ਹੁਕਮਨਾਮੇ ਦੀ ਕਥਾ ਵਿਚ ਹੋਈ ਕਿਸਾਨ ਸੰਘਰਸ਼ ਦੀ ਚਰਚਾ

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਵਿਖੇ ਸਵੇਰ ਵੇਲੇ ਆਉਂਦੇ ਪਹਿਲੇ ਹੁਕਮਨਾਮੇ ਦੀ ਕਥਾ ਸਮੇਂ ਅੱਜਕੱਲ੍ਹ ਧਾਰਮਿਕ ਸ਼ਖਸੀਅਤਾਂ ਵਲੋਂ ਚੱਲ ਰਹੇ ਕਿਸਾਨ ਸੰਘਰਸ਼ ਦੀ ਵੀ ਚਰਚਾ ਕੀਤੀ ਜਾ ਰਹੀ ਹੈ। ਕਥਾ ਦੌਰਾਨ ਖੇਤੀ ਸੰਘਰਸ਼ ਦੀ ਚਰਚਾ ਕੀਤੀ ਗਈ ਅਤੇ ਇਸ ਸੰਘਰਸ਼ ਦੀ ਤੁਲਨਾ ਮੁਗਲ ਕਾਲ ਦੇ ਜਾਬਰ ਹਾਕਮਾਂ ਦੇ ਸਮੇਂ ਨਾਲ ਕੀਤੀ ਗਈ।

ਸ੍ਰੀ ਹਰਿਮੰਦਰ ਸਾਹਿਬ ਵਿਖੇ ਤੜਕਸਾਰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਮਗਰੋਂ ਹੁਕਮਨਾਮਾ ਲਿਆ ਜਾਂਦਾ ਹੈ, ਜਿਸ ਦੀ ਵਿਆਖਿਆ ਮਗਰੋਂ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਚ ਹੁੰਦੀ ਕਥਾ ਦੌਰਾਨ ਕੀਤੀ ਜਾਂਦੀ ਹੈ। ਹੁਕਮਨਾਮੇ ਦੀ ਵਿਆਖਿਆ ਦੀ ਕਥਾ ਕਈ ਅਹਿਮ ਧਾਰਮਿਕ ਸ਼ਖਸੀਅਤਾਂ ਵਲੋਂ ਸਮੇਂ-ਸਮੇਂ ਕੀਤੀ ਜਾਂਦੀ ਹੈ, ਜਿਨ੍ਹਾਂ ਵਿਚ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਤੇ ਕਈ ਉਘੇ ਕਥਾਵਾਚਕ ਤੇ ਪ੍ਰਚਾਰਕ ਸ਼ਾਮਲ ਹਨ। ਹੁਕਮਨਾਮੇ ਦੀ ਕਥਾ ਵਿਚ ਸ਼੍ਰੋਮਣੀ ਕਮੇਟੀ ਦੇ ਮੁੱਖ ਪ੍ਰਚਾਰਕ ਭਾਈ ਜਗਦੇਵ ਸਿੰਘ ਵਲੋਂ ਲਗਭਗ ਇਕ ਘੰਟੇ ਦੀ ਕਥਾ ਵਿਆਖਿਆ ਦੌਰਾਨ ਜਿਥੇ ਉਨ੍ਹਾਂ ਹੁਕਮਨਾਮੇ ਅਤੇ ਸ਼ਹੀਦੀ ਸਾਕੇ ਬਾਰੇ ਜਾਣਕਾਰੀ ਦਿੱਤੀ, ਉਥੇ ਕਿਸਾਨੀ ਸੰਘਰਸ਼ ਦੀ ਵੀ ਚਰਚਾ ਕੀਤੀ। ਸ਼ਹੀਦੀ ਸਾਕੇ ਤੋਂ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਦੇ ਸਮੇਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਘੇਰਾ ਮਈ ਤੋਂ ਦਸੰਬਰ ਮਹੀਨੇ ਤੱਕ ਚੱਲਿਆ ਸੀ। ਉਸ ਵੇਲੇ ਵੀ ਰਸਦਾਂ ਖਤਮ ਹੋ ਗਈਆਂ ਸਨ, ਘੇਰਾ ਕਦੋਂ ਖਤਮ ਹੋਵੇਗਾ, ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਹੁਣ ਵੀ ਕਿਸਾਨਾਂ ਦਾ ਸੰਘਰਸ਼ ਦਿੱਲੀ ਵਿਚ ਚੱਲਦਿਆਂ ਇਕ ਮਹੀਨਾ ਹੋ ਚੁੱਕਾ ਹੈ। ਸੀਤ ਲਹਿਰ ਪੂਰੇ ਸਿਖਰ ‘ਤੇ ਹੈ ਅਤੇ ਇਹ ਸੰਘਰਸ਼ ਵੀ ਕਿੰਨੀ ਦੇਰ ਚੱਲੇਗਾ, ਇਸ ਬਾਰੇ ਕੁਝ ਪਤਾ ਨਹੀਂ ਹੈ।
ਕਿਸਾਨ ਰਸਦਾਂ ਲੈ ਕੇ ਮੋਰਚੇ ‘ਤੇ ਡਟੇ ਹੋਏ ਹਨ। ਕਥਾ ਦੇ ਅੰਤ ਵਿਚ ਉਨ੍ਹਾਂ ਮੁੜ ਕਿਸਾਨ ਸੰਘਰਸ਼ ਬਾਰੇ ਗੱਲ ਕਰਦਿਆਂ ਦੱਸਿਆ ਕਿ ਪਹਿਲੀ ਪਾਤਿਸ਼ਾਹੀ ਗੁਰੂ ਨਾਨਕ ਦੇਵ ਜੀ ਨੇ ਇਕ ਵਾਰ ਖਾਣਾ-ਪੀਣਾ ਛੱਡ ਦਿੱਤਾ ਸੀ। ਪਿਤਾ ਜੀ ਵਲੋਂ ਵੈਦ ਸੱਦਿਆ ਗਿਆ ਪਰ ਵੈਦ ਉਨ੍ਹਾਂ ਦੇ ਅੰਦਰ ਦੀ ਪੀੜਾ ਦਾ ਪਤਾ ਨਾ ਲਾ ਸਕਿਆ। ਉਨ੍ਹਾਂ ਦੇ ਅੰਦਰ ਦੀ ਪੀੜਾ ਕਿਸਾਨਾਂ ਦੇ ਪ੍ਰਤੀ ਸੀ। ਕਿਸਾਨ ਸਾਰਾ ਦਿਨ ਖੇਤਾਂ ਵਿਚ ਹਲ ਚਲਾਉਂਦੇ ਹਨ, ਪਾਣੀ ਲਾਉਂਦੇ ਹਨ ਅਤੇ ਫਿਰ ਫਸਲ ਤਿਆਰ ਹੁੰਦੀ ਹੈ ਜਦੋਂਕਿ ਉਸ ਵੇਲੇ ਦੇ ਜਗੀਰਦਾਰ ਫਸਲ ਤਿਆਰ ਹੋਣ ‘ਤੇ ਆਉਂਦੇ ਅਤੇ ਕਿਸਾਨਾਂ ਦੀ ਫਸਲ ਜਬਰੀ ਲੈ ਕੇ ਚਲੇ ਜਾਂਦੇ। ਉਨ੍ਹਾਂ ਨੇ ਮੌਜੂਦਾ ਕਾਰਪੋਰੇਟ ਘਰਾਣਿਆਂ ਦੀ ਤੁਲਨਾ ਵੀ ਉਸ ਵੇਲੇ ਦੇ ਜਗੀਰਦਾਰਾਂ ਨਾਲ ਕੀਤੀ। ਉਨ੍ਹਾਂ ਆਖਿਆ ਕਿ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਲਿਆਂਦੇ ਹਨ, ਜੋ ਵਧੇਰੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਹਨ। ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਮੰਡੀ ਪ੍ਰਣਾਲੀ ਖਤਮ ਹੋ ਜਾਵੇਗੀ ਅਤੇ ਜਗੀਰਦਾਰਾਂ ਵਾਂਗ ਹੀ ਇਹ ਵੱਡੇ ਕਾਰਪੋਰੇਟ ਘਰਾਣੇ ਕਿਸਾਨਾਂ ਦਾ ਸ਼ੋਸ਼ਣ ਕਰਨਗੇ।
____________________________________________________
ਦੌੜਾਕ ਜਗਦੀਪ ਸਿੰਘ ਦਿੱਲੀ ਤੋਂ ਹਰਿਮੰਦਰ ਸਾਹਿਬ ਪੁੱਜਾ
ਅੰਮ੍ਰਿਤਸਰ: ਨੌਜਵਾਨ ਦੌੜਾਕ ਤੇ ਤਹਿਸੀਲ ਮਲੇਰਕੋਟਲਾ ਦੇ ਪਿੰਡ ਸ਼ੇਰਗੜ੍ਹ ਚੀਮਾ ਦਾ ਵਸਨੀਕ ਪੰਜਾਬੀ ਨੌਜਵਾਨ ਦੌੜਾਕ ਜਗਦੀਪ ਸਿੰਘ ਸੰਘਰਸ਼ ਕਰ ਰਹੇ ਕਿਸਾਨਾਂ ਦੀ ਜਿੱਤ ਅਤੇ ਸਰਦੀ ਦੇ ਮੌਸਮ ਵਿਚ ਉਨ੍ਹਾਂ ਦੀ ਤੰਦਰੁਸਤੀ ਲਈ ਅਰਦਾਸ ਕਰਨ ਲਈ 323 ਕਿਲੋਮੀਟਰ ਦੌੜ ਕੇ ਦਿੱਲੀ ਤੋਂ ਸ੍ਰੀ ਹਰਿਮੰਦਰ ਸਾਹਿਬ ਪੁੱਜਾ। ਇਸ ਮੌਕੇ ਜਗਦੀਪ ਸਿੰਘ ਨੇ ਦੱਸਿਆ ਕਿ ਉਹ ਧੁੰਦ ਦੇ ਮੌਸਮ ਵਿਚ ਮੈਰਾਥਨ ਦੌੜ ਕੇ 48 ਘੰਟਿਆਂ ਵਿਚ ਸ੍ਰੀ ਹਰਿਮੰਦਰ ਸਾਹਿਬ ਅਰਦਾਸ ਕਰਨ ਪੁੱਜਾ ਹੈ। ਉਸ ਨੇ ਕਿਹਾ ਕਿ ਉਹ ਦਿੱਲੀ ਤਿੰਨ ਵਾਰ ਦੌੜ ਕੇ ਜਾ ਚੁੱਕਾ ਹੈ ਤੇ ਇਸ ਤੋਂ ਇਲਾਵਾ ਪੰਜਾਬ ਦੇ ਤਿੰਨ ਤਖਤ ਸਾਹਿਬਾਨਾਂ ਸਮੇਂ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਵੀ ਇਕ ਮਹੀਨੇ ਦੌਰਾਨ ਮੈਰਾਥਨ ਦੌੜ ਕੇ ਦਰਸ਼ਨ ਕਰਨ ਜਾ ਚੁੱਕਾ ਹੈ। ਉਸ ਨੇ ਕਿਹਾ ਕਿ ਆਪਣੀ ਮਾਤਾ ਦੀ ਇੱਛਾ ਤਹਿਤ ਮੈਂ ਕਿਸਾਨਾਂ ਦੇ ਹੱਕ ਵਿਚ ਤੇ ਉਨ੍ਹਾਂ ਦੀ ਤੰਦਰੁੁਸਤੀ ਲਈ ਦੌੜ ਕੇ ਅਰਦਾਸ ਕਰਨ ਆਇਆ ਹਾਂ।