ਆਰæਐਸ਼ਐਸ਼ ਵੱਲੋਂ ਉਚੇਚੇ ਤੌਰ ‘ਤੇ ਸ਼ਿੰਗਾਰੇ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਚੋਣ ਮੁਹਿੰਮ ਕਮੇਟੀ ਦੇ ਨਵੇਂ ਥਾਪੇ ਗਏ ਮੁਖੀ ਨਰੇਂਦਰ ਮੋਦੀ ਦਾ ਪਲੇਠਾ ਸਿਆਸੀ ਜਲਸਾ ਬਹੁਤਾ ਪ੍ਰਭਾਵ ਪਾਉਣੋਂ ਨਾਕਾਮ ਰਿਹਾ ਹੈ। ਪੰਜਾਬ ਦੇ ਕਸਬੇ ਮਾਧੋਪੁਰ ਵਿਚ ਹੋਏ ਇਸ ਜਲਸੇ ਵਿਚ ਉਨ੍ਹਾਂ ਨੇ ਅਗਲੀਆਂ ਲੋਕ ਸਭਾ ਚੋਣਾਂ ਦਾ ਬਿਗਲ ਵਜਾਇਆ, ਪਰ ਇਸ ਬਿਗਲ ਦੀ ਆਵਾਜ਼ ਬਹੁਤ ਮੱਧਮ ਜਿਹੀ ਰਹੀ। ਇਸ ਜਲਸੇ ਵਿਚ ਰੂਹ ਫੂਕਣ ਹਿਤ ਆਰæਐਸ਼ਐਸ਼ ਦੇ ਮੁਖੀ ਮੋਹਨ ਭਾਗਵਤ ਨੇ ਪਹਿਲਾਂ ਖੁਦ ਪੰਜਾਬ ਦਾ ਗੇੜਾ ਲਾਇਆ, ਪਰ ਇਸ ਨਾਲ ਵੀ ਗੱਲ ਬਣ ਨਾ ਸਕੀ। ਆਪਣੇ ਧੜੱਲੇਦਾਰ ਭਾਸ਼ਨਾਂ ਲਈ ਮਸ਼ਹੂਰ ਨਰੇਂਦਰ ਮੋਦੀ ਦੇ ਭਾਸ਼ਨ ਵੀ ਸਮਝੋ, ਦਹਿਲੀਜ਼ ਵੀ ਪਾਰ ਨਾ ਕਰ ਸਕੇ। ਉਨ੍ਹਾਂ ਨੇ ਭਾਸ਼ਨ ਦਾ ਮੁੱਖ ਮੁੱਦਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਰਾਹੀਂ ਚਲਾਏ ਜਾ ਰਹੇ ਦੋ ਸੱਤਾ ਕੇਂਦਰਾਂ ਨੂੰ ਬਣਾਇਆ, ਪਰ ਸੋਨੀਆ ਗਾਂਧੀ ਅਤੇ ਡਾæ ਮਨਮੋਹਨ ਸਿੰਘ ਦੀ ਇਸ ਤਰ੍ਹਾਂ ਦੀ ਆਲੋਚਨਾ ਕਿਸੇ ਨੂੰ ਵੀ ਬਹੁਤੀ ਜਚੀ ਨਹੀਂ। ਮੀਡੀਆ ਵਾਲਿਆਂ ਤਾਂ ਸਗੋਂ ਚੁਟਕੀਆਂ ਲਈਆਂ ਕਿ ਸੱਤਾ ਦੇ ਦੋ ਕੇਂਦਰ ਤਾਂ ਭਾਜਪਾ ਵਿਚ ਬਣੇ ਹੋਏ ਹਨ। ਉਨ੍ਹਾਂ (ਮੋਦੀ) ਨੂੰ ਖੁਦ ਚੋਣ ਕਮੇਟੀ ਦਾ ਮੁਖੀ ਲਾਉਣ ਤੋਂ ਬਾਅਦ ਪਾਰਟੀ ਅੰਦਰ ਜੋ ਘਸਮਾਣ ਪਿਆ ਸੀ, ਉਹ ਰੁਕਣ ਦੀ ਬਜਾਏ ਬਹੁਤ ਅਗਾਂਹ ਲੰਘ ਗਿਆ ਸੀ; ਇੰਨਾ ਅਗਾਂਹ ਕਿ ਪਹਿਲਾਂ ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਬਗਾਵਤ ਕੀਤੀ ਅਤੇ ਫਿਰ ਜਨਤਾ ਦਲ (ਯੂæ) ਵਰਗੀ ਪੁਰਾਣੀ ਭਾਈਵਾਲ ਪਾਰਟੀ ਨੇ ਵੀ ਐਨæਡੀæਏæ ਤੋਂ ਕਿਨਾਰਾ ਕਰ ਲਿਆ। ਨਰੇਂਦਰ ਮੋਦੀ 2002 ਵਿਚ ਗੁਜਰਾਤ ਵਿਚ ਮੁਸਲਮਾਨਾਂ ਦੇ ਕਤਲੇਆਮ ਤੋਂ ਬਾਅਦ ਬਦਨਾਮ ਹੋਏ ਸਨ। ਇਸ ਮੁੱਦੇ ‘ਤੇ ਉਨ੍ਹਾਂ ਦੀ ਬਹੁਤ ਦੁਰ-ਦੁਰ ਹੋਈ, ਭਾਵੇਂ ਉਹ ਲਗਾਤਾਰ ਇਸ ਨੁਕਤਾਚੀਨੀ ਨੂੰ ਅਣਗੌਲਿਆ ਕਰਦੇ ਰਹੇ। ਉਂਜ, ਇਸ ਮੁੱਦੇ ਦਾ ਇਕ ਅਹਿਮ ਤੱਥ ਇਹ ਵੀ ਹੈ ਕਿ 2002 ਦੇ ਉਸ ਕਾਰੇ ਕਰ ਕੇ ਉਹ ਅਜੇ ਤੱਕ ਅਮਰੀਕਾ ਦੀ ਧਰਤੀ ਉਤੇ ਪੈਰ ਨਹੀਂ ਪਾ ਸਕੇ; ਹਾਲਾਂਕਿ ਉਨ੍ਹਾਂ ਨੇ ਅਮਰੀਕਾ ਪੁੱਜਣ ਦੀ ਕੋਸ਼ਿਸ਼ ਕਈ ਵਾਰ ਕੀਤੀ। ਅਸਲ ਵਿਚ ਉਨ੍ਹਾਂ ਦੀ ਫਿਰਕੂ ਅਤੇ ਨਫਰਤ ਭਰੀ ਸਿਆਸਤ ਕਰ ਕੇ ਜਿੰਨੀ ਕੁ ਦੁਰਗਤ ਹੋਣੀ ਚਾਹੀਦੀ ਸੀ, ਉਹ ਹਰ ਮੋੜ ਅਤੇ ਹਰ ਦਰ ਉਤੇ ਹੋਈ। ਇਹ ਗੱਲ ਉਕਾ ਹੀ ਵੱਖਰੀ ਹੈ ਕਿ ਉਹ ਗੁਜਰਾਤ ਵਿਚ ਲਗਾਤਾਰ ਚੋਣਾਂ ਜਿੱਤ ਕੇ ਆਪਣੇ ਵਿਰੋਧੀਆਂ ਨੂੰ ਚੁੱਪ ਕਰ ਜਾਣ ਲਈ ਮਜਬੂਰ ਕਰਦੇ ਰਹੇ। ਉਨ੍ਹਾਂ ਦੀ ਜਿੱਤ ਦਾ ਦੂਜਾ ਪਾਸਾ ਫਰੋਲਿਆ ਜਾਵੇ ਤਾਂ ਹਰ ਕੋਈ ਇਸ ਨਤੀਜੇ ‘ਤੇ ਪੁੱਜਦਾ ਹੈ ਕਿ ਇਹ ਅਸਲ ਵਿਚ ਮੋਦੀ ਦੀਆਂ ਜਿੱਤਾਂ ਨਹੀਂ, ਸਗੋਂ ਗੁਜਰਾਤ ਸੂਬੇ ਵਿਚ ਕਾਂਗਰਸ ਦੀਆਂ ਨਾਲਾਇਕੀਆਂ ਅਤੇ ਹਾਰਾਂ ਹਨ ਜਿਸ ਕਰ ਕੇ ਇਹ ਬੰਦਾ ਜਿੱਤਦਾ ਰਿਹਾ ਹੈ। ਸੂਬੇ ਵਿਚ ਉਸ ਦੇ ਬਰਾਬਰ ਦੀ ਧਿਰ ਹੀ ਕੋਈ ਨਹੀਂ ਅਤੇ ਭ੍ਰਿਸ਼ਟ ਤੇ ਨਿਕੰਮੀ ਕਾਂਗਰਸ ਇਸ ਸੂਰਤ ਵਿਚ ਉਸ ਦਾ ਮੁਕਾਬਲਾ ਕਰਦੀ ਤਾਂ ਕਿੰਜ ਕਰਦੀ! ਹੁਣ ਵੀ ਸਿਆਸੀ ਵਿਸ਼ਲੇਸ਼ਣਕਾਰਾਂ ਦੀ ਰਾਏ ਹੈ ਕਿ ਜੇ ਲੋਕ ਸਭਾ ਚੋਣਾਂ ਵਿਚ ਮੋਦੀ ਦੀ ਧਿਰ ਅੱਗੇ ਰਹਿੰਦੀ ਹੈ ਤਾਂ ਇਸ ਵਿਚ ਮੋਦੀ ਦਾ ਕੋਈ ਖਾਸ ਯੋਗਦਾਨ ਨਹੀਂ ਹੋਵੇਗਾ, ਬਲਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਦੀਆਂ ਨਾਕਾਮੀਆਂ ਕਰ ਕੇ ਹੀ ਇਹ ਲੀਡ ਮਿਲੇਗੀ। ਨਰੇਂਦਰ ਮੋਦੀ ਆਪਣੇ ਕਰਮਾਂ ਅਤੇ ਭਾਸ਼ਨਾਂ ਵਿਚ ਜਿੰਨੀ ਨਫਰਤ ਛਿੜਕਦੇ ਹਨ, ਉਹ ਕਿਸੇ ਨੂੰ ਵੀ ਕਦੀ ਭੁੱਲਦੀ ਨਹੀਂ ਹੈ।
ਹੁਣ ਵਿਚਾਰਨ ਵਾਲਾ ਨੁਕਤਾ ਇਹ ਹੈ ਕਿ ਨਫਰਤ ਦੇ ਪਾਤਰ ਬਣੇ ਇਸ ਆਗੂ ਦੀ ਆਪਣੇ ਪੰਜਾਬ ਦੇ ਸ਼ਾਸ਼ਕਾਂ ਨਾਲ ਬੜੀ ਪੀਡੀ ਸਾਂਝ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਰੇਂਦਰ ਮੋਦੀ ਦੇ ਇਸ ਜਲਸੇ ਵਿਚ ਸ਼ਾਮਲ ਹੋਣ ਖਾਤਰ ਆਪਣਾ ਵਿਦੇਸ਼ ਦੌਰਾ ਵਿਚਾਲੇ ਛੱਡ ਦਿੱਤਾ। ਇਹ ਐਨ ਜੁਦੀ ਗੱਲ ਹੈ ਕਿ ਸਿਆਸੀ ਲਾਹਾ ਲੈਣ ਖਾਤਰ ਸ਼ ਬਾਦਲ ਨੇ ਲੋਕਾਂ ਨਂੂੰ ਇਹ ਕਿਹਾ ਹੈ ਕਿ ਉਹ ਹੇਮਕੁੰਟ ਦੇ ਯਾਤਰੂਆਂ ਦੇ ਦੁੱਖ ਦਰਦ ਸੁਣਨ ਲਈ ਵਿਦੇਸ਼ ਤੋਂ ਪਰਤ ਆਏ ਹਨ। ਖੈਰ! ਸ਼ਬਾਦਲ ਇੱਦਾਂ ਦੀ ਲੋਕ ਲੁਭਾਊ ਸਿਆਸਤ ਦੇ ਬਹੁਤ ਵੱਡੇ ਮਾਹਰ ਹਨ, ਇਹ ਤੱਥ ਉਨ੍ਹਾਂ ਦੇ ਵਿਰੋਧੀ ਵੀ ਮੰਨਦੇ ਹਨ; ਪਰ ਹੁਣ ਲੋਕਾਂ ਲਈ ਬਹਿਸ ਦਾ ਨੁਕਤਾ ਇਹ ਬਣਿਆ ਹੋਇਆ ਹੈ ਕਿ ਜੋ ਕੁਝ ਕਾਂਗਰਸ ਨੇ 1984 ਵਿਚ ਸਿੱਖਾਂ ਨਾਲ ਕੀਤਾ, ਉਹੀ ਕੁਝ ਨਰੇਂਦਰ ਮੋਦੀ ਨੇ 2002 ਵਿਚ ਮੁਸਲਮਾਨਾਂ ਨਾਲ ਕੀਤਾ; ਸਿੱਖ ਅਤੇ ਮੁਸਲਮਾਨ ਭਾਰਤ ਅੰਦਰ ਘੱਟ-ਗਿਣਤੀਆਂ ਹਨ; ਪਰ ਸ਼ ਬਾਦਲ ਮੁਸਲਮਾਨਾਂ ਦੇ ਕਾਤਲ ਮੰਨੇ ਜਾ ਰਹੇ ਨਰੇਂਦਰ ਮੋਦੀ ਨੂੰ ਅੱਖਾਂ ਦੀਆਂ ਪਲਕਾਂ ਉਤੇ ਬਿਠਾ ਰਹੇ ਹਨ; ਦੂਜੇ ਪਾਸੇ ਸਿੱਖਾਂ ਦੀ ਦੋਖੀ ਮੰਨੀ ਜਾਂਦੀ ਕਾਂਗਰਸ ਖਿਲਾਫ ਭਾਸ਼ਨ ਦਿੰਦੇ ਨਹੀਂ ਥੱਕਦੇ। ਇਕ ਵਾਰ ਪ੍ਰੈਸ ਕਾਨਫਰੰਸ ਵਿਚ ਅਜਿਹਾ ਕਸੂਤਾ ਸਵਾਲ ਪੁੱਛਣ ‘ਤੇ ਪ੍ਰਕਾਸ਼ ਸਿੰਘ ਬਾਦਲ ਬਹੁਤ ਔਖੇ ਹੋ ਗਏ ਸਨ ਅਤੇ ਸਵਾਲ ਪੁੱਛਣ ਵਾਲੇ ਪੱਤਰਕਾਰ ਮਗਰ ਕਈ ਸਾਲ ਪਏ ਰਹੇ ਸਨ। ਇਹ ਉਹੀ ਮੋਦੀ ਹੈ ਜਿਸ ਨਾਲ ਸਬੰਧਤ ਭਾਜਪਾ ਅਤੇ ਆਰæਐਸ਼ਐਸ਼ ਸਿੱਖਾਂ ਦੀ ਨਿਆਰੀ ਹਸਤੀ ਮੰਨਣ ਤੋਂ ਉਕਾ ਹੀ ਇਨਕਾਰੀ ਹਨ। ਇਹ ਮੋਦੀ ਦੀ ਬਾਦਲਾਂ ਨਾਲ ਸਾਂਝ ਦਾ ਹੀ ਮਸਲਾ ਹੈ ਕਿ ਉਹ ਆਪਣੇ ਪਲੇਠੇ ਅਹਿਮ ਜਲਸੇ ਲਈ ਪੰਜਾਬ ਦੀ ਚੋਣ ਕਰਦਾ ਹੈ; ਹਰ ਪਾਸਿਉਂ ਬਹੁਤ ਸਾਰੇ ਯਤਨਾਂ ਦੇ ਬਾਵਜੂਦ ਮੋਦੀ ਦੇ ਇਸ ਜਲਸੇ ਨੂੰ ਹੁੰਗਾਰਾ ਨਹੀਂ ਮਿਲਿਆ। ਮੀਡੀਆ ਨੇ ਵੀ ਕੋਈ ਖਾਸ ਨੋਟਿਸ ਨਹੀਂ ਲਿਆ। ਫਿਲਹਾਲ ਫਿਕਰ ਵਾਲੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਪੰਜਾਬ ਵਿਚ ਸ਼ ਬਾਦਲ ਦੇ ਬਰਾਬਰ ਕੋਈ ਹੋਰ ਤਕੜਾ ਬਦਲ ਉਸਰਦਾ ਨਜ਼ਰ ਨਹੀਂ ਆ ਰਿਹਾ, ਐਨ ਉਸੇ ਤਰ੍ਹਾਂ ਕੌਮੀ ਪੱਧਰ ‘ਤੇ ਮੋਦੀ ਦੇ ਖਿਲਾਫ ਕੋਈ ਦਮਦਾਰ ਲੀਡਰਸ਼ਿਪ ਨਹੀਂ। ਕੇਂਦਰ ਵਿਚ ਜੇ ਮੋਦੀ ਦੇ ਬਰਾਬਰ ਰਾਹੁਲ ਗਾਂਧੀ ਨੂੰ ਉਭਾਰਿਆ ਜਾ ਰਿਹਾ ਹੈ ਤਾਂ ਫਿਰ ਸਿੱਧੀ ਜਿਹੀ ਗੱਲ ਹੈ ਕਿ ਮੋਦੀ ਨੇ ਅਗਾਂਹ ਆਉਣਾ ਹੀ ਆਉਣਾ ਹੈ। ਅਸਲ ਵਿਚ ਭਾਰਤ ਵਿਚ ਮੋਦੀਆਂ, ਬਾਦਲਾਂ ਅਤੇ ਰਾਹੁਲਾਂ ਖਿਲਾਫ ਕਣਦਾਰ ਅਤੇ ਦਮਦਾਰ ਸਿਆਸਤ ਉਸਰਨੀ ਅਜੇ ਬਾਕੀ ਹੈ; ਨਹੀਂ ਤਾਂ ਮੋਦੀ ਵਰਗੇ ਨਫਰਤਾਂ ਦੇ ਸੌਦਾਗਰ ਹੀ ਜਿੱਤਦੇ ਰਹਿਣਗੇ!
Leave a Reply