ਜਮੀਰ ਦੀ ਅਵਾਜ਼

ਹਰਜੀਤ ਦਿਉਲ, ਬਰੈਂਪਟਨ
ਸਾਡੀ ਜਮੀਰ ਸਾਡਾ ਅਣਮੋਲ ਖਜਾਨਾ ਹੈ, ਪਰ ਜੇ ਇਹ ਜਾਗਦੀ ਹੋਵੇ! ਇਸ ਨੂੰ ਆਤਮਾ ਵੀ ਕਿਹਾ ਜਾਂਦਾ ਹੈ। ਇਹ ਸੌਂ ਵੀ ਜਾਂਦੀ ਹੈ; ਜਿਵੇਂ ਬਿਜਲੀ ਦੇ ਬਲਬ ‘ਤੇ ਗਰਦ ਪੈਂਦੇ ਜਾਣ ਨਾਲ ਇਸ ਦੀ ਰੋਸ਼ਨੀ ਘਟਦੀ ਜਾਂਦੀ ਹੈ, ਇਵੇਂ ਹੀ ਸੰਸਾਰਕ ਪਦਾਰਥਵਾਦ, ਜਮਾਤੀ ਪੱਖਪਾਤ ਜਾਂ ਧਾਰਮਕ ਕੱਟੜਤਾ ਦੀ ਧੂੜ ਨਾਲ ਸਾਡੀ ਜਮੀਰ ਵੀ ਧੁੰਦਲੀ ਪੈਂਦੀ ਜਾਂਦੀ ਹੈ। ਬਹੁਤੀ ਮੋਟੀ ਧੂੜ ਨਾਲ ਢਕ ਗਈ ਜਮੀਰ ਦਾ ਸਾਫ ਹੋਣਾ ਮੁਸ਼ਕਿਲ ਹੁੰਦਾ ਹੈ, ਪਰ ਕਈ ਵੇਰਾਂ ਈਮਾਨਦਾਰੀ ਨਾਲ ਆਪਾ ਫਰੋਲਦਿਆਂ ਇਹ ਅਚਾਨਕ ਜਾਗ ਜਾਂਦੀ ਹੈ, ਜਿਸ ਲਈ ਕਈ ਵਾਰੀ ਭਾਰੀ ਮੁੱਲ ਵੀ ਤਾਰਨਾ ਪੈਂਦਾ ਹੈ।

ਫਰਾਂਸ ਵਿਚ ਜਨਮੇ ਮਸ਼ਹੂਰ ਆਰਟਿਸਟ ਵਿੰਸੈਟ ਵਾਨ ਗਾਗ ਦੀ ਜੀਵਨੀ ‘ਤੇ ਆਧਾਰਿਤ ਇਰਵਿੰਗ ਸਟੋਨ ਦੁਆਰਾ ਲਿਖਿਤ ਨਾਵਲ ‘ਲਸਟ ਫਾਰ ਲਾਈਫ’ ਪੜ੍ਹਦਿਆਂ ਗਿਆਤ ਹੋਇਆ ਕਿ ਅਚਾਨਕ ਆਪਣੀ ਜਮੀਰ ਦੇ ਜਾਗ ਜਾਣ ਕਰਕੇ ਦੁਨਿਆਂਦਾਰੀ ਤੋਂ ਅਣਜਾਣ ਇਸ ਕਲਾਕਾਰ ਨੇ ਆਪਣੀ ਜਿ਼ੰਦਗੀ ਡਾਢੀਆਂ ਮੁਸੀਬਤਾਂ ਵਿਚ ਫਸਾ ਲਈ ਅਤੇ ਜਿ਼ੰਦਗੀ ਦੇ ਭਿਆਨਕ ਅੰਤ ਦਾ ਸਿ਼ਕਾਰ ਹੋਇਆ। ਫਰਾਂਸ ਵਿਖੇ 1853 ਵਿਚ ਜੰਮਿਆ ਵਿੰਸੈਟ ਵਾਨ ਗਾਗ ਬਚਪਨ ਤੋਂ ਹੀ ਗੰਭੀਰ ਅਤੇ ਅੰਤਰਮੁਖੀ ਸ਼ਖਸੀਅਤ ਦਾ ਮਾਲਕ ਸੀ। ਮੁਢਲੀ ਪੜ੍ਹਾਈ ਉਪਰੰਤ ਉਸ ਨੇ ਕੁਝ ਚਿਰ ਆਰਟ ਡੀਲਰ ਦਾ ਕੰਮ ਵੀ ਕੀਤਾ। ਬਾਅਦ ਵਿਚ ਉਸ ਦੇ ਧਾਰਮਕ ਪ੍ਰਵਿਰਤੀ ਦੇ ਮਾਪਿਆਂ ਨੇ ਉਸ ਨੂੰ ਕ੍ਰਿਸ਼ਚੀਅਨ ਧਰਮ ਦੇ ਮਿਸ਼ਨਰੀ ਵਜੋਂ ਟਰੇਨਿੰਗ ਦਿਵਾ ਕੇ ਇੱਕ ਕੈਥੋਲਿਕ ਚਰਚ ਵਿਚ ਧਰਮ ਪ੍ਰਚਾਰਕ ਦੀ ਸੇਵਾ ਨਿਭਾਉਣ ਦੇ ਅਹੁਦੇ ‘ਤੇ ਨਿਯੁਕਤ ਕਰਵਾ ਦਿੱਤਾ। ਇਹ ਚਰਚ ਬੈਲਜੀਅਮ ਦੇ ਕਿਸੇ ਇਲਾਕੇ ਵਿਚ ਕੋਲਾ ਖਦਾਨਾਂ ਵਿਚ ਕੰਮ ਕਰਦੇ ਮਜਦੂਰਾਂ ਦੀ ਸੰਘਣੀ ਵੱਸੋਂ ਵਿਚਕਾਰ ਸਥਿਤ ਸੀ। ਉਹ ਹਰ ਐਤਵਾਰ ਇਕੱਠੇ ਹੋਏ ਮਜਦੂਰਾਂ ਨੂੰ ਬਾਈਬਲ ਦੇ ਉਪਦੇਸ਼ ਦਿੰਦਾ ਅਤੇ ਉਨ੍ਹਾਂ ਅੰਦਰ ਧਾਰਮਿਕ ਬਿਰਤੀ ਬਣਾਈ ਰੱਖਣ ਦਾ ਯਤਨ ਕਰਦਾ। ਇਨ੍ਹਾਂ ਮਜਦੂਰਾਂ ਦੀ ਹਾਲਤ ਬਹੁਤ ਤਰਸਯੋਗ ਸੀ, ਕਿਉਂਕਿ ਦਿਨ ਭਰ ਸਖਤ ਮਿਹਨਤ ਕਰ ਕੇ ਉਹ ਮਸਾਂ ਦੋ ਡੰਗ ਦੀ ਰੋਟੀ ਦਾ ਹੀ ਜੁਗਾੜ ਕਰ ਪਾਉਂਦੇ। ਅੱਤ ਦੀ ਗਰੀਬੀ ਭੋਗਦੇ ਝੁੱਗੀ-ਝੋਪੜੀਆਂ ‘ਚ ਰਹਿੰਦੇ ਇਨ੍ਹਾਂ ਕਿਰਤੀਆਂ ਨੂੰ ਦਵਾਈਆਂ ਭੋਜਨ ਅਤੇ ਸਾਫ ਪਾਣੀ ਦੀ ਹਮੇਸ਼ਾ ਕਮੀ ਰਹਿੰਦੀ। ਬੀਮਾਰ ਹੋਣ ਦੀ ਹਾਲਤ ਵਿਚ ਦਿਹਾੜੀ ਭੰਨ ਹੋ ਜਾਣ ਕਰਕੇ ਰੋਟੀ ਦੇ ਲਾਲੇ ਪੈ ਜਾਂਦੇ। ਇਸ ਸਭ ਨੂੰ ਦੇਖ ਸੰਵੇਦਨਸ਼ੀਲ ਵਿੰਸੈਟ ਗਾਗ ਦੁਖੀ ਹੁੰਦਾ, ਪਰ ਉਹ ਥੋੜ੍ਹੀ ਬਹੁਤ ਮਦਦ ਤੋਂ ਬਿਨਾ ਹੋਰ ਕੁਝ ਕਰ ਵੀ ਨਹੀਂ ਸਕਦਾ ਸੀ।
ਇੱਕ ਦਿਨ ਜਦ ਉਹ ਮਜਦੂਰਾਂ ਦੀਆਂ ਝੁੱਗੀਆਂ ਦਾ ਦੌਰਾ ਕਰ ਰਿਹਾ ਸੀ ਤਾਂ ਉਸ ਇੱਕ ਝੁੱਗੀ ਅੰਦਰ ਇੱਕ ਬੀਮਾਰ ਪਏ ਬੱਚੇ ਨੂੰ ਦੇਖਿਆ, ਜਿਸ ਦੀ ਮਾਂ ਉਸ ਦੀ ਤੀਮਾਰਦਾਰੀ ਲਈ ਕੰਮ ‘ਤੇ ਵੀ ਨਹੀਂ ਜਾ ਸਕੀ ਸੀ। ਵਾਨ ਗਾਗ ਉਸ ਔਰਤ ਨੂੰ ਜੇਬ ‘ਚ ਪਏ ਕੁਝ ਸਿੱਕੇ ਮਦਦ ਵਜੋਂ ਦੇ ਦੁਖੀ ਮਨ ਨਾਲ ਆਪਣੀ ਰਿਹਾਇਸ਼ ‘ਚ ਪਹੁੰਚ ਗਿਆ। ਉਹ ਲਗਾਤਾਰ ਉਸ ਸੰਕਟ ਵਿਚ ਘਿਰੇ ਪਰਿਵਾਰ ਬਾਰੇ ਹੀ ਸੋਚ ਰਿਹਾ ਸੀ। ਉਸ ਦਾ ਢਿੱਡ ਭਰਿਆ ਸੀ, ਹੋਰ ਚੰਗਾ ਭੋਜਨ ਉਪਲਬਧ ਸੀ। ਸਜੇ ਹੋਏ ਕਮਰੇ ਵਿਚ ਸਾਫ ਸੁਥਰਾ ਆਰਾਮਦਾਇਕ ਬਿਸਤਰ ਸੀ। ਪਹਿਨਣ ਲਈ ਅਲਮਾਰੀ ਵਿਚ ਕਾਫੀ ਕੱਪੜੇ ਸਨ। ਹੋਰ ਖਰਚਿਆਂ ਲਈ ਉਸ ਨੂੰ ਯਥਾਯੋਗ ਪੈਸੇ ਮਿਲਦੇ ਸਨ।
ਅਚਾਨਕ ਉਸ ਦੀ ਜਮੀਰ ਨੇ ਉਸ ਨੂੰ ਬੁਰੀ ਤਰ੍ਹਾਂ ਝੰਜੋੜਿਆ। ਉਸ ਨੂੰ ਲੱਗਾ, ਉਹ ਹੱਦ ਦਰਜੇ ਦਾ ਕਾਇਰ, ਝੂਠਾ ਅਤੇ ਮੱਕਾਰ ਹੈ। ਉਹ ਅਤਿ ਦੀ ਗਰੀਬੀ ਅਤੇ ਕਸ਼ਟਾਂ ਦਾ ਜੀਵਨ ਜੀ ਰਹੇ ਲੋਕਾਂ ਨੂੰ ਉਪਦੇਸ਼ ਦਿੰਦਾ ਹੈ ਅਤੇ ਉਨ੍ਹਾਂ ਨੂੰ ਉਸ ਈਸ਼ਵਰ ‘ਚ ਆਸਥਾ ਰੱਖਣ ਲਈ ਕਹਿੰਦਾ ਹੈ, ਜੋ ਸਦੀਆਂ ਤੋਂ ਉਨ੍ਹਾਂ ਦੀ ਕੋਈ ਮਦਦ ਨਹੀਂ ਕਰ ਰਿਹਾ। ਉਸ ਮਹਿਸੂਸ ਕੀਤਾ ਕਿ ਉਹ ਇੱਕ ਬੇਕਾਰ ਧਰਮ ਅਤੇ ਝੂਠੇ ਈਸ਼ਵਰ ਦਾ ਵਿਚੋਲੀਆ ਮਾਤਰ ਹੈ। ਮਜ਼ਦੂਰਾਂ ਨੂੰ ਤਾਂ ਉਸ ਨਾਲ ਨਫਰਤ ਕਰਨੀ ਚਾਹੀਦੀ ਹੈ, ਜੋ ਉਸ ਦੀ ਇੱਜਤ ਕਰਦੇ ਹਨ। ਉਹ ਤਾਂ ਮਜ਼ਦੂਰਾਂ ਨੂੰ ਸਰਾਸਰ ਧੋਖਾ ਦੇ ਰਿਹਾ ਹੈ। ਨਹੀਂ! ਮੈਂ ਇਹ ਬੇਈਮਾਨੀ ਨਹੀਂ ਕਰ ਸਕਦਾ।
ਉਹ ਉੱਠਿਆ, ਬਾਈਬਲ ਨੂੰ ਅਲਮਾਰੀ ਵਿਚ ਰੱਖਿਆ ਅਤੇ ਆਰਾਮਦਾਇਕ ਕਮਰਾ ਛੱਡ ਖਾਲੀ ਜੇਬ ਮਜ਼ਦੂਰਾਂ ਦੀਆਂ ਝੁੱਗੀਆਂ ਵਿਚ ਜਾ ਰਹਿਣ ਲੱਗਾ। ਲੋਕਾਂ ਨੂੰ ਉਸ ਦਾ ਇਹ ਵਤੀਰਾ ਅਜੀਬ ਲੱਗਾ, ਪਰ ਉਹ ਉਨ੍ਹਾਂ ਨਾਲ ਹੀ ਕੋਇਲਾ ਖਾਨਾਂ ਵਿਚ ਮਜਦੂਰੀ ਕਰ ਗੁਜ਼ਾਰਾ ਕਰਨ ਲੱਗਾ। ਅੱਤ ਦੀ ਗਰੀਬੀ ਅਤੇ ਪ੍ਰੇਸ਼ਾਨੀ ਝੱਲਦਿਆਂ ਉਹ ਕੁਦਰਤ ਦੀ ਖੂਬਸੂਰਤੀ ਵੱਲ ਆਕਰਸਿ਼ਤ ਹੋ ਗਿਆ ਤੇ ਪੇਂਟਿੰਗਾਂ ਬਣਾਉਣੀਆਂ ਅਰੰਭ ਕਰ ਦਿੱਤੀਆਂ। ਉਸ ਦਾ ਛੋਟਾ ਭਰਾ ਥਿਓ ਉਸ ਦੀ ਮਾਇਕ ਮਦਦ ਕਰਦਾ ਰਹਿੰਦਾ ਸੀ, ਕਿੳਂਕਿ ਉਹ ਉਸ ਦੀ ਤਰਸਯੋਗ ਮਾਨਸਿਕ ਪੀੜਾ ਸਮਝਦਾ ਸੀ। ਵਾਨ ਗਾਗ ਕਿਸੇ ਹੋਰ ਹੀ ਮਿੱਟੀ ਦਾ ਬਣਿਆ ਸੀ, ਜਿਸ ਨੂੰ ਦੁਨੀਆਂਦਾਰੀ ਕਦੇ ਰਾਸ ਨਹੀਂ ਆਈ। ਉਹ ਰੰਗ ਬੁਰਸ਼ ਅਤੇ ਈਜ਼ਲ ਬੋਰਡ ਲੈ ਖੇਤਾਂ, ਜੰਗਲਾਂ ਵਿਚ ਘੁੰਮਦਾ ਪੇਂਟਿੰਗਾਂ ਬਣਾਉਂਦਾ ਰਿਹਾ, ਪਰ ਉਨ੍ਹਾਂ ਦਾ ਕੋਈ ਮੁੱਲ ਨਾ ਪਿਆ। ਆਖੀਰ ਵਿਚ ਡਿਪਰੈਸ਼ਨ ਦਾ ਸਿ਼ਕਾਰ ਹੋ ਉਸ ਨੇ ਜੁਲਾਈ 1890 ਵਿਚ ਆਪਣੇ ਸਿਰ `ਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਇੱਕ ਬੇਹੱਦ ਸੰਵੇਦਨਸ਼ੀਲ ਕਲਾਕਾਰ ਦਾ ਦੁਖਦ ਅੰਤ ਸੀ, ਜਿਸ ਦੀਆਂ ਪੇਂਟਿੰਗਾਂ ਉਸ ਦੀ ਮੌਤ ਬਾਅਦ ਹਜਾਰਾਂ, ਲੱਖਾਂ ਡਾਲਰਾਂ ‘ਚ ਵਿਕੀਆਂ। ਕਾਸ਼! ਉਸ ਦੀਆਂ ਤਸਵੀਰਾਂ ਦਾ ਮੁੱਲ ਉਸ ਦੇ ਜਿਉਂਦੇ ਜੀਅ ਪੈ ਜਾਂਦਾ, ਪਰ ਸ਼ਾਇਦ ਉਸ ਦੀ ਤਕਦੀਰ ‘ਚ ਅਚਾਨਕ ਜਾਗ ਗਈ ਜਮੀਰ ਦਾ ਬਹੁਤ ਵੱਡਾ ਮੁੱਲ ਤਾਰਨਾ ਹੀ ਲਿਖਿਆ ਸੀ।