ਹੀਦ ਹੋਏ ਪਰ ਗੁਰੂ ਜੀ ਇੱਥੋਂ ਸਹੀ ਸਲਾਮਤ ਨਿਲਕਣ ਵਿਚ ਕਾਮਯਾਬ ਹੋ ਗਏ ਅਤੇ ਮਾਛੀਵਾੜੇ ਪਹੁੰਚ ਗਏ। ਇੱਥੋਂ ‘ਉਚ ਦਾ ਪੀਰ’ ਬਣ ਕੇ ਦੀਨੇ ਕਾਂਗੜ ਗਏ। ਇੱਥੇ ਫਾਰਸੀ ਵਿਚ ਜ਼ਫਰਨਾਮਾ (ਫਤਹਿ ਦੀ ਚਿੱਠੀ) ਲਿਖ ਕੇ ਔਰੰਗਜ਼ੇਬ ਨੂੰ ਭੇਜਿਆ। ਇੱਥੋਂ ਗੁਰੂ ਜੀ ਸਾਬੋ ਕੀ ਤਲਵੰਡੀ (ਦਮਦਮਾ ਸਾਹਿਬ) ਗਏ। ਇੱਥੇ ਗੁਰੂ ਜੀ 9 ਮਹੀਨੇ ਤੋਂ ਵੱਧ ਸਮਾਂ ਰਹੇ। ਦਮਦਮਾ ਸਾਹਿਬ ਨੂੰ ਸਾਹਿਤ, ਸੰਗੀਤ ਤੇ ਕਲਾ ਦਾ ਘਰ ਬਣਾਇਆ। ਇੱਥੇ ਹੀ ਗੁਰੂ ਗ੍ਰੰਥ ਸਾਹਿਬ ਵਿਚ ਨੌਵੇਂ ਪਾਤਸ਼ਾਹ ਦੀ ਬਾਣੀ ਚੜ੍ਹਾਈ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਵਰਤਮਾਨ ਸਰੂਪ ਦਿੱਤਾ।
ਉਧਰ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ, ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਗੁਰੂ ਜੀ ਦਾ ਰਸੋਈਆ ਗੰਗੂ ਰਾਮ ਆਪਣੇ ਪਿੰਡ ਸਹੇਰੀ ਲੈ ਗਿਆ ਸੀ। ਉਸ ਨੇ ਮਾਤਾ ਜੀ ਦਾ ਧਨ ਤੇ ਗਹਿਣੇ ਹੜੱਪ ਲਏ ਅਤੇ ਮਾਤਾ ਜੀ ਤੇ ਸਾਹਿਬਜ਼ਾਦੇ ਮੁਗਲਾਂ ਦੇ ਹਵਾਲੇ ਕਰ ਦਿੱਤੇ। ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਨੇ ਸਖਤ ਠੰਢ ਵਿਚ ਠੰਢੇ ਬੁਰਜ ਵਿਚ ਰੱਖ ਕੇ ਤਸੀਹੇ ਦਿੱਤੇ। ਅੰਤ 27 ਦਸੰਬਰ 1704 ਨੂੰ ਸਾਹਿਬਜ਼ਾਦੇ ਬੜੀ ਬੇਦਰਦੀ ਨਾਲ ਨੀਹਾਂ ਵਿਚ ਚਿਣਵਾ ਕੇ ਸ਼ਹੀਦ ਕਰ ਦਿੱਤੇ। ਉਦੋਂ ਇਨ੍ਹਾਂ ਦੀ ਉਮਰ 6 ਸਾਲ ਤੇ 8 ਸਾਲ ਸੀ। ਇਸ ਭਿਆਨਕ ਸਦਮੇ ਨੂੰ ਉਸ ਦਾ ਭਾਣਾ ਮੰਨਦੇ ਹੋਏ ਮਾਤਾ ਜੀ ਵੀ ਉਥੇ ਹੀ ਸੁਰਗਵਾਸ ਹੋ ਗਏ।
ਇਸ ਪਿੱਛੋਂ ਗੁਰੂ ਜੀ ਨੇ ਕਈ ਵੱਡੇ ਫੈਸਲੇ ਕੀਤੇ: 1) ਮਸੰਦਾਂ ਦੀਆਂ ਆਚਰਣਕ ਗਿਰਾਵਟਾਂ ਦੇਖ ਕੇ ਚੌਥੇ ਗੁਰੂ ਰਾਮਦਾਸ ਜੀ ਦੀ ਆਰੰਭ ਕੀਤੀ ਮਸੰਦ ਪ੍ਰਣਾਲੀ ਖਤਮ ਕੀਤੀ।
2) ਵਿਅਕਤੀ ਗੁਰਤਾ ਸਮਾਪਤ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰ ਗੱਦੀ ਬਖਸ਼ੀ ਅਤੇ ਪੰਥ ਨੂੰ ਸਦਾ ਲਈ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। 3) ਬਾਬਾ ਬੰਦਾ ਸਿੰਘ ਬਹਾਦਰ ਨੂੰ ਮੁਗਲ ਸਾਮਰਾਜ ਨਾਲ ਟੱਕਰ ਲੈਣ ਅਤੇ ਸਿੱਖ ਰਾਜ ਦੀ ਨੀਂਹ ਰੱਖਣ ਲਈ ਥਾਪੜਾ ਦਿੱਤਾ ਅਤੇ ਪੰਜਾਬ ਨੂੰ ਰਵਾਨਾ ਕੀਤਾ। ਬੰਦਾ ਸਿੰਘ ਬਹਾਦਰ ਦੀਆਂ ਲਾਸਾਨੀ ਜਿੱਤਾਂ, ਪ੍ਰਾਪਤੀਆਂ ਤੇ ਅਦੁੱਤੀ ਕੁਰਬਾਨੀਆਂ ਦਾ ਬੇਹੱਦ ਸਿਰੜ, ਸਿਦਕ ਤੇ ਦਰਦ ਭਰਿਆ ਵੱਖਰਾ ਕਾਂਡ ਹੈ।
7 ਅਕਤੂਬਰ 1708 ਨੂੰ ਨਾਂਦੇੜ ਦੇ ਸਥਾਨ ਉਤੇ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਉਣ ਪਿੱਛੋਂ 18ਵੀਂ ਸਦੀ ਸਿੱਖ ਕੌਮ ਦੀ ਸਾੜ੍ਹਸਤੀ ਦੀ ਸਦੀ ਹੈ। ਇਸ ਵਿਚ ਦੋ ਵੱਡੇ ਘੱਲੂਘਾਰੇ ਹੋਏ, ਹਜ਼ਾਰਾਂ ਸਿੰਘ ਸਿੰਘਣੀਆਂ ਸ਼ਹੀਦ ਹੋਏ। ਪੂਰੀ ਕੌਮ ਘਰੋਂ ਬੇਘਰ ਹੋ ਗਈ ਪਰ ਆਣ ਅਣਖ ਤੇ ਸਿਰੜ, ਸਿਦਕ ਦੇ ਨਗਾਰੇ ਵਜਦੇ ਰਹੇ, ਕੇਸਰੀ ਨਿਸ਼ਾਨ ਝੂਲਦੇ ਰਹੇ। ਇਨ੍ਹਾਂ ਕੁਰਬਾਨੀਆਂ ਸਦਕਾ ਹੀ ਇਸੇ 18ਵੀਂ ਸਦੀ ਦੇ ਅੰਤ ਤੱਕ ਸਿੱਖ ਰਾਜ ਸਥਾਪਤ ਹੋ ਸਕਿਆ।
ਇਤਿਹਾਸ ਦੇ ਤਿੰਨ ਸੌ ਸਾਲਾਂ ਪਿੱਛੋਂ ਅੱਜ ਫੇਰ ਪੂਰੀ ਕੌਮ ਜੁਝਾਰੂ ਪ੍ਰੀਖਿਆ ਵਿਚੋਂ ਲੰਘ ਰਹੀ ਹੈ। ਉਹੋ ਹੀ ਦਸੰਬਰ ਦਾ ਮਹੀਨਾ, ਪੋਹ ਦੀਆਂ ਠੰਢੀਆਂ ਰਾਤਾਂ ਹਨ। ਦਿੱਲੀ ਦੀਆਂ ਸੜਕਾਂ `ਤੇ ਕਿਰਤੀਆਂ ਦਾ ਟਰਾਲੀਆਂ ਵਿਚ ਰੈਣ ਬਸੇਰਾ ਹੈ ਪਰ ਸਮੇਂ ਨਾਲ ਇਸ ਦਾ ਰੂਪ ਸਰੂਪ ਬਦਲੇ ਹੋਏ ਰੰਗ ਵਿਚ ਹੈ। ਅੱਜ ਜਾਤਾਂ, ਗੋਤਾਂ, ਬੋਲੀ, ਪਹਿਰਾਵਿਆਂ ਤੇ ਭਿੰਨ-ਭਿੰਨ ਸਭਿਆਚਾਰਾਂ ਦੇ ਵਿਤਕਰਿਆਂ ਦੇ ਬੰਧਨ ਤੋੜ ਕੇ ਸਾਰੇ ਵਰਗ, ਸਾਰੀਆਂ ਮਾਈਆਂ ਬੀਬੀਆਂ, ਸਾਰੇ ਕਿਸਾਨ ਭਾਈ-ਭਾਈ ਬਣ ਕੇ ਇੱਕ ਮੰਚ ਉਤੇ ਇਕੱਤਰ ਹੋ ਕੇ ਸਾਂਝੇ ਕਾਜ ਲਈ ਸੰਘਰਸ਼ ਵਿਚ ਕੁੱਦੇ ਹੋਏ ਹਨ। ਦਿੱਲੀ ਦੇ ਇਕਹਿਰੀ ਸੋਚ ਵਾਲੇ ਔਰੰਗਜ਼ੇਬੀ ਹਾਕਮਾਂ ਨਾਲ ਅੱਜ ਫੇਰ ਟੱਕਰ ਹੈ। ਜੋਸ਼ ਤੇ ਜ਼ਜਬਾ ਸਾਂਝਾ ਹੈ, ਨਿਸ਼ਾਨਾ ਇੱਕੋ ਹੈ- ਨਾ ਧੱਕਾ ਕਰਨੈ, ਨਾ ਧੱਕਾ ਸਹਿਣੈ। ਕਿਸੇ ਦੀ ਆਜ਼ਾਦੀ ਤੇ ਹੱਕ ਮਾਰਨਾ ਨਹੀਂ, ਆਪਣੀ ਆਜ਼ਾਦੀ ਤੇ ਹੱਕ ਖੋਹਣ ਨਹੀਂ ਦੇਣੇ। ਭੈ ਕਾਹੂੰ ਕੋ ਦੇਤ ਨਹਿ, ਨਹਿ ਭੈ ਮਾਨਤ ਆਨ। ਦਿੱਲੀ ਦੀ ਸਰਕਾਰ ਦੇ ਕਿਸਾਨ ਵਿਰੋਧੀ ਬਣਾਏ ਕਾਨੂੰਨ ਕਿਸੇ ਵੀ ਢੰਗ ਨਾਲ ਲਾਗੂ ਨਹੀਂ ਹੋਣ ਦੇਣੇ। ਦਿੱਲੀ ਘੇਰੀ ਹੋਈ ਹੈ। ਕੁਰਬਾਨੀਆਂ ਘੱਟ ਜਾਂ ਵੱਧ ਹੋ ਸਕਦੀਆਂ ਹਨ, ਅਖੀਰ ਜਿੱਤ ਸੱਚ ਦੀ ਹੀ ਹੋਵੇਗੀ। ਸੱਚ ਦੇ ਰਾਹ ਉਤੇ ਚੱਲ ਰਹੇ ਕਿਸਾਨਾਂ ਦੀ ਹੋਵੇਗੀ। ਇਹ ਅੱਜ ਦੇ ਸਮਿਆਂ ਦਾ ਯਕੀਨ ਹੈ। ਇਹ ਬੀਤੇ ਕੱਲ੍ਹ ਦੇ ਇਤਿਹਾਸ ਦੇ ਪੰਨੇ-ਪੰਨੇ, ਸਤਰ-ਸਤਰ ‘ਤੇ ਲਿਖਿਆ ਯਕੀਨ ਹੈ। ਕਿਰਤੀਓ ਡਟੇ ਰਹੋ। ਹਓਮੈ ਦੇ ਕਿੰਗਰੇ ਢਹਿ ਕੇ ਰਹਿਣਗੇ।