ਧੁੱਖਦੇ ਘਰਾਂ ਦਾ ਕੌੜਾ ਧੂੰਆਂ

ਸੰਤੋਖ ਮਿਨਹਾਸ
ਜੈਤੋ ਵਾਲੇ ਅਜੈਬ ਦੇ ਮੁੰਡੇ ਦਾ ਵਿਆਹ ਸੀ। ਕੁੜੀ ਵਾਲਿਆਂ ਕੈਨੇਡਾ ਤੋਂ ਆ ਕੇ ਯੂਬਾ ਸਿਟੀ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਕੇ ਵਿਆਹ ਕਰਨਾ ਸੀ। ਵਿਆਹ ਤੋਂ ਦੋ ਦਿਨ ਪਹਿਲਾਂ ਲੇਡੀਜ਼ ਸੰਗੀਤ ਰੱਖਿਆ ਹੋਇਆ ਸੀ। ਮੇਰਾ ਭਰਾ ਗੁਰਬੀਰ ਕਿਉਂਕਿ ਜੈਤੋ ਅਜੈਬ ਦੇ ਸਕਿਆਂ ਦੇ ਵਿਆਹਿਆ ਹੋਇਆ ਹੈ, ਇਸ ਕਰਕੇ ਸਾਨੂੰ ਸਾਰਿਆਂ ਨੂੰ ਵੀ ਸੱਦਿਆ ਹੋਇਆ ਸੀ।

ਅਜੈਬ ਦਾ ਤੇ ਉਸ ਦੇ ਭਰਾ ਦਾ ਸੌਗੀ ਦਾ ਫਾਰਮ ਹੈ। ਦੋਵੇਂ ਭਰਾ ਫਾਰਮ ਹਾਊਸ ਵਿਚ ਹੀ ਰਹਿੰਦੇ ਹਨ। ਚੰਗੇ ਘਰ ਬਣੇ ਹੋਏ ਹਨ। ਆਸੇ-ਪਾਸੇ ਦੀ ਦਿੱਖ ਤੋਂ ਘਰਾਂ ਦਾ ਕਾਫੀ ਖੁੱਲ੍ਹਾ ਡੁੱਲ੍ਹਾ ਮਹੌਲ ਲੱਗਦਾ ਸੀ। ਔਰਤਾਂ ਇੱਕ ਖੁੱਲ੍ਹੇ ਹਾਲ ਵਿਚ ਗਿੱਧਾ ਪਾ ਰਹੀਆਂ ਸਨ। ਆਦਮੀ ਬਾਹਰ ਬੈਠੇ ਦਾਰੂ ਪੀ ਰਹੇ ਸਨ। ਵਿਆਹ ਵਾਲਾ ਮੁੰਡਾ ਸਭ ਦੀ ਸੇਵਾ ਕਰ ਰਿਹਾ ਸੀ।
ਗੱਲਾਂ ਗੱਲਾਂ ’ਚ ਪਤਾ ਲੱਗਿਆ ਕਿ ਅਜੈਬ ਕਈ ਦਿਨਾਂ ਤੋਂ ਸਵੇਰ ਤੋਂ ਹੀ ਸ਼ਰਾਬ ਪੀਣ ਲੱਗ ਜਾਂਦਾ ਸੀ। ਹੁਣ ਵੀ ਸ਼ਰਾਬੀ ਹੋਇਆ ਬੈਠਾ ਸੀ। ਉਹਦਾ ਬਾਪੂ ਉਸ ਨੂੰ ਹੋਰ ਪੀਣ ਤੋਂ ਵਰਜ ਰਿਹਾ ਸੀ। ਅਜੈਬ ਆਖ ਰਿਹਾ ਸੀ, “ਮੈਂ ਤਾਂ ਪੀ ਕੇ ਮਰ ਜਾਣਾ, ਸਾਲੇ ਨੇ ਜਿਉਂਣ ਜੋਗਾ ਨਹੀਂ ਛੱਡਿਆ, ਏਦੂ ਤਾਂ ਕੰਜਰ ਇੰਡੀਆ ਹੀ ਚੰਗਾ ਸੀ, ਆਪੇ ਬਲਦਾਂ ਦੀਆਂ ਪੂਛਾਂ ਮਰੋੜਦਾ ਫਿਰਦਾ।” ਅਸੀਂ ਸਾਰੇ ਚੁੱਪ ਹੋ ਗਏ ਸਾਂ।
ਮੈਂ ਅਜੈਬ ਦੇ ਬਾਪੂ ਨੂੰ ਪੁੱਛਿਆ, “ਸੁੱਖ ਤਾਂ ਹੈ?”
“ਊਂ ਤਾਂ ਸੁੱਖ ਈ ਐ, ਸ਼ਾਇਦ ਤੈਨੂੰ ਪਤਾ ਨਹੀਂ, ਦੋਹਾਂ ਮੁੰਡਿਆਂ ਦਾ `ਕੱਠਾ ਵਿਆਹ ਰੱਖਿਆ ਸੀ, ਛੋਟਾ ਕਾਲੀ ਲਈ ਫਿਰਦੈ, ਉਹ ਵੀ ਆਪਣੀ ਉਮਰ ਤੋਂ ਵੱਡੀ, ਕਈ ਦਿਨਾਂ ਤੋਂ ਘਰੇ ਨਹੀਂ ਵੜਿਆ, ਕਾਲੀ ਨਾਲ ਹੀ ਅਪਾਰਮੈਂਟ ਵਿਚ ਰਹਿੰਦਾ, ਪਰਸੋਂ ਵਿਆਹੁਣ ਜਾਣੈ, ਮੈਂ ਆਖਿਆ ਚਲ ਵੱਡਾ ਵਿਆਹ ਲੈ ਆਈਐ, ਛੋਟੇ ਦੀ ਉਨ੍ਹਾਂ ਕੋਲੋਂ ਮੁਆਫੀ ਮੰਗ ਲੈਨੇ ਆਂ; ਇਹ ਕਹਿੰਦਾ, ਮੈਂ ਕਿਹੜੇ ਮੂੰਹ ਨਾਲ ਜਵਾਬ ਦੇਵਾਂ?”
ਜਦੋਂ ਮੈਂ ਇੰਡੀਆ ਤੋਂ ਅਮਰੀਕਾ ਆਉਣ ਲੱਗਿਆ ਤਾਂ ਮੇਰੇ ਕਈ ਦੋਸਤਾਂ-ਮਿੱਤਰਾਂ ਤੇ ਰਿਸਤੇਦਾਰਾਂ ਨੇ ਮੇਰੇ ਨਾਲ ਆਪਣੇ ਕੁੜੀਆਂ-ਮੰਡਿਆਂ ਦੇ ਰਿਸ਼ਤੇ ਬਾਰੇ ਗੱਲ ਕੀਤੀ ਸੀ। ਮੈਂ ਹਾਮੀ ਵੀ ਭਰੀ ਸੀ। ਇੱਥੇ ਮੇਰੇ ਕਾਫੀ ਸਕੇ-ਸਬੰਧੀ ਰਹਿੰਦੇ ਸਨ। ਉਨ੍ਹਾਂ ਦੇ ਅੱਗੇ ਕਈ ਹੋਰ ਦੋਸਤ ਮਿੱਤਰ ਸਨ, ਪਰ ਇੱਥੇ ਆ ਕੇ ਪਤਾ ਲੱਗਿਆ, ਇੱਥੇ ਤਾਂ ਕਹਾਣੀ ਈ ਕੁਝ ਹੋਰ ਹੈ। ਬਹੁਤੇ ਕੁੜੀਆਂ-ਮੰੁਡੇ ਆਪਣੇ ਮਾਪਿਆਂ ਤੋਂ ਬਾਹਰੀ ਹੋਏ ਫਿਰਦੇ ਹਨ। ਮਾਪੇ ਕੁਝ ਹੋਰ ਸੋਚਦੇ ਨੇ, ਬੱਚੇ ਕੁਝ ਹੋਰ। ਬੱਚੇ ਆਪਣੇ ਫੈਸਲੇ ਆਪ ਲੈਣ ਲੱਗ ਪਏ ਹਨ। ਭਾਵੇਂ ਫੈਸਲੇ ਲੈਣ ਵਾਲੀ ਗੱਲ ਚੰਗੀ ਲੱਗਦੀ ਹੈ, ਪਰ ਵਿਆਹ ਦੇ ਮਾਮਲੇ ਵਿਚ ਮਾਪੇ ਸਮਝੌਤਾ ਕਰਨ ਨੂੰ ਤਿਆਰ ਨਹੀਂ। ਬੱਚੇ ਜਿਸ ਸਭਿਆਚਾਰ ਵਿਚ ਰਹਿ ਰਹੇ ਹਨ, ਉਸ ਮਾਹੌਲ ਨੂੰ ਅਪਨਾ ਰਹੇ ਹਨ।
ਮੇਰੇ ਕਾਲਜ ਦੇ ਦਿਨਾਂ ਦਾ ਮਿੱਤਰ ਕਲਵੰਤ ਬਰਾੜ ਫਰਿਜ਼ਨੋ ਰਹਿੰਦਾ ਹੈ। ਉਸ ਕੋਲ ਕਈ ਸਬ-ਵੇ ਸਟੋਰ ਹਨ। ਜਲੰਧਰੋਂ ਗਿਆ ਪਰਿਵਾਰ ਕਾਫੀ ਸਮੇਂ ਤੋਂ ਫਰਿਜ਼ਨੋ ਹੀ ਰਹਿ ਰਿਹਾ ਸੀ। ਉਨ੍ਹਾਂ ਦੀ ਕੁੜੀ ਬਰਾੜ ਦੇ ਸਟੋਰ `ਤੇ ਕੰਮ ਕਰਦੀ ਸੀ। ਸੁਹਣੀ ਸੁਨੱਖੀ, ਲੰਮੀ-ਲੰਝੀ। ਪਿਛਲੇ ਸਾਲ ਹੀ ਮੁਹਾਲੀ ਦੇ ਇੱਕ ਇੰਜੀਨੀਅਰ ਮੁੰਡੇ ਨਾਲ ਮੰਗਣੀ ਕਰਾ ਕੇ ਆਈ ਸੀ। ਮਾਪੇ ਵਿਆਹ ਲਈ ਇੰਡੀਆ ਆਉਣ ਦੀ ਤਿਆਰੀ ਕਰੀ ਬੈਠੇ ਸਨ। ਕੁੜੀ ਵਿਹਰੀ ਬੈਠੀ ਸੀ, ਕਹਿੰਦੀ ਮੈਂ ਇੰਡੀਆ ਨਹੀਂ ਜਾਣਾ। ਘਰਦਿਆਂ ਨੇ ਬਥੇਰਾ ਸਮਝਾਇਆ, ਪਰ ਕੁੜੀ ਨਾ ਮੰਨੀ। ਪਤਾ ਉਦੋਂ ਲੱਗਾ, ਜਦੋਂ ਕੁੜੀ ਕਿਸੇ ਮੈਕਸੀਕਣ ਮੰੁਡੇ ਨਾਲ ਵਿਆਹ ਕਰਾ ਕੇ ਘਰਦਿਆਂ ਤੋਂ ਪਾਸੇ ਰਹਿਣ ਲੱਗ ਪਈ। ਘਰ ਦੇ ਨਮੋਸ਼ੀ ਦੇ ਮਾਰੇ ਫਰਿਜ਼ਨੋ ਛੱਡ ਕੇ ਸਿਆਟਲ ਰਹਿਣ ਲੱਗ ਪਏ।
ਮੇਰੇ ਛੋਟੇ ਭਰਾ ਪ੍ਰੀਤ ਕਾਫੀ ਸਮੇਂ ਤੋਂ ਅਮਰੀਕਾ ਰਹਿ ਰਿਹਾ ਹੈ। ਉਸ ਦਾ ਚੰਗਾ ਕਾਰੋਬਾਰ ਹੈ। ਉਸ ਦਾ ਇੱਕ ਦੋਸਤ ਕਿੰਦਰ ਹੈ, ਜਿਸ ਨੂੰ ਸਾਰੇ ਉਹਦੇ ਛੋਟੇ ਨਾਂ ਨਾਲ ਕਿੰਦਾ ਆਖ ਬੁਲਾਉਂਦੇ ਹਨ। ਸਾਡੇ ਸ਼ਹਿਰ ਕੋਟਕਪੂਰੇ ਦੇ ਲਾਗਲੇ ਪਿੰਡ ਦਾ ਰਹਿਣ ਵਾਲਾ ਹੈ। ਬੜਾ ਬੀਬਾ ਮੰੁਡਾ ਹੈ, ਰੱਜ ਕੇ ਕਮਾਊ। ਪਹਿਲਾਂ ਕਈ ਵਰ੍ਹੇ ਉਹ ਅਰਬ ਦੇਸ਼ਾਂ ਵਿਚ ਕੰਮ ਕਰਦਾ ਰਿਹਾ। ਹੋਰ ਲੋਕਾਂ ਵਾਂਗ ਹੀ ਔਖੇ ਸੌਖੇ ਢੰਗ ਨਾਲ ਅਮਰੀਕਾ ਪਹੁੰਚ ਗਿਆ ਸੀ। ਪੱਕੇ ਹੋਣ ਦੇ ਜੁਗਾੜ ਵਿਚ ਇੱਕ ਟਰਾਲਾ ਚਲਾਉਂਦੇ ਦੋਸਤ ਨੇ ਆਪਣੇ ਇੱਕ ਹੋਰ ਦੋਸਤ, ਟਰੱਕ ਕੰਪਨੀ ਦੇ ਮਾਲਕ ਦੀ ਕੁੜੀ ਨਾਲ ਵਿਆਹ ਕਰਾ ਦਿੱਤਾ। ਕੁੜੀ ਪੱਕੀ ਸੀ, ਪਰ ਤਲਾਕਸ਼ੁਦਾ ਸੀ। ਅਮਰੀਕਾ ਵਿਚ ਪੱਕੇ ਹੋਣ ਲਈ ਬੰਦਾ ਸਭ ਕੁਝ ਮਨਜੂਰ ਕਰ ਲੈਂਦਾ ਹੈ।
ਕਿੰਦਾ ਖੁਸ਼ ਸੀ। ਉਸ ਦੇ ਅਮਰੀਕਾ ਵਿਚ ਪੈਰ ਲੱਗ ਗਏ ਸਨ। ਕਿੰਦੇ ਨੇ ਨਵਾਂ ਘਰ ਖਰੀਦਿਆ। ਸਭ ਨੂੰ ਸੱਦਿਆ। ਰੱਜ ਕੇ ਖੁਸ਼ੀ ਮਨਾਈ, ਪਰ ਥੋੜ੍ਹੇ ਚਿਰ ਬਾਅਦ ਹੀ ਘਰ ਦੀ ਗੱਡੀ ਲੀਹ ਤੋਂ ਪਾਸੇ ਸਰਕਣ ਲੱਗ ਪਈ। ਜਿਵੇਂ ਜਿਵੇਂ ਦਿਨ ਬੀਤਦੇ ਗਏ, ਕਿੰਦਰ ਆਖਦਾ, ਘਰ ਵਾਲੀ ਦੇ ਸੁਭਾਅ ਵਿਚ ਕਾਫੀ ਤਬਦੀਲੀ ਆ ਗਈ ਸੀ। ਉਸ ਨੇ ਆਪਣਾ ਅਮਰੀਕਾ ਵਾਲਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ। ਮੈਂ ਟਰੱਕ ਦਾ ਗੇੜਾ ਲਾਉਣ ਗਿਆ ਅੱਠੀਂ ਦਿਨੀਂ ਘਰ ਮੁੜਦਾ। ਉਹ ਮਗਰੋਂ ਅੱਠ ਦਿਨ ਘਰ ਨਾ ਵੜਦੀ। ਘਰ ਵਿਚ ਕਲੇਸ਼ ਰਹਿਣ ਲੱਗ ਪਿਆ।
ਇੰਨ੍ਹੀਂ ਦਿਨੀਂ ਘਰ ਵਿਚ ਬੇਟੀ ਨੇ ਜਨਮ ਲਿਆ। ਉਹ ਬੱਚੀ ਖਾਤਰ ਹਰ ਸਮਝੌਤਾ ਕਰਦਾ, ਪਰ ਉਹਦੇ ਲਈ ਸਮਝੌਤਾ ਰਾਜਨੀਤੀ ਦੀ ਖੇਡ ਬਣ ਗਿਆ। ਜਿਵੇਂ ਰਾਜਨੀਤਿਕ ਬੰਦੇ ਦਾ ਕੋਈ ਇਤਬਾਰ ਨਹੀਂ ਹੁੰਦਾ, ਉਵੇਂ ਅਮਰੀਕਾ ਵਿਚ ਲੀਹੋਂ ਲੱਥੇ ਬੱਚਿਆਂ ਦਾ ਕੋਈ ਵੀ ਈਮਾਨ ਨਹੀਂ ਹੁੰਦਾ। ਉਨ੍ਹਾਂ ਨੂੰ ਆਪਣਾ ਨਿੱਜ ਪਿਆਰਾ ਹੁੰਦਾ ਹੈ। ਫੈਸਲੇ ਲੈਣ ਲੱਗਿਆਂ ਕਿਸੇ ਦੀ ਪਰਵਾਹ ਨਹੀਂ ਕਰਦੇ। ਮਾਪੇ ਆਖਰ ਬੱਚਿਆਂ ਅੱਗੇ ਹਥਿਆਰ ਸੁੱਟ ਦਿੰਦੇ ਹਨ। ਆਮ ਹੀ ਸਾਊ ਤੇ ਇੱਜਤਦਾਰ ਬੰਦੇ ਘਰ ਦੀ ਇੱਜਤ ਬਾਹਰ ਖਿਲਣ ਦੇ ਡਰੋਂ ਆਪਣੇ ਆਪ ਵਿਚ ਅੰਦਰੋਂ ਵੀ ਟੁੱਟਦੇ ਹਨ ਤੇ ਬਾਹਰੋਂ ਵੀ। ਲੋਕਾਂ ਦੀ ਝੱਖ ਵੱਖਰੀ ਸਹਿਣੀ ਪੈਂਦੀ ਹੈ।
ਇੱਕ ਦਿਨ ਘਰ ਛੱਡ ਕੇ ਉਹ ਕਿਸੇ ਹੋਰ ਨਾਲ ਰਹਿਣ ਲੱਗ ਪਈ। ਕਿੰਦਰ ਨੇ ਕੁੜੀ ਇੰਡੀਆ ਆਪਣੇ ਮਾਂ ਪਿਉ ਕੋਲ ਭੇਜ ਦਿੱਤੀ। ਉਸ ਨੇ ਕੇਸ ਕਰ ਦਿੱਤਾ ਕਿ ਕੁੜੀ ਮੇਰੇ `ਤੇ ਨਿਰਭਰ ਹੈ। ਅਮਰੀਕਾ ਅੰਬੈਸੀ ਰਾਹੀਂ ਪੁਲਿਸ ਨੇ ਕੁੜੀ ਨੂੰ ਇੰਡੀਆ ਤੋਂ ਲਿਆ ਕੇ ਮਾਂ ਦੇ ਸਪੁਰਦ ਕਰ ਦਿੱਤਾ। ਸਾਰੀ ਕਮਾਈ ਵਕੀਲ ਲੈ ਜਾਇਆ ਕਰੇ, ਜਿਹੜਾ ਕਮਾਵੇ, ਉਹ ਵਕੀਲ ਦੀ ਝੌਲੀ ਵਿਚ। ਉਧਰੋਂ ਘਰ ਤੇ ਹੋਰ ਜਾਇਦਾਦ ਅੱਧ ਵਖਰਾ ਮੰਗੇ। ਕਿੰਦਰ ਆਖਦਾ, ਘਰ ਵੀ ਗਵਾ ਲਿਆ, ਬੱਚਾ ਵੀ ਗਵਾ ਲਿਆ, ਘਰ ਵਾਲੀ ਵੀ ਗਵਾ ਲਈ, ਅੱਧੀ ਉਮਰ ਵੀ ਗਵਾ ਲਈ, ਕੋਲ ਬਚੀ ਖੱਜਲ-ਖੁਆਰੀ। ਨਾ ਹੁਣ ਇੰਡੀਆ ਜਾਣ ਜੋਗਾ ਅਤੇ ਨਾ ਹੀ ਏਥੇ ਰਹਿਣ ਨੂੰ ਜੀਅ ਕਰਦਾ।
ਜਦੋਂ ਮੈਂ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣਦਾ, ਤਾਂ ਦਿਲ ਕੰਬ ਉਠਦਾ। ਮੈਂ ਵੀ ਆਪਣੀਆਂ ਦੋਹਾਂ ਬੇਟੀਆਂ ਨੂੰ ਸਕੂਲ ਦਾਖਲ ਕਰਾ ਦਿੱਤਾ ਸੀ। ਮੇਰੇ ਛੋਟੇ ਭਰਾ ਦੀ ਪਤਨੀ ਬੱਚਿਆਂ ਨੂੰ ਸਕੂਲ ਛੱਡ ਆਉਂਦੀ ਅਤੇ ਆਪ ਹੀ ਸਕੂਲ ਬੰਦ ਹੁੰਦਿਆਂ ਲੈ ਕੇ ਆ ਜਾਂਦੀ।
ਮੈਂ ਪਿਛਲ ਝਾਤ ਮਾਰਦਾ, ਜਦੋਂ ਮੈਂ ਇੰਡੀਆ ਸੀ। ਮੇਰੇ ਸਾਰੇ ਦੋਸਤ ਮਿੱਤਰ ਆਖਦੇ, ਚਲ ਯਾਰ, ਇੰਡੀਆ ਵਿਚ ਬੱਚਿਆਂ ਦਾ ਕੋਈ ਭਵਿੱਖ ਨਹੀਂ, ਅਮਰੀਕਾ ਜਾ ਕੇ ਬੱਚਿਆਂ ਦੀ ਜਿ਼ੰਦਗੀ ਬਣ ਜੂ। ਹੁਣ ਮੈਂ ਇੱਥੇ ਬੈਠਾ ਕਦੇ ਕਦੇ ਸੋਚਦਾ, ਆਪਣੀ ਤਾਂ ਚੰਗੀ ਭਲੀ ਗਵਾ ਆਏ ਹਾਂ, ਬੱਚਿਆਂ ਦੀ ਪਤਾ ਨਹੀਂ ਕੀ ਬਣੂੰ। ਇੰਡੀਆ ਵਿਚ ਦੋਵੇਂ ਸਰਕਾਰੀ ਨੌਕਰੀ ਵਿਚ ਸਾਂ। ਖੇਤੀਬਾੜੀ ਵਾਲਾ ਪਰਿਵਾਰ ਸੀ, ਪਰ ਇੱਥੇ ਆ ਕੇ ਸਾਰਾ ਕੁਝ ਬਦਲ ਗਿਆ ਸੀ। ਜਿ਼ੰਦਗੀ ਨੂੰ ਮੁੜ ਜ਼ੀਰੋ ਤੋਂ ਸ਼ੁਰੂ ਕਰਨਾ ਪੈ ਰਿਹਾ ਸੀ।
“ਆਹ ਕਿਹੜੇ ਸਿਆਪੇ ਫੜੇ ਆ?” ਪਤਨੀ ਆਖਦੀ, “ਆਪਾਂ ਵੀ ਟੁੱਟ ਜਾਣੈ, ਤੇ ਬੱਚਿਆਂ ਨੇ ਵੀ ਹੱਥੋਂ ਗਵਾਚ ਜਾਣੈ।” ਉਹ ਰੋਜ਼ ਨਵੇਂ ਨਵੇਂ ਸੁਆਲ ਖੜ੍ਹੇ ਕਰਦੀ, ਜੀਹਦਾ ਮੇਰੇ ਕੋਲ ਕੋਈ ਉੱਤਰ ਨਾ ਹੁੰਦਾ। ਭਾਵੇਂ ਮੈਂ ਉੱਤਰ ਦੇਣ ਦੀ ਕੋਸ਼ਿਸ਼ ਕਰਦਾ ਵੀ, ਪਰ ਅੰਦਰੋਂ ਮੈਂ ਵੀ ਘਬਰਾ ਜਾਂਦਾ। ਪਤਨੀ ਆਖਦੀ, “ਆ ਤਿਲ ਤਿਲ ਟੁੱਟਣ ਨਾਲੋਂ ਤਾਂ ਚੰਗਾ ਕੋਈ ਫੈਸਲਾ ਲੈ ਲਈਏ।” ਆਖਰ ਫੈਸਲਾ ਵੀ ਉਹਨੇ ਹੀ ਕੀਤਾ। ਛੇ ਮਹੀਨਿਆ ਬਾਅਦ ਉਹ ਬੇਟੀਆਂ ਨੂੰ ਲੈ ਕੇ ਜਹਾਜ ਫੜ ਇੰਡੀਆ ਪਰਤ ਗਈ। ਮੈਂ ਅਜੇ ਹੋਰ ਜਿ਼ੰਦਗੀ ਦਾ ਥਹੁ ਪਾਉਣ ਲਈ ਢੀਠ ਜਿਹਾ ਹੋ ਅਟਕਿਆ ਰਿਹਾ।
ਇੱਕ ਦਿਨ ਸਾਡੇ ਘਰਾਂ ’ਚੋਂ ਲੱਗਦੇ ਚਾਚੇ ਦੇ ਮੁੰਡੇ ਕਰਨੈਲ ਦਾ ਫੋਨ ਆਇਆ, ਤੂੰ ਤਿਆਰ ਹੋ`ਜਾ, ਮੈਂ ਤੈਨੂੰ ਹੁਣੇ ਆ ਕੇ ਚੁੱਕਦਾਂ, ਆਪਾਂ ਬੇਕਰਜ਼ਫੀਲਡ ਚਲਣੈ। ਮੈਂ ਵਿਹਲਾ ਸੀ, ਸੋਚਿਆ ਚਲ ਘੁੰਮ ਫਿਰ ਆਉਣੇ ਆਂ। ਕਰਨੈਲ ਦੀ ਆਦਤ ਹੈ, ਉਹ ਪਹਿਲਾਂ ਕੋਈ ਗੱਲ ਨਹੀਂ ਦੱਸਦਾ, ਜਿੰਨਾ ਚਿਰ ਗੱਲ ਦੱਸਣ ਦੀ ਜਰੂਰਤ ਨਹੀਂ ਸਮਝਦਾ। ਮੈਨੂੰ ਐਨਾ ਤਾਂ ਪਤਾ ਸੀ ਕਿ ਬੇਕਰਜ਼ਫੀਲਡ ਕਰਨੈਲ ਦੇ ਮਾਮੇ ਦੇ ਪੁੱਤ ਰਹਿੰਦੇ ਹਨ, ਜੋ ਬਹੁਤ ਪੁਰਾਣੇ ਅਮਰੀਕਾ ਆਏ ਹੋਏ ਹਨ। ਚੰਗੇ ਧਨਾਢ ਕਿਸਾਨ ਹਨ। ਉਥੇ ਜਾ ਕੇ ਪਤਾ ਲੱਗਾ ਇੱਕ ਮਾਮੇ ਦੇ ਪੁੱਤ ਦੇ ਦੋ ਪੁੱਤਾਂ ਵਿਚ ਪੈਲੀ ਵੰਡਣ ਦਾ ਰੌਲਾ ਹੈ। ਕਰਨੈਲ ਨੂੰ ਮਸਲੇ ਦਾ ਕੋਈ ਹੱਲ ਕੱਢਣ ਲਈ ਉਨ੍ਹਾਂ ਸੱਦਿਆ ਸੀ।
ਕਰਨੈਲ ਨੇ ਆਪਣੇ ਮਾਮੇ ਦੇ ਵੱਡੇ ਮੁੰਡੇ ਗੁਰਦੀਪ ਨੂੰ ਪੁੱਛਿਆ, “ਛੋਟਾ ਕਿੱਥੇ ਐ?” ਉਸ ਆਖਿਆ, “ਉਹ ਤਾਂ ਖੇਤ ਹੀ ਹੋਊਗਾ, ਉਹ ਹੁਣ ਤਾਂ ਘਰੇ ਘੱਟ ਹੀ ਵੜਦੈ।”
ਅਸੀਂ ਗੱਡੀ ਲੈ ਕੇ ਖੇਤ ਚਲੇ ਗਏ। ਉਹ ਦੂਰ ਇੱਕ ਵੱਡੇ ਟਰੈਕਟਰ ਨਾਲ ਡਿਕਸਾ ਪਾ ਕੇ ਪੈਲੀ ਵਾਹ ਰਿਹਾ ਸੀ। ਫਾਰਮ ਵੱਡਾ ਸੀ। ਅਸੀਂ ਦੂਰ ਖੜ੍ਹੇ ਉਸ ਨੂੰ ਇਸ਼ਾਰੇ ਕਰਦੇ ਰਹੇ। ਉਹ ਆਪਣੇ ਧਿਆਨ ਵਿਚ ਖੁੱਭਾ ਸਾਡੇ ਵਲੋਂ ਬੇਖਬਰ ਸੀ। ਆਖਰ ਕਾਫੀ ਚਿਰ ਉਡੀਕਣ ਬਾਅਦ ਉਹ ਸਾਡੇ ਕੋਲ ਆਇਆ। ਰਸਮੀ ਦੁਆ ਸਲਾਮ ਕੀਤੀ। ਕਰਨੈਲ ਨੇ ਉਸ ਨੂੰ ਘਰੇ ਨਾਲ ਚਲਣ ਲਈ ਕਿਹਾ, ਉਹ ਨਾ ਮੰਨਿਆ। ਬਹੁਤਾ ਜੋਰ ਦੇਣ `ਤੇ ਆਖਰ ‘ਤੁਸੀਂ ਚਲੋ, ਮੈਂ ਆਉਨਾਂ’ ਕਹਿ ਕੇ ਉਹ ਫਿਰ ਆਪਣੇ ਕੰਮ ਵੰਨੀ ਹੋ ਤੁਰਿਆ।
ਮੈਂ ਉਸ ਨੂੰ ਪਹਿਲੀ ਵਾਰ ਵੇਖਿਆ ਸੀ। ਉਹ ਮੈਨੂੰ ਜੱਟਾਂ ਦਾ ਮੰੁਡਾ ਹੀ ਨਾ ਲੱਗਿਆ। ਸਿਰ `ਤੇ ਮੈਲੀ ਜਿਹੀ ਵੱਡੀ ਕੈਪ, ਭੈੜੀ ਜਿਹੀ ਜੀਨ, ਉਸ ਤੋਂ ਵੀ ਭੈੜੀ ਟੀ ਸ਼ਰਟ, ਮਿੱਟੀ ਘੱਟੇ ਨਾਲ ਲੱਥ-ਪੱਥ। ਉਹ ਮੈਨੂੰ ਇੱਕ ਮਾੜਚੂ ਜਿਹਾ ਬੀਮਾਰ ਬੰਦਾ ਲੱਗਿਆ। ਗੁਰਦੀਪ ਨੇ ਦੱਸਿਆ ਡਰੱਗ ਬਹੁਤ ਖਾਣ ਲੱਗ ਪਿਆ ਹੈ। ਏਥੇ ਹੀ ਖਾ ਪੀ ਕੇ ਟਰਾਲੇ ਵਿਚ ਸੌਂ ਜਾਂਦਾ। ਮੈਂ ਕਰਨੈਲ ਨੂੰ ਪੁੱਛਿਆ, ਇਹਦੀ ਇਸ ਤਰ੍ਹਾਂ ਦੀ ਹਾਲਤ ਕਿਉਂ ਹੈ?
ਕਰਨੈਲ ਨੇ ਦੱਸਿਆ, ਸਾਡਾ ਮਾਮਾ ਅਨਪੜ੍ਹ ਸੀ। ਇਹ ਪਿਉ ਪੁੱਤ ਖੇਤਾਂ ਵਿਚ ਮਿੱਟੀ ਨਾਲ ਮਿੱਟੀ ਹੁੰਦੇ ਰਹੇ। ਛੋਟੀ ਨੂੰਹ ਕੰਪਿਊਟਰ ਸਾਇੰਸ ਦੀ ਡਿਗਰੀ ਹੋਲਡ ਚੰਡੀਗੜ੍ਹ ਦੀ ਸੀ। ਸਾਰਾ ਲੈਣ ਦੇਣ ਨੂੰਹ ਦੇ ਹੱਥ ਵਿਚ ਸੀ। ਉਹ ਚੈਕ ਆਪਣੇ ਨਾਂ ਕੱਟਦੀ ਰਹੀ। ਜਦੋਂ ਪੂਰਾ ਮਾਂਜਾ ਲਾ`ਤਾ, ਇਹਨੂੰ ਛੱਡ ਕੇ ਆਪਣੇ ਕਿਸੇ ਪੁਰਾਣੇ ਕਲਾਸਫੈਲੋ ਨਾਲ ਭੱਜ`ਗੀ। ਹੁਣ ਖੇਤਾਂ ਦੀਆਂ ਕਿਸ਼ਤਾਂ ਟੁੱਟੀਆਂ ਪਈਆਂ, ਕਾਫੀ ਲੈਣ-ਦੇਣ ਖੜ੍ਹਾ। ਜਿੰਨਾ ਕੁ ਦਾਅ ਵੱਡੀ ਦਾ ਲੱਗਿਆ ਉਹ ਲਾ ਗਈ। ਛੋਟਾ ਸਾਰੇ ਪਾਸਿੳਂੁ ਠੱਗਿਆ ਗਿਆ। ਇਹ ਡਰੱਗ ਲੈਣ ਲੱਗ ਪਿਆ। ਹੁਣ ਘਰ ਵਿਚ ਕਲੇਸ਼ ਵੰਡ ਵੰਡਾਈ ਦਾ ਪੈ ਗਿਆ।
ਮੈਂ ਸੋਚਿਆ, ਜੀਹਦੇ ਘਰ ਨੂੰ ਨਾ ਫਰੋਲੀਏ ਉਹੀ ਚੰਗਾ। ਮੈਂ ਵੇਖਿਆ, ਟੱਬਰਾਂ ਦੇ ਟੱਬਰ ਜਿਹੜੇ ਸੁਹਣੇ ਸੁਪਨੇ ਸਿਰਜ ਕੇ ਅਮਰੀਕਾ ਦੀ ਧਰਤੀ `ਤੇ ਆਏ ਸੀ, ਪਰਿਵਾਰਾਂ ਦੀ ਟੁੱਟ-ਭੱਜ ਦੀ ਅੱਗ ਵਿਚ ਝੁਲਸ ਰਹੇ ਹਨ। ਘਰ ਦੀ ਖਿਲਰੀ ਇੱਜਤ ਦਾ ਧੂੰਆਂ ਘਰ ਦੀ ਚਾਰ ਦੀਵਾਰੀ ਅੰਦਰ ਹੀ ਦੱਬਣ ਦਾ ਸੰਤਾਪ ਭੁਗਤ ਰਹੇ ਹਨ। ਕਈ ਕਈ ਦਹਾਕਿਆਂ ਦੀ ਮਿਹਨਤ ਨਾਲ ਬਣਾਏ ਘਰ-ਬਾਰ ਨਵੀਂ ਪੀੜ੍ਹੀ ਦੀ ਬੇਰੁਖੀ ਦੇ ਹੱਥੋਂ ਤਿੜਕ ਰਹੇ ਹਨ।
ਅਸਲ ਵਿਚ ਅਸੀਂ ਜਿਹੜੇ ਲੋਕ ਉਮਰ ਦਾ ਅੱਧ ਟਪਾ ਕੇ ਪਰਾਏ ਦੇਸ਼ਾਂ ਵਿਚ ਵਸੇਬਾ ਕਰਦੇ ਹਾਂ, ਆਪਣੀ ਜੜ੍ਹ ਨਾਲ ਬੱਝੇ ਰਹਿੰਦੇ ਹਾਂ। ਅਸੀਂ ਆਪਣੇ ਸਭਿਆਚਾਰ, ਆਪਣੀਆਂ ਮਾਨਤਾਵਾਂ, ਮਰਿਆਦਾ ਨੂੰ ਦੂਸਰੇ ਲੋਕਾਂ ਨਾਲੋਂ ਉਤਮ ਹੋਣ ਦਾ ਭਰਮ ਪਾਲੀ ਬੈਠੇ ਹਾਂ। ਇਹ ਭਲੇਖਾ ਹੀ ਸਾਡਾ ਖਹਿੜਾ ਨਹੀਂ ਛੱਡ ਰਿਹਾ। ਬੱਚਿਆ ਦੀ ਜੜ੍ਹ ਆਪਣੇ ਰੀਤੀ ਰਿਵਾਜ਼ਾਂ ਨਾਲ ਨਹੀਂ ਜੁੜ ਰਹੀ। ਉਹ ਜਿਸ ਸਭਿਆਚਾਰ ਵਿਚ ਪਲ ਰਹੇ ਹਨ, ਉਸ ਦੀ ਖੁੱਲ੍ਹ ਉਨ੍ਹਾਂ ਨੂੰ ਸੁਖਾਵੀਂ ਲੱਗਦੀ ਹੈ। ਹਰ ਇੱਕ ਦਾ ਆਪਣੇ ਆਪ `ਤੇ ਨਿਰਭਰ ਹੋਣਾ ਵੀ ਨਿੱਜੀ ਫੈਸਲੇ ਲੈਣ ਵਿਚ ਸਹਾਈ ਹੁੰਦਾ ਹੈ।
ਕਦੇ ਕਦੇ ਮੈਂ ਸੋਚਦਾਂ, ਮੇਰੀ ਬੀਵੀ ਨੇ ਫੈਸਲਾ ਠੀਕ ਕੀਤਾ ਜਾਂ ਗਲਤ, ਜੋ ਬੱਚਿਆਂ ਨੂੰ ਲੈ ਕੇ ਵਾਪਸ ਚਲੀ ਗਈ। ਮੈਂ ਇਸ ਨਿਰਨੇ `ਤੇ ਅਜੇ ਤੱਕ ਫੈਸਲਾ ਨਹੀਂ ਕਰ ਸਕਿਆ; ਪਰ ਡਰ ਜ਼ਰੂਰ ਲੱਗਦਾ ਕਿ ਕਿਤੇ ਮੇਰੇ ਘਰ ਦੀ ਕਹਾਣੀ ਵੀ ਇਨ੍ਹਾਂ ਕਹਾਣੀਆਂ ਵਿਚ ਸ਼ਾਮਲ ਨਾ ਹੋ ਜਾਵੇ।