ਸ਼ਿਵ ਸੈਨਾ ਵੱਲੋਂ ਭਾਜਪਾ ਵਿਰੋਧੀ ਧਿਰਾਂ ਨੂੰ ਇਕੱਠੇ ਹੋਣ ਦਾ ਸੱਦਾ

ਮੁੰਬਈ: ਸ਼ਿਵ ਸੈਨਾ ਨੇ ਆਪਣੇ ਅਖਬਾਰ ‘ਸਾਮਨਾ` ਵਿਚ ਕਿਹਾ ਹੈ ਕਿ ਕਾਂਗਰਸ ਜੋ ਕਿ ਕੌਮੀ ਪੱਧਰ `ਤੇ ਮੁੱਖ ਵਿਰੋਧੀ ਧਿਰ ਹੈ, ‘ਟੁੱਟ-ਭੱਜ ਦਾ ਸ਼ਿਕਾਰ ਹੋ ਕੇ ਕਮਜ਼ੋਰ ਹੋ ਗਈ ਹੈ।` ਇਸ ਲਈ ਸ਼ਿਵ ਸੈਨਾ ਸਣੇ ਸਾਰੀਆਂ ਭਾਜਪਾ ਵਿਰੋਧੀ ਧਿਰਾਂ ਨੂੰ ਹੁਣ ਯੂ.ਪੀ.ਏ. ਗੱਠਜੋੜ ਹੇਠ ਇਕੱਠੇ ਹੋ ਜਾਣਾ ਚਾਹੀਦਾ ਹੈ ਤਾਂ ਕਿ ਤਾਕਤਵਰ ਬਦਲ ਦਿੱਤਾ ਜਾ ਸਕੇ।

ਲੇਖ ਵਿਚ ਕਿਹਾ ਗਿਆ ਹੈ ਕਿ ਕੇਂਦਰ ਵਿਚ ਸੱਤਾ ਉਤੇ ਕਾਬਜ ਕਿਸਾਨ ਸੰਘਰਸ਼ ਦੀ ਅਣਦੇਖੀ ਕਰ ਰਹੇ ਹਨ, ਅਤੇ ਵਿਰੋਧੀ ਧਿਰ ਦਾ ‘ਪ੍ਰਭਾਵਹੀਣ` ਹੋਣਾ ਵੀ ਇਸ ਦਾ ਇਕ ਮੁੱਖ ਕਾਰਨ ਹੈ। ‘ਸਾਮਨਾ` ਮੁਤਾਬਕ ਕੇਂਦਰ ਸਰਕਾਰ ਨੂੰ ਦੋਸ਼ ਦੇਣ ਦੀ ਬਜਾਏ, ਮੁੱਖ ਵਿਰੋਧੀ ਧਿਰ ਨੂੰ ਅਗਵਾਈ ਨਾਲ ਜੁੜੇ ਮੁੱਦਿਆਂ `ਤੇ ਧਿਆਨ ਦੇਣ ਦੀ ਲੋੜ ਹੈ। ਸੈਨਾ ਮੁਤਾਬਕ ਕਮਜ਼ੋਰ ਵਿਰੋਧੀ ਧਿਰ ਕਾਰਨ ਲੋਕਤੰਤਰ ਵੀ ਟੁੱਟ-ਭੱਜ ਦਾ ਸ਼ਿਕਾਰ ਹੋ ਰਿਹਾ ਹੈ। ਸ਼ਿਵ ਸੈਨਾ ਨੇ ਕਿਹਾ ਕਿ ਮੁੱਖ ਵਿਰੋਧੀ ਧਿਰ ਨੂੰ ਮੰਥਨ ਦੀ ਲੋੜ ਹੈ, ਵਿਰੋਧੀ ਧਿਰ ਦਾ ਲੋਕਾਂ ਵਿਚ ਇਕ ਪ੍ਰਭਾਵ ਹੋਣਾ ਚਾਹੀਦਾ ਹੈ। ‘ਸਾਮਨਾ` ਦੇ ਲੇਖ ਮੁਤਾਬਕ ‘ਰਾਹੁਲ ਗਾਂਧੀ ਨਿੱਜੀ ਤੌਰ `ਤੇ ਤਕੜਾ ਮੁਕਾਬਲਾ ਦੇ ਰਹੇ ਹਨ, ਪਰ ਕਿਸੇ ਨਾ ਕਿਸੇ ਚੀਜ ਦੀ ਕਮੀ ਹੈ। ਕਾਂਗਰਸ ਦੀ ਅਗਵਾਈ ਵਾਲੇ ਮੌਜੂਦਾ ਯੂ.ਪੀ.ਏ. ਦੀ ਹਾਲਤ ਕਿਸੇ ਐਨ.ਜੀ.ਓ. (ਗੈਰ ਸਰਕਾਰੀ ਸੰਗਠਨ) ਵਰਗੀ ਹੋ ਗਈ ਹੈ।‘ ਮਰਾਠੀ ਰੋਜਾਨਾ ਮੁਤਾਬਕ ਯੂ.ਪੀ.ਏ. ਦੇ ਭਾਈਵਾਲ ਵੀ ਕਿਸਾਨਾਂ ਦੇ ਸੰਘਰਸ਼ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਇਨ੍ਹਾਂ ਦੇ ਰੁਖ ਬਾਰੇ ਕੁਝ ਸਪੱਸ਼ਟ ਨਹੀਂ ਹੈ।
ਐਨ.ਸੀ.ਪੀ. ਮੁਖੀ ਸ਼ਰਦ ਪਵਾਰ ਕੌਮੀ ਪੱਧਰ ਉਤੇ ਆਵਾਜ ਬੁਲੰਦ ਕਰ ਰਹੇ ਹਨ। ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਇਕੱਲੇ ਲੜ ਰਹੀ ਹੈ। ਦੇਸ਼ ਦੀ ਮੁੱਖ ਵਿਰੋਧੀ ਧਿਰ ਨੂੰ ਉਸ ਨਾਲ ਖੜ੍ਹਨਾ ਚਾਹੀਦਾ ਹੈ। ਲੇਖ ਵਿਚ ਕਿਹਾ ਗਿਆ ਹੈ ਕਿ ਮਮਤਾ ਨੇ ਸਿਰਫ ਪਵਾਰ ਨੂੰ ਸੱਦਾ ਦਿੱਤਾ ਹੈ ਤੇ ਉਹ ਬੰਗਾਲ ਜਾ ਰਹੇ ਹਨ।
‘ਲੋਕ ਫਤਵਾ ਸਵੀਕਾਰ ਕਰੇ ਭਾਜਪਾ’: ਨੈਸ਼ਨਲ ਕਾਨਫਰੰਸ ਆਗੂ ਉਮਰ ਅਬਦੁੱਲਾ ਨੇ ਕਿਹਾ ਕਿ ਭਾਜਪਾ ਤੇ ਇਸ ਦੇ ਸਹਿਯੋਗੀਆਂ ਅਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਨੂੰ ਜਿਲ੍ਹਾ ਵਿਕਾਸ ਕੌਂਸਲ ਚੋਣਾਂ ਵਿਚ ਲੋਕਾਂ ਵੱਲੋਂ ਦਿੱਤਾ ਫਤਵਾ ਸਵੀਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ‘ਖਰੀਦੋ-ਫਰੋਖਤ` ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਸਿਰਫ ਲੋਕਤੰਤਰ ਅਤੇ ਇਸ ਦੀਆਂ ਸੰਸਥਾਵਾਂ ਦਾ ਨੁਕਸਾਨ ਹੀ ਹੋਵੇਗਾ।
__________________________________
ਕਿਸਾਨਾਂ ਨੇ ਭਾਜਪਾ ਆਗੂਆਂ ਦੀਆਂ ਕੋਠੀਆਂ ਘੇਰੀਆਂ
ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਅਗਵਾਈ ਹੇਠ ਕਿਸਾਨਾਂ ਨੇ ਕੜਾਕੇ ਦੀ ਠੰਢ ਦੇ ਬਾਵਜੂਦ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਹੰਸ ਰਾਜ ਹੰਸ ਦੀ ਕੋਠੀ ਦਾ ਘਿਰਾਓ ਕੀਤਾ। ਪੁਲਿਸ ਨੇ ਬੈਰੀਕੇਡ ਲਾ ਕੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ। ਬੀ.ਕੇ.ਯੂ. ਰਾਜੇਵਾਲ ਦੇ ਮੁੱਖ ਬੁਲਾਰੇ ਕਿਸਾਨ ਆਗੂ ਕਸ਼ਮੀਰ ਸਿੰਘ ਦੀ ਅਗਵਾਈ ਹੇਠ ਪਿੰਡਾਂ ਤੋਂ ਆਏ ਵੱਡੀ ਗਿਣਤੀ ਕਿਸਾਨਾਂ ਤੇ ਮਜ਼ਦੂਰਾਂ ਨੇ ਸੜਕ ‘ਤੇ ਧਰਨਾ ਦਿੱਤਾ ਤੇ ਕੇਂਦਰ ਸਰਕਾਰ ਤੇ ਭਾਜਪਾ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਹੰਸ ਰਾਜ ਹੰਸ ਦਾ ਘਰ ਘੇਰਨ ਮਗਰੋਂ ਕਿਸਾਨਾਂ ਨੇ ਭਾਜਪਾ ਦੇ ਸਾਬਕਾ ਵਿਧਾਇਕ ਕੇਡੀ ਭੰਡਾਰੀ ਦੇ ਹੁਕਮ ਚੰਦ ਕਲੋਨੀ ਵਿਚਲੇ ਘਰ ਅੱਗੇ ਵੀ ਧਰਨਾ ਦਿੱਤਾ। ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਭਾਜਪਾ ਆਗੂ ਦੇ ਘਰ ਅੱਗੇ ਜਿਥੇ ਬੈਰੀਕੇਡ ਲਗਾਏ ਹੋਏ ਸਨ, ਉਥੇ ਨਾਲ ਹੀ ਮਨੁੱਖੀ ਕੰਧ ਵੀ ਬਣਾਈ ਹੋਈ ਸੀ ਪਰ ਕਿਸਾਨਾਂ ਨੇ ਕਿਸੇ ਤਰ੍ਹਾਂ ਦੀ ਵੀ ਕੋਈ ਹੁਲੜਬਾਜ਼ੀ ਨਹੀਂ ਕੀਤੀ। ਕਿਸਾਨ ਭਾਜਪਾ ਆਗੂ ਦੇ ਘਰ ਅੱਗੇ ਲਗਭਗ ਇਕ ਘੰਟੇ ਤਕ ਰੋਸ ਧਰਨੇ ‘ਤੇ ਬੈਠੇ ਰਹੇ। ਕਿਸਾਨਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਮੋਦੀ ਸਰਕਾਰ ਖੇਤੀ ਕਾਨੂੰਨ ਵਾਪਸ ਨਹੀਂ ਲੈ ਲੈਂਦੀ, ਉਦੋਂ ਤਕ ਭਾਜਪਾ ਆਗੂਆਂ ਦੇ ਘਰਾਂ ਅਤੇ ਦਫਤਰਾਂ ਦਾ ਘਿਰਾਓ ਜਾਰੀ ਰਹੇਗਾ। ਇਸੇ ਦੇ ਨਾਲ-ਨਾਲ ਰਿਲਾਇੰਸ, ਗੌਤਮ ਅਡਾਨੀ ਅਤੇ ਬਾਬਾ ਰਾਮਦੇਵ ਦੇ ਸਮਾਨ ਦਾ ਬਾਈਕਾਟ ਵੀ ਜਾਰੀ ਰਹੇਗਾ। ਇਸੇ ਦੌਰਾਨ ਕਿਸਾਨਾਂ ਨੇ ਪਠਾਨਕੋਟ ਚੌਕ ਨੇੜੇ ਰਿਲਾਇੰਸ ਦਾ ਗੋਦਾਮ ਵੀ ਬੰਦ ਕਰਵਾਇਆ। ਕਿਸਾਨ ਆਗੂਆਂ ਨੇ ਇਕਸੁਰ ਹੁੰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੀ ਹੈ, ਜਿਸ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ।
ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਬਠਿੰਡਾ ਫੇਰੀ ਮੌਕੇ ਪੁਲਿਸ ਦੇ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਬਦਲਵੇਂ ਰਸਤਿਓਂ ਸਥਾਨਕ ਹੋਟਲ ‘ਚ ਪਹੁੰਚੇ। ਅਸ਼ਵਨੀ ਸ਼ਰਮਾ ਨੇ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੇ ਹਿੱਤ ‘ਚ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ਦਾ ਗੁਣਗਾਨ ਕੀਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਸਾਨਾਂ ਲਈ ਜਨ ਸਨਮਾਨ ਨਿਧੀ ਯੋਜਨਾ ਤਹਿਤ ਦੇਸ਼ ਦੇ 9 ਕਰੋੜ ਕਿਸਾਨਾਂ ਨੂੰ 18 ਹਜਾਰ ਕਰੋੜ ਰੁਪਏ ਰਾਸ਼ੀ ਖਾਤਿਆਂ ‘ਚ ਪਾ ਕੇ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅੰਦੋਲਨ ਦਾ ਰਾਹ ਛੱਡ ਕੇ ਸਰਕਾਰ ਨਾਲ ਗੱਲਬਾਤ ਕਰਨ।