ਕਿਸਾਨਾਂ ਨੇ ਥਾਲੀਆਂ ਖੜਕਾ ਕੇ ਕੀਤਾ ‘ਮਨ ਕੀ ਬਾਤ` ਦਾ ਵਿਰੋਧ

ਨਵੀਂ ਦਿੱਲੀ: ਦਿੱਲੀ ਦੇ ਮੁੱਖ ਰਾਜ ਮਾਰਗਾਂ ‘ਤੇ ਕਿਸਾਨਾਂ ਵੱਲੋਂ ਤਿੰਨਾਂ ਖੇਤੀਬਾੜੀ ਕਾਨੂੰਨਾਂ ਖਿਲਾਫ ਦਿੱਤੇ ਜਾ ਰਹੇ ਧਰਨਿਆਂ ਦੌਰਾਨ ਹਜ਼ਾਰਾਂ ਕਿਸਾਨਾਂ, ਨੌਜਵਾਨਾਂ ਤੇ ਮਜ਼ਦੂਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਕਾਸ਼ਵਾਣੀ ਤੋਂ ਪ੍ਰਸਾਰਿਤ ਹੁੰਦੇ ਮਹੀਨਾਵਾਰ ਪ੍ਰੋਗਰਾਮ ‘ਮਨ ਕੀ ਬਾਤ‘ ਦਾ ਥਾਲੀਆਂ ਖੜਕਾ ਕੇ ਵਿਰੋਧ ਕੀਤਾ।

ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਵੀ ਉਕਤ ਪ੍ਰੋਗਰਾਮ ਦਾ ਥਾਲੀਆਂ, ਪੀਪੇ, ਡਰੰਮ ਦੇ ਵੱਡੇ ਢੱਕਣ ਖੜਕਾ ਕੇ ਤਿੰਨਾਂ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ ਹੈ। ਸਿੰਘੂ, ਟਿਕਰੀ, ਗਾਜ਼ੀਪੁਰ ਤੇ ਪਲਵਲ ਦੇ ਧਰਨਿਆਂ ‘ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੇ ਐਲਾਨ ਮੁਤਾਬਕ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਰਮਪਿਤ ਧਾਰਮਿਕ ਸਮਾਗਮ ਕਰਵਾਏ ਗਏ। ਇਸ ਮੌਕੇ ਦੋ ਮਿੰਟ ਦਾ ਮੌਨ ਧਾਰ ਕੇ ਨਿੱਕੀਆਂ ਜਿੰਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਿੰਘੂ ਧਰਨੇ ‘ਤੇ ਦੋ ਦਿਨ 27 ਤੇ 28 ਦਸੰਬਰ ਨੂੰ ਭੁੱਖ ਹੜਤਾਲ ਮੁਲਤਵੀ ਕੀਤੀ ਗਈ ਤੇ ਸਿਰਫ ਧਾਰਮਿਕ ਸਮਾਗਮ ਕਰਨ ਦਾ ਫੈਸਲਾ ਕੀਤਾ ਗਿਆ। ਗਾਜ਼ੀਪੁਰ, ਟਿਕਰੀ ਤੇ ਪਲਵਲ ‘ਚ ਲੜੀਵਾਰ ਭੁੱਖ ਹੜਤਾਲ ਜਾਰੀ ਰਹੀ।
ਪ੍ਰਧਾਨ ਮੰਤਰੀ ਦਾ ‘ਮਨ ਕੀ ਬਾਤ` ਪ੍ਰੋਗਰਾਮ ਜਿਵੇਂ ਹੀ ਸ਼ੁਰੂ ਹੋਇਆ ਤਾਂ ਸਿੰਘੂ `ਚ ਕਿਸਾਨਾਂ ਨੇ ਕੇ.ਐਫ.ਸੀ. ਤੋਂ ਪਿੱਛੇ ਕੌਮੀ ਮਾਰਗ-1 `ਤੇ ਥਾਲੀਆਂ ਖੜਕਾ ਕੇ ਉਸੇ ਤਰਜ਼ `ਤੇ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਜਿਵੇਂ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਕਰੋਨਾ ਯੋਧਿਆਂ ਲਈ ਥਾਲੀਆਂ ਖੜਕਾਉਣ ਦਾ ਸੱਦਾ ਦਿੱਤਾ ਸੀ। ਆਲ ਇੰਡੀਆ ਸੰਘਰਸ਼ ਤਾਲਮੇਲ ਕਮੇਟੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਦੀ ਨਿੰਦਾ ਕੀਤੀ ਗਈ ਹੈ।
ਕਿਸਾਨ ਆਗੂ ਸਤਨਾਮ ਸਿੰਘ ਸਾਹਨੀ ਨੇ ਦੱਸਿਆ ਕਿ ਮੋਰਚੇ ਵੱਲੋਂ ਦਿੱਤੇ ਸੱਦੇ ਮੁਤਾਬਕ ਹਰ ਧਰਨੇ ਉਪਰ ਥਾਲੀਆਂ ਖੜਕਾਈਆਂ ਗਈਆਂ ਹਨ। ਟਿਕਰੀ ਤੇ ਗਾਜ਼ੀਪੁਰ, ਪਲਵਲ, ਸ਼ਾਹਜਹਾਂਪੁਰ ਧਰਨਿਆਂ `ਤੇ ਰੋਸ ਵਜੋਂ ਥਾਲੀਆਂ ਖੜਕਾਈਆਂ ਗਈਆਂ। ਸ੍ਰੀ ਸਾਹਨੀ ਨੇ ਕਿਹਾ ਕਿ ਕੇਂਦਰ ਸਰਕਾਰ ਇਕ ਲੱਖ ਕਰੋੜ ਰੁਪਏ ਪਿੰਡਾਂ ਵਿਚ ਕਾਰਪੋਰੇਟ ਤੇ ਵਿਦੇਸ਼ੀ ਕੰਪਨੀਆਂ ਦੇ ਨਿਵੇਸ਼ ਉਪਰ ਖਰਚ ਕਰਨ ਜਾ ਰਹੀ ਹੈ। ਇਹ ਖੁਦ ਹੀ ਬਰਬਾਦੀ ਦਾ ਰਾਹ ਹੈ ਨਾ ਕਿ ‘ਆਤਮਨਿਰਭਰਤਾ` ਦਾ।
____________________________________
ਦੋ ਕਰੋੜ ਕਿਸਾਨਾਂ ਦੇ ਦਸਤਖਤਾਂ ਵਾਲਾ ਪੱਤਰ ਰਾਸ਼ਟਰਪਤੀ ਨੂੰ ਸੌਂਪਿਆ
ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਸਰਕਾਰ ‘ਤੇ ਹਮਲੇ ਤੇਜ ਕਰਦਿਆਂ ਕਾਂਗਰਸ ਨੇ ਪਾਰਟੀ ਹੈੱਡਕੁਆਰਟਰ ਦੇ ਬਾਹਰ ਜੋਰਦਾਰ ਮੁਜਾਹਰਾ ਕੀਤਾ। ਰਾਸ਼ਟਰਪਤੀ ਭਵਨ ਵੱਲ ਮਾਰਚ ਕੱਢਣ ਤੋਂ ਰੋਕੇ ਜਾਣ ‘ਤੇ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਪਾਰਟੀ ਦੇ ਸੰਸਦ ਮੈਂਬਰ ਦਫਤਰ ਦੇ ਬਾਹਰ ਧਰਨੇ ‘ਤੇ ਬੈਠ ਗਏ ਜਿਨ੍ਹਾਂ ਨੂੰ ਪੁਲਿਸ ਨੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਹਿਰਾਸਤ ‘ਚ ਲੈ ਲਿਆ।
ਕਾਂਗਰਸ ਨੇ ਪਾਰਟੀ ਦਫਤਰ ਅਕਬਰ ਰੋਡ ਤੋਂ ਰਾਸ਼ਟਰਪਤੀ ਭਵਨ ਤੱਕ ਰੋਸ ਮਾਰਚ ਕੱਢਣ ਦੀ ਯੋਜਨਾ ਬਣਾਈ ਸੀ ਜਿਥੇ ਕਾਂਗਰਸ ਆਗੂਆਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰਕੇ ਦੋ ਕਰੋੜ ਕਿਸਾਨਾਂ ਦੇ ਦਸਤਖਤਾਂ ਵਾਲਾ ਮੰਗ ਪੱਤਰ ਸੌਂਪਣਾ ਸੀ। ਦਿੱਲੀ ਪੁਲਿਸ ਨੇ ਕਾਂਗਰਸ ਦਫਤਰ ਸਮੇਤ ਰਾਸ਼ਟਰਪਤੀ ਭਵਨ ਦੇ ਆਲੇ-ਦੁਆਲੇ ਧਾਰਾ 144 ਲਾਈ ਹੋਈ ਸੀ ਜਿਸ ਕਾਰਨ ਵਿਰੋਧ ਕਰ ਰਹੇ ਕਾਂਗਰਸ ਆਗੂਆਂ ਨੂੰ ਹਿਰਾਸਤ ‘ਚ ਲੈ ਕੇ ਮੰਦਿਰ ਮਾਰਗ ਪੁਲਿਸ ਸਟੇਸ਼ਨ ਲਿਜਾਇਆ ਗਿਆ।
ਇਸ ਦੌਰਾਨ ਰਾਹੁਲ ਗਾਂਧੀ, ਰਾਜ ਸਭਾ ‘ਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜਾਦ ਅਤੇ ਲੋਕ ਸਭਾ ‘ਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ।
ਬਾਅਦ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਨੇ ਕਿਹਾ, “ਅਸੀਂ ਰਾਸ਼ਟਰਪਤੀ ਨੂੰ ਦੱਸਿਆ ਕਿ ਕਾਨੂੰਨ ਕਿਸਾਨ ਵਿਰੋਧੀ ਹਨ ਅਤੇ ਇਨ੍ਹਾਂ ਨਾਲ ਕਿਸਾਨਾਂ ਤੇ ਕਿਰਤੀਆਂ ਨੂੰ ਨੁਕਸਾਨ ਸਹਿਣਾ ਪਵੇਗਾ। ਸਰਕਾਰ ਆਖ ਰਹੀ ਹੈ ਕਿ ਇਹ ਕਾਨੂੰਨ ਕਿਸਾਨਾਂ ਦੇ ਹੱਕ ‘ਚ ਹਨ ਪਰ ਮੁਲਕ ਦੇਖ ਰਿਹਾ ਹੈ ਕਿ ਕਿਸਾਨ ਇਨ੍ਹਾਂ ਕਾਨੂੰਨਾਂ ਖਿਲਾਫ ਹਨ। ਕਿਸਾਨ ਉਦੋਂ ਤੱਕ ਨਹੀਂ ਪਰਤਣਗੇ ਜਦੋਂ ਤੱਕ ਕਿ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਲਿਆ ਜਾਂਦਾ ਹੈ। ਸਰਕਾਰ ਨੂੰ ਸੰਸਦ ਦਾ ਸਾਂਝਾ ਇਜਲਾਸ ਸੱਦ ਕੇ ਇਹ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ।“ ਕਾਂਗਰਸ ਆਗੂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵੀ ਕਿਸਾਨਾਂ ਨਾਲ ਖੜ੍ਹੀਆਂ ਹਨ। ‘ਕਾਨੂੰਨ ਜਿਸ ਢੰਗ ਨਾਲ ਬਿਨਾਂ ਬਹਿਸ ਅਤੇ ਵਿਚਾਰ ਵਟਾਂਦਰੇ ਦੇ ਪਾਸ ਕੀਤੇ ਗਏ ਹਨ, ਉਹ ਵਾਪਸ ਲਏ ਜਾਣ ਦੀ ਲੋੜ ਹੈ।‘ ਇਸ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਵਾਡਰਾ ਨੇ ਦੋਸ਼ ਲਾਇਆ ਕਿ ਸਰਕਾਰ ਅੰਦੋਲਨਕਾਰੀ ਕਿਸਾਨਾਂ ਨੂੰ ਬਦਨਾਮ ਕਰਨ ਲਈ ਉਨ੍ਹਾਂ ਦਾ ਅਕਸ ਵਿਗਾੜ ਕੇ ਵੱਡਾ ਪਾਪ ਕਰ ਰਹੀ ਹੈ। ‘ਜੇ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਦੇਸ਼ਧ੍ਰੋਹ ਕਰਾਰ ਦੇ ਰਹੀ ਹੈ ਤਾਂ ਇਹ ਪਾਪ ਹੈ।’