ਗੁਰਬਖਸ਼ ਸਿੰਘ ਭੰਡਾਲ ਦੀ ਖੇਡ ਰਚਨਾ

ਪ੍ਰਿੰ. ਸਰਵਣ ਸਿੰਘ
ਡਾ. ਗੁਰਬਖਸ਼ ਸਿੰਘ ਭੰਡਾਲ ਮੂਲ ਰੂਪ ਵਿਚ ਕਵੀ ਹੈ। ਕਦੇ ਮੈਂ ਉਹਦੇ ਸ਼ਬਦ ਚਿੱਤਰ ਦਾ ਨਾਂ ‘ਮੰਡ ਦਾ ਮੋਤੀ’ ਰੱਖਿਆ, ਕਦੇ ‘ਲਰਜ਼ਦਾ ਨੀਰ।’ ਉਸ ਦੀ ਵਾਰਤਕ ਵੀ ਕਵਿਤਾ ਹੈ। ਉਹਦਾ ਤੇ ਸੁਰਜੀਤ ਪਾਤਰ ਦਾ ਪਿੰਡ ਬਿਆਸ ਦੇ ਚੜ੍ਹਦੇ ਬੰਨੇ ਹਨ। ਪਾਸ਼ ਤੇ ਮੀਸ਼ੇ ਦੇ ਪਿੰਡ ਵੀ ਓਧਰੇ ਹਨ। ਉਨ੍ਹਾਂ ਨੂੰ ਬਿਆਸ ਦੇ ਪਾਣੀ ਨੇ ਸ਼ਾਇਰੀ ਦੀ ਗੁੜ੍ਹਤੀ ਬਖਸ਼ੀ ਹੈ। ਐਨ ਉਵੇਂ ਜਿਵੇਂ ਸਰਹਿੰਦ ਨਹਿਰ ਦਾ ਪਾਣੀ ਰਾਮਪੁਰੀਆਂ ਨੂੰ ਕਵਿਤਾ ਦੀ ਗੁੜ੍ਹਤੀ ਬਖਸ਼ਦੈ। ਉਹਦਾ ਜਨਮ 2 ਅਪਰੈਲ 1953 ਨੂੰ ਪਿੰਡ ਭੰਡਾਲ ਬੇਟ ਵਿਚ ਚੰਨਣ ਸਿੰਘ ਦੇ ਘਰ ਮਾਤਾ ਪ੍ਰੀਤਮ ਕੌਰ ਦੀ ਕੁੱਖੋਂ ਹੋਇਆ।

ਉਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਭੌਤਿਕ ਵਿਗਿਆਨ ਦੀ ਪੀਐਚ.ਡੀ. ਕੀਤੀ। 1977 ਤੋਂ 2010 ਤਕ ਗੁਰੂਸਰ ਸੁਧਾਰ ਤੇ ਤਲਵੰਡੀ ਸਾਬੋ ਦੇ ਪ੍ਰਾਈਵੇਟ ਕਾਲਜਾਂ ਅਤੇ ਕਪੂਰਥਲਾ, ਹੁਸਿ਼ਆਰਪੁਰ, ਮੁਕਤਸਰ ਤੇ ਲੁਧਿਆਣੇ ਦੇ ਸਰਕਾਰੀ ਕਾਲਜਾਂ ਵਿਚ ਪੜ੍ਹਾਇਆ। ਫਿਰ ਉਹ ਪਰਵਾਸੀ ਹੋ ਗਿਆ। ਬੇਟ ਵਿਚ ਡੰਗਰ ਚਾਰਨ ਤੋਂ ਲੈ ਕੇ ਅਮਰੀਕਾ ਦੀ ਯੂਨੀਵਰਸਿਟੀ `ਚ ਫਿਜਿਕਸ ਪੜ੍ਹਾਉਣ ਤਕ ਦਾ ਸਫਰ ਹੈ, ਮੰਡ ਦੇ ਮੋਤੀ ਦਾ!
ਉਹਦੀਆਂ 20 ਪੁਸਤਕਾਂ ਪ੍ਰਕਾਸਿ਼ਤ ਹੋ ਚੁਕੀਆਂ ਹਨ, ਜਿਨ੍ਹਾਂ ਦੇ ਨਾਂ ਹਨ: ਹਉਕੇ ਦੀ ਜੂਨ, ਸੁਪਨਿਆਂ ਦੀ ਜੂਹ, ਰੰਗਾਂ ਦਾ ਦਰਿਆ, ਵਿਗਿਆਨ ਦੇ ਪਾਂਧੀ, ਵਿਗਿਆਨ ਦੇ ਪਾਸਾਰ, ਧੁੱਪ ਦੀ ਤਲਾਸ਼, ਅਸੀਸ ਤੇ ਆਸਥਾ, ਘਰ ਅਰਦਾਸ ਕਰੇ, ਇਹ ਘਰ ਮੇਰਾ ਨਹੀਂ, ਪਰਵਾਸੀ ਪੈੜਾਂ, ਸੂਰਜ ਦੀ ਦਸਤਕ, ਜਿ਼ੰਦਗੀ, ਗੌਡ ਪਾਰਟੀਕਲ, ਹਵਾ ਹੱਥ ਜੋੜਦੀ ਹੈ ਤੇ ਲੋਏ ਲੋਏ, ਆਦਿ। ਉਸ ਦੀ ਰਚਨਾ ਬਹੁਭਾਂਤੀ ਹੈ। ਉਹ ਕਵਿਤਾ ਤੋਂ ਵਿਗਿਆਨ ਤੇ ਵਿਗਿਆਨ ਤੋਂ ਕਵਿਤਾ ਦਾ ਸਫਰ ਕਰਦੀ ਹੈ।
ਉਹ ਲਿਖਦੈ: ਪਿੰਡ ਭੰਡਾਲ ਬੇਟ ਦੇ ਮੰਡ ਵਿਚ ਪਸੂ ਚਾਰਦਿਆਂ, ਬਿਆਸ ਵਿਚ ਤੈਰਦਿਆਂ ਤੇ ਖੇਤਾਂ ‘ਚ ਹਲ ਵਾਹੁੰਦਿਆਂ, ਝੋਨਾ ਲਾਉਂਦਿਆਂ, ਗੋਡੀ ਕਰਦਿਆਂ ਚਿੱਤ-ਚੇਤਾ ਵੀ ਨਹੀਂ ਸੀ ਕਿ ਭੌਤਿਕ ਵਿਗਿਆਨ ਪੜ੍ਹਾਂਗਾ ਤੇ ਪੜ੍ਹਾਵਾਂਗਾ। ਬਾਰ੍ਹਵੀਂ ‘ਚ ਫੇਲ੍ਹ ਹੋ ਕੇ ਦਿਲ ਨਹੀਂ ਛੱਡਿਆ, ਸਗੋਂ ਨਿਊਕਲੀਅਰ ਸਾਇੰਸ ਦੀ ਪੀਐਚ.ਡੀ. ਕਰ ਲਈ। ਸਧਾਰਨ ਪਰਿਵਾਰ ਵਿਚ ਪੜ੍ਹੇ-ਲਿਖੇ ਲਈ ਨੌਕਰੀ ਹਾਸਲ ਕਰਨ ਦੀਆਂ ਦੁਸ਼ਵਾਰੀਆਂ ਵੀ ਹੰਢਾਈਆਂ ਤੇ ਪ੍ਰਾਈਵੇਟ ਕਾਲਜਾਂ ਦੀ ਮੈਨੇਜਮੈਂਟ ਦਾ ਕਰੂਰ ਵਰਤਾਰਾ ਵੀ ਸਹਿਆ, ਜਿਸ ਨੇ ਚੇਤਨਾ ਨੂੰ ਬਹੁਤ ਵਲੂੰਧਰਿਆ। ਫਿਰ ਸਰਕਾਰੀ ਕਾਲਜਾਂ ਵਿਚ ਨੌਕਰੀ ਦੌਰਾਨ ਰਾਜਸੀ ਲੀਡਰਾਂ ਦੀ ਧੱਕੇਸ਼ਾਹੀ ਨੂੰ ਝੱਲਦਿਆਂ, ਕਪੂਰਥਲੇ ਤੋਂ ਮੁਕਤਸਰ ਤੇ ਲੁਧਿਆਣੇ ਦੇ ਕਾਲਜਾਂ ਨੂੰ ਕਰਮਸ਼ਾਲਾ ਬਣਾਇਆ। ਕੈਨੇਡਾ ਦੀਆਂ ਬੇਸਮੈਂਟਾਂ ‘ਚ ਰਹਿੰਦਿਆਂ, ਪਰਵਾਸੀ ਜੀਵਨ ਦੇ ਮੁਢਲੇ ਦੌਰ ਦੀਆਂ ਔਕੜਾਂ ਅਤੇ ਅਣਹੋਣੀਆਂ ਨੂੰ ਹੰਢਾਇਆ। ਬੱਸਾਂ ਵਿਚ ਸਫਰ ਕਰਦਿਆਂ, ਪਰਵਾਸੀ ਮਨ ‘ਚ ਪੈਦਾ ਹੋਈ ‘ਡਿਕਸੀ ਡੇਰੀ ਮੁੱਲਾਂਪੁਰ’ ਜਿਹੀ ਉਪਰਾਮਤਾ ਨੂੰ ਅੱਖੀਂ ਦੇਖਿਆ। ਟੋਰਾਂਟੋ ਦੇ ਪੰਜਾਬੀ ਅਖਬਾਰਾਂ ‘ਪਰਵਾਸੀ’ ਅਤੇ ‘ਪੰਜਾਬੀ ਪੋਸਟ’ ਵਿਚ ਕੰਮ ਕਰਦਿਆਂ, ਪਰਵਾਸੀ ਪੰਜਾਬੀਆਂ ਦੀ ਮਾਨਸਿਕਤਾ ਨੂੰ ਨੇੜਿਉਂ ਦੇਖਣ, ਸਮਝਣ ਤੇ ਹਰਫਾਂ ਦੇ ਹਵਾਲੇ ਕਰਨ ਦਾ ਮੌਕਾ ਮਿਲਿਆ। ਹੁਣ ਅਮਰੀਕਾ ਦੀ ਕਲੀਵਲੈਂਡ ਸਟੇਟ ਯੂਨੀਵਰਸਿਟੀ, ਓਹਾਇਓ ਵਿਚ ਫਿਜਿਕਸ ਪੜ੍ਹਾ ਰਿਹਾਂ ਤੇ ਅਖਬਾਰਾਂ ਲਈ ਲਿਖ ਰਿਹਾਂ।
ਖੇਡ ਲੇਖਣੀ ਨੂੰ ਅਕਸਰ ਖੁਸ਼ਕ ਵਿਸ਼ਾ ਸਮਝਿਆ ਜਾਂਦਾ ਸੀ, ਜਿਸ ਕਰਕੇ ਕੋਈ ਲੇਖਕ ਇਸ ਖੇਤਰ ਵਿਚ ਪੈਰ ਧਰਨ ਦਾ ਜੋਖਮ ਲੈਣ ਲਈ ਤਿਆਰ ਨਹੀਂ ਸੀ, ਪਰ ਪ੍ਰਿੰਸੀਪਲ ਸਰਵਣ ਸਿੰਘ ਨੇ ਕਹਾਣੀਕਾਰੀ ਛੱਡ ਕੇ ਖੇਡ ਲੇਖਣੀ ਰਾਹੀਂ ਖਿਡਾਰੀਆਂ ਦੇ ਜੁੱਸਿਆਂ ਦਾ ਵਰਣਨ ਅਤੇ ਖੇਡੀ ਜਾ ਰਹੀ ਖੇਡ ਨੂੰ ਸ਼ਬਦਾਂ ਦੀਆਂ ਬੱਚੀਆਂ ਦੀ ਐਸੀ ਰੰਗਤ ਬਖਸ਼ੀ ਕਿ ਪਾਠਕ ਉਹਦੀ ਖੇਡ ਸ਼ੈਲੀ ਦਾ ਕੀਲਿਆ, ਜਿਥੇ ਖਿਡਾਰੀਆਂ ਦੇ ਫਰਕਦੇ ਡੌਲਿਆਂ ਅਤੇ ਜਿਸਮਾਂ ਦੀਆਂ ਮੱਛਲੀਆਂ ਦੇ ਦਰਸ਼ਨ ਦੀਦਾਰੇ ਕਰਨ ਲੱਗ ਪਿਆ, ਉਥੇ ਖੇਡ ਦੇ ਦਾਓ ਪੇਚਾਂ ਦੇ ਵੀ ਬਲਿਹਾਰੇ ਜਾਣ ਲੱਗ ਪਿਆ।
ਲਓ ਪੜ੍ਹੋ ਭੰਡਾਲ ਦੀ ਖੇਡ ਰਚਨਾ: ਖੇਡਣਾ, ਸਰੀਰਕ ਤਾਕਤ, ਪੂਰਨ ਜ਼ਾਬਤਾ ਅਤੇ ਮਨ ਦੀ ਪਕਿਆਈ ਨਾਲ ਨਵੀਆਂ ਪਿਰਤਾਂ ਪਾਉਣ ਦੀ ਚਾਹਨਾ। ਸਰੀਰਕ ਸੁੰਦਰਤਾ ਤੇ ਸੁਡੌਲਤਾ ਵਿਚੋਂ ਸੁਖਨ ਤੇ ਸਕੂਨ ਦਾ ਰਾਗ ਮਨ ਹੀ ਮਨ ਗੁਣਗੁਣਾਉਣਾ। ਖੇਡਣਾ, ਸਰੀਰਕ ਤੇ ਮਾਨਸਿਕ ਕਿਰਿਆ। ਅੰਦਰੂਨੀ ਵੀ ਤੇ ਬਾਹਰੀ ਵੀ। ‘ਕੱਲਿਆਂ ਵੀ ਖੇਡਣਾ ਹੁੰਦਾ ਤੇ ਸਾਥੀਆਂ ਨਾਲ ਵੀ। ਇਕਹਿਰੀ ਗੇਮ ਦੇ ਰੂਪ ਵਿਚ ਵੀ ਤੇ ਸਾਥੀਆਂ ਸੰਗ ਵੀ।
ਖੇਡਣਾ, ਹਾਂ-ਪੱਖੀ ਕਿਰਿਆ। ਮਨੁੱਖੀ ਊਰਜਾ ਨੂੰ ਸਹੀ ਪਾਸੇ ਲਾਉਣਾ। ਖੇਡਣਾ, ਸਰੀਰਕ ਤੰਦਰੁਸਤੀ ਤੇ ਅੰਗਾਂ ਦੀ ਚੁਸਤੀ ਦਾ ਰਾਜ਼। ਸਰਬਪੱਖੀ ਵਿਗਸਣੀ ਦਾ ਆਧਾਰ ਅਤੇ ਸਰੀਰਕ ਦਿੱਖ ਨੂੰ ਚਾਰ ਚੰਨ ਲਾਉਣ ਦਾ ਆਹਰ। ਖੇਡਣਾ, ਬਿਮਾਰੀਆਂ ਤੋਂ ਨਿਜ਼ਾਤ, ਸਰੀਰਕ ਤੇ ਮਾਨਸਿਕ ਅਲਾਮਤਾਂ ਤੋਂ ਰਾਹਤ ਅਤੇ ਅਣਚਾਹੀਆਂ ਪੀੜਾਂ ਤੇ ਦਰਦਾਂ ਤੋਂ ਤੰਦਰੁਸਤੀ ਦੀ ਚਾਹਤ।
ਖੇਡਣਾ, ਨਰੋਏ ਅੰਗਾਂ ਦੀ ਪਛਾਣ, ਮੁੱਖ ਤੇ ਸੁੰਦਰ ਆਭਾ-ਭਕੁੰਨੀ ਸ਼ਾਨ, ਫੁਰਤੀਲੇਪਣ ਦਾ ਬਿੰਬ, ਉਮਰ ਦੇ ਪੜਾਅ ਨੂੰ ਪਿੱਛੇ ਛੱਡ ਆਉਣ ਦਾ ਸੰਦੇਸ਼। ਖੇਡਣਾ ਦਰਅਸਲ ਸਾਲਾਂ ਦੀ ਗਿਣਤੀ ਨੂੰ ਪੁੱਠਾ ਗੇੜ ਦੇਣ ਵਾਲਾ ਕਾਰਜ, ਜਿਸ ਨਾਲ ਬੀਤੇ ਪਲਾਂ ਦੀ ਉਮਰ ਲੰਮੇਰੀ ਕੀਤੀ ਜਾ ਸਕਦੀ ਅਤੇ ਆਪਣੇ ਵਿਚੋਂ ਹੀ ਇਕ ਨਵੇਂ ਮਨੁੱਖ ਨੂੰ ਜਨਮ ਦਿਤਾ ਜਾ ਸਕਦਾ।
ਖੇਡਣ ਤੋਂ ਨਾਬਰੀ, ਮਨੁੱਖ ਦੀ ਖੁਦ ਤੋਂ ਆਨਾ-ਕਾਨੀ। ਖੇਡਣ ਵਾਲੇ ਤਾਂ ਸਰੀਰਕ ਕਮਜ਼ੋਰੀਆਂ ਜਾਂ ਘਾਟਾਂ ਨੂੰ ਵੀ ਅਣਗੌਲਿਆ ਕਰ, ਖੇਡ-ਖੇਤਰ ਵਿਚ ਅਹਿਮ ਪ੍ਰਾਪਤੀਆਂ ਦਾ ਸਿਰਨਾਵਾਂ ਬਣਦੇ। ਇਸੇ ਲਈ ਸੰਸਾਰਕ ਪੱਧਰ ‘ਤੇ ਪੈਰਾ ਓਲੰਪਿਕ ਖੇਡਾਂ ਕਰਵਾਈਆਂ ਜਾਂਦੀਆਂ, ਜਿਸ ਵਿਚ ਸਰੀਰਕ ਅਪੰਗਤਾ ਨੂੰ ਦੁਰਕਾਰ ਕੇ ਨਵੇਂ ਕੀਰਤੀਮਾਨ ਸਥਾਪਤ ਹੁੰਦੇ। ਖੇਡਣਾ, ਸਵੈ-ਵਿਸ਼ਵਾਸ ਦੀ ਨੀਂਹ, ਮਿਲਵਰਤਨ ਦਾ ਸਬਕ ਅਤੇ ਇਕ ਦੂਜੇ ‘ਤੇ ਨਿਰਭਰਤਾ ਨੂੰ ਅਪਨਾਉਣ ਤੇ ਨਿਭਾਉਣ ਦਾ ਵਾਇਦਾ। ਖੇਡਣ ਵਿਚੋਂ ਹੀ ਸਿਰਜੀ ਜਾਂਦੀ ਏ ਸੰਪੂਰਨ ਮਨੁੱਖ ਦੀ ਕਾਮਨਾ, ਜੋ ਕੀਰਤੀ ਰਾਹੀਂ ਆਪਣੀ ਮੰਜਿ਼ਲ ਪ੍ਰਾਪਤ ਕਰਦੀ।
ਖੇਡਣਾ, ਸਿਰਫ ਨਿੱਜ ਲਈ ਹੀ ਨਹੀਂ ਹੁੰਦਾ। ਇਹ ਪਰਿਵਾਰ, ਸਮਾਜ, ਦੇਸ਼ ਜਾਂ ਕੌਮ ਲਈ ਵੀ ਹੁੰਦੈ। ਤਦੇ ਵਧੀਆ ਖਿਡਾਰੀ ਕਿਸੇ ਵੀ ਦੇਸ਼ ਦਾ ਸਭ ਤੋਂ ਵੱਡਾ ਸਰਮਾਇਆ ਕਹੇ ਜਾਂਦੇ। ਖੇਡਣ ਵਿਚ ਰੁਚੀ, ਕਿਸੇ ਖਾਸ ਖਿੱਤੇ, ਮਾਹੌਲ, ਪ੍ਰੇਰਨਾ ਜਾਂ ਪਰਿਵਾਰਕ ਧਾਰਨਾਵਾਂ ਵਿਚੋਂ ਪੈਦਾ ਹੁੰਦੀ ਤਾਂ ਹੀ ਸੰਸਾਰਪੁਰ ਹਾਕੀ ਲਈ, ਮਾਹਿਲਪੁਰ ਫੁੱਟਬਾਲ ਲਈ ਤੇ ਕਪੂਰਥਲਾ ਕਬੱਡੀ/ਬਾਸਕਿਟਬਾਲ ਲਈ ਮਸ਼ਹੂਰ ਹਨ।
ਖੇਡਣ ਨਾਲ ਪਨਪਦਾ ਜੋਸ਼ ਤੇ ਹੌਸਲਾ, ਭਾਵਨਾਵਾਂ ਨੂੰ ਠਰੰਮਾ ਅਤੇ ਬਜੁਰਗਾਂ ਦੀਆਂ ਅਪੂਰਨ ਸੱਧਰਾਂ ਦੀ ਪੂਰਤੀ। ਖੇਡ ਨੂੰ ਮਿਲਦੀ ਰਾਜਨੀਤਕ ਅਤੇ ਧਾਰਮਿਕ ਰਹਿਨੁਮਾਈ। ਗੁਰੂ ਅੰਗਦ ਦੇਵ ਜੀ ਵੱਲੋਂ ਖਡੂਰ ਸਾਹਿਬ ਵਿਚ ਸ਼ੁਰੂ ਕੀਤੀ ਗਈ ਮੱਲ ਅਖਾੜੇ ਦੀ ਪਰੰਪਰਾ, ਪੰਜਾਬੀਆਂ ਨੂੰ ਸਰੀਰਕ ਤਾਕਤ ਬਖਸ਼ਣ ਦੇ ਨਾਲ-ਨਾਲ, ਅਕੀਦੇ ਪ੍ਰਤੀ ਸਮਰਪਣ ਦੀ ਭਾਵਨਾ ਪੈਦਾ ਕਰਨਾ ਵੀ ਸੀ। ਖੇਡਣ ਦੀ ਆਦਤ, ਖੇਡ ਨੂੰ ਦੇਖ ਹੀ ਪੈਦਾ ਹੁੰਦੀ; ਤਾਂ ਹੀ ਖਿਡਾਰੀ ਜਦ ਰੋਲ-ਮਾਡਲ ਬਣ ਕੇ ਕਿਸੇ ਜਵਾਨ ਮਨ ਵਿਚ ਆਪਣੀ ਥਾਂ ਨਿਸ਼ਚਿਤ ਕਰਦੇ ਤਾਂ ਉਹ ਵੀ ਖੇਡਣ ਵੰਨੀ ਰੁਚਿਤ ਹੁੰਦੇ ਅਤੇ ਨਵੀਆਂ ਬੁਲੰਦੀਆਂ ਪ੍ਰਾਪਤ ਕਰਦੇ।
ਖੇਡਣਾ ਧਨ, ਦੌਲਤ, ਸ਼ੁਹਰਤ ਅਤੇ ਰੁਤਬਿਆਂ ਤੋਂ ਇਲਾਵਾ ਅੰਦਰਲੀ ਖੁਸ਼ੀ ਤੇ ਸਕੂਨ ਲਈ ਵੀ ਹੁੰਦਾ, ਕਿਉਂਕਿ ਸਭ ਤੋਂ ਵੱਡਾ ਖਜਾਨਾ ਤਾਂ ਅੰਤਰੀਵੀ ਖੁਸ਼ੀ ਹੀ ਹੁੰਦੀ। ਇਹ ਅਤੋਲਵੀਂ ਤੇ ਅਮੁੱਲ ਹੁੰਦੀ। ਖੇਡਣਾ ਕਈ ਵਾਰ ਖੁਦ ਲਈ ਹੁੰਦਾ, ਪਰ ਕਈ ਵਾਰ ਸਾਡੇ ਮਾਪੇ ਆਪਣੇ ਅਪੂਰਨ ਸੁਪਨਿਆਂ ਦੀ ਪੂਰਤੀ, ਔਲਾਦ ਵਿਚੋਂ ਭਾਲਦਿਆਂ, ਖੇਡਾਂ ਲਈ ਪ੍ਰੇਰਿਤ ਕਰਦੇ ਅਤੇ ਫਿਰ ਬੱਚੇ, ਖੇਡ-ਅੰਬਰ ਦਾ ਤਾਰਾ ਬਣ ਕੇ ਮਾਪਿਆਂ ਦਾ ਨਾਮ ਚਮਕਾਉਂਦੇ।
ਖੇਡਣਾ ਇਕ ਕਲਾ! ਸਰੀਰਕ ਤਾਕਤ ਦੀ ਅਜ਼ਮਾਇਸ਼। ਮਨੁੱਖੀ ਸੋਚ ਵਿਚਲੀ ਸੰਤੁਲਤਾ ਦਾ ਸਫਲ ਪ੍ਰਦਰਸ਼ਨ। ਮਨੁੱਖੀ ਸਰੋਕਾਰਾਂ ਨੂੰ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਦਾ ਸੂਖਮ ਕਾਰਜ। ਖੇਡਣਾ ਹੀ ਸਿਖਾਉਂਦਾ ਕਿ ਹਾਰ ਕੇ ਵੀ ਮਨ ਵਿਚ ਜਿੱਤ ਦਾ ਅਹਿਸਾਸ ਕਿਵੇਂ ਉਪਜਾਉਣਾ? ਕਿਵੇਂ ਕਮੀਆਂ ਨੂੰ ਦੇਖਣਾ ਅਤੇ ਕਮਜੋ਼ਰੀਆਂ ਤੇ ਘਾਟਾਂ ‘ਤੇ ਧਿਆਨ ਕੇਂਦਰਤ ਕਰ ਕੇ ਖੁਦ ਨੂੰ ਨਵੀਆਂ ਚੁਣੌਤੀਆਂ ਦੇ ਰੂਬਰੂ ਕਰਨਾ? ਕਿੰਜ ਜਿੱਤ ਕੇ ਵੀ ਨਿਮਰ ਰਹਿਣਾ ਅਤੇ ਹਾਰਿਆਂ ਨੂੰ ਗਲ ਨਾਲ ਲਾਉਣਾ?
ਖੇਡਣ ਦੀ ਸਭ ਤੋਂ ਵੱਡੀ ਨਸੀਹਤ ਹੈ ਕਿ ਜਿੱਤ ਕਦੇ ਵੀ ਸਿਰ ਨੂੰ ਨਾ ਚੜੇ੍ਹ ਅਤੇ ਹਾਰ ਕਦੇ ਵੀ ਨਿਰਾਸ਼ਾ ਜਾਂ ਉਦਾਸੀ ਦੇ ਆਲਮ ਨੂੰ ਤਾਰੀ ਨਾ ਹੋਣ ਦੇਵੇ। ਸਗੋਂ ਜਿੱਤ ਨਵੇਂ ਦਿਸਹੱਦਿਆਂ ਦੀ ਪ੍ਰਾਪਤੀ ਲਈ ਵੰਗਾਰਦੀ ਰਹੇ, ਜਦੋਂ ਕਿ ਹਾਰਨਾ, ਹੋਰ ਮਿਹਨਤ ਤੇ ਤਾਕਤ ਨਾਲ ਹਾਰਾਂ ਨੂੰ ਜਿੱਤਾਂ ਵਿਚ ਬਦਲਣ ਦਾ ਨਾਮ। ਹਾਰ, ਹਾਰ ਨਹੀਂ ਹੁੰਦੀ। ਮਨੁੱਖ ਸਿਰਫ ਉਦੋਂ ਹੀ ਹਾਰਦਾ, ਜਦ ਉਸ ਦਾ ਹੌਸਲਾ ਤੇ ਸਿਰੜ, ਮੁਕਾਬਲੇ ਦੇ ਹਾਣੀ ਨਹੀਂ ਹੁੰਦੇ। ਮਨੁੱਖ ਦੀ ਹੀ ਕੋਈ ਨਾ ਕੋਈ ਕਮਜ਼ੋਰੀ ਉਸ ਨੂੰ ਹਰਾਉਂਦੀ, ਜਦੋਂ ਕਿ ਕੋਈ ਨਾ ਕੋਈ ਗੁਣ ਉਸ ਨੂੰ ਜਿਤਾਉਂਦਾ।
ਖੇਡ ਵਿਚ ਬਹੁਤ ਕੁਝ ਅਣਕਿਆਸਿਆ ਵਾਪਰਦਾ, ਜਦ ਕੋਈ ਜਿੱਤਦੀ ਧਿਰ ਸਵੈ-ਗੁਮਾਨ ਕਾਰਨ ਹਾਰ ਜਾਂਦੀ ਅਤੇ ਹਾਰਨ ਵਾਲੀ ਧਿਰ ਸਬਰ ਅਤੇ ਸਿਦਕਦਿਲੀ ਨਾਲ ਜਿੱਤ ਨੂੰ ਆਪਣੇ ਨਾਮ ਕਰਦੀ। ਖੇਡ ਨਾਲ ਖਿਡਾਰੀ ਆਪਣੇ ਆਪ ਨੂੰ ਅਨੁਸ਼ਾਸਿ਼ਤ ਕਰਦਾ। ਸਮੇਂ ਦਾ ਪਾਬੰਦ ਹੁੰਦਾ, ਸਾਥੀ ਖਿਡਾਰੀਆਂ ਤੇ ਵਿਰੋਧੀਆਂ ਨਾਲ ਸੁਖਾਵੇਂ ਸਬੰਧ, ਹਰੇਕ ਦਾ ਆਦਰ ਕਰਨਾ ਅਤੇ ਕਿਸੇ ਦੇ ਮਾਣ ਵਿਚੋਂ ਖੁਦ ਦੇ ਸਨਮਾਨ ਦਾ ਸ਼ਰਫ ਬਣਨਾ। ਇਹ ਮਾਣ-ਸਨਮਾਨ ਜਦ ਕੋਈ ਆਪਣੇ ਬਜੁਰਗ ਜਾਂ ਵਡੇਰੇ ਨੂੰ ਅਰਪਿਤ ਕਰਦਾ ਤਾਂ ਇਸ ਵਿਚੋਂ ਖਿਡਾਰੀ ਵਿਚਲੀ ਬੰਦਿਆਈ ਦੇ ਦਰਸ਼-ਦੀਦਾਰੇ ਹੁੰਦੇ।
ਖੇਡਣ ਨੂੰ ਖਬਤ ਬਣਾਉਣ ਵਾਲੇ ਲੋਕ ਹੀ ਗੁਰਜਾਂ, ਮੈਡਲਾਂ ਜਾਂ ਮਾਨ ਸਨਮਾਨਾਂ ਨੂੰ ਆਪਣੇ ਨਾਮ ਕਰਦੇ, ਜਿਨ੍ਹਾਂ ਦਾ ਤਸੱਵਰ ਉਨ੍ਹਾਂ ਦੀ ਚੇਤਨਾ ਵਿਚ ਕਿਸੇ ਨੇ ਗਾਹੇ-ਬਗਾਹੇ ਧਰਿਆ ਹੁੰਦਾ। ਖੇਡਣਾ ਖਿਆਲ, ਖਚਤ ਅਤੇ ਖਬਤ ਹੁੰਦਾ, ਪਰ ਕਦੇ ਵੀ ਖਹਿਬੜਬਾਜ਼ੀ, ਖਿਲਵਾੜ ਜਾਂ ਖੇਹ ਉਡਾਉਣਾ ਨਹੀਂ ਹੁੰਦਾ। ਖੇਡਣਾ ਜਦ ਰੂਹ ਦੀ ਤਾਸੀਰ ਵਿਚ ਹੁੰਦਾ ਤਾਂ ਮਨੁੱਖ ਖੁਦ ਨੂੰ ਧਿਆਉਂਦਾ, ਸੋਚ-ਅੰਬਰਾਂ ਨੂੰ ਗਾਹੁੰਦਾ, ਸਰਬ-ਗੁਣੀ ਸ਼ਖਸੀ ਧਾਰਨਾ ਨੂੰ ਅੰਤਰ-ਆਤਮਾ ਵਿਚ ਟਿਕਾਉਂਦਾ, ਖੁਦ ਵਿਚੋਂ ਹੀ ਖੁਦ ਦੀ ਖੋਜ ਕਰ, ਖੁਦ ਨੂੰ ਨਵੇਂ ਰੂਪ ਵਿਚ ਸਮਾਜ ਤੇ ਪਰਿਵਾਰ ਸਾਹਵੇਂ ਪ੍ਰਗਟਾਉਂਦਾ।
ਖੇਡ ਜਦ ਕਿਸੇ ਘਿਨਾਉਣੀ ਚਾਲ ਦਾ ਸਿ਼ਕਾਰ ਹੋ ਜਾਵੇ ਤਾਂ ਅਲਾਮਤਾਂ ਵੀ ਪੈਦਾ ਕਰਦਾ। ਜਾਤੀ ਰੰਜਿਸ਼, ਮਿਥ ਕੇ ਹਾਰਨਾ ਜਿੱਤਣਾ ਜਾਂ ਕਿਸੇ ਦੀ ਸਰੀਰਕ ਸੱਟ ਵਿਚੋਂ ਆਪਣੀ ਪ੍ਰਾਪਤੀ ਨੂੰ ਕਿਆਸਣਾ, ਸਭ ਤੋਂ ਵੱਡਾ ਗੁਨਾਹ। ਖੇਡਿਆ ਸਿਰਫ ਖੇਡ-ਮੈਦਾਨ ਵਿਚ ਹੀ ਨਹੀਂ ਜਾਂਦਾ। ਜਦ ਕੋਈ ਆਮ ਮਨੁੱਖ ਦਾ ਸ਼ੋਸ਼ਣ ਕਰਦਾ, ਧਾਰਮਿਕ ਭਾਵਨਾਵਾਂ ਨਾਲ ਖੇਡਦਾ ਜਾਂ ਜਾਤੀ-ਮੂਲਕ ਧਾਰਨਾਵਾਂ ਨੂੰ ਭੜਕਾ ਕੇ ਨਿੱਜੀ ਮੁਫਾਦ ਦੀ ਪੂਰਤੀ ਕਰਦਾ ਤਾਂ ਉਸ ਖੇਡ ਵਿਚੋਂ ਕੋਫਤ ਆਉਂਦੀ।
ਜਦ ਬੱਚੇ ਦੀ ਮਾਸੂਮੀਅਤ ਤੇ ਕੋਮਲ ਅਹਿਸਾਸਾਂ ਨਾਲ ਖੇਡਦਿਆਂ, ਉਸ ਦਾ ਮਾਨਸਿਕ, ਸਰੀਰਕ ਤੇ ਭਾਵਨਾਤਿਮਕ ਸ਼ੋਸ਼ਣ ਕੀਤਾ ਜਾਂਦਾ ਤਾਂ ਰੋਂਦੇ ਬਚਪਨੇ ਨੂੰ ਵਰਾਉਣਾ ਬਹੁਤ ਔਖਾ ਹੁੰਦਾ। ਬਚਪਨੇ ਦੇ ਅੰਤਰੀਵ ‘ਚ ਪਈਆਂ ਝਰੀਟਾਂ ਦੇ ਦਾਗ ਕਦੇ ਨਹੀਂ ਮਿੱਟਦੇ। ਜਦ ਕਿਸੇ ਅਬਲਾ ਦੀ ਚੁੰਨੀ ਨੂੰ ਹਵਾ ‘ਚ ਉਛਾਲ ਕੇ, ਜਿਸਮ ਨਾਲ ਖੇਡਿਆ ਜਾਂਦਾ, ਅਜ਼ਮਤ ਨੂੰ ਲੀਰੋ-ਲੀਰ ਕੀਤਾ ਜਾਂਦਾ, ਸਿਰ ਦੇ ਸੰਧੂਰ ਨੂੰ ਮਿਟਾਇਆ ਜਾਂਦਾ ਜਾਂ ਟੁੱਟੇ ਕਲੀਰਿਆਂ ‘ਤੇ ਹਿੱਚਕੀ ਦੀ ਮਹਿੰਦੀ ਲਾਈ ਜਾਂਦੀ ਤਾਂ ਫਿਜ਼ਾ ਵਿਚ ਪੈਦਾ ਹੋਇਆ ਕਚਿਆਣ ਤੇ ਕ੍ਰੋਧ, ਸਮੁੱਚੀ ਮਨੁੱਖੀ ਜਾਤੀ ਲਈ ਕਲੰਕ ਬਣਦਾ।
ਜਦ ਕੋਈ ਪਾਖੰਡੀ ਆਪਣੇ ਸ਼ਰਧਾਲੂਆਂ ਨੂੰ ਮਾਨਸਿਕ ਤੌਰ ‘ਤੇ ਅਗਵਾ ਕਰ, ਉਨ੍ਹਾਂ ਦੀ ਆਸਥਾ ਨਾਲ ਖੇਡਦਾ, ਸੱਚੀਆਂ-ਸੁੱਚੀਆਂ ਭਾਵਨਾਵਾਂ ਨਾਲ ਖਿਲਵਾੜ ਕਰਦਾ ਅਤੇ ਅਕੀਦਤ ਨੂੰ ਅਡੰਬਰਤਾ ਬਣਾਉਂਦਾ ਤਾਂ ਮਨੁੱਖਤਾ ਜ਼ਾਰੋ-ਜ਼ਾਰ ਰੋਂਦੀ। ਅਜਿਹੀ ਕਰਤੂਤੀ ਖੇਡ ਨੂੰ ਕਿਹੜੀ ਖੇਡ ਕਹੋਗੇ, ਜਦ ਕੋਈ ਕਿਸੇ ਦੀ ਜਿਸਮਾਨੀ, ਮਾਨਸਕ ਅਤੇ ਆਤਮਕ ਕੰਗਾਲੀ ਦੀ ਕੁਲਹਿਣੀ ਰੰਗਤ ਨੂੰ, ਫਿੱਕੜੇ ਚੋਲੇ ਦਾ ਮਜੀਠੀ ਰੰਗ ਬਣਾਉਣ ਲਈ ਰੁਚਿਤ ਹੋ ਜਾਵੇ। ਖੇਡ ਜਦ ਖਿਲਵਾੜ ਬਣਦੀ ਤਾਂ ਕਹਿਰ ਢਾਹੁੰਦੀ। ਅਜਿਹਾ ਹੀ ਪਾਲਣਹਾਰੀ ਕੁਦਰਤ ਦੀਆਂ ਨਿਹਮਤਾਂ ਨਾਲ ਖੇਡਣ ਵਾਲਿਆਂ ਨੇ ਕਾਇਨਾਤ ਵਿਚ ਅਸੰਤੁਲਨ ਪੈਦਾ ਕਰਕੇ ਕੀਤਾ ਹੈ, ਜਿਸ ਦਾ ਹਰਜਾਨਾ ਮਨੁੱਖ ਭੁਗਤ ਰਿਹਾ।
ਖੇਡਣਾ ਹੈ ਤਾਂ ਰੰਗਾਂ ਨਾਲ ਖੇਡੋ, ਜਿਸ ਵਿਚੋਂ ਉਪਜਦੀਆਂ ਨੇ ਕਲਾ-ਕਿਰਤਾਂ। ਮਿਹਨਤ ਨੂੰ ਪ੍ਰਾਪਤੀਆਂ ‘ਤੇ ਨਾਜ਼ ਹੁੰਦਾ। ਕਲਾ-ਕਿਰਤਾਂ ਦਰਸ਼ਕਾਂ ਲਈ ਸੁਖਨ, ਸਹਿਜ ਅਤੇ ਕਲਾ-ਬਿਰਤੀ ਦੇ ਰੱਜ ਦਾ ਪ੍ਰਤੀਕ ਹੁੰਦਾ। ਖੇਡਣਾ ਹੈ ਤਾਂ ਖੇਡੋ ਹਰਫਾਂ ਨਾਲ। ਇਨ੍ਹਾਂ ਵਿਚ ਸਮੋਏ ਹੋਏ ਅਰਥਾਂ ਨਾਲ ਅਤੇ ਅਰਥਾਂ ਵਿਚੋਂ ਫੁੱਟਦੀਆਂ ਕਿਰਨਾਂ ਨਾਲ ਖੇਡੋ ਤਾਂ ਕਿ ਇਹ ਕਿਰਨਾਂ ਆਪਣੀ ਬੇਨਿਆਜ਼ੀ ਰਾਹੀਂ ਮਾਨਵ ਨੂੰ ਤਰਜ਼ੀਹਾਂ ਨਿਸ਼ਚਿਤ ਕਰਨ ਅਤੇ ਉਚਤਮ ਤਦਬੀਰਾਂ ਰਾਹੀਂ ਤਕਦੀਰ ਨੂੰ ਰੌਸ਼ਨ-ਰੰਗੀ ਬਣਾ ਸਕਣ। ਖੇਡਣਾ ਹੈ ਤਾਂ ਉਨ੍ਹਾਂ ਕਿਤਾਬਾਂ ਨੂੰ ਆਪਣੇ ਖੇਡ-ਆੜੀ ਬਣਾਓ, ਜਿਨ੍ਹਾਂ ਵਿਚੋਂ ਨਿਕਲਦੀ ਸ਼ਬਦ-ਜੋਤ ਆਲੇ-ਦੁਆਲੇ ਵਿਚ ਚਾਨਣ ਦਾ ਛਿੜਕਾਅ ਕਰੇ ਅਤੇ ਇਨ੍ਹਾਂ ਕਿਰਨਈ ਕ੍ਰਿਸ਼ਮਿਆਂ ਨੂੰ ਰੂਹ-ਰੇਜ਼ਤਾ ਦੇ ਨਾਮ ਕਰ, ਸਮਿਆਂ ਨੂੰ ਨਵੀਂ ਦਿੱਖ ਤੇ ਦ੍ਰਿਸ਼ਟੀ ਪ੍ਰਦਾਨ ਕਰੇ। ਧਨ-ਦੌਲਤ ਵਿਚ ਖੇਡਣ ਵਾਲੇ ਜਿ਼ਆਦਾਤਰ ਲੋਕ ਮਾਨਵਤਾ ਦਾ ਮਰਸੀਆ ਪੜ੍ਹਦੇ। ਉਨ੍ਹਾਂ ਦੇ ਮਨਾਂ ਵਿਚ ਨਹੀਂ ਹੁੰਦਾ ਲੋਕਾਈ ਦਾ ਦਰਦ, ਸਿੰਮਦੀ ਨਹੀਂ ਅੱਖ ਕਿਸੇ ਦੀ ਪੀੜ ‘ਚ, ਪਸੀਜਦਾ ਨਹੀਂ ਮਨ ਕਿਸੇ ਦੀ ਅਣਿਆਈ ਮੌਤ ‘ਤੇ ਅਤੇ ਪੰਛੀ ਦੀ ਵਿਲਕਦੀ ਆਂਦਰ ਦਾ ਦੁੱਖ ਸਮਝਣ ਤੋਂ ਬੇਲਾਗ ਤੇ ਬੇਦਰਦ। ਲਾਹਨਤ ਹੈ ਅਜਿਹੀ ਖੇਡ-ਮਸਤੀ ‘ਤੇ, ਜਦ ਉਹਦੇ ਵਿਚੋਂ ਮਨੁੱਖੀ ਭਾਵਨਾਵਾਂ ਦਾ ਮਾਤਮ ਹੁਆਂਕਦਾ ਹੋਵੇ।
ਖੇਡਣਾ ਸਿਰਫ ਖੇਡਣ ਲਈ ਹੀ ਨਹੀਂ ਹੁੰਦਾ। ਇਹ ਤਾਂ ਸਮੁੱਚ ਦਾ ਪ੍ਰਗਟਾਵਾ, ਸ਼ਖਸੀ ਬਿੰਬ, ਵਿਅਕਤੀਤਵ ਦਾ ਪ੍ਰਦਰਸ਼ਨ, ਵਿਰਾਸਤੀ ਦਿੱਖ ਅਤੇ ਜੜ੍ਹਾਂ ਦਾ ਝਲਕਾਰਾ। ਸੋ ਖੇਡਣ ਦੌਰਾਨ ਜਰੂਰੀ ਹੈ ਕਿ ਮਨੁੱਖ ਪਾਰਦਰਸ਼ੀ ਹੋਵੇ। ਉਸ ਦੇ ਵਿਚੋਂ ਉਹ ਮਨੁੱਖ ਹੀ ਨਜ਼ਰ ਆਵੇ, ਜੋ ਉਸ ਦੇ ਅੰਦਰ ਰੁਕਦਾ, ਦੌੜਦਾ, ਸੌਂਦਾ, ਜਾਗਦਾ, ਹੱਸਦਾ ਅਤੇ ਰੋਂਦਾ ਹੈ। ਖਾਂਦਾ, ਪੀਂਦਾ, ਥੀਂਦਾ ਤੇ ਜੀਂਦਾ ਹੈ। ਸਰਬਮੁਖੀ ਸੁੱਚਤਾ ਬਹੁਤ ਅਹਿਮ ਹੁੰਦੀ ਹੈ ਖੇਡ ਵਿਚ। ਭਾਵੇਂ ਉਹ ਆਪਣੇ ਬੱਚਿਆਂ ਨਾਲ ਬਚਪਨੀ ਖੇਡ ਹੋਵੇ, ਨਵ-ਵਿਆਹੇ ਜੋੜੇ ਦਾ ਕੰਗਣਾ ਖੇਡਣਾ ਹੋਵੇ, ਸਖੀਆਂ ਨਾਲ ਖੇਡਣਾ ਹੋਵੇ ਜਾਂ ਆਪਣੇ ਆਪ ਨਾਲ ਖੇਡਣਾ ਹੋਵੇ। ਜਰੂਰੀ ਹੁੰਦਾ ਹੈ ਸਮਰਪਣ, ਸਿਦਕ-ਸਬੂਰੀ, ਸਿਰੜ-ਸਾਧਨਾ ਅਤੇ ਸਾਂਝੀਵਾਲਤਾ ਕਿਸੇ ਵੀ ਖੇਡ ਵਿਚ।
ਖੇਡਣਾ, ਮਨ ਦਾ ਅਭਿਆਸ। ਖੁੱਲ੍ਹੀ ਹਵਾ ਨੂੰ ਫੇਫੜਿਆਂ ‘ਚ ਭਰਨ ਦਾ ਰਿਆਜ਼। ਦਿਲ ਦੀਆਂ ਗੱਲਾਂ ਹਮਜੋਲੀਆਂ ਨਾਲ ਫਰੋਲਣਾ। ਕੁਝ ਸੋਚਣਾ, ਕੁਝ ਹੱਸਣਾ, ਕੁਝ ਯੋਜਨਾਬੰਦੀ। ਕਦੇ ਹਮਲਾਵਰ ਰੁਖ ਤੇ ਕਦੇ ਸੁਰੱਖਿਆ ਨੀਤੀ। ਕਦੇ ਕਾਹਲ ਤੇ ਕਦੇ ਠਹਿਰਾਅ। ਬਹੁਤ ਗੁਣ ਹੁੰਦੇ ਨੇ ਖਿਡਾਰੀ ਵਿਚ। ਸੱਚੇ-ਸੁੱਚੇ, ਨਿਮਰ ਤੇ ਮਾਸੂਮ ਅਤੇ ਪਾਕੀਜ਼ਗੀ ਵਿਚ ਰਮੇ। ਖੇਡ ਨੂੰ ਆਪਣਾ ਇਸ਼ਟ ਮੰਨਣ ਵਾਲੇ ਹੁੰਦੇ ਨੇ ਇਹ ਲੋਕ। ਖੇਡਣ ਦੀ ਆਦਤ ਬਹੁਤ ਸਾਜ਼ਗਾਰ ਉਦਮ ਅਤੇ ਸਾਰਥਕ ਹੰਭਲਾ। ਇਸ ਵਿਚੋਂ ਹੀ ਅਸੀਮ ਸੰਭਾਵਨਾਵਾਂ, ਅਦਿੱਖ ਸਫਲਤਾਵਾਂ ਅਤੇ ਅਣਦੇਖੀਆਂ ਸਰੀਰਕ ਕਿਰਿਆਵਾਂ ਨੂੰ ਜੀਵਨ ਦਾ ਹਿੱਸਾ ਬਣਾ ਸਕਦੇ ਹਾਂ।
ਖੇਡਣਾ, ਜਰੂਰੀ ਅੰਗ ਹੈ ਸਰੀਰਕ ਕਿਰਿਆਵਾਂ ਦਾ। ਸਰੀਰ ਦੀ ਹੋਂਦ ਤੇ ਹਸਤੀ ਲਈ, ਨਿੱਗਰਤਾ ਤੇ ਨਰੋਏਪਣ ਲਈ, ਸਥਿੱਰ ਅਤੇ ਸਦੀਵੀ ਅਰੋਗਤਾ ਲਈ। ਜਵਾਨ ਰਹਿਣ ਲਈ ਉਮਰ ਨਹੀਂ, ਸਗੋਂ ਦਿਲ ਤੇ ਮਨ ਦਾ ਜਵਾਨ ਰਹਿਣਾ ਅਤੇ ਚੜ੍ਹਦੀ ਕਲਾ ਵਿਚ ਰਹਿਣਾ ਬਹੁਤ ਜਰੂਰੀ। ਖੇਡਣਾ, ਉਮਰ ਦਾ ਮੁਥਾਜ ਨਹੀਂ। ਕਿਸੇ ਵੀ ਉਮਰ ਵਿਚ ਕੋਈ ਵੀ ਖੇਡ ਸ਼ੁਰੂ ਕੀਤੀ ਜਾ ਸਕਦੀ, ਜੋ ਵਿਅਕਤੀ ਦੀ ਸਰੀਰਕ, ਮਾਨਸਿਕ ਅਤੇ ਆਤਮਿਕ ਲੋੜ ਅਨੁਸਾਰ ਹੋਵੇ। ਕਿਸੇ ਵੀ ਸਮੇਂ ਵਿਚ ਕੁਝ ਵੀ ਪ੍ਰਾਪਤ ਕੀਤਾ ਜਾ ਸਕਦਾ ਅਤੇ ਅਪਹੁੰਚ ਪ੍ਰਾਪਤੀਆਂ ਨੂੰ ਆਪਣਾ ਹਾਸਲ ਬਣਾਇਆ ਜਾ ਸਕਦਾ। ਖੇਡਣ ਦੇ ਖਬਤ ਵਿਚੋਂ ਹੀ ਬਾਬਾ ਫੌਜਾ ਸਿੰਘ ਨੇ ਸੌ ਸਾਲ ਤੋਂ ਵਡੇਰੀ ਉਮਰ ਤੀਕ ਮੈਰਾਥਨ ਦੌੜ ਵਿਚ ਇਤਿਹਾਸ ਸਿਰਜਿਆ। ਉਸ ਨੇ ਦੌੜਨਾ ਹੀ 89 ਸਾਲ ਤੋਂ ਬਾਅਦ ਸ਼ੁਰੂ ਕੀਤਾ ਸੀ। ਬੀਬੀ ਮਾਨ ਕੌਰ ਨੂੰ ਵੀ ਇਸ ਸ਼੍ਰੇਣੀ ਵਿਚ ਸ਼ਾਮਲ ਹੈ। ਇਹ ਤਾਂ ਮਨ ਦੀ ਪਕਿਆਈ, ਇਰਾਦੇ ਵਿਚਲਾ ਹੱਠ ਅਤੇ ਕੁਝ ਕਰਨ ਦਾ ਜਨੂਨ ਹੁੰਦਾ, ਜੋ ਸਫਲਤਾ ਦਾ ਮੂਲ ਆਧਾਰ ਬਣਦਾ।
ਖੇਡੋ, ਖੁਦ ਦੀ ਸਮਰੱਥਾ, ਸਾਧਨਾ ਅਤੇ ਸਿਦਕ ਨਾਲ ਤਾਂ ਕਿ ਤੁਸੀਂ ਮਨ ਦੀ ਦ੍ਰਿੜਤਾ ਦੀਆਂ ਅਸੀਮਤ ਪਰਤਾਂ ਵਿਚੋਂ ਉਹ ਪਰਤ ਦਿਖਲਾ ਸਕੋ, ਜੋ ਅਜੇ ਤੀਕ ਸਮਾਜ ਦੇ ਸਾਹਮਣੇ ਨਹੀਂ ਆਈ। ਸਾਹਿਤਕ, ਖੋਜ, ਵਿਦਿਆ-ਪ੍ਰਾਪਤੀ, ਕਲਾ ਸਿੱਖਣ ਅਤੇ ਰਾਜਸੀ ਖੇਤਰ ਵਿਚ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਉਮਰ ਦੇ ਆਖਰੀ ਪੜਾਅ ‘ਤੇ ਨਵੀਂ ਬੁਲੰਦਗੀ ਹਾਸਲ ਕੀਤੀ। ਖੇਡਣਾ ਜਦ ਸਵਾਂਗ ਬਣ ਕੇ ਭਗਤਾਂ ਨੂੰ ਆਪਣੇ ਇਸ਼ਾਰਿਆਂ ‘ਤੇ ਨਚਾਵੇ ਤਾਂ ਕਈ ਵਾਰ ਅਜਿਹੇ ਬਾਬਿਆਂ ਨੂੰ ਸਲਾਖਾਂ ਦੀ ਮਹਿਮਾਨ-ਨਿਵਾਜੀ ਵੀ ਨਸੀਬ ਹੁੰਦੀ।
ਖੇਡਣਾ, ਬੱਚਿਆਂ ਲਈ ਸਭ ਤੋਂ ਵੱਡੀ ਇਨਾਇਤ ਤੇ ਪਾਠਸ਼ਾਲਾ। ਬਹੁਤ ਕੁਝ ਸਿੱਖਣ ਤੇ ਸਮਝਣ ਦਾ ਆਧਾਰ, ਜੋ ਦੇਂਦਾ ਏ ਉਨ੍ਹਾਂ ਦੇ ਵਿਅਕਤੀਤਵ ਨੂੰ ਵਿਸਥਾਰ। ਵਧੀਆ ਮਨੁੱਖ ਬਣਨ ਲਈ ਪਹਿਲੀ ਪੌੜੀ ਹੈ ਖੇਡਣਾ। ਖੇਡ ਦਾ ਲੁਤਫ ਉਠਾਓ। ਜਿੱਤਣ ਜਾਂ ਹਾਰਨ ਦੀ ਪ੍ਰਵਾਹ ਨਾ ਕਰੋ, ਕਿਉਂਕਿ ਖੇਡਣਾ ਸਿਰਫ ਜਿੱਤਣਾ ਜਾਂ ਹਾਰਨਾ ਹੀ ਨਹੀਂ ਹੁੰਦਾ। ਇਸ ਤੋਂ ਇਲਾਵਾ ਵੀ ਬਹੁਤ ਕੁਝ ਝੋਲੀ ਵਿਚ ਪੈਂਦਾ ਹੈ ਖੇਡਣ ਸਦਕਾ। ਖੇਡ ਦੌਰਾਨ ਅਚੇਤ/ਸੁਚੇਤ ਰੂਪ ਵਿਚ ਬਹੁਤ ਸਾਰੀਆਂ ਘਤਿੱਤਾਂ, ਘਾੜਤਾਂ ਤੇ ਘੁੱਣਤਰਾਂ ਵੀ ਘੜੀਆਂ ਜਾਂਦੀਆਂ, ਜਿੱਤ ਨੂੰ ਸੁਨਿਸ਼ਚਿਤ ਕਰਨ ਲਈ, ਪਰ ਇਹ ਹੈ ਖੇਡ ਭਾਵਨਾ ਦੇ ਵਿਪਰੀਤ। ਖੇਡਣਾ, ਖੁਦ ਨੂੰ ਭੁੱਲਣਾ, ਸਰੀਰਕ ਸੱਟਾਂ ਤੋਂ ਲਾਪ੍ਰਵਾਹੀ, ਬਿਹਤਰੀਨ ਪ੍ਰਦਰਸ਼ਨ ਲਈ ਹਰ ਸੰਭਵ ਕੋਸਿ਼ਸ਼ ਅਤੇ ਸਾਰੀ ਤਾਕਤ ਨੂੰ ਖੇਡ ਦੇ ਨਾਮ ਕਰਨਾ।
ਸਮਾਂ ਜਰੂਰ ਕੱਢਣਾ ਪਾਲਤੂ ਜਾਨਵਰਾਂ ਜਾਂ ਪਰਿੰਦਿਆਂ ਨਾਲ ਖੇਡਣ ਲਈ, ਰਾਹਤ ਮਿਲੇਗੀ। ਸਾਰੇ ਦਿਨ ਦੀ ਥਕਾਵਟ ਲੱਥ ਜਾਵੇਗੀ ਅਤੇ ਤਰੋਤਾਜ਼ਾ ਹੋ ਨਵੀਂ ਸ਼ੁਰੂਆਤ ਕਰ ਸਕੋਗੇ। ਬੱਚਿਆਂ ਨਾਲ ਖੇਡ ਕੇ ਵਕਤ ਨੂੰ ਸਾਰਥਿਕ ਕਰੋ। ਬੱਚਿਆਂ ਨਾਲ ਮੋਹ ਦੀਆਂ ਤੰਦਾਂ ਮਜ਼ਬੂਤ ਹੋਣਗੀਆਂ। ਬੱਚਿਆਂ ਦੇ ਬਹੁਤ ਨਜ਼ਦੀਕ ਹੋ ਕੇ ਉਨ੍ਹਾਂ ਦੀ ਮਾਨਸਿਕਤਾ ਪੜ੍ਹ ਸਕੋਗੇ। ਤਿੱਤਲੀਆਂ ਨਾਲ ਖੇਡਦੇ ਬੱਚਿਆਂ ਨੂੰ ਦੇਖਣਾ, ਉਨ੍ਹਾਂ ਦੀ ਬਚਪਨੀ ਬੇਪ੍ਰਵਾਹੀ, ਮੁਖੜੇ ‘ਤੇ ਖੇੜੇ ਅਤੇ ਖੁਸ਼ੀ ਦੀ ਆਭਾ, ਤੁਹਾਨੂੰ ਵੀ ਜਿਉਣ ਜੋਗਾ ਕਰ ਦੇਵੇਗੀ।
ਖੇਡਣ ਪ੍ਰਤੀ ਸੋਚਦਿਆਂ ਬਚਪਨੀ ਖਿੱਦੋਖੂੰਡੀ, ਖੁੱਤੀ, ਖੋ-ਖੋ ਨੂੰ ਯਾਦ ਕਰਨਾ। ਤੁਹਾਨੂੰ ਬਚਪਨੀ ਪਲਾਂ ਵਿਚ ਵਿਚਰ ਕੇ ਸਕੂਨ ਮਿਲੇਗਾ। ਕਦੇ ਬੱਚਿਆਂ ਨੂੰ ਖਿਡੌਣਿਆਂ ਅਤੇ ਬੱਚੀਆਂ ਨੂੰ ਗੁੱਡੀਆਂ-ਪਟੋਲਿਆਂ ਨਾਲ ਖੇਡਦਿਆਂ, ਗੁੱਡੇ-ਗੁੱਡੀ ਦਾ ਵਿਆਹ ਰਚਾਉਂਦਿਆਂ ਦੇਖਣਾ, ਉਨ੍ਹਾਂ ਦੀ ਅਰਧ-ਚੇਤਨਾ ਵਿਚ ਆਪਣੇ ਭਵਿੱਖੀ ਜੀਵਨ ਦੀਆਂ ਬਹੁਤ ਸਾਰੀਆਂ ਤੰਦਾਂ ਦ੍ਰਿਸ਼ਟਮਾਨ ਹੋ ਜਾਣਗੀਆਂ। ਬੱਚੇ ਖਿਡੌਣਿਆਂ ਨਾਲ ਖੇਡਦਿਆਂ ਬਹੁਤ ਕੁਝ ਸਿੱਖਦੇ। ਪਿਆਰ ਦਾ ਅਨੁਭਵ, ਭਾਈਵਾਲਤਾ ਦੀ ਸੁਰ ਅਤੇ ਸੁਪਨਈ ਦੁਨੀਆਂ ਵਸਾਉਣ ਦਾ ਅਚੰਭਿਤ ਵਰਤਾਰਾ ਵੀ ਪੈਦਾ ਹੁੰਦਾ।
ਜੀਵਨ ਦੇ ਪੱਤੇ ਲੁਕੋ ਨੇ ਨਾ ਰੱਖੋ। ਇਨ੍ਹਾਂ ਨਾਲ ਚੰਗੀ ਤਰ੍ਹਾਂ ਖੇਡੋ। ਅੱਖਾਂ ਖੋਲ੍ਹ ਕੇ ਅਤੇ ਸਮਝ ਕੇ, ਤਾਂ ਜੋ ਇਸ ਦੁਨੀਆਂ ਦੇ ਨਾਂਵੇਂ ਨਰੋਈਆਂ ਪੈੜਾਂ ਦੇ ਹਸਤਾਖਰ ਕਰ ਸਕੋ। ਕਦੇ ਵੀ ਕਿਸੇ ਹਾਮੀ ਭਰਨ ਵਾਲੇ ਹਮਦਰਦ ਦੀਆਂ ਭਾਵਨਾਵਾਂ ਨਾਲ ਨਾ ਖੇਡੋ, ਕਿਉਂਕਿ ਭਲੇ ਹੀ ਤੁਸੀਂ ਜਿੱਤ ਜਾਵੋ, ਪਰ ਤੁਸੀਂ ਇਕ ਹਮਦਰਦ ਨੂੰ ਸਦਾ ਲਈ ਗਵਾ ਲੈਂਦੇ ਹੋ। ਇਹ ਜਿੱਤਣਾ, ਹਾਰਨ ਨਾਲੋਂ ਮਾੜਾ ਹੁੰਦਾ।
ਖੇਡਣਾ, ਜੀਵਨ ਵਿਚ ਖਲਲ ਨਹੀਂ, ਸਗੋਂ ਖਾਸੀਅਤ ਹੁੰਦਾ। ਜੀਵਨ ਦੀ ਰੰਗ-ਬਰੰਗਤਾ ਨੂੰ ਨਵੀਂ ਨੁਹਾਰ ਬਖਸ਼ਦਾ। ਖੇਡਣ ਦੀ ਖੂਬਸੂਰਤੀ ਹੀ ਇਸ ਵਿਚ ਹੈ ਕਿ ਉਸ ਵਕਤ ਵੀ ਰੂਹਦਾਰੀ ਨਾਲ ਖੇਡਦੇ ਰਹੋ, ਜਦ ਤੁਹਾਨੂੰ ਕੋਈ ਨਹੀਂ ਦੇਖਦਾ, ਪਰ ਤੁਸੀਂ ਖੁਦ ਨੂੰ ਦੇਖ ਰਹੇ ਹੁੰਦੇ ਹੋ। ਖੁਦ ਨਾਲ ਖੇਡਣ ਵਾਲੇ ਹੀ ਖੇੜਿਆਂ ਤੇ ਖੁਸ਼ੀਆਂ ਦਾ ਖਲਿਆਣ ਇਕੱਠਾ ਕਰਦੇ। ਉਮਰ ਦੇ ਵਧਣ ਨਾਲ ਅਸੀਂ ਇਸ ਲਈ ਨਹੀਂ ਖੇਡਦੇ ਕਿ ਅਸੀਂ ਬੁੱਢੇ ਹੋ ਗਏ ਹਾਂ। ਸਗੋਂ ਅਸੀਂ ਬੁੱਢੇ ਹੀ ਇਸ ਕਰਕੇ ਹੁੰਦੇ ਹਾਂ ਕਿ ਅਸੀਂ ਕੋਈ ਖੇਡ ਨਹੀਂ ਖੇਡਦੇ।
ਅੱਗ ਦਾ ਸੁਰੱਖਿਅਤ ਤੇ ਸਹਿਜ ਭਰਿਆ ਸਾਥ, ਸੁਖਨਮਈ ਵਰਤਾਰਾ, ਪਰ ਅੱਗ ਨਾਲ ਖੇਡਣਾ, ਖੁਦ ਦੀ ਬਰਬਾਦੀ। ਅੱਗ, ਮਨੁੱਖ ਅਤੇ ਆਲੇ-ਦੁਆਲੇ ਨੂੰ ਸਵਾਹ ਕਰਦੀ। ਫਿਰ ਇਹ ਸਵਾਹ ਉਡ ਕੇ ਅੱਖਾਂ ਵਿਚ ਧੁੰਦਲਕਾ ਪੈਦਾ ਕਰਦੀ। ਨਫਰਤੀ ਅੱਗ ਨਾਲ ਖੇਡਣ ਵਾਲੇ ਉਜਾੜਿਆਂ ਦੀ ਦਾਸਤਾਨ ਹੁੰਦੇ। ਖੇਡ ਦੌਰਾਨ ਕੁਝ ਪਲਾਂ ਵਿਚ ਹੀ ਵਿਅਕਤੀ ਦੀਆਂ ਉਹ ਪਰਤਾਂ ਨਸ਼ਰ ਹੁੰਦੀਆਂ, ਜਿਨ੍ਹਾਂ ਦਾ ਉਮਰ ਭਰ ਦੀਆਂ ਨਜ਼ਦੀਕੀਆਂ ਨਾਲ ਵੀ ਪਤਾ ਨਹੀਂ ਲੱਗਦਾ। ਦੁਨੀਆਂ ਤਾਂ ਤਾਸ਼ ਵਾਂਗ ਖੇਡਦੀ ਰਹੀ ਸਾਡੀਆਂ ਹੀ ਭਾਵਨਾਵਾਂ ਨਾਲ, ਪਰ ਕਮਾਲ ਦੀ ਗੱਲ ਕਿ ਪੱਤੇ ਦੋਹਾਂ ਨੇ ਸੁੱਟੇ। ਜਿਹੜਾ ਜਿੱਤਿਆ ਉਸ ਨੇ ਵੀ ਤੇ ਜਿਹੜਾ ਹਾਰਿਆ ਉਸ ਨੇ ਵੀ। ਕੌਣ ਜਿੱਤਦਾ, ਕੌਣ ਹਾਰਦਾ, ਇਹ ਮਾਅਨੇ ਨਹੀਂ ਰੱਖਦਾ, ਸਗੋਂ ਇਹ ਅਹਿਮ ਹੁੰਦਾ ਕਿ ਕੌਣ, ਕਿਸ ਤਰ੍ਹਾਂ ਅਤੇ ਕਿਸ ਸ਼ਾਨ ਨਾਲ ਖੇਡਿਆ!
ਖੇਡਣ ਨਾਲ ਪੈਦਾ ਹੁੰਦਾ ਖੇਡ-ਸੰਸਾਰ, ਖੇਡ-ਸਭਿਆਚਾਰ, ਖੇਡ-ਸਾਹਿਤ ਅਤੇ ਖੇਡ-ਵਿਰਸਾ। ਇਸ ਵਿਰਾਸਤ ਨੂੰ ਅੱਗੇ ਤੋਰਦੇ ਨੇ ਖਿਡਾਰੀਆਂ ਦੇ ਵਾਰਸ। ਖੇਡ-ਵਿਰਸੇ ਤੋਂ ਮੁਨਕਰੀ ਹੀ ਨੌਜਵਾਨਾਂ ਨੂੰ ਨਸਿ਼ਆਂ ਜਾਂ ਹੋਰ ਅਲਾਮਤਾਂ ਵੰਨੀਂ ਧਕੇਲਣ ਲਈ ਜਿ਼ੰਮੇਵਾਰ। ਖੇਡਾਂ ਖਿਡਾਰੀਆਂ ਨਾਲ ਜੁੜੀਆਂ ਪ੍ਰੇਰਨਾਦਾਇਕ, ਪ੍ਰਸੰਗਿਕ ਤੇ ਹੁਸੀਨ ਘਟਨਾਵਾਂ ਤੇ ਯਾਦਾਂ ਨੂੰ ਸੰਭਾਲਣ ਦਾ ਸਲਾਹੁਣਯੋਗ ਉਦਮ ਹੈ, ਖੇਡ-ਸਾਹਿਤ। ਅਜੋਕੇ ਸਮੇਂ ਵਿਚ ਇਸ ਦੀ ਅਤਿਅੰਤ ਲੋੜ ਤਾਂ ਕਿ ਮੌਜੂਦਾ ਖਿਡਾਰੀ ਭਵਿੱਖੀ ਖਿਡਾਰੀਆਂ ਦੇ ਰੋਲ ਮਾਡਲ ਬਣਨ। ਖੇਡਣ ਦੌਰਾਨ ਕੋਈ ਤੌਖਲਾ, ਡਰ ਜਾਂ ਸਹਿਮ ਨਹੀਂ ਹੋਣਾ ਚਾਹੀਦਾ। ਜੇ ਮਨ ਵਿਚ ਹਾਰਨ ਦਾ ਡਰ ਹੋਵੇ ਤਾਂ ਸੋਚ ਵਿਚ ਜਿੱਤਣ ਦੀ ਤਮੰਨਾ ਕਦੇ ਪੈਦਾ ਹੀ ਨਹੀਂ ਹੋ ਸਕਦੀ। ਰੰਗਾਂ ਨਾਲ ਖੇਡਦੀ ਲੋਕਾਈ ਦੇ ਚਿਹਰਿਆਂ ‘ਤੇ ਗੁਲਾਲ ਖੇਡਦਾ।
ਕਿਸੇ ਪਾਖੰਡੀ ਦੇ ਦੁਆਰੇ ਖੇਡਣਾ, ਜਦ ਮਾਨਸਿਕ ਬਿਮਾਰੀਆਂ ਦਾ ਰੂਪ ਵਟਾਵੇ ਤਾਂ ਮਾਨਸਿਕ ਗੰੁਝਲਾਂ ਨੂੰ ਜੱਗ ਜਾਹਰ ਕਰ ਜਾਵੇ। ਸੂਖਮ ਮਨ ਦੀਆਂ ਅਜਿਹੀਆਂ ਪਰਤਾਂ ਨੂੰ ਸਾਹਮਣੇ ਲਿਆਵੇ, ਜਿਨ੍ਹਾਂ ‘ਤੇ ਇਹ ਜੱਗ ਚੰਦਰਾ ਪਰਦਾ ਪਾਵੇ। ਧੀਆਂ-ਧਿਆਣੀਆਂ ਜਾਂ ਨਵ-ਵਿਆਹੀਆਂ ਨੂੰ ਪਾਖੰਡੀਆਂ ਸਾਹਮਣੇ ਖੇਡਣ ਦੀ ਨੌਬਤ ਹੀ ਨਾ ਆਵੇ ਜੇ ਸਮਾਜ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਪਾਉਣੀ ਸਿੱਖ ਜਾਵੇ।
ਖੇਡਣਾ, ਖੁਸ਼ ਰਹਿਣ, ਖਰਮਸਤੀਆਂ ਕਰਨ ਅਤੇ ਕਿਰਿਆਸ਼ੀਲਤਾ ਨੂੰ ਕਰਮਯੋਗਤਾ ਬਣਾਉਣ ਲਈ ਸਭ ਤੋਂ ਉਤਮ ਆਹਰ। ਜਦ ਇਹ ਬਣਦਾ ਜੀਵਨ ਵਿਹਾਰ ਤਾਂ ਮਨੁੱਖ ਵਿਚ ਉਪਜਦਾ ਚੱਜ-ਅਚਾਰ, ਜੋ ਬਣ ਕੇ ਸੁੰਦਰ ਕਿਰਦਾਰ, ਸਮਾਜ ਦਾ ਮੁਹਾਂਦਰਾ ਦਿੰਦਾਾ ਏ ਨਿਖਾਰ। ਅਜਿਹਾ ਖੇਡਣ ਲਈ ਖੇਡ ਨੂੰ ਆਪਣੀ ਖਾਬ-ਖਿਆਲੀ ਬਣਾਉਣਾ, ਮਨੁੱਖ ਦਾ ਸਭ ਤੋਂ ਪ੍ਰਮੁੱਖ ਕਾਰਜ।
ਜਿੰ਼ਦਗੀ ਇਕ ਖੇਡ-ਤਮਾਸ਼ਾ। ਜਿੰ਼ਦਗੀ ਦੀ ਆਖਰੀ ਮੰਜਿ਼ਲ ਪਤਾ ਹੁੰਦਿਆਂ ਵੀ ਅਸੀਂ ਖੇਡਣ ਵਿਚ ਸਦਾ ਮਸ਼ਰੂਫ। ਜਿ਼ੰਦਗੀ ਇਕ ਖੇਡ ਹੀ ਤਾਂ ਹੈ। ਇਹ ਮਨੁੱਖ ਨੇ ਖੁਦ ਨਿਸ਼ਚਿਤ ਕਰਨਾ ਹੈ ਕਿ ਉਸ ਨੇ ਖੇਡਣਾ ਹੈ ਜਾਂ ਖੇਡ ਬਣਨਾ ਹੈ?