ਬੇਜੋੜ ਸਿਰਜਣਾ ‘ਜ਼ਫਰਨਾਮਾ` ਪੜ੍ਹਦਿਆਂ…

ਸੁਰਿੰਦਰ ਸੋਹਲ
ਸੰਸਾਰ ਦੇ ਇਤਿਹਾਸ ‘ਚ ਗੁਰੂ ਗੋਬਿੰਦ ਸਿੰਘ ਜੀ ਦਾ ਵਿਅਕਤਿਤਵ ਸੂਰਜ ਵਾਂਗ ਵਿਲੱਖਣ ਪਛਾਣ ਵਾਲਾ ਹੈ। ‘ਗੁਰੂ ਗੋਬਿੰਦ ਸਿੰਘ’ ਮਹਿਜ਼ ਕਿਸੇ ਵਿਅਕਤੀ ਦਾ ਨਾਮ ਨਹੀਂ, ਇਕ ‘ਪ੍ਰਤੀਕ’ ਹੈ, ਜਿਸ ਦਾ ਜ਼ਿਕਰ ਛਿੜਦੇ ਹੀ ਕਾਲੀਆਂ ਤਾਕਤਾਂ ਮੂੰਹ ਛੁਪਾਉਂਦੀਆਂ ਦਿਖਾਈ ਦਿੰਦੀਆਂ ਨੇ। ਗਊਆਂ ਸ਼ੇਰਾਂ ‘ਤੇ ਭਾਰੂ ਹੋ ਜਾਂਦੀਆਂ ਨੇ। ਚਿੜੀਆਂ ਤੋਂ ਡਰਦੇ ਬਾਜ਼ ਆਲ੍ਹਣਿਆਂ ਵਿਚ ਜਾ ਛੁਪਦੇ ਨੇ। ਫਿਜ਼ਾ ‘ਚ ਧੁੱਪ ਵਰਗੀ ਇਨਸਾਨੀਅਤ ਦੀ ਮਹਿਕ ਬਿਖਰ ਜਾਂਦੀ ਹੈ। ਦਿੱਲੀ ਚਮਕ ਉੱਠਦੀ ਹੈ। ਚਮਕੌਰ ਸੁਨਹਿਰਾ ਹੋ ਜਾਂਦਾ ਹੈ। ਸਰਹਿੰਦ ਬੱਚਿਆਂ ਵਰਗੀ ਸਾਫ-ਸ਼ੱਫਾਫ ਹੋ ਕੇ ਪਵਿੱਤਰ ਅਵਾਜ਼ `ਚ ਛੱਡੇ ਜੈਕਾਰਿਆਂ ਨਾਲ ਗੂੰਜ ਉਠਦੀ ਹੈ। ਮਾਛੀਵਾੜੇ ਦੀਆਂ ਸੂਲਾਂ ‘ਤੇ ਫੁੱਲਾਂ ਦਾ ਇਤਿਹਾਸ ਲਿਖਿਆ ਜਾਂਦਾ ਹੈ। ਕਾਇਨਾਤ ਕਵਿਤਾ-ਕਵਿਤਾ ਹੋ ਨਿਬੜਦੀ ਹੈ।

ਗੁਰੂ ਗੋਬਿੰਦ ਸਿੰਘ ਜੀ ਵਾਸਤੇ ਕਵਿਤਾ ਮਹਿਜ਼ ਭਾਵਨਾਵਾਂ ਦੀ ਪੇਸ਼ਕਾਰੀ ਨਹੀਂ। ਉਨ੍ਹਾਂ ਵਾਸਤੇ ਕਲਮ ਤੇ ਕਿਰਪਾਨ ਇੱਕੋ ਵਸਤੂ ਦੇ ਦੋ ਨਾਮ ਹਨ। ਉਨ੍ਹਾਂ ਜਿੰਨੀ ਨਿਪੁੰਨਤਾ ਨਾਲ ਕਿਰਪਾਨ ਵਾਹੀ, ਓਨੀ ਹੀ ਸੁਘੜਤਾ ਨਾਲ ਕਲਮ ਚਲਾਈ। ਅਜਿਹਾ ਸਾਹਿਤਕ-ਸਿਪਾਹੀ ਸੰਸਾਰ ‘ਚੋਂ ਭਾਲਣਾ ਸਹਿਲ ਨਹੀਂ ਹੈ। ਕਲਮ ਦੀ ਨੋਕ ਜਦੋਂ ਕਾਗਜ਼ ‘ਤੇ ਘਿਸਦੀ ਹੈ ਤਾਂ ਅੱਖਰ ਨਹੀਂ, ਅੰਗਾਰ ਪੈਦਾ ਹੁੰਦੇ ਨੇ। ਇਨ੍ਹਾਂ ਅੰਗਾਰਾਂ ਵਿਚ ਰਾਜ-ਸੱਤਾ ਦਾ ਨਸ਼ਾ, ਹੰਕਾਰ ਦਾ ਤਾਜ, ਤਾਕਤ ਦਾ ਆਡੰਬਰ ਰਾਖ ਬਣ ਕੇ ਹਵਾ ਵਿਚ ਉੱਡ ਜਾਂਦੇ ਨੇ।
ਅੰਗਾਰਾਂ ਦੇ ਅੱਖਰਾਂ ਨਾਲ, ਸੇਕ ਦੀ ਲਿਪੀ ‘ਚ ਵਕਤ ਦੇ ਕਾਗਜ਼ ‘ਤੇ ਲਿਖੀ ਗਈ ਅਜਿਹੀ ਹੀ ਇਕ ਰਚਨਾ ਹੈ, ‘ਜ਼ਫਰਨਾਮਾ।’
ਇਕ ਪਲ ਲਈ ਆਪਣੀ ਸੁਰਤ ਨੂੰ ਅਤੀਤ ਦੇ ਉਸ ਕਾਂਡ ਵਿਚ ਲੈ ਜਾਣਾ ਚਾਹੀਦਾ ਹੈ, ਜਿੱਥੇ ਇਤਿਹਾਸ ‘ਫਰੀਜ਼` ਹੋਏ ਦ੍ਰਿਸ਼ ਅਜੇ ਵੀ ਸੰਭਾਲੀ ਬੈਠਾ ਹੈ।
ਦਸੰਬਰ 1704 ਦੀ ਸਰਦੀ ਨਾਲ ਠੁਰ-ਠੁਰ ਕਰਦੀ ਰਾਤ। ਪਾਲੇ ਨਾਲ ਠਰੀਆਂ ਪਹਾੜਾਂ ਦੀਆਂ ਚੋਟੀਆਂ। ਠੰਢ ਨਾਲ ਯਖ ਵਾਦੀਆਂ। ਸਿਆਲ ਦੇ ਝੰਬੇ ਪੱਤਰ-ਹੀਣ ਮੂਕ ਖਲੋਤੇ ਦਰਖਤ। ਗਹਿਰੀ ਸਾਜ਼ਿਸ਼ ਦੇ ਹਨੇਰੇ ‘ਚ ਘਿਰਿਆ ਆਨੰਦਪੁਰ ਸਾਹਿਬ ਦਾ ਕਿਲਾ। ਬਿੜਕਾਂ ਲੈਂਦੇ ਸਾਜ਼ਿਸ਼ੀ ਕੰਨ। ਹੱਥਾਂ ‘ਚ ਘੁੱਟੇ ਹੋਏ ਨੇਜ਼ੇ, ਭਾਲੇ, ਤੀਰ, ਤਲਵਾਰਾਂ। ਇਹ ਹਥਿਆਰ ਜਿਵੇਂ ਰਾਤ ਦੇ ਕਾਗਜ਼ ‘ਤੇ ਜ਼ੁਲਮ ਦੀ ਇਬਾਰਤ ਲਿਖਣ ਲਈ ਤਤਪਰ ਹੋਣ। ਵਿਸ਼ਵਾਸਘਾਤ ਦੀ ਅਤਿ ਸਰਦ ਹਵਾ ਨੇ ਸਭ ਕੁਝ ਠਾਰ ਦਿੱਤਾ ਸੀ। ਕੁਰਾਨ ਦੀਆਂ ਕਸਮਾਂ ਦਾ ਲਹੂ, ਧੋਖੇ ਦੀਆਂ ਨਾੜਾਂ ‘ਚ ਜੰਮ ਗਿਆ ਸੀ।
ਹਨੇਰੇ ਵਿਚ ਅਜੇ ਮੰਜ਼ਿਲ ਤਾਂ ਕੀ, ਮੰਜ਼ਿਲ ਦੀ ਦਿਸ਼ਾ ਵੀ ਤੈਅ ਨਹੀਂ ਸੀ ਹੋਈ। ਬੇਈਮਾਨ ਤੇਜ਼ ਹਨੇਰੀ ਆਈ ਸੀ ਤੇ ਸਾਰਾ ਕੁਝ ਇੰਜ ਖਿੱਲਰ ਗਿਆ ਸੀ, ਜਿਵੇਂ ਤੇਜ਼ ਝੱਖੜ ਵਿਚ ਰੁੱਖ ਦੀ ਸਿਖਰ ‘ਤੇ ਬਣਿਆ ਆਲ੍ਹਣਾ ਤੀਲਾ-ਤੀਲਾ ਹੋ ਜਾਂਦਾ ਹੈ। ਪਿੱਛੇ ਜ਼ੁਲਮ ਦਾ ਝੱਖੜ। ਅੱਗੇ ਸਰਸਾ ਦਾ ਤੂਫਾਨ। ਜਾਨ ਤੋਂ ਪਿਆਰੇ ਸਿੰਘ ਸ਼ਹੀਦ ਹੁੰਦੇ ਰਹੇ। ਰੂਹ ਵਰਗੇ ਲਿਖਾਰੀਆਂ ਦੀਆਂ ਲਿਖਤਾਂ ਸਰਸਾ ਦੀਆਂ ਲਹਿਰਾਂ ਨੇ ਧੋ ਸੁੱਟੀਆਂ। ਆਲ੍ਹਣੇ ਦੇ ਤੀਲੇ ਐਸੇ ਵਿਛੜੇ ਕਿ ਮੁੜ ਕਦੇ ਮਿਲ ਹੀ ਨਾ ਸਕੇ।
ਇਸ ਸਾਰੇ ਘਟਨਾਕ੍ਰਮ ਵਿਚ ਸਭ ਕੁਝ ਤਬਾਹੋ-ਬਰਬਾਦ ਹੋ ਗਿਆ, ਪਰ ਇਕ ਚੀਜ਼ ਦੀ ਜਿੱਤ ਹੋਈ, ਉਹ ਸੀ, ‘ਈਮਾਨ।`…ਤੇ ‘ਜ਼ਫਰਨਾਮਾ` ਵਰਗੀ ਰਚਨਾ ‘ਈਮਾਨ` ਵਾਲਾ ਸ਼ਖਸ ਹੀ ਰਚ ਸਕਦਾ ਹੈ।
‘ਜ਼ਫਰਨਾਮਾ` ਮੇਰੀ ਮਨ-ਪਸੰਦ ਰਚਨਾ ਹੈ। ਹਰ ਸਾਲ ਦਸੰਬਰ ਮਹੀਨੇ ਮੈਂ ਇਸ ਦਾ ਅਰਥਾਂ ਸਮੇਤ ਅਧਿਐਨ ਕਰਦਾ ਹਾਂ। ਇਹ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਚਲਦਾ ਆ ਰਿਹਾ ਹੈ। ਇਸ ਵਿਚਲੇ ਕੁਝ ਨੁਕਤੇ ਮੈਨੂੰ ਬੇਹੱਦ ਪ੍ਰਭਾਵਿਤ ਕਰਦੇ ਨੇ।
‘ਜ਼ਫਰਨਾਮਾ` ਯਾਨਿ ‘ਫਤਹਿ ਦੀ ਚਿੱਠੀ` ਹੌਸਲੇ ਦੀ ਡਿੱਗਦੀ ਛੱਤ ਵਾਸਤੇ ਥੰਮੀ ਦਾ ਕੰਮ ਕਰਦੀ ਹੈ। ਉਸ ਵੇਲੇ ਦੀ ਕਲਪਨਾ ਕਰਨ ਉਪਰੰਤ ਜਦੋਂ ਅਸੀਂ ‘ਜ਼ਫਰਨਾਮਾ` ਦਾ ਪਾਠ ਕਰਦੇ ਹਾਂ ਤਾਂ ਇਸ ਦਾ ਵਜ਼ਨ-ਬਹਿਰ ਬਹੁਤ ਪ੍ਰਭਾਵਿਤ ਕਰਦਾ ਹੈ। ਰਤਾ-ਮਾਸਾ ਵੀ ਤੋਲ-ਤੁਕਾਂਤ ਉੱਖੜਦਾ ਨਹੀਂ। ਅਸਲ ਵਿਚ ਇਹ ‘ਜ਼ਫਰਨਾਮਾ` ਦਾ ਤੋਲ-ਤੁਕਾਂਤ ਨਹੀਂ, ਏਨੀਆਂ ਹਨੇਰੀਆਂ ਵਿਚੋਂ ਲੰਘਣ ਤੋਂ ਬਾਅਦ ਵੀ ਗੁਰੂ ਸਾਹਿਬ ਦੇ ਕਾਇਮ ਦਿਮਾਗੀ ਤਵਾਜ਼ਨ ਦਾ ਅਕਸ ਹੈ। ਗੁਰੂ ਸਾਹਿਬ ਦੀ ਅਡੋਲਤਾ, ਸਿਰੜ, ਰੌਸ਼ਨ-ਰੂਹ ਦਾ ਝਲਕਾਰਾ ਹੈ। ‘ਮੁਤਕਾਰਿਬ ਮੁਸੱਮਨ ਮਕਸੂਰ` (ਵਜ਼ਨ-ਫਊਲੁਨ ਫਊਲੁਨ ਫਊਲੁਨ ਫਊਲ ਜਾਂ ਫਊ) ਬਹਿਰ ਵਿਚ ਲਿਖਿਆ ਜ਼ਫਰਨਾਮਾ ਗੁਰੂ ਸਾਹਿਬ ਦੀ ਸਾਵੀਂ ਸੋਚ ਦਾ ਪ੍ਰਗਟਾਵਾ ਹੈ। ਇਹ ਬਹਿਰ ਬਹੁਤ ਕਾਟਵੀਂ ਹੈ। ਛੁਰੀਆਂ ਵਾਂਗ ਦਿਲ ਵਿਚ ਖੁੱਭਦੀ ਜਾਂਦੀ ਹੈ। ਇਸ ਬਹਿਰ ਵਿਚ ਖਤ ਲਿਖਣਾ ਇਹ ਵੀ ਦਰਸਾਉਂਦਾ ਹੈ ਕਿ ਗੁਰੂ ਸਾਹਿਬ ਨੂੰ ਵਿਸ਼ੇ ਦੇ ਮਹੱਤਵ ਦੇ ਨਾਲ-ਨਾਲ ਕਵਿਤਾ ਦੇ ਰੂਪਕ ਪੱਖ ਦੇ ਅਸਰ ਦੀ ਵੀ ਕਿੰਨੀ ਸੂਝ ਤੇ ਸਮਝ ਸੀ। ਉਨ੍ਹਾਂ ਨੇ ਸੁਸਤ ਜਿਹੀ ਬਹਿਰ ਦੀ ਥਾਂ ਬੇਹੱਦ ਚੁਸਤ ਬਹਿਰ ਦੀ ਚੋਣ ਕੀਤੀ।
‘ਜ਼ਫਰਨਾਮਾ` ਆਵੇਸ਼ ਵਿਚ ਆ ਕੇ ਲਿਖੀ ਹੋਈ ਭਾਵੁਕ ਰਚਨਾ ਨਹੀਂ। ਸੋਚ-ਸਮਝ ਕੇ ਵਰਤਿਆ ਗਿਆ ਹਥਿਆਰ ਹੈ। ਗੁਰੂ ਸਾਹਿਬ ਇਸ ਦੇ ਅਸਰ ਤੋਂ ਬਾਖੂਬੀ ਵਾਕਿਫ ਸਨ। ਕਿਸ ਨੂੰ ਲਿਖਣਾ ਹੈ? ਕੀ ਲਿਖਣਾ ਹੈ? ਕਿਵੇਂ ਲਿਖਣਾ ਹੈ? ਕਿਉਂ ਲਿਖਣਾ ਹੈ? ਇਨ੍ਹਾਂ ਗੱਲਾਂ ਦੇ ਜਵਾਬ ਭਲੀ-ਭਾਂਤ ‘ਜ਼ਫਰਨਾਮਾ` ਦਾ ਅਧਿਐਨ ਕਰਦਿਆਂ ਮਿਲ ਜਾਂਦੇ ਹਨ।
‘ਜ਼ਫਰਨਾਮਾ` ਗੁਰੂ ਸਾਹਿਬ ਦੇ ਦ੍ਰਿੜ ਇਰਾਦੇ, ਦੂਰ-ਅੰਦੇਸ਼ੀ, ਕਾਵਿਕ ਸਮਝ ਦੇ ਨਾਲ-ਨਾਲ ਇਹ ਵੀ ਦਰਸਾਉਂਦਾ ਹੈ ਕਿ ਕਮਾਲ ਦੇ ਹੱਥਾਂ ਵਿਚ ਆ ਕੇ ਕਲਮ ਵੀ ਸਿਰ ਕਲਮ ਕਰਨ ਦੀ ਸਮਰੱਥਾ ਰੱਖਦੀ ਹੈ।
ਵਿਰੋਧੀ ਜਾਂ ਦੁਸ਼ਮਣ ਨਾਲ ਸੰਵਾਦ ਰਚਾਉਣ ਦਾ ਸਲੀਕਾ ਸਿਖਾਉਣ ਵਾਲੀ ਮਹਾਨ ਕ੍ਰਿਤ ਹੈ, ‘ਜ਼ਫਰਨਾਮਾ।` ਔਰੰਗਜ਼ੇਬ ਵਲੋਂ ਗੁਰੂ ਸਾਹਿਬ ਅਤੇ ਅਵਾਮ ਨਾਲ ਕੀਤੀਆਂ ਜ਼ਿਆਦਤੀਆਂ ਨਾਲ ਇਤਿਹਾਸ ਭਰਿਆ ਪਿਆ ਹੈ, ਪਰ ਗੁਰੂ ਸਾਹਿਬ ਦਾ ਬਿਬੇਕ ਕਮਾਲ ਦਾ ਹੈ। ਉਹ ਔਰੰਗਜ਼ੇਬ ਦੀਆਂ ਖੂਬੀਆਂ ਦਾ ਬਿਆਨ ਕਰਨ ਵੇਲੇ ਵੀ ਦਿਲ ਖੁੱਲ੍ਹਾ ਰੱਖਦੇ ਹਨ। ਉਸ ਦੇ ਗੁਣਾਂ ਦਾ ਰੱਜ ਕੇ ਖੁਲਾਸਾ ਕਰਦੇ ਹਨ। ਨਾਲ ਨਾਲ ਉਸ ਦੇ ਔਗੁਣਾਂ ਦਾ ਬੇਧੜਕ ਤਜ਼ਕਰਾ ਕਰਦੇ ਹਨ।
ਖੁਸ਼ਸ਼ ਸ਼ਾਹੇ-ਸ਼ਾਹਾਨ ਔਰੰਗਜ਼ੇਬ।
ਕਿ ਚਾਲਾਕ ਦਸਤਅਸਤ ਚਾਬੁਕ ਰਕੇਬ। (85)
(ਹੇ ਔਰੰਗਜ਼ੇਬ! ਤੂੰ ਸ਼ਾਹਾਂ ਦਾ ਸ਼ਾਹ ਤੇ ਭਗਵਾਨ ਏਂ ਅਤੇ ਪ੍ਰਬੰਧ ਵਿਚ ਹੁਸ਼ਿਆਰ ਤੇ ਸ਼ਾਹ-ਸਵਾਰ ਏਂ।)
ਬਾ ਤਰਤੀਬ ਦਾਨਿਸ਼ ਬਾ ਤਦਬੀਰ ਤੇਗ਼।
ਖੁਦਾਵੰਦੇ-ਦੇਗੋ-ਖੁਦਾਵੰਦੇ-ਤੇਗ਼। (86)
(ਤੂੰ ਆਪਣੀ ਸਿਆਣਪ ਦੇ ਢੰਗ ਨਾਲ ਤੇ ਤਲਵਾਰ ਦੇ ਜ਼ੋਰ ਨਾਲ ਦੇਗ ਤੇ ਤੇਗ ਦਾ ਧਨੀ ਏਂ।)
ਕਿ ਹੁਸਨ-ਉਲ-ਜਮਾਲ ਅਸਤ ਓ ਰੌਸ਼ਨ ਜ਼ਮੀਰ।
ਖੁਦਾਵੰਦ ਮੁਲਕ ਅਸਤ ਸਾਹਿਬ ਅਮੀਰ। (87)
(ਹੇ ਔਰੰਗਜ਼ੇਬ! ਤੂੰ ਸੋਹਣਾ, ਸੁੰਦਰ ਅਤੇ ਸਿਆਣਾ ਵੀ ਏਂ। ਤੂੰ ਮੁਲਕ ਦਾ ਬਾਦਸ਼ਾਹ ਤੇ ਹਾਕਮਾਂ ਦਾ ਸਰਦਾਰ ਏਂ।)
ਬ ਬਖਸ਼ਿਸ਼ ਕਬੀਰ ਅਸਤੋ-ਦਰ ਜੰਗ ਕੋਹ।
ਮਲਾਇਕ ਸਿਫਤ ਚੂੰ ਸਰੱਯਾ ਸ਼ਿਕੋਹ। (88)
(ਤੂੰ ਬਖਸ਼ਿਸ਼ ਦਾਨ ਕਰਨ ਵਿਚ ਵੱਡਾ ਏਂ ਤੇ ਜੰਗ ਵਿਚ ਪਹਾੜ ਵਾਂਗ ਅਡੋਲ ਰਹਿਣ ਵਾਲਾ ਏਂ। ਤੂੰ ਫਰਿਸ਼ਤਿਆਂ ਦੇ ਗੁਣਾਂ ਵਾਲਾ ਤੇ ਉੱਚੀ ਸ਼ਾਨ ਵਾਲਾ ਏਂ।)
ਸ਼ਹਿਨਸ਼ਾਹੇ-ਔਰੰਗਜ਼ੇਬ ਆਲਮੀਂ।
ਕਿ ਦਾਰਾਇ ਦੌਰ ਅਸਤੋ-ਦੂਰ ਅਸਤ ਦੀਂ। (90)
(ਪਰ ਹੇ ਔਰੰਗਜ਼ੇਬ! ਭਾਵੇਂ ਤੂੰ ਦੁਨੀਆਂ ਦਾ ਸ਼ਹਿਨਸ਼ਾਹ ਏਂ ਤੇ ਸਮੇਂ ਦਾ ਹਾਕਮ ਵੀ ਏਂ, ਪਰ ਤੂੰ ਸੱਚੇ ਧਰਮ ਤੋਂ ਬਹੁਤ ਦੂਰ ਏਂ।)
ਤੁਰਾ ਮਨ ਨਦਾਨਮ ਕਿ ਯਜ਼ਦਾਂ ਸ਼ਨਾਸ।
ਬਰਆਮਦ ਜ਼ਿ ਤੂ ਕਾਰਹਾ ਦਿਲ ਖਰਾਸ਼। (81)
(ਮੈਂ ਇਹ ਨਹੀਂ ਮੰਨਦਾ ਕਿ ਤੂੰ ਖੁਦਾ ਨੂੰ ਪਛਾਣਨ ਵਾਲਾ ਏਂ, ਕਿਉਂਕਿ ਤੇਰੇ ਕੋਲੋਂ ਅਨੇਕਾਂ ਦਿਲ ਦੁਖਾਉਣ ਵਾਲੇ ਕੰਮ ਹੋਏ ਹਨ।)
ਅਗਰ ਸਦ ਕੁਰਾਂ ਰਾ ਬਖੁਰਦੀ ਕਸਮ।
ਮਰਾ ਇਅਤਬਾਰੇ ਨਾ ਯਕ ਜ਼ੱਰਾ ਦਮ। (83)
(ਜੇ ਤੂੰ ਕੁਰਾਨ ਸ਼ਰੀਫ ਦੀਆਂ ਸੌ ਕਸਮਾਂ ਵੀ ਖਾਏਂ ਤਾਂ ਮੈਨੂੰ ਉਨ੍ਹਾਂ ‘ਤੇ ਰਤਾ ਵੀ ਇਤਬਾਰ ਨਹੀਂ।)
‘ਜ਼ਫਰਨਾਮਾ` ਦਾ ਬਿੰਬ-ਵਿਧਾਨ ਕਮਾਲ ਦਾ ਹੈ। ਗੁਰੂ ਸਾਹਿਬ ਦੀ ਉੱਚੀ ਸੋਚ ਦਾ ਲਖਾਇਕ ਵੀ ਹੈ। ਪਰਿਵਾਰ ਖਿੰਡ-ਪੁੰਡ ਗਿਆ ਹੈ। ਬੱਚੇ ਸ਼ਹੀਦ ਹੋ ਗਏ ਨੇ ਗੁਰੂ ਸਾਹਿਬ ਦੀ ਸੋਚ ਵਿਚ ਰਤਾ ਵੀ ਤਰੇੜ ਨਹੀਂ ਆਈ। ਉਹ ਕਵਿਤਾ ਵਿਚ ਜ਼ਫਰਨਾਮਾ ਲਿਖ ਰਹੇ ਹਨ ਤੇ ਕਵਿਤਾ ਦੀ ਬਿੰਬਾਵਲੀ ਖਿਲਰਨ ਨਹੀਂ ਦਿੰਦੇ। ਦ੍ਰਿਸ਼-ਬਿੰਬ ਦਾ ਖੂਬਸੂਰਤ ਨਜ਼ਾਰਾ ਦੇਖੋ,
ਬਸੇ-ਬਾਨ ਬਾਰੀਦ ਤੀਰੋ-ਤੁਫੰਗ।
ਜ਼ਿੰਮੀ ਗਸ਼ਤ ਹਮਚੂ ਗਲੇ-ਲਾਲਾ ਰੰਗ। (37)
(ਤੀਰਾਂ ਤੇ ਬੰਦੂਕਾਂ ਦੀ ਇਤਨੀ ਬਰਖਾ ਹੋਈ ਕਿ ਜ਼ਮੀਨ ਲਹੂ ਨਾਲ ਪੋਸਤ ਦੇ ਫੁੱਲ ਵਾਂਗ ਲਾਲ ਹੋ ਗਈ।)
ਸਰੋਪਾਇ ਅੰਬੋਹ ਚੰਦਾਂ ਸ਼ੁਦਹ।
ਕਿ ਮੈਦਾਂ ਪੁਰ ਅਜ਼ ਗੂ ਓ ਚੋਗਾਂ ਸ਼ੁਦਹ। (38)
(ਮ੍ਰਿਤਕਾਂ ਦੇ ਸਿਰ-ਪੈਰਾਂ ਦੇ ਇਉਂ ਢੇਰ ਲੱਗ ਗਏ ਜਿਵੇਂ ਖੇਡ ਦਾ ਮੈਦਾਨ ਖਿੱਦੋ-ਖੁੰਡੀਆਂ ਨਾਲ ਭਰਿਆ ਹੋਵੇ। (ਭਾਵ ਰਣ-ਭੂਮੀ ਵਿਚ ਸਿਰ ਖਿਦੋਆਂ ਵਾਂਗ ਅਤੇ ਲੱਤਾਂ-ਬਾਹਾਂ ਖੁੰਡੀਆਂ ਵਾਂਗ ਖਿੱਲੀਆਂ ਪਈਆਂ ਸਨ।)
ਗੁਰੂ ਸਾਹਿਬ ਦੀ ਪਵਿੱਤਰ ਰੂਹ ਦੇ ਦਰਸ਼ਨ ਜ਼ਫਰਨਾਮਾ ਵਿਚੋਂ ਭਲੀ-ਭਾਂਤ ਹੁੰਦੇ ਨੇ। ਗੁਰੂ ਸਾਹਿਬ ਕਿਸੇ ਧਰਮ ਜਾਂ ਧਰਮ-ਗ੍ਰੰਥ ਦੇ ਵਿਰੋਧੀ ਨਹੀਂ। ਉਨ੍ਹਾਂ ਅੰਦਰ ਕੁਰਾਨ ਪ੍ਰਤੀ ਸਤਿਕਾਰ ਹਮੇਸ਼ਾ ਕਾਇਮ ਰਿਹਾ ਹੈ,
ਹਰ ਆਂ ਕਸ ਬ-ਕੌਲ-ਏ-ਕੁਰਾਂ ਆਯਦਸ਼।
ਕਿ ਯਜ਼ਦਾਂ ਬਰੋ ਰਹਨੁਮਾ ਆਯਦਸ਼। (43)
(ਜੇ ਕੋਈ ਕੁਰਾਨ ਦੀ ਕਸਮ ਉੱਤੇ ਭਰੋਸਾ ਕਰੇ, ਰੱਬ ਉਸ ਨੂੰ ਰਾਹ ਵਿਖਾਉਂਦਾ ਹੀ ਹੈ।)
‘ਜ਼ਫਰਨਾਮਾ` ਵਾਰ-ਵਾਰ ਪੜ੍ਹਨ ਵਾਲੀ ਇਕ ਅਜਿਹੀ ਇਤਿਹਾਸਕ ਰਚਨਾ ਹੈ, ਜਿਸ `ਚੋਂ ਹਰ ਵਾਰ ਗੁਰੂ ਸਾਹਿਬ ਦੀ ਸ਼ਖਸੀਅਤ ਦਾ ਅਣਮੁੱਲਾ ਮੋਤੀ ਲੱਭਦਾ ਜਾਂਦਾ ਹੈ। ਵਿਰੋਧੀ ਨਾਲ ਗੱਲ ਕਰਨ ਵੇਲੇ ਧੀਰਜ ਰੱਖਣ ਦੀ ਬਖਸ਼ਿਸ਼ ਇਹ ਰਚਨਾ ਕਰਦੀ ਹੈ। ਔਖੀ ਤੋਂ ਔਖੀ ਘੜੀ ਵਿਚ ਜ਼ਿਹਨੀ ਤਵਾਜ਼ਨ ਰੱਖਣ ਦੀ ਸ਼ਕਤੀ ਇਹ ਕ੍ਰਿਤ ਪ੍ਰਦਾਨ ਕਰਦੀ ਹੈ। ਇਹ ਰਚਨਾ ਸਾਡੇ ਸੱਚੇ ਪਾਤਸ਼ਾਹ ਦੀ ਹੈ, ਇਸ ਤੋਂ ਵੱਡੀ ਹੋਰ ਮਾਣ ਵਾਲੀ ਗੱਲ ਸਾਡੇ ਵਾਸਤੇ ਕਿਹੜੀ ਹੋ ਸਕਦੀ ਹੈ!
ਸਹਾਇਕ ਪੁਸਤਕਾਂ:
1. ਸੁਖੈਨ ਗ਼ਜ਼ਲ (ਗੁਰਦਰਸ਼ਨ ਬਾਦਲ)
2. ਸਿੱਖ ਚਿੰਤਨ: ਪਰੰਪਰਾ ਅਤੇ ਪਰਿਵਰਤਨ (ਡਾ. ਸੁਰਜੀਤ ਸਿੰਘ ਭੱਟੀ)
3. ਜ਼ਫਰਨਾਮਾ: ਪਾਠ ਤੇ ਪ੍ਰਸੰਗ (ਭਗਵੰਤ ਸਿੰਘ ਕੈਲੇ)
4. ਸਹਿਜੇ ਰਚਿਓ ਖਾਲਸਾ (ਹਰਿੰਦਰ ਸਿੰਘ ਮਹਿਬੂਬ)
5. ਜ਼ਫਰਨਾਮਾ (ਉਰਦੂ ਅਨੁਵਦ: ਮਾਸਟਰ ਸਾਧੂ ਸਿੰਘ ਸਾਧੂ ਫਰੀਦਕੋਟੀ)
6. ਸ੍ਰੀ ਦਸਮ-ਗ੍ਰੰਥ ਸਾਹਿਬ: ਪਾਠ-ਸੰਪਾਦਨ ਅਤੇ ਵਿਆਖਿਆ (ਭਾਗ ਪੰਜਵਾਂ) (ਡਾ. ਰਤਨ ਸਿੰਘ ਜੱਗੀ-ਡਾ. ਗੁਰਸ਼ਰਨ ਕੌਰ ਜੱਗੀ)
7. ਜ਼ਫਰਨਾਮਹ ਦੀ ਪੜਤਾਲ (ਨਿਸ਼ਾਨ ਸਿੰਘ ਜੌਹਲ)