ਬਚਪਨ ਦੀ ਬਾਰੀਕ ਨੱਕਾਸ਼ੀ: ਦਿ ਕਿੱਡ

ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ ਰਹੇ ਹਨ ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਐਤਕੀਂ ਸੰਸਾਰ ਪ੍ਰਸਿੱਧ ਫਿਲਮਸਾਜ਼ ਚਾਰਲੀ ਚੈਪਲਿਨ ਦੀ ਫਿਲਮ ‘ਦਿ ਕਿੱਡ` ਬਾਰੇ ਚਰਚਾ ਕੀਤੀ ਗਈ ਹੈ। ਇਸ ਫਿਲਮ ਵਿਚ ਚਾਰਲੀ ਚੈਪਲਿਨ ਨੇ ਆਪਣੇ ਬਚਪਨ ਦੇ ਬਹਾਨੇ ਸੰਸਾਰ ਭਰ ਦੇ ਬੱਚਿਆਂ ਦੇ ਬਚਪਨ ਦੀਆਂ ਗੱਲਾਂ ਕੀਤੀਆਂ ਹਨ।

-ਸੰਪਾਦਕ

ਡਾ. ਕੁਲਦੀਪ ਕੌਰ
ਫੋਨ: +91-98554-04330

ਚਾਰਲੀ ਚੈਪਲਿਨ ਦੀ ਫਿਲਮ ‘ਦਿ ਕਿੱਡ` ਉਸ ਦੁਆਰਾ ਆਪਣੇ ਅਣ-ਜੀਵੇ ਬਚਪਨ ਨੂੰ ਦਿੱਤੀ ਸ਼ਰਧਾਜਲੀ ਵਾਂਗ ਹੈ। ਇਸ ਫਿਲਮ ਵਿਚ ਉਹ ਗਲੀਆਂ-ਮਹੱਲਿਆਂ ਵਿਚ ਭਿਖਾਰੀਆਂ ਤੇ ਬੇਘਰਾਂ ਦੇ ਰੂਪ ਵਿਚ ਸਾਨੂੰ ਰੋਜ਼ ਟੱਕਰਦੇ ਉਹਨਾਂ ਬਦਨਸੀਬਾਂ ਦੀ ਕਹਾਣੀ ਸੁਣਾੳੇਂਦਾ ਹੈ ਜਿਹਨਾਂ ਦੀ ਜ਼ਿੰਦਗੀ ਆਪਣੀ ਹੋਂਦ ਬਚਾਉਣ ਤੇ ਜ਼ਿੰਦਾ ਰਹਿਣ ਦੀ ਜੱਦੋ-ਜਹਿਦ ਵਿਚ ਹੀ ਗੁਜ਼ਰ ਜਾਂਦੀ ਹੈ । ਇਹ ਚਾਰਲੀ ਚੈਪਲਿਨ ਦੁਆਰਾ ਲਿਖਿਤ, ਨਿਰਦੇਸ਼ਤ ਕੀਤੀ ਤੇ ਖੁਦ ਹੀ ਨਿਰਮਾਣ ਕੀਤੀ ਛੇ ਰੀਲਾਂ ਦੀ ਫਿਲਮ ਹੈ ਜਿਸਦੀ ਸ਼ੁਰੂਆਤ ਵਿਚ ਉਹ ਲਿੱਖਦਾ ਹੈ, ‘ਇਹ ਫਿਲਮ ਅੱਖਾਂ ਵਿਚ ਖੁਸ਼ੀ ਦੇ ਹੰਝੂ ਲਿਆਉਂਦੀ ਹੈ: ਸ਼ਇਦ ਦੁੱਖ ਦੇ ਵੀ`। ਇਸ ਫਿਲਮ ਦੇ ਬਣਨ ਦਾ ਸਮਾਂ 1921 ਦਾ ਹੋਣ ਕਾਰਣ ਫਿਲਮ ਵਿਚ ਆਵਾਜ਼ ਦੀ ਥਾਂ ਸਕਰੀਨ ਉਪਰ ਲਿੱਖੇ ਸ਼ਬਦ ਹੀ ਸੂਤਰ-ਧਾਰ ਦਾ ਕੰਮ ਕਰਦੇ ਹਨ।
ਇਹ ਫਿਲਮ ਚਾਰਲੀ ਚੈਪਲਿਨ ਦੇ ਖੁਦ ਹੰਢਾਏ ਤਜਰਬਿਆਂ ਤੇ ਆਧਾਰਿਤ ਹੈ। ਫਿਲਮ ਵਿਚ ਨਾ ਸਿਰਫ ਇੱਕ ਬੱਚੇ ਦੇ ਨਜ਼ਰੀਏ ਤੋਂ ਦੁਨੀਆਂ ਨੂੰ ਚਿਤਰਿਤ ਕੀਤਾ ਗਿਆ ਹੈ ਸਗੋਂ ਇਹ ਸਵਾਲ ਵੀ ਵਾਰ-ਵਾਰ ਖੜ੍ਹਾ ਕੀਤਾ ਗਿਆ ਹੈ ਕਿ ਆਖਿਰ ਦੁਨੀਆਂ ਬੱਚਿਆਂ ਦੇ ਨਜ਼ਰੀਏ ਤੋਂ ਕਿਉਂ ਨਹੀਂ ਘੜ੍ਹੀ ਗਈ?? ੀੲਸ ਫਿਲਮ ਰਾਹੀ ਉਹ ਉਹਨਾਂ ਗਲੀਆਂ ਤੇ ਜਨਤਕ ਸਥਾਨਾਂ ਦਾ ਵਾਤਾਵਰਣ ਤੇ ਕਾਰਜ-ਸ਼ੈਲੀ ਦਰਸ਼ਕਾਂ ਅੱਗੇ ਸਾਕਾਰ ਕਰਦਾ ਹੈ ਜਿਹੜੀਆਂ ਕਹਿਣ ਨੂੰ ਤਾਂ ਜਨਤਾ ਦੀ ਭਲਾਈ ਖਾਸ ਕਰਕੇ ਲੋੜਵੰਦਾਂ ਜਿਵੇਂ ਅਨਾਥ ਤੇ ਬੇਘਰ ਬੱਚਿਆਂ, ਬੇਬੱਸ ਔਰਤਾਂ ਤੇ ਬੇਘਰੇ-ਬੇਦਰੇ ਗਰੀਬ ਮਰਦਾਂ ਲਈ ਬਣਾਈਆਂ ਗਈਆਂ ਹਨ ਪਰ ਉਹਨਾਂ ਵਿਚ ਭ੍ਰਿਸ਼ਟਾਚਾਰ ਤੇ ਅਫਸਰਸ਼ਾਹੀ ਦੀ ਗੁੰਡਾ-ਗਰਦੀ ਨੇ ਇੰਨੇ ਡੂੰਘੇ ਪੈਰ ਪਸਾਰ ਲਏ ਹਨ ਕਿ ਉਹ ਉਲਟਾ ਬੇਕਸੂਰਾਂ ਤੇ ਮੁਸੀਬਤ ਮਾਰਿਆਂ ਤੇ ਹੀ ਕਹਿਰ ਬਣਕੇ ਵਰਸਦੀਆਂ ਹਨ। ਇਹਨਾਂ ਸੰਸਥਾਵਾਂ ਦੇ ਕੰਮ ਕਰਨ ਦਾ ਤਰੀਕਾ ਅਜਿਹਾ ਹੈ ਕਿ ਉਹ ਸਾਹਮਣੇ ਪਿਆ ਸੱਚ ਮੰਨਣ ਦੀ ਥਾਂ ਕਾਗਜ਼ ਦੇ ਬੇਜਾਨ ਟੁਕੜਿਆਂ ਦੇ ਆਧਾਰ ਤੇ ਲੋਕਾਂ ਦੀ ਕਿਸਮਤ ਦੇ ਫੈਸਲੇ ਲਿਖ ਧਰਦੀਆਂ ਹਨ।
ਇਸ ਫਿਲਮ ਵਿਚ ਚਾਰਲ਼ੀ ਚੈਪਲਿਨ ਦਾ ਕਿਰਦਾਰ ਟਰੈਂਪ ਖੁਦ ਇੱਕ ਗੰਦੀ ਬਸਤੀ ਵਿਚ ਇੱਕ ਜ਼ਰਜ਼ਰ ਹੋਏ ਮਕਾਨ ਵਿਚ ਰਹਿੰਦਾ ਹੈ ਜਿਸ ਦੀ ਖੁਦ ਦੀ ਰੋਜ਼ੀ-ਰੋਟੀ ਦਾ ਕੋਈ ਟਿਕਾਣਾ ਨਹੀਂ। ਇਹਨਾਂ ਦਿਨਾਂ ਵਿਚ ਹੀ ਉਸ ਨੂੰ ਇੱਕ ਖਾਲੀ ਪਏ ਪੁਰਾਣੇ ਗੁਦਾਮ ਲਾਗਿਉਂ ਇੱਕ ਅਨਾਥ ਰੋ ਰਿਹਾ ਬੱਚਾ ਮਿਲਦਾ ਹੈ। ਉਹ ਤਰਸ ਮਾਰਿਆ ਉਸ ਨੂੰ ਚੁੱਕ ਤਾਂ ਲੈਂਦਾ ਹੈ ਪਰ ਆਪਣੀ ਹਾਲਤ ਦੇਖਦਿਆਂ ਉਹ ਉਸ ਤੋਂ ਕਿਸੇ ਤਰੀਕੇ ਲਗਾਤਾਰ ਖਹਿੜ੍ਹਾ ਛੁਡਾਉਣ ਦਾ ਸੋਚਦਾ ਹੈ। ਬੱਚਾ ਵਾਰ-ਵਾਰ ਕਿਸੇ ਨਾ ਕਿਸੇ ਬਹਾਨੇ ਉਸ ਕੋਲ ਹੀ ਵਾਪਿਸ ਪਹੁੰਚਦਾ ਹੈ। ਉਹ ਉਸ ਨੂੰ ਘਰ ਲਿਆਕੇ ਪਾਲਣ ਦੀ ਕੋਸ਼ਿਸਾਂ ਵਿਚ ਰੁਝ ਜਾਂਦਾ ਹੈ ਤੇ ਇੱਦਾਂ ਹੀ ਪੰਜ ਸਾਲ ਗੁਜ਼ਰ ਜਾਂਦੇ ਹਨ। ਉਸ ਕੋਲ ਉਸ ਬੱਚੇ ਨਾਲ ਸਬੰਧਿਤ ਸਿਰਫ ਇੱਕ ਕਾਗਜ਼ ਦਾ ਛੋਟਾ ਟੁਕੜਾ ਹੈ ਜਿਸ ਵਿਚ ਲਿਖਿਆ ਹੈ ਕਿ ਇਸ ਅਨਾਥ ਬੱਚੇ ਨੂੰ ਪਿਆਰ ਤੇ ਸੰਭਾਲ ਦੀ ਜ਼ਰੂਰਤ ਹੈ। ਇਹ ਉਸਦੀ ਮਾਂ ਦੁਆਰਾ ਲਿਖਿਆ ਰੁੱਕਾ ਹੈ ਜੋ ਉਸ ਨੂੰ ਗਰੀਬੀ ਤੇ ਬੇਬੱਸੀ ਦੀ ਹਾਲਤ ਵਿਚ ਇੱਕ ਅਮੀਰ ਘਰਾਣੇ ਦੀ ਬੱਘੀ ਵਿਚ ਰੱਖਕੇ ਫਿਰ ਉਸ ਦੇ ਗਮ ਵਿਚ ਝੁਰਦੀ ਰਹਿੰਦੀ ਹੈ। ਗਰੀਬ ਟਰੈਂਪ ਉਸ ਬੱਚੇ ਨੂੰ ਨਾ ਸਿਰਫ ਜ਼ਿੰਦਾ ਰੱਖਦਾ ਹੈ ਸਗੋਂ ਉਸ ਨੂੰ ਇਸ ਦੁਨੀਆਂ ਵਿਚ ਇੱਕ ‘ਗਰੀਬ` ਵੱਜੋਂ ਜ਼ਿੰਦਾ ਰਹਿਣ ਦੀਆਂ ਜ਼ਰੂਰੀ ਜੁਗਤਾਂ ਸਿਖਾਉਂਦਾ ਹੈ। ਉਹ ਦੋਵੇਂ ਇੱਕ ਟੀਮ ਵੱਜੋਂ ਟੁੱਟੇ ਸ਼ੀਸ਼ਿਆਂ ਦੀ ਮੁਰੰਮਤ ਦਾ ਕੰਮ ਕਰਦੇ ਹਨ ਜਿਸ ਵਿਚ ਬੱਚਾ ਹੀ ਪਹਿਲਾ ਘਰਾਂ ਦੇ ਸ਼ੀਸ਼ੇ ਭੰਨ ਦਿੰਦਾ ਹੈ ਅਤੇ ਫਿਰ ਟਰੈਂਪ ਉਹਨਾਂ ਨੂੰ ਠੀਕ ਕਰਣ ਦਾ ਠੇਕਾ ਲੈ ਲੈਂਦਾ ਹੈ। ਪੁਲਿਸ ਦੇ ਅਧਿਕਾਰੀਆਂ ਨੂੰ ਉਹਨਾਂ ਤੇ ਸ਼ੱਕ ਹੈ। ਉਹ ਉਹਨਾਂ ਦੀ ਲਗਾਤਾਰ ਨਿਗਰਾਨੀ ਤੇ ਪਿੱਛਾ ਕਰਦੇ ਹਨ। ਉਹ ਇਸ ਨੂੰ ਅਮਨ ਕਾਨੁੰਨ ਭੰਗ ਕਰਨ ਤੇ ਸੰਪਤੀ ਦਾ ਨੁਕਸਾਨ ਕਰਨ ਦੇ ਜੁਰਮ ਤੇ ਤੌਰ ਤੇ ਦਰਜ ਕਰਦੇ ਹਨ ਤੇ ਇਸ ਸਾਰੇ ਘਟਨਾ-ਕ੍ਰਮ ਦੀ ਜੜ੍ਹ ‘ਗਰੀਬੀ` ਨੂੰ ਦਰਕਿਨਾਰ ਕਰ ਦਿੰਦੇ ਹਨ। ਇੱਥੇ ਫਿਲਮ ਵਿਚ ਅਮੀਰ ਵਰਗ ਤੇ ਉਸ ਦੀ ਸੇਵਾ ਵਿਚ ਲੱਗੀ ਸਰਕਾਰੀ ਮਸ਼ੀਨਰੀ ਤੇ ਅਹੁਦੇਦਾਰਾਂ ਦੀ ਸਮਾਜਿਕ-ਪ੍ਰਬੰਧ ਬਾਰੇ ਬੇਲਾਗਤਾ ਅਤੇ ਗੈਰ-ਜ਼ਿੰਮੇਵਾਰੀ ਦੀਆਂ ਬਹੁਤ ਸਾਰੀਆਂ ਮਿਸਾਲਾਂ ਪੈਦਾ ਹੁੰਦੀਆਂ ਹਨ ਜਿਹੜ੍ਹੀਆਂ ਉੱਪਰੋਂ ਦੇਖਿਆ ਹਾਸੋ-ਹੀਣੀਆਂ ਨਜ਼ਰ ਆਉਂਦੀਆਂ ਹਨ ਪਰ ਉਹਨਾਂ ਵਿਚ ਸਮਾਜਿਕ ਵਿਤਕਰੇ ਤੇ ਸਮਾਜਿਕ ਅਸਮਾਨਤਾ ਦੇ ਜ਼ਰੂਰੀ ਸਬਕ ਪਏ ਹਨ। ਅਮੀਰ ਕਿਵੇਂ ਗਰੀਬਾਂ ਨੂੰ ਅੰਦਰੋਂ ਨਫਰਤ ਕਰਦੇ ਹਨ ਪਰ ਇਹ ਵੀ ਸਮਝਦੇ ਹਨ ਕਿ ਇਹਨਾਂ ਦੇ ਹੱਥਾਂ ਦੀ ਕਿਰਤ ਬਿਨਾਂ ਸਾਡਾ ਗੁਜ਼ਾਰਾ ਨਹੀਂ। ਫਿਲਮ ਵਿਚ ਸਰਕਾਰੀ ਅਧਿਕਾਰੀ ਕਾਨੂੰਨਾਂ ਦੇ ਬੱਧੇ-ਬੰਧਾਏ ਅਨਾਥ ਬੱਚੇ ਨੂੰ ਜ਼ਬਰਦਸਤੀ ਅਨਾਥ-ਆਸ਼ਰਮ ਵਿਚ ਛੱਡਣ ਦੀ ਜ਼ਿੱਦ ਕਰਦੇ ਹਨ ਤਾਂ ਕਿ ਬੱਚੇ ਨੂੰ ਜ਼ਰੂਰੀ ਸਹੂਲਤਾਂ ਮਿਲ ਸਕਣ ਪਰ ਉਸ ਬੱਚੇ ਦੀ ਗੱਲ ਸੁਣਨ ਲਈ ਤਿਆਰ ਨਹੀਂ । ਉਹਨਾਂ ਨੂੰ ਲੱਗਦਾ ਹੈ ਕਿ ਨਾਗਰਿਕ ਆਪਣੇ ਖੁਦ ਦੇ ਦਿਮਾਗ ਨਾਲ ਸਹੀ ਫੈਸਲੇ ਲੈ ਹੀ ਨਹੀਂ ਸਕਦਾ। ਉਹਨਾਂ ਦਾ ਵਿਚਾਰ ਹੈ ਕਿ ਦਾਨ ਤੇ ਪਲਣ ਵਾਲੇ ਮਨੁੱਖਾਂ ਦੀ ਕੀ ਜ਼ਮੀਰ ਹੋ ਸਕਦੀ ਹੈ। ਉਹ ਇਹ ਗੱਲ ਸਮਝਣਾ ਹੀ ਨਹੀਂ ਚਾਹੁੰਦੇ ਕਿ ਅਸਲ ਸਮੱਸਿਆ ਗਰੀਬੀ ਨੂੰ ਪੈਦਾ ਕਰਨ ਵਾਲੀਆਂ ਸਿਆਸੀ ਤੇ ਸਮਾਜਿਕ ਨੀਤੀਆਂ ਅਤੇ ਉਹਨਾਂ ਨੂੰ ਲਾਗੂ ਕਰਦੇ ਅਧਿਕਾਰੀਆਂ ਦੀ ਹੈ ਜਿਹਨਾਂ ਲਈ ਨਾਗਰਿਕ ਮਹਿਜ਼ ਵੋਟ ਜਾਂ ਸਰਕਾਰੀ ਭਲਾਈ ਸਕੀਮਾਂ ਦੀ ਝਾਕ ਵਿਚ ਖੜਾ੍ਹ ਬੰਦਾ ਨਿਠੱਲਾ ਹੈ। ਇੱਥੇ ਵਿਕਸਿਤ ਮੁਲਕਾਂ ਵਿਚ ਮਹਾਂ-ਮੁੰਹੀ ਵਿਕਾਸ ਹੋਣ ਦੇ ਬਾਵਜੂਦ ‘ਲੁਪਤ` ਗਰੀਬੀ, ਬੇਰੁਜ਼ਗਾਰੀ ਤੇ ਅਸਮਾਨਤਾ ਦਾ ਨੁਕਤਾ ਵੀ ਸਾਹਮਣੇ ਆਉਂਦਾ ਹੈ। ਚਾਰਲ਼ੀ ਚੈਪਲਿਨ ਦੀ ਨਿਰਦੇਸ਼ਕ ਵੱਜੋਂ ਖੂਬੀ ਹੈ ਕਿ ਉਹ ਗਰੀਬੀ ਨੂੰ ਤਰਾਸਦੀ ਦੀ ਤਰਾਂ੍ਹ ਨਹੀਂ ਸਗੋਂ ਇੱਕ ਹਾਸੋ-ਹੀਣੀ ਸਥਿਤੀ ਵੱਜੋਂ ਪੇਸ਼ ਕਰਦਾ ਹੈ ਪਰ ਇਸ ਦੇ ਨਾਲ-ਨਾਲ ਉਸਦੀ ਖਾਸੀਅਤ ਹੈ ਕਿ ਉਹ ਅਮੀਰਾਂ ਦੀ ਖੋਖਲੀ ਤੇ ਥੋਥੀ ਜ਼ਿੰਦਗੀ, ਉਹਨਾਂ ਦੇ ਡਰਾਵਣੇ ਥੁਲ-ਥੁੱਲ ਕਰਦੇ ਚਿਹਰਿਆਂ, ਕੱਪੜ੍ਹਿਆਂ ਦੇ ਵਜ਼ਨ ਥੱਲੇ ਦੱਬੀਆਂ ਬੇਰੰਗ ਰੂਹਾਂ ਅਤੇ ਪੈਸੇ ਦੇ ਘੁਮੰਡ ਨਾਲ ਚਿਹਰੇ ਤੇ ਥੱਪੇ ਮੇਕਅੱਪਾਂ ਦੇ ਥੱਲੇ ਕਤਲ ਹੋਈਆਂ ਮੁਸਕਾਨਾਂ ਨੂੰ ਕੈਮਰੇ ਦੇ ਲੈੱਨਜ਼ਾਂ ਰਾਹੀ ਜਿਉਂ ਦਾ ਤਿਉਂ ਅੱਖਾਂ ਅੱਗੇ ਲਿਆ ਧਰਦਾ ਹੈ। ਉਸਦੀ ਸਾਦ-ਮੁਰਾਦੀ ਦੁਨੀਆਂ ਆਪਣੀ ਗਰੀਬੀ ਤੇ ਮਾੜ੍ਹੀਆਂ ਹਾਲਤਾਂ ਵਿਚ ਵੀ ਆਪਣੀ ਮਾਨਵਤਾ, ਮਮਤਾ ਤੇ ਮੁਸਕੁਰਾਹਟ ਤਿਆਗਣ ਲਈ ਤਿਆਰ ਨਹੀਂ। ਉਹ ਦੱਸਦਾ ਹੈ ਕਿ ਪੈਸਾ ਸਾਰਾ ਕੁਝ ਨਹੀਂ ਖਰੀਦ ਸਕਦਾ ਤੇ ਗਰੀਬ ਦਾ ਦਿਲ ਤਾਂ ਬਿਲਕੁੱਲ ਹੀ ਨਹੀਂ।