ਪੰਜਾਬ ਵਿਚ ਕਾਰਪੋਰੇਟਾਂ ਖਿਲਾਫ ਮੁਹਿੰਮ ਹੋਰ ਤੇਜ਼ ਕਰਨ ਦਾ ਸੱਦਾ

ਚੰਡੀਗੜ੍ਹ: ਪੰਜਾਬ ਵਿਚ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਦੌਰਾਨ ਕਿਸਾਨਾਂ ਨੇ ਸੱਦਾ ਦਿੱਤਾ ਹੈ ਕਿ ਕਾਲੇ ਕਾਨੂੰਨ ਵਾਪਸ ਕਰਾਉਣ ਲਈ ਭਾਰਤੀ ਜਨਤਾ ਪਾਰਟੀ ਦੇ ਆਗੂਆਂ, ਅੰਬਾਨੀ ਅਤੇ ਅਡਾਨੀ ਖਿਲਾਫ ਸੰਘਰਸ਼ ਤੇਜ਼ ਕੀਤਾ ਜਾਵੇ। ਕਿਸਾਨਾਂ ਦੇ ਐਲਾਨ ਮਗਰੋਂ ਸੂਬਾਈ ਪੁਲਿਸ ਨੇ ਭਾਜਪਾ ਆਗੂਆਂ ਦੀ ਸੁਰੱਖਿਆ ਵਧਾ ਦਿੱਤੀ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਸੂਬੇ ਵਿਚ 100 ਤੋਂ ਵੱਧ ਥਾਵਾਂ ‘ਤੇ ਧਰਨੇ ਮੁਜ਼ਾਹਰੇ ਕੀਤੇ ਗਏ। ਕਿਸਾਨਾਂ ਨੂੰ ਭਾਜਪਾ ਨੇਤਾਵਾਂ ਅਤੇ ਕਾਰਪੋਰੇਟ ਘਰਾਣਿਆਂ ਖਿਲਾਫ ਮੁਹਿੰਮ ਤੇਜ਼ ਕਰਨ ਦਾ ਸੱਦਾ ਦਿੱਤਾ ਹੈ ਤਾਂ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਦੋਹਾਂ ਜੋਟੀਦਾਰਾਂ ਅਨਿਲ ਅੰਬਾਨੀ ਅਤੇ ਗੌਤਮ ਅਡਾਨੀ ਤੱਕ ਸੰਘਰਸ਼ ਦਾ ਸੇਕ ਪਹੁੰਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਖਨੌਰੀ ਅਤੇ ਡੱਬਵਾਲੀ ਤੋਂ ਹਰਿਆਣਾ ਤੋਂ ਦਿੱਲੀ ਨੂੰ ਜਾਂਦੇ ਮਾਰਗਾਂ ‘ਤੇ ਪੈਂਦੇ ਟੌਲ ਪਲਾਜ਼ਿਆਂ ਤੋਂ ਵਸੂਲੀ ਬੰਦ ਕਰਵਾ ਦਿੱਤੀ ਹੈ। ਕੇਂਦਰੀ ਮੰਤਰੀਆਂ, ਮੀਡੀਆ ਦੇ ਇਕ ਹਿੱਸੇ ਅਤੇ ਭਾਜਪਾ ਵੱਲੋਂ ਕਿਸਾਨ ਅੰਦੋਲਨ ਖਿਲਾਫ ਚੱਲ ਰਹੇ ਕੂੜ ਪ੍ਰਚਾਰ ਨੂੰ ਵੀ ਕਿਸਾਨ ਮਾਤ ਦੇ ਰਹੇ ਹਨ। ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਨੇ ਜੀਓ ਕੰਪਨੀ ਦੀਆਂ ਸਿੰਮਾਂ ਤੇ ਹੋਰ ਵਸਤਾਂ ਦਾ ਵਿਰੋਧ ਹੋਰ ਤੇਜ਼ ਕਰਨ ਲਈ ਜੋਰਦਾਰ ਮੁਹਿੰਮ ਵਿੱਢਣ ਦਾ ਐਲਾਨ ਕੀਤਾ ਹੈ। ਜਥੇਬੰਦੀਆਂ ਵਲੋਂ ਪੰਜਾਬ ਅੰਦਰ ਮਾਝਾ, ਦੁਆਬਾ ਅਤੇ ਮਾਲਵਾ ਆਧਾਰਿਤ ਤਿੰਨ ਕੇਂਦਰ ਬਣਾਏ ਗਏ ਹਨ, ਜੋ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤਹਿਤ ਜੀਓ ਕੰਪਨੀ ਦੀਆਂ ਸਿੰਮਾਂ, ਅਡਾਨੀ, ਅੰਬਾਨੀ ਅਤੇ ਪਤੰਜਲੀ ਦੀਆਂ ਵਸਤਾਂ ਦਾ ਬਾਈਕਾਟ ਕਰਨ ਦੀ ਮੁਹਿੰਮ ਤੇਜ ਕਰਨਗੇ।
ਜਥੇਬੰਦੀਆਂ ਨੇ ਜਲੰਧਰ ‘ਚ ਭਾਜਪਾ ਆਗੂ ਦੇ ਘਰ ਅੱਗੇ ਪ੍ਰਦਰਸ਼ਨ ਕਰਨ ਜਾ ਰਹੇ ਕਿਸਾਨਾਂ ਉਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਤੇ ਦਿੱਲੀ ਮੋਰਚੇ ‘ਤੇ ਰਹੇ ਕਿਸਾਨਾਂ ਉੱਤੇ ਦੇਸ ਦੀਆਂ ਵੱਖ-ਵੱਖ ਥਾਵਾਂ ‘ਤੇ ਪੁਲਿਸ ਵੱਲੋਂ ਧੱਕੇਸ਼ਾਹੀ ਕਰਨ ਦੀ ਨਿੰਦਾ ਵੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੀ ਮੋਦੀ ਦੇ ਰਾਹਾਂ ਉਤੇ ਚੱਲਦੀ ਹੋਈ ਅੰਦੋਲਨ ਨੂੰ ਅਸਿੱਧੇ ਢੰਗ ਨਾਲ ਅਸਫਲ ਬਣਾਉਣਾ ਚਾਹੁੰਦੀ ਹੈ।
___________________________________
ਹੁਣ ਕਿਸਾਨ ਅੰਦੋਲਨ ਦੇ ਪੱਖ ‘ਚ ਹਿੰਦੀ ਵਿਚ ਵੰਡੀ ਜਾਵੇਗੀ ਪ੍ਰਚਾਰ ਸਮੱਗਰੀ
ਚੰਡੀਗੜ੍ਹ: ਪੰਜਾਬ ਵਿਚ ਖੇਤੀ ਕਾਨੂੰਨਾਂ ਵਿਰੁੱਧ 32 ਕਿਸਾਨ ਜਥੇਬੰਦੀਆਂ ਦਾ ਕੇਂਦਰ ਸਰਕਾਰ ਖਿਲਾਫ ਸੰਘਰਸ਼ ਤੀਜੇ ਮਹੀਨੇ ‘ਚ ਦਾਖਲ ਹੋ ਗਿਆ ਹੈ। ਪੰਜਾਬ ਵਿਚ ਲੱਗੇ ਮੋਰਚਿਆਂ ਦੌਰਾਨ ਬੁਲਾਰਿਆਂ ਨੇ ਐਲਾਨ ਕੀਤਾ ਹੈ ਕਿ ਭਾਜਪਾ ਅਤੇ ਉਸ ਦੇ ਜੋਟੀਦਾਰਾਂ ਵੱਲੋਂ ਕਿਸਾਨ ਅੰਦੋਲਨ ਖਿਲਾਫ ਅਤੇ ਖੇਤੀ ਬਿੱਲਾਂ ਦੇ ਹੱਕ ‘ਚ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਜਵਾਬ ਦੇਣ ਲਈ ਪੰਜਾਬੀ ਦੇ ਨਾਲ-ਨਾਲ ਹਿੰਦੀ ਭਾਸ਼ਾ ਵਿਚ ਵੀ ਪ੍ਰਚਾਰ ਸਮੱਗਰੀ ਪ੍ਰਕਾਸ਼ਿਤ ਕਰਕੇ ਲੋਕਾਂ ਤੱਕ ਪਹੁੰਚਾਈ ਜਾਵੇਗੀ ਤਾਂ ਜੋ ਕਾਰਪੋਰੇਟ ਘਰਾਣਿਆਂ ਦੀ ਦਲਾਲ ਬਣੀ ਸਰਕਾਰ ਦਾ ਜਨਤਾ ਵਿਚ ਚਿਹਰਾ ਨੰਗਾ ਕੀਤਾ ਜਾ ਸਕੇ। ਸੂਬੇ ਵਿਚ 100 ਤੋਂ ਵੱਧ ਥਾਵਾਂ ‘ਤੇ ਚੱਲ ਰਹੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਖਪਤਕਾਰਾਂ ਨੂੰ ਵੀ ਭਵਿੱਖ ‘ਚ ਹੋਣ ਵਾਲੀ ਲੁੱਟ ਬਾਰੇ ਦੱਸਣ ਦੀ ਜਰੂਰਤ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਸਰਕਾਰੀ ਕੂੜ ਪ੍ਰਚਾਰ ਦਾ ਪਰਦਾਫਾਸ਼ ਕਰਨ ਅਤੇ ਕਿਸਾਨ ਪੱਖੀ ਹੱਥ ਪਰਚਾ ਢਾਈ ਲੱਖ ਪੰਜਾਬੀ ਅਤੇ ਪੰਜਾਹ ਹਜ਼ਾਰ ਹਿੰਦੀ ਵਿਚ ਛਪਵਾ ਕੇ ਘਰ-ਘਰ ਅਤੇ ਮੋਰਚਿਆਂ ਵਿਚ ਵੰਡਿਆ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਕਿਹਾ ਕਿ ਦਿੱਲੀ ਮੋਰਚੇ ਦੇ ਨਾਲ ਨਾਲ ਪੰਜਾਬ ਵਿਚ ਵੀ ਭਾਜਪਾ ਆਗੂਆਂ ਦੇ ਘਰਾਂ ਮੂਹਰੇ, ਟੌਲ ਪਲਾਜਿਆਂ ਉਪਰ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਵਿਚ, ਸ਼ਾਪਿੰਗ ਮਾਲਾਂ, ਅੰਬਾਨੀਆਂ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਮੂਹਰੇ ਧਰਨੇ ਜਾਰੀ ਹਨ।
ਬੁਲਾਰਿਆਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦਾ ਕਾਰਪੋਰੇਟ ਲੁਟੇਰਿਆਂ ਪੱਖੀ ਵਤੀਰਾ 45 ਤੋਂ ਵੱਧ ਜਾਨਾਂ ਦੀ ਬਲੀ ਲੈ ਚੁੱਕਾ ਹੈ। ਉਨ੍ਹਾਂ ਸੰਘਰਸ਼ ਦੌਰਾਨ ਹੋ ਰਹੀਆਂ ਇਕਾ-ਦੁੱਕਾ ਖੁਦਕੁਸੀਆਂ ਨੂੰ ਅਤਿ ਦੁਖਦਾਈ ਦੱਸਦਿਆਂ ਕਿਸਾਨਾਂ-ਮਜਦੂਰਾਂ ਨੂੰ ਸਿਰੜ ਸਿਦਕ ਨਾਲ ਘੋਲ ਦੇ ਮੈਦਾਨ ਵਿਚ ਕੁੱਦਣ ਤੇ ਡਟੇ ਰਹਿਣ ਦਾ ਸੱਦਾ ਦਿੱਤਾ ਅਤੇ ਨਾਅਰੇ ਲਾਏ ‘ਖੁਦਕੁਸੀਆਂ ਨਹੀਂ, ਸੰਗਰਾਮ-ਸੰਗਰਾਮ।`