ਡਾਰੋਂ ਵਿਛੜੀ ਕੂੰਜ

ਕਲਵੰਤ ਸਿੰਘ ਸਹੋਤਾ
ਫੋਨ: 604-589-5919
ਮਨੁੱਖਤਾ ਦਾ ਹਰ ਰਿਸ਼ਤਾ ਪਿਆਰਾ, ਅਹਿਮ ਤੇ ਵਿਲੱਖਣ ਹੁੰਦਾ ਹੈ। ਹਰ ਰਿਸ਼ਤੇ ਦੀ ਆਪਣੀ ਸਮਾਜੀ, ਪਰਿਵਾਰਕ ਤੇ ਦੁਨਿਆਵੀ ਖਾਸੀਅਤ, ਪਛਾਣ ਤੇ ਅਹਿਮੀਅਤ ਹੈ: ਮਾਂ-ਪੁੱਤ, ਪਿਓ-ਧੀ, ਭੈਣ-ਭਰਾ ਅਤੇ ਪਤੀ-ਪਤਨੀ ਆਦਿ। ਪਰਿਵਾਰ ਨੂੰ ਅਸੀਂ ਇਕਾਈ ਮੰਨ ਲਈਏ ਤਾਂ ਨਵ ਜੰਮੇ ਬੱਚੇ ਦੀ ਸਾਂਝ ਮਾਂ-ਪਿਓ ਤੱਕ ਹੀ ਸੀਮਤ ਹੁੰਦੀ ਹੈ। ਜਦੋਂ ਜ਼ਰਾ ਵੱਡਾ ਹੁੰਦਾ ਤਾਂ ਭੈਣਾਂ ਭਰਾਵਾਂ ‘ਚ ਰਲ, ਆਪਣੇ ਮਾਂ-ਪਿਓ ਦੀ ਸ਼ਤਰ ਛਾਇਆ ਹੇਠ ਜਿ਼ੰਦਗੀ ਦੇ ਪੌਦੇ ਦਾ ਵਿਕਾਸ ਕਰਦਾ ਹੈ।

ਅੱਗੇ ਜਾ ਕੇ ਭਰ ਜਵਾਨੀ ਦੇ ਦੌਰ ਵਿਚ ਉਸ ਨੂੰ ਕੁਝ ਘਾਟ ਜਿਹੀ ਮਹਿਸੂਸ ਹੋਣ ਲੱਗਦੀ ਹੈ, ਜੋ ਵਿਰੋਧੀ ਲਿੰਗ ਪ੍ਰਤੀ ਪਿਆਰ-ਖਿੱਚ ਦੀਆਂ ਤਰੰਗਾਂ ਪੈਦਾ ਕਰਦੀ ਹੈ; ਉਸ ਘਾਟ ਨੂੰ ਪੂਰਾ ਕਰਨ ਲਈ ਉਹ ਆਪਣੀ ਪਹੁੰਚ ਦੇ ਚਾਰ ਚੁਫੇਰੇ ਜਾਲ ਸੁੱਟਦਾ। ਕਈ ਵਾਰੀ ਤਾਂ ਉਹ ਜਾਲ ਸੁੱਟਿਆ ਪਹਿਲੀ ਵਾਰੀ ਹੀ ਇੰਨਾ ਸਫਲ ਤੇ ਕਾਮਯਾਬ ਹੁੰਦਾ ਕਿ ਆਉਣ ਵਾਲੀ ਸਾਰੀ ਜਿ਼ੰਦਗੀ ਲਈ, ਇਹ ਕਦਮ ਇੱਕ ਚਾਨਣ ਮੁਨਾਰਾ ਸਿੱਧ ਹੁੰਦਾ ਤੇ ਵਿਆਹੁਤਾ ਜੀਵਨ ਸਫਲਤਾ ਪੂਰਵਕ ਤੋੜ ਤੱਕ ਨਿਭਦਾ; ਤੇ ਕਈ ਵਾਰੀ ਇਹ ਜਾਲ ਇੰਨਾ ਘੁੰਮਣ ਘੇਰੀਆਂ ‘ਚ ਪਾਉਂਦਾ ਕਿ ਜੀਵਨ ਰੂਪੀ ਕਿਸ਼ਤੀ ਸਮੁੰਦਰ ਰੂਪੀ ਸਮਾਜ ‘ਚ ਅਜਿਹੀਆਂ ਬਿਪਤਾਵਾਂ ਅਤੇ ਤੁਫਾਨਾਂ ਵਿਚ ਫਸ ਜਾਂਦੀ ਹੈ ਕਿ ਅੱਬਲ ਤਾਂ ਸਖਤ ਤੇ ਤੇਜ਼ ਝੱਖੜ ਸਾਹਵੇਂ ਉਹ ਪਹਾੜ ਜਿੱਡੀਆਂ ਮੁਸ਼ਕਿਲਾਂ ਦਾ ਨਾ ਮੁਕਾਬਲਾ ਕਰਦੀ ਹੋਈ ਸਾਗਰ ‘ਚ ਹੀ ਗਰਕ ਹੋ ਜਾਂਦੀ ਹੈ, ਤੇ ਜੇ ਕਿਤੇ ਇਤਫਾਕਨ ਬਚ ਜਾਏ ਤਾਂ ਉਹ ਨਕਾਰਾ ਹੋਈ ਲੰਗੜੀ ਕਿਸ਼ਤੀ ਸਦਾ ਲਈ ਨਾਕਾਮ ਹੋ ਕੇ ਰਹਿ ਜਾਂਦੀ ਹੈ।
ਔਰਤ ਅਤੇ ਮਰਦ ਨੂੰ ਪੈਦਾ ਹੋਣ ਤੋਂ ਲੈ ਕੇ ਜਵਾਨ ਹੋਣ ਤੱਕ ਇਨ੍ਹਾਂ ਹਾਲਤਾਂ ਦੇ ਇਮਤਿਹਾਨ ਵਿਚ ਦੀ ਇੱਕ ਵਾਰੀ ਜਰੂਰ ਵਿਚਰਨਾ ਪੈਂਦਾ ਹੈ ਤੇ ਇਸ ਇਮਤਿਹਾਨ ਦਾ ਨਤੀਜਾ ਚਾਨਣ ਮੁਨਾਰਾ, ਕੌੜਾ ਤਜ਼ਰਬਾ ਜਾਂ ਘੋਰ ਨਿਰਾਸ਼ਾ ਦਾ ਸਾਹਮਣਾ ਕਰਨ ਵਾਲਾ ਹੋ ਸਕਦਾ ਹੈ। ਚਾਨਣ ਮੁਨਾਰਾ ਪ੍ਰਥਮ ਸਥਾਨ ਹੈ, ਅਜਿਹੀ ਸਥਿਤੀ ਵਾਲਾ ਜੋੜਾ ਵਧੀਆ ਤੇ ਸੁਖਾਵੀਂ ਜਿ਼ੰਦਗੀ ਬਸਰ ਕਰ ਸਕਦਾ ਹੈ; ਕੌੜਾ ਤਜ਼ਰਬਾ ਹੋਣ ਵਾਲੇ ਇਨਸਾਨ ਨੂੰ ਵੀ ਘੱਟ ਅਹਿਮੀਅਤ ਨਹੀਂ ਦਿੱਤੀ ਜਾ ਸਕਦੀ, ਜੇ ਉਹ ਇਸ ਤਜ਼ਰਬੇ ਤੋਂ ਬਹੁਤ ਕੁਝ ਸਿੱਖ ਕੇ ਆਉਣ ਵਾਲੀ ਜਿ਼ੰਦਗੀ ‘ਚ ਕਈ ਅਸੂਲ ਸਾਹਵੇਂ ਮਿਥ, ਸਮਾਜ ‘ਚ ਵਿਚਰਨਾ ਸੁ਼ਰੂ ਕਰ ਦਏ; ਪਰ ਘੋਰ ਨਿਰਾਸ਼ਾ ਵਾਲੇ ਇਨਸਾਨ ਦੀ ਹਾਲਤ ਇੰਨੀ ਗਰੀਬ ਤੇ ਤਰਸਯੋਗ ਹੁੰਦੀ ਹੈ ਕਿ ਉਸ ਨੂੰ ਚਾਰ-ਚੁਫੇਰੇ ਹਨੇਰਾ ਹੀ ਦਿਸਦਾ ਹੈ। ਪਤਾ ਨਹੀਂ ਚੌਗਿਰਦੇ ਨੇ ਉਸ ਨੂੰ ਨਹੀਂ ਸਮਝਿਆ ਜਾਂ ਉਹ ਚੌਗਿਰਦੇ ਨੂੰ ਨਹੀਂ ਸਮਝ ਸਕਿਆ। ਖੈਰ ਇੱਕ ਨੂੰ ਤਾਂ ਗਲਤ ਫਹਿਮੀ ਹੈ।
ਇਸ ਦਾ ਸਿੱਟਾ ਕੀ ਹੁੰਦਾ ਹੈ? ਸਮਾਜ ਦੀ ਨਿਗ੍ਹਾ ‘ਚ ਉਹ ਗਿਰਿਆ ਮਹਿਸੂਸ ਕਰਦਾ ਹੈ; ਸਮਾਜ ਦੀ ਹਰ ਸ਼ੈਅ ਉਸ ਨੂੰ ਭੈੜੀ ਅਤੇ ਡਰਾਉਣੀ ਲਗਦੀ ਹੈ। ਉਹ ਹਰ ਪਾਸੇ ਸਹਾਰਾ ਲੱਭਦਾ ਹੈ, ਕੋਈ ਆਸਰਾ ਟੋਲਦਾ ਹੈ, ਸਭ ਕੋਸਿ਼ਸ਼ਾਂ ਉਸ ਦੀਆਂ ਬੇਅਰਥ ਜਾਂਦੀਆਂ ਤੇ ਇੱਕ ਬਹੁਤ ਵੱਡਾ ਪਾੜਾ ਹੁੰਦਾ ਵਿਚਕਾਰ, ਜਾਂ ਤਾਂ ਉਹ ਸਮਾਜ ਤੋਂ ਬਹੁਤ ਉੱਪਰ ਉੱਠ ਕੇ ਸੋਚਦਾ ਤੇ ਸਮਾਜ ਥੱਲੇ ਰਹਿ ਜਾਂਦਾ, ਜਾਂ ਸਮਾਜ ਅਗਾਂਹ ਹੁੰਦਾ ਅਤੇ ਉਹ ਪਿੱਛੇ; ਜਾਂ ਇੰਜ ਕਹਿ ਲਈਏ ਕਿ ਆਪ ਰੂੜ੍ਹੀਵਾਦੀ ਖਿਆਲ ਦਾ ਅਤੇ ਸਮਾਜ ਤੋਂ ਪਿੱਛੇ, ਭਾਵ ਇਸਤਰੀ ਅਗਾਂਹ ਵਧੂ ਖਿਆਲਾਂ ਦੀ ਅਤੇ ਉਸ ਦਾ ਆਪ ਪਿਛਾਂਹ ਖਿਚੂ ਹੋਣਾ ਵੀ ਜੀਵਨ ਨੂੰ ਨਰਕ ਬਣਿਆ ਲੱਗਣ ਲਾ ਦਿੰਦਾ ਹੈ। ਸਮਾਜ ਤੋਂ ਅੱਗੇ ਅਤੇ ਪਿੱਛੇ ਦੋਹਾਂ ਹਾਲਤਾਂ ਵਾਲਿਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਸਮਾਜ ਵਿਚ ਵਿਚਰਨ ਲਈ ਢੁਕਵੀਂ ਅਤੇ ਸਹੀ ਥਾਂ ਸਮਾਜ ਤੋਂ ਪਿੱਛੇ ਰਹਿ ਕੇ ਚੱਲਣਾ ਨਹੀਂ, ਸਗੋਂ ਥੋੜ੍ਹਾ ਜਿਹਾ ਇਸ ਤੋਂ ਅੱਗੇ ਰਹਿ ਕੇ ਹੈ। ਜਿ਼ੰਦਗੀ ਉਤਰਾਵਾਂ ਚੜ੍ਹਾਵਾਂ ਦਾ ਸੁਮੇਲ ਹੈ, ਤਵਾਜ਼ਨ ਰੱਖ ਕੇ ਜੀਵਨ ਜਿਉਣਾ ਚੁਣੌਤੀਆਂ ਭਰਿਆ ਹੁੰਦਾ ਹੈ, ਇਸ ਲਈ ਸਹੀ ਲੀਹੇ ਰਹਿਣ ਲਈ ਬਹੁਤ ਸੰਜੀਦਗੀ ਦੀ ਲੋੜ ਹੈ: ਜਰਾ ਵੀ ਇਸ ਲੀਹ ਤੋਂ ਉੱਖੜੇ ਤਾਂ ਪੈ ਗਈ ਗੱਡੀ ਕੁਚਾਲੇ; ਕੁਚਾਲੇ ਪਈ ਗੱਡੀ ਬਹੁਤੀ ਦੂਰ ਨਹੀਂ ਜਾ ਸਕਦੀ, ਸਗੋਂ ਮੂਹਰੇ ਆਉਂਦਿਆਂ ਟੋਇਆਂ ਟਿੱਬਿਆਂ ਵਿਚ ਫਸ ਕੇ ਰੁਕ ਜਾਏਗੀ। ਅੱਜ ਕੱਲ੍ਹ ਵਿਆਹਾਂ ਉਪਰੰਤ ਤਲਾਕ ਹੋ ਜਾਣਾ ਆਮ ਗੱਲ ਹੈ, ਵਿਆਹ ਤੋੜ ਘੱਟ ਚੜ੍ਹਦੇ ਹਨ ਤੇ ਟੁੱਟਦੇ ਜਿ਼ਆਦਾ ਹਨ। ਨਵੀਆਂ ਤਰੱਕੀਆਂ ਤਾਂ ਜਰੂਰ ਹੋਈਆਂ, ਪਰ ਪਰਿਵਾਰਕ ਢਾਂਚੇ ਨੂੰ ਖੋਰਾ ਲੱਗ ਗਿਆ। ਜੀਵਨ ਖੁਦਗਰਜੀ ਨਾਲ ਬੱਝ ਗਿਆ ਤੇ ਸਮਾਜਕ ਕਦਰਾਂ ਕੀਮਤਾਂ ਪਰ੍ਹੇ ਧੱਕ ਦਿੱਤੀਆਂ।
ਜੁਆਨੀ ਸਮੇਂ ਜਦੋਂ ਨਵੀਆਂ ਪਿਆਰ ਪੀਂਘਾਂ ਪੈਂਦੀਆਂ, ਜਿੰਨੇ ਮੌਕੇ ਉਦੋਂ ਇਸ ਤੋੜ ਵਿਛੋੜੇ ਦਾ ਦੁਖਾਂਤ ਵਾਪਰਨ ਦੇ ਹਨ, ਉਤਨੇ ਹੀ ਅੱਜ ਕੱਲ੍ਹ ਵਿਆਹੇ ਵਰ੍ਹੇ, ਆਪਣੇ ਘਰੀਂ ਵਾਰੀਂ ਵਸਦਿਆਂ, ਇਥੋਂ ਤੱਕ ਕਿ ਬੱਚੇ ਹੋ ਹਾਣ ਦੇ ਬਾਅਦ ਵੀ ਇਹ ਦੁਖਾਂਤ ਵਾਪਰਦੇ ਆਮ ਸੁਣੀਂਦੇ ਹਨ। ਅੱਲ੍ਹੜ ਜਵਾਨੀ ‘ਚ ਅਜਿਹੇ ਦੁਖਾਂਤ ਦਾ ਵਾਪਰ ਜਾਣਾ ਤਾਂ ਬੇਸਮਝੀ, ਘੱਟ ਤਜ਼ਰਬਾ ਜਾਂ ਜਜ਼ਬਾਤੀਪਣ ਹੋ ਸਕਦਾ; ਪਰ ਪਰਪੱਕ ਹੋ ਚੁਕੇ ਜੋੜਿਆਂ ਵਿਚ ਅਜਿਹੀ ਕਿਸਮ ਦੀਆਂ ਘਟਨਾਵਾਂ ਦਾ ਵਾਪਰ ਜਾਣਾ ਬਹੁਤ ਹੀ ਬਦਕਿਸਮਤੀ ਵਾਲੀ ਗੱਲ ਹੈ। ਸ਼ਾਇਦ ਇਸ ਦਾ ਕਾਰਨ ਅੱਜ ਦੇ ਯੁਗ ਦੀ ਤੇਜ਼ ਤਰਾਰ ਰਫਤਾਰ ਤੇ ਵੱਧ ਚੁਣੌਤੀਆਂ ਕਰਕੇ ਹੋਵੇ। ਇਕ ਜੋੜਾ ਇੱਕ ਸੁਰ ਹੋ ਜਿ਼ੰਦਗੀ ਜਿਉਂਦਾ ਹੈ, ਇੰਨੀ ਇੱਕਮਿਕਤਾ ਹੈ ਕਿ ਹਵਾ ਸਾਨ ਵੀ ਆਪਸੀ ਰਿਸ਼ਤੇ ‘ਚ ਵਿੱਥ ਨਹੀਂ, ਪਰ ਹੌਲੀ ਹੌਲੀ ਉਸ ਜੋੜੇ ਦੀ ਇੱਕਸੁਰਤਾ ਵਿਚ ਆਲੇ-ਦੁਆਲੇ ਦੇ ਹਾਲਾਤਾਂ ਦਾ ਅਜਿਹਾ ਫਾਨਾ ਠੁਕਣਾ ਸ਼ੁਰੂ ਹੋ ਜਾਂਦਾ ਹੈ ਕਿ ਜਿੱਥੇ ਹਵਾ ਸਾਨ ਵੀ ਵਿੱਥ ਨਹੀਂ ਸੀ, ਹੁਣ ਕੋਹਾਂ ਚੌੜਾ ਪਾੜਾ ਪੈ ਗਿਆ। ਉਸ ਨੇੜਤਾ ਅਤੇ ਆਪਸੀ ਇੱਕਸੁਰਤਾ ਤੋਂ ਇੰਨੀ ਦੂਰੀ `ਤੇ ਜਾ ਪੁੱਜੇ ਕਿ ਇੱਕ ਦੂਸਰੇ ਨੂੰ ਦਿਸਣੋਂ ਵੀ ਹਟ ਗਏ।
ਪਿਆਰ ਦੀਆਂ ਪਹਿਲੀਆਂ ਪੀਡੀਆਂ ਜਾ ਚੁੱਕੀਆਂ ਗੰਢਾਂ ਹਾਲੇ ਵੀ ਕਦੇ ਕਦੇ ਮਿਲਣ ਦੀ ਤਾਂਘ ਅੰਦਰ ਪੈਦਾ ਕਰਦੀਆਂ, ਪਰ ਬਣੇ ਨਾ-ਸੁਖਾਵੇਂ ਹਾਲਾਤ ਇੰਨੇ ਭਾਰੂ ਹਨ ਕਿ ਉਹ ਮਿਲਣ ਦੀ ਪੁੰਗਰੀ ਖਾਹਿਸ਼ ਨੂੰ, ਬੀਜ `ਚੋਂ ਨਿਕਲੀ ਕਰੂੰਬਲ ਵਾਂਗ, ਉੱਪਰ ਕਰੰਡ ਹੋਈ ਅਣਸੁਖਾਵੇਂ ਹਾਲਾਤਾਂ ਦੀ ਧਰਤ, ਅੰਦਰੇ ਹੀ ਮਧੋਲ ਸੁੱਟਦੀ ਹੈ। ਮਿਲਣ ਦੀ ਤਮੰਨਾ ਉਠਣੀ ਤੇ ਅੰਦਰੇ ਖਤਮ ਹੋ ਜਾਣੀ ਇੱਕ ਰੁਟੀਨ ਬਣ ਕੇ ਰਹਿ ਜਾਂਦਾ ਹੈ। ਸਿਰੇ ਦਾ ਦੁਖਾਂਤ ਉਦੋਂ ਵਾਪਰ ਜਾਂਦਾ, ਜਦੋਂ ਪਿਆਰ ਸਹਿਕਦਾ ਇੱਕ ਦਿਲ ਦੂਜੇ ਨੂੰ ਤਾਂਘਦਾ ਛੱਡ ਆਪਣਾ ਆਪ ਗੁਆ ਬੈਠਦਾ ਤਾਂ ਉਸ ਸਹਿਕਦੇ ਦਿਲ ਲਈ ਉਮਰਾਂ ਦਾ ਰੋਣ ਦੇ ਜਾਂਦਾ। ਬੇਕਸੂਰ ਦੋਵੇਂ ਹੁੰਦੇ ਹਨ, ਪਰ ਅਣਸੁਖਾਵੇਂ ਹਾਲਾਤਾਂ ਦਾ ਸਿ਼ਕਾਰ। ਅਜਿਹੀ ਹਾਲਤ ਵਿਚ ਆਪੋ ਆਪਣੀ ਜਿ਼ਦ `ਤੇ ਅੜੇ ਰਹਿਣਾ ਦੋਹਾਂ ਪਾਸਿਆਂ ਲਈ ਮਾਰੂ ਸਿੱਧ ਹੁੰਦਾ ਹੈ। ਇੱਕ ਧਿਰ ਵੀ ਜੇ ਥੋੜ੍ਹੀ ਨਰਮੀ ਵਰਤ, ਆਪਣਾ ਸਖਤ ਵਤੀਰਾ ਛੱਡ, ਦੂਸਰੀ ਨੂੰ ਆਪਣੇ ਵਿਸ਼ਵਾਸ ‘ਚ ਲੈ ਲਵੇ ਤਾਂ ਬਹੁਤ ਵੱਡਾ ਦੁਖਾਂਤ ਟਾਲਿਆ ਜਾ ਸਕਦਾ ਹੈ। ਇੰਜ ਅਜਿਹੇ ਸਮੇਂ ਮਾੜੀ ਜਿਹੀ ਵੀ ਕੀਤੀ ਅਣਗਹਿਲੀ ਸਾਰੀ ਉਮਰ ਦਾ ਪਛਤਾਵਾ ਦੇ ਜਾਂਦੀ ਹੈ।
ਇੱਕ ਸੱਚੀ ਔਰ ਸੁਹਿਰਦ ਪਤਨੀ ਦਾ ਇਹ ਪ੍ਰਮੁੱਖ ਫਰਜ਼ ਹੈ ਕਿ ਆਪਣੇ ਸਾਥੀ ਦੀ ਹਰ ਰਮਜ਼ ਨੂੰ ਸਮਝੇ, ਉਸ ਦੇ ਹਰ ਮਾਨਸਿਕ ਅਤੇ ਜਿਸਮਾਨੀ ਦੁੱਖ-ਸੁੱਖ ਵਿਚ ਭਾਈਵਾਲ ਬਣੇ। ਸਹਿਜ ਸੁਭਾਅ ਉਸ ਨੂੰ ਮਹਿਸੂਸ ਹੋ ਰਹੀ ਲੋੜ ਦੀ ਅਣਹੋਂਦ ਨੂੰ ਪੂਰਾ ਕਰਨ ਵਿਚ ਉਸ ਦਾ ਹੱਥ ਵਟਾਵੇ। ਗਲਤਫਹਿਮੀ ਦੇ ਸਿ਼ਕਾਰ ਪਤੀ ਅੱਗੇ ਆਪਣੀ ਸੁਹਿਰਦਤਾ ਦਾ ਸਬੂਤ ਦਏ, ਨਾ ਕਿ ਚੱਟਾਨ ਵਾਂਗੂੰ ਆਪਣੀ ਜਿ਼ਦ `ਤੇ ਅੜੀ ਰਹੇ। ਅਕਸਰ ਅਜਿਹੀਆਂ ਗੁਸਤਾਖੀਆਂ ਦੇ ਸਿੱਟੇ ਭਿਆਨਕ ਨਿਕਲਦੇ ਹਨ। ਜਿੱਥੇ ਇੱਕ ਪਤੀ ਦਾ ਫਰਜ਼ ਹੈ ਕਿ ਆਪਣੀ ਪਤਨੀ `ਤੇ ਯਕੀਨ ਜਾਂ ਪੂਰਨ ਭਰੋਸਾ ਕਰੇ, ਉਥੇ ਪਤਨੀ ਦੇ ਸਿਰ ਵੀ ਇਹ ਜਿ਼ੰਮੇਵਾਰੀ ਆਉਂਦੀ ਹੈ ਕਿ ਉਹ ਆਪਣੇ ਕੰਤ ਨਾਲ ਵਿਸ਼ਵਾਸਘਾਤ ਨਾ ਕਰੇ। ਮਨੁੱਖ ਗਲਤੀ ਦਾ ਪੁਤਲਾ ਹੈ, ਜਿੰਨਾ ਗਲਤੀ ਕਰਨਾ ਮਾੜਾ ਹੈ, ਉਤਨਾ ਹੀ ਗਲਤੀ ਕਰਕੇ ਉਸ ਦਾ ਅਹਿਸਾਸ ਕਰ ਲੈਣਾ ਚੰਗਾ ਵੀ ਹੈ। ਜਿ਼ੰਦਗੀ ਦੇ ਤਜ਼ਰਬੇ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ: ਸਾਰੀ ਜਿ਼ੰਦਗੀ ਇਨਸਾਨ ਸਿੱਖਦਾ ਹੀ ਰਹਿੰਦਾ ਹੈ, ਇੱਕ ਵਾਰੀ ਹੋ ਚੁਕੀ ਗਲਤੀ ਮੁੜ ਕੇ ਦੁਹਰਾਉਣੀ ਨਹੀਂ ਚਾਹੀਦੀ; ਘਰ ਦੀ ਸੁਆਣੀ ਨੂੰ ਹਰ ਗੱਲ `ਤੇ ਜਿ਼ਦ ਕਰਕੇ ਪਤੀ ਦਾ ਸੁਭਾਅ ਚਿੜਚਿੜਾ ਬਣਾਉਣ ‘ਚ ਵਾਧਾ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਪਤੀ ਨੂੰ ਆਪਣੀ ਸਾਥਣ `ਤੇ ਚੌਵੀ ਘੰਟੇ ਥਾਣੇਦਾਰੀ ਦੇ ਡੰਡੇ ਦੇ ਭੈ ਦਾ ਸਿ਼ਕਾਰ ਬਣਾਈ ਰੱਖਣਾ ਵਾਜਬ ਹੈ। ਅਜਿਹੀਆਂ ਖੁਣਸਾਂ ਰੋਜ਼ਾਨਾ ਜੀਵਨ ਨੂੰ ਨਰਕ ਬਣਾ ਕੇ ਰੱਖ ਦਿੰਦੀਆਂ ਹਨ, ਅੱਗੇ ਕਿਸੇ ਵੇਲੇ ਇਸ ਨਰਕ ਰੂਪੀ ਜੀਵਨ ਤੋਂ ਅੱਕ ਕੇ ਕੋਈ ਮਾਰੂ ਕਦਮ ਵੀ ਚੁੱਕ ਲੈਂਦਾ ਹੈ। ਪਹਿਲਾਂ ਜਿਹੜੀਆਂ ਗਲਤੀਆਂ ਆਦਤ ਬਣ ਚੁੱਕੀਆਂ ਹੁੰਦੀਆਂ, ਬਾਜੀ ਬੀਤ ਜਾਣ ਉਪਰੰਤ ਯਕ ਦਮ ਉਨ੍ਹਾਂ ਦਾ ਅਹਿਸਾਸ ਵੀ ਹੋ ਜਾਂਦਾ ਹੈ, ਜੋ ਸਰਾਸਰ ਵਿਅਰਥ ਹੁੰਦਾ।
ਅੱਜ ਸਮਾਜਕ ਰਿਸ਼ਤਿਆਂ ‘ਚ ਨਿਘਾਰ ਆ ਚੁਕਾ ਹੈ, ਰਿਸ਼ਤੇ ਤੋੜ ਨਿਭਣ ਦੀ ਥਾਂ ਇੱਕ ਸੁ਼ਗਲ ਬਣ ਕੇ ਰਹਿ ਗਏ ਹਨ। 1978 ਵਿਚ ਸਾਡੀ ਕਰੀਬੀ ਰਿਸ਼ਤੇਦਾਰੀ ‘ਚ ਇੱਕ ਤ੍ਰਾਸਦੀ ਵਾਪਰੀ ਸੀ। ਇੱਕ ਦਮ ਪਿਛਲੀ ਸਾਰੀ ਫਿਲਮ ਦੀ ਰੀਲ ਅੱਖਾਂ ਅੱਗੇ ਘੁੰਮਣ ਲੱਗੀ। ਉਹ ਬਹੁਤ ਪਿਆਰਾ ਸੋਹਣਾ ਸੁਨੱਖਾ ਜੋੜਾ ਸੀ, ਘਿਓ-ਖਿਚੜੀ ਹੋ ਕੇ ਰਹਿੰਦੇ ਸਨ, ਉਨ੍ਹਾਂ ਦੇ ਅਨੰਦਮਈ ਬਤੀਤ ਹੋ ਰਹੇ ਜੀਵਨ ਨੂੰ ਐਸੀ ਚੰਦਰੀ ਨਜ਼ਰ ਲੱਗੀ ਕਿ ਪਤੀ-ਪਤਨੀ ਦਾ ਕਲੇਸ਼ ਵਧਦਾ ਵਧਦਾ ਆਖਰ ਸਿਖਰਾਂ `ਤੇ ਪਹੁੰਚ ਗਿਆ ਤੇ ਪਤੀ ਨੇ ਗੱਡੀ ਥੱਲੇ ਆ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ, ਪਤਨੀ ਦੀ ਹਾਲਤ ‘ਡਾਰੋਂ ਵਿਛੜੀ ਕੂੰਜ’ ਵਰਗੀ ਕਰਕੇ ਵਿਲਕਦੀ ਛੱਡ ਗਿਆ। 42 ਸਾਲ ਪਹਿਲਾਂ ਵਾਪਰੀ ਘਟਨਾ ਤੇ ਹੁਣ ਵਾਪਰ ਰਹੀਆਂ ਅਜਿਹੀਆਂ ਹੀ ਤ੍ਰਾਸਦੀਆਂ ‘ਚ ਮੈਨੂੰ ਨਾ ਕੋਈ ਫਰਕ ਦਿਸਦਾ ਅਤੇ ਨਾ ਹੀ ਕੋਈ ਕਮੀ ਆਈ ਹੈ। ਸਮਾਂ ਬਦਲਿਆ ਹੈ, ਪਰ ਦੁਖਾਂਤ ਵਾਪਰਨੋਂ ਨਹੀਂ ਹਟੇ।
ਜਿਸ ਦਾ ਸਾਥੀ ਗੈਰ ਕੁਦਰਤੀ ਮੌਤੇ ਤੁਰ ਗਿਆ, ਚਾਹੇ ਉਹ ਔਰਤ ਹੈ ਜਾਂ ਮਰਦ, ਉਸ ਦਾ ਤਾਂ ਸਾਰਾ ਜੀਵਨ ਹੀ ਉਥਲ-ਪੁਥਲ ਹੋ ਗਿਆ। ਕੁਝ ਆਦਤਾਂ ਅਸੀਂ ਆਉਂਦੇ ਹੋਏ, ਪੰਜਾਬ ਤੋਂ ਨਾਲ ਹੀ ਲਿਆਏ ਹਾਂ; ਜਿਵੇਂ ਕੁਝ ਲੋਕਾਂ ਦਾ ਸ਼ੁਗਲ ਹੀ ਬਣਿਆ ਹੁੰਦਾ ਕਿ ਦੂਸਰਿਆਂ ਦਾ ਘਰ ਫੂਕ ਤਮਾਸ਼ਾ ਵੇਖਣਾ, ਅਜਿਹੇ ਲੋਕਾਂ ਤੋਂ ਦੂਰੀ ਬਣਾ ਕੇ ਰੱਖਦਿਆਂ ਉਨ੍ਹਾਂ ਦੀਆਂ ਚਾਲਾਂ ‘ਚ ਨਹੀਂ ਆਉਣਾ ਚਾਹੀਦਾ। ਜੇ ਇੰਜ ਚੌਕੰਨੇ ਰਹਿ, ਪੁੱਠੀ ਮੱਤ ਦੇਣ ਵਾਲਿਆਂ ਤੋਂ ਪਰੇ ਰਹੀਏ ਜਾਂ ਪਰੇ ਰਹਿਣ ਦਾ ਮਾਹੌਲ ਸਿਰਜਿਆ ਜਾਏ ਤਾਂ ਬਹੁਤ ਕੁਝ ਬਿਗੜਨੋਂ ਬਚ ਸਕਦਾ ਹੈ। ਅਜਿਹੇ ਲੋਕਾਂ ਤੋਂ ਸੁਚੇਤ ਰਹਿਣਾ ਜਿੱਥੇ ਪਤਨੀ ਦਾ ਫਰਜ਼ ਹੈ, ਉੱਥੇ ਪਤੀ ਨੂੰ ਵੀ ਥੋੜੀ ਜਿ਼ੰਮੇਵਾਰੀ ਤੋਂ ਕੰਮ ਲੈਣਾ ਚਾਹੀਦਾ ਹੈ। ਦੋਵੇਂ ਇੱਕ ਦੂਸਰੇ ਦੇ ਜੀਵਨ ਸਾਥੀ ਹਨ, ਤੇ ਇੱਕ ਦੂਸਰੇ ਦੀ ਮਜ਼ਬੂਰੀ ਅਤੇ ਔਖਿਆਈ ਨੂੰ ਸਮਝਦੇ ਹੋਏ, ਆਪਣੇ ਫਰਜ਼ਾਂ ਦੀ ਪਛਾਣ ਕਰਦੇ ਹੋਏ ਠਰੰਮੇ ਤੇ ਸਮਝ ਤੋਂ ਕੰਮ ਲੈਣ। ਕਈ ਵਾਰੀ ਮਾਪਿਆਂ ਦੀ ਲੋੜੋਂ ਵੱਧ ਦਖਲ-ਅੰਦਾਜ਼ੀ ਵੀ ਮੁਸ਼ਕਿਲਾਂ ਵਧਾ ਦਿੰਦੀ ਹੈ, ਚਾਹੇ ਉਹ ਮਾਂ-ਪਿੳ ਮੁੰਡੇ ਦੇ ਹੋਣ ਜਾਂ ਕੁੜੀ ਦੇ। ਇਹ ਬਲਦੀ `ਤੇ ਤੇਲ ਪਾਉਣ ਵਾਲੀ ਗੱਲ ਹੁੰਦੀ ਹੈ।
ਪਿਛਲੇ ਚਾਰ ਦਹਾਕਿਆਂ ‘ਚ ਬਹੁਤ ਕੁਝ ਬਦਲ ਗਿਆ ਹੈ, ਤਕਨਾਲੋਜੀ ਦੇ ਖੇਤਰ ‘ਚ ਹੋਈ ਤਰੱਕੀ ਨੇ ਜਿ਼ੰਦਗੀ ਦੀ ਰਫਤਾਰ ਨੂੰ ਹੋਰ ਤੇਜ ਅਤੇ ਆਪਸੀ ਰਿਸ਼ਤਿਆਂ ਨੂੰ ਖੋਖਲੇ ਕਰ ਦਿੱਤਾ ਹੈ, ਜਿਸ ਕਰਕੇ ਪਰਿਵਾਰਾਂ ‘ਚ ਬਖੇੜੇ ਬਹੁਤ ਵਧ ਗਏ ਹਨ। ਪਦਾਰਥਾਂ ਨਾਲ ਬੱਝੀ ਜਿ਼ੰਦਗੀ ਤੋਂ ਖੁਸ਼ੀਆਂ, ਸਾਂਤੀ ਤੇ ਸਹਿਜ ਕੋਹਾਂ ਦੂਰ ਭੱਜ ਗਏ ਹਨ। ਜੀਵਨ ‘ਚ ਸਾਰੇ ਪੱਖਾਂ ਦੀ ਸਮਾਨਤਾ ਦਾ ਸੁਮੇਲ ਹੋਣਾ ਚਾਹੀਦਾ। ਰੋਜ਼ਾਨਾ ਜੀਵਨ ਦੀ ਦੌੜ ਨੇ ਮਾਨਸਿਕ ਤਣਾਓ ਸਿਖਰਾਂ `ਤੇ ਪਹੁੰਚਾ ਦਿੱਤਾ ਹੈ, ਥੋੜ੍ਹੇ ਪਲਾਂ ਲਈ ਵੀ ਇਕਾਂਤਵਾਸ ‘ਚ ਬੈਠ, ਆਪਣੇ ਕੋਲ ਹੁਣ ਜੋ ਸੁੱਖ ਤੇ ਸੁਵਿਧਾਵਾਂ ਹਨ, ਉਨ੍ਹਾਂ ਪ੍ਰਤੀ ਗਹੁ ਮਾਰ, ਸ਼ੁਕਰਗੁਜ਼ਾਰ ਹੋਣਾ ਤੇ ਤ੍ਰਿਪਤੀ ਦਾ ਅਹਿਸਾਸ ਕਰਨ ਜੋਗਾ ਵੀ ਸਮਾਂ ਨਹੀਂ ਹੈ। ਇਸ ਸਭ ਕਾਸੇ ਦੀ ਅਣਹੋਂਦ ਜਿਉਣਾ ਹੋਰ ਦੁੱਭਰ ਕਰੀ ਜਾਂਦੀ ਹੈ। ਸੰਤੁਸ਼ਟੀ ਨਹੀਂ ਤਾਂ ਖੁਸ਼ੀ ਨਹੀਂ, ਖੁਸ਼ੀ ਨਹੀਂ ਤਾਂ ਅੱਗੇ ਹੋਰ ਭਟਕਣ ਅਤੇ ਮਨ ਦੇ ਬਖੇੜਿਆਂ ਦੇ ਚੌਰਸਤੇ ਦਿਸਣਗੇ। ਪਦਾਰਥਾਂ ‘ਚ ਖੁੱਭੇ, ਮੈਂ ਨਾ ਮਾਨੂੰ ਦੀ ਰਟ ਲਾਉਂਦੇ, ਆਪਣੀ ਹਉਮੈ ਨੂੰ ਪੱਠੇ ਪਾਉਂਦੇ, ਕਿਤੇ ਅਜਿਹੀ ਹਾਲਤ ਨਾ ਬਣਾ ਬੈਠੀਏ ਕਿ ‘ਡਾਰੋਂ ਵਿਛੜੀ ਕੂੰਜ’ ਵਾਲੀ ਗੱਲ ਬਣ ਕੇ ਰਹਿ ਜਾਏ।