ਪੰਜਾਬ ‘ਚ ਭਾਜਪਾ ਆਗੂਆਂ ਤੇ ਕਿਸਾਨਾਂ ਵਿਚਾਲੇ ਟਕਰਾਅ ਵਾਲਾ ਮਾਹੌਲ

ਚੰਡੀਗੜ੍ਹ: ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਰੋਹ ਵਧਦਾ ਜਾ ਰਿਹਾ ਹੈ। ਪੰਜਾਬ ਵਿਚ ਹੁਣ ਭਾਜਪਾ ਆਗੂਆਂ ਦੀ ਤਿੱਖੀ ਘੇਰਾਬੰਦੀ ਸ਼ੁਰੂ ਹੋ ਗਈ ਹੈ, ਜਿਸ ਤੋਂ ਬਾਅਦ ਕਈ ਥਾਵਾਂ ਉਤੇ ਟਕਰਾਅ ਵਾਲਾ ਮਾਹੌਲ ਬਣ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ਮੌਕੇ ਸਮਾਗਮਾਂ ਦੌਰਾਨ ਪੰਜਾਬ ਵਿਚ ਭਾਜਪਾ ਆਗੂਆਂ ਨੂੰ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਪੰਜਾਬ ਪੁਲਿਸ ਵੱਲੋਂ ਕੀਤੀ ਗਈ ਸਖਤ ਨਾਕਾਬੰਦੀ ਵੀ ਕਿਸਾਨਾਂ ਨੂੰ ਵਿਰੋਧ ਕਰਨ ਤੋਂ ਰੋਕ ਨਾ ਸਕੀ। ਬਠਿੰਡਾ ਵਿਚ ਕਿਸਾਨਾਂ ਨੇ ਭਾਜਪਾ ਆਗੂਆਂ ਵੱਲੋਂ ਲਾਈ ਸਟੇਜ ‘ਤੇ ਹੀ ਕਬਜ਼ਾ ਕਰ ਲਿਆ। ਇਸੇ ਤਰ੍ਹਾਂ ਜਲੰਧਰ ਵਿਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਵੱਲ ਜਾਂਦੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੂੰ ਭਾਰੀ ਜੱਦੋ-ਜਹਿਦ ਕਰਨੀ ਪਈ। ਪੁਲਿਸ ਅਤੇ ਕਿਸਾਨਾਂ ਵਿਚਾਲੇ ਹੋਈਆਂ ਝੜਪਾਂ ਦੌਰਾਨ ਕਈ ਕਿਸਾਨਾਂ ਦੀਆਂ ਦਸਤਾਰਾਂ ਲੱਥ ਗਈਆਂ। ਰੋਹ ਵਿਚ ਆਏ ਕਿਸਾਨਾਂ ਨੇ ਭਾਜਪਾ ਦੇ ਨਾਲ-ਨਾਲ ਸੂਬਾ ਸਰਕਾਰ ਨੂੰ ਵੀ ਨਿਸ਼ਾਨੇ ‘ਤੇ ਲਿਆ। ਪੁਲਿਸ ਕਾਰਵਾਈ ਖਿਲਾਫ ਕਿਸਾਨਾਂ ਨੇ ਭਾਜਪਾ ਦੇ ਦਫਤਰ ਮੂਹਰੇ ਹੀ ਧਰਨਾ ਦੇ ਦਿੱਤਾ। ਹੁਸ਼ਿਆਰਪੁਰ ਵਿਚ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਫਗਵਾੜਾ, ਮੁਕੇਰੀਆਂ ਅਤੇ ਕਈ ਹੋਰਨਾਂ ਸ਼ਹਿਰਾਂ ਵਿਚ ਤਾਂ ਭਾਜਪਾ ਦੇ ਆਗੂਆਂ ਨੇ ਕਿਸਾਨਾਂ ਦਾ ਰੁਖ ਦੇਖ ਕੇ ਸਮਾਗਮ ਵਿਚੋਂ ਜਾਣਾ ਹੀ ਬਿਹਤਰ ਸਮਝਿਆ। ਬਠਿੰਡਾ ਵਿਚ ਕਿਸਾਨਾਂ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਆਗੂਆਂ ਨੇ ਕੀਤੀ ਜਦੋਂਕਿ ਜਲੰਧਰ ਅਤੇ ਦੋਆਬੇ ਦੇ ਹੋਰਨਾਂ ਸ਼ਹਿਰਾਂ ਵਿਚ ਅੰਦੋਲਨਕਾਰੀ ਕਿਸਾਨਾਂ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ), ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਅਤੇ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਆਗੂਆਂ ਨੇ ਕੀਤੀ।
ਭਾਜਪਾ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ਮੌਕੇ ਦੇਸ਼ਵਿਆਪੀ ਸਮਾਗਮਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਕਿਸਾਨਾਂ ਨੂੰ ਸੰਬੋਧਨ ਕਰਨ ਅਤੇ ਕਿਸਾਨਾਂ ਦੇ ਖਾਤਿਆਂ ਵਿਚ 2-2 ਹਜ਼ਾਰ ਰੁਪਏ ਪਾਉਣ ਦਾ ਦਿਨ ਵੀ ਚੁਣਿਆ ਗਿਆ ਸੀ। ਪੰਜਾਬ ਵਿਚ ਭਾਜਪਾ ਆਗੂਆਂ ਵੱਲੋਂ ਸਮਾਗਮਾਂ ਦੌਰਾਨ ਕੇਂਦਰ ਸਰਕਾਰ ਦੇ ਕਿਸਾਨਾਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਜਾਣੀ ਸੀ ਪਰ ਕਿਸਾਨਾਂ ਨੇ ਰੰਗ ਵਿਚ ਭੰਗ ਪਾ ਦਿੱਤਾ। ਕਿਸਾਨਾਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ ਰੋਜ਼ਾਨਾ ਕਿਸਾਨ ਮੌਤ ਦੇ ਮੂੰਹ ‘ਚ ਜਾ ਰਹੇ ਹਨ ਅਤੇ ਭਾਜਪਾ ਆਗੂ ਸਮਾਗਮ ਰਚਾ ਕੇ ਕਿਸਾਨਾਂ ਦੇ ਜਖਮਾਂ ‘ਤੇ ਲੂਣ ਭੁੱਕ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਭਾਜਪਾ ਨੂੰ ਸੂਬੇ ਵਿਚ ਕੋਈ ਵੀ ਸਮਾਗਮ ਨਹੀਂ ਕਰਨ ਦਿੱਤਾ ਜਾਵੇਗਾ।
_____________________________________________
ਹਰਿਆਣਾ ‘ਚ ਭਾਜਪਾ ਦੇ ਭਾਈਵਾਲਾਂ ਨੂੰ ਸੇਕ ਲਾਉਣ ਦੀ ਰਣਨੀਤੀ
ਚੰਡੀਗੜ੍ਹ: ਕੇਂਦਰੀ ਖੇਤੀ ਕਾਨੂੰਨਾਂ ‘ਤੇ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਤੇ ਭਾਜਪਾ ਦੀਆਂ ਭਾਈਵਾਲ ਪਾਰਟੀਆਂ ਦਾ ਵਿਰੋਧ ਲਗਾਤਾਰ ਜਾਰੀ ਹੈ। ਹਰਿਆਣਾ ਵਿਚ ਭਾਜਪਾ ਦੀ ਭਾਈਵਾਲ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਦੀਆਂ ਮੁਸ਼ਕਲਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦਾ ਵਿਰੋਧ ਸੂਬੇ ਤੋਂ ਬਾਹਰ ਹੁਣ ਸਿੰਘੂ ਅਤੇ ਟਿੱਕਰੀ ਬਾਰਡਰ ‘ਤੇ ਵੀ ਹੋਣ ਲੱਗਾ ਹੈ। ਸਿੰਘੂ ਬਾਰਡਰ ‘ਤੇ ਕਿਸਾਨਾਂ ਨੇ ਚੌਟਾਲਾ ਦੀ ਗੁੰਮਸ਼ੁਦਗੀ ਦੇ ਪੋਸਟਰ ਲਾ ਦਿੱਤੇ ਹਨ ਜਿਨ੍ਹਾਂ ਵਿਚ ਉਪ ਮੁੱਖ ਮੰਤਰੀ ਦੀ ਤਸਵੀਰ ਲਾ ਕੇ ‘ਗੁੰਮਸ਼ੁਦਾ ਦੀ ਤਾਲਾਸ਼‘ ਲਿਖਿਆ ਗਿਆ ਹੈ। ਸਿੰਘੂ ਬਾਰਡਰ ‘ਤੇ ਹਾਜ਼ਰ ਕਿਸਾਨਾਂ ਨੇ ਕਿਹਾ ਕਿ ਚੌਟਾਲਾ ਕਿਸਾਨਾਂ ਦੀਆਂ ਵੋਟਾਂ ਸਹਾਰੇ ਉਪ ਮੁੱਖ ਮੰਤਰੀ ਬਣੇ ਹਨ ਪਰ ਹੁਣ ਉਹ ਖੁਦ ਹੀ ਕਿਸਾਨਾਂ ਵਿੱਚੋਂ ਗਾਇਬ ਹਨ। ਉਹ ਲਗਾਤਾਰ ਕਿਸਾਨਾਂ ਨੂੰ ਨਜ਼ਰਅੰਦਾਜ ਕਰ ਰਹੇ ਹਨ। ਉਨ੍ਹਾਂ ਜਿਕਰ ਕੀਤਾ ਕਿ ‘ਦੁਸ਼ਯੰਤ ਦੇ ਦਾਦਾ ਚੌਧਰੀ ਦੇਵੀ ਲਾਲ ਨੇ ਕਿਸਾਨਾਂ ਲਈ ਕਿਸੇ ਸਮੇਂ ਕੁਰਸੀ ਨੂੰ ਲੱਤ ਮਾਰ ਦਿੱਤੀ ਸੀ ਪਰ ਦੁਸ਼ਯੰਤ ਨੇ ਕੁਰਸੀ ਦੇ ਲਾਲਚ ਵਿਚ ਕਿਸਾਨਾਂ ਨੂੰ ਲੱਤ ਮਾਰ ਦਿੱਤੀ ਹੈ।‘
ਜਿਕਰਯੋਗ ਹੈ ਕਿ ਹਰਿਆਣਾ ਦੇ ਕਿਸਾਨ ਆਗੂਆਂ ਨੇ ਚੌਟਾਲਾ ਦੇ ਹਰ ਸਮਾਗਮ ਦਾ ਵਿਰੋਧ ਕੀਤੇ ਜਾਣ ਦਾ ਐਲਾਨ ਕੀਤਾ ਹੋਇਆ ਹੈ। ਸੂਬੇ ਵਿਚ ਜੇ.ਜੇ.ਪੀ. ਦੇ ਲਗਾਤਾਰ ਵੱਧ ਰਹੇ ਵਿਰੋਧ ਤੋਂ ਬਾਅਦ ਸੱਤਾ ਵਿਚ ਭਾਈਵਾਲ ਪਾਰਟੀ ਲਈ ਹੁਣ ਇਹ ਪ੍ਰੀਖਿਆ ਦਾ ਸਮਾਂ ਹੈ। ਦੂਜੇ ਪਾਸੇ ਦੁਸ਼ਯੰਤ ਚੌਟਾਲਾ ਕਿਸਾਨਾਂ ਦੀ ਹਮਾਇਤ ਦੀ ਗੱਲ ਤਾਂ ਜ਼ਰੂਰ ਕਰ ਰਹੇ ਹਨ ਪਰ ਅਸਲ ਵਿਚ ਕਿਸਾਨਾਂ ਨਾਲ ਕਿਤੇ ਵੀ ਖੜ੍ਹੇ ਦਿਖਾਈ ਨਹੀਂ ਦੇ ਰਹੇ। ਜਿਕਰਯੋਗ ਹੈ ਕਿ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਆਪਣੇ ਵਿਧਾਨ ਸਭਾ ਹਲਕੇ ਉਚਾਣਾ ਦੇ ਦੌਰੇ ਮੌਕੇ ਬਣਾਏ ਗਏ ਹੈਲੀਪੈਡ ਨੂੰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਪੁੱਟ ਕੇ ਕਾਲੇ ਝੰਡੇ ਗੱਡ ਦਿੱਤੇ ਸਨ। ਸੜਕ ਰਾਹੀਂ ਆਉਣ ‘ਤੇ ਵੀ ਕਾਲੇ ਝੰਡੇ ਵਿਖਾਉਣ ਦੀ ਤਿਆਰੀ ਵਿੱਢੀ ਗਈ ਸੀ ਤੇ ਚੌਟਾਲਾ ਨੂੰ ਦੌਰਾ ਰੱਦ ਕਰਨਾ ਪਿਆ ਸੀ। ਦੱਸਣਯੋਗ ਹੈ ਕਿ ਹਰਿਆਣਾ ਵਿਚ ਸਾਬਕਾ ਕੇਂਦਰੀ ਮੰਤਰੀ ਬਰਿੰਦਰ ਸਿੰਘ ਅਤੇ ਦਾਦਰੀ ਦੇ ਵਿਧਾਇਕ ਸੋਮਵੀਰ ਸਾਂਗਵਾਨ ਪਹਿਲਾਂ ਹੀ ਕਿਸਾਨਾਂ ਦੀ ਹਮਾਇਤ ਕਰ ਰਹੇ ਹਨ।