ਪਰਿਵਾਰ ਵਿਛੋੜਾ ਬਨਾਮ ਪਰਿਵਾਰ ਮਿਲਾਪ

ਇੰਦਰਜੀਤ ਚੁਗਾਵਾਂ
21 ਦਸੰਬਰ ਤੋਂ ਲੈ ਕੇ ਦਸੰਬਰ ਦਾ ਸਾਰਾ ਮਹੀਨਾ ਪੰਜਾਬੀਆਂ ਲਈ ਆਪਣੇ ਵਿਰਸੇ ਦੇ ਵਰਕੇ ਫਰੋਲਣ ਦਾ ਸਮਾਂ ਹੁੰਦਾ ਹੈ। ਇਹ ਉਹ ਦਿਨ ਹਨ, ਜਿਨ੍ਹਾਂ ਦੌਰਾਨ ਜਬਰ-ਜ਼ੁਲਮ ਵਿਰੁੱਧ ਯੁੱਧ ਲੜਨ ਵਾਲੇ ਮਹਾ-ਨਾਇਕ, ਮਰਦ ਅਗੰਮੜੇ, ਲਾਸਾਨੀ ਕਵੀ, ਬੇਮਿਸਾਲ ਜਰਨੈਲ ਦਸਮ-ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਪਰਿਵਾਰ ਸ਼ਹਾਦਤ ਦੇ ਜਾਮ ਪੀ ਗਿਆ। ਇਹ ਜਿੱਥੇ ਮਾਤਮ ਦਾ ਸਮਾਂ ਹੁੰਦਾ ਹੈ, ਉਥੇ ਆਤਮ-ਚਿੰਤਨ ਦਾ ਵੀ!

ਪੰਜਾਬ ਦੀ ਧਰਤੀ ਨੂੰ ਹੀ ਮਾਣ ਹਾਸਲ ਹੈ ਅਜਿਹੇ ਮਹਾ-ਮਾਨਵ ਨੂੰ ਗੋਦ ‘ਚ ਖਿਡਾਉਣ ਦਾ। ਇਸ ਮਹਾ-ਜਰਨੈਲ ਨੇ ਦੱਬੇ-ਕੁਚਲੇ ਲੋਕਾਂ ‘ਚ ਅਜਿਹੀ ਚਿੰਗਾੜੀ ਫੂਕੀ ਕਿ ਉਨ੍ਹਾਂ ਆਪਣੇ-ਆਪ ਨੂੰ ਧਰਤੀ-ਧੱਕ ਸਮਝਦੇ ਜਰਵਾਣਿਆਂ ਨੂੰ ਸਿਰ-ਭਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਮਹਾ-ਯੋਧੇ ਨੇ ਇਹ ਲੜਾਈ ਕੋਈ ਸੱਤਾ ਹਾਸਲ ਕਰਨ ਲਈ ਨਹੀਂ, ਸਗੋਂ ਜਬਰ-ਜ਼ੁਲਮ ਦੇ ਖਾਤਮੇ ਲਈ ਲੜੀ ਸੀ ਤੇ ਆਪਣੇ ਪਰਿਵਾਰ ਨੂੰ ਇਸ ਲੜਾਈ ਤੋਂ ਬਚਾਉਣ ਦੀ ਜ਼ਰਾ ਜਿੰਨੀ ਕੋਸਿ਼ਸ਼ ਨਹੀਂ ਕੀਤੀ। ਇਸ ਦੇ ਉਲਟ ਆਪਣੇ ਨਾਲ ਰਹਿਣ ਵਾਲੇ ਲੜਾਕੂ ਸੈਨਿਕਾਂ ਨੂੰ ਪੁੱਤਾਂ ਤੋਂ ਵੀ ਵੱਧ ਪਿਆਰ ਦਿੱਤਾ। ਜੇ ਉਹ ਚਾਹੁੰਦੇ ਤਾਂ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਦਾ ਉਪਰਾਲਾ ਵੀ ਕਰ ਸਕਦੇ ਸਨ, ਪਰ ਨਹੀਂ! ਉਨ੍ਹਾਂ ਆਪਣੇ ਦੋ ਵੱਡੇ ਸਾਹਿਬਜ਼ਾਦਿਆਂ ਨੂੰ ਆਪਣੇ ਹੱਥੀਂ ਜੰਗ ਦੇ ਮੈਦਾਨ ਵੱਲ ਤੋਰਿਆ। ਉਨ੍ਹਾਂ ਦੇ ਛੋਟੇ ਸਾਹਿਬਜਾਦੇ ਤੇ ਮਾਤਾ ਗੁਜਰੀ ਵੀ ਜਾਲਮ ਸੂਬਾ ਸਰਹਿੰਦ ਦੀ ਈਨ ਨਾ ਮੰਨਦੇ ਹੋਏ ਸ਼ਹੀਦੀ ਪਾ ਗਏ। ਇਹ ਸਮੁੱਚਾ ਪਰਿਵਾਰ ਆਪਣੀ ਲਾਸਾਨੀ ਸ਼ਹਾਦਤ ਨਾਲ ਪੰਜਾਬ ਦੀ ਮਿੱਟੀ ਨੂੰ ਅਜਿਹੀ ਪਾਣ ਚਾੜ੍ਹ ਗਿਆ ਕਿ ਇਸ ਦੇ ਜ਼ੱਰੇ-ਜ਼ੱਰੇ ‘ਚੋਂ ਜੰਗਜੂ ਪੈਦਾ ਹੋਣ ਲੱਗੇ।
‘ਫਖਰ-ਇ-ਕੌਮ’ ਦਾ ਮੁਖੌਟਾ ਪਾ ਕੇ ਕੁਝ ਇੱਕ ਲੂੰਬੜਾਂ ਨੇ ਪੰਜਾਬ ਦੀ ਮਿੱਟੀ ‘ਚੋਂ ਇਸ ਮਹਾ-ਨਾਇਕ ਵੱਲੋਂ ਪੈਦਾ ਕੀਤੇ ਲੋਹ-ਕਣਾਂ ਨੂੰ ਖਤਮ ਕਰਨ ਦੀ ਪੂਰੀ ਕੋਸਿ਼ਸ਼ ਕੀਤੀ। ਉਨ੍ਹਾਂ ਪੰਜਾਬ ਦੇ ਦਗਦਗ ਕਰਦੇ ਸੂਹੇ ਮੱਥੇ ‘ਤੇ ‘ਚਿੱਟਾ’ ਮਲਣ ‘ਚ ਕੋਈ ਕਸਰ ਨਹੀਂ ਛੱਡੀ। ਉਹ ਪੂਰੀ ਤਰ੍ਹਾਂ ਨਿਸ਼ਚਿੰਤ ਹੋ ਗਏ ਸਨ ਕਿ ਹੁਣ ਕੋਈ ਸਿਰ ਚੁੱਕਣ ਜੋਗਾ ਨਹੀਂ ਰਿਹਾ। ਉਨ੍ਹਾਂ ਦਿੱਲੀ ਦੇ ਤਖਤ ‘ਤੇ ਬਿਰਾਜਮਾਨ ‘ਭਗਵੇਂ ਔਰੰਗਜ਼ੇਬ’ ਨੂੰ ਆਪਣੇ ਵੱਲੋਂ ਪੂਰਾ ਯਕੀਨ ਦੁਆ ਛੱਡਿਆ ਸੀ ਕਿ ਹੁਣ ਤੇਰੇ ਲਈ ਮੈਦਾਨ ਸਾਫ ਹੈ, ਪਰ ਸਾਡਾ ਹਿੱਸਾ ਸਾਨੂੰ ਪੂਰਾ ਮਿਲਣਾ ਚਾਹੀਦੈ। ਉਹ ਇਹ ਭੁੱਲ ਗਏ ਕਿ ਮਿੱਟੀ ‘ਚੋਂ ਲੋਹੇ ਦੀ ਤਾਸੀਰ ਕਦੇ ਖਤਮ ਨਹੀਂ ਹੁੰਦੀ। ਅੱਜ ਦਾ ਆਲਮ ਇਹੋ ਕੁਝ ਦੱਸ ਰਿਹਾ ਹੈ।
‘ਭਗਵੇਂ ਔਰੰਗਜ਼ੇਬ’ ਵੱਲੋਂ ‘ਧਰਤੀ-ਪੁੱਤਰਾਂ’ ਦੇ ਖਾਤਮੇ ਲਈ ਘੜੇ ਗਏ ਕਾਲੇ ਕਾਨੂੰਨਾਂ ਵਿਰੁੱਧ ਤਿੰਨ ਮਹੀਨੇ ਪਹਿਲਾਂ ਸ਼ੁਰੂ ਹੋਏ ਅੰਦੋਲਨ ਨੇ ਅਜਿਹਾ ਜ਼ੋਰ ਫੜਿਆ ਹੈ ਕਿ ਇਸ ਦੀ ਧਮਕ ਪੂਰੀ ਦੁਨੀਆਂ ‘ਚ ਪੈਣ ਲੱਗੀ ਹੈ। ਦਿੱਲੀ ਨੂੰ ਘੇਰੀ ਬੈਠੇ ਲੋਕਾਂ ਦੇ ਚਿਹਰਿਆਂ ‘ਚੋਂ ਸਾਡੇ ਇਸ ਮਹਾ-ਜਰਨੈਲ ਦੇ ਪਰਿਵਾਰ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਟੈਂਟ ‘ਚ ਬਿਮਾਰ ਪਈ ਬੁੱਢੜੀ ਬੇਬੇ ‘ਚੋਂ ਮੈਨੂੰ ਮਾਤਾ ਗੁਜਰੀ ਦੀ ਝਲਕ ਪੈਂਦੀ ਹੈ। ਮੋਰਚੇ ‘ਚ ਸ਼ਾਮਲ ਹੋਣ ਜਾਂਦੇ ਜਾਂ ਵਾਪਸੀ ਸਮੇਂ ਹਾਦਸਿਆਂ ‘ਚ ਸ਼ਹੀਦ ਹੋ ਰਹੇ ਗੱਭਰੂਆਂ ‘ਚੋਂ ਮੈਨੂੰ ਵੱਡੇ ਸਾਹਿਬਜ਼ਾਦਿਆਂ ਦੀ ਨੁਹਾਰ ਲੱਭਦੀ ਹੈ। ਆਪਣੀਆਂ ਦਾਦੀਆਂ ਦੀ ਗੋਦ ‘ਚ ਹੱਥਾਂ ਵਿਚ ਝੰਡੇ ਫੜੀ ਬੈਠੇ ਬਾਲਾਂ ਤੋਂ ਲਗਦੈ ਜਿਵੇਂ ਛੋਟੇ ਸਾਹਿਬਜ਼ਾਦੇ ਸਰਹਿੰਦ ਦੀਆਂ ਕੰਧਾਂ ਤੋੜ ਕੇ ਜਿਊ ਉੱਠੇ ਹੋਣ। ਮੈਂ ਮਹਿਸੂਸ ਕਰ ਰਿਹਾ ਹਾਂ ਜਿਵੇਂ ਪਰਿਵਾਰ ਵਿਛੋੜੇ ਦੇ ਵਿਯੋਗ ਨੂੰ ਪਰਿਵਾਰ ਮਿਲਾਪ ‘ਚ ਢਾਲ ਲਿਆ ਹੋਵੇ ਮੇਰੇ ਪੰਜਾਬ ਨੇ…! ਮਾਣ ਨਾਲ ਮੇਰਾ ਸੀਨਾ ਚੌੜਾ ਹੋ ਜਾਂਦਾ ਹੈ…!
ਜਦ ਵੀ ਏਥੇ ਕਿੱਧਰੇ ਕਿਸੇ ਨਾਲ ਗੱਲਬਾਤ ਹੁੰਦੀ ਹੈ ਤਾਂ ਫਖਰ ਨਾਲ ਆਖ ਹੋ ਜਾਂਦੈ, “ਯੂ ਨੋ, ਵੁਈ ਆਰ ਪੰਜਾਬੀ…! ਵੁਈ ਆਰ ਲੀਡਿੰਗ ਦ ਫਾਈਟ ਅਗੇਂਸਟ ਐਂਟੀ ਪੀਪਲ ਪਾਲਿਸੀਜ ਆਫ ਮੋਦੀ ਗਵਰਨਮੈਂਟ…!”
ਜਦ ਇਸ ਲੋਕ-ਯੁੱਧ ‘ਚ ਡਟੇ ਹੋਏ ਸਧਾਰਨ ਕਿਸਾਨ-ਮਜ਼ਦੂਰਾਂ ਨੂੰ ਮੀਡੀਆ ਸਾਹਮਣੇ ਬੋਲਦਿਆਂ ਦੇਖਦਾ ਹਾਂ ਤਾਂ ਪਤਾ ਲੱਗਦੈ ਕਿ ਜਿਸ ਪੰਜਾਬ ਨੂੰ ਖਤਮ ਸਮਝੀ ਬੈਠੀ ਸੀ ਚੰਡਾਲ-ਚੌਂਕੜੀ, ਉਸ ਨੇ ਇੱਕ ਦਮ ਨੀਂਦ ‘ਚੋਂ ਜਾਗ ਕੇ ਦਹਾੜ ਮਾਰੀ ਹੈ ਤੇ ਆਲਾ-ਦੁਆਲਾ ਕੰਬ ਉੱਠਿਆ ਹੈ!
ਇਸ ਯੁੱਧ ਦੇ ਮੈਦਾਨ ‘ਚੋਂ ਵੱਖ ਵੱਖ ਇਤਿਹਾਸਕ ਯੋਧਿਆਂ ਨੂੰ ਜਿਉਂ ਉੱਠੇ ਦੇਖ ਰਿਹਾ ਹਾਂ…ਇਸ ਯੁੱਧ ਦੀ ਅਗਵਾਈ ਕਰ ਰਹੇ ਕਿਸਾਨ ਆਗੂਆਂ ‘ਚ ਹਰੀ ਸਿੰਘ ਨਲੂਆ ਦੀ ਰੂਹ ਪ੍ਰਵੇਸ਼ ਹੋ ਗਈ ਪ੍ਰਤੀਤ ਹੁੰਦੀ ਹੈ; ਕਿੱਧਰੇ ਬਾਬਾ ਬਘੇਲ ਸਿੰਘ ਸਾਕਾਰ ਸਨਮੁਖ ਖੜ੍ਹਾ ਜਾਪਦੈ! ਕਿੱਧਰੇ ਭਗਤ ਸਿੰਘ ‘ਇਨਕਲਾਬ ਜਿ਼ੰਦਾਬਾਦ’ ਦਾ ਨਾਅਰੇ ਲਾਉਂਦਾ ਨਜ਼ਰੀਂ ਪੈਂਦਾ ਹੈ, ਕਿਧਰੇ ਕਰਤਾਰ ਸਰਾਭਾ ‘ਸੇਵਾ ਦੇਸ ਦੀ ਜਿੰਦੜੀਏ ਬੜੀ ਔਖੀ’ ਗਾ ਕੇ ਵੰਗਾਰ ਰਿਹਾ ਹੈ ਤੇ ਊਧਮ ਸਿੰਘ ਬਾਂਹ ਖੜ੍ਹੀ ਕਰ ਆਖ ਰਿਹਾ ਦਿਸਦੇ, “ਵੈਰੀ ਤੇ ਮਿੱਤਰ ਦੀ ਪਛਾਣ ਕਰਨਾ ਸਾਨੂੰ ਭਲੀ-ਭਾਂਤ ਆਉਂਦੈ!”
ਸੋਚਿਆ ਕਿ ਹੁਣ ਹੋਣਾ ਚਾਹੀਦਾ ਸੀ ਸ਼ਾਹ ਮੁਹੰਮਦ, ਜੋ ਲਿਖਦਾ ਇਸ ਯੁੱਧ ਦੀ ਗਾਥਾ। ਫੇਰ ਇਹ ਸੋਚ ਕੇ ਮਨ ਨੂੰ ਤਸੱਲੀ ਮਿਲਦੀ ਹੈ ਕਿ ਸਾਡਾ ਗੁਰਮੀਤ ਕੜਿਆਲਵੀ ਜੁ ਹੈ, ਜੋ ਇਸ ਲੋਕ-ਯੁੱਧ ਦੇ ਨਾਲ ਪਰਛਾਵੇਂ ਵਾਂਗ ਤੁਰਿਆ ਹੋਇਐ! ਉਸ ਦੀਆਂ ਲਿਖਤਾਂ ਇਸ ਯੁੱਧ ਦੇ ਰੌਂਅ ਨੂੰ ਬਿਆਨਦੀਆਂ ਹੀ ਨਹੀਂ, ਸਗੋਂ ਇਸ ਦੀ ਧਾਰ ਨੂੰ ਹੋਰ ਤਿੱਖੇਰਾ ਕਰਦੀਆਂ ਹਨ। ਉਹ ਸਪੱਸ਼ਟ ਲਕੀਰ ਖਿੱਚਦੀਆਂ ਹਨ ਕਿ ਵਿਚ-ਵਿਚਾਲਾ ਕੋਈ ਨਹੀਂ, ਹੁਣ ਗੱਲ ਆਰ ਜਾਂ ਪਾਰ ਦੀ ਹੈ।
ਬੱਸ, ਇੱਕੋ ਦੁੱਖ ਹੈ ਕਿ ਇਸ ਯੁੱਧ ਦੀ ਅਗਲੇਰੀ ਚੌਂਕੀ ‘ਤੇ ਪਲ-ਪਲ ਦੀ ਖਬਰ ਰੱਖਣ ਤੇ ਲੋਕਾਂ ਨਾਲ ਸਾਂਝੀ ਕਰਨ ਲਈ ਮੈਨੂੰ ਵੀ ਹਾਜ਼ਰ ਹੋਣਾ ਚਾਹੀਦਾ ਸੀ, ਪਰ ਇਹ ਸੋਚ ਕੇ ਮਨ ਸ਼ਾਂਤ ਕਰ ਲੈਂਦਾ ਹਾਂ, “ਜੇ ਤੂੰ ਖੁਦ ਨਹੀਂ ਤਾਂ ਕੀ ਹੋਇਆ, ਸੁਸ਼ੀਲ ਦੁਸਾਂਝ ਕਸਰ ਪੂਰੀ ਕਰੀ ਜਾ ਰਿਹੈ! ਉਸ ‘ਚੋਂ ਦੇਖ ਆਪਣੇ ਆਪ ਨੂੰ!” ਅਜਿਹਾ ਨਹੀਂ ਕਿ ਇਨ੍ਹਾਂ ਤੋਂ ਇਲਾਵਾ ਕੁਝ ਵੀ ਨਹੀਂ, ਹੋਰ ਵੀ ਹਨ, ਪਰ ਇਹ ਮੇਰੇ ਵੱਧ ਨਜ਼ਦੀਕ ਹਨ ਨਾ, ਇਸ ਕਰਕੇ…!
ਯੁੱਧ ਲੜਿਆ ਜਾ ਰਿਹੈ!
ਸ਼ਹਾਦਤਾਂ ਦਾ ਦੌਰ ਜਾਰੀ ਹੈ!
ਮੇਰੇ ਪੰਜਾਬ ਦੇ ਸੀਨੇ ‘ਚ ਇੱਕ ਤੂਫਾਨ ਹੈ, ਇਸ ਨੂੰ ਸ਼ਾਂਤ ਕਰਨਾ ਕੋਈ ਸੌਖਾ ਕਾਰਜ ਨਹੀਂ!
ਸ਼ਹਾਦਤਾਂ ‘ਤੇ ਅਸੀਂ ਫਖਰ ਕਰਦੇ ਹਾਂ,
ਮਾਤਮ ਮਨਾਉਣ ਦਾ ਅਜੇ ਸਮਾਂ ਨਹੀਂ ਹੈ!
ਖੁਸ਼ੀ ਵੇਲੇ ਕਦੇ ਰੋ ਵੀ ਲਵਾਂਗੇ…!
ਜਿਵੇਂ ਪ੍ਰੋ. ਮੋਹਨ ਸਿੰਘ ਨੇ ਲਿਖਿਆ ਸੀ,
ਵਿਚ ਨਾ ਰੋਣਾ ਜਾਣੀਏਂ ਅਸੀਂ ਦੁੱਖਾਂ ਤੰਗੀਆਂ
ਵਿਚ ਖੁਸ਼ੀਆਂ ਦੇ ਰੋਣਾ ਹੈ ਰੀਤ ਅਸਾਡੀ!
ਆਓ, ਪਰਿਵਾਰ ਵਿਛੋੜੇ ਵਾਲੇ ਆਪਣੇ ਮਹਾ-ਨਾਇਕਾਂ ਦੀ ਵਿਰਾਸਤ ਨੂੰ ਜਿਉਂਦਾ ਰੱਖਦਿਆਂ ਪਰਿਵਾਰ-ਮਿਲਾਪ ਦੇ ਇਸ ਦੌਰ ਦਾ ਜਸ਼ਨ ਮਨਾਈਏ ਤੇ ਇਸ ਲੋਕ-ਯੁੱਧ ਨੂੰ ਇਸ ਦੇ ਮੁਕਾਮ ਤੱਕ ਲੈ ਕੇ ਜਾਈਏ!
ਇਸ ਲੋਕ-ਯੁੱਧ ਦੀ ਵਿਰਾਸਤ ਨੂੰ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਹਵਾਲੇ ਕਰਨਾ ਹੈ ਤੇ ਉਨ੍ਹਾਂ ਦੇ ਸਿਰ ਪਲੋਸ ਕੇ ਆਖਣਾ ਹੈ, “ਪਰਿਵਾਰ ਵਿਛੋੜੇ ਦੀ ਵਿਰਾਸਤ ਨੂੰ ਸਿਰਫ ਯਾਦ ਰੱਖਣਾ ਹੀ ਕਾਫੀ ਨਹੀਂ ਹੁੰਦਾ, ਮੌਜੂਦਾ ਹਾਲਾਤ ਮੁਤਾਬਕ ਇਸ ‘ਚੋਂ ਸਬਕ ਕੱਢ ਕੇ ਆਪਣਾ ਰਾਹ ਚੁਣਨਾ ਹੀ ਸੱਚੇ ਵਾਰਿਸ ਹੋਣਾ ਹੁੰਦਾ ਹੈ!”