ਗੱਜਣਵਾਲਾ ਸੁਖਮਿੰਦਰ ਸਿੰਘ
ਫੋਨ: +91-99151 06449
ਦਸੰਬਰ 1704 ਦੇ ਤੀਜੇ ਹਫਤੇ ਕਲਗੀਧਰ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਦੀਆਂ ਰੌਣਕਾਂ ਨੂੰ ਛੱਡ ਅੱਗੇ ਵੱਲ ਚਾਲੇ ਪਾ ਦਿਤੇ। ਸ਼ਦੀਦ ਸਰਦ ਸਮਾਂ, ਮੋਹਲੇਧਾਰ ਮੀਂਹ ਦਾ ਕਹਿਰ ਅਤੇ ਰਾਹ ਵਿਚ ਪੈਂਦੀ ਨਦੀ ਸਰਸਾ ਛੂਕ ਰਹੀ ਸੀ। ਵੈਰੀ ਨੇ ਤਮਾਮ ਵਾਅਦੇ ਤੋੜ, ਸਿੰਘਾਂ ‘ਤੇ ਧਾਵਾ ਬੋਲ ਦਿੱਤਾ। ਸਰਸਾ ਤਕ ਪਹੁੰਚਦਿਆਂ ਖਾਲਸੇ ਨੂੰ ਭਾਰੀ ਜਾਨੀ-ਮਾਲੀ ਨੁਕਸਾਨ ਸਾਹਮਣਾ ਕਰਨਾ ਪਿਆ। ਵੱਡੀ ਗਿਣਤੀ ਵਿਚ ਸਿਰਕੱਢ ਘੋੜ ਸਵਾਰ ਤੇ ਸਿੰਘ ਸੂਰਮੇ ਸ਼ਹੀਦੀਆਂ ਪਾ ਗਏ, ਬੱਸ ਗੁਰੂ ਸਾਹਿਬ ਦੇ ਨਾਲ ਦੋਹਾਂ ਸਾਹਿਬਜ਼ਾਦਿਆਂ ਸਮੇਤ ਚਾਲੀ ਦੇ ਕਰੀਬ ਸਿੰਘ ਹੀ ਰਹਿ ਗਏ ਸਨ।
ਗੁਰੂ ਸਾਹਿਬ ਵੱਡੇ ਤੜਕੇ ਆਪਣੇ ਸਿੰਘਾਂ ਸਮੇਤ ਚੱਲ ਕੇ, ਚਮਕੌਰ ਪਿੰਡ ਆ ਪਹੁੰਚੇ। ਗੁਰੂ ਮਨ ਨੂੰ ਐਸ ਵੇਲੇ ਅਲੌਕਿਕ ਇਤਿਹਾਸਕ ਜੰਗ ਦਰਜ ਕਰਨ ਲਈ ਬਾ-ਖਾਸੂਸ ਸਥਾਨ ਦੀ ਤਲਾਸ਼ ਸੀ। ਪਾਤਸ਼ਾਹ ਨੇ ਦੂਰ ਤਕ ਇਲਾਕਾ ਦ੍ਰਿਸ਼ਟੀ ਗੋਚਰ ਕੀਤਾ। ਸਾਹਿਬ ਨੇ ਸਥਾਨ ਚਮਕੌਰ ਦੀ ਮਿੱਟੀ ਨੂੰ ਮਨਜ਼ੂਰ ਕਰ ਲਿਆ। ਪਿੰਡ ਦੇ ਇਕ ਪਾਸੇ ਕੱਚੀ ਗੜ੍ਹੀ ਸੀ, ਸਾਹਿਬ ਨੇ ਮਾਲਕ ਪਾਸੋਂ ਕਬਜ਼ਾ ਮੰਗਿਆ। ਹਾਂ ਹੋਈ, ਘੋੜਸਵਾਰ ਗੋਲੀ ਸਿੱਕੇ ਸਮੇਤ ਗੜ੍ਹੀ ਵਿਚ ਤਾਇਨਾਤ ਹੋ ਗਏ।
ਭੁੱਖੇ ਭਾਣੇ ਤੇ ਉਨੀਂਦਰੇ ਦੇ ਮਾਰੇ ਅਨੰਦਪੁਰੋਂ ਚੱਲੇ ਚਾਲੀ ਸਿੰਘ ਜਦ ਚਮਕੌਰ ਸਾਹਿਬ ਆ ਕੇ ਘੂਕ ਸੁੱਤੇ ਪਏ ਸਨ ਤਾਂ ਉਸ ਰਾਤ ਗੁਰੂ ਸਾਹਿਬ ਨੇ ਉਠ ਕੇ ਇਕੱਲੇ-ਇਕੱਲੇ ਵੱਲ ਤਕਿਆ- ਮੇਰੇ, ਰੂਹ ਤੋਂ ਪਿਆਰੇ ਇਨ੍ਹਾਂ ਮੁਹੱਬਤੀ ਸਿੱਖਾਂ ਨੇ ਕੱਲ੍ਹ ਨੂੰ ਸ਼ਹੀਦੀਆਂ ਪਾ ਜਾਣੀਆਂ ਹਨ। ਤਦ ਸਾਹਿਬ ਨੇ ਕਿਸੇ ਦਾ ਕੰਠ, ਕਿਸੇ ਦਾ ਮੁੱਖ, ਕਿਸੇ ਦੇ ਕੇਸਾਂ ਨੂੰ ਚੁੰਮਿਆ।
ਮੁਅੱਰ੍ਹਿਖ ਲਿਖਦਾ ਹੈ, ਪਹਾੜੀਏ ਤੇ ਸ਼ਾਹੀ ਸੈਨਾ ਸਮੁੰਦਰ ਦੇ ਉਛਾਲ ਵਾਂਗ ਚੜ੍ਹੀ ਆ ਰਹੀ ਸੀ। ਮਲੇਰਕੋਟਲੇ ਦਾ ਜਰਨੈਲ ਨਾਹਰ ਖਾਨ, ਖਵਾਜਾ ਮਹਿਮੂਦ ਅਲੀ, ਵਜ਼ੀਦ ਖਾਂ ਸੂਬਾ ਸਰਹਿੰਦ ਅਤੇ ਸੂਬਾ ਲਾਹੌਰ ਵਰਗਿਆਂ ਦੀ ਸਿਆਹ ਲਿਬਾਸ ਵਾਲੀ ਭਾਰੀ ਮੁਗਲ ਫੌਜ ਨੇ ਚਮਕੌਰ ਦਾ ਘੇਰਾ ਘੱਤ ਲਿਆ। ਪਿੰਡ ਖਾਲੀ ਹੋ ਚੁੱਕਾ ਸੀ। ‘ਗੁਰੂ ਸੋਭਾ’ ਦਾ ਕਰਤਾ ਲਿਖਦਾ – ਇਕ ਪਾਸੇ ਚਾਲੀ ਭੁੱਖੇ ਭਾਣੇ ਸਿੰਘ ਤੇ ਦੂਜੇੇ ਪਾਸੇ ਲੱਖਾਂ ਦੀ ਨਫਰੀ। ਦਸੰਬਰ 22 ਦਾ ਦਿਨ ਚੜ੍ਹਿਆ, ਵੈਰੀ ਹਨੇਰੀ ਵਾਂਗ ਛਾ ਗਿਆ।
ਗੁਰੂ ਸਾਹਿਬ ਨੇ ਗੜ੍ਹੀ ਅੰਦਰ ਚਹੁੰਆਂ ਬਾਹੀਆਂ ‘ਤੇ ਅੱਠ-ਅੱਠ ਸਿੰਘ ਤਾਇਨਾਤ ਕਰ ਦਿੱਤੇ। ਮੁੱਖ ਦਰਵਾਜ਼ੇ ਪਰ ਭਾਈ ਕੋਠਾ ਸਿੰਘ ਤੇ ਭਾਈ ਮਦਨ ਸਿੰਘ ਨੂੰ ਡਟਾ ਦਿੱਤਾ। ਭਾਈ ਦਇਆ ਸਿੰਘ, ਭਾਈ ਸੰਤ ਸਿੰਘ ਤੇ ਦੋਨਾਂ ਵੱਡੇ ਸਾਹਿਬਜ਼ਾਦਿਆਂ ਸਮੇਤ ਗੁਰੂ ਜੀ ਖੁਦ ਉਪਰਲੀ ਅਟਾਰੀ ਪਰ ਡਟ ਗਏ ਸਨ। ਭਾਈ ਆਲਮ ਸਿੰਘ ਤੇ ਭਾਈ ਮਾਨ ਨਿਗਰਾਨੀ ਲਈ ਲਾ ਦਿੱਤੇੇ।
ਦੁਸ਼ਮਣ ਗੜ੍ਹੀ ਵੱਲ ਵਧਿਆ ਤਾਂ ਅੰਦਰੋਂ ਯੱਕਮੁਸ਼ਤ ਬੰਦੂਕਾਂ ਚੱਲੀਆਂ, ਗੋਲੀਆਂ ਦੀ ਬੁਛਾੜ ਹੋਈ। ਦੁਸ਼ਮਣ ਤ੍ਰਭਕ ਗਿਆ। ਸਿੰਘ ਵਿੰਨ੍ਹ-ਵਿੰਨ੍ਹ ਨਿਸ਼ਾਨੇ ਲਾਉਂਦੇ ਰਹੇ। ਮੁਗਲ ਦੌੜ ਕੇ ਗੜ੍ਹੀ ਵੱਲ ਆਉਂਦੇ। ਮੁਅੱਰ੍ਹਿਖ ਲਿਖਦਾ ਹੈ, ਕੋਠਾ ਸਿੰਘ ਤੇ ਮਦਨ ਸਿੰਘ ਉਨ੍ਹਾਂ ਨੂੰ ਗੜ੍ਹੀ ‘ਚ ਵੜਨ ਤੋਂ ਪਹਿਲਾਂ, ਥਾਏਂ ਹੀ ਮੌਤ ਦੇ ਘਾਟ ਉਤਾਰ ਦਿੰਦੇ। ਦੁਪਹਿਰ ਤਕ ਤੁਰਕਾਂ ਦੇ ਹੱਲੇ ਹੁੰਦੇ ਰਹੇ। ਸਿੰਘਾਂ ਦੀ ਗਿਣਤੀ ਵੀ ਘੱਟ ਸੀ ਤੇ ਗੋਲੀ ਸਿੱਕਾ ਵੀ ਪਰ ਸਿਦਕ ਤੇ ਆਤਮਕ ਬਲ ਦੁਆਰਾ ਛੱਡੇ ਹੋਏ ਉਨ੍ਹਾਂ ਦੇ ਤੀਰਾਂ ਤੁਫੰਗਾਂ ਨੇ ਮੁਗਲਾਂ, ਪਹਾੜੀਆਂ ਨੂੰ ਅੱਗੇ ਨਾ ਵਧਣ ਦਿੱਤਾ। ਇਸ ਬੇਮਿਸਾਲ ਜੰਗ ਵਿਚ ਸਿਰ-ਧੜ ਦੀ ਬਾਜ਼ੀ ਲਾਉਣ ਵਾਲੇ ਚਾਲੀ ਸਿੰਘਾਂ ਵਿਚ ਬ੍ਰਾਹਮਣ ਵੀ ਸਨ, ਰੰਘਰੇਟੇ ਤੇ ਰਵਿਦਾਸੀਏ ਵੀ, ਖੱਤਰੀ ਵੀ, ਰਾਜਪੂਤ ਵੀ ਤੇ ਹੋਰ ਕਈ ਸ਼੍ਰੇਣੀਆ ਦੇ ਜੁਝਾਰੂ ਸੂਰਮੇ ਸਨ। ਗੜ੍ਹੀ ਕੋਲ ਵੈਰੀ ਦੀਆਂ ਲਾਸ਼ਾਂ ਦੇ ਸੱਥਰ ਵਿਛ ਗਏ। ਭਾਈ ਮਦਨ ਸਿੰਘ ਤੇ ਕੋਠਾ ਸਿੰਘ ਵੀ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ ਸਨ। ਸਿੰਘਾਂ ਜਦ ਜਾਣਿਆ ਕਿ ਜੰਗ ਆਖਰੀ ਮਰਹਲੇ ਵਿਚ ਪਹੁੰਚ ਚੁੱਕੀ ਹੈ, ਉਨ੍ਹਾਂ ਗੜ੍ਹੀ ‘ਚੋਂ ਬਾਹਰ ਨਿਕਲ ਕੇ ਜੂਝਣ ਲਈ ਅਰਜ਼ ਕੀਤੀ। ਤਦ ਗੁਰੂ ਸਾਹਿਬ ਨੇ ਪੰਜ-ਪੰਜ ਸਿੰਘਾਂ ਦੇ ਜੱਥੇ ਬਣਾ ਦਿੱਤੇ। ਉਹ ਫਤਹਿ ਦਾ ਨਾਅਰਾ ਬੁਲੰਦ ਕਰਦੇ ਹੋਏ ਦੁਸ਼ਮਣ ਦੇ ਆਹੂ ਲਾਹੰੁਦੇ ਹੋਏ ਸ਼ਹੀਦੀਆਂ ਪਾਉਂਦੇ ਗਏ। ਫਿਰ ਵੱਡੇ ਪੁੱਤਰ ਬਾਬਾ ਅਜੀਤ ਸਿੰਘ ਨੂੰ ਸਾਹਿਬ ਨੇ ਥਾਪੜਾ ਦੇ ਕੇ ਤੋਰਿਆ। ਉਹ ਪੂਰੇ ਜਾਹੋ-ਜਲਾਲ ਸਹਿਤ ਸਵਾਰ ਹੋ ਕੇ ਪੰਜ ਸਿੰਘਾਂ ਸਮੇਤ ਜੰਗ ਵਿਚ ਆ ਕੁੱਦਿਆ। ਉਹ ਵੀ ਤਲਵਾਰ ਨਾਲ ਵਾਰ ਕਰਦਾ ਹੋਇਆ ਵੈਰੀਆਂ ਨੂੰ ਪਾਰ ਬੁਲਾਉਂਦਾ, ਸ਼ਹਾਦਤ ਪਾ ਗਿਆ। ਫਿਰ ਛੋਟੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਨੇ ਤਲਵਾਰ ਸੂਤ ਲਈ ਤੇ ਆਪਣੇ ਵੱਡੇ ਭਰਾ ਵਾਂਗ ਰਣਭੂਮੀ ਵਿਚ ਜੌਹਰ ਵਿਖਾਉਂਦਾ ਹੋਇਆ ਆਾਪਣੀ ਜਾਨ ਕੌਮ ਦੇ ਲੇਖੇ ਲਾ ਗਿਆ।
‘ਗੁਰੂ ਕੀਆਂ ਸਾਖੀਆਂ’ ਦਾ ਕਰਤਾ ਲਿਖਦਾ ਹੈ – ਨਾਹਰ ਖਾਨ ਮਲੇਰੀਆ ਮਾਨਾ ਹੂਆ ਸਿਪਾਹ ਸਲਾਰ ਤੇ ਗਿਨਤੀ ਕਾ ਜੋਧਾ ਥਾ। ਜਦ ਉਹ ਤੇਜ਼ੀ ਨਾਲ ਗੜ੍ਹੀ ਉਪਰ ਚੜ੍ਹਨ ਲੱਗਾ ਤਾਂ ਗੁਰੂ ਸਾਹਿਬ ਉਪਰ ਮਮਟੀ ‘ਤੇ ਬੈਠੇ ਸਨ। ਉਨ੍ਹਾਂ ਸ਼ਿਸਤ ਲਾ ਕੇ ਐਸਾ ਤੀਰ ਮਾਰਿਆ, ਨਾਹਰ ਖਾਨ ਥਾਏਂ ਚਿੱਤ ਹੋ ਗਿਆ। ਉਸ ਨੂੰ ਡਿੱਗੇ ਪਏ ਨੂੰ ਵੇਖ ਕੇ ਇਕ ਹੋਰ ਪਠਾਣ ਗੈਰਤ ਖਾਨ ਅੱਗੇ ਵਧਿਆ, ਗੁਰੂ ਜੀ ਨੇ ਉਸ ਨੂੰ ਵੀ ਉਥੇੇ ਹੀ ਢੇਰ ਦਿਤਾ। ਉਸ ਤੋਂ ਬਾਅਦ ਕਿਸੇ ਨੇ ਗੜੀ੍ਹ ਕੋਲ ਆਉਣ ਲਈ ਹੀਆ ਨਹੀਂ ਕੀਤਾ।
ਸੂਰਜ ਅਸਤ ਹੋਣ ਤਕ ਗਿਣਤੀ ਦੇ ਗਿਆਰਾਂ ਸਿੰਘ ਹੀ ਬਚੇ ਸਨ। ਤਦ ਭਾਈ ਦਇਆ ਸਿੰਘ ਦੀ ਅਗਵਾਈ ਵਿਚ ਪੰਜ ਸਿੰਘ ਗੁਰੂ ਜੀ ਕੋਲ ਆਏ ਤੇ ਅਰਜ਼ ਕੀਤੀ- ਕਲਗੀਧਰ ਪਾਤਸ਼ਾਹ! ਅਸੀਂ ਆਪ ਜੀ ਦੇ ਚਰਨਾਂ ਉਪਰ ਸੀਸ ਅਰਪਣ ਕਰਦੇ ਹਾਂ। ਸਾਡੇ ਵਰਗੇ ਤਾਂ ਤੁਹਾਡੇ ਲਈ ਇਸ ਧਰਤੀ ਉਪਰ ਲੱਖਾਂ ਹੋਣਗੇ ਪਰ ਸਾਡੇ ਲਈ ਤਾਂ ਤੁਸੀਂ ਹੀ ਈਸ਼ਵਰ ਰੂਪ ਹੋ; ਪਰ ਗੁਰੂ ਜੀ ਨੇ ਹਾਂ ਪੱਖੀ ਹੁੰਗਾਰਾ ਨਾ ਦਿਤਾ। ਉਨ੍ਹਾਂ ਪੰਜਾਂ ਸਿੰਘਾਂ ਨੇ ਫਿਰ ਅਰਜ਼ ਕੀਤੀ- ਖਾਲਸਾ ਆਪ ਜੀ ਨੂੰ ਗੜੀ੍ਹ ‘ਚੋਂ ਬਾਹਰ ਨਿਕਲ ਜਾਣ ਦਾ ਹੁਕਮ ਦੇ ਰਿਹਾ ਹੈ। ਬਹੁਤ ਭਲਾ ਸਮਾਂ ਹੈ। ਪੰਥ ਸਿਰਫ ਆਪ ਜੀ ਦੇ ਅਧੀਨ ਹੈ। ਜਿਥੇ ਵੀ ਰਹੋਗੇ, ਫਿਰ ਹਜ਼ਾਰਾਂ ਸਿੰਘ ਹੋਰ ਸਜਾ ਲਵੋਗੇ। ਆਪ ਸਲਾਮਤ; ਖਾਲਸਾ ਸਲਾਮਤ। ਆਪ ਦੀ ਸਲਾਮਤੀ ਪੰਥ ਦੀ ਸਲਾਮਤੀ।
ਗੁਰੂ ਜੀ ਅਰਜ਼ ਮੰਨ ਗਏ। ਉਨ੍ਹਾਂ ਨੇ ਤਿੰਨ ਸਿੰਘ ਭਾਈ ਦਇਆ ਸਿੰਘ, ਭਾਈ ਮਾਨ ਸਿੰਘ ਤੇ ਭਾਈ ਧਰਮ ਸਿੰਘ ਆਪਣੇ ਨਾਲ ਲੈ ਲਏ ਤੇ ਬਾਕੀ ਸਿੰਘਾਂ ਦੀ ਗੜ੍ਹੀ ਵਿਚ ਤੀਰ ਤੁਫੰਗ ਚਲਾਉਂਦੇ ਰਹਿਣ ਦੀ ਡਿਊਟੀ ਲਾ ਦਿੱਤੀ। ਮੁਅੱਰ੍ਹਿਖ ਲਿਖਦਾ ਹੈ, ਸ਼ਾਹੀ ਸੈਨਾ ਨੇ ਮਸ਼ਵਰਾ ਕੀਤਾ- ਗੜ੍ਹੀ ਅੰਦਰ ਹੁਣ ਕੁਝ ਕੁ ਸਿੰਘ ਹੋਣਗੇ, ਸੁਬ੍ਹਾ ਹੋਣ ‘ਤੇ ਹੱਲਾ ਕੀਤਾ ਜਾਵੇਗਾ; ਪਰ ਗੁਰੂ ਸਾਹਿਬ ਅੱਧੀ ਰਾਤ ਨੂੰ ਭਾਈ ਸੰਗਤ ਸਿੰਘ ਨੂੰ ਆਪਣਾ ਪੁਸ਼ਾਕਾ ਤੇ ਕਲਗੀ ਪਹਿਨਾ ਕੇ ਸਹੀ-ਸਲਾਮਤ ਗੜ੍ਹੀ ਚੋਂ ਨਿਕਲ ਗਏ ਸਨ। ਸਵੇਰ ਹੋਈ, ਜੰਗ ਦਾ ਬਿਗਲ ਵੱਜਿਆ। ਤੁਰਕ ਹੱਲਾ ਕਰ ਕੇ ਗੜ੍ਹੀ ਅੰਦਰ ਦਾਖਲ ਹੋਏ। ਗੜੀ੍ਹ ਵਿਚ ਪਿੱਛੇ ਜੋ ਭਾਈ ਸੰਤ ਸਿੰਘ ਅਤੇ ਭਾਈ ਸੰਗਤ ਸਿੰਘ ਆਦਿ ਸਿੰਘ ਰਹਿ ਗਏੇ ਸਨ, ਉਨ੍ਹਾਂ ਡਟ ਕੇ ਮੁਕਾਬਲਾ ਕੀਤਾ ਤੇ ਸ਼ਹੀਦੀਆਂ ਪਾ ਗਏ।
ਭਾਈ ਸੰਗਤ ਸਿੰਘ ਦਾ ਚਿਹਰਾ ਮੋਹਰਾ ਤੇ ਲਿਬਾਸ ਵੇਖ ਕੇ ਤੁਰਕਾਂ ਨੂੰ ਲੱਗਿਆ, ਗੁਰੂ ਗੋਬਿੰਦ ਸਿੰਘ ਸ਼ਹੀਦ ਹੋ ਗਏ ਹਨ। ਜਦ ਖਵਾਜ਼ਾ ਮਰਦੂਦ ਮਲੇਰੀਏ ਨੇ ਨਜ਼ਦੀਕ ਆ ਕੇ ਵੇਖਿਆ ਤਾਂ ਉਨ੍ਹਾਂ ਦੀ ਵੱਡੀ ਸਫਲਤਾ ਦਾ ਅਹਿਸਾਸ ਨਿਰਾਸ਼ਾ ‘ਚ ਬਦਲ ਗਿਆ- ਇਹ ਸੀਸ ਗੁਰੂ ਗੋਬਿੰਦ ਸਿੰਘ ਦਾ ਨਹੀਂ ਹੈ। ਉਸ ਨੇ ਸੂਬਾ ਸਰਹਿੰਦ ਵਜ਼ੀਦ ਖਾਂ ਨੂੰ ਆਖਿਆ- ਗੁਰੁ ਸਾਹਿਬ ਬਚ ਕੇ ਨਿਕਲ ਗਏ ਹਨ। ਗੁਰੂ ਦੀ ਤਲਾਸ਼ ਲਈ ਫਿਰ ਸਾਰੇ ਇਲਾਕੇ ਨੂੰ ਛਾਉਣੀ ਵਿਚ ਤਬਦੀਲ ਕਰ ਦਿੱਤਾ।
ਸ਼ਾਹੀ ਸੈਨਾ ਭਾਰੀ ਸ਼ਿਕਸਤ ਖਾ ਗਈ ਸੀ। ਹਿੰਦੋਸਤਾਨ ਦੇੇ ਭਵਿੱਖ ਦੀ ਹੋਣੀ ਦੇ ਅਰਥ ਬਦਲ ਗਏ ਸਨ। ਚੜ੍ਹ ਕੇ ਆਈ ਦੁਸ਼ਮਣਾਂ ਦੀ ਵਿਸ਼ਾਲ ਸੈਨਾ ਖਾਲੀ ਹੱਥ ਰਹਿ ਗਈ ਸੀ। ਚਮਕੌਰ ਦੀ ਧਰਤ ਨੇ ਸਿੰਘਾਂ ਦੀ ਸ਼ਹਾਦਤ ਨੂੰ ਵੱੱਡੀ ਸਰਦਾਰੀ ਦਾ ਲਕਬ ਬਖਸ਼, ਖੁਦ ਲਈ ਪੂਜਣਯੋਗ ਮਹਾਨ ਸਥੱਲ ਦਾ ਮੁਰਾਤਬਾ ਪਾ ਲਿਆ। ਹੇ ਚਮਕੌਰ ਦੀ ਧਰਤੀ! ਤੇਰੇ ਮਿੱਟੀ ਦੇ ਜ਼ੱਰਿਆਂ ਵਿਚ ਉਹ ਸੂਰਜੀ ਚਮਕ ਹੈ ਜਿਥੋਂ ਸਿੰਘ ਸ਼ਹੀਦੀਆਂ ਪਾ ਕੇ ਅਸਮਾਨ ਦੇ ਸਿਤਾਰੇ ਬਣ ਗਏ।
ਚਮਕ ਹੈ ਮਿਹਰ ਕੀ ਚਮਕੌਰ! ਤੇਰੇ ਜ਼ੱਰੋਂ ਮੇਂ।
ਯਹੀਂ ਸੇ ਬਨ ਕੇ ਸਤਾਰੇ ਗਏ ਸਮਾ ਕੇ ਲਿਯੇ॥117॥
ਚਮਕੌਰ ਦੀ ਜੰਗ ਸਰੀਰਾਂ ਦੀ ਨਹੀਂ, ਖਾਲਸੇ ਦੀ ਰੂਹ ਦੇ ਜ਼ੋਰ ਦੀ ਦਾਸਤਾਨ ਹੋ ਨਿਬੜੀ। ਚਾਲੀ ਸਿੰਘਾਂ ਦੀ ਸ਼ਹਾਦਤ ਨੇ ਪਹਾੜੀ ਦਗੇਬਾਜ਼ਾਂ ਤੇ ਕਪਟੀ ਮੁਗਲ ਬਾਦਸ਼ਾਹਿਤ ਨੂੰ ਘੋਰ ਨਿਰਾਸ਼ਾ ਦੇ ਆਲਮ ਵਿਚ ਰੋਲ ਦਿੱਤਾ ਸੀ। ਮੁੱਠੀ ਭਰ ਸਿੰਘਾਂ ਦੁਆਰਾ ਲੜੀ ਗਈ ਚਮਕੌਰ ਦੀ ਗਹਿ-ਗੱਡਵੀਂ ਜੰਗ, ਕੁਲ ਆਲਮ ਦੀਆਂ ਮਹਾਨ ਜੰਗਾਂ ਵਿਚ ਆਪਣਾ ਵਿਸ਼ੇਸ਼ ਨਾਮ ਦਰਜ ਕਰਵਾ ਗਈ। ਗਿਣਤੀ ਦੇ ਸਿਦਕੀ ਸਿੰਘਾਂ ਦੀ ਸ਼ਹਾਦਤ, ਆਲਮੀ ਇਤਿਹਾਸ ਦੇ ਪੰਨਿਆਂ ‘ਤੇ ਵਿਲੱਖਣ ਤਵਾਰੀਖ ਰਕਮ ਕਰ ਗਈ।
ਗੁਰੂ ਸਾਹਿਬ ਨੇ ਆਪਣੇ ਹੱਥੀਂ ਦੋਨਾਂ ਸਾਹਿਬਜ਼ਾਦਿਆਂ ਨੂੰ ਜੰਗ ਵਿਚ ਤੋਰ ਕੇ ਸਾਬਿਤ ਕਰ ਦਿੱਤਾ, ਖਾਲਸਾ ਮੈਨੂੰ ਪੁੱਤਰਾਂ ਨਾਲੋਂ ਵੀ ਵੱਧ ਪਿਆਰਾ ਹੈ। ਚਮਕੌਰ ਦੇ ਸਿੰਘਾਂ ਕੋਲ ਨਾ ਅੰਨ ਸੀ ਨਾ ਅਸਲਾ ਬਾਰੂਦ, ਉਨ੍ਹਾਂ ਕੋਲ ਜੇਕਰ ਸੀ ਤਾਂ ਬੱਸ ‘ਗੁਰੂ’ ਹੀ ਸੀ।
ਇਨਸਾਫ ਕਰੇ ਜੀ ਮੇਂ ਜ਼ਮਾਨਾ ਤੋ ਯਕੀਂ ਹੈ।
ਕਹਿ ਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ।