ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ

ਡਾ. ਗੁਰਨਾਮ ਕੌਰ, ਕੈਨੇਡਾ
ਮੀਡੀਆ `ਤੇ ਨਸ਼ਰ ਹੋ ਰਹੀਆਂ ਖਬਰਾਂ ਮੁਤਾਬਕ ਕਰੀਮਾ ਬਲੋਚ, ਜੋ ਕੁਝ ਦਿਨਾਂ ਤੋਂ ਗੁੰਮ ਸੀ, ਰਹੱਸਮਈ ਹਾਲਾਤ ਵਿਚ ਫੌਤ ਹੋ ਗਈ। ਪਤਾ ਲੱਗਾ ਹੈ ਕਿ ਉਸ ਦੀ ਲਾਸ਼ ਟੋਰਾਂਟੋ ਦੇ ਈਸਟ ਆਈਲੈਂਡ ਵਿਚ ਝੀਲ ਦੇ ਕਿਨਾਰੇ ਤੋਂ ਮਿਲੀ ਹੈ। ਕਰੀਮਾਂ ਬਲੋਚ ਨੂੰ ਪਹਿਲੀ ਵਾਰ ਮਿਲਣ ਦਾ ਮੌਕਾ ਮੈਨੂੰ 2016 ਵਿਚ ਮਿਲਿਆ ਸੀ, ਜਦੋਂ ਮੈਂ ਕੈਨੇਡਾ ਵਿਚ ਸ਼ਰਨਾਰਥੀ ਬਣ ਕੇ ਰਹਿ ਰਹੇ ਬਲੋਚ ਵਿਦਿਆਰਥੀਆਂ ਅਤੇ ਹੋਰ ਬਲੋਚ ਲੋਕਾਂ ਵੱਲੋਂ 11 ਅਗਸਤ ਨੂੰ ਮਨਾਏ ਜਾਂਦੇ ਆਜ਼ਾਦੀ ਦਿਵਸ ਦੇ ਜਸ਼ਨਾਂ ਵਿਚ ਸ਼ਾਮਲ ਹੋਣ ਲਈ ਆਪਣੇ ਪਤੀ ਗੁਰਦਿਆਲ ਸਿੰਘ ਬੱਲ ਨਾਲ ਗਈ ਸਾਂ। ਉਸ ਤੋਂ ਸਾਲ ਜਾਂ ਦੋ ਸਾਲ ਬਾਅਦ ਇਸੇ ਤਰ੍ਹਾਂ ਫਿਰ ਇੱਕ ਸੈਮੀਨਾਰ ਦੌਰਾਨ ਮੇਲ ਹੋਇਆ ਸੀ। ਉਸ ਦੀ ਫੌਤਗੀ ਦੀ ਖਬਰ ਪੜ੍ਹ ਕੇ ਮਨ ਨੂੰ ਬਹੁਤ ਧੱਕਾ ਲੱਗਾ।

ਉਹ ਕੁੜੀ ਮੈਨੂੰ ਬਹੁਤ ਹੀ ਖੂਬਸੂਰਤ ਅਤੇ ਵਧੀਆ ਸੀਰਤ ਦੀ ਮਾਲਕ ਲੱਗੀ ਸੀ। ਉਹ ਆਪਣੇ ਮੁਲਕ ਬਲੋਚਿਸਤਾਨ ਲਈ ਬਹੁਤ ਹੀ ਤੜਫ ਅਤੇ ਸ਼ਿੱਦਤ ਨਾਲ ਗੱਲ ਕਰਦੀ ਸੀ। ਬਾਹਰੀ ਦਿੱਖ ਅਤੇ ਗੱਲਬਾਤ-ਦੋਹਾਂ ਵਿਚ ਉਹ ਆਪਣੀ ਉਮਰ ਤੋਂ ਬਹੁਤ ਗੰਭੀਰ ਜਾਪਦੀ ਸੀ। ਬਿੱਲੀਆਂ ਅੱਖਾਂ ਵਾਲੀ ਏਨੀ ਖੂਬਸੂਰਤ ਕੁੜੀ ਸੂਤੀ ਕੱਪੜੇ ਦਾ ਹੱਥ ਦੀ ਕੀਤੀ ਕਢਾਈ ਵਾਲਾ ਸਾਦਾ ਸੂਟ, ਸਿਰ ਤੇ ਸੰਘਣਾ ਸੂਤੀ ਕੱਢਿਆ ਹੋਇਆ ਦੁਪੱਟਾ ਉਸ ਦੀ ਦਿੱਖ ਨੂੰ ਹੋਰ ਵੀ ਗੰਭੀਰ ਅਤੇ ਸਾਊ ਬਣਾਉਂਦਾ ਸੀ। ਉਸ ਨੂੰ ਦੇਖ ਕੇ ਮੈਂ ਆਪਣੇ ਆਪ ਨੂੰ ਉਸ ਨਾਲ ਗੱਲ ਕਰਨ ਤੋਂ ਰੋਕ ਨਹੀਂ ਸੀ ਸਕੀ ਅਤੇ ਉਸ ਦਾ ਈ-ਮੇਲ ਪਤਾ ਲੈ ਲਿਆ ਸੀ। ਘਰ ਆ ਕੇ ਮੇਰੇ ਮਨ ਵਿਚ ਉਸ ਸਮਾਰੋਹ ਬਾਰੇ ਕੁਝ ਲਿਖਣ ਦਾ ਖਿਆਲ ਆਇਆ ਤਾਂ ਮੈਂ ਕਰੀਮਾ ਨੂੰ ਈ-ਮੇਲ ਕੀਤੀ ਕਿ ਜੇ ਉਹ ਆਪਣਾ ਪਰਚਾ ਮੈਨੂੰ ਭੇਜ ਦੇਵੇ ਮੈਂ ਆਪਣੀ ਬੋਲੀ ਵਿਚ ਉਸ ਦੇ ਹਵਾਲੇ ਨਾਲ ਕੁਝ ਲਿਖਣਾ ਚਾਹਾਂਗੀ। ਉਸ ਨੇ ਮੁੜਦੀ ਡਾਕ ਵਿਚ ਮੈਨੂੰ ਆਪਣੇ ਸੰਖੇਪ ਭਾਸ਼ਣ ਬਾਰੇ ਲਿਖ ਭੇਜਿਆ ਸੀ। ਇਹ ਲੇਖ ਭਾਵੇਂ ਚਾਰ ਸਾਲ ਪਹਿਲਾਂ ‘ਪੰਜਾਬ ਟਾਈਮਜ਼’ ਵਿਚ ਛਪ ਚੁਕਾ ਹੈ, ਪਰ ਮੈਂ ਸਮਝਦੀ ਹਾਂ ਕਿ ਮੇਰੇ ਕੋਲ ਇਹੀ ਇੱਕ ਤਰੀਕਾ ਹੈ ਉਸ ਬਹਾਦਰ ਅਤੇ ਜੁਝਾਰੂ ਕੁੜੀ ਨੂੰ ਸ਼ਰਧਾਂਜਲੀ ਦੇਣ ਦਾ। ਜੋ ਆਪਣੇ ਲੋਕਾਂ ਅਤੇ ਔਰਤ ਦੇ ਹੱਕਾਂ ਲਈ ਜੂਝਦੀ ਹੋਈ, ਸੰਸਾਰ ਦੀਆਂ ਆਪਣੇ ਵਰਗੀਆਂ ਹੋਰ ਮਨੁੱਖੀ ਹੱਕਾਂ ਲਈ ਜੂਝਦਿਆਂ ਜਾਨ ਕੁਰਬਾਨ ਕਰਨ ਵਾਲੀਆਂ ਜੁਝਾਰੂ ਔਰਤਾਂ ਦੀ ਤਰ੍ਹਾਂ ਕੁਰਬਾਨ ਹੋ ਗਈ। ਪਰਵਦਗਾਰ ਉਸ ਦੀ ਰੂਹ ਨੂੰ ਸਕੂਨ ਬਖਸ਼ਿਸ਼ ਕਰੇ ਅਤੇ ਉਸ ਦੇ ਸੁਪਨੇ ਉਸ ਦੇ ਲੋਕਾਂ ਅੰਦਰ ਜਗਦੇ ਰਹਿਣ। ਉਸ ਦੇ ਆਪਣੇ ਲਫਜ਼ਾਂ ਵਿਚ ਉਸ ਦੀ ਕੌਮ ਕੁਕਨੂਸ ਵਾਂਗੂ ਆਪਣੀ ਹੀ ਰਾਖ ਵਿਚੋਂ ਜਨਮ ਲੈਂਦੀ ਹੈ। ਉਹ ਵੀ ਆਪਣੀ ਰਾਖ ਵਿਚੋਂ ਦੁਬਾਰਾ ਪੈਦਾ ਹੋਵੇਗੀ।
ਉੱਪਰ ਸਿਰਲੇਖ ਵਾਲਾ ਸ਼ਬਦ ਗੁਰੂ ਨਾਨਕ ਸਾਹਿਬ ਦਾ ਹੈ, ਜਿਸ ਵਿਚ ਉਨ੍ਹਾਂ ਨੇ ਬਾਬਰ ਦੇ ਭਾਰਤ ਉੱਤੇ ਹਮਲੇ ਦੇ ਹਵਾਲੇ ਨਾਲ ਤਾਕਤਵਰ ਵੱਲੋਂ ਆਪਣੀ ਤਾਕਤ ਦੇ ਨਸ਼ੇ ਵਿਚ ਅੰਨੇ੍ਹ ਹੋ ਕੇ, ਆਪਣੀ ਫੌਜ਼ੀ ਸ਼ਕਤੀ ਦਾ ਇਸਤੇਮਾਲ ਕਰਕੇ ਦੂਸਰਿਆਂ ਨਾਲ ਧੱਕਾ ਕਰਨ ਅਤੇ ਦੂਸਰਿਆਂ `ਤੇ ਜ਼ੁਲਮ ਕਰਨ ਵਿਰੁੱਧ ਅਵਾਜ਼ ਬੁਲੰਦ ਕੀਤੀ ਹੈ। ਇਹ ਗੁਰੂ ਨਾਨਕ ਸਾਹਿਬ ਹੀ ਸਨ, ਜਿਨ੍ਹਾਂ ਨੇ ਬਾਬਰ ਦੇ ਭਾਰਤ ਉਤੇ ਹਮਲੇ, ਉਸ ਦੇ ਜ਼ੁਲਮ ਅਤੇ ਸਿਤਮ ਦਾ ਵਿਰੋਧ ਕੀਤਾ ਸੀ। ਇਸ ਸ਼ਬਦ ਵਿਚ ਉਨ੍ਹਾਂ ਨੇ ਇੱਕ ਤਰ੍ਹਾਂ ਨਾਲ ਰੱਬ ਨੂੰ ਉਲ੍ਹਾਮਾ ਦਿੱਤਾ ਹੈ ਕਿ ਜੇ ਇੱਕ ਤਾਕਤਵਰ ਆਪਣੇ ਬਰਾਬਰ ਦੇ ਤਾਕਤਵਰ ਨਾਲ ਟੱਕਰ ਲੈਂਦਾ ਹੈ, ਉਸ ਨਾਲ ਲੜਦਾ ਜਾਂ ਉਸ ਨੂੰ ਮਾਰਦਾ ਹੈ ਤਾਂ ਮਨ ਵਿਚ ਰੋਸ ਪੈਦਾ ਨਹੀਂ ਹੁੰਦਾ, ਕਿਉਂਕਿ ਦੋਵੇਂ ਧਿਰਾਂ ਇੱਕੋ ਜਿਹੀ ਤਾਕਤ ਦੀਆਂ ਮਾਲਕ ਹੁੰਦੀਆਂ ਹਨ; ਪਰ ਜੇ ਇੱਕ ਤਾਕਤਵਰ ਸ਼ੇਰ ਗਊਆਂ ਦੇ ਵੱਗ `ਤੇ ਪੈ ਜਾਵੇ ਤਾਂ ਪੁੱਛਿਆ ਵੱਗ ਦੇ ਮਾਲਕ ਨੂੰ ਜਾਂਦਾ ਹੈ ਕਿ ਉਹ ਰਾਖੀ ਕਰਨ ਵੇਲੇ ਕਿੱਥੇ ਸੀ? ਰਾਖੀ ਕਿਉਂ ਨਹੀਂ ਕੀਤੀ? ਇਨ੍ਹਾਂ ਕਮਜ਼ੋਰਾਂ ਨੂੰ, ਜੋ ਸ਼ੇਰ ਦਾ ਮੁਕਾਬਲਾ ਕਰਨ ਜੋਗੀਆਂ ਨਹੀਂ ਸਨ, ਬਚਾਇਆ ਕਿਉਂ ਨਹੀਂ? ਇਸੇ ਤਰ੍ਹਾਂ ਜੇ ਕੋਈ ਜਰਵਾਣਾ, ਆਪਣੀਆਂ ਫੌਜਾਂ ਦੀ ਧਾੜ ਲੈ ਕੇ ਨਿਹੱਥੇ ਅਤੇ ਗਰੀਬ ਲੋਕਾਂ `ਤੇ ਜ਼ੁਲਮ ਕਰਦਾ ਹੈ, ਉਨ੍ਹਾਂ ਦੀ ਬੇਹੁਰਮਤੀ ਕਰਦਾ ਹੈ ਤਾਂ ਉਲਾਂਭਾ ਰੱਬ ਨੂੰ ਦਿੱਤਾ ਜਾਂਦਾ ਹੈ, ਸ਼ਿਕਵਾ ਦੁਨੀਆਂ ਦੇ ਉਸ ਮਾਲਕ ਕੋਲ ਕਰਨਾ ਬਣਦਾ ਹੈ।
ਪਿਛਲੇ ਲੇਖ ਵਿਚ ਜ਼ਿਕਰ ਕੀਤਾ ਸੀ ਕਿ ਅਗਸਤ ਦਾ ਮਹੀਨਾ ਬਲੋਚਿਸਤਾਨ, ਭਾਰਤ ਅਤੇ ਪਾਕਿਸਤਾਨ ਲਈ ਅਜ਼ਾਦੀ ਦੇ ਜਸ਼ਨ ਮਨਾਉਣ ਦਾ ਮਹੀਨਾ ਹੈ। ਅਸਲ ਵਿਚ ਅਜ਼ਾਦ ਤਾਂ ਭਾਰਤ ਅਤੇ ਬਲੋਚਿਸਤਾਨ ਹੋਇਆ ਸੀ। ਪਾਕਿਸਤਾਨ ਤਾਂ ਬਣਿਆ ਸੀ, ਇੱਕ ਨਵਾਂ ਮੁਲਕ, ਅਸਲੋਂ ਹੀ ਨਵਾਂ ਮੁਲਕ, ਜੋ ਇੱਕ ਮੁਲਕ ਦੇ ਦੋ ਟੋਟੇ ਕਰਕੇ ਬਣਾਇਆ ਗਿਆ। ਬਲੋਚਿਸਤਾਨ ਨਾਲ ਗੁਰੂ ਨਾਨਕ ਸਾਹਿਬ ਦੇ ਸ਼ਬਦ ਵਿਚ ਬਾਬਰ ਦੇ ਹਮਲੇ ਦੇ ਹਵਾਲੇ ਨਾਲ ਵਰਣਨ ਕੀਤਾ ਉੱਪਰ ਵਾਲਾ ਵਰਤਾਰਾ ਹੋਇਆ। ਭਾਵੇਂ ਬਲੋਚਿਸਤਾਨ ਅੰਗਰੇਜ਼ਾਂ ਕੋਲੋਂ ਤਾਂ 11 ਅਗਸਤ 1947 ਨੂੰ ਅਜ਼ਾਦ ਹੋ ਗਿਆ ਸੀ, ਪਰ ਅੱਠ ਕੁ ਮਹੀਨੇ ਬਾਅਦ ਹੀ ਪਾਕਿਸਤਾਨ ਦੀ ਧਾੜਵੀ ਫੌਜ ਨੇ ਬਲੋਚਿਸਤਾਨ `ਤੇ ਕਬਜ਼ਾ ਕਰ ਲਿਆ। ਏਨੇ ਵਰ੍ਹੇ ਬੀਤ ਜਾਣ `ਤੇ ਵੀ ਬਲੋਚਾਂ ਦੇ ਮਨਾਂ ਵਿਚੋਂ ਆਪਣੀ ਅਜ਼ਾਦੀ ਦਾ ਸੁਪਨਾ ਮਰਿਆ ਨਹੀਂ ਹੈ ਅਤੇ ਉਹ ਅਜ਼ਾਦੀ ਦੀ ਆਪਣੀ ਤੜਪ ਨੂੰ ਕਾਇਮ ਰੱਖਦੇ ਹੋਏ 11 ਅਗਸਤ ਨੂੰ ਆਪਣੇ ਅਜ਼ਾਦੀ ਦਿਵਸ ਵਜੋਂ ਮਨਾਉਂਦੇ ਹਨ ਤਾਂ ਕਿ ਉਹ ਆਪਣੇ ਲੋਕਾਂ ਨੂੰ ਆਪਣੀ ਅਜ਼ਾਦੀ ਦੀ ਇਸ ਜਦੋਜਹਿਦ ਨਾਲ ਜੋੜ ਸਕਣ, ਆਪਣੇ ਲੋਕਾਂ ਵਿਚ, ਆਪਣੀ ਨੌਜੁਆਨ ਪੀੜ੍ਹੀ ਦੇ ਮਨਾਂ ਅੰਦਰ ਅਜ਼ਾਦੀ ਦੇ ਆਪਣੇ ਇਸ ਹੱਕ ਬਾਰੇ ਚੇਤਨਾ ਜਗਾਉਂਦੇ ਰਹਿਣ, ਅਜ਼ਾਦੀ ਦੀ ਸ਼ਮ੍ਹਾਂ ਨੂੰ ਬਲਦੀ ਰੱਖ ਸਕਣ ਅਤੇ ਦੁਨੀਆਂ ਦੀ ਕਚਹਿਰੀ ਵਿਚ ਆਪਣਾ ਮਸਲਾ ਪੇਸ਼ ਕਰ ਸਕਣ। ਇਸੇ ਹੀ ਇਰਾਦੇ ਨਾਲ ਜੀ. ਟੀ. ਏ. ਵਿਚ ਰਹਿੰਦੇ ਬਲੋਚ ਭਾਈਚਾਰੇ ਨੇ 11 ਅਗਸਤ ਦੀ ਸ਼ਾਮ ਨੂੰ ਇੱਥੇ ਸਥਿਤ ਲਾਇਬਰੇਰੀ ਵਿਚ ਆਪਣਾ ਅਜ਼ਾਦੀ ਦਿਹਾੜਾ ਮਨਾਇਆ, ਜਿਸ ਵਿਚ ਸ਼ਾਮਲ ਹੋਣ ਦਾ ਮੌਕਾ ਮੈਨੂੰ ਵੀ ਮਿਲਿਆ। ਬਲੋਚ ਆਪਣੇ ਮੁਲਕ ਬਾਰੇ, ਆਪਣੇ ਲੋਕਾਂ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦੇ ਹਨ, ਕਰੀਮਾਂ ਬਲੋਚ ਨੇ ਉਥੇ ਜੋ ਵਿਚਾਰ ਪਰਗਟ ਕੀਤੇ, ਉਹ ਸਮੁੱਚੇ ਬਲੋਚ ਭਾਈਚਾਰੇ ਦੇ ਖਿਆਲਾਂ ਦੀ ਤਰਜ਼ਮਾਨੀ ਕਰਦੇ ਹਨ। ਕਰੀਮਾਂ ਬਲੋਚ ਵਿਦਿਆਰਥੀ ਕਾਰਕੁਨ ਹੈ (ਸੀ), ਜੋ ਅੱਜ ਕਲ੍ਹ ਕੈਨੇਡਾ ਵਿਚ ਰਹਿ ਰਹੀ ਹੈ (ਸੀ)। ਅਜ਼ਾਦੀ ਦੀ ਯਾਦ ਵਿਚ ਕੀਤੇ ਇਸ ਸਮਾਰੋਹ ਵਿਚ ਕਰੀਮਾ ਬਲੋਚ ਵੱਲੋਂ ਪੇਸ਼ ਕੀਤੇ ਗਏ ਵਿਚਾਰਾਂ ਦੇ ਕੁਝ ਅੰਸ਼ ਪਾਠਕਾਂ ਨਾਲ ਸਾਂਝੇ ਕਰ ਰਹੀ ਹਾਂ।
ਕਰੀਮਾ ਨੇ ਆਪਣੇ ਖਿਆਲਾਂ ਦਾ ਆਗਾਜ਼ ਕਰਦੇ ਹੋਏ ਸਭ ਤੋਂ ਪਹਿਲਾਂ ਉਸ ਨੂੰ ਉਥੇ ਬੁਲਾਏ ਜਾਣ ਲਈ ਧੰਨਵਾਦ ਕੀਤਾ ਅਤੇ ਫਿਰ ਦੱਸਿਆ ਕਿ ਉਹ ਬਲੋਚਿਸਤਾਨ ਦਾ ਅਜ਼ਾਦੀ ਦਿਹਾੜਾ ਮਨਾ ਰਹੇ ਹਨ ਕਿਉਂਕਿ 11 ਅਗਸਤ ਨੂੰ ਅੰਗਰੇਜ਼ਾਂ ਨੇ ਬਲੋਚਿਸਤਾਨ ਨੂੰ ਇੱਕ ਆਜ਼ਾਦ ਮੁਲਕ ਦੇ ਤੌਰ `ਤੇ ਛੱਡਿਆ ਸੀ। ਅਜ਼ਾਦੀ ਬਹੁਤ ਮੁਸ਼ਕਿਲ ਨਾਲ ਲਈ ਸੀ, ਪਰ ਬਹੁਤ ਆਸਾਨੀ ਨਾਲ ਗੁਆਚ ਗਈ। ਉਸ ਨੇ ਅੱਗੇ ਦੱਸਿਆ ਕਿ 8 ਮਾਰਚ 1948 ਨੂੰ ਪਾਕਿਸਤਾਨੀ ਫੌਜ ਨੇ ਬਲੋਚਿਸਤਾਨ ਵਿਚ ਆਮਦਰਫਤ ਕੀਤੀ ਅਤੇ ਇਸ ਨੂੰ ਕਬਜ਼ੇ ਵਿਚ ਕਰ ਲਿਆ। ਇਹ ਕਬਜ਼ਾ ਲੋਕਾਂ ਦੀ ਮਰਜ਼ੀ ਦੇ ਖਿਲਾਫ ਸੀ। ਇਹ ਕਬਜ਼ਾ ਬਲੋਚਿਸਤਾਨ ਦੀ ਪਾਰਲੀਮੈਂਟ ਦੀ ਮਰਜ਼ੀ ਦੇ ਖਿਲਾਫ ਸੀ। ਇਸ ਤੋਂ ਪਹਿਲੀਆਂ ਵਿਚ ਜਦੋਂ ਮਿਸਟਰ ਮੁਹੰਮਦ ਅਲੀ ਜਿਨਾਹ ਨੇ ਬਲੋਚਿਸਤਾਨ ਦੀ ਸੁਤੰਤਰ ਸਰਕਾਰ ਨੂੰ ਕਿਹਾ ਸੀ ਕਿ ਉਹ ਬਲੋਚਿਸਤਾਨ ਦੇ ਅਜ਼ਾਦ ਰੁਤਬੇ ਨੂੰ ਤਿਆਗ ਦੇਣ ਅਤੇ ਨਵੇਂ ਬਣੇ ਪਰ ਫੌਜੀ ਰੂਪ ਵਿਚ ਤਾਕਤਵਰ ਪਾਕਿਸਤਾਨ ਨਾਲ ਇਸਲਾਮ ਦੇ ਆਧਾਰ `ਤੇ ਮਿਲ ਜਾਣ, ਤਾਂ ਬਲੋਚ ਸੰਸਦ ਮੈਂਬਰਾਂ ਨੇ ਸਰਵਸੰਮਤੀ ਨਾਲ ਇਨਕਾਰ ਕਰ ਦਿੱਤਾ ਸੀ।
ਕਰੀਮਾ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਸੰਸਦ ਮੈਂਬਰਾਂ ਨੇ ਦਲੀਲ ਦਿੱਤੀ ਸੀ ਕਿ ਭਾਵੇਂ ਇਹ ਸੱਚ ਹੈ ਕਿ ਬਲੋਚ ਮੁਸਲਮਾਨ ਹਨ, ਪਰ ਉਨ੍ਹਾਂ ਦੀ ਸਦਾ ਹੀ ਇੱਕ ਵਿਲੱਖਣ ਸਭਿਆਚਾਰਕ ਪਛਾਣ ਰਹੀ ਹੈ; ਇਸ ਲਈ, ਉਹ ਇਸਲਾਮ ਲਈ ਆਪਣੀ ਵਿਲੱਖਣ ਪਛਾਣ ਨੂੰ ਨਹੀਂ ਤਿਆਗਣਗੇ। ਮਿਸਟਰ ਘਾਉਸ ਬਖਸ਼ ਬਿਜੈਂਜੋ, ਜੋ ਅਜ਼ਾਦ ਬਲੋਚਿਸਤਾਨ ਦਾ ਉਦੋਂ ਵਿਰੋਧੀ ਧਿਰ ਦਾ ਨੇਤਾ ਸੀ, ਲਿਖਤੀ ਰਿਕਾਰਡ `ਤੇ ਹੈ।
ਕਰੀਮਾ ਦਾ ਕਹਿਣਾ ਹੈ ਕਿ ਇਹ ਮਹਿਜ਼ ਇਸਲਾਮਿਕ ਸਟੇਟ ਪਾਕਿਸਤਾਨ ਵਿਚ ਸ਼ਾਮਲ ਹੋਣ ਤੋਂ ਹੀ ਇਨਕਾਰ ਨਹੀਂ ਹੈ। ਇਹ ਸੰਸਾਰ ਨੂੰ ਪ੍ਰਭਾਵ ਹੇਠ ਲਿਆਉਣ ਦੀ ਨਵੀਂ ਪੈਨ ਇਸਲਾਮਿਕ ਲਹਿਰ ਵਿਚ ਸ਼ਾਮਲ ਹੋਣ ਤੋਂ ਵੀ ਇਨਕਾਰ ਸੀ।
ਕਰੀਮਾ ਬਲੋਚ ਦਾ ਵਿਚਾਰ ਹੈ ਕਿ ਪਾਕਿਸਤਾਨ ਦਾ ਨਿਰਮਾਣ ਇਸਲਾਮਿਕ ਲਹਿਰ ਲਈ ਪਹਿਲੀ ਵੱਡੀ ਜਿੱਤ ਸੀ। ਉਸਮਾਨ ਰਾਜਵੰਸ਼ ਦੀ ਗਿਰਾਵਟ ਤੋਂ ਬਾਅਦ, ਜੋ ਕਿ ਆਖਰੀ ਸੁੰਨੀ ਇਸਲਾਮਿਕ ਰਾਜਵੰਸ਼ ਸੀ, ਸੰਸਾਰ ਭਰ ਵਿਚ ਮੁਸਲਿਮ ਨੇਤਾਵਾਂ ਨੇ ਠੱਗੇ ਹੋਏ ਅਤੇ ਧਮਕੀ ਵਿਚ ਮਹਿਸੂਸ ਕੀਤਾ। ਪਾਕਿਸਤਾਨ ਦੇ ਨਿਰਮਾਤਾਵਾਂ ਨੇ ਦੱਖਣੀ ਏਸ਼ੀਆ ਦੇ ਮੁਸਲਮਾਨਾਂ ਦੇ ਇਸ ਡਰ ਦਾ ਨਾਜਾਇਜ਼ ਫਾਇਦਾ ਉਠਾਇਆ ਕਿ ਇਸਲਾਮ ਨੂੰ ਖਤਰਾ ਹੈ, ਅਤੇ ਪਾਕਿਸਤਾਨ ਦੇ ਉਸਮਾਨ ਰਾਜਵੰਸ਼ ਦੀ ਤਰਜ਼ `ਤੇ ਨਿਰਮਾਣ ਲਈ ਅਭਿਆਨ ਚਲਾਇਆ।
ਕਰੀਮਾ ਬਲੋਚ ਅਨੁਸਾਰ ਪਾਕਿਸਤਾਨ ਦੀ ਪੈਨ ਇਸਲਾਮਿਕ ਮਿਲੀਟੈਂਟ ਸੰਗਠਨਾਂ ਜਿਵੇਂ ਅਲਕਾਇਦਾ ਅਤੇ ਆਈ. ਐਸ. ਆਈ. ਐਸ. ਵਰਗੇ ਸੰਗਠਨਾਂ ਦੀ ਲਗਾਤਾਰ ਹਮਾਇਤ, ਇਸ ਦੀ ਨੀਂਹ ਦੀ ਇਸੇ ਵਿਚਾਰਧਾਰਾ ਵਿਚੋਂ ਆਉਂਦੀ ਹੈ। ਉਹ ਕੁਦਰਤੀ ਸਹਿਯੋਗੀ ਹਨ, ਜੋ ਉਸੇ ਪੁਰਾਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਇਕੱਠੇ ਕੰਮ ਕਰ ਰਹੇ ਹਨ: ਇਸਲਾਮਿਕ ਰਾਜਵੰਸ਼ ਦਾ ਪੁਨਰ ਪ੍ਰਚਲਨ।
ਕਰੀਮਾ ਦਾ ਵਿਚਾਰ ਹੈ ਕਿ ਬਲੋਚਿਸਤਾਨ ਦੇ ਨੇਤਾਵਾਂ ਨੇ ਪਿੱਛੇ 1947 ਵਿਚ ਇਸ ਇਸਲਾਮਿਕ ਲਹਿਰ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਸੀ। ਉਹ ਹੁਣ ਵੀ ਇਸ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਦੀ ਬਹੁਤ ਭਾਰੀ ਕੀਮਤ ਚੁਕਾਉਣੀ ਪਈ ਹੈ। ਉਨ੍ਹਾਂ ਨੇ ਆਪਣੀ ਆਜ਼ਾਦੀ ਗੁਆ ਦਿੱਤੀ। ਕਹਿਣ ਤੋਂ ਭਾਵ ਹੈ ਕਿ ਉਨ੍ਹਾਂ ਦੇ ਇਸ ਇਨਕਾਰ ਦੀ ਕੀਮਤ ਉਨ੍ਹਾਂ ਨੂੰ ਆਪਣੀ ਆਜ਼ਾਦੀ ਗੁਆ ਕੇ ਦੇਣੀ ਪਈ ਹੈ। ਆਪਣੀ ਆਜ਼ਾਦੀ ਦੀ ਪੁਨਰ ਪ੍ਰਾਪਤੀ ਲਈ ਜਦੋਜਹਿਦ ਵਿਚ ਉਨ੍ਹਾਂ ਨੇ ਪਾਕਿਸਤਾਨੀ ਪ੍ਰਭੁਤਾ ਹੇਠ ਹਜ਼ਾਰਾਂ ਕੀਮਤੀ ਜਾਨਾਂ ਗੁਆ ਦਿੱਤੀਆਂ ਹਨ।
ਕਰੀਮਾ ਬਲੋਚ ਦਾ ਮੰਨਣਾ ਹੈ ਕਿ ਵਰਨਾ ਬਲੋਚ ਬਹੁਤ ਹੀ ਆਮ, ਸਹਿਜੇ ਹੀ ਅੱਖੋਂ-ਪਰੋਖੇ ਕੀਤੇ ਜਾ ਸਕਣ ਵਾਲੇ ਲੋਕ ਹਨ। ਉਹ ਗਿਣਤੀ ਵਿਚ ਬਹੁਤ ਹੀ ਘੱਟ ਹਨ, ਜੋ ਕਿ ਬਹੁਤ ਵਿਸ਼ਾਲ ਅਸਤਿਕਾਰਸ਼ੀਲ ਜ਼ਮੀਨ `ਤੇ ਰਹਿਣ ਵਾਲੇ ਹਨ। ਮਨੁੱਖੀ ਸਭਿਅਤਾ ਨੂੰ ਉਨ੍ਹਾਂ ਦੀ ਕੋਈ ਬਹੁਤ ਵੱਡੀ ਦੇਣ ਵੀ ਨਹੀਂ ਹੈ। ਉਨ੍ਹਾਂ ਦੀ ਕੋਈ ਬਹੁਤ ਵੱਡੀ ਫੌਜ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਕੋਲ ਆਧੁਨਿਕ ਹਥਿਆਰ ਹਨ। ਉਹ ਕਿਸੇ ਮਹਾਨ ਪੁਰਸਕਾਰ ਵਿਜੇਤਾ ਹੋਣ ਦੀ ਸ਼ੇਖੀ ਵੀ ਨਹੀਂ ਮਾਰ ਸਕਦੇ। ਉਨ੍ਹਾਂ ਦੇ ਕੋਈ ਖਾਸ ਭੋਜਨ ਵੀ ਨਹੀਂ ਹਨ। ਉਨ੍ਹਾਂ ਦਾ ਜ਼ਿਕਰ ਇਤਿਹਾਸ ਦੀਆਂ ਪੁਸਤਕਾਂ ਵਿਚ ਵੀ ਨਹੀਂ ਆਉਂਦਾ।
ਕਰੀਮਾ ਅੱਗੇ ਕਹਿੰਦੀ ਹੈ ਕਿ ਫਿਰ ਵੀ ਦੋ ਅਜਿਹੀਆਂ ਬਲੋਚ ਵਿਸ਼ੇਸ਼ਤਾਈਆਂ ਹਨ, ਜਿਨ੍ਹਾਂ ਕਰਕੇ ਉਸ ਨੂੰ ਆਪਣੇ ਲੋਕਾਂ `ਤੇ ਮਾਣ ਹੈ। ਪਹਿਲੀ ਗੱਲ, ਉਹ ਬਹੁਤ ਛੋਟੀ ਕੌਮ ਹਨ, ਜੋ ਪਾਕਿਸਤਾਨ, ਈਰਾਨ ਅਤੇ ਅਫਗਾਨਿਸਤਾਨ ਵਿਚਲੇ ਇਸਲਾਮਿਕ ਕੱਟੜਵਾਦ ਨਾਲ ਘਿਰੀ ਹੋਈ ਹੈ, ਪ੍ਰੰਤੂ ਉਨ੍ਹਾਂ ਨੇ ਆਪਣੇ ਧਰਮ-ਨਿਰਪੇਖ ਸੁਭਾਅ ਨੂੰ ਦ੍ਰਿੜਤਾ ਨਾਲ ਕਾਇਮ ਰੱਖਿਆ ਹੋਇਆ ਹੈ। ਦੂਸਰੀ ਗੱਲ, ਉਹ ਅਟੱਲ ਰੂਪ ਵਿਚ ਬਿਨਾ ਕੋਈ ਸਮਝੌਤਾ ਕੀਤਿਆਂ ਅਤੇ ਲਗਾਤਾਰ ਆਪਣੀ ਆਜ਼ਾਦੀ ਤੇ ਨਿਵੇਕਲੀ ਪਛਾਣ ਲਈ ਆਪਣੇ ਤਾਕਤਵਰ ਦੁਸ਼ਮਣਾਂ ਜਿਵੇਂ ਬ੍ਰਿਟਿਸ਼, ਪਾਕਿਸਤਾਨ ਅਤੇ ਈਰਾਨ ਦੇ ਖਿਲਾਫ ਲੜੇ ਹਨ।
ਬ੍ਰਿਟਿਸ਼ ਸਮਰਾਜ ਤੋਂ ਆਜ਼ਾਦੀ ਮਿਲਣ ਦੀ ਗੱਲ ਕਰਦਿਆਂ ਕਰੀਮਾ ਨੇ ਦੱਸਿਆ ਕਿ ਅੱਜ ਦੇ ਦਿਨ, 70 ਸਾਲ ਪਹਿਲਾਂ, ਉਨ੍ਹਾਂ ਨੇ ਅੰਗਰੇਜ਼ਾਂ ਤੋਂ ਆਜ਼ਾਦੀ ਪ੍ਰਾਪਤ ਕੀਤੀ ਸੀ। ਜਲਦੀ ਹੀ ਇਹ ਆਜ਼ਾਦੀ ਉਨ੍ਹਾਂ ਨੇ ਪਾਕਿਸਤਾਨ ਅਤੇ ਉਸ ਦੀ ਇਸਲਾਮਿਕ ਵਿਚਾਰਧਾਰਾ ਨੂੰ ਹਾਰ ਦਿੱਤੀ, ਇਹ ਸੱਚ ਹੈ; ਪ੍ਰੰਤੂ ਉਹ ਫਿਰ ਵੀ ਹੈਰਾਨ ਹੈ ਕਿ ਇਨ੍ਹਾਂ ਸੱਤ ਕਾਲੇ ਦਹਾਕਿਆਂ ਵਿਚ ਕਿਸ ਚੀਜ਼ ਨੇ ਉਨ੍ਹਾਂ ਦੀ ਜਦੋਜਹਿਦ ਨੂੰ ਬਣਾਈ ਰੱਖਿਆ? ਉਨ੍ਹਾਂ ਦੇ ਲੋਕਾਂ ‘ਤੇ ਈਰਾਨ ਅਤੇ ਪਾਕਿਸਤਾਨ ਦੇ ਮਿਲਵੇਂ ਫੌਜੀ ਅਭਿਆਨਾਂ ਦੌਰਾਨ ਬੰਬ ਵਰਸਾਏ ਗਏ। ਉਨ੍ਹਾਂ ਦੇ ਸਮੁੱਚੇ ਪਿੰਡ ਸਾੜ ਕੇ ਸੁਆਹ ਕਰ ਦਿੱਤੇ ਗਏ। ਉਨ੍ਹਾਂ ਦੇ ਕਾਰਕੁਨ ਹਜ਼ਾਰਾਂ ਦੀ ਗਿਣਤੀ ਵਿਚ ਮਾਰ ਦਿੱਤੇ ਗਏ ਅਤੇ ਜੇਲ੍ਹਾਂ ਵਿਚ ਸੁੱਟ ਦਿੱਤੇ ਗਏ। ਉਨ੍ਹਾਂ ਨੇ ਇਹ ਸਭ ਕੁਝ ਇਕੱਲ ਵਿਚ ਝੇਲਿਆ। ਆਜ਼ਾਦੀ ਅਤੇ ਮਾਨਵੀ ਹੱਕਾਂ ਦੇ ਮੁਦੱਈਆਂ ਨੇ ਉਨ੍ਹਾਂ ਦੀਆਂ ਤਕਲੀਫਾਂ `ਤੇ ਕਦੇ ਝਾਤ ਵੀ ਨਹੀਂ ਪਾਈ। ਉਨ੍ਹਾਂ ਵੱਲ ਕੋਈ ਵੀ ਸਹਾਇਤਾ ਕਰਨ ਵਾਲਾ ਹੱਥ ਨਹੀਂ ਅਹੁਲਿਆ। ਨਾ ਹੀ ਕਿਸੇ ਨੇ ਅਫਸੋਸ ਦਾ ਕੋਈ ਲਫਜ਼ ਬੋਲਿਆ। ਉਸ ਨੂੰ ਹੈਰਾਨੀ ਹੁੰਦੀ ਹੈ ਕਿ ਉਹ ਕੀ ਸੀ, ਜਿਸ ਨੇ ਉਸ ਦੇ ਲੋਕਾਂ ਨੂੰ ਕੁਕਨੂਸ ਵਾਂਗ ਆਪਣੀ ਹੀ ਸੁਆਹ ਵਿਚੋਂ ਫਿਰ ਪੈਦਾ ਹੋਣ ਦਾ ਸਿਲਸਿਲਾ ਜ਼ਾਰੀ ਰੱਖਿਆ। ਉਸ ਦਾ ਕਹਿਣਾ ਹੈ ਕਿ ਉਹ ਸੱਚਮੁੱਚ ਨਹੀਂ ਜਾਣਦੀ; ਪ੍ਰੰਤੂ ਉਹ ਜਾਣਦੀ ਹੈ ਕਿ ਹਰ ਲੜਾਈ ਹਾਰ ਜਾਣ ਤੋਂ ਬਾਅਦ, ਹਰ ਜ਼ਖਮ ਸਹਿ ਲੈਣ ਤੋਂ ਬਾਅਦ, ਉਨ੍ਹਾਂ ਨੇ ਆਪਣੀ ਆਤਮਾ ਨੂੰ ਅੰਧਕਾਰ ਅੱਗੇ ਨਹੀਂ ਹਾਰਿਆ। ਉਨ੍ਹਾਂ ਨੇ ਗੁਲਾਮੀ ਨੂੰ ਆਪਣੀ ਹੋਣੀ ਵੱਜੋਂ ਕਬੂਲ ਨਹੀਂ ਕੀਤਾ।
ਉਸ ਦਾ ਕਹਿਣਾ ਹੈ ਕਿ ਆਲਮੀ ਤਾਕਤਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਸਾਹਵੇਂ ਬਲੋਚ ਲੋਕਾਂ ਅਤੇ ਬਲੋਚਿਸਤਾਨ ਦੀ ਸ਼ਾਇਦ ਕੋਈ ਅਹਿਮੀਅਤ ਨਹੀਂ ਹੈ; ਇਸੇ ਲਈ, ਉਨ੍ਹਾਂ ਨੇ ਸਾਨੂੰ ਆਪਣੇ ਹਾਲ `ਤੇ ਛੱਡ ਦਿੱਤਾ ਹੈ। ਇਹ ਲੱਗ ਸਕਦਾ ਹੈ ਕਿ ਉਸ ਦੇ ਲੋਕ ਬਲੋਚਿਸਤਾਨ ਦੀ ਆਜ਼ਾਦੀ ਲਈ ਲੜ ਰਹੇ ਹਨ, ਪ੍ਰੰਤੂ ਅਸਲੀਅਤ ਵਿਚ, ਉਹ ਇਸ ਇੱਕ ਵਿਚਾਰਧਾਰਾ ਲਈ ਲੜ ਰਹੇ ਹਨ ਕਿ ਸਾਰੇ ਮਰਦ ਜਾਂ ਔਰਤਾਂ ਨੂੰ ਆਜ਼ਾਦ ਹੋਣ ਦਾ ਹੱਕ ਹੈ।
ਉਸ ਦਾ ਖਿਆਲ ਹੈ ਕਿ ਜੇ ਤੁਸੀਂ ਹਿੰਸਾ ਉਤੇ ਪਾਕਿਸਤਾਨ ਦੀ ਇਜ਼ਾਰੇਦਾਰੀ ਮੰਨਦੇ ਹੋ ਅਤੇ ਮੂਕ ਦਰਸ਼ਕਾਂ ਦੀ ਤਰ੍ਹਾਂ ਖੜੋ ਕੇ ਉਸ ਦੇ ਲੋਕਾਂ ਦਾ ਹੋ ਰਿਹਾ ਨਸਲੀ-ਸੰਘਾਰ ਦੇਖਦੇ ਰਹਿੰਦੇ ਹੋ, ਕਿਉਂਕਿ ਤੁਸੀਂ ਸੋਚਦੇ ਹੋ ਕਿ ਤਾਕਤਵਰ ਧਿਰ ਕਮਜ਼ੋਰ ਲੋਕਾਂ ਦੇ ਮੌਲਿਕ ਮਾਨਵੀ ਹੱਕਾਂ ਦੀ ਉਲੰਘਣਾ ਕਰ ਸਕਦੀ ਹੈ, ਤਾਂ ਤੁਸੀਂ ਮਾਨਵੀ ਨਸਲ ਦੀ ਮੱਦਦ ਨਹੀਂ ਕਰ ਰਹੇ। ਤੁਹਾਡੀਆਂ ਵਿਗਿਆਨ ਅਤੇ ਮਾਨਵੀ ਸਭਿੱਅਤਾ ਦੇ ਖੇਤਰ ਵਿਚ ਸਾਰੀਆਂ ਪ੍ਰਾਪਤੀਆਂ ਦੇ ਬਾਵਜੂਦ, ਤੁਸੀਂ ਮਨੁੱਖ ਜਾਤੀ ਦੀ ਸਹਾਇਤਾ ਨਹੀਂ ਕਰ ਰਹੇ। ਜੇ ਤੁਸੀਂ ਤਾਕਤਵਰ ਨੂੰ ਇਹ ਆਗਿਆ ਦਿੰਦੇ ਹੋ ਕਿ ਉਹ ਕਮਜ਼ੋਰ ਨੂੰ ਪ੍ਰੇਸ਼ਾਨ ਕਰੇ ਅਤੇ ਮਿਟਾ ਦੇਵੇ, ਤੁਸੀਂ ਇੱਕ ਹੋਰ ਔਸ਼ਵਿਸ (ਦੂਸਰੇ ਸੰਸਾਰ ਯੁੱਧ ਸਮੇਂ ਪੋਲੈਂਡ ਦੇ ਔਸ਼ਵਿਸ ਕਸਬੇ ਨੇੜੇ ਨਾਜ਼ੀਆਂ ਵੱਲੋਂ ਬਣਾਇਆ ਤਸੀਹਾ ਕੇਂਦਰ) ਵਾਪਰਨ ਦੀ ਆਗਿਆ ਦੇ ਰਹੇ ਹੋ।
ਉਹ ਅੱਗੇ ਹੋਰ ਕਹਿੰਦੀ ਹੈ ਕਿ ਜੇ ਤੁਸੀਂ ਯਾਜ਼ਿਦੀ ਔਰਤਾਂ ਅਤੇ ਬੱਚਿਆਂ ਦੀ ਗੁਲਾਮ ਮੰਡੀਆਂ ਵਿਚ ਵਿਕਰੀ `ਤੇ ਚੁੱਪ ਰਹਿੰਦੇ ਹੋ, ਤਾਂ ਤੁਹਾਨੂੰ ਇਹ ਆਸ ਨਹੀਂ ਰੱਖਣੀ ਚਾਹੀਦੀ ਕਿ ਇਹ ਉਥੇ ਬੰਦ ਹੋ ਜਾਵੇਗੀ। ਵਗੈਰ ਕੋਈ ਅਹਿਮੀਅਤ ਰੱਖਦੀਆਂ ਇਨ੍ਹਾਂ ਦੂਰ ਵਸੀਆਂ ਧਰਤੀਆਂ `ਤੇ ਮਾਨਵੀ ਅਜ਼ਾਦੀ ਤੇ ਇਹ ਸਮੂਹਕ ਕਬਰਾਂ, ਇਹ ਨਸਲੀ-ਸੰਘਾਰ ਅਤੇ ਹਮਲੇ ਤੁਹਾਡੇ ਘਰਾਂ ਦੀ ਸ਼ਾਂਤੀ ਵਿਚ, ਤੁਹਾਡੀਆਂ ਜ਼ਿੰਦਗੀਆਂ ਵਿਚ ਵੀ ਇਨ੍ਹਾਂ ਦਿਨਾਂ ਵਿਚ ਰੇਂਗਣਗੀਆਂ। ਬੇਇਨਸਾਫੀ ਦੀ ਘਟਨਾ ਵਿਚ ਕੋਈ ਮੂਕ ਦਰਸ਼ਕ ਨਹੀਂ ਹੁੰਦੇ। ਡੈਜ਼ਮੰਡ ਟੂਟੂ ਨੇ ਜਿਵੇਂ ਕਿਹਾ ਹੈ, “ਜੇ ਤੁਸੀਂ ਬੇਇਨਸਾਫੀ ਦੇ ਹਾਲਾਤਾਂ ਵਿਚ ਨਿਰਪੱਖ ਰਹਿੰਦੇ ਹੋ, ਤਾਂ ਤੁਸੀਂ ਜ਼ਾਲਿਮ ਦਾ ਪੱਖ ਚੁਣਿਆ ਹੈ।
ਕਰੀਮਾ ਆਜ਼ਾਦ ਕਹੇ ਜਾਂਦੇ ਸੰਸਾਰ ਦੀ ਬੇਰੁਖੀ ਕਾਰਨ ਇਸਲਾਮਿਕ ਪਾਕਿਸਤਾਨ ਅਤੇ ਉਸ ਦੀ ਕੱਟੜਪੰਥੀ ਫੌਜ ਦੇ ਹੱਥਾਂ ਵਿਚ ਆਪਣੇ ਲੋਕਾਂ ਦੀ ਉਤਰਜੀਵਤਾ ਲਈ ਚਿੰਤਿਤ ਹੈ।
ਉਹ ਇਸ ਤੱਥ ਨੂੰ ਦੁਹਰਾਉਂਦੀ ਹੈ ਕਿ ਅੱਜ ਦੇ ਦਿਨ, 70 ਸਾਲ ਪਹਿਲਾਂ ਉਨ੍ਹਾਂ ਨੇ ਅੰਗਰੇਜ਼ਾਂ ਤੋਂ ਆਜ਼ਾਦੀ ਹਾਸਿਲ ਕੀਤੀ ਸੀ। ਉਹ ਫਿਰ ਇਸ ਨੂੰ ਪਾਕਿਸਤਾਨ ਤੋਂ ਹਾਸਿਲ ਕਰਨਗੇ। ਉਹ ਕੁਕਨੂਸਾਂ ਦੀ ਕੌਮ ਹਨ। ਪਾਕਿਸਤਾਨ ਤੋਂ ਆਪਣੀ ਆਜ਼ਾਦੀ ਨੂੰ ਦੁਬਾਰਾ ਹਾਸਿਲ ਕਰਨ ਲਈ ਉਹ ਹਰ ਵਾਰ ਆਪਣੀ ਸੁਆਹ ਵਿਚੋਂ ਉੱਠਣਗੇ। ਇਹ “ਆਜ਼ਾਦ ਸੰਸਾਰ” ਉਤੇ ਮੁਨੱਸਰ ਹੈ ਕਿ ਕਿੰਨੀ ਵਾਰ ਇਹ ਉਨ੍ਹਾਂ ਨੂੰ ਸੁਆਹ ਹੁੰਦੇ ਦੇਖਣਾ ਚਾਹੁੰਦਾ ਹੈ, ਅਰਥਾਤ ਕਦੋਂ ਤੱਕ ਉਨ੍ਹਾਂ ਦੇ ਕਤਲੇਆਮ ਨੂੰ ਖਾਮੋਸ਼ ਹੋ ਕੇ ਤੱਕਦਾ ਰਹਿੰਦਾ ਹੈ। ਕਰੀਮਾ ਅਨੁਸਾਰ ਉਨ੍ਹਾਂ ਦਾ ਆਜ਼ਾਦ ਬਲੋਚਿਸਤਾਨ ਇੱਕ ਜਮੂਹਰੀ ਅਤੇ ਧਰਮ-ਨਿਰਪੱਖ ਸਟੇਟ ਹੋਵੇਗਾ।
ਕਰੀਮਾ ਬਲੋਚ ਦੀ ਆਪਣੇ ਲੋਕਾਂ ਦੀ ਕੁਕਨੂਸ ਨਾਲ ਇਸ ਤਸ਼ਬੀਹ ਤੋਂ ਮੈਨੂੰ ਅਠਾਰਵੀਂ ਸਦੀ ਵਿਚ ਮੀਰ ਮੰਨੂ ਵੱਲੋਂ ਸਿੱਖਾਂ ਦੇ ਲਗਾਤਾਰ ਕੀਤੇ ਜਾ ਰਹੇ ਨਸਲੀ-ਸੰਘਾਰ ਵੇਲੇ ਸਿੰਘਾਂ ਦਾ ਇੱਕ ਬੋਲਾ ਯਾਦ ਆ ਗਿਆ ਹੈ, ਜੋ ਉਹ ਹੱਸ ਕੇ ਦੁਹਰਾਉਂਦੇ ਸਨ, “ਮੰਨੂ ਸਾਡੀ ਦਾਤਰੀ ਤੇ ਅਸੀਂ ਮੰਨੂ ਦੇ ਸੋਏ। ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ।” ਸੋਏ ਸੌਂਫ ਦੀ ਜਾਤ ਦੇ ਹੀ ਬੀਜ ਹੁੰਦੇ ਹਨ। ਜੋ ਆਮ ਤੌਰ `ਤੇ ਬਰਸੀਮ ਦੀਆਂ ਵੱਟਾਂ `ਤੇ ਬੀਜੇ ਹੁੰਦੇ ਹਨ। ਇਨ੍ਹਾਂ ਨੂੰ ਜਿਵੇਂ ਜਿਵੇਂ ਵੱਢੀ ਜਾਉ, ਇਹ ਹੋਰ ਵੱਧ ਉੱਗਦੇ ਰਹਿੰਦੇ ਹਨ।
ਧਰਮ-ਨਿਰਪੇਖਤਾ ਅਤੇ ਜਮੂਹਰੀਅਤ, ਮਾਨਵੀ ਕੀਮਤਾਂ ਦੇ ਹਮਦਰਦ ਪਾਕਿਸਤਾਨੀ ਪਿਛੋਕੜ ਦੇ ਕੈਨੇਡੀਅਨ ਲੇਖਕ ਅਤੇ ਕਾਲਮਨਿਸਟ ਜਨਾਬ ਤਾਰਕ ਫਤਿਹ, ਜੋ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸਨ, ਨੇ ਦੱਸਿਆ ਕਿ ਪਾਕਿਸਤਾਨ ਲਗਾਤਾਰ ਬਲੋਚਾਂ ਨੂੰ ਖੂੰਜੇ ਲਾ ਰਿਹਾ ਹੈ। ਉਸ ਨੇ ਬਲੋਚਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਡੇਰਾ ਗਾਜ਼ੀਖਾਨ ਨੂੰ ਪਾਕਿਸਤਾਨੀ ਪੰਜਾਬ ਵਿਚ ਮਿਲਾ ਲਿਆ ਹੈ। ਜਨਾਬ ਤਾਰਿਕ ਫਤਿਹ ਅਨੁਸਾਰ ਪਾਕਿਸਤਾਨ ਵਿਚ ਅੱਜ ਕੱਲ ਬਹੁਤ ਸਾਰੇ ਨਕਲੀ ਬਲੋਚ ਆਪਣੇ ਨਾਂ ਪਿੱਛੇ ਬਲੋਚ ਲਾ ਕੇ ਰਹਿ ਰਹੇ ਹਨ, ਜੋ ਅਸਲ ਵਿਚ ਪੰਜਾਬੀ ਹਨ। ਜਨਾਬ ਤਾਰਿਕ ਫਤਿਹ ਨੇ ਇਹ ਵੀ ਖੁਲਾਸਾ ਕੀਤਾ ਕਿ ਪਾਕਿਸਤਾਨੀ ਪੰਜਾਬੀ ਆਪਣੀ ਮਾਂ-ਬੋਲੀ ਪੰਜਾਬੀ ਨੂੰ ਭੁਲਾ ਕੇ ਉਰਦੂ ਨੂੰ ਆਪਣੀ ਮਾਂ-ਬੋਲੀ ਦੱਸ ਰਹੇ ਹਨ ਅਤੇ ਬਾਕੀ ਪਾਕਿਸਤਾਨੀਆਂ ਤੇ ਵੀ ਠੋਸ ਰਹੇ ਹਨ, ਜਦ ਕਿ ਅਸਲ ਵਿਚ ਉਰਦੂ ਯੂ. ਪੀ.-ਬਿਹਾਰ ਤੋਂ ਹਿਜਰਤ ਕਰ ਕੇ ਪਾਕਿਸਤਾਨ ਵਿਚ ਆਏ ਥੋੜ੍ਹੇ ਜਿਹੇ ਲੋਕਾਂ ਦੀ ਬੋਲੀ ਹੈ। ਉਨ੍ਹਾਂ ਅਨੁਸਾਰ ਪਾਕਿਸਤਾਨ ਬਲੋਚਿਸਤਾਨ ਦੇ ਕੁਦਰਤੀ ਸ੍ਰੋਤਾਂ ਦੀ ਖੁਦਾਈ ਕਰਕੇ ਉਨ੍ਹਾਂ ਨੂੰ ਖਤਮ ਕਰ ਰਿਹਾ ਹੈ ਅਤੇ ਹੁਣ ਚੀਨ ਵੀ ਗਵਾਦਰ ਪੋਰਟ ਖੋਲ੍ਹ ਕੇ ਇਸ ਲੁੱਟ ਵਿਚ ਸ਼ਾਮਲ ਹੋ ਗਿਆ ਹੈ।
ਇਸ ਸਮਾਗਮ ਦੀ ਸਮਾਪਤੀ ਅਜ਼ਾਦੀ ਦੇ ਦਿਹਾੜੇ ਦੀ ਯਾਦ ਵਿਚ ਕੇਕ ਕੱਟ ਕੇ, ਸਮਾਗਮ ਵਿਚ ਸ਼ਾਮਲ ਹੋਏ ਮਹਿਮਾਨਾਂ ਦੀ ਚਾਹ ਅਤੇ ਸਨੈਕਸ ਨਾਲ ਸੇਵਾ ਕਰਕੇ ਕੀਤੀ ਗਈ।