ਕਿਵੇਂ ਬਚੇ ਪੰਜਾਬ ਦੀ ਕਿਸਾਨੀ?

ਬਲਿਹਾਰ ਸਿੰਘ ਲੇਹਲ, ਸਿਆਟਲ
ਪੰਜਾਬ ਦੇ ਕਿਸਾਨਾਂ ਵਲੋਂ ਖੇਤੀ ਬਿੱਲਾਂ ਦੇ ਵਿਰੋਧ ਵਿਚ ਚੱਲ ਰਿਹਾ ਸੰਘਰਸ਼ ਪੂਰੇ ਸਿਖਰ ਉੱਤੇ ਹੈ। ਖੇਤੀ ਕਾਨੂੰਨਾਂ ਬਾਰੇ ਇਸ ਸੰਘਰਸ਼ ਦਾ ਸਿੱਟਾ ਜੋ ਮਰਜੀ ਨਿਕਲੇ, ਪਰ ਇਹ ਸੰਘਰਸ਼ ਆਪਣੇ ਆਪ ਵਿਚ ਇੱਕ ਬੁਹਤ ਵੱਡੀ ਜਿੱਤ ਹੈ। ਸਰਕਾਰ ਜੇ ਇਹ ਤਿੰਨੇ ਕਨੂਨ ਰੱਦ ਕਰ ਵੀ ਦੇਵੇ ਤਾਂ ਵੀ ਪੰਜਾਬ ਦੀ ਕਿਸਾਨੀ ਖਤਰੇ ਵਿਚ ਹੈ। ਇਨ੍ਹਾਂ ਕਾਨੂੰਨਾਂ ਦੇ ਪਾਸ ਹੋਣ ਤੋਂ ਪਹਿਲਾਂ ਕਿਸਾਨ ਕਿਉਂ ਕਰਜਾਈ ਸਨ ਅਤੇ ਖੁਦਕੁਸ਼ੀਆਂ ਕਰ ਰਹੇ ਸਨ। ਹਰੇ ਇਨਕਲਾਬ ਨੇ ਪੰਜਾਬ ਦੀ ਧਰਤੀ, ਹਵਾ ਅਤੇ ਪਾਣੀ ਜ਼ਹਿਰੀਲੇ ਕਰ ਦਿੱਤੇ ਹਨ।

ਝੋਨੇ ਦੀ ਫਸਲ ਜ਼ਮੀਨ ਹੇਠਲਾ ਪਾਣੀ ਖਤਮ ਕਰ ਰਹੀ ਹੈ। ਇਨ੍ਹਾਂ ਕਾਨੂੰਨ ਨੂੰ ਰੱਦ ਕਰਵਾਉਣ ਤੋਂ ਬਾਅਦ ਵੀ ਜੇ ਪੰਜਾਬ ਨੂੰ ਬਚਾਉਣ ਲਈ ਕੋਈ ਠੋਸ ਉਪਰਾਲੇ ਨਾਂ ਕੀਤੇ ਗਏ ਤਾਂ ਪੰਜਾਬ ਕੁਝ ਕੁ ਸਾਲਾਂ ਵਿਚ ਇੱਕ ਜ਼ਹਿਰੀਲਾ ਰੇਗਿਸਤਾਨ ਬਣ ਜਾਵੇਗਾ। ਮਸਲਾ ਪੰਜਾਬ ਦੀ ਕਿਰਸਾਨੀ ਬਚਾਉਣ ਦਾ ਹੀ ਨਹੀਂ, ਸਗੋਂ ਪੰਜਾਬ ਦੀ ਹੋਂਦ ਬਚਾਉਣ ਦਾ ਵੀ ਹੈ। ਪਿਛਲੀਆਂ ਕਈ ਸਦੀਆਂ ਤੋਂ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਸੰਘਰਸ਼ ਵਿਚ ਹੀ ਲੰਘਦੀ ਰਹੀ ਹੈ। ਆਜ਼ਾਦੀ ਤੋਂ ਬਾਅਦ ਅਤੇ ਰਾਜਨੀਤਕ ਤੌਰ `ਤੇ ਇਸ ਖਿੱਤੇ ਵਿਚ ਟਿਕ ਟਿਕਾ ਹੋਣ ਦੇ ਬਾਵਜੂਦ ਪੰਜਾਬ ਦੇ ਲੋਕਾਂ ਨੂੰ ਸੰਘਰਸ਼ਾਂ ਦੇ ਰਾਹ ਹੀ ਤੁਰਨਾ ਪੈਂਦਾ ਰਿਹਾ ਹੈ। ਦਿਮਾਗ ਦੀ ਲੜਾਈ ਜਾਂ ਸਿਆਸਤ ਕਰਨ ਵਿਚ ਅਸੀਂ ਫਾਡੀ ਹਾਂ। ਜੇ ਸਰਕਾਰ ਸਾਡੇ ਨਾਲ ਧੱਕਾ ਕਰਨ ਤੋਂ ਨਹੀਂ ਹਟਦੀ ਤਾਂ ਇੱਕ ਵਾਰ ਸਰੀਰਕ ਟਕਰਾਅ ਵਾਲੇ ਸੰਘਰਸ਼ ਦੇ ਨਾਲ ਦਿਮਾਗੀ ਸੰਘਰਸ਼ ਵੀ ਕਰ ਕੇ ਦੇਖ ਲੈਣਾ ਚਾਹੀਦਾ ਹੈ-ਭਾਵ ‘ਆਰਥਕ ਬਾਈਕਾਟ’ ਵਰਗੀ ਕੋਈ ਲਹਿਰ। ਕਿਸਾਨ ਇੱਕ ਵਾਰ ਸਰਕਾਰ ਨੂੰ ਹਿੱਕ ਠੋਕ ਕੇ ਕਹਿ ਦੇਣ ਕਿ ਜੇ ਸਾਡੀ ਫਸਲ ਦਾ ਸਹੀ ਮੁੱਲ ਨਹੀਂ ਲਾਉਣਾ ਤਾਂ ਅਸੀਂ ਵੀ ਆਪਣੇ ਖਾਣ ਜੋਗੀਆਂ ਦਾਲਾਂ, ਸਬਜ਼ੀਆਂ ਅਤੇ ਅਨਾਜ ਬੀਜ ਲਵਾਂਗੇ। ਦੋ ਸਾਲ ਲਈ ਨਾ ਤੁਹਾਥੋਂ ਕੁਝ ਖਰੀਦਾਂਗੇ ਅਤੇ ਨਾ ਹੀ ਵੇਚਾਂਗੇ। ਦੋ ਸਾਲ ਵਿਚ ਹੀ ਸਰਕਾਰ ਦੇ ਨੱਕ ਵਿਚ ਦਮ ਆ ਜਾਵੇਗਾ। ਇਸ ਤਰ੍ਹਾਂ ਵੀ ਸੰਘਰਸ਼ ਕੀਤਾ ਜਾ ਸਕਦਾ ਹੈ। ਕੁਝ ਗੱਲਾਂ ਵੱਲ ਸਾਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ, ਜਿਵੇਂ:
1. ਹਰੀ ਕ੍ਰਾਂਤੀ: ਪੰਜਾਬ ਦੇ ਲੋਕ ਕੁੱਝ ਵੀ ਕਰਨ ਦੇ ਸਮਰਥ ਹਨ। ਪਹਿਲਾਂ ਵੀ ਪੰਜਾਬ ਦੇ ਲੋਕਾਂ ਨੇ ਹਰੀ ਕ੍ਰਾਂਤੀ ਲਿਆ ਕੇ ਪੂਰੇ ਮੁਲਕ ਦਾ ਢਿੱਡ ਭਰਿਆ ਹੈ। ਇਸ ਹਰੀ ਕ੍ਰਾਂਤੀ ਨੇ ਪੰਜਾਬ ਦੀ ਧਰਤੀ, ਹਵਾ ਅਤੇ ਪਾਣੀ ਜ਼ਹਿਰੀਲੇ ਕਰ ਦਿੱਤੇ ਹਨ। ਹੁਣ ਇੱਕ ਨਹੀਂ, ਦੋ ਹਰੀਆਂ ਕ੍ਰਾਂਤੀਆਂ ਪੰਜਾਬ ਵਿਚ ਵਾਪਰਨੀਆਂ ਚਾਹੀਦੀਆਂ ਹਨ। ਇਹ ਹਰੀਆਂ ਕ੍ਰਾਂਤੀਆਂ ਸਿਰਫ ਪੰਜਾਬ ਜਾਂ ਹਿੰਦੁਸਤਾਨ ਦਾ ਭਲਾ ਨਹੀਂ ਕਰਨਗੀਆਂ, ਸਗੋਂ ਸਰਬਤ ਦਾ ਭਲਾ ਕਰਨਗੀਆਂ।
ਪਹਿਲੀ ਹਰੀ ਕ੍ਰਾਂਤੀ: ਪਹਿਲੀ ਹਰੀ ਕ੍ਰਾਂਤੀ ਹੋਵੇਗੀ ਜੈਵਿਕ (ਔਰਗੈਨਿਕ) ਖੇਤੀ; ਭਾਵ ਬਿਨਾ ਖਾਦਾਂ ਅਤੇ ਜ਼ਹਿਰੀਲੀਆਂ ਦਵਾਈਆਂ ਤੋਂ ਫਸਲ ਪੈਦਾ ਕਰਨੀ। ਆਪਣੇ ਵਰਤਣ ਜੋਗੀ ਹਰ ਚੀਜ਼ ਆਪ ਪੈਦਾ ਕਰਨੀ। ਇਸ ਫਸਲ ਦੀ ਪੂਰੀ ਦੁਨੀਆਂ ਵਿਚ ਮੰਗ ਹੈ। ਇੱਕ ਵਾਰ ਅਸੀਂ ਸਿਆਟਲ ਵਿਚ ‘ਪੋਰਟੇਜ ਬੇਅ’ ਨਾਂ ਦੇ ਢਾਬੇ ਵਿਚ ਖਾਣਾ ਖਾਣ ਗਏ, ਜੋ ਸਿਰਫ ਔਰਗੈਨਿਕ ਸਮਾਨ ਹੀ ਵਰਤਦੇ ਹਨ। ਭੀੜ ਇੰਨੀ ਕਿ ਤੋਬਾ ਤੋਬਾ। ਜਿਨ੍ਹਾਂ ਫਾਰਮਾਂ ਤੋਂ ਉਹ ਸਮਾਨ ਖਰੀਦਦੇ ਸਨ, ਉਨ੍ਹਾਂ ਦੀ ਲਿਸਟ ਲਿਖ ਕੇ ਲਾਈ ਹੋਈ ਸੀ। ਬਲਿਊ ਬੇਰੀ ਦੇ ਅੱਗੇ ਜਦੋਂ ਮੈਂ ‘ਸਿੱਧੂ ਫਾਰਮ’ ਦਾ ਨਾਮ ਦੇਖਿਆ ਤਾਂ ਸਿਰ ਮਾਣ ਨਾਲ ਉੱਚਾ ਹੋ ਗਿਆ। ਚੇਤ ਸਿੰਘ ਸਿੱਧੂ ਦੀ ਔਰਗੈਨਿਕ ਬਲਿਊ ਬੇਰੀ ਦੁਨੀਆਂ ਭਰ ਵਿਚ ਮਸ਼ਹੂਰ ਹੈ। ਪੰਜਾਬੀ ਕੀ ਕੁਝ ਨਹੀਂ ਕਰ ਸਕਦੇ। ਪੰਜਾਬ ਵਿਚ ਔਰਗੈਨਿਕ ਖੇਤੀ ਦੀ ਇੱਕ ਸੰਸਥਾ ਜਾਂ ਬੋਰਡ ਬਣਨਾ ਚਾਹੀਦਾ ਹੈ, ਜੋ ਬੜੀ ਸਖਤੀ ਅਤੇ ਇਮਾਨਦਾਰੀ ਨਾਲ ਸਾਰਾ ਕੁੱਝ ਚੈੱਕ ਕਰਕੇ ‘ਔਰਗੈਨਿਕ’ ਹੋਣ ਦੀ ਮੋਹਰ ਲਾਵੇ। ਇਮਾਨਦਾਰੀ ਨਾਲ ਉੱਚ ਮਿਆਰੀ ਫਸਲ ਪੈਦਾ ਕਰੋਗੇ ਤਾਂ ਦੁਨੀਆਂ ਭਰ ਵਿਚ ਇਸ ਦੀ ਮੰਗ ਹੋਵੇਗੀ ਅਤੇ ਕੀਮਤ ਵੀ ਮੂੰਹ ਮੰਗੀ ਮਿਲੇਗੀ। ਇਸ ਦਾ ਮਿਆਰ ਇੰਨਾ ਉੱਚਾ ਹੋਣਾ ਚਾਹੀਦਾ ਕਿ ਦੁਨੀਆਂ ਭਰ ਵਿਚ ਪੰਜਾਬ ਦੇ ਔਰਗੈਨਿਕ ਸਮਾਨ ਨੂੰ ਲੋਕ ਇਸ ਤਰ੍ਹਾਂ ਖਰੀਦਣ ਜਿਵੇਂ ਮਾਈਕਰੋਸੋਫਟ ਵਾਲੇ ਤਾਮਿਲਨਾਡੂ ਦੇ ਕੰਪਿਊਟਰ ਇੰਜੀਨੀਅਰ ਭਰਤੀ ਕਰਦੇ ਹਨ। ਬਾਹਰਲੇ ਦੇਸ਼ਾਂ ਵਿਚ ਵਸਦੇ ਲੋਕ, ਜਿਨ੍ਹਾਂ ਦੀਆਂ ਪੰਜਾਬ ਵਿਚ ਜ਼ਮੀਨਾਂ ਹਨ, ਇਸ ਕ੍ਰਾਂਤੀ ਵਿਚ ਵੱਡਾ ਯੋਗਦਾਨ ਪਾ ਸਕਦੇ ਹਨ। ਇੱਕ ਵਾਰ ਕਹਿ ਦੇਣ ਕਿ ਸਾਡੀ ਜ਼ਮੀਨ ਵਿਚ ਝੋਨਾ ਨਹੀਂ ਲੱਗਣਾ ਚਾਹੀਦਾ, ਕੋਈ ਖਾਦ ਜਾਂ ਜ਼ਹਿਰੀਲੀ ਦਵਾਈ ਨਹੀਂ ਪੈਣੀ ਚਾਹੀਦੀ। ਠੇਕਾ ਬੇਸ਼ਕ ਘੱਟ ਦੇ ਦੇਵੋ, ਇਸ ਦਾ ਲੰਬੇ ਸਮੇਂ ਵਿਚ ਫਾਇਦਾ ਹੋਵੇਗਾ। ਗੁਰਦਆਰਿਆਂ, ਮੰਦਿਰਾਂ, ਪੰਚਾਇਤਾਂ ਜਾਂ ਹੋਰ ਸਾਂਝੀਆਂ ਜ਼ਮੀਨਾਂ ਬਾਰੇ ਵੀ ਇਸ ਤਰ੍ਹਾਂ ਦਾ ਮਤਾ ਪਾਸ ਕੀਤਾ ਜਾ ਸਕਦਾ ਹੈ। ਔਰਗੈਨਿਕ ਖੇਤੀ ਲਈ ਖੋਜ ਸੰਸਥਾਵਾਂ ਬਣਨੀਆਂ ਚਾਹੀਦੀਆਂ ਹਨ। ਹੁਣ ਤੱਕ ਜਿੰਨੀਆਂ ਵੀ ਖੇਤੀ ਸੰਸਥਾਵਾਂ ਹਨ, ਸਾਰੀਆਂ ਦਾ ਜ਼ੋਰ ਖਾਦਾਂ ਅਤੇ ਜ਼ਹਿਰੀਲੀਆਂ ਦਵਾਈਆਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਬਾਰੇ ਕਿਸਾਨਾਂ ਨੂੰ ਦਸਣ ਉੱਤੇ ਲੱਗਾ ਹੋਇਆ ਹੈ। ਕਿਤੇ ਖਾਦਾਂ ਅਤੇ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦਾ ਇਨ੍ਹਾਂ ਸੰਸਥਾਵਾਂ ਵਿਚ ਸਿੱਧਾ ਜਾਂ ਅਸਿੱਧਾ ਦਖਲ ਤਾਂ ਨਹੀਂ?
ਔਰਗੈਨਿਕ ਫਸਲਾਂ ਦੀ ਸਾਂਭ ਸੰਭਾਲ, ਪੈਕਿੰਗ ਅਤੇ ਪੂਰੀ ਦੁਨੀਆਂ ਵਿਚ ਮੰਡੀਕਰਣ ਲਈ ਲੋੜੀਂਦੇ ਪ੍ਰਬੰਧ ਕਰਨੇ ਅਤੇ ਢਾਂਚਾ ਬਣਾਉਣਾ ਪਵੇਗਾ। ਇਸ ਵਿਚ ਵੀ ਵਿਦੇਸ਼ੀ ਪੰਜਾਬੀ ਆਪਣੀ ਪੂੰਜੀ ਲਾ ਸਕਦੇ ਹਨ ਅਤੇ ਹਿਸਾਬ ਦਾ ਮੁਨਾਫਾ ਵੀ ਕਮਾ ਸਕਦੇ ਹਨ। ਮੁਨਾਫੇ ਦੀਆਂ ਲਾਲਚੀ ਵਡੀਆਂ ਕੰਪਨੀਆਂ ਨੂੰ ਬਰਾਬਰ ਦੀ ਟੱਕਰ ਦੇਣ ਵਾਲੀਆਂ ਪੰਜਾਬੀਆਂ ਦੀਆਂ ਆਪਣੀਆਂ ਕੰਪਨੀਆਂ ਬਣਾਉਣੀਆਂ ਪੈਣਗੀਆਂ। ਪੰਜਾਬ ਦੇ ਆਪਣੇ ਆਰਗੈਨਿਕ ਬ੍ਰਾਂਡ ਹੋਣ ਅਤੇ ਹਰ ਪੰਜਾਬੀ ਉਸ ਬ੍ਰਾਂਡ ਦਾ ਸਮਾਨ ਖਰੀਦੇ।
ਦੂਸਰੀ ਹਰੀ ਕ੍ਰਾਂਤੀ: ਦੂਸਰੀ ਹਰੀ ਕ੍ਰਾਂਤੀ ਹੈ, “ਹਰੀ ਊਰਜਾ।” ਪੰਜਾਬ ਕੋਲ ਹਰੀ ਊਰਜਾ ਦੇ ਖੇਤਰ ਵਿਚ ਕ੍ਰਾਂਤੀ ਲਿਆਉਣ ਦੀ ਪੂਰੀ ਸਮਰਥਾ ਹੈ। ਇਸ ਵਿਚ ਸਭ ਤੋਂ ਅਹਿਮ ਹੈ ਸੂਰਜੀ ਊਰਜਾ ਤੋਂ ਬਿਜਲੀ ਬਣਾਉਣੀ। ਚੀਨ ਦੇ ਬਣੇ ਸੋਲਰ ਪੈਨਲ ਖੇਤਾਂ ਵਿਚ ਲਾ ਕੇ ਹਰੀ ਕ੍ਰਾਂਤੀ ਨਹੀਂ ਆਉਣੀ। ਸਗੋਂ ਪੰਜਾਬ ਵਿਚ ਇਸ ਬਾਰੇ ਖੋਜ ਹੋਣੀ ਚਾਹੀਦੀ ਹੈ। ਪੰਜਾਬ ਵਿਚ ਨਵੀਂ ਤਕਨੀਕ ਨਾਲ ਅਤਿ ਆਧੁਨਿਕ ਕਿਸਮ ਦੇ ਸੋਲਰ ਪੈਨਲ ਬਣਨੇ ਚਾਹੀਦੇ ਹਨ। ਪੰਜਾਬ ਹੋਰ ਮੁਲਖਾਂ ਨੂੰ ਸਿਰਫ ਸੋਲਰ ਪੈਨਲ ਹੀ ਨਾ ਵੇਚੇ, ਸਗੋਂ ਇਸ ਖੇਤਰ ਵਿਚ ਤਕਨੀਕੀ ਮੁਹਾਰਤ ਵੀ ਵੇਚੇ। ਇਸ ਦੇ ਨਾਲ ਹੀ ਮਿਲਦੀ ਜੁਲਦੀ ਤਕਨੀਕ ਹੈ, ਦਿਨ ਵੇਲੇ ਧੁੱਪ ਨਾਲ ਪੈਦਾ ਕੀਤੀ ਬਿਜਲੀ ਸਾਂਭਣ ਲਈ ਬੈਟਰੀਆਂ ਬਣਾਉਣੀਆਂ ਤਾਂ ਜੋ ਇਹ ਬਿਜਲੀ ਰਾਤ ਨੂੰ ਵਰਤੀ ਜਾ ਸਕੇ। ਇਸ ਬਾਰੇ ਵੀ ਬੁਹਤ ਖੋਜ ਹੋਣ ਵਾਲੀ ਹੈ। ਇਨ੍ਹਾਂ ਚੀਜ਼ਾਂ ਬਾਰੇ ਪੰਜਾਬ ਦੇ ਕਾਲਜਾਂ ਵਿਚ ਪੜ੍ਹਾਈ ਹੋਣੀ ਚਾਹੀਦੀ ਹੈ ਅਤੇ ਉੱਚ ਪੱਧਰ ਦੇ ਖੋਜ ਕੇਂਦਰ ਸਥਾਪਿਤ ਹੋਣੇ ਚਾਹੀਦੇ ਹਨ।
ਇਹ ਬੈਟਰੀਆਂ ਬਿਜਲੀ ਨਾਲ ਚੱਲਣ ਵਾਲੀਆਂ ਕਾਰਾਂ ਬਣਾਉਣ ਵਾਲਿਆਂ ਕੰਪਨੀਆਂ ਨੂੰ ਵੀ ਵੇਚੀਆਂ ਜਾ ਸਕਦੀਆਂ ਹਨ। ਪੰਜਾਬ ਇਸ ਹਰੀ ਕ੍ਰਾਂਤੀ ਵਿਚ ਪੂਰੀ ਦੁਨੀਆਂ ਦਾ ਮੋਢੀ ਸੂਬਾ ਬਣ ਸਕਦਾ ਹੈ। ਕੈਲੀਫੋਰਨੀਆ ਵਿਚ ਜਗਦੀਪ ਸਿੰਘ ਨੇ ਨਵੀਂ ਤਕਨੀਕ ਦੀਆਂ ਬੈਟਰੀਆਂ `ਤੇ ਖੋਜ ਕਰਨ ਵਾਲੀ ਕੰਪਨੀ ‘ਕੁਆਂਟਮ ਸਕੇਪ’ ਸ਼ੁਰੂ ਕੀਤੀ ਸੀ। ਜਰਮਨ ਦੀ ਕੰਪਨੀ ਵੋਲਕਸਵੈਗਨ ਵਾਲਿਆਂ ਨੇ 30 ਕਰੋੜ ਅਮਰੀਕੀ ਡਾਲਰ (ਰੁਪਏ ਆਪ ਬਣਾ ਲਿਓ) ਦੇ ਕੇ ਹਿੱਸਾ ਪਾਇਆ। ਪੰਜਾਬੀ ਕੀ ਨਹੀਂ ਕਰ ਸਕਦੇ।
2. ਪੜ੍ਹਾਈ: ਪੰਜਾਬ ਵਿਚ ਉੱਚ ਮਿਆਰੀ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਸਥਾਪਿਤ ਹੋਣੀਆਂ ਚਾਹੀਦੀਆਂ ਹਨ, ਜਿਥੇ ਕਿ ਪੰਜਾਬ ਦੇ ਬੱਚਿਆਂ ਦੇ ਨਾਲ ਬਾਹਰਲੇ ਮੁਲਖਾਂ ਤੋਂ ਵੀ ਲੋਕ ਪੜ੍ਹਨ ਆਉਣ। ਇਨ੍ਹਾਂ ਸੰਸਥਾਵਾਂ ਦਾ ਮਿਆਰ ਇੰਨਾ ਉੱਚਾ ਹੋਣਾ ਚਾਹੀਦਾ ਹੈ ਕਿ ਇਨ੍ਹਾਂ ਵਿਚ ਪੜ੍ਹੇ ਹੋਏ ਲੋਕਾਂ ਦੀ ਮੰਗ ਪੂਰੀ ਦੁਨੀਆਂ ਵਿਚ ਹੋਵੇ। ਇਸ ਤਰ੍ਹਾਂ ਪੰਜਾਬ ਡਾਕਟਰ, ਇੰਜੀਨੀਅਰ, ਨਰਸਾਂ ਅਤੇ ਕੰਪਿਊਟਰ ਪ੍ਰੋਗਰਾਮਰ ਪੈਦਾ ਕਰਨ ਵਾਲਾ ਦੁਨੀਆਂ ਦਾ ਮੋਢੀ ਸੂਬਾ ਹੋਵੇ। ਪੰਜਾਬ ਵਿਚ ਸਕੂਲ, ਕਾਲਜ ਤਾਂ ਬੁਹਤ ਹਨ ਪਰ ਅੰਤਰਰਾਸ਼ਟਰੀ ਪੱਧਰ ਦੇ ਮਿਆਰ ਵਾਲੇ ਨਹੀਂ। ਇਹ ਕੰਮ ਪੰਜਾਬ ਵਿਚ ਬੁਹਤ ਪਹਿਲਾਂ ਹੋਣਾ ਚਾਹੀਦਾ ਸੀ, ਕਿਉਂਕਿ ਪੰਜਾਬ ਦੀ ਧਰਤੀ ਉੱਤੇ ਗੁਰੂਆਂ, ਪੀਰਾਂ, ਫਕੀਰਾਂ ਨੇ ਗਿਆਨ, ਵਿਚਾਰ ਅਤੇ ਵਿਵੇਕ ਨੂੰ ਰੱਬ ਪਾਉਣ ਦੇ ਬਰਾਬਰ ਦਾ ਦਰਜਾ ਦਿੱਤਾ ਹੈ ਅਤੇ ਦਿਮਾਗ (ਦਸਮ ਦੁਆਰ) ਨੂੰ ਵੱਧ ਤੋਂ ਵੱਧ ਵਰਤਣ ਉੱਤੇ ਜ਼ੋਰ ਦਿੱਤਾ ਹੈ, ਪਰ ਅਸੀਂ ਉਨ੍ਹਾਂ ਦੇ ਉਪਦੇਸ਼ਾਂ ਤੋਂ ਦੂਰ ਚਲੇ ਗਏ। ਪੰਜਾਬ ਵਿਚ ਉੱਚ ਮਿਆਰੀ ਹਸਪਤਾਲ ਬਣ ਸਕਦੇ ਹਨ, ਜਿੱਥੇ ਕਿ ਬਾਹਰਲੇ ਮੁਲਖਾਂ ਵਿਚੋਂ ਲੋਕ ਇਲਾਜ ਕਰਵਾਉਣ ਲਈ ਆਉਣ।
ਜਿਸ ਤਰ੍ਹਾਂ ਘੜੀਆਂ ਬਣਾਉਣ ਵਿਚ ਸਵਿਟਜ਼ਰਲੈਂਡ ਦਾ, ਕਾਰਾਂ ਬਣਾਉਣ ਵਿਚ ਜਪਾਨ ਦਾ ਅਤੇ ਹਥਿਆਰ ਬਣਾਉਣ ਵਿਚ ਅਮਰੀਕਾ ਦਾ ਨਾਮ ਚੱਲਦਾ ਹੈ, ਇਸੇ ਤਰ੍ਹਾਂ ਪੰਜਾਬ ਦਾ ਵੀ ਨਾਮ ਹੋਣਾ ਚਾਹੀਦਾ ਹੈ।
3. ਕੁਝ ਲੋਕਾਂ ਦਾ ਖੇਤੀ ਧੰਦੇ ਵਿਚੋਂ ਬਾਹਰ ਨਿਕਲਣਾ: ਪੰਜਾਬ ਦੇ ਕਿਸਾਨਾਂ ਦੇ ਧੀਆਂ-ਪੁੱਤਰਾਂ ਲਈ ਇਹ ਜਰੂਰੀ ਨਹੀਂ ਕਿ ਉਨ੍ਹਾਂ ਨੇ ਖੇਤੀ ਹੀ ਕਰਨੀ ਹੈ। ਉਹ ਹੋਰ ਵੀ ਬੁਹਤ ਕੁਝ ਕਰ ਸਕਦੇ ਹਨ ਅਤੇ ਕਰਨਾ ਚਾਹੀਦਾ ਵੀ ਹੈ। ਜਿਸ ਹਿਸਾਬ ਨਾਲ ਜਨਸੰਖਿਆ ਵਧਦੀ ਹੈ, ਜ਼ਮੀਨ ਨਹੀਂ ਵਧਦੀ। ਜ਼ਮੀਨ ਵੰਡੀ ਜਾਂਦੀ ਹੈ, ਜਿਸ ਨਾਲ ਖੇਤੀ ਲਾਹੇਵੰਦ ਧੰਦਾ ਨਹੀਂ ਰਹਿ ਜਾਂਦਾ। ਇਸ ਲਈ ਬੁਹਤ ਜਰੂਰੀ ਹੈ ਕਿ ਕਿਸਾਨਾਂ ਦੇ ਧੀਆਂ-ਪੁੱਤਰ ਵੱਡੀ ਗਿਣਤੀ ਵਿਚ ਖੇਤੀ ਧੰਦੇ ਵਿਚੋਂ ਬਾਹਰ ਨਿਕਲਣ। ਜਿਵੇਂ ਕਿ ਪੜ੍ਹ-ਲਿਖ ਕੇ ਨੌਕਰੀਆਂ ਕਰਨੀਆਂ, ਦੁਕਾਨ ਕਰਨੀ, ਆਪਣਾ ਕੋਈ ਹੋਰ ਕਾਰੋਬਾਰ, ਵਪਾਰ ਕਰਨਾ ਜਾਂ ਕਿਸੇ ਤਕਨੀਕੀ ਕੰਮ ਵਿਚ ਪੈਣਾ। ਮਕੈਨਿਕ, ਪਲੰਬਰ, ਬਿਜਲੀ ਕਾਮੇ ਜਾਂ ਇਸ ਤਰ੍ਹਾਂ ਦੇ ਹੋਰ ਬੁਹਤ ਧੰਦੇ ਹਨ, ਜਿਨ੍ਹਾਂ ਵੱਲ ਕਿਸਾਨਾਂ ਦੇ ਧੀਆਂ-ਪੁੱਤਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ। ਜਿਹੜੇ ਕੰਮ ਵਿਚ ਵੀ ਕਿਸੇ ਦਾ ਦਾਅ ਲੱਗਦਾ ਹੈ, ਲਾ ਲੈਣਾ ਚਾਹੀਦਾ ਹੈ।
4. ਸਨਅਤ: ਪਿਛਲੇ ਸਮੇਂ ਵਿਚ ਪੰਜਾਬ ਵਿਚ ਕਾਫੀ ਉਹ ਸਨਅਤਾਂ ਵੀ ਲੱਗੀਆਂ ਹਨ, ਜਿਨ੍ਹਾਂ ਲਈ ਕੱਚਾ ਮਾਲ ਵੀ ਬਾਹਰਲੇ ਸੂਬਿਆਂ ਤੋਂ ਆਉਂਦਾ ਸੀ ਅਤੇ ਉਨ੍ਹਾਂ ਵਿਚ ਕੰਮ ਕਰਨ ਵਾਲੇ ਕਾਮੇ ਵੀ। ਪੰਜਾਬ ਨੂੰ ਇਨ੍ਹਾਂ ਸਨਅਤਾਂ ਨੇ ਵਾਤਾਵਰਣ ਦੂਸ਼ਿਤ ਕਰਨ ਤੋਂ ਬਿਨਾ ਹੋਰ ਕੁਝ ਨਹੀਂ ਦਿੱਤਾ। ਇਨ੍ਹਾਂ ਸਨਅਤਾਂ ਨੇ ਪੰਜਾਬ ਦੀ ਧਰਤੀ, ਹਵਾ ਅਤੇ ਪਾਣੀ ਜ਼ਹਿਰੀਲਾ ਕਰਨ ਵਿਚ ਖੇਤੀ ਨਾਲੋਂ ਵੀ ਵੱਧ ਯੋਗਦਾਨ ਪਾਇਆ ਹੈ। ਪੰਜਾਬ ਵਿਚ ਖੇਤੀ ਨਾਲ ਸਬੰਧਿਤ ਅਤੇ ਜਰੂਰੀ ਲੋੜੀਂਦੀਆਂ ਸਨਅਤਾਂ (ਜੋ ਪ੍ਰਦੂਸ਼ਣ ਰੋਕਣ ਲਈ ਨਵੀਂ ਤੋਂ ਨਵੀਂ ਤਕਨੀਕ ਦਾ ਇਸਤੇਮਾਲ ਕਰਨ) ਨੂੰ ਛੱਡ ਕੇ ਬਾਕੀ ਸਿਰਫ ਪ੍ਰਦੂਸ਼ਣ ਰਹਿਤ ਸਨਅਤਾਂ ਹੀ ਲੱਗਣੀਆਂ ਚਾਹੀਦੀਆਂ ਹਨ।
5. ਸਰਕਾਰਾਂ ਦਾ ਯੋਗਦਾਨ: ਉਪਰੋਕਤ ਕੰਮ ਕਰਨ ਲਈ ਜੇ ਸਰਕਾਰਾਂ ਆਪਣਾ ਯੋਗਦਾਨ ਪਾਉਣ ਤਾਂ ਇਹ ਸਭ ਕੁਝ ਬੁਹਤ ਜਲਦੀ ਹੋ ਸਕਦਾ ਹੈ। ਸਰਕਾਰਾਂ ਦੇ ਯੋਗਦਾਨ ਤੋਂ ਬਿਨਾ ਵੀ ਇਹ ਸੰਭਵ ਹੈ, ਪਰ ਸਮਾਂ ਵੱਧ ਲੱਗੇਗਾ। ਕੇਂਦਰ ਸਰਕਾਰ ਕੋਲੋਂ ਬੁਹਤੀ ਆਸ ਨਹੀਂ ਰੱਖੀ ਜਾ ਸਕਦੀ, ਕਿਉਂਕਿ ਪੰਜਾਬ ਦੇ 13 ਐਮ. ਪੀ. ਕੇਂਦਰ ਵਿਚ ਕਦੀ ਵੀ ਸਰਕਾਰ ਬਦਲਣ ਦੀ ਸਥਿਤੀ ਵਿਚ ਨਹੀਂ ਹੁੰਦੇ। 1947 ਵਿਚ ਪੰਜਾਬ ਦੀ ਵੰਡ ਤੇ ਫਿਰ ਮਹਾਂ ਪੰਜਾਬ ਦੀ ਥਾਂ ਪੰਜਾਬੀ ਸੂਬਾ ਬਣਨ ਨਾਲ ਪੰਜਾਬ ਬੁਹਤ ਛੋਟਾ ਸੂਬਾ ਰਹਿ ਗਿਆ ਹੈ ਅਤੇ ਇਸ ਦਾ ਰਾਜਨੀਤਕ ਨੁਕਸਾਨ ਪੰਜਾਬ ਦੇ ਲੋਕਾਂ ਨੂੰ ਉਮਰ ਭਰ ਭੁਗਤਣਾ ਪਵੇਗਾ। ਪੰਜਾਬ ਵਿਚ ਤਾਂ ਸਰਕਾਰ ਪੰਜਾਬ ਦੇ ਕਿਸਾਨਾਂ ਵਲੋਂ ਹੀ ਚੁਣੀ ਜਾਂਦੀ ਹੈ ਅਤੇ ਇਸ ਵਿਚ ਕਿਸਾਨਾਂ ਦੀ ਵੱਡੀ ਬੁਹਗਿਣਤੀ ਹੁੰਦੀ ਹੈ। ਪੰਜਾਬ ਦੀ ਸੂਬਾ ਸਰਕਾਰ ਦੀਆਂ ਪਿਛਲੇ ਸਮੇਂ ਦੀਆਂ ਨੀਤੀਆਂ ਵੀ ਪੰਜਾਬ ਪੱਖੀ ਨਹੀਂ ਰਹੀਆਂ ਹਨ। ਪੰਜਾਬ ਦੇ ਪਾਣੀਆਂ ਅਤੇ ਹੋਰ ਹੱਕਾਂ ਦਾ ਸੌਦਾ ਜਿਨ੍ਹਾਂ ਨੇਤਾਵਾਂ ਨੇ ਕੀਤਾ ਹੈ, ਉਹ ਸਭ ਕਿਸਾਨ ਪਰਿਵਾਰਾਂ ਵਿਚੋਂ ਹੀ ਸਨ ਅਤੇ ਪੰਜਾਬ ਦੇ ਕਿਸਾਨਾਂ ਵਲੋਂ ਹੀ ਚੁਣੇ ਗਏ ਸਨ। ਪੰਜਾਬ ਵਿਚ ਸਰਕਾਰੀ ਸਕੂਲ ਬੰਦ ਕਰਕੇ ਸ਼ਰਾਬ ਦੇ ਨਵੇਂ ਠੇਕੇ ਖੋਲ੍ਹਣ ਦਾ ਕੰਮ ਪੰਜਾਬ ਦੇ ਕਿਸਾਨਾਂ ਵਲੋਂ ਚੁਣੀਆਂ ਕਿਸਾਨਾਂ ਦੀ ਬੁਹਗਿਣਤੀ ਵਾਲੀਆਂ ਸਰਕਾਰਾਂ ਹੀ ਕਰਦੀਆਂ ਰਹੀਆਂ ਹਨ। ਪੰਜਾਬ ਦੇ ਕਿਸਾਨ ਜਿਹੜੀ ਵੀ ਸਰਕਾਰ ਚੁਣਦੇ ਹਨ, ਬਾਅਦ ਵਿਚ ਉਸੇ ਹੀ ਸਰਕਾਰ ਕੋਲੋਂ ਡਾਂਗਾਂ ਖਾਂਦੇ ਹਨ ਅਤੇ ਪੰਜ ਸਾਲ ਬਾਅਦ ਫਿਰ ਭੁੱਲ ਜਾਂਦੇ ਹਨ। ਇਹ ਤਾਂ ਦੇਸ਼ ਦੀ ਆਜ਼ਾਦੀ ਲਈ ਤਸੀਹੇ ਕੱਟਣ ਵਾਲੇ ਦੇਸ਼ ਭਗਤਾਂ ਨੂੰ ਹਰਾ ਕੇ ਅੰਗਰੇਜ਼ਾਂ ਦੇ ਹੱਕ ਵਿਚ ਭੁਗਤਣ ਵਾਲਿਆਂ ਨੂੰ ਜਤਾਉਂਦੇ ਰਹੇ ਹਨ। ਸਰਕਾਰਾਂ ਵਲੋਂ ਲੋਕਾਂ ਨੂੰ ਮੁਫਤਖੋਰੇ ਜਰੂਰ ਬਣਾਇਆ ਗਿਆ, ਪਰ ਬੁਨਿਆਦੀ ਢਾਂਚਾ ਉਸਾਰਨ ਵਲ ਕੋਈ ਧਿਆਨ ਨਹੀਂ ਦਿੱਤਾ ਗਿਆ।
ਪੰਜਾਬ ਦੇ ਲੋਕ ਕੇਂਦਰ ਦੀ ਸਰਕਾਰ ਚੁਣਨ ਵਿਚ ਬਹੁਤਾ ਯੋਗਦਾਨ ਨਹੀਂ ਪਾ ਸਕਦੇ, ਪਰ ਪੰਜਾਬ ਵਿਚ ਪੰਜਾਬ ਹਿਤੈਸ਼ੀ ਸਰਕਾਰ ਚੁਣ ਕੇ ਸਾਰੇ ਪੰਜਾਬੀਆਂ ਨੂੰ (ਇੱਕਲੇ ਕਿਸਾਨਾਂ ਨੂੰ ਨਹੀਂ) ਹੰਭਲਾ ਮਾਰਨਾ ਚਾਹੀਦਾ ਹੈ ਅਤੇ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਨੂੰ ਉਨ੍ਹਾਂ ਦੀ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ।