ਪੰਜਾਬ ਵਿਚ ਅੰਬਾਨੀ ਦੇ ਜੀਓ ਨੂੰ ਲੱਗਿਆ ਡਾਢਾ ਸੇਕ

ਚੰਡੀਗੜ੍ਹ: ਪੰਜਾਬ ਭਰ ‘ਚ ਰਿਲਾਇੰਸ ਜੀਓ ਦੇ ਮੋਬਾਈਲ ਟਾਵਰ ਬੰਦ ਕਰ ਦਿੱਤੇ ਗਏ ਹਨ। ਕਿਸਾਨ ਧਿਰਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਬਾਨੀ ਤੇ ਅਡਾਨੀ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ ਸੀ। ਰਿਲਾਇੰਸ ਜੀਓ ਨੇ ਇਸ ਸਬੰਧੀ ਪੰਜਾਬ ਸਰਕਾਰ ਨੂੰ ਪੱਤਰ ਵੀ ਲਿਖਿਆ ਹੈ ਅਤੇ ਟਾਵਰਾਂ ਦੇ ਨੁਕਸਾਨ ਲਈ ਜਿੰਮੇਵਾਰ ਲੋਕਾਂ ਖਿਲਾਫ ਪੁਲਿਸ ਕਾਰਵਾਈ ਦੀ ਮੰਗ ਕੀਤੀ ਹੈ। ਕਿਸਾਨ ਧਿਰਾਂ ਵੱਲੋਂ ਭਖਾਏ ਮਾਹੌਲ ਸਦਕਾ ਪੰਜਾਬ ਸਰਕਾਰ ਇਸ ਮਾਮਲੇ ‘ਤੇ ਫਿਲਹਾਲ ਚੁੱਪ ਹੈ।

ਰਿਲਾਇੰਸ ਨੇ ‘ਆਨਲਾਈਨ ਪੜ੍ਹਾਈ` ਦਾ ਬਹਾਨਾ ਲਾ ਕੇ ਵੀ ਟਾਵਰਾਂ ਦੀ ਤਾਲਾਬੰਦੀ ਰੋਕਣ ਲਈ ਹੀਲਾ ਕੀਤਾ ਸੀ। ਪੰਜਾਬ ਵਿਚ ਤਾਂ ਹੁਣ ਪੰਚਾਇਤਾਂ ਨੇ ਵੀ ਟਾਵਰਾਂ ਦੇ ਕੁਨੈਕਸ਼ਨ ਕੱਟਣੇ ਸ਼ੁਰੂ ਕਰ ਦਿੱਤੇ ਹਨ। ਰਿਲਾਇੰਸ ਜੀਓ ਵੱਲੋਂ ਲਿਖੇ ਪੱਤਰ ਅਨੁਸਾਰ ਮੋਬਾਈਲ ਟਾਵਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾਣ ਮਗਰੋਂ ਪੰਜਾਬ ਵਿਚ ਛੇ ਖਿੱਤਿਆਂ `ਚ ਜੀਓ ਕੰਪਨੀ ਦੇ ਲੱਖਾਂ ਕੁਨੈਕਸ਼ਨ ਪ੍ਰਭਾਵਿਤ ਹੋ ਗਏ ਹਨ, ਜਿਨ੍ਹਾਂ ਵਿਚ ਬਠਿੰਡਾ, ਜਗਰਾਉਂ, ਸਮਰਾਲਾ, ਬਲਾਚੌਰ, ਸੁਨਾਮ ਅਤੇ ਮੋਗਾ ਖਿੱਤੇ ਸ਼ਾਮਲ ਹਨ।
ਜੀਓ ਨੂੰ ਇਕ ਹਫਤੇ ਪਹਿਲਾਂ ਸੇਕ ਲੱਗਣਾ ਸ਼ੁਰੂ ਹੋਇਆ। ਤਿੰਨ ਦਿਨਾਂ ਵਿਚ 200 ਟਾਵਰ ਪੂਰਨ ਰੂਪ ਵਿਚ ਪ੍ਰਭਾਵਿਤ ਹੋਏ ਹਨ। ਜੀਓ ਕੰਪਨੀ ਨੇ ਲਿਖਿਆ ਹੈ ਕਿ ਇਨ੍ਹਾਂ ਥਾਵਾਂ ‘ਤੇ ਭੰਨਤੋੜ ਹੋਈ ਹੈ। ਵੇਰਵਿਆਂ ਅਨੁਸਾਰ ਪੰਜਾਬ ਵਿਚ ਜੀਓ ਕੰਪਨੀ ਦੇ 1.40 ਕਰੋੜ ਕੁਨੈਕਸ਼ਨ ਹਨ ਅਤੇ 4ਜੀ ਦੀ ਹਾਈ ਸਪੀਡ ਕੁਨੈਕਟੇਵਿਟੀ ਹੈ। ਪੰਜਾਬ ਵਿਚ ਰਿਲਾਇੰਸ ਜੀਓ ਦੇ ਕਰੀਬ 9 ਹਜ਼ਾਰ ਟਾਵਰ ਹਨ ਅਤੇ ਕਰੀਬ 250 ਰਿਲਾਇੰਸ ਦਫਤਰ ਹਨ। ਇਸ ਤੋਂ ਇਲਾਵਾ 300 ਪ੍ਰਮੁੱਖ ਥਾਵਾਂ ਹਨ। ਸਤੰਬਰ ਮਹੀਨੇ ਤੋਂ ਜੀਓ ਦਫਤਰਾਂ ਨੂੰ ਬੰਦ ਕਰਨ ਲਈ ਕਿਸਾਨਾਂ ਨੇ ਮੁਹਿੰਮ ਵਿੱਢ ਦਿੱਤੀ ਸੀ। ਜਲੰਧਰ ਤੇ ਲੁਧਿਆਣਾ ‘ਚ 11-11 ਟਾਵਰ ਬੰਦ ਕੀਤੇ ਗਏ ਹਨ। ਕਿਸਾਨ ਜਥੇਬੰਦੀਆਂ ਵੱਲੋਂ ਰੋਜ਼ਾਨਾ ਟਾਵਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾ ਰਹੇ ਹਨ। ਮੁਕਤਸਰ ਦੇ ਗਿੱਦੜਬਾਹਾ, ਮਲੋਟ ਤੇ ਮੁਕਤਸਰ ‘ਚ ਟਾਵਰਾਂ ਦੇ ਕੁਨੈਕਸ਼ਨ ਕੱਟੇ ਗਏ ਹਨ। ਵੇਰਵਿਆਂ ਅਨੁਸਾਰ ਸੰਗਰੂਰ ‘ਚ 7 ਟਾਵਰ, ਹੁਸ਼ਿਆਰਪੁਰ ਵਿਚ ਛੇ, ਕਪੂਰਥਲਾ, ਫਾਜ਼ਿਲਕਾ ਤੇ ਮਾਨਸਾ ਵਿਚ ਪੰਜ-ਪੰਜ, ਅੰਮ੍ਰਿਤਸਰ ਵਿਚ 9, ਗੁਰਦਾਸਪੁਰ, ਬਠਿੰਡਾ, ਫਿਰੋਜ਼ਪੁਰ, ਤਰਨ ਤਾਰਨ ਤੇ ਰੋਪੜ ਵਿਚ ਚਾਰ-ਚਾਰ ਟਾਵਰ, ਫਰੀਦਕੋਟ, ਮੋਗਾ, ਨਵਾਂਸ਼ਹਿਰ ਅਤੇ ਪਠਾਨਕੋਟ ਵਿਚ ਤਿੰਨ-ਤਿੰਨ ਟਾਵਰ ਪ੍ਰਭਾਵਿਤ ਹੋਏ ਹਨ। ਬਠਿੰਡਾ ਦੇ ਪਿੰਡ ਭੁੱਖਿਆਂ ਵਾਲੀ ਦੇ ਜੈਲਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਬੀ.ਕੇ.ਯੂ. ਨੇ ਪਿੰਡ ਵਾਸੀਆਂ ਨੂੰ ਦੋ ਦਿਨਾਂ ‘ਚ ਜੀਓ ਸਿਮ ਬੰਦ ਕਰਾਉਣ ਲਈ ਆਖ ਦਿੱਤਾ ਹੈ। ਲੁਧਿਆਣਾ ਦੇ ਪਿੰਡ ਗੌਂਸਗੜ੍ਹ ਅਤੇ ਬੀਜਾ ਦੀ ਪੰਚਾਇਤ ਨੇ ਜੀਓ ਟਾਵਰਾਂ ਦੇ ਕੁਨੈਕਸ਼ਨ ਕੱਟੇ ਹਨ। ਫਿਰੋਜ਼ਪੁਰ ਦੇ ਪਿੰਡ ਸ਼ੇਰਖਾਨ, ਪਟਿਆਲਾ ਇਲਾਕੇ ਦੇ ਪਿੰਡ ਭੇਡਪੁਰਾ, ਕੋਟਲੀ ਤੇ ਦੋਦੜਾ ਵਿਚ ਵੀ ਟਾਵਰਾਂ ਦੇ ਬਿਜਲੀ ਕੁਨੈਕਸ਼ਨ ਬੰਦ ਕਰ ਦਿੱਤੇ ਗਏ ਹਨ। ਬਿਜਲੀ ਕੁਨੈਕਸ਼ਨ ਕੱਟੇ ਜਾਣ ਮਗਰੋਂ ਜੀਓ ਨੈੱਟਵਰਕ ਡਗਮਗਾ ਗਿਆ ਹੈ। ਜੀਓ ਦੇ ਲੱਖਾਂ ਖਪਤਕਾਰਾਂ ਤੱਕ ਖੇਤੀ ਕਾਨੂੰਨਾਂ ਦਾ ਸੇਕ ਪੁੱਜ ਗਿਆ ਹੈ। ਸ਼ਹਿਰਾਂ ਤੇ ਪਿੰਡਾਂ ਵਿਚ ਜੀਓ ਦੇ ਸਿਮ ਤਬਦੀਲ ਕਰਾਉਣ ਦੀ ਵੱਡੀ ਮੁਹਿੰਮ ਵੀ ਚੱਲ ਰਹੀ ਹੈ।
ਟੈਲੀਕੌਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ ਦੀ 23 ਦਸੰਬਰ ਦੀ ਰਿਪੋਰਟ ਅਨੁਸਾਰ ਰਿਲਾਇੰਸ ਜੀਓ ਦੇ ਪੰਜਾਬ ਵਿਚ ਐਕਟਿਵ ਕੁਨੈਕਸ਼ਨਾਂ ਦੀ ਗਿਣਤੀ ਵਿਚ ਅਕਤੂਬਰ ‘ਚ ਕਮੀ ਆਈ। ਜੀਓ ਦੇ ਸਤੰਬਰ ਮਹੀਨੇ ‘ਚ 66.56 ਫੀਸਦੀ ਕੁਨੈਕਸ਼ਨ ਐਕਟਿਵ ਸਨ, ਜੋ ਅਕਤੂਬਰ ‘ਚ 65.93 ਫੀਸਦੀ ਰਹਿ ਗਏ ਹਨ। ਇਸੇ ਤਰ੍ਹਾਂ ਪੰਜਾਬ ‘ਚ ਸਭ ਕੰਪਨੀਆਂ ਦੇ ਸਿਮ ਤਬਦੀਲੀ ਲਈ ਸਤੰਬਰ ‘ਚ 24 ਹਜ਼ਾਰ ਦਰਖਾਸਤਾਂ ਪੁੱਜੀਆਂ ਸਨ ਜਦੋਂ ਕਿ ਅਕਤੂਬਰ ਮਹੀਨੇ ‘ਚ ਇਹ ਗਿਣਤੀ 26 ਹਜ਼ਾਰ ਦਰਖਾਸਤਾਂ ਦੀ ਹੋ ਗਈ ਹੈ।
________________________________________
ਕਿਸਾਨਾਂ ਨੇ ਅਡਾਨੀ ਦੇ ਸਾਇਲੋ ਪਲਾਂਟ ਦਾ ਕੰਮ ਰੁਕਵਾਇਆ
ਬਟਾਲਾ: ਕਿਸਾਨਾਂ ਨੇ ਕੇਂਦਰ ਸਰਕਾਰ ਦੇ ਨਾਲ-ਨਾਲ ਪੂੰਜੀਪਤੀ ਘਰਾਣਿਆਂ ਖਿਲਾਫ ਵੀ ਅੰਦੋਲਨ ਵਿੱਢ ਕੇ ਪੂੰਜੀਪਤੀਆਂ ਦੇ ਪ੍ਰੋਜੈਕਟਾਂ ਅਤੇ ਸੇਵਾਵਾਂ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਹੈ। ਸਥਾਨਕ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਚ ਜੀਓ ਨੈੱਟਵਰਕ ਕੰਪਨੀ ਦੇ ਇਕ ਟਾਵਰ ਨੂੰ ਬੰਦ ਕਰਵਾਉਣ ਮਗਰੋਂ ਕਿਸਾਨਾਂ ਨੇ ਨੇੜਲੇ ਪਿੰਡ ਰੇਲ ਵਾਲਾ ਛੀਨਾ ਵਿਚ ਅਡਾਨੀ ਗਰੁੱਪ ਦੇ ਦੱਸੇ ਜਾ ਰਹੇ ਸਾਇਲੋ ਪਲਾਂਟ ਦੇ ਬਾਹਰ ਇਕੱਠੇ ਹੋ ਕੇ ਇਸ ਗੈਰਕਾਨੂੰਨੀ ਦੱਸਦਿਆਂ ਇਸ ਦੀ ਉਸਾਰੀ ਬੰਦ ਕਰਵਾਉਣ ਲਈ ਨਾਅਰੇਬਾਜ਼ੀ ਕੀਤੀ ਅਤੇ ਗੋਦਾਮਾਂ ਦੀ ਉਸਾਰੀ ਦਾ ਕੰਮ ਰੁਕਵਾ ਦਿੱਤਾ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜਦ ਕਿ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਕੇਂਦਰ ਸਰਕਾਰ ਵਾਪਸ ਨਹੀਂ ਲੈਂਦੀ ਤਦ ਤੱਕ ਕਾਰਪੋਰੇਟ ਘਰਾਣਿਆਂ ਦੇ ਕਿਸੇ ਵੀ ਕਾਰੋਬਾਰ ਨੂੰ ਚੱਲਣ ਨਹੀਂ ਦਿੱਤਾ ਜਾਵੇਗਾ।