ਹੋਕਰਾ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜਿ਼ੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਜੀਵਨ-ਮਾਰਗ ਨੂੰ ਰੁਸ਼ਨਾਉਣ ਵਾਲੇ ਚਿਰਾਗਾਂ ਦਾ ਜਿ਼ਕਰ ਛੇੜਦਿਆਂ ਨਸੀਹਤ ਕੀਤੀ ਸੀ ਕਿ ਦੀਵਿਆਂ ਦਾ ਸਾਥ ਮਾਣਦੇ ਮਾਣਦੇ ਕਦੇ ਕਦਾਈਂ ਆਪ ਵੀ ਰੌਸ਼ਨੀ ਵੰਡਣ ਦਾ ਉਪਕਾਰ ਕਰਨ ਲਈ ਕਰਮਯੋਗ ਜਰੂਰ ਕਮਾਉਣਾ, ਕਿਉਂਕਿ ਕਰਮਯੋਗਤਾ ਹੀ ਜੀਵਨ ਦੀ ਸੁੱਚਮਤਾ ਅਤੇ ਉਚਤਮਾ ਹੁੰਦੀ।”

ਹਥਲੇ ਲੇਖ ਵਿਚ ਡਾ. ਭੰਡਾਲ ਨੇ ਹੋਕਰੇ ਲਾਏ ਹਨ, “ਪਾਣੀ ਦੇ ਪਿੰਡੇ ‘ਤੇ ਤਰੇੜਾਂ ਪਾਉਣ ਵਾਲਿਓ! ਪਾਣੀ ‘ਚ ਤਰੇੜ ਨਹੀਂ ਪੈਂਦੀ, ਸਗੋਂ ਤੁਹਾਡੇ ਮਨ ਵਿਚਲੀ ਤਰੇੜ ਹੀ ਨਜ਼ਰ ਆਉਂਦੀ ਹੈ; ਰੌਸ਼ਨੀ ਵਿਚ ਚੀਰ ਪਾਉਣ ਵਾਲਿਓ! ਕਿੰਜ ਚੀਰੋਗੇ ਚਾਨਣ ਨੂੰ? ਇਸ ਦੀ ਫਿਤਰਤ ਨੂੰ? ਉਡਦੇ ਪਰਿੰਦੇ ਦੇ ਪਰ ਕੱਟਣ ਦੀ ਜੁਗਤ ਮਨ ਵਿਚ ਧਾਰਨ ਵਾਲਿਓ! ਪਰਿੰਦੇ ਤਾਂ ਟੁੱਟੇ ਪਰਾਂ ਨਾਲ ਵੀ ਉਡਾਣ ਭਰ ਲੈਂਦੇ ਨੇ, ਬਸ਼ਰਤੇ ਮਨ ਵਿਚ ਉਡਾਰੀ ਭਰਨ ਦਾ ਹੱਠ ਹੋਵੇ; ਮਨ ਵਿਚ ਮੌਲਦੇ ਵਿਚਾਰਾਂ ਨੂੰ ਜੰ਼ਜੀਰਾਂ ਵਿਚ ਕੈਦ ਕਰਨ ਵਾਲਿਓ! ਵਿਚਾਰ ਕਦੇ ਕੈਦ ਨਹੀਂ ਹੁੰਦੇ।” ਉਹ ਕਹਿੰਦੇ ਹਨ, “ਲਿਬੜੀ ਸੋਚ ਨੂੰ ਧੋਣ ਦਾ ਹੀਆ ਕਰੋ, ਤੁਹਾਡੀ ਬਦਨੀਤ ਵਿਚ ਵੀ ਸੁਨੀਤ ਦਾ ਨਿਆਰਾਪਣ ਅਤੇ ਸੁਚਿਆਰਾਪਣ ਪੈਦਾ ਹੋਵੇਗਾ।…ਸਾਡੇ ਵਿਚ ਇੰਨੀ ਕੁ ਇਨਸਾਨੀਅਤ ਜਿੰਦਾ ਰਹੇ ਕਿ ਅਸੀਂ ਲੋੜਵੰਦ, ਲਾਚਾਰ, ਨਿਆਸਰੇ, ਨਿਥਾਂਵੇਂ, ਨਿਰਵਸਤਰ ਅਤੇ ਭੁੱਖਣਭਾਣੇ ਦਾ ਹੁੰਗਾਰਾ ਬਣ ਸਕੀਏ। ਮਾਨਵਤਾ ਕਦੇ ਵੀ ਸ਼ਰਮਸ਼ਾਰ ਨਹੀਂ ਹੋਵੇਗੀ।” ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਪਾਣੀ ਦੇ ਪਿੰਡੇ ‘ਤੇ ਤਰੇੜਾਂ ਪਾਉਣ ਵਾਲਿਓ! ਤੁਸੀਂ ਭਰਮ ਵਿਚ ਹੋ। ਪਾਣੀ ‘ਚ ਤਰੇੜ ਨਹੀਂ ਪੈਂਦੀ। ਸਗੋਂ ਤੁਹਾਡੇ ਮਨ ਵਿਚਲੀ ਤਰੇੜ ਹੀ ਨਜ਼ਰ ਆਉਂਦੀ ਹੈ। ਸਤਹੀ ਤਰੇੜਾਂ ਨਾਲ ਪਾਣੀ ਦੀ ਤਾਸੀਰ ਨਹੀਂ ਬਦਲਦੀ, ਕਿਉਂਕਿ ਪਾਣੀ ਤਾਂ ਬੰਦੇ ਦੀ ਮਾਨਸਿਕਤਾ ਨੂੰ ਬਦਲਣ ਦੀ ਤੌਫੀਕ ਰੱਖਦੇ ਨੇ।
ਕਦੇ ਵੀ ਹਵਾ ਦੇ ਪਿੰਡੇ ‘ਤੇ ਉਗੇ ਹੋਏ ਹਰਫਾਂ ਨੂੰ ਹਉਕੇ ਨਾ ਬਣਾਓ, ਸਗੋਂ ਇਨ੍ਹਾਂ ਹਰਫਾਂ ਦੀ ਸੁੱਚਮਤਾ ਅਤੇ ਉਚਤਮਤਾ ਨੂੰ ਮਨ ਦੀਆਂ ਬਰੂਹਾਂ ਵਿਚ ਚੋਵੋ। ਹਵਾ ਤਾਂ ਰੋਣ ਲੱਗ ਪੈਂਦੀ ਹੈ, ਜਦ ਉਹਨੂੰ ਵਿਰਲਾਪਾਂ, ਵੈਣਾਂ ਜਾਂ ਕੀਰਨਿਆਂ ਸੰਗ ਜੀਵਨ ਨੂੰ ਅਕਾਰਥ ਗਵਾਉਣਾ ਪੈਂਦਾ।
ਸਮੁੰਦਰ ਵਿਚ ਕੰਧਾਂ ਉਗਾ ਕੇ ਇਸ ਨੂੰ ਆਪਣੀ ਮਲਕੀਅਤ ਬਣਾਉਣਾ ਲੋਚਦਿਓ! ਕਦੇ ਅਸੀਮਤ ਸਮੁੰਦਰ ਨੂੰ ਸੀਮਤ ਦਾਇਰਿਆਂ ਵਿਚ ਕੈਦ ਕੀਤਾ ਜਾ ਸਕਦੈ? ਸਮੁੰਦਰ ਦੇ ਸੁੱਚਮ ਅਤੇ ਵਿਸ਼ਾਲਤਾ ਨੂੰ ਆਪਣੀ ਚੇਤਨਾ ਅਤੇ ਚਿੰਤਨ ਦੇ ਨਾਮ ਲਾਉਣਾ, ਤੁਹਾਡੇ ਮਨ ਵਿਚ ਸੁੰਗੜਨ ਦੀ ਥਾਂ ਫੈਲਾਅ ਦੀ ਭਾਵਨਾ ਪੈਦਾ ਹੋਵੇਗੀ। ਸਮੁੰਦਰ ਤਾਂ ਕਸਬਿਆਂ, ਸ਼ਹਿਰਾਂ ਅਤੇ ਸੰਸਾਰ ਨੂੰ ਕਲਾਵੇ ਵਿਚ ਲੈ ਕੇ ਇਸ ਦੀਆਂ ਦੁਆਵਾਂ ਮੰਗਦਾ ਏ।
ਰੌਸ਼ਨੀ ਵਿਚ ਚੀਰ ਪਾਉਣ ਵਾਲਿਓ! ਕਿੰਜ ਚੀਰੋਗੇ ਚਾਨਣ ਨੂੰ? ਇਸ ਦੀ ਫਿਤਰਤ ਨੂੰ? ਇਸ ਦੀ ਸੰਵੇਦਨਾ ਭਰੀ ਰੰਗੀਲੀ ਆਬਸ਼ਾਰ ਨੂੰ? ਇਸ ਵਿਚ ਸਮਾਏ ਹੋਏ ਰੰਗਾਂ ਵਰਗੀ ਆਪਣੀ ਸ਼ਖਸੀਅਤ ਬਣਾਵੋਗੇ ਤਾਂ ਰੌਸ਼ਨੀ ਵਾਂਗ ਚਾਨਣ ਦਾ ਵਣਜਾਰਾ ਬਣ ਸਕਦੇ ਹੋ। ਕਦੇ ਭੁੱਲ ਕੇ ਰੌਸ਼ਨੀ ਦਾ ਚੀਰ-ਹਰਨ ਨਾ ਕਰਿਓ, ਕਿਉਂਕਿ ਰੌਸ਼ਨੀ ਦਾ ਕਤਲ ਖੁਦ ਦਾ ਕਤਲ ਹੁੰਦਾ।
ਅੰਬਰ ਨੂੰ ਆਪਣੀ ਰਿਆਸਤ ਸਮਝਣ ਵਾਲਿਓ! ਪਹਿਲਾਂ ਆਪਣੇ ਹਿੱਸੇ ਦੇ ਅੰਬਰ ਵਿਚ ਉਡਾਰੀ ਤਾਂ ਭਰੋ। ਫਿਰ ਸੂਰਜਾਂ, ਤਾਰਿਆਂ ਅਤੇ ਚੰਨਾਂ ਨੂੰ ਗਾਹੋ ਤਾਂ ਪਤਾ ਲੱਗੇਗਾ ਕਿ ਆਪਣੇ ਹਿੱਸੇ ਦਾ ਅੰਬਰ ਹੀ ਵਸੀਹ ਹੁੰਦਾ ਹੈ ਵਿਸਥਾਰ ਲਈ, ਆਪਣੇ ਆਪ ਨੂੰ ਪਰਿਭਾਸ਼ਤ ਕਰਨ ਅਤੇ ਪੈੜਾਂ ਸਿਰਜਣ ਲਈ। ਅੰਬਰ ਨੂੰ ਖਿੱਤੀਆਂ, ਅਕਾਸ਼-ਗੰਗਾਵਾਂ ਜਾਂ ਗ੍ਰਹਿਆਂ ਵਿਚ ਵੰਡਣ ਤੋਂ ਪਹਿਲਾਂ ਆਪਣੇ ਸਮੁੱਚ ਦੇ ਖੰਡਰਾਤ ਨੂੰ ਤਾਂ ਸਮੇਟੋ। ਫਿਰ ਅਹਿਸਾਸ ਹੋਵੇਗਾ ਕਿ ਅੰਬਰ ਵਰਗੀ ਵਿਸ਼ਾਲਤਾ ਨੂੰ ਕਿਆਸਣਾ ਅਤੇ ਇਸ ਦਾ ਹਾਣੀ ਹੋਣਾ, ਕਿੰਨਾ ਸਕੂਨ ਦਿੰਦਾ ਹੈ। ਅੰਬਰ ਬਣ ਕੇ ਕਿਸੇ ਦੇ ਸਿਰ ਦੀ ਛੱਤ ਵੀ ਬਣਿਆ ਜਾ ਸਕਦਾ। ਤਾਰਿਆਂ ਦੇ ਦੇਸ਼ ਵਿਚ ਵਿਚਰਦਿਆਂ, ਤਾਰਿਆਂ ਦੀਆਂ ਮਹਿਫਿਲਾਂ ਦਾ ਅੰਗ ਬਣ ਕੇ, ਤਾਰੇ ਬਣਨ ਦੀ ਲੋਚਾ ਨੂੰ ਪੂਰਾ ਕੀਤਾ ਜਾ ਸਕਦਾ।
ਬਹਾਰ ਦੇ ਪਿੰਡੇ ‘ਤੇ ਪੱਤਝੱੜ ਦਾ ਸਿਰਨਾਵਾਂ ਲਿਖਣ ਵਾਲਿਓ! ਬਹਾਰ ਦੀ ਹਿੱਕ ਵਿਚ ਉਗੀਆਂ ਸੱਧਰਾਂ ਅਤੇ ਸੁਪਨਿਆਂ ਨੂੰ ਕਿਵੇਂ ਸੂਲੀ `ਤੇ ਟੰਗਿਆ ਜਾ ਸਕਦਾ? ਬਹਾਰ ਸਦਾ ਬੰਦਗੀ, ਬੰਦਿਆਈ ਅਤੇ ਬਹੁਲਤਾ ਦਾ ਨਾਮਕਰਣ। ਇਹ ਤਾਂ ਕੋਮਲ ਕਰੂੰਬਲਾਂ, ਨਵੀਆਂ ਡੋਡੀਆਂ ਅਤੇ ਰੰਗਦਾਰ ਫੁੱਲਪੱਤੀਆਂ ਦੀ ਆਮਦ ਨਾਲ ਬਗੀਚੀ ਨੂੰ ਬਹਿਸ਼ਤ ਵੀ ਬਣਾਉਂਦੀ ਅਤੇ ਭੌਰਿਆਂ ਤੇ ਤਿੱਤਲੀਆਂ ਲਈ ਸੈਰਗਾਹ ਵੀ ਬਣਨਾ ਹੁੰਦਾ। ਪੱਤਝੱੜ ਵਰਗਿਆ! ਕਦੇ ਬਹਾਰਾਂ ਦਾ ਨਿੱਘ ਮਾਣਨਾ। ਫਿਰ ਤੂੰ ਕਦੇ ਵੀ ਪੱਤਝੱੜ ਵਰਗੇ ਪਲਾਂ ਨੂੰ ਬਹਾਰ ਦੇ ਨਾਵੇਂ ਲਾਉਣ ਦੀ ਕੋਝੀ ਹਰਕਤ ਨਹੀਂ ਕਰੇਂਗਾ।
ਧੁੱਪ ਨੂੰ ਸੂਲੀ ‘ਤੇ ਲਟਕਾਉਣ ਵਾਲਿਓ! ਸ਼ਾਇਦ ਤੁਹਾਨੂੰ ਭੁੱਲ ਹੀ ਗਿਆ ਏ ਕਦੇ ਵੀ ਧੁੱਪਾਂ ਨੂੰ ਸੂਲੀ `ਤੇ ਨਹੀਂ ਟੰਗੀਦਾ। ਸੂਲੀ ਤਾਂ ਕਾਫਰਾਂ, ਕਾਤਲਾਂ, ਕੁਕਰਮੀਆਂ ਅਤੇ ਕੂੜ ਦੇ ਵਪਾਰੀਆਂ ਲਈ ਹੁੰਦੀ। ਧੁੱਪ ਨੂੰ ਸੂਲੀ ਤੇ ਲਟਕਾ ਕੇ, ਆਪਣੀ ਕਬਰ ਪੁੱਟਣ ਵਾਲਿਓ, ਕਦੇ ਧੁੱਪ ਸੰਗ ਦੋਸਤੀ ਪਾਉਣਾ, ਧੁੱਪ ਦੀ ਨਿਆਮਤਾਂ ਨਾਲ ਸਦੀਵੀ ਤੌਰ ‘ਤੇ ਵਰਸੋਏ ਜਾਵੋਗੇ।
ਬਸਤੇ ਵਿਚ ਸਹਿਕ ਰਹੇ ਗਿਆਨ ਦੀ ਸੰਗੀ ਨੱਪਣ ਵਾਲਿਓ! ਕਦੇ ਆਪਣੇ ਮੋਢੇ ‘ਤੇ ਲਟਕਦੇ ਉਸ ਬਸਤੇ ਨੂੰ ਯਾਦ ਕਰਨਾ, ਜਿਸ ਵਿਚੋਂ ਅੱਖਰ-ਜੋਤ ਦਾ ਅਹਿਸਾਸ ਹੋਇਆ ਸੀ ਅਤੇ ਔਕਾਤ ਨੂੰ ਪਛਾਣ ਮਿਲੀ ਸੀ। ਪਰ ਦੁੱਖ ਇਸ ਦਾ ਕਿ ਤੁਸੀਂ ਗਿਆਨ ਦੀ ਪਾਕੀਜ਼ਗੀ ਦੀ ਥਾਂ ਇਸ ਦੇ ਪਲੀਤਪੁਣੇ ਨੂੰ ਆਪਣੀ ਤਰਜ਼ੀਹ ਬਣਾ ਲਿਆ। ਬਸਤੇ ਵਿਚ ਸਹਿਮੇ ਹੋਏ ਪੂਰਨਿਆਂ, ਕੁੰਗੜੀਆਂ ਕਲਮਾਂ ਅਤੇ ਦਵਾਤਾਂ ਵਿਚ ਸੁੱਕ ਚੁਕੀ ਸਿਆਹੀ ਦਾ ਵਾਸਤਾ ਈ! ਹਰਫ-ਚਿਰਾਗਾਂ ਨੂੰ ਲੋਅ ਬਿਖੇਰਨ ਦਿਓ। ਸ਼ਾਇਦ ਤੁਹਾਡੇ ਅੰਦਰਲਾ ਹਨੇਰ ਕੁਝ ਘਟ ਸਕਣ ਅਤੇ ਚਾਨਣ-ਪਗਡੰਡੀ ਤਰਜ਼ੀਹ ਬਣ ਸਕੇ।
ਭੁੱਖੇ ਬਾਲ ਦੀ ਤਲੀ ‘ਤੇ ਸੁੱਕੇ ਟੁੱਕਰ ਉਪਰ ਆਪਣਾ ਨਾਮ ਲਿਖਣ ਵਾਲਿਓ! ਭੁੱਖਮਰੀ ਦਾ ਸਰਾਪ ਬਹੁਤ ਵੱਡਾ ਹੁੰਦਾ। ਗਰਕ ਜਾਣਾ ਏ ਤੁਹਾਡੀਆਂ ਕਈ ਨਸਲਾਂ ਨੇ। ਭੁੱਖ ਜਦ ਵਿਕਦੀ ਜਾਂ ਨਿਲਾਮ ਹੁੰਦੀ ਤਾਂ ਸ਼ੱਰੇ-ਬਾਜ਼ਾਰ ਵਿਕਦੀ ਏ ਹਯਾ। ਇਸ ਤੋਂ ਬਾਅਦ ਤਾਂ ਮਨੁੱਖਤਾ ਸ਼ਰਮਸਾਰ ਹੋਣ ਜੋਗੀ ਹੀ ਰਹਿ ਜਾਂਦੀ। ਭੁੱਖ ਕਦੇ ਵੀ ਅਮੀਰੀ-ਗਰੀਬੀ, ਉਚੇ-ਨੀਵੇਂ ਜਾਂ ਰਈਸ ਜਾਂ ਰੰਕ ਵਿਚ ਨਹੀਂ ਵਟੀਂਦੀ। ਭੁੱਖ ਤੋਂ ਬਗੈਰ ਤਾਂ ਜੀਵਿਆ ਨਹੀਂ ਜਾ ਸਕਦਾ ਅਤੇ ਤੁਸੀਂ ਭੁੱਖ ‘ਤੇ ਵੀ ਕਾਬਜ਼ ਹੋਣਾ ਚਾਹੁੰਦੇ ਹੋ। ਇੰਜ ਨਾ ਕਰੋ ਕਿ ਇਹ ਭੁੱਖ ਹੀ ਤੁਹਾਨੂੰ ਹਜ਼ਮ ਕਰ ਜਾਵੇ। ਭੁੱਖ ਨੂੰ ਸੀਮਤ ਕਰੋ, ਇਸ ਨੂੰ ਭੋਖੜਾ ਨਾ ਬਣਾਓ।
ਸੁਪਨਿਆਂ ਨੂੰ ਅਗਵਾ ਕਰਨ ਵਾਲਿਓ! ਇਨ੍ਹਾਂ ਨੂੰ ਕਿਸੇ ਦੇ ਨੈਣਾਂ ਵਿਚੋਂ ਕਿਵੇਂ ਚੁਰਾਵੋਗੇ? ਕਿਵੇਂ ਸੁਪਨਿਆਂ ਦੀ ਵੱਖੀ ਵਿਚ ਸੂਲਾਂ ਬੀਜ ਕੇ ਸਕੂਨ ਪ੍ਰਾਪਤ ਕਰੋਗੇ? ਸੁਪਨੇ ਤਾਂ ਲੈਣ, ਪੂਰੇ ਕਰਨ ਅਤੇ ਜਿਉਣ ਲਈ ਹੁੰਦੇ। ਸੁਪਨੇ ਤਾਂ ਲਏ ਵੀ ਜਾ ਸਕਦੇ, ਕਿਸੇ ਦੇ ਨੈਣਾਂ ਵਿਚ ਬੀਜੇ ਵੀ ਜਾ ਸਕਦੇ ਜਾਂ ਕਿਸੇ ਦੀ ਸੁਪਨ-ਪ੍ਰਾਪਤੀ ਦਾ ਸਬੱਬ ਵੀ ਬਣਿਆ ਜਾ ਸਕਦਾ। ਸੁਪਨਿਆਂ ਦੀ ਫਸਲ ਉਗਾਓ। ਸ਼ਾਇਦ ਸੁਪਨਿਆਂ ਦੀ ਸੰਗਤਾ ਵਿਚੋਂ ਸੰਦਲੀ ਸਮਿਆਂ ਦੀ ਸੋਝੀ ਆ ਜਾਵੇ ਅਤੇ ਤੁਸੀਂ ਸੁਪਨਿਆਂ ਨੂੰ ਜਿਉਣਾ ਤੇ ਸੁਪਨਿਆਂ ਸੰਗ ਸੰਵਾਦ ਰਚਾਉਣ ਦੇ ਕਾਬਲ ਹੋ ਸਕੋ। ਦੱਸੋ! ਸੁਪਨਿਆਂ ਤੋਂ ਬਗੈਰ ਜਿ਼ੰਦਗੀ ਦੇ ਕੀ ਅਰਥ ਹੋ ਸਕਦੇ?
ਦੋਸਤੀ ਦੀ ਤਹਿਜ਼ੀਬ ਤੇ ਸੁਆਰਥ ਨੂੰ ਚਿਪਕਾਉਣ ਵਾਲਿਓ! ਦੋਸਤੀ ਨੀਲਾਮ ਨਹੀਂ ਹੁੰਦੀ, ਦਾਅ `ਤੇ ਨਹੀਂ ਲਾਈਦੀ, ਵਟਾਈ ਵੀ ਨਹੀਂ ਜਾਂਦੀ ਅਤੇ ਨਾ ਹੀ ਦੋਸਤੀ ਦਾ ਕਰਜ਼ਾ ਉਤਾਰਨ ਦਾ ਹੀਆ ਕਰੀਦਾ। ਕੋਈ ਨਹੀਂ ਉਤਾਰ ਸਕਦਾ ਇਸ ਦਾ ਕਰਜ਼ਾ। ਤੁਸੀਂ ਕਿਹਦੇ ਪਾਣੀਹਾਰ ਹੋ? ਦੋਸਤ ਤੇ ਦੁਸ਼ਮਣ ਵਿਚਲਾ ਪਾੜਾ ਕਾਇਮ ਰੱਖੀਦਾ। ਦੋਸਤ ਹੀ ਨਾ ਰਹੇ ਤਾਂ ਦੱਸੀਂ ਦੋਸਤੀ ਕਿਸ ਨਾਲ ਨਿਭਾਵੋਗੇ? ਦੋਸਤਾਂ ਨੂੰ ਚੇਤਿਆਂ ਵਿਚ ਜਰੂਰ ਰੱਖੋ। ਵਰਨਾ ਤੇਰੀ ਅਰਥੀ ਨੂੰ ਮੋਢਾ ਕੌਣ ਦੇਵੇਗਾ? ਕੌਣ ਦੁਆ ਕਰੇਗਾ ਅਤੇ ਕੌਣ ਫਾਤਿਹਾ ਪੜ੍ਹੇਗਾ? ਦਿਲ ਦੇ ਮਰਜ਼ ਦੀ ਦਵਾ ਤਾਂ ਦੋਸਤ ਹੀ ਹੁੰਦੇ ਆ।
ਬੋਲਾਂ ਦੀ ਰੂਹ ‘ਤੇ ਤਲਖੀਆਂ ਦੀਆਂ ਝਰੀਟਾਂ ਪਾਉਣ ਵਾਲਿਓ! ਬੋਲ ਤਾਂ ਬਹੁਤ ਮਲੂਕ, ਕੋਮਲ ਤੇ ਸੰਵੇਦਨਸ਼ੀਲ ਹੁੰਦੇ। ਮਿੱਠਤਾ ਲੋੜਦੇ, ਅਪਣੱਤ ਭਾਲਦੇ, ਰੰਗ-ਰੇਜ਼ਤਾ ਸੰਗ ਲਬਰੇਜ਼, ਸੁਖਨ ਦਾ ਸੰਦੇਸ਼, ਜਖਮਾਂ ਲਈ ਮਰ੍ਹਮ, ਟੁੱਟੇ ਦਿਲਾਂ ਲਈ ਦਵਾ, ਤਿੜਕੀਆਂ ਰੀਝਾਂ ਦੀ ਭਰਪਾਈ, ਸਬੰਧਾਂ ਦੀ ਕੁੜੱਤਣ ਚੂਸਦੇ ਤੇ ਗਲਵੱਕੜੀ ਦਾ ਗਲਿਆਰਾ ਹੁੰਦੇ। ਬੋਲਾਂ ਨੂੰ ਬੰਦਗੀ-ਰੂਪੀ ਬਹਿਸ਼ਤ ਬਣਾ, ਬੋਲ ਬਲਾਵਾਂ ਉਤਾਰਨ ਵਿਚ ਸਭ ਤੋਂ ਜਿ਼ਆਦਾ ਸਾਜ਼ਗਾਰ ਹੋਣਗੇ।
ਰੰਗਾਂ ਦੀ ਰੂਹ ‘ਤੇ ਗਲੀਜ਼ਤਾ ਦੇ ਨਕਸ਼ ਉਲੀਕਣ ਵਾਲਿਓ! ਰੰਗ ਤਾਂ ਜੀਵਨ ਦੀ ਵਿਲੱਖਣਤਾ, ਵਡੱਪਣ, ਵੱਖਰਤਾ ਤੇ ਵਰਣਮਾਲਾ ਹੁੰਦੇ। ਰੰਗ-ਬਿਰੰਗਤਾ ਨੂੰ ਨੱਕਾਰ ਕੇ ਕਿਹੜੀ ਕਾਲਖ ਦਾ ਵਪਾਰੀ ਬਣਨਾ ਚਾਹੁੰਦੇ ਹੋ? ਕੁਦਰਤ ਦੇ ਰੰਗ ਵਿਚ ਖੁਦ ਨੂੰ ਰੰਗ ਕੇ ਅੰਤਰੀਵੀ ਦਿਲਕਸ਼ਤਾ ਨੂੰ ਲਿਸ਼ਕਾਓ। ਰੰਗਾਂ ਦੀ ਅਹਿਮੀਅਤ, ਅਮੀਰਤਾ, ਆਤਮਿਕਤਾ ਅਤੇ ਆਸਵੰਤਾ ਵਿਚੋਂ ਜੀਵਨ ਦੀ ਸਤਰੰਗੀ ਨਜ਼ਰ ਆਵੇਗੀ।
ਸਰਘੀ ਦੇ ਸੁੱਚੇ ਪਿੰਡ ‘ਤੇ ਸ਼ਾਮ ਦਾ ਘੁੱਸਮੁੱਸਾ ਕਿਆਸਣ ਵਾਲਿਓ! ਯਾਦ ਰੱਖੋ, ਚੜ੍ਹਦੇ ਸੂਰਜ ਕਦੇ ਡੁੱਬਿਆ ਨਹੀਂ ਕਰਦੇ। ਨਾ ਹੀ ਡਲਕਦੇ ਤ੍ਰੇਲ-ਤੁਪਕਿਆਂ ਦੀ ਥਰਥਰਾਹਟ ਨੂੰ ਸ਼ਾਮ ਦੀ ਪਲੱਤਣ ਧੁੰਦਲਾ ਕਰ ਸਕਦੀ। ਸਵੇਰ ਵੇਲੇ ਖਿੜ੍ਹੇ ਫੁੱਲਾਂ ਦਾ ਗੁਲਦਸਤਾ ਤਾਂ ਕੁਦਰਤ ਵਲੋਂ ਸੂਰਜ ਦਾ ਸੁਆਗਤ ਆ। ਸਰਘੀ ਤੋਂ ਸ਼ਾਮ ਤੀਕ ਦਾ ਸਫਰ ਬਹੁਤ ਅਨੰਦਮਈ ਅਤੇ ਸਕੂਨਮਈ ਹੁੰਦਾ। ਅੱਧ-ਵਿਚਾਲਿਉਂ ਕਿਵੇਂ ਤੋੜੋਗੇ? ਸਰਘੀ ਨੂੰ ਮਾਣੋ। ਫੁੱਟਦੀਆਂ ਕਿਰਨਾਂ ਨਾਲ ਸੰਵਾਦ ਰਚਾਓ, ਕਰਮਯੋਗਤਾ ਦਾ ਕ੍ਰਿਸ਼ਮਈ ਜਲੋਅ ਇਨਾਇਤ ਬਰਸਾਵੇਗਾ।
ਦਿਨ ਦੀ ਚਿੱਟੀ ਚਾਦਰ ‘ਤੇ ਰਾਤ ਦੀ ਪੇਸ਼ੀਨਗੋਈ ਕਰਨ ਵਾਲਿਓ! ਦਿਨ ਤਾਂ ਦਿਨ ਹੁੰਦਾ। ਰਾਤ ਦੀ ਕੁੱਖ ਵਿਚੋਂ ਤਾਂ ਸੂਰਜ ਉਗਮਦਾ ਏ। ਤੇਜੱਸਵੀ ਅਤੇ ਤੱਪਤੇਜੀ ਰੌਸ਼ਨੀ ਖਿਲਾਰਦਾ। ਚਾਨਣ ਦੇ ਛੱਰਾਟਿਆਂ ਨਾਲ ਧਰਤੀ ਨੂੰ ਨਵੀਆਂ ਸੋਚਾਂ ਨਾਲ ਗਰਭਾਉਂਦਾ।
ਸਫਰ-ਸਾਧਨਾ ਦੇ ਰਾਹ ਵਿਚ ਖਾਈਆਂ, ਖੱਡੇ, ਖੁੱਤੀਆਂ ਅਤੇ ਖੱਡਾਂ ਪੁੱਟਣ ਵਾਲਿਓ! ਪੈਰਾਂ ਵਿਚ ਉਗੇ ਸਫਰ ਕਦੇ ਵੀ ਮੁਸ਼ਕਿਲਾਂ ਦੇ ਮੁਥਾਜ਼ ਨਹੀਂ ਹੁੰਦੇ। ਪੈਰਾਂ ਦੀ ਫੱਟੀਆਂ ਬਿਆਈਆਂ ਦਾ ਮੰਜਿ਼ਲ `ਤੇ ਪਹੁੰਚਣ ਦਾ ਹੱਠ, ਤਪਦੇ ਰਾਹਾਂ ਦੀ ਧੁੱਧਲ ਅਤੇ ਕੰਡਿਆਂ ਦੀ ਛਾਂ ਹੇਠ ਹੋਰ ਮਜੀਠ ਹੋ ਜਾਂਦਾ। ਪੁੰਨੂ-ਪੁੰਨੂ ਕੂਕਦੀ ਸੱਸੀ ਲਈ ਤਪਦਾ ਮਾਰੂਥਲ ਵੀ ਰੁਕਾਵਟ ਨਾ ਬਣਿਆ। ਉਛਲਿਆ ਝਨਾਂ ਵੀ ਮਹੀਂਵਾਲ ਦੀ ਦ੍ਰਿੜਤਾ ਨੂੰ ਡੁਲਾ ਨਾ ਸਕਿਆ। ਮਹਾਰਾਜੇ ਵੀ ਦਲੇਰੀ ਸਾਹਵੇਂ ਅਟਕ ਵੀ ਅਟਕ ਗਿਆ। ਸਰਸਾ ਨਦੀ ਵੀ ਦਸ਼ਮੇਸ਼ ਪਿਤਾ ਦੇ ਕਾਫਲੇ ਨੂੰ ਠੱਲ੍ਹ ਨਾ ਸਕੀ। ਤੁਹਾਡੇ ਵਹਿਮ ਦਾ ਕੋਈ ਕਿੰਜ ਇਲਾਜ ਕਰੇ ਜੋ ਆਪਣੀ ਹੀ ਹਉਮੈ ਦਾ ਪਾਣੀ ਭਰੇ।
ਕਿਸੇ ਦੀ ਰੂਹ ਵਿਚ ਧਿੰਗੋਜੋਰੀ ਵੱਸਣ ਵਾਲਿਓ! ਕਿੰਨੇ ਭੋਲੇ ਹੋ ਕਿ ਤੁਹਾਨੂੰ ਅਹਿਸਾਸ ਹੀ ਨਹੀਂ ਕਿ ਰੂਹ ਵਿਚ ਵਸੇਬਾ ਕਰਨ ਤੋਂ ਪਹਿਲਾਂ ਅੰਤਰੀਵ ਵਿਚ ਉਤਰਨਾ ਬਹੁਤ ਜਰੂਰੀ ਹੁੰਦਾ। ਇਸ ਲਈ ਜਰੂਰੀ ਹੁੰਦਾ ਏ ਸੋਚਾਂ ਦੀ ਸਾਂਝ ਹੋਵੇ, ਸਾਹਾਂ ਦਾ ਇਕਤਾਰਾ ਵੱਜਦਾ ਹੋਵੇ, ਮਾਨਸਿਕ ਉਡਾਣ ਦਾ ਟੀਚਾ ਇਕ ਹੋਵੇ ਅਤੇ ਅੰਬਰ ਨੂੰ ਛੂਹਣ ਦੀ ਤਮੰਨਾ ਜੀਵਨ-ਜਾਚ ਦਾ ਹਿੱਸਾ ਹੋਵੇ। ਇਕਸੁਰਤਾ, ਇਕਮਿੱਕਤਾ ਅਤੇ ਇਕਜੁੱਟਤਾ ਦੇ ਰਾਹ ‘ਤੇ ਤੁਰਦਿਆਂ ਹੀ ਰੂਹਾਂ ਨਾਲ ਰੂਹਾਂ ਵਟਾਈਆਂ ਜਾਂਦੀਆਂ ਤੇ ਫਿਰ ਅਸੀਂ ਇਕ ਦੂਜੇ ਦੇ ਅੰਤਰੀਵ ਵਿਚ ਵੱਸਦੇ ਹਾਂ। ਮਨ ਦੀਆਂ ਤਰੇੜਾਂ ਵਿਚ ਉਗੀ ਹਰਿਆਈ ਨੂੰ ਪਹਿਲਾਂ ਸਾਫ਼ ਕਰੋ। ਪਾਕੀਜ਼ਗੀ ਵਿਚੋਂ ਖੁਦ ਨੂੰ ਮਿਲਣਾ ਦਾ ਰਸਤਾ ਖੋਜੋ, ਰੂਹ-ਰੰਗਾਈ ਨੂੰ ਰੇਜ਼ਤਾ ਬਖਸ਼ੀ ਜਾਵੇਗੀ।
ਉਡਦੇ ਪਰਿੰਦੇ ਦੇ ਪਰ ਕੱਟਣ ਦੀ ਜੁਗਤ ਮਨ ਵਿਚ ਧਾਰਨ ਵਾਲਿਓ! ਪਰਿੰਦੇ ਤਾਂ ਟੁੱਟੇ ਪਰਾਂ ਨਾਲ ਵੀ ਉਡਾਣ ਭਰ ਲੈਂਦੇ ਨੇ, ਬਸ਼ਰਤੇ ਮਨ ਵਿਚ ਉਡਾਰੀ ਭਰਨ ਦਾ ਹੱਠ ਹੋਵੇ। ਕਦੇ ਸਫਲ ਤੇ ਮਸ਼ਹੂਰ ਅਪਾਹਜਾਂ, ਅੰਗਹੀਣਾਂ ਅਤੇ ਸਰੀਰਕ ਘਾਟ ਵਾਲੇ ਵਿਅਕਤੀਆਂ ਦੀ ਜੀਵਨੀ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਪੜ੍ਹਨਾ, ਤੁਹਾਨੂੰ ਅਹਿਸਾਸ ਹੋਵੇਗਾ ਕਿ ਆਪਣੇ ਆਪ ਨੂੰ ਪੂਰਾ ਸਮਝਣ ਵਾਲੇ ਕਿੰਨਾ ਅਧੂਰੇ ਨੇ? ਪਰ ਹੁੰਦਿਆਂ ਵੀ ਤੁਹਾਡੀ ਉਡਾਣ ਬੇ-ਪਰਿਆਂ ਨਾਲੋਂ ਬਹੁਤ ਨੀਵੀਂ ਏ। ਦ੍ਰਿੜਤਾ ਅਤੇ ਹੌਸਲੇ ਨੂੰ ਅੰਬਰ ਵਰਗਾ ਬਣਾ ਕੇ ਹੀ ਅੰਬਰ ਨੂੰ ਕਲਾਵੇ ਵਿਚ ਲਿਆ ਜਾ ਸਕਦਾ। ਭੁੱਲ ਕੇ ਵੀ ਕਿਸੇ ਦੇ ਖੰਭ ਨਾ ਨੋਚੋ, ਕਿਉਂਕਿ ਨੋਚੇ ਹੋਏ ਖੰਭਾਂ ਵਿਚ ਉਗੀ ਹੋਈ ਜ਼ੁਅਰਤ ਸਾਹਵੇਂ ਤੁਸੀਂ ਬੌਣੇ ਪੈ ਜਾਵੋਗੇ।
ਨਿੱਤਰੇ ਪਾਣੀਆਂ ਨੂੰ ਪਲੀਤ ਕਰਨ ਵਾਲਿਓ! ਪਾਣੀਆਂ ਦੀ ਸ਼ਫਾਫਤਾ ਨੂੰ ਕਿੰਜ ਧੁੰਦਲੀ ਕਰ ਸਕੋਗੇ? ਇਸ ਦੀ ਤਾਸੀਰ ਨੂੰ ਕਿਵੇਂ ਅਗਵਾ ਕੀਤਾ ਜਾ ਸਕਦਾ? ਕਿਵੇਂ ਪਾਣੀਆਂ ਵਿਚੋਂ ਪੈਦਾ ਹੋ ਰਹੀ ਰੋਹ ਦੀ ਬੁਲੰਦਗੀ ਨੂੰ ਖਾਰਜ ਕਰੋਗੇ, ਜਦ ਘੁੱਲੇ ਹੋਏ ਪਤਾਸੇ ਅਤੇ ਬਾਣੀ ਦੀਆਂ ਅੰਮ੍ਰਿਤ ਬੂੰਦਾਂ, ਇਸ ਨੂੰ ਅੰਮ੍ਰਿਤ ਬਣਾ, ਜ਼ਰਵਾਣਿਆਂ ਅਤੇ ਜ਼ਾਬਰਾਂ ਨੂੰ ਉਨ੍ਹਾਂ ਦੀ ਔਕਾਤ ਦਿਖਾਉਣ ਦੇ ਸਮਰੱਥ ਹੋ ਜਾਂਦੀਆਂ। ਪਾਣੀ ਤਾਂ ਅਮੋੜ ਹੁੰਦੇ। ਬੰਨ ਲਾ ਕੇ ਇਸ ਦੀ ਤਾਕਤ ਨੂੰ ਕੁਝ ਸਮੇਂ ਲਈ ਕੈਦ ਕਰ ਸਕਦੇ ਹੋ, ਪਰ ਜਦ ਆਪਣੀ ਆਈ ‘ਤੇ ਆ ਜਾਵੇ ਤਾਂ ਟੁੱਟ ਜਾਂਦੇ ਨੇ ਫੌਲਾਦੀ ਬੰਨ। ਪੱਥਰੀਲੇ ਕੰਢੇ ਵੀ ਦਰਿਆਵਾਂ ਦੇ ਮੁਹਾਣ ਅੱਗੇ ਬੇਬੱਸ ਹੋ ਜਾਂਦੇ। ਮਨੁੱਖ ਅਤੇ ਬਾਦਸ਼ਾਹੀਆਂ ਵੀ ਖਵਾਜੇ ਅੱਗੇ ਅਰਦਾਸ ਕਰਦੀਆਂ। ਤੁਸੀਂ ਕੀ ਹੋ?
ਮਨ ਵਿਚ ਮੌਲਦੇ ਵਿਚਾਰਾਂ ਨੂੰ ਜੰ਼ਜੀਰਾਂ ਵਿਚ ਕੈਦ ਕਰਨ ਵਾਲਿਓ! ਵਿਚਾਰ ਕਦੇ ਕੈਦ ਨਹੀਂ ਹੁੰਦੇ। ਸੂਰਜਾਂ ਨੇ ਹਨੇਰਿਆਂ ਦਾ ਸੀਨਾ ਚੀਰਨਾ ਹੁੰਦਾ। ਰੌਸ਼ਨੀ ਨੂੰ ਕਿਹੜੀ ਕੋਠੜੀ ਵਿਚ ਕੈਦ ਕਰੋਗੇ? ਆਪਣੀ ਜ਼ਹਿਨੀਅਤ ਵਿਚ ਉਗੇ ਘਟੀਆਪਣ ਅਤੇ ਬੇਹੂਦਗੀ ਨੂੰ ਲਗਾਮ ਦਿਓ। ਜਗਦਾ ਚਿਰਾਗ, ਆਲ੍ਹੇ ਵਿਚ ਪਿਆ ਦੀਵਾ, ਮਜ਼ਾਰ `ਤੇ ਜਗਦੀਆਂ ਮੋਮਬੱਤੀਆਂ ਅਤੇ ਬਨੇਰਿਆਂ ਉਤੇ ਉਗਦੇ ਚੰਦਰਮਾ ‘ਤੇ ਮਨਾਹੀ ਦੀਆਂ ਬੰਦਿਸ਼ਾਂ ਨਹੀਂ ਲਾਈਆਂ ਜਾ ਸਕਦੀਆਂ। ਨਾ ਹੀ ਉਨ੍ਹਾਂ ਦੀ ਕੈਫੀਅਤ ਨੂੰ ਕਮੀਨਗੀ ਦਾ ਲਿਬਾਸ ਪਹਿਨਾਇਆ ਜਾ ਸਕਦਾ। ਤਾਰਿਆਂ ਨੂੰ ਚਮਕਦੇ ਰਹਿਣ ਦਿਓ। ਵਕਤ-ਬ-ਵਕਤ ਇਨ੍ਹਾਂ ਨੂੰ ਸਜਦਾ ਕਰਦੇ ਰਹੋ, ਕੁੱਲਾਂ ਤਰ ਜਾਣਗੀਆਂ।
ਸਰਘੀ ਵੇਲੇ ਪਿੰਡ ਦੀਆਂ ਗਲੀਆਂ ਵਿਚ ਫੱਕਰ ਦੀ ਸੱਦ ਨੂੰ ਮੂਕ ਕਰਨ ਵਾਲਿਓ! ਅਲਾਹੀ ਨਾਦ ਨੂੰ ਕਿਸ ਭੋਰੇ ਵਿਚ ਪਾਵੋਗੇ? ਕਿਹੜੀ ਤਰਕੀਬ ਨਾਲ ਇਸ ਬ੍ਰਹਮੀ ਆਵੇਸ਼ ਨੂੰ ਉਲਥਾ ਸਕੋਗੇ? ਇਸ ਵਿਚੋਂ ਉਗਦੀ ਰੂਹਾਨੀਅਤ ਨੂੰ ਰੂਹ ਵਿਚ ਵਸਾਓ, ਕਿਉਂਕਿ ਇਹ ਤਾਂ ਚੌਗਿਰਦੇ ਵਿਚ ਜੀਵਨ-ਤਰੰਗਾਂ ਪੈਦਾ ਕਰ, ਖੇਤਾਂ, ਖੂਹਾਂ, ਖਲਿਆਣਾਂ ਅਤੇ ਖੁਰਲੀਆਂ ਵਿਚ ਖੈਰੀਅਤ ਦਾ ਹੌਕਾ ਲਾਉਂਦੀ ਏ। ਫੱਕਰਾਂ ਦੀ ਹੂਕ ਹੀ ਹੁੰਦੀ, ਜੋ ਹਰ ਘਰ ਵਿਚ ਸ਼ੁਕਰ-ਗੁਜਾਰੀ ਦਾ ਰਾਗ ਅਲਾਪਦੀ ਅਤੇ ਸਮੁੱਚੀ ਫਿਜ਼ਾ ਨੂੰ ਦੁੱਧ ਧੋਤਾ ਕਰ ਜਾਂਦੀ। ਲਿਬੜੀ ਸੋਚ ਨੂੰ ਧੋਣ ਦਾ ਹੀਆ ਕਰੋ, ਤੁਹਾਡੀ ਬਦਨੀਤ ਵਿਚ ਵੀ ਸੁਨੀਤ ਦਾ ਨਿਆਰਾਪਣ ਅਤੇ ਸੁਚਿਆਰਾਪਣ ਪੈਦਾ ਹੋਵੇਗਾ।
ਹੋਕਾ, ਹਾਕ, ਹੇਕ, ਹੂੰਗਰ ਅਤੇ ਹੂਕ ਵਿਚੋਂ ਤੁਸੀਂ ਕਿਸ ਦਾ ਹੁੰਗਾਰਾ ਭਰਨਾ ਅਤੇ ਕਿਸ ਨੂੰ ਆਪਣੀ ਤਰਜ਼ੀਹ ਬਣਾਉਣਾ, ਇਸ ਨੇ ਹੀ ਨਿਰਧਾਰਤ ਕਰਨਾ ਕਿ ਮਨੁੱਖ ਕੀ, ਕੌਣ ਅਤੇ ਕਿਸ ਧਰਾਤਲ ਵਿਚੋਂ ਉਗਿਆ ਏ? ਕਦੇ ਕਦਾਈਂ ਰੂਹ ਵਿਚੋਂ ਉਠੀ ਹੂਕ ਨੂੰ ਹਾਕ ਬਣਾ, ਉਚੇ ਚੜ੍ਹ ਕੇ ਹੋਕਰਾ ਦੇਈਏ ਕਿ ਹੁੰਗਰ ਕਿਸੇ ਦੇ ਹਿੱਸੇ ਨਾ ਆਵੇ। ਸਾਡੇ ਵਿਚ ਇੰਨੀ ਕੁ ਇਨਸਾਨੀਅਤ ਜਿੰਦਾ ਰਹੇ ਕਿ ਅਸੀਂ ਲੋੜਵੰਦ, ਲਾਚਾਰ, ਨਿਆਸਰੇ, ਨਿਥਾਂਵੇਂ, ਨਿਰਵਸਤਰ ਅਤੇ ਭੁੱਖਣਭਾਣੇ ਦਾ ਹੁੰਗਾਰਾ ਬਣ ਸਕੀਏ। ਮਾਨਵਤਾ ਕਦੇ ਵੀ ਸ਼ਰਮਸ਼ਾਰ ਨਹੀਂ ਹੋਵੇਗੀ।