ਕਿਸਾਨ ਸੰਘਰਸ਼ ਵਿਚ ਪੰਜਾਬੀਆਂ ਦਾ ਜੋਸ਼ ਅਤੇ ਪੰਜਾਬ ਵਿਰੁੱਧ ਸਾੜਾ

-ਜਤਿੰਦਰ ਪਨੂੰ
ਸਿਰਫ ਦੋ ਵੱਡੇ ਕਾਰੋਬਾਰੀ ਘਰਾਣਿਆਂ ਖਾਤਰ ਸਾਰੇ ਦੇਸ਼ ਦੇ ਕਿਸਾਨਾਂ ਦੇ ਜੜ੍ਹੀਂ ਤੇਲ ਦੇਣ ਵਾਲੇ ਭਾਰਤ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦਾ ਸੰਘਰਸ਼ ਜਿਵੇਂ ਇਸ ਵਕਤ ਸਿਖਰਾਂ ਛੋਹ ਰਿਹਾ ਹੈ, ਅੱਗੇ ਕਦੀ ਵੇਖਿਆ ਹੀ ਨਹੀਂ ਸੀ ਗਿਆ। ਇਸ ਕਿਸਾਨ ਸੰਘਰਸ਼ ਦੀ ਅਗਵਾਈ ਕਰਦੇ ਲੋਕਾਂ ਵਿਚ ਉੱਭਰਵੇਂ ਆਗੂ ਬਲਬੀਰ ਸਿੰਘ ਰਾਜੋਵਾਲ ਨੇ ਠੀਕ ਕਿਹਾ ਹੈ ਕਿ ਇਹ ਸਿਰਫ ਭਾਰਤ ਦੇ ਕਿਸਾਨਾਂ ਦਾ ਸੰਘਰਸ਼ ਨਹੀਂ ਰਿਹਾ, ਸੰਸਾਰ ਭਰ ਦੇ ਕਿਸਾਨਾਂ ਦੇ ਇਰਾਦੇ ਨੂੰ ਟੁੰਬਣ ਕਾਰਨ ਸੰਸਾਰ ਪੱਧਰ ਦੀ ਲਹਿਰ ਦਾ ਦਰਜਾ ਧਾਰ ਗਿਆ ਹੈ।

ਉਨ੍ਹਾਂ ਨੇ ਇੱਕ ਭਾਸ਼ਣ ਦੌਰਾਨ ਕਿਹਾ ਹੈ ਕਿ ਦੱਖਣੀ ਅਫਰੀਕਾ ਤੱਕ ਦੇ ਕਿਸਾਨਾਂ ਨੇ ਭਾਰਤ ਦੇ ਕਿਸਾਨਾਂ ਦੇ ਸੰਘਰਸ਼ ਤੋਂ ਸੇਧ ਲੈ ਕੇ ਸੰਘਰਸ਼ ਕਰਨ ਲਈ ਕਮਰਕੱਸੇ ਕਰਨ ਦਾ ਸੰਕੇਤ ਦੇ ਦਿੱਤਾ ਹੈ। ਇਹ ਇਸ ਲਹਿਰ ਦਾ ਬਹੁਤ ਵੱਡਾ ਹਾਂ-ਪੱਖੀ ਪ੍ਰਭਾਵ ਹੈ। ਅਗਲੇ ਸਾਲਾਂ ਦੌਰਾਨ ਭਾਰਤ ਦੇ ਇਸ ਕਿਸਾਨ ਮੋਰਚੇ ਦੇ ਰੰਗ ਵਿਚ ਰੰਗੀਆਂ ਲਹਿਰਾਂ ਕਈ ਹੋਰ ਦੇਸ਼ਾਂ ਵਿਚ ਉੱਠ ਸਕਦੀਆਂ ਹਨ, ਪਰ ਇਸ ਤਰ੍ਹਾਂ ਹੋਰ ਕੋਈ ਨਵੀਂ ਲਹਿਰ ਉੱਠਣਾ ਇਸ ਮੋਰਚੇ ਦੇ ਉਸ ਆਖਰੀ ਪੜਾਅ ਉੱਤੇ ਨਿਰਭਰ ਕਰੇਗਾ, ਜਿਸ ਦਾ ਹਾਲ ਦੀ ਘੜੀ ਇਹ ਪਤਾ ਨਹੀਂ ਕਿ ਕਿਸ ਤਰ੍ਹਾਂ ਦਾ ਹੋਵੇਗਾ, ਕਿਉਂਕਿ ਹਾਲੇ ਤੱਕ ਭਾਰਤ ਸਰਕਾਰ ਦੀ ਮਨਸ਼ਾ ਵਿਚ ਈਮਾਨਦਾਰੀ ਨਹੀਂ ਲੱਭਦੀ।
ਮੋਰਚੇ ਦੇ ਪਹਿਲੇ ਪੜਾਵਾਂ ਤੋਂ ਬਾਅਦ ਅਸੀਂ ਜਦੋਂ ਕਿਸਾਨਾਂ ਦੇ ਦਿੱਲੀ ਮਾਰਚ ਦੀਆਂ ਪਹਿਲੀਆਂ ਖਬਰਾਂ ਸੁਣੀਆਂ ਤਾਂ ਉਹ ਦਿੱਲੀ ਦੇ ਬਾਰਡਰਾਂ ਉੱਤੇ ਧਰਨੇ ਮਾਰ ਕੇ ਬੈਠ ਜਾਣ ਵਾਲੀਆਂ ਨਹੀਂ ਸਨ। ਉਦੋਂ ਇਹੋ ਕਿਹਾ ਗਿਆ ਸੀ ਕਿ ਉਥੇ ਜਾਣਾ ਅਤੇ ਛੱਬੀ-ਸਤਾਈ ਨਵੰਬਰ ਦੇ ਦੋ ਦਿਨ ਧਰਨਾ ਮਾਰਨਾ ਹੈ। ਜਦੋਂ ਕਿਸਾਨ ਜਥੇ ਜਾਣੇ ਸ਼ੁਰੂ ਹੋਏ ਤਾਂ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨਾਂ ਦੇ ਵਿਰੁੱਧ ਪੁਲਸੀਆ ਸਖਤੀ ਨਾਲ ਮਾਹੌਲ ਵਿਗਾੜਨ ਦੀ ਪਹਿਲ ਕੀਤੀ ਤੇ ਫਿਰ ਕੇਂਦਰ ਦੇ ਇਸ਼ਾਰੇ ਉੱਤੇ ਦਿੱਲੀ ਪੁਲਿਸ ਨੇ ਹਾਈਵੇਜ਼ ਨੂੰ ਕਰੇਨਾਂ ਨਾਲ ਉਖਾੜ ਕੇ ਚੌੜੀਆਂ ਖਾਲੀਆਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ, ਜਿਵੇਂ ਕਿਸਾਨਾਂ ਨੂੰ ਨਹੀਂ, ਚੜ੍ਹੇ ਆਉਂਦੇ ਟੈਂਕਾਂ ਨੂੰ ਰੋਕਣ ਦਾ ਇਰਾਦਾ ਹੋਵੇ। ਉਦੋਂ ਕਿਸਾਨਾਂ ਨੂੰ ਦਿੱਲੀ ਵਿਚ ਨਾ ਜਾਣ ਦਿੱਤਾ ਤਾਂ ਉਹ ਧਰਨੇ ਮਾਰ ਕੇ ਉਥੇ ਬੈਠ ਗਏ ਅਤੇ ਫਿਰ ਪੱਕੇ ਕੈਂਪ ਲੱਗ ਗਏ ਸਨ। ਕਸੂਰ ਤਾਂ ਹਰਿਆਣੇ ਅਤੇ ਕੇਂਦਰ ਦੀਆਂ ਸਰਕਾਰਾਂ ਦਾ ਸੀ, ਭੁਗਤਣਾ ਕਿਸਾਨਾਂ ਨੂੰ ਜਾਂ ਉਸ ਇਲਾਕੇ ਦੇ ਲੋਕਾਂ ਨੂੰ ਪਿਆ ਹੈ। ਇਹ ਮਸਲਾ ਫਿਰ ਦੇਸ਼ ਦੀ ਸੁਪਰੀਮ ਕੋਰਟ ਵਿਚ ਵੀ ਗਿਆ ਤੇ ਉਥੇ ਇਹ ਗੱਲ ਸਾਫ ਹੋ ਗਈ ਕਿ ਕਿਸਾਨਾਂ ਦਾ ਰਾਹ ਦਿੱਲੀ ਪੁਲਿਸ ਵੱਲੋਂ ਰੋਕਣ ਦੇ ਕਾਰਨ ਇਸ ਸੰਕਟ ਵਾਲੀ ਹਾਲਤ ਬਣੀ ਹੈ, ਕਿਸਾਨਾਂ ਨੇ ਕਾਨੂੰਨ ਤੋੜਨ ਵਾਲਾ ਕੋਈ ਕੰਮ ਕੀਤਾ ਹੀ ਨਹੀਂ।
ਜਦੋਂ ਵੇਖਿਆ ਕਿ ਕਿਸਾਨਾਂ ਦੇ ਖਿਲਾਫ ਹੋਰ ਕੋਈ ਹਰਬਾ ਕੰਮ ਨਹੀਂ ਆਇਆ ਤੇ ਇਹ ਵੀ ਵੇਖਿਆ ਕਿ ਕਿਸਾਨਾਂ ਦੀ ਸਾਂਝੀ ਸੰਘਰਸ਼ ਕਮੇਟੀ ਵਿਚ ਸ਼ਾਮਲ ਚਾਲੀ ਸੰਗਠਨਾਂ ਵਿਚੋਂ ਬੱਤੀ ਇਕੱਲੇ ਪੰਜਾਬ ਵਾਲੇ ਹਨ ਤਾਂ ਕੇਂਦਰ ਸਰਕਾਰ ਤੇ ਹਰਿਆਣਾ ਵਾਲੀ ਦੋਵਾਂ ਸਰਕਾਰਾਂ ਦੇ ਮੋਹਰੀਆਂ ਦੀ ਬੋਲੀ ਪੰਜਾਬ ਵਿਰੋਧੀ ਰੰਗ ਫੜਨ ਲੱਗ ਪਈ। ਹਰਿਆਣੇ ਵਾਲਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਇਸ ਕੰਮ ਵਿਚ ਸਭ ਤੋਂ ਵੱਧ ਭੱਦਾ ਪੈਂਤੜਾ ਵਰਤ ਰਿਹਾ ਹੈ। ਕਦੇ ਕਾਂਗਰਸ ਦੇ ਮੁੱਖ ਮੰਤਰੀ ਭਜਨ ਲਾਲ ਨੇ ਪੰਜਾਬੀਆਂ ਦੇ ਖਿਲਾਫ ਹਰਿਆਣੇ ਦੇ ਲੋਕਾਂ ਨੂੰ ਭੜਕਾਇਆ ਸੀ, ਇਸ ਵਾਰੀ ਮਨੋਹਰ ਲਾਲ ਖੱਟਰ ਏਦਾਂ ਦਾ ਕੰਮ ਕਰਦਾ ਦਿੱਸ ਰਿਹਾ ਹੈ। ਜਦੋਂ ਦਿੱਲੀ ਨੂੰ ਕਿਸਾਨਾਂ ਨੇ ਜਾਣਾ ਸੀ, ਪੰਜਾਬ ਦੇ ਕਿਸਾਨ ਛੱਬੀ ਨਵੰਬਰ ਦੇ ਦਿਨ ਜਾਣ ਵਾਲੇ ਸਨ, ਹਰਿਆਣੇ ਦੇ ਕਿਸਾਨ ਆਪਣੇ ਪੰਜਾਬੀ ਭਰਾਵਾਂ ਦਾ ਅਗੇਤਾ ਦਸਤਾ ਬਣ ਕੇ ਪਹਿਲਾਂ ਤੁਰੇ ਸਨ ਅਤੇ ਉਨ੍ਹਾਂ ਨੂੰ ਜਾਣ ਤੋਂ ਰੋਕਣ ਲਈ ਹਰਿਆਣਾ ਪੁਲਿਸ ਨੇ ਆਪਣੇ ਰਾਜ ਵਿਚ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਕਰੀਬ ਚਾਰ ਦਿਨ ਪਹਿਲਾਂ ਸ਼ੁਰੂ ਕਰ ਦਿੱਤੀਆਂ ਸਨ। ਜਦੋਂ ਪੰਜਾਬ ਤੋਂ ਇੱਕ ਦਿਨ ਪਹਿਲਾਂ ਹਰਿਆਣਾ ਦੇ ਕਿਸਾਨਾਂ ਨੇ ਉਥੋਂ ਦੀ ਪੁਲਿਸ ਦੇ ਲਾਏ ਨਾਕੇ ਤੋੜੇ ਅਤੇ ਇੱਕ ਨੌਜਵਾਨ ਨੇ ਕਿਸਾਨਾਂ ਵੱਲ ਪਾਣੀ ਦੀ ਧਾਰ ਸੁੱਟਣ ਵਾਲੀ ਪਾਈਪ ਦਾ ਮੂੰਹ ਮੋੜ ਕੇ ਉਲਟਾ ਪੁਲਿਸ ਵੱਲ ਨੂੰ ਕਰ ਦਿੱਤਾ ਤਾਂ ਕੇਸ ਹਰਿਆਣੇ ਦੇ ਕਿਸਾਨਾਂ ਉੱਤੇ ਦਰਜ ਹੋਏ ਸਨ, ਪਰ ਮੁੱਖ ਮੰਤਰੀ ਮਨੋਹਰ ਲਾਲ ਨੇ ਇਹ ਕਿਹਾ ਕਿ ਹਰਿਆਣੇ ਵਿਚ ਕੋਈ ਸਮੱਸਿਆ ਨਹੀਂ, ਪੁਲਿਸ ਦੇ ਨਾਕੇ ਤਾਂ ਪੰਜਾਬ ਵਾਲਿਆਂ ਨੇ ਤੋੜੇ ਹਨ। ਫਿਰ ਹਾਈ ਕੋਰਟ ਵਿਚ ਕੇਸ ਚਲਾ ਗਿਆ ਤਾਂ ਉਥੇ ਹਰਿਆਣਾ ਪੁਲਿਸ ਦੇ ਇੱਕ ਅਧਿਕਾਰੀ ਨੇ ਮੰਨਿਆ ਕਿ ਅਸੀਂ ਹਰਿਆਣੇ ਦੇ ਕਿਸਾਨਾਂ ਦੀ ਫੜੋ-ਫੜੀ ਵੀ ਕੀਤੀ ਸੀ ਤੇ ਨਾਕੇ ਵੀ ਹਰਿਆਣੇ ਦੇ ਕਿਸਾਨਾਂ ਨੇ ਟੱਪੇ ਹਨ, ਜਿਸ ਬਾਰੇ ਉਨ੍ਹਾਂ ਉੱਤੇ ਕੇਸ ਦਰਜ ਕੀਤਾ ਹੈ, ਪਰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਫਿਰ ਵੀ ਪੰਜਾਬੀਆਂ ਦੇ ਖਿਲਾਫ ਹੀ ਕੌੜੇ ਬੋਲ ਬੋਲਦਾ ਰਿਹਾ। ਹੱਦ ਤਾਂ ਉਸ ਵੇਲੇ ਹੋ ਗਈ, ਜਦੋਂ ਅੰਬਾਲੇ ਵਿਚ ਕਿਸਾਨਾਂ ਨੇ ਮਨੋਹਰ ਲਾਲ ਖੱਟਰ ਨੂੰ ਕਾਲੇ ਝੰਡੇ ਵਿਖਾਏ ਤੇ ਪੁਲਿਸ ਨੇ ਹਰਿਆਣਾ ਦੇ ਕਿਸਾਨਾਂ ਖਿਲਾਫ ਕੇਸ ਦਰਜ ਕੀਤੇ, ਪਰ ਮਨੋਹਰ ਲਾਲ ਖੱਟਰ ਨੇ ਫਿਰ ਇਹੋ ਕਹਿ ਦਿੱਤਾ ਕਿ ਕਾਲੇ ਝੰਡੇ ਵਿਖਾਉਣ ਦਾ ਕੰਮ ਪੰਜਾਬ ਵੱਲੋਂ ਆਏ ਕਿਸਾਨਾਂ ਨੇ ਕੀਤਾ ਹੈ, ਹਰਿਆਣੇ ਵਿਚ ਤਾਂ ਬਿਲਕੁਲ ਕੋਈ ਸਮੱਸਿਆ ਹੀ ਨਹੀਂ।
ਪੰਜਾਬੀਆਂ ਖਿਲਾਫ ਹਰਿਆਣਾ ਦੇ ਲੋਕਾਂ ਨੂੰ ਭੜਕਾਉਣ ਦੀ ਖੇਡ ਏਥੇ ਵੀ ਨਹੀਂ ਰੁਕੀ ਤੇ ਅਗਲੇ ਕਦਮ ਵਜੋਂ ਉਥੋਂ ਦੇ ਇੱਕ ਮੰਤਰੀ ਨੇ ਉਥੋਂ ਦੇ ਕਿਸਾਨਾਂ ਨੂੰ ਸੱਦਾ ਦੇ ਦਿੱਤਾ ਕਿ ਕਾਨੂੰਨਾਂ ਵਿਰੁੱਧ ਲੜਾਈ ਲੜਦੇ ਵਕਤ ਤੁਸੀਂ ਪਹਿਲੀ ਮੰਗ ਪੰਜਾਬ ਤੋਂ ਸਤਲੁਜ-ਯਮਨਾ ਨਹਿਰ ਰਾਹੀਂ ਪਾਣੀ ਦਿਵਾਉਣ ਦੀ ਉਠਾਓ। ਹਰਿਆਣੇ ਦੇ ਕਿਸਾਨਾਂ ਨੇ ਇਸ ਕੁਵੇਲੇ ਦੀ ਬਾਂਗ ਦਾ ਹੁੰਗਾਰਾ ਨਹੀਂ ਭਰਿਆ ਤੇ ਸਾਰੇ ਭਾਰਤ ਦੇ ਕਿਸਾਨਾਂ ਦੇ ਭਵਿੱਖ ਦੀ ਸਾਂਝੀ ਲੜਾਈ ਦੌਰਾਨ ਇਹ ਮੰਗ ਉਠਾਉਣ ਦੀ ਥਾਂ ਦਿੱਲੀ ਬਾਰਡਰ ਉੱਤੇ ਇਕੱਠੇ ਬੈਠੇ ਦਿੱਸੇ ਤਾਂ ਹਰਿਆਣੇ ਦੇ ਮੁੱਖ ਮੰਤਰੀ ਦੇ ਸੰਕੇਤ ਉੱਤੇ ਸਤਲੁਜ-ਯਮਨਾ ਨਹਿਰ ਵਾਲੇ ਮੁੱਦੇ ਵਾਸਤੇ ਲਾਮਬੰਦੀ ਕਰਨ ਲਈ ਉਥੋਂ ਦੇ ਭਾਜਪਾ ਆਗੂ ਨਿਕਲ ਤੁਰੇ। ਇੱਕ-ਦੋ ਥਾਂਈਂ ਏਦਾਂ ਦੀ ਡਰਾਮੇਬਾਜ਼ੀ ਕਰਦੇ ਵਕਤ ਭਾਜਪਾ ਆਗੂਆਂ ਨੂੰ ਹਰਿਆਣਾ ਦੇ ਕਿਸਾਨਾਂ ਨੇ ਖਦੇੜਿਆ ਵੀ, ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਆਉਣ ਲਈ ਬਣਾਇਆ ਹੈਲੀਪੈਡ ਵੀ ਕਿਸਾਨਾਂ ਨੇ ਤੋੜ ਦਿੱਤਾ, ਪਰ ਉਥੋਂ ਦੀ ਭਾਜਪਾ ਅਜੇ ਤੱਕ ਵੀ ਇਸ ਮੁੱਦੇ ਨੂੰ ਚੁੱਕ ਕੇ ਧਰਨਿਆਂ ਦੀ ਨੌਟੰਕੀ ਕਰੀ ਜਾਂਦੀ ਹੈ, ਜਿਸ ਦਾ ਸਾਰਾ ਰੌਂਅ ਪੰਜਾਬ ਵਿਰੋਧੀ ਪ੍ਰਚਾਰ ਵਾਲਾ ਹੁੰਦਾ ਹੈ। ਉਥੋਂ ਦੇ ਮੰਤਰੀ ਖੁਦ ਜਾ ਕੇ ਇਨ੍ਹਾਂ ਪ੍ਰੋਗਰਾਮਾਂ ਵਿਚ ਪੰਜਾਬ ਵਿਰੋਧੀ ਭਾਸ਼ਣ ਕਰਦੇ ਪਏ ਹਨ। ਜਿਹੜੀ ਭਾਜਪਾ ਸਾਰੇ ਦੇਸ਼ ਦੀ ਅਖੰਡਤਾ ਤੇ ਏਕਤਾ ਦੀਆਂ ਡੀਂਗਾਂ ਮਾਰਦੀ ਹੈ, ਉਸ ਦੀ ਹਰਿਆਣਾ ਦੀ ਟੀਮ ਇਹ ਕੁਝ ਉਸ ਦੀ ਹਾਈ ਕਮਾਂਡ ਦੀ ਮਰਜ਼ੀ ਦੇ ਬਗੈਰ ਕਰਦੀ ਨਹੀਂ ਹੋ ਸਕਦੀ। ਫਿਰ ਕੀ ਸਮਝਿਆ ਜਾਵੇ ਕਿ ਪੰਜਾਬ ਦੇ ਖਿਲਾਫ ਇੱਕ ਮਾਹੌਲ ਸਿਰਜਿਆ ਜਾ ਰਿਹਾ ਹੈ।
ਸਾਰੇ ਭਾਰਤ ਦੇ ਕਿਸਾਨਾਂ ਦੀ ਆਪਣਾ ਭਵਿੱਖ ਬਚਾਉਣ ਦੀ ਲੜਾਈ ਵਿਚ ਪੰਜਾਬੀਆਂ ਦਾ ਸਥਾਨ ਮੋਹਰੀ ਹੈ, ਪਰ ਇਸ ਵਿਚ ਉਨ੍ਹਾਂ ਨਾਲ ਹਰਿਆਣਾ ਦੇ ਕਿਸਾਨ ਵੀ ਹਨ; ਰਾਜਸਥਾਨ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਉੱਤਰਾ ਖੰਡ ਦੇ ਬਾਅਦ ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਗੁਜਰਾਤ ਦੇ ਕਿਸਾਨ ਵੀ ਨਾਲ ਆਣ ਰਲੇ ਹਨ। ਸਾਰੇ ਰਾਜਾਂ ਦੇ ਕਿਸਾਨਾਂ ਦੇ ਇਸ ਸਾਂਝੇ ਘੋਲ ਵਿਚ ਪੰਜਾਬੀਆਂ ਦਾ ਜੋਸ਼ ਅਤੇ ਇਸ ਘੋਲ ਦੀ ਅਗਵਾਈ ਵਿਚ ਪੰਜਾਬੀ ਆਗੂਆਂ ਦਾ ਮੋਹਰੀ ਹੋਣਾ ਪੰਜਾਬ ਦੇ ਲੋਕਾਂ ਲਈ ਮਾਣ ਵਾਲੀ ਗੱਲ ਹੈ, ਪਰ ਇਹੋ ਮਾਣ ਵਾਲੀ ਗੱਲ ਚਿੰਤਾ ਵੀ ਪੈਦਾ ਕਰਦੀ ਹੈ। ਪੰਜਾਬ ਪਹਿਲਾਂ ਬਾਰਾਂ ਸਾਲਾਂ ਤੋਂ ਵੱਧ ਅੰਨ੍ਹੀ ਗਲੀ ਵਿਚ ਫਸਿਆ ਰਿਹਾ ਸੀ। ਉਸ ਦੌਰ ਦੇ ਮੁੱਢਲੇ ਦਿਨਾਂ ਵਿਚ ਵੀ ਹਰਿਆਣੇ ਦੇ ਮੁੱਖ ਮੰਤਰੀ ਭਜਨ ਲਾਲ ਨੇ ਹਰਿਆਣਾ ਦੇ ਲੋਕਾਂ ਨੂੰ ਪੰਜਾਬੀਆਂ ਵਿਰੁੱਧ ਉਕਸਾਇਆ ਸੀ। ਅੱਜ ਹਰਿਆਣੇ ਦੇ ਲੋਕ ਬਹੁਤ ਸਿਆਣੇ ਹਨ। ਕਿਸੇ ਵੀ ਚੁਸਤ ਸਿਆਸਤਦਾਨ ਵੱਲੋਂ ਦੋ ਰਾਜਾਂ ਦੇ ਲੋਕਾਂ ਨੂੰ ਇੱਕ ਦੂਸਰੇ ਵਿਰੁੱਧ ਖੜ੍ਹੇ ਕਰਨ ਦੀਆਂ ਚਾਲਾਂ ਸਮਝਦੇ ਹਨ, ਪਰ ਜਿਸ ਤਰ੍ਹਾਂ ਦੀਆਂ ਚਾਲਾਂ ਬਦਲ-ਬਦਲ ਕੇ ਚੱਲੀਆਂ ਜਾ ਰਹੀਆਂ ਹਨ, ਇਨ੍ਹਾਂ ਵਿਚੋਂ ਖਾਸ ਤਰ੍ਹਾਂ ਦੇ ਸਾੜ ਦੀ ਬਦਬੂ ਆ ਰਹੀ ਹੈ। ਇਸ ਬਦਬੂ ਬਾਰੇ ਹਰਿਆਣੇ ਦੇ ਲੋਕਾਂ ਨੂੰ ਹੀ ਨਹੀਂ, ਪੰਜਾਬ ਦੇ ਲੋਕਾਂ ਨੂੰ ਵੀ ਵਾਹਵਾ ਸੁਚੇਤ ਰਹਿਣਾ ਹੋਵੇਗਾ।