ਅਮਰੀਕੀ ਕਾਨੂੰਨਸਾਜ਼ਾਂ ਵੱਲੋਂ ਵੀ ਭਾਰਤ ਦੇ ਕਿਸਾਨਾਂ ਦੇ ਹੱਕ ‘ਚ ਅਵਾਜ਼ ਬੁਲੰਦ

ਵਾਸ਼ਿੰਗਟਨ: ਭਾਰਤੀ-ਅਮਰੀਕੀ ਕਾਂਗਰਸਵਿਮੈਨ ਪ੍ਰਮਿਲਾ ਜਯਾਪਾਲ ਸਮੇਤ ਸੱਤ ਅਮਰੀਕੀ ਕਾਨੂੰਨਸਾਜ਼ਾਂ ਨੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਉਹ ਭਾਰਤ ਵਿਚ ਖੇਤੀ ਕਾਨੂੰਨਾਂ ਖਿਲਾਫ ਚਲ ਰਹੇ ਕਿਸਾਨ ਸੰਘਰਸ਼ ਦੇ ਮਾਮਲੇ ਵਿਚ ਦਖਲ ਦੇਣ ਅਤੇ ਆਪਣੇ ਭਾਰਤੀ ਹਮਰੁਤਬਾ ਨਾਲ ਗੱਲਬਾਤ ਕਰਕੇ ਕਿਸਾਨ ਹੱਕਾਂ ਦੀ ਬਹਾਲੀ ਲਈ ਯਤਨ ਕਰਨ।

ਪੱਤਰ ‘ਚ ਕਿਹਾ ਗਿਆ ਹੈ ਕਿ ਇਹ ਮੁੱਦਾ ਹੋਰ ਸੂਬਿਆਂ ਖਾਸ ਕਰਕੇ ਪੰਜਾਬ ਨਾਲ ਜੁੜੇ ਅਮਰੀਕੀ ਸਿੱਖਾਂ ਦਾ ਹੈ ਜਿਸ ਕਾਰਨ ਅਮਰੀਕਾ ‘ਚ ਰਹਿੰਦੇ ਭਾਰਤੀ ਫਿਕਰਮੰਦ ਹਨ। ਉਨ੍ਹਾਂ ਕਿਹਾ,”ਕਈ ਭਾਰਤੀ ਅਮਰੀਕੀ ਸਿੱਧੇ ਤੌਰ ‘ਤੇ ਇਸ ਮੁੱਦੇ ਨਾਲ ਪ੍ਰਭਾਵਿਤ ਹੋ ਰਹੇ ਹਨ ਕਿਉਂਕਿ ਪੰਜਾਬ ‘ਚ ਕਈ ਪਰਿਵਾਰਾਂ ਦੀ ਜਮੀਨ ਹੈ ਅਤੇ ਉਹ ਭਾਰਤ ‘ਚ ਰਹਿੰਦੇ ਪਰਿਵਾਰਾਂ ਲਈ ਚਿੰਤਿਤ ਹਨ। ਗੰਭੀਰ ਹਾਲਾਤ ਹੋਣ ਕਰਕੇ ਅਸੀਂ ਤੁਹਾਨੂੰ (ਪੌਂਪੀਓ) ਬੇਨਤੀ ਕਰਦੇ ਹਾਂ ਕਿ ਤੁਸੀਂ ਭਾਰਤੀ ਹਮਰੁਤਬਾ ਨਾਲ ਸੰਪਰਕ ਕਰਕੇ ਅਮਰੀਕਾ ਦੀ ਵਿਦੇਸ਼ਾਂ ‘ਚ ਬੋਲਣ ਦੀ ਆਜਾਦੀ ਪ੍ਰਤੀ ਵਚਨਬੱਧਤਾ ਨੂੰ ਲਾਗੂ ਕਰਵਾਇਆ ਜਾਵੇ।“ ਕਾਨੂੰਨਸਾਜਾਂ ਨੇ ਕਿਹਾ ਹੈ ਕਿ ਅਮਰੀਕਾ ਸਮਾਜਿਕ ਅਸ਼ਾਂਤੀ ਦੇ ਮੌਜੂਦਾ ਹਾਲਾਤ ਕਾਰਨ ਸਲਾਹ ਦੇ ਸਕਦਾ ਹੈ।
ਚਿੱਠੀ ‘ਤੇ ਕਾਂਗਰਸਮੈੱਨ ਡੋਨਲਡ ਨੋਰਕ੍ਰਾਸ, ਬ੍ਰੈਂਡਨ ਐੱਫ ਬੋਯਲ, ਬ੍ਰਾਇਨ ਫਿਟਜਪੈਟਰਿਕ, ਮੈਰੀ ਗੇਅ ਸਕੈਨਲੋਨ, ਡੇਬੀ ਡਿੰਜੈਲ ਅਤੇ ਡੇਵਿਡ ਟਰੋਨ ਦੇ ਵੀ ਦਸਤਖਤ ਹਨ। ਇਸ ਪੱਤਰ ਬਾਰੇ ਜਾਣਕਾਰੀ ਦਿੰਦਿਆਂ ਅਮਰੀਕੀ ਸਿੱਖ ਜਥੇਬੰਦੀਆਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਹਿੰਮਤ ਸਿੰਘ, ਏਜੀਪੀਸੀ ਦੇ ਪ੍ਰਿਤਪਾਲ ਸਿੰਘ ਅਤੇ ਹੋਰਾਂ ਨੇ ਦੱਸਿਆ ਕਿ ਭਾਰਤ ਵਿਚ ਕਿਸਾਨਾਂ ਦੇ ਅੰਦੋਲਨ ਕਾਰਨ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ।
ਪੱਤਰ ‘ਚ ਕਿਹਾ ਗਿਆ ਹੈ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਚੰਗੇ ਸਿਆਸੀ ਤੇ ਵਪਾਰਕ ਸਬੰਧ ਹਨ। ਪੱਤਰ ਵਿਚ ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਦਾ ਹਵਾਲਾ ਦਿੰਦਿਆਂ ਆਖਿਆ ਗਿਆ ਕਿ ਜਦੋਂ ਉਹ ਦਿੱਲੀ ਵਿਚ ਰੋਸ ਪ੍ਰਦਰਸ਼ਨ ਲਈ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਰੋਕਣ ਲਈ ਸਰਕਾਰ ਵਲੋਂ ਤਸ਼ੱਦਦ ਕੀਤਾ ਗਿਆ। ਉਨ੍ਹਾਂ ਨੂੰ ਰੋਕਣ ਲਈ ਬੈਰੀਕੇਡ ਲਾਏ ਗਏ, ਅੱਥਰੂ ਗੈਸ ਦੇ ਗੋਲੇ ਛੱਡੇ ਗਏ ਅਤੇ ਜਲ ਤੋਪਾਂ ਨਾਲ ਪਾਣੀ ਦੀਆਂ ਬੌਛਾਰਾਂ ਮਾਰੀਆਂ ਗਈਆਂ ਸਨ।
ਉਨ੍ਹਾਂ ਆਖਿਆ ਕਿ ਭਾਰਤ ਸਰਕਾਰ ਨੂੰ ਆਪਣੇ ਦੇਸ਼ ਦੇ ਲੋਕਾਂ ਦੇ ਹਿੱਤਾਂ ਵਾਸਤੇ ਕਾਨੂੰਨ ਬਣਾਉਣ ਦਾ ਹੱਕ ਹੈ ਪਰ ਇਸ ਦੇ ਨਾਲ ਹੀ ਲੋਕਾਂ ਨੂੰ ਵੀ ਸ਼ਾਂਤਮਈ ਪ੍ਰਦਰਸ਼ਨ ਨਾਲ ਆਪਣੀ ਗੱਲ ਰੱਖਣ ਦਾ ਪੂਰਾ ਹੱਕ ਹੈ। ਉਨ੍ਹਾਂ ਕਿਹਾ ਕਿ ਕਿਸਾਨ ਨਵੇਂ ਖੇਤੀ ਕਾਨੂੰਨਾਂ ਨੂੰ ਆਪਣੀ ਆਰਥਿਕ ਆਜ਼ਾਦੀ ‘ਤੇ ਹਮਲੇ ਵਜੋਂ ਲੈ ਰਹੇ ਹਨ। ਇਸ ਦੌਰਾਨ ਸਿੱਖ ਆਗੂਆਂ ਨੇ ਅਮਰੀਕੀ ਕਾਂਗਰਸ ਦੇ ਨੁਮਾਇੰਦਿਆਂ ਵਲੋਂ ਭਾਰਤੀ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਦੀ ਭਰਵੀਂ ਸ਼ਲਾਘਾ ਕੀਤੀ ਹੈ।
________________________________________________
ਕਾਂਗਰਸਮੈਨ ਐਰਿਕ ਸਵੈਲਵੈੱਲ ਨੇ ਜੂਝ ਰਹੇ ਕਿਸਾਨਾਂ ਦੇ ਹੱਕ ਵਿਚ ‘ਹਾਅ ਦਾ ਨਾਅਰਾ’ ਮਾਰਿਆ
ਸੈਕਰਾਮੈਂਟੋ: ਕੈਲੀਫੋਰਨੀਆ ਤੋਂ 15ਵੇਂ ਡਿਸਟ੍ਰਿਕਟ ਤੋਂ ਕਾਂਗਰਸਮੈਨ ਅਤੇ ਡੈਮੋਕਰੈਟਿਕ ਪਾਰਟੀ ਦੇ ਆਗੂ ਐਰਿਕ ਮਾਈਕਲ ਸਵੈਲਵੈੱਲ ਨੇ ਭਾਰਤ ਵਿਚ ਆਪਣੇ ਹੱਕਾਂ ਲਈ ਜੂਝ ਰਹੇ ਕਿਸਾਨਾਂ ਦੇ ਹੱਕ ਵਿਚ ‘ਹਾਅ ਦਾ ਨਾਅਰਾ’ ਮਾਰਿਆ ਹੈ। ਉਨ੍ਹਾਂ ਨੇ ਟਵਿੱਟਰ ‘ਤੇ ਟਵੀਟ ਕੀਤਾ ਹੈ, “ਸੰਸਾਰ ਦੀ ਸਭ ਤੋਂ ਪੁਰਾਣੀ ਅਤੇ ਵੱਡੀ ਜਮਹੂਰੀਅਤ ਦੀ ਕਿਸਾਨੀ, ਅਤੇ ਸ਼ਾਂਤਮਈ ਵਿਰੋਧ ਨਾਲ ਮਾਣਮੱਤੀ ਸਾਂਝ ਰਹੀ ਹੈ। ਮੈਂ ਆਪਣੇ ਭਾਰਤੀ-ਅਮਰੀਕੀ ਸਾਥੀਆਂ ਦੇ ਸਰੋਕਾਰਾਂ ਦਾ ਸਮਰਥਨ ਕਰਦਾ ਹਾਂ ਜਿਹੜੇ ਭਾਰਤ ਵਿਚ ਖੇਤੀ ਨਾਲ ਸਬੰਧਤ ਰੁਜ਼ਗਾਰ ਨੂੰ ਯਕੀਨੀ ਬਣਾਉਣਾ ਚਾਹੁੰਦੇ ਹਨ। ਆਸ ਕਰਦਾ ਹਾਂ ਕਿ ਕਾਨੂੰਨਸਾਜ਼ ਅਤੇ ਕਿਸਾਨ ਖੁਸ਼ਹਾਲੀ ਖਾਤਰ ਇਕੱਠੇ ਚੱਲ ਸਕਣਗੇ।”
ਯਾਦ ਰਹੇ ਕਿ ਭਾਰਤ, ਖਾਸ ਕਰ ਕੇ ਪੰਜਾਬ ਦੇ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਭਾਰਤ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਜੂਝ ਰਹੇ ਹਨ। ਪਹਿਲਾਂ-ਪਹਿਲ ਕਿਸਾਨਾਂ ਦਾ ਇਹ ਅੰਦੋਲਨ ਪੰਜਾਬ ਵਿਚ ਆਰੰਭ ਹੋਇਆ ਸੀ ਪਰ ਹੌਲੀ-ਹੌਲੀ ਹਰਿਆਣਾ, ਉਤਰ ਪ੍ਰਦੇਸ਼ ਦੇ ਪੱਛਮੀ ਖਿੱਤੇ, ਰਾਜਸਥਾਨ ਅਤੇ ਦੇਸ਼ ਦੇ ਹੋਰ ਸੂਬਿਆਂ ਵਿਚ ਫੈਲ ਗਿਆ। ਅੱਜ ਦਿੱਲੀ ਨੂੰ ਜਾਂਦੇ ਪੰਜ ਮੁੱਖ ਮਾਰਗਾਂ ਉਤੇ ਵੱਖ-ਵੱਖ ਸੂਬਿਆਂ ਦੇ ਲੱਖਾਂ ਕਿਸਾਨ ਮੋਰਚਾ ਲਾਈ ਬੈਠੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਕਿਸਾਨਾਂ ਲਈ ਨਹੀਂ ਸਗੋਂ ਕਾਰਪੋਰੇਟਾਂ ਨੂੰ ਮੁਨਾਫਾ ਦਿਵਾਉਣ ਲਈ ਬਣਾਏ ਗਏ ਹਨ। ਇਨ੍ਹਾਂ ਨਾਲ ਕਿਸਾਨੀ ਤਾਂ ਸਗੋਂ ਹੋਰ ਸੰਕਟ ਵਿਚ ਘਿਰ ਜਾਵੇਗੀ। ਉਧਰ, ਭਾਰਤ ਸਰਕਾਰ ਲਗਾਤਾਰ ਪ੍ਰਚਾਰ ਕਰ ਰਹੀ ਹੈ ਕਿ ਇਹ ਕਾਨੂੰਨ ਕਿਸਾਨਾਂ ਦੇ ਫਾਇਦੇ ਲਈ ਹਨ, ਇਹ ਕਿਸੇ ਵੀ ਸੂਰਤ ਵਾਪਸ ਨਹੀਂ ਲਏ ਜਾਣਗੇ। ਕਾਂਗਰਸਮੈਨ ਐਰਿਕ ਸਵੈਲਵੈੱਲ ਨੇ ਆਸ ਪ੍ਰਗਟਾਈ ਹੈ ਕਿ ਭਾਰਤ ਸਰਕਾਰ ਅਤੇ ਅੰਦੋਲਨ ਕਰ ਰਹੇ ਕਿਸਾਨ ਇਸ ਮਸਲੇ ਦਾ ਹੱਲ ਕਰ ਲੈਣਗੇ ਅਤੇ ਖੁਸ਼ਹਾਲੀ ਦੇ ਰਾਹ ਪੈਣਗੇ।