ਭਾਰਤੀ ਮੀਡੀਆ ਲਈ ਅੱਗੇ ਵਧਣ ਦਾ ਰਾਹ

ਭਾਰਤ ਵਿਚ ਅੱਜਕੱਲ੍ਹ ਮੀਡੀਆ ਅਤੇ ਇਸ ਦੀ ਭੂਮਿਕਾ ਬਾਰੇ ਕਈ ਤਰ੍ਹਾਂ ਦੇ ਸਵਾਲ ਉਠ ਰਹੇ ਹਨ। ‘ਕਾਰਵਾਂ’ ਮੈਗਜ਼ੀਨ ਦੇ ਕਾਰਜਕਾਰੀ ਸੰਪਾਦਕ ਵਿਨੋਦ ਕੇ ਜੋਸ ਨੇ ਅਗਸਤ ਮਹੀਨੇ ਬੰਗਲੌਰ ਦੀ ਕ੍ਰਾਈਸਟ ਯੂਨੀਵਰਸਿਟੀ ਵਿਚ ਮੀਡੀਆ ਮਿਲਣੀ ਦੌਰਾਨ ਨੌਜਵਾਨ ਪੱਤਰਕਾਰਾਂ ਅਤੇ ਸਿੱਖਿਆ ਵਿਗਿਆਨੀਆਂ ਲਈ ਲੈਕਚਰ ਦਿੱਤਾ ਸੀ ਜਿਸ ਵਿਚ ਉਨ੍ਹਾਂ ਖੋਜੀ ਪੱਤਰਕਾਰੀ ਦੀ ਭੂਮਿਕਾ ਬਾਰੇ ਅਹਿਮ ਸਵਾਲਾਂ ਉਪਰ ਚਰਚਾ ਕੀਤੀ ਸੀ। ਇਸ ਲੰਮੇ ਲੈਕਚਰ ਦਾ ਅਨੁਵਾਦ ‘ਕਾਰਵਾਂ’ ਦੇ ਧੰਨਵਾਦ ਸਹਿਤ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਕੀਤਾ ਹੈ। ਐਤਕੀਂ ਇਸ ਲੈਕਚਰ ਦੀ ਪਹਿਲੀ ਕਿਸ਼ਤ ਪੇਸ਼ ਹੈ।

ਸੰਪਾਦਕ

ਵਿਨੋਦ ਕੇ ਜੋਸ
ਅਨੁਵਾਦ : ਬੂਟਾ ਸਿੰਘ
2019 ਦੇ ਸ਼ੁਰੂ `ਚ ਦਿੱਲੀ ਦੇ ਇਕ ਮੇਨਸਟ੍ਰੀਮ ਮੀਡੀਆ ਦੇ ਚੀਫ ਐਡੀਟਰ ਨੇ ਮੈਨੂੰ ਦੁਪਹਿਰ ਦੇ ਖਾਣੇ ਦਾ ਸੱਦਾ ਦਿੱਤਾ। ਚੱਲੋ ਉਨ੍ਹਾਂ ਨੂੰ ਟੀ.ਕੇ. ਟੀ.ਕੇ. ਜੀ ਕਹਿ ਲੈਂਦੇ ਹਾਂ। ਜੋ ਲੋਕ ਮੀਡੀਆ ਨਾਲ ਜੁੜੇ ਹਨ, ਉਨ੍ਹਾਂ ਨੂੰ ਪਤਾ ਹੋਵੇਗਾ ਕਿ ਟੀ.ਕੇ. ਦਾ ਇਸਤੇਮਾਲ ਸੰਪਾਦਨ ਦੇ ਸਮੇਂ ਹੁੰਦਾ ਹੈ ਅਤੇ ਇਸ ਦਾ ਭਾਵ ਹੁੰਦਾ ਹੈ ‘ਟੂ ਕਮ’ (ਟੀ.ਕੇ. – ਆਉਣ ਵਾਲਾ ਹੈ)। ਅੰਗਰੇਜ਼ੀ ਮੀਡੀਆ ਵਿਚ ਟੀ.ਕੇ. ਦਾ ਇਸਤੇਮਾਲ ਅਜੇ ਵੀ ਕੀਤਾ ਜਾਂਦਾ ਹੈ। ਇਹ ਉਸ ਸਥਾਨ `ਤੇ ਲਗਾਇਆ ਜਾਂਦਾ ਹੈ ਜੋ ਉਦੋਂ ਤੱਕ ਖਾਲੀ ਹੁੰਦੀ ਹੈ ਜਦ ਤੱਕ ਹੋਰ ਸਮੱਗਰੀ ਜਾਂ ਸਟੀਕ ਜਾਣਕਾਰੀ ਉਥੇ ਭਰ ਨਹੀਂ ਦਿੱਤੀ ਜਾਂਦੀ। ਅੰਗਰੇਜ਼ੀ ਭਾਸ਼ਾ ਵਿਚ ਇਹ ਪੁਰਾਣਾ ਦੋ ਅੱਖਰਾਂ ਦਾ ਸ਼ਬਦ ਆਮ ਹੈ ਅਤੇ ਪਰੂਫ ਲਾਉਂਦੇ ਸਮੇਂ ਸੌਖਿਆਂ ਹੀ ਪਕੜ `ਚ ਆ ਜਾਂਦਾ ਹੈ। ‘ਜੀ` ਹਿੰਦੀ ਅਤੇ ਪੰਜਾਬੀ ਵਿਚ ਵਰਤਿਆ ਜਾਣ ਵਾਲਾ ਆਦਰ ਸੂਚਕ ਸ਼ਬਦ ਹੈ ਜੋ ਔਰਤ ਅਤੇ ਮਰਦ, ਦੋਨਾਂ ਲਈ ਵਰਤਿਆ ਜਾਂਦਾ ਹੈ। ਸੋ ਖਾਣੇ ਦੌਰਾਨ ਟੀ.ਕੇ. ਟੀ.ਕੇ. ਜੀ ਨੇ ਮੈਨੂੰ ਦੱਸਿਆ ਕਿ ਨਰਿੰਦਰ ਮੋਦੀ ਰਾਜ ਵਿਚ ਉਸ ਨੂੰ ਦਬਾਓ ਹੇਠ ਰਹਿਣਾ ਪੈ ਰਿਹਾ ਹੈ।
ਉਨ੍ਹਾਂ ਨੇ ਮੈਨੂੰ ਇਕ ਫੋਨ ਕਾਲ ਬਾਰੇ ਦੱਸਿਆ ਜੋ ਉਨ੍ਹਾਂ ਨੂੰ ‘ਕਾਰਵਾਂ’ ਦੀ ਇਕ ਸਟੋਰੀ ਦੇ ਪ੍ਰਕਾਸ਼ਨ ਤੋਂ ਬਾਅਦ ਆਈ ਸੀ। “ਪ੍ਰਧਾਨ ਜੀ ਤੁਹਾਡੇ ਨਾਲ ਗੱਲ ਕਰਨਗੇ”, ਫੋਨ ਦੇ ਦੂਜੇ ਪਾਸਿਓਂ ਉਨ੍ਹਾਂ ਦੇ ਕੰਨੀਂ ਆਵਾਜ਼ ਪਈ ਸੀ। ਸੰਪਾਦਕ ਹੈਰਾਨ ਸੀ ਕਿ ਇਹ ਪ੍ਰਧਾਨ ਜੀ ਕੌਣ ਹੋਏ। ਕੀ ਇਹ ਕੋਈ ਮਜ਼ਾਕ ਹੈ? ਲੇਕਿਨ ਉਦੋਂ ਹੀ ਹੋਰ ਆਵਾਜ਼ ਉਨ੍ਹਾਂ ਦੇ ਕੰਨੀਂ ਪਈ, “ਮੈਂ ਅਮਿਤ ਸ਼ਾਹ ਬੋਲ ਰਿਹਾਂ।”
ਉਸ ਸਮੇਂ ਅਮਿਤ ਸ਼ਾਹ ਭਾਰਤੀ ਜਨਤਾ ਪਾਰਟੀ ਦਾ ਕੌਮੀ ਪ੍ਰਧਾਨ ਸੀ ਅਤੇ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਭਾਰਤ ਦਾ ਦੂਜਾ ਸਭ ਤੋਂ ਬੜਾ ਸ਼ਕਤੀਸ਼ਾਲੀ ਬੰਦਾ ਸੀ। 2014 `ਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣ ਚੁੱਕੀ ਸੀ। ਉਸ ਨੇ ਸੰਪਾਦਕ ਨੂੰ ਦੱਸਿਆ ਕਿ ‘ਕਾਰਵਾਂ’ ਦੀ ਪ੍ਰਕਾਸ਼ਿਤ ਇਕ ਬੜੀ ਜਾਂਚ ਦੇ ਸਬੰਧ `ਚ ਜੋ ਪ੍ਰੈੱਸ ਕਾਨਫਰੰਸ ਵਿਰੋਧੀ-ਧਿਰ ਦੇ ਆਗੂ ਕਰਨ ਵਾਲੇ ਹਨ, ਉਸ ਨੂੰ ਕਵਰ ਨਾ ਕੀਤਾ ਜਾਵੇ। ਮੈਂ ਟੀ.ਕੇ. ਟੀ.ਕੇ. ਜੀ ਨੂੰ ਪੁੱਛਿਆ: ਕੀ ਉਨ੍ਹਾਂ ਨੇ ‘ਕਾਰਵਾਂ’ ਵਿਚ ਖਬਰ ਛਪਣ ਤੋਂ ਬਾਅਦ ਆਪਣੇ ਅਖਬਾਰ ਵਿਚ ਇਹ ਸਟੋਰੀ ਚਲਾਈ ਸੀ। ਉਨ੍ਹਾਂ ਨੇ ਕਿਹਾ, “ਅਰੇ ਭੁੱਲ ਜਾਓ। ਇਹ ਅਸੰਭਵ ਸੀ।”
ਆਮ ਤੌਰ `ਤੇ ਹੁੰਦਾ ਇਹ ਹੈ ਕਿ ਵਿਰੋਧੀ-ਧਿਰ ਪਾਰਟੀਆਂ ਜੇ ਕਿਸੇ ਬੜੀ ਖਬਰ ਉਪਰ ਕੋਈ ਸਿਆਸੀ ਪ੍ਰਤੀਕਰਮ ਦਿੰਦੀਆਂ ਹਨ ਤਾਂ ਉਸ ਦੇ ਨਾਲ ਉਹ ਖਬਰ ਛਾਪਣੀ ਸੌਖੀ ਹੋ ਜਾਂਦੀ ਹੈ, ਲੇਕਿਨ ਸੰਪਾਦਕ ਜੀ ਨੂੰ ਕਾਲ ਆਈ ਸੀ ਕਿ ਉਹ ਵਿਰੋਧੀ-ਧਿਰ ਦੀ ਪ੍ਰੈੱਸ ਕਾਨਫਰੰਸ ਵੀ ਕਵਰ ਨਾ ਕਰਨ। ਟੀ.ਕੇ. ਟੀ.ਕੇ. ਜੀ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੇ ਬੜੇ ਸਨਮਾਨਜਨਕ ਤਰੀਕੇ ਨਾਲ ਇਉਂ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸਾਹਿਬ ਨੂੰ ਕਹਿ ਦਿੱਤਾ ਕਿ ਉਨ੍ਹਾਂ ਦੇ ਲਈ ਵਿਰੋਧੀ-ਧਿਰ ਦੀ ਪ੍ਰੈੱਸ ਕਾਨਫਰੰਸ ਦੀ ਖਬਰ ਨਾ ਛਾਪਣਾ ਅਸੰਭਵ ਹੈ। ਉਦੋਂ ਆਮ ਚੋਣਾਂ ਹੋਣ `ਚ ਥੋੜ੍ਹਾ ਹੀ ਸਮਾਂ ਬਾਕੀ ਸੀ।
“ਪ੍ਰੈੱਸ ਕਾਨਫਰੰਸ `ਚ ਕੁਛ ਵੀ ਨਵਾਂ ਨਹੀਂ ਹੈ”, ਪ੍ਰਧਾਨ ਨੇ ਦੂਜੇ ਪਾਸਿਓਂ ਕਿਹਾ, “ਇਨ੍ਹਾਂ ਸਾਰੇ ਮਾਮਲਿਆਂ ਉਪਰ ਚਰਚਾ ਹੋ ਚੁੱਕੀ ਹੈ ਅਤੇ ਇਨ੍ਹਾਂ ਨੂੰ ਖਾਰਜ ਕੀਤਾ ਜਾ ਚੁੱਕਾ ਹੈ। ਇਸ ਨੂੰ ਕਵਰ ਕਰਨ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈ।”
ਅਗਲੇ ਦਿਨ ਟੀ.ਕੇ. ਟੀ.ਕੇ. ਜੀ ਨੇ ਖਬਰ ਤਾਂ ਛਾਪੀ ਲੇਕਿਨ ਸੰਖੇਪ ਤੱਥ ਦੇ ਰੂਪ `ਚ; ਲੇਕਿਨ ਉਹ ਫੋਨ ਕਾਲ ਤਾਂ ਧਮਕੀਨੁਮਾ ਲਹਿਜ਼ੇ `ਚ ਸੀ। ਇੱਥੇ ਇਹ ਸਮਝਣਾ ਜ਼ਰੂਰੀ ਹੈ ਕਿ ਇਕ ਰਾਜਨੀਤਕ ਬੰਦੇ ਕੋਲ ਐਨਾ ਹੌਸਲਾ ਹੈ ਕਿ ਭਾਰਤ ਦੇ ਇਕ ਐਸੇ ਸੰਪਾਦਕ ਨੂੰ, ਜਿਸ ਦੇ ਮਤਹਿਤ ਇਕ ਹਜ਼ਾਰ ਤੋਂ ਜ਼ਿਆਦਾ ਪੱਤਰਕਾਰ ਕੰਮ ਕਰਦੇ ਹਨ, ਇਹ ਦੱਸੇ ਕਿ ਖਬਰ ਦਿੱਤੇ ਜਾਣ ਲਾਇਕ ਨਹੀਂ ਹੈ। ਇੱਥੇ ਪ੍ਰਧਾਨ ਜੀ ਸੰਪਾਦਕ ਦੇ ਵੀ ਸੰਪਾਦਕ ਵਾਂਗ ਵਿਹਾਰ ਕਰ ਰਹੇ ਸਨ।
ਮੈਨੂੰ ਭਾਰਤ ਦੇ ਦੂਜੇ ਸਭ ਤੋਂ ਸ਼ਕਤੀਸ਼ਾਲੀ ਬੰਦੇ ਨਾਲ ਹੋਏ ਟੀ.ਕੇ. ਟੀ.ਕੇ. ਜੀ ਦੇ ਐਨਕਾਊਂਟਰ ਦੀ ਕਹਾਣੀ ਸੁਣਨ `ਚ ਮਜ਼ਾ ਆ ਰਿਹਾ ਸੀ ਕਿਉਂਕਿ ਇਸ ਨਾਲ ਸਾਡੇ ਦੌਰ ਦੀਆਂ ਕੁਝ ਬੜੀਆਂ ਖਬਰਾਂ ਉਪਰ ਰਵਾਇਤੀ ਜਾਂ ਲਿਗੇਸੀ ਮੀਡੀਆ ਦੀ ਖਾਮੋਸ਼ੀ ਨੂੰ ਸਮਝਿਆ ਜਾ ਸਕਦਾ ਹੈ। ਯਕੀਨਨ, ਭਾਰਤੀ ਮੀਡੀਆ ਨੇ ਇਤਿਹਾਸਕ ਰੂਪ `ਚ ਉਨ੍ਹਾਂ ਸਦਾ ਬਹਾਰ ਮਾਮਲਿਆਂ `ਚ ਇਕ ਕਲਾਸਿਕ ਖਾਮੋਸ਼ੀ ਵਰਤੀ ਹੈ ਜਿਨ੍ਹਾਂ ਨਾਲ ਆਗੂਆਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਕੁਝ ਮਾਮਲਿਆਂ ਦੀ ਗੱਲ ਕਰਾਂ ਤਾਂ ਉਨ੍ਹਾਂ ਵਿਚ ਭਾਰਤੀਆਂ ਵਿਚ ਵਧ ਰਹੀ ਨਾਬਰਾਬਰੀ, ਹੇਠਲੀਆਂ ਜਾਤੀਆਂ ਦੇ ਸਮੂਹ ਅਤੇ ਕਬੀਲਿਆਂ ਉਪਰ ਹੋ ਰਹੇ ਜ਼ੁਲਮ, ਧਾਰਮਿਕ ਅਤੇ ਨਸਲੀ ਘੱਟਗਿਣਤੀਆਂ ਉਪਰ ਹਿੰਸਾ, ਖੇਤੀ ਸੰਕਟ, ਬੜੀਆਂ ਖਣਨ ਕਾਰਪੋਰੇਸ਼ਨਾਂ ਵੱਲੋਂ ਭਾਰਤ ਦੇ ਭਰਪੂਰ ਪੌਣਪਾਣੀ ਦੀ ਤਬਾਹੀ, ਵੱਟੇ ਖਾਤੇ ਪਾਇਆ ਕਰਜਾ, ਜੋ ਸਾਡੀ ਵਿਵਸਥਾ ਨੇ ਖੁਸ਼ੀ-ਖੁਸ਼ੀ ਬੜੇ ਘਰਾਣਿਆਂ ਨੂੰ ਸੌਂਪ ਦਿੱਤਾ ਹੈ ਅਤੇ ਨਿਆਂ ਪ੍ਰਣਾਲੀ ਦੀ ਸੜਿਆਂਦ ਵਰਗੇ ਮੁੱਦੇ ਸ਼ਾਮਲ ਹਨ।
ਇੱਧਰ-ਉਧਰ ਛਪੀਆਂ ਕੁਝ ਬਾਈ-ਲਾਈਨਾਂ ਨੂੰ ਛੱਡ ਦੇਈਏ ਤਾਂ ਇਨ੍ਹਾਂ ਮਾਮਲਿਆਂ ਉਪਰ ਭਾਰਤੀ ਮੁੱਖਧਾਰਾ ਮੀਡੀਆ `ਚ ਸ਼ਾਇਦ ਹੀ ਕਦੇ ਇਕਰੂਪਤਾ ਰਹੀ ਹੈ। ਜੇ ਹਾਲਾਤ ਐਸੇ ਹਨ ਤਾਂ ਇਸ ਮੀਡੀਆ ਤੋਂ ਜਨਤਾ ਲਈ ਬਿਰਤਾਂਤ ਸੈੱਟ ਕਰਨ ਦੀ ਉਮੀਦ ਕਰਨਾ ਬੇਮਾਇਨੇ ਹੈ। ਇਸ ਕਲਾਸਿਕ ਖਾਮੋਸ਼ੀ ਦੀ ਵਜ੍ਹਾ ਜਾਤਪਾਤ, ਮਾਲਕੀ, ਲਿੰਗ ਵਿਤਕਰਾ, ਅਗਿਆਨਤਾ ਅਤੇ ਉਦਾਸੀਨਤਾ ਵਰਗੇ ਕਾਰਕ ਹਨ ਜੋ 2014 `ਚ ਨਰਿੰਦਰ ਮੋਦੀ ਦੇ ਦਿੱਲੀ ਆਉਣ ਤੋਂ ਬਾਅਦ ਹੋਰ ਮਜ਼ਬੂਤ ਹੋ ਗਏ ਹਨ।
ਟੀ.ਕੇ. ਟੀ.ਕੇ. ਜੀ ਦੇ ਪ੍ਰਧਾਨ ਜੀ ਨਾਲ ਐਨਕਾਊਂਟਰ ਨੇ ਮੈਨੂੰ ਇਹ ਵੀ ਸਮਝਾਇਆ ਕਿ ਇਨ੍ਹਾਂ ਸਾਲਾਂ `ਚ ‘ਕਾਰਵਾਂ’ ਵੱਲੋਂ ਕੀਤੀਆਂ ਗਈਆਂ ਬੜੀਆਂ ਜਾਂਚ-ਪੜਤਾਲਾਂ ਨੂੰ ਰਵਾਇਤੀ ਮੀਡੀਆ ਨੇ ਅੱਗੇ ਕਿਉਂ ਨਹੀਂ ਵਧਾਇਆ। ਇਨ੍ਹਾਂ ਵਿਚ ਜੱਜ ਬੀ.ਐੱਚ. ਲੋਇਆ ਦੀ ਮੌਤ ਦਾ ਮਾਮਲਾ ਵੀ ਹੈ ਜੋ ਸੁਹਰਾਬੂਦੀਨ ਸ਼ੇਖ ਫਰਜੀ ਮੁਕਾਬਲਾ ਮਾਮਲੇ ਦੀ ਸੁਣਵਾਈ ਕਰ ਰਹੇ ਸਨ। ਉਸ ਕੇਸ ਵਿਚ ਪ੍ਰਧਾਨ ਜੀ ਮੁੱਖ ਮੁਲਜ਼ਮ ਸਨ। ਇਸ ਤੋਂ ਇਲਾਵਾ, ਰਾਫਾਲ ਰੱਖਿਆ ਸਮਝੌਤਾ, ਸ਼ਾਹ ਦੇ ਫਰਜ਼ੰਦ ਦੀ ਕੰਪਨੀ ਦਾ ਵਧਦਾ ਕਾਰੋਬਾਰ, ਕੌਮੀ ਸੁਰੱਖਿਆ ਸਲਾਹਕਾਰ ਦੇ ਫਰਜ਼ੰਦ ਦੀ ਕੰਪਨੀ, ਜੋ ਟੈਕਸ ਹੈਵਨ ਕੇਮੈਨ ਆਈਲੈਂਡ ਤੋਂ ਚਲਾਈ ਜਾ ਰਹੀ ਹੈ ਅਤੇ ਹੋਰ ਰਿਪੋਰਟਾਂ ਵੀ। ਜੇ ਪ੍ਰਧਾਨ ਜੀ ਨੇ ਟੀ.ਕੇ. ਟੀ.ਕੇ. ਜੀ ਨੂੰ ਇਕ ਵਾਰ ਫੋਨ ਕੀਤਾ ਸੀ ਤਾਂ ਸੰਭਵ ਹੈ ਪ੍ਰਧਾਨ ਜੀ ਨੇ ਉਨ੍ਹਾਂ ਨੂੰ ਕਈ ਵਾਰ ਫੋਨ ਕੀਤਾ ਹੋਵੇਗਾ। ਟੀ.ਕੇ. ਟੀ.ਕੇ. ਜੀ ਨੂੰ ਫੋਨ ਆਇਆ ਸੀ, ਤਾਂ ਇਹ ਸੰਭਵ ਹੈ ਕਿ ਹੋਰ ਸੰਪਾਦਕਾਂ ਅਤੇ ਮਾਲਕਾਂ ਨੂੰ ਵੀ ਐਸੇ ਫੋਨ ਆਏ ਹੋਣਗੇ।
ਭਾਰਤੀ ਮੀਡੀਆ ਨੇ ਬੀਤੇ `ਚ ਜਿਵੇਂ ਕੰਮ ਕੀਤਾ ਸੀ, ‘ਕਾਰਵਾਂ’ ਦੀਆਂ ਪੜਤਾਲਾਂ ਵਿਚ ਉਸ ਦਾ ਪ੍ਰਭਾਵ ਸੀ। 1980 `ਚ ਜਦ ‘ਦਿ ਹਿੰਦੂ’ ਅਖਬਾਰ ਨੇ ਬੋਫੋਰਸ ਮਾਮਲੇ ਦਾ ਖੁਲਾਸਾ ਕੀਤਾ ਸੀ ਤਾਂ ਇਸ ਖਬਰ ਦੇ ਨਵੇਂ ਪੱਖਾਂ ਨੂੰ ਸਾਹਮਣੇ ਲਿਆਉਣ ਲਈ ਇੰਡੀਅਨ ਐਕਸਪ੍ਰੈੱਸ ਅਤੇ ਹੋਰ ਮੀਡੀਆ ਘਰਾਣਿਆਂ ਦੇ ਪੱਤਰਕਾਰਾਂ ਵਿਚ ਮੁਕਾਬਲਾ ਸ਼ੁਰੂ ਹੋ ਗਿਆ ਸੀ। ਸੰਨ 2000 ਵਿਚ ਜਦ ‘ਤਹਿਲਕਾ’ ਨੇ ਸੱਤਾਧਾਰੀ ਅਟੱਲ ਬਿਹਾਰੀ ਵਾਜਪਾਈ ਸਰਕਾਰ ਦੇ ਆਗੂਆਂ ਦਾ ਸਟਿੰਗ ਅਪਰੇਸ਼ਨ ਕੀਤਾ ਸੀ ਤਾਂ ਕੌਮੀ ਮੀਡੀਆ ਨੇ ਇਸ ਘਟਨਾ ਦੇ ਸਾਰੇ ਪੱਖ ਕਵਰ ਕੀਤੇ। ਹਰ ਨਿਊਜ਼ ਮੀਡੀਆ ਨੇ ਆਪਣੇ ਸਭ ਤੋਂ ਮਾਹਰ ਖੋਜੀ ਪੱਤਰਕਾਰਾਂ ਨੂੰ ਮਨਮੋਹਨ ਸਿੰਘ ਸਰਕਾਰ ਦੇ ਭ੍ਰਿਸ਼ਟਾਚਾਰਾਂ ਦਾ ਖੁਲਾਸਾ ਕਰਨ `ਚ ਲਗਾ ਦਿੱਤਾ ਸੀ। ਇਹ ਸਭ ਪੱਤਰਕਾਰੀ ਦੀਆਂ ਸੁਖਾਵੀਂਆਂ ਯਾਦਾਂ ਹਨ ਲੇਕਿਨ ਇਨ੍ਹਾਂ ਨੂੰ ਐਸੇ ਲੈਂਡ ਮਾਰਕ ਨਹੀਂ ਮੰਨਿਆ ਜਾ ਸਕਦਾ ਜਿਨ੍ਹਾਂ ਵਿਚ ਪ੍ਰੈੱਸ ਨੇ ਸ਼ਕਤੀਸ਼ਾਲੀ ਰਾਜ ਨੇਤਾਵਾਂ ਦੀਆਂ ਗੋਡਣੀਆਂ ਲਗਾ ਦਿੱਤੀਆਂ ਹੋਣ।
ਭਾਰਤੀ ਮੀਡੀਆ ਨੇ ਹੁਣ ਤੱਕ ਵਾਟਰਗੇਟ ਵਰਗਾ ਖੁਲਾਸਾ ਨਹੀਂ ਕੀਤਾ ਜਿਸ ਨੇ ਅਮਰੀਕਾ ਦੇ ਰਾਸ਼ਟਰਪਤੀ ਰਿਚਰਡ ਨਿਕਸਨ ਨੂੰ ਅਸਤੀਫਾ ਦੇਣ ਲਈ ਮਜਬੂਰ ਕਰ ਦਿੱਤਾ ਸੀ; ਜਾਂ ਇਸ ਦੇ ਇਤਿਹਾਸ ਵਿਚ ਉਸ ਤਰ੍ਹਾਂ ਦੇ ਪਲ ਵੀ ਨਹੀਂ ਹਨ ਜਿਨ੍ਹਾਂ ਵਿਚ ਪੈਂਟਾਗਨ ਪੇਪਰਜ਼ ਵਰਗਾ ਕੋਈ ਖੁਲਾਸਾ ਕੀਤਾ ਗਿਆ ਹੋਵੇ ਜਿਸ ਵਿਚ ਰਾਜ ਨੇਤਾਵਾਂ ਅਤੇ ਪ੍ਰੈੱਸ ਦਰਮਿਆਨ ਤਕਰਾਰ ਹੋਇਆ ਹੋਵੇ ਅਤੇ ਆਖਿਰਕਾਰ ਨਿਆਂਪਾਲਿਕਾ ਨੇ ਪੱਤਰਕਾਰਾਂ ਦੇ ਉਸ ਅਧਿਕਾਰ ਨੂੰ ਮਹਿਫੂਜ਼ ਕੀਤਾ ਹੋਵੇ ਜਿਸ ਵਿਚ ਉਹ ਸੱਤਾਧਾਰੀਆਂ ਦੀਆਂ ਐਸੀਆਂ ਗੇਮਾਂ ਨੂੰ ਉਜਾਗਰ ਕਰਦੇ ਹੋਣ, ਜਿਨ੍ਹਾਂ ਨੂੰ ਆਗੂ ਗੁਪਤ ਰੱਖਣਾ ਚਾਹੁੰਦੇ ਹੋਣ।
ਭਾਰਤੀ ਪੱਤਰਕਾਰੀ `ਚ ਐਸੇ ਮੀਲ-ਪੱਥਰ ਘੱਟ ਹੀ ਰਹੇ ਹਨ ਜਿਸ ਵਿਚ ਇਸ ਨੇ ਜਾਬਰ ਆਗੂਆਂ, ਭ੍ਰਿਸ਼ਟ ਅਤੇ ਬੋਦੇ ਹੋ ਚੁੱਕੇ ਪ੍ਰਬੰਧ ਨਾਲ ਮੱਥਾ ਲਾਇਆ ਹੋਵੇ ਅਤੇ ਪ੍ਰੈੱਸ ਦੀ ਆਜ਼ਾਦੀ ਦੀ ਲੜਾਈ ਫੈਸਲਾਕੁਨ ਰੂਪ `ਚ ਜਿੱਤ ਲਈ ਗਈ ਹੋਵੇ। ਇਨ੍ਹਾਂ ਹਾਲਾਤ `ਚ ਅੱਜ ਦੇ ਬਹੁਗਿਣਤੀਵਾਦੀ ਆਗੂਆਂ ਨੂੰ ਇਹ ਸਵੈ-ਵਿਸ਼ਵਾਸ ਹੋ ਗਿਆ ਹੈ ਕਿ ਉਹ ਰਵਾਇਤੀ ਨਿਊਜ਼ ਜਥੇਬੰਦੀਆਂ ਨੂੰ ਕੰਟਰੋਲ ਕਰ ਲੈਣਗੇ।
ਲਿਹਾਜ਼ਾ ਜੋ ਅਸੀਂ ਅੱਜ ਦੇਖ ਰਹੇ ਹਾਂ, ਉਹ ਪੱਤਰਕਾਰੀ ਦਾ ਮੁਲੰਮਾ ਚੜ੍ਹਿਆ ਦੌਰ ਹੈ ਜਿੱਥੇ ਭਾਰਤੀ ਰਵਾਇਤੀ ਨਿਊਜ਼ ਸੰਸਥਾਵਾਂ ਸੱਤਾ ਤੋਂ ਜਵਾਬਦੇਹੀ ਮੰਗਣ ਤੋਂ ਕੰਨੀ ਕਤਰਾਉਂਦੀਆਂ ਹਨ, ਜਦਕਿ ਐਸਾ ਕਰਨਾ ਲੋਕਤੰਤਰ ਵਿਚ ਪ੍ਰੈੱਸ ਦੇ ਲਈ ਇਤਿਹਾਸਕ ਭੂਮਿਕਾ ਹੈ। ਕੁਝ ਰਵਾਇਤੀ ਨਿਊਜ਼ ਸੰਸਥਾਵਾਂ ਪੰਚਿੰਗ ਬੀਲੋਅ ਦੇਅਰਰ ਵੇਟ (ਆਪਣੀ ਹੁਨਰਮੰਦੀ ਦੀ ਤੁਲਨਾ `ਚ ਬੇਹੂਦਗੀ ਪਰੋਸਣ) ਦੀ ਕਲਾ ਵਿਚ ਮਾਹਿਰ ਹੋ ਗਈਆਂ ਹਨ ਅਤੇ ਬਾਕੀ ਸਟੇਟ ਦੇ ਬਿਰਤਾਂਤ ਨੂੰ ਅੱਗੇ ਵਧਾਉਣ `ਚ ਉਸ ਦੇ ਸਹਾਇਕ ਬਣ ਗਏ ਹਨ। ਫਿਰ ਨੌਜਵਾਨ ਪੱਤਰਕਾਰ ਪੱਤਰਕਾਰੀ ਕਿਸ ਤੋਂ ਸਿੱਖਣਗੇ?
ਇਕ ਪੱਤਰਕਾਰ ਆਪਣੇ ਕੰਮ ਨੂੰ ਤਿੰਨ ਤਰ੍ਹਾਂ ਬਿਆਨ ਕਰ ਸਕਦਾ ਹੈ। ਉਹ ਕਹਿ ਸਕਦਾ ਹੈ ਕਿ ਇਹ ਉਸ ਦੀ ਨੌਕਰੀ ਹੈ, ਉਸ ਦਾ ਪੇਸ਼ਾ ਹੈ ਜਾਂ ਉਸ ਦੀ ਪ੍ਰੇਰਨਾ ਹੈ; ਅਤੇ ਇਹੀ ਉਹ ਪਹਿਲੂ ਹੈ ਜੋ ਸੱਤਾ ਦੇ ਨਾਲ ਪੱਤਰਕਾਰ ਦੇ ਰਿਸ਼ਤੇ ਨੂੰ ਤੈਅ ਕਰਦਾ ਹੈ। ਪੱਤਰਕਾਰ, ਪ੍ਰੈੱਸ ਅਤੇ ਨਿਰਪੱਖ ਅਤੇ ਸੁਤੰਤਰ ਪੱਤਰਕਾਰੀ ਦਾ ਈਕੋ-ਸਿਸਟਮ ਵਿਵਸਥਾ ਦੀ ਮਨਮਾਨੀ ਦੇ ਖਿਲਾਫ ਉਦੋਂ ਜ਼ਿਆਦਾ ਮਜ਼ਬੂਤੀ ਨਾਲ ਖੜ੍ਹਾ ਰਹਿ ਸਕਦਾ ਹੈ, ਜਦ ਉਹ ਪੱਤਰਕਾਰੀ ਨੂੰ ਪ੍ਰੇਰਨਾ ਵਾਂਗ ਲੈਂਦਾ ਹੈ। ਇਸ ਨੂੰ ਗ੍ਰਾਫ ਬਣਾ ਕੇ ਦੇਖ ਸਕਣਾ ਲਗਭਗ ਸੰਭਵ ਹੈ। ਜਿੰਨਾ ਜ਼ਿਆਦਾ ਇਕ ਪੱਤਰਕਾਰ ਆਪਣੇ ਕੰਮ ਨੂੰ ਪ੍ਰੇਰਨਾ ਮੰਨੇਗਾ, ਓਨਾ ਹੀ ਉਹ ਸੱਤਾਧਾਰੀਆਂ ਦੇ ਬਿਰਤਾਂਤ ਨੂੰ ਚੁਣੌਤੀ ਦੇਵੇਗਾ। ਜਦ ਪੱਤਰਕਾਰੀ ਨੌਕਰੀ ਦੇ ਰੂਪ `ਚ ਹੁੰਦੀ ਹੈ ਤਾਂ ਪੱਤਰਕਾਰ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਕੀ ਕਰਦਾ ਹੈ। ਉਦੋਂ ਉਹ ਬਿਰਤਾਂਤ ਦੇ ਪਾਏ ਪੂਰਨਿਆਂ `ਤੇ ਚੱਲਦਾ ਹੈ ਅਤੇ ਉਸ ਬਿਰਤਾਂਤ `ਚ ਸਹਿਯੋਗੀ ਦੀ ਭੂਮਿਕਾ ਵੀ ਨਿਭਾ ਸਕਦਾ ਹੈ; ਅਤੇ ਜਿੱਥੇ ਪੱਤਰਕਾਰੀ ਨੂੰ ਪੇਸ਼ਾ ਸਮਝਿਆ ਜਾਂਦਾ ਹੈ, ਉਥੇ ਪੱਤਰਕਾਰ ਦੋਨੋਂ ਹੀ ਦਿਸ਼ਾਵਾਂ `ਚ ਜਾ ਸਕਦਾ ਹੈ। ਆਪਣੇ ਸਰਬੋਤਮ ਰੂਪ `ਚ ਪੱਤਰਕਾਰੀ ਉਦੋਂ ਹੁੰਦੀ ਹੈ, ਜਦ ਉਹ ਪ੍ਰੇਰਨਾ ਹੁੰਦੀ ਹੈ। ਇਹ ਜਦ ਇਕ ਨੌਕਰੀ ਹੁੰਦੀ ਹੈ ਤਾਂ ਇਹ ਉਸ ਦਾ ਸਭ ਤੋਂ ਭੈੜਾ ਰੂਪ ਹੁੰਦਾ ਹੈ।
ਜੇ ਅਸੀਂ ਲੋਕ ਸੰਵੇਦਨਾ ਉਪਰ ਗੌਰ ਕਰੀਏ ਅਤੇ ਨਾਲ ਹੀ ਆਜ਼ਾਦੀ ਤੋਂ ਬਾਅਦ ਭਾਰਤੀ ਪੱਤਰਕਾਰੀ ਦੇ ਕੰਮ ਦੀ ਸਮੀਖਿਆ ਕਰੀਏ ਤਾਂ ਅਸੀਂ ਦੇਖਦੇ ਹਾਂ ਕਿ ਭਾਰਤੀ ਮੀਡੀਆ ਮੋਟੇ ਤੌਰ `ਤੇ ਪਹਿਲੇ ਅਤੇ ਦੂਜੇ ਖੇਤਰ ਵਿਚ ਆਉਂਦਾ ਹੈ। ਭਾਰਤ ਵਿਚ ਪੱਤਰਕਾਰੀ ਜ਼ਿਆਦਾ ਸਮਾਂ ਨੌਕਰੀ ਅਤੇ ਪੇਸ਼ੇ ਦੇ ਦਾਇਰੇ ਵਿਚ ਘੁੰਮਦੀ ਰਹਿੰਦੀ ਹੈ। ਇਸ ਵਰਤਾਰੇ ਨੂੰ ਇਤਿਹਾਸਕ ਤੱਥਾਂ ਨਾਲ ਕੁਝ ਹੱਦ ਤੱਕ ਸਮਝਿਆ ਜਾ ਸਕਦਾ ਹੈ। ਭਾਰਤ ਦੇ ਹਰਮਨਪਿਆਰੇ ਆਜ਼ਾਦੀ ਘੁਲਾਟੀਆਂ ਵਿਚੋਂ ਲਗਭਗ 70 ਫੀਸਦੀ ਪੱਤਰਕਾਰ ਸਨ। ਆਜ਼ਾਦੀ ਲਈ ਉਨ੍ਹਾਂ ਦੀ ਰੀਝ ਨੇ ਉਨ੍ਹਾਂ ਨੂੰ ਲਿਖਣ ਅਤੇ ਪ੍ਰਕਾਸ਼ਨ ਦੀ ਤਰਫ ਮੋੜਿਆ; ਲੇਕਿਨ ਜੋ ਅਖਬਾਰ ਉਨ੍ਹਾਂ ਨੇ ਸ਼ੁਰੂ ਕੀਤੇ, ਆਜ਼ਾਦੀ ਤੋਂ ਬਾਅਦ ਉਹ ਬੜੇ ਕਾਰੋਬਾਰੀਆਂ ਦੇ ਕਬਜ਼ੇ ਵਿਚ ਆ ਗਏ ਜਿਨ੍ਹਾਂ ਦੇ ਲਈ ਮੀਡੀਆ ਪੂੰਜੀ-ਨਿਵੇਸ਼ ਸੀ ਅਤੇ ਪੱਤਰਕਾਰਾਂ ਨੂੰ ਫੈਸਲਾ ਲੈਣ ਦੇ ਕੰਮ ਤੋਂ ਪਰ੍ਹਾਂ ਕਰ ਦਿੱਤਾ ਗਿਆ। ਅੱਜ ਭਾਰਤ ਦਾ ਜ਼ਿਆਦਾਤਰ ਮੀਡੀਆ ਤੇਲ, ਟੈਲੀਕਾਮ, ਖਣਨ, ਸੀਮੈਂਟ, ਸੂਦਖੋਰਾਂ, ਰੱਖਿਆ ਵਿਚੋਲਿਆਂ ਤੇ ਆਗੂਆਂ ਦੀ ਮਾਲਕੀ ਹੈ ਅਤੇ ਇਸ ਵਿਚ ਜ਼ਿਆਦਾਤਰ ਮਰਦ ਹਨ। ਇਸ ਦੌਰਾਨ ਆਜ਼ਾਦੀ ਤੋਂ ਬਾਅਦ ਅੰਗਰੇਜ਼ਾਂ ਦੇ ਚਲਾਏ ਅਖਬਾਰ ਭਾਰਤ ਦੇ ਸਰਦੇ-ਪੁੱਜਦੇ ਕਾਰੋਬਾਰੀਆਂ ਨੇ ਖਰੀਦ ਲਏ ਜੋ ਬੜੇ ਹੰਕਾਰ ਨਾਲ ਕਹਿੰਦੇ ਹਨ ਕਿ ਉਹ ਅਖਬਾਰ ਦਾ ਕਾਰੋਬਾਰ ਨਹੀਂ ਸਗੋਂ ਇਸ਼ਤਿਹਾਰਬਾਜ਼ੀ ਦਾ ਕਾਰੋਬਾਰ ਕਰਦੇ ਹਨ।
ਜ਼ਿਆਦਾਤਰ ਅਭਿਲਾਸ਼ੀ ਨੌਜਵਾਨ ਪੱਤਰਕਾਰਾਂ ਨੂੰ ਸਮਝ ਨਹੀਂ ਆ ਰਿਹਾ ਕਿ ਭਾਰਤੀ ਨਿਊਜ਼ ਰੂਮ `ਚ ਵੜਨ ਦਾ ਫਿਰ ਕੀ ਲਾਭ ਹੈ। ਇਨ੍ਹਾਂ ਤਮਾਮ ਆਲੋਚਨਾਵਾਂ ਦੇ ਬਾਵਜੂਦ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹੈ ਕਿ ਮੌਕਾ ਮਿਲਣ `ਤੇ ਉਹ ਭਾਰਤੀ ਨਿਊਜ਼ ਸੰਸਥਾ `ਚ ਕੰਮ ਜ਼ਰੂਰ ਕਰਨ। ਪਿਛਲੇ ਸਾਲ ਪੱਤਰਕਾਰੀ ਸਕੂਲ ਦੇ ਕਾਨਵੋਕੇਸ਼ਨ ਸਮਾਰੋਹ `ਚ ਮੈਂ ਜੋ ਭਾਸ਼ਣ ਦਿੱਤਾ ਸੀ, ਉਸ ਵਿਚ ਮੈਂ ਇਸ ਗੱਲ ਉਪਰ ਚਰਚਾ ਕੀਤੀ ਸੀ ਕਿ ਨਿਊਜ਼ ਰੂਮ ਵਿਚ ਦਾਖਲ ਹੋਣ ਨੂੰ ਕਿਉਂ ਇਕ ਮੌਕੇ ਦੇ ਰੂਪ `ਚ ਦੇਖਿਆ ਜਾਣਾ ਚਾਹੀਦਾ ਹੈ। ਇੱਥੇ ਆ ਕੇ ਤੁਸੀਂ ਪੱਤਰਕਾਰੀ ਦੇ ਕੰਮ ਦੀਆਂ ਪੰਜ ਬੁਨਿਆਦਾਂ ਨੂੰ ਸਮਝ ਸਕਦੇ ਹੋ – ਖਬਰ ਸੁੰਘਣ ਦੀ ਸ਼ਕਤੀ, ਦਰੁਸਤ ਮੁਲੰਕਣ, ਨੈਤਿਕ ਦਲੇਰੀ, ਵਿਸ਼ੇ ਉਪਰ ਪਕੜ ਅਤੇ ਲਿਖਣ ਦੀ ਮੁਹਾਰਤ।
ਇਹ ਜ਼ਰੂਰੀ ਹੈ ਕਿ ਇਕ ਪੱਤਰਕਾਰ ਇਨ੍ਹਾਂ ਖੇਤਰਾਂ ਵਿਚ ਮੁਹਾਰਤ ਹਾਸਲ ਕਰੇ ਅਤੇ ਜੇ ਉਹ ਪੱਤਰਕਾਰ ਐਸਾ ਖਣਨ, ਤੇਲ ਅਤੇ ਟੈਲੀਕਾਮ ਵਪਾਰੀਆਂ ਦੀ ਤਨਖਾਹ ਉਪਰ ਕਰ ਸਕਦਾ ਹੈ ਤਾਂ ਉਸ ਨੂੰ ਗੁਰੇਜ਼ ਨਹੀਂ ਹੋਣਾ ਚਾਹੀਦਾ। ਦੇਖੋ ਸੰਪਾਦਕੀ ਸਮਝੌਤਾ ਪੂਰੇ ਮੀਡੀਆ ਢਾਂਚੇ `ਚ ਫੈਲਿਆ ਰੋਗ ਹੈ: ਕੋਈ ਨਿਊਜ਼ ਰੂਮ 40 ਫੀਸਦੀ ਬਿਮਾਰ ਹੈ, ਤੇ ਕੋਈ 50 ਫੀ ਸਦੀ ਅਤੇ ਬਾਕੀ ਵੀ ਇਸੇ ਤਰ੍ਹਾਂ ਹਨ; ਲੇਕਿਨ ਇਕ ਪੱਤਰਕਾਰ ਕਿਸੇ ਬਿਮਾਰ ਜਗ੍ਹਾ `ਚ ਕੰਮ ਕਰ ਸਕਦਾ ਹੈ, ਉਸ ਨੂੰ ਬਦਲਣ ਦੀ ਕੋਸ਼ਿਸ਼ ਕਰ ਸਕਦਾ ਹੈ ਅਤੇ ਜਦ ਤੱਕ ਉਹ ਉਥੇ ਮੌਜੂਦ ਹੈ, ਉਸ ਦੇ ਅੰਦਰ ਰਹਿ ਕੇ ਇਕ ਚੰਗੀ ਲੜਾਈ ਲੜ ਸਕਦਾ ਹੈ।
ਲੇਕਿਨ ਅੱਜ ਮੈਂ ਇਕ ਹੋਰ ਗੱਲ ਵੱਲ ਧਿਆਨ ਦਿਵਾਉਣਾ ਚਾਹਾਂਗਾ। ਫਿਰ ਕੀ ਹੋਵੇਗਾ, ਜੇ ਕਿਸੇ ਪੱਤਰਕਾਰ ਨੇ ਪੰਜਾਂ ਬੁਨਿਆਦਾਂ ਉਪਰ ਮੁਹਾਰਤ ਤਾਂ ਹਾਸਲ ਕਰ ਲਈ ਹੋਵੇ ਅਤੇ ਇਕ ਚੰਗੀ ਲੜਾਈ ਵੀ ਲੜੀ ਹੋਵੇ ਲੇਕਿਨ ਉਹ ਹੁਣ ਇਸ ਨੂੰ ਹੋਰ ਨਹੀਂ ਝੱਲ ਸਕਦਾ? ਤਾਂ ਕੀ ਉਸ ਨੂੰ ਮੀਡੀਆ ਕੰਪਨੀਆਂ ਦੇ ਮਾਲਕ ਕਾਰੋਬਾਰੀਆਂ ਦੇ ਹਿਤਾਂ ਲਈ ਕੰਮ ਕਰਦੇ ਰਹਿਣਾ ਚਾਹੀਦਾ ਹੈ? ਤੇ ਫਿਰ ਕੀ ਹੋਵੇਗਾ, ਜੇ ਉਹ ਪੱਤਰਕਾਰ ਨਿਊਜ਼ ਰੂਮ `ਚ ਦਾਖਲ ਹੋਣ ਦੇ ਬਾਵਜੂਦ ਇਸ ਕੰਮ ਦੇ ਵੱਖ-ਵੱਖ ਪਾਸਾਰਾਂ ਉਪਰ ਮੁਹਾਰਤ ਹਾਸਲ ਕਰਨ ਤੱਕ ਉਥੇ ਟਿਕ ਨਹੀਂ ਪਾਉਂਦਾ? ਫਿਰ ਕੀ ਹੋਵੇਗਾ ਜਦ ਉਸ ਨੂੰ ਕਿਸੇ ਫੈਂਸੀ ਨਿਊਜ਼ ਸੰਸਥਾ ਵਿਚ ਜਾਣਾ ਹੀ ਨਸੀਬ ਨਹੀਂ ਹੁੰਦਾ?
ਐਸੇ ਪੱਤਰਕਾਰ ਸੋਚਦੇ ਹੋਣਗੇ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ? ਮੇਰੇ ਕੋਲ ਉਨ੍ਹਾਂ ਲਈ ਕੁਝ ਸੁਝਾਅ ਹਨ। ਕਈ ਪੱਧਰਾਂ `ਤੇ ਚਾਰੇ ਪਾਸੇ ਹਨੇਰਾ ਹੀ ਹਨੇਰਾ ਜਾਪਦਾ ਹੈ ਲੇਕਿਨ ਇਕ ਹਾਂ-ਪੱਖੀ ਪਹਿਲੂ ਇਹ ਹੈ ਕਿ ਜਦ ਰਾਸ਼ਟਰ ਦੀ ਜ਼ਿੰਦਗੀ-ਮੌਤ ਦਾ ਸੰਘਰਸ਼ ਤਿੱਖਾ ਹੋ ਰਿਹਾ ਹੁੰਦਾ ਹੈ ਤਾਂ ਉਸ ਵਕਤ ਪੱਤਰਕਾਰੀ ਵਰਗੀ ਸੰਸਥਾ ਦੀ ਭੂਮਿਕਾ ਪਹਿਲਾ ਨਾਲੋਂ ਵੀ ਜ਼ਿਆਦਾ ਮਹੱਤਵਪੂਰਨ ਹੋ ਜਾਂਦੀ ਹੈ। ਫਿਰ ਇਹ ਸਹੀ ਹੋਵੇਗਾ ਕਿ ਅੱਜ ਦੇ ਹਾਲਾਤ ਨੂੰ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਸਮਝ ਲਿਆ ਜਾਵੇ। ਜਦ ਇਕ ਪਾਸੇ ਫਾਸ਼ੀਵਾਦੀ ਤਾਕਤਾਂ ਤੇਜ਼ੀ ਨਾਲ ਨਿਆਂਪੂਰਨ ਸਮਾਜ ਦੀ ਰੀਝ ਦਾ ਗਲਾ ਘੁੱਟ ਰਹੀਆਂ ਹੁੰਦੀਆਂ ਹਨ ਤਾਂ ਦੂਜੇ ਪਾਸੇ ਸਮਾਜੀ ਉਥਲ-ਪੁਥਲ ਵੀ ਪੈਦਾ ਹੋ ਰਹੀ ਹੁੰਦੀ ਹੈ। ਉਹ ਤੁਰੰਤ ਨਜ਼ਰ ਨਹੀਂ ਆਉਂਦੀ, ਲੇਕਿਨ ਉਹ ਇਕ ਸਮਾਜੀ ਤਾਕਤ ਦੇ ਰੂਪ `ਚ ਨਿਸ਼ਚੇ ਹੀ ਪੈਦਾ ਹੋਵੇਗੀ ਅਤੇ ਫਾਸ਼ੀਵਾਦੀ ਤਾਕਤਾਂ ਨਾਲ ਲੋਹਾ ਲਵੇਗੀ। ਇਸ ਲਈ ਅਭਿਲਾਸ਼ੀ ਨੌਜਵਾਨ ਪੱਤਰਕਾਰਾਂ ਨੂੰ ਇਨ੍ਹਾਂ ਦਿਨਾਂ ਨੂੰ ਪੱਤਰਕਾਰੀ ਦੀ ਵਰਕਸ਼ਾਪ ਵਾਂਗ ਦੇਖਣਾ ਚਾਹੀਦਾ ਹੈ ਜਿਸ ਵਿਚ ਉਹ ਆਪਣੇ ਲਈ ਬੀਜ ਬੀਜਣਗੇ ਅਤੇ ਬਾਅਦ ਵਿਚ ਫਸਲ ਕੱਟਣ ਦਾ ਵਕਤ ਵੀ ਆਵੇਗਾ। (ਚੱਲਦਾ)