ਖੇਤੀ ਕਾਨੂੰਨ: ਪੰਜਾਬੀਆਂ ਦੇ ਜਜ਼ਬੇ ਨੇ ਪੂਰੇ ਮੁਲਕ ਵਿਚ ਭਰਿਆ ਜੋਸ਼

ਨਵੀਂ ਦਿੱਲੀ: ਪੰਜਾਬ, ਹਰਿਆਣਾ ਤੇ ਉਤਰ ਪ੍ਰਦੇਸ਼ ਦੇ ਕਿਸਾਨਾਂ ਤੋਂ ਬਾਅਦ ਹੁਣ ਮਹਾਰਾਸ਼ਟਰ ਅਤੇ ਹੋਰ ਸੂਬਿਆਂ ਦੇ ਕਿਸਾਨ ਵੀ ਦਿੱਲੀ ਪੁੱਜ ਗਏ ਹਨ। ਜਿਕਰਯੋਗ ਹੈ ਕਿ ਕੁਝ ਸਿਆਸੀ ਧਿਰਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਸਿਰਫ ਦੋ ਰਾਜਾਂ ਦੇ ਕਿਸਾਨਾਂ ਵੱਲੋਂ ਹੀ ਤਿੰਨਾਂ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਕਿਸਾਨ ਟਿਕਰੀ ਵਿਖੇ ਪਹਿਲੇ ਜਥੇ ਦੇ ਰੂਪ ਵਿਚ ਪਹੁੰਚੇ ਹਨ।

ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਤੇ ਇਸ ਕੌਮੀ ਅੰਦੋਲਨ ‘ਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਗਿਆ। ਮਹਾਰਾਸ਼ਟਰ ਦੇ 21 ਜਿਲ੍ਹਿਆਂ ਦੇ ਇਹ ਕਿਸਾਨ ਨਾਸਿਕ ਤੋਂ ਚੱਲੇ ਸਨ। ਉਨ੍ਹਾਂ ਦੱਸਿਆ ਕਿ ਰਾਜਸਥਾਨ ਤੋਂ ਵੀ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰ ਦਿੱਤਾ ਹੈ। ਟਿਕਰੀ ਦਾ ਧਰਨਾ ਹੁਣ ਸਭ ਤੋਂ ਜ਼ਿਆਦਾ ਇਕੱਠ ਵਾਲੀ ਥਾਂ ਬਣ ਗਿਆ ਹੈ। ਗਾਜ਼ੀਪੁਰ ਬਾਰਡਰ ਤੋਂ ਕਿਸਾਨ ਆਗੂ ਹਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਉੱਤਰਾਖੰਡ, ਉਤਰ ਪ੍ਰਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਵੀ ਕਿਸਾਨਾਂ ਦਾ ਧਰਨੇ ਵਿਚ ਟਰੈਕਟਰ-ਟਰਾਲੀਆਂ ਸਮੇਤ ਪਹੁੰਚਣ ਦਾ ਸਿਲਸਿਲਾ ਜਾਰੀ ਹੈ। ਸਿੰਘੂ ਧਰਨੇ ਵਿਚ ਵੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਿਸਾਨ ਸ਼ਾਮਲ ਹੋਣ ਲੱਗੇ ਹਨ। ਵੇਰਵਿਆਂ ਮੁਤਾਬਕ ਰਾਜਸਥਾਨ ਤੋਂ ਦਿੱਲੀ ਲਈ ਤੁਰੇ ਕਰੀਬ ਦੋ ਹਜਾਰ ਕਿਸਾਨ ਹਰਿਆਣਾ-ਰਾਜਸਥਾਨ ਬਾਰਡਰ ਉਤੇ ਪਹੁੰਚ ਗਏ ਹਨ। ਕਿਸਾਨਾਂ ਨੂੰ ਹਰਿਆਣਾ ਵਿਚ ਦਾਖਲ ਹੋਣ ਤੋਂ ਰੋਕਣ ਲਈ ਹਰਿਆਣਾ ਪੁਲਿਸ ਵੱਡੀ ਗਿਣਤੀ ਵਿਚ ਤਾਇਨਾਤ ਕੀਤੀ ਗਈ ਹੈ। ਇਸ ਤੋਂ ਇਲਾਵਾ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਬੈਰੀਕੇਡਿੰਗ ਵੀ ਕੀਤੀ ਗਈ ਹੈ। ਹੱਦ ਉਤੇ ਕਿਸਾਨ ਹੋਰਨਾਂ ਕਿਸਾਨ ਸੰਗਠਨਾਂ ਦੀ ਉਡੀਕ ਕਰ ਰਹੇ ਹਨ ਤਾਂ ਕਿ ਦਿੱਲੀ ਵੱਲ ਵਧਿਆ ਜਾ ਸਕੇ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਹੇਠ ਪੰਜਾਬ ਦੇ ਪੰਜ ਜਿਲ੍ਹਿਆਂ ਸੰਗਰੂਰ, ਬਰਨਾਲਾ, ਲੁਧਿਆਣਾ, ਬਰਨਾਲਾ ਤੇ ਮਾਨਸਾ ਨਾਲ ਸਬੰਧਤ ਕਰੀਬ 15 ਹਜ਼ਾਰ ਕਿਸਾਨਾਂ ਦਾ ਵੱਡਾ ਕਾਫਲਾ ਸੈਂਕੜੇ ਵਾਹਨਾਂ ਰਾਹੀਂ ਖਨੌਰੀ ਬਾਰਡਰ ਤੋਂ ਦਿੱਲੀ ਮੋਰਚੇ ‘ਚ ਸ਼ਾਮਲ ਹੋਣ ਲਈ ਪੁੱਜਿਆ। ਖਨੌਰੀ ਬਾਰਡਰ ‘ਤੇ ਦਿੱਲੀ ਕੂਚ ਕਰਨ ਵਾਲੇ ਕਿਸਾਨਾਂ, ਕਿਸਾਨ ਬੀਬੀਆਂ, ਬੱਚਿਆਂ ਅਤੇ ਨੌਜਵਾਨਾਂ ਦਾ ਹੜ੍ਹ ਆਇਆ ਹੋਇਆ ਸੀ ਜੋ ਕਿ ਟਰੈਕਟਰ-ਟਰਾਲੀਆਂ, ਬੱਸਾਂ, ਟਰੱਕਾਂ, ਜੀਪਾਂ, ਟੈਂਪੂਆਂ ਤੇ ਹੋਰ ਵਾਹਨਾਂ ‘ਚ ਸਵਾਰ ਸਨ। ਸੰਘਣੀ ਧੁੰਦ ਅਤੇ ਠੰਢ ਦੀ ਪ੍ਰਵਾਹ ਨਾ ਕਰਦਿਆਂ ਹਜ਼ਾਰਾਂ ਕਿਸਾਨ ਵੱਖ ਵੱਖ ਸਾਧਨਾਂ ਰਾਹੀਂ ਖਨੌਰੀ ਬਾਰਡਰ ‘ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ।
ਉਧਰ, ਪੰਜਾਬ ਭਰ ਵਿਚ ਕਿਸਾਨਾਂ ਨੇ ਖੇਤੀ ਕਾਨੂੰਨਾਂ ਵਿਰੁਧ ਚੱਲਦਾ ਸੰਘਰਸ਼ ਤੇਜ਼ ਕਰ ਦਿੱਤਾ ਹੈ। ਸੂਬੇ ਵਿਚ ਕਿਸਾਨਾਂ ਨੇ ਇਕਮੁਠਤਾ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਆਗੂਆਂ ਦਾ ਘਿਰਾਓ ਕੀਤਾ। ਮਾਝਾ, ਮਾਲਵਾ ਅਤੇ ਦੋਆਬਾ ਤਿੰਨਾਂ ਖਿੱਤਿਆਂ ਦੇ ਕਿਸਾਨਾਂ ਨੇ ਇਕੋ ਸੁਰ ਸੱਤਾਧਾਰੀ ਪਾਰਟੀ ਦੇ ਆਗੂਆਂ ਖਿਲਾਫ ਸੰਘਰਸ਼ ਤੇਜ਼ ਕਰਨ ਦਾ ਸੱਦਾ ਵੀ ਦਿੱਤਾ। ਉਧਰ, ਕਿਸਾਨਾਂ ਵੱਲੋਂ ਪਿਛਲੇ ਤਿੰਨ ਮਹੀਨਿਆਂ ਤੋਂ ਕੀਤਾ ਟੌਲ ਪਲਾਜ਼ਿਆਂ, ਰੇਲਵੇ ਸਟੇਸ਼ਨਾਂ ਦੇ ਪਾਰਕਾਂ, ਭਾਜਪਾ ਆਗੂਆਂ ਦੇ ਘਰਾਂ, ਪੈਟਰੋਲ ਪੰਪਾਂ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਅਤੇ ਸ਼ਾਪਿੰਗ ਮਾਲਜ਼ ਦਾ ਘਿਰਾਓ ਜਾਰੀ ਰੱਖਿਆ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਦੱਸਣਾ ਹੈ ਕਿ ਸੂਬੇ ਵਿਚ ਤਕਰੀਬਨ 200 ਥਾਵਾਂ ‘ਤੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤੇ ਗਏ।
____________________________________________
ਠੰਢ ਵਿਚ ਵੀ ਕਿਸਾਨਾਂ ਦੇ ਹੌਂਸਲੇ ਬੁਲੰਦ
ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ-ਮਜਦੂਰ ਸੰਘਰਸ਼ ਕਮੇਟੀ ਦਾ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਦੇ ਬਾਹਰ ਲੱਗਾ ਧਰਨਾ ਕੜਾਕੇ ਦੀ ਠੰਢ ਦੇ ਬਾਵਜੂਦ ਜਾਰੀ ਹੈ। ਇਸ ਦੌਰਾਨ ਸੰਬੋਧਨ ਕਰਦਿਆਂ ਗੁਰਬਚਨ ਸਿੰਘ ਚੱਬਾ, ਹਰਪ੍ਰੀਤ ਸਿੰਘ ਸਿੱਧਵਾਂ, ਜਰਮਨਜੀਤ ਸਿੰਘ ਬੰਡਾਲਾ ਤੇ ਰੇਸ਼ਮ ਸਿੰਘ ਘੁਰਕਵਿੰਡ ਨੇ ਕਿਹਾ ਇਹ ਸੰਘਰਸ਼ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨੀ ਸੰਘਰਸ਼ ਨੂੰ ਲਮਕਾਉਣ ਲਈ ਚਿੱਠੀ-ਪੱਤਰ ਦਾ ਸਹਾਰਾ ਲੈ ਕੇ ਕਈ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ ਅਤੇ ਘੋਲ ਨੂੰ ਠੰਢਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਮੋਦੀ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਲਗਾਤਾਰ ਮੁੱਕਰਦੀ ਆ ਰਹੀ ਹੈ ਜਿਸ ਕਾਰਨ ਕਿਸਾਨਾਂ, ਵਪਾਰੀਆਂ ਤੇ ਆਮ ਵਰਗ ਦਾ ਮੋਦੀ ਸਰਕਾਰ ਤੋਂ ਵਿਸ਼ਵਾਸ ਉਠ ਚੁੱਕਿਆ ਹੈ।