ਪਗੜੀ ਸੰਭਾਲ ਜੱਟਾ ਦਾ ਵਰਤਮਾਨ ਚਿਹਰਾ

ਗੁਲਜ਼ਾਰ ਸਿੰਘ ਸੰਧੂ
ਇਹ ਸਬੱਬ ਦੀ ਗੱਲ ਹੈ ਕਿ ਕਿਸਾਨਾਂ ਦਾ ਸੰਘਰਸ਼ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਿਨਾਂ ਵਿਚ ਸਿਖਰ ਉੱਤੇ ਪਹੰੁਚਿਆ ਹੈ। ਅੱਜ ਪਰਿਵਾਰ ਵਿਛੋੜਾ, ਚਮਕੌਰ ਸਾਹਿਬ ਤੇ ਫਤਿਹਗੜ ਸਾਹਿਬ ਤੋਂ ਦਿੱਲੀ ਬਾਰਡਰ ਤੱਕ ਸਰਬ ਸਾਂਝੇ ਕਿਰਸਾਨ, ਜਿਨ੍ਹਾਂ ਵਿਚ ਹਰਿਆਣਾ ਦੇ ਜਾਟ ਵੀ ਸ਼ਾਮਲ ਹਨ, ਮੋਰਚੇ `ਤੇ ਬੈਠੇ ਵੀਰਾਂ-ਭੈਣਾਂ ਤੇ ਬਜੁਰਗਾਂ ਲਈ ਟਰੈਕਟਰਾਂ-ਟਰਾਲੀਆਂ ਵਿਚ ਰਸਦ ਪਾਣੀ ਲੱਦ ਕੇ ਭਾਂਤ-ਭਾਂਤ ਦੇ ਨਾਅਰੇ ਲਾਉਂਦੇ ਕੌਮੀ ਸ਼ਾਹਰਾਹ ਉੱਤੇ ਪਹੰੁਚੇ ਹੋਏ ਹਨ। ਸਿੱਖ ਗੁਰੂ ਸਾਹਿਬਾਨ ਵਲੋਂ ਅਰੰਭੀ ਲੰਗਰ ਦੀ ਪ੍ਰਥਾ ਦੁਨੀਆਂ ਭਰ ਦੇ ਗੁਰਦੁਆਰਿਆਂ ਵਿਚ ਪ੍ਰਸਿੱਧ ਹੈ। ਲੰਗਰ ਮਸਤਾਨਾ ਹੋ ਜਾਣ ਦੀ ਸੂਰਤ ਵਿਚ ਵੀ ਸਬੰਧਤ ਗੁਰਦੁਆਰੇ ਦਾ ਲਾਂਗਰੀ ਫਟਾ-ਫਟ ਰੋਟੀਆਂ ਤਿਆਰ ਕਰਕੇ ਰਸੋਈ ਵਿਚ ਰੱਖੇ ਅਚਾਰ ਨਾਲ ਰਾਹਗੀਰਾਂ ਦੇ ਢਿੱਡ ਦੀ ਅੱਗ ਬੁਝਾ ਦਿੰਦਾ ਹੈ। ਮੈਂ ਇਹ ਵਰਤਾਰਾ ਅਮਰੀਕਾ ਦੇ ਓਕਲਾਹੋਮਾ ਆਦਿ ਵਾਸੀ ਇਲਾਕੇ ਵਿਚ ਵੀ ਦੇਖ ਚੁਕਾ ਹਾਂ।

ਅੱਜ ਸਿੰਘੂ ਬਾਰਡਰ ਦਾ ਲੰਗਰ ਵਡੇਰਾ ਤੇ ਵਿਸ਼ਾਲ ਰੂਪ ਧਾਰ ਚੁਕਾ ਹੈ। ਇੱਥੇ ਲੱਡੂ, ਜਲੇਬੀਆਂ, ਪਕੌੜੇ ਤੇ ਪਿੰਨੀਆਂ ਹੀ ਨਹੀਂ, ਸਗੋਂ ਅਖਰੋਟ, ਬਦਾਮ ਤੇ ਇਲਾਚੀਆਂ ਵੀ ਹਾਕਾਂ ਮਾਰ ਮਾਰ ਕੇ ਵਰਤਾਏ ਜਾਂਦੇ ਹਨ। ਹਾਕਾਂ ਮਾਰਨ ਵਾਲੀਆਂ ਬੀਬੀਆਂ-ਭੈਣ ਤੋਂ ਬੱਚੇ ਹੀ ਨਹੀਂ, ਬਜੁਰਗ ਵੀ ਹਨ; ਨੌਜਵਾਨ ਗੱਭਰੂ ਖਾਸ ਕਰਕੇ। ਟਰੈਕਟਰ-ਟਰਾਲੀਆਂ ਦੀ ਮੁਫਤ ਮੁਰੰਮਤ ਤਾਂ ਕੀ, ਗੁਰਮੀਤ ਸਿੰਘ ਨਾਂ ਦਾ ਮਾਲਸ਼ੀ ਤੇ ਹੋਰ ਨੌਜਵਾਨ ਥੱਕੇ-ਹਾਰੇ ਬਜੁਰਗਾਂ ਦੀ ਮਾਲਿਸ਼ ਕਰਕੇ ਉਨ੍ਹਾਂ ਨੂੰ ਨੌਂ ਬਰ ਨੌਂ ਕਰ ਰਹੇ ਹਨ।
ਵੇਰਕੇ ਦਾ ਦੱੁਧ ਤੇ ਲੱਸੀ, ਗੰਨੇ ਦਾ ਰਸ, ਸੰਗਤਰੇ ਦਾ ਜੂਸ ਤਾਂ ਕੀ ਹਰਿਆਣਾ ਦੇ ਜਾਟਾਂ ਨੇ ਆਪਣੇ ਵਰਗਿਆਂ ਲਈ ਹੁਕਿਆਂ ਦਾ ਪ੍ਰਬੰਧ ਵੀ ਕਰ ਰੱਖਿਆ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਮੇਂ ਹਾਅ ਦਾ ਨਾਅਰਾ ਲਾਉਣ ਵਾਲੇ ਮਲੇਰਕੋਟਲੀਏ ਜ਼ਰਦਾ ਤੇ ਨਮਕੀਨ ਬਰਿਆਨੀ ਵਰਤਾ ਰਹੇ ਹਨ। ਜੇ ਸੱਚ ਪੱੁਛੋ ਤਾਂ ਮੈਲਬਰਨ (ਆਸਟ੍ਰੇਲੀਆ), ਕੈਲੀਫੋਰਨੀਆ (ਅਮਰੀਕਾ) ਤੇ ਬਰੈਂਪਟਨ (ਕੈਨੇਡਾ) ਦੇ ਸੱਤ ਸਮੰੁਦਰ ਪਾਰ ਦੇ ਸੇਵਕ ਆਪੋ ਆਪਣੇ ਲੰਗਰ ਲਾਈ ਬੈਠੇ ਹਨ।
ਮੋਰਚੇ ਵਾਲੇ ਕਿਸਾਨ ਕਿਸੇ ਸਿਆਸੀ ਪਾਰਟੀ ਨਾਲ ਸਬੰਧਤ ਨਹੀਂ। ਇਨ੍ਹਾਂ ਨੇ ਪੰਜਾਬ ਤੇ ਹਰਿਆਣਾ ਵਿਚ ਹਰੀ ਕ੍ਰਾਂਤੀ ਲਿਆ ਕੇ ਐਫ. ਸੀ. ਆਈ. (ਫੂਡ ਕਾਰਪੋਰੇਸ਼ਨ ਆਫ ਇੰਡੀਆ) ਦੇ ਗੋਦਾਮਾਂ ਵਿਚ 743 ਲੱਖ ਟਨ ਅਨਾਜ ਜਮਾਂ ਕਰ ਰਖਿਆ ਹੈ, ਜਦੋਂ ਕਿ ਇਸ ਵਿਚੋਂ ਹਰ ਸਾਲ ਕੇਵਲ 410 ਲੱਖ ਟਨ ਵੰਡਣਾ ਹੰੁਦਾ ਹੈ। ਸਰਕਾਰ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਜਨਤਕ ਵੰਡ ਪ੍ਰਣਾਲੀ ਉੱਤੇ ਹੋ ਰਿਹਾ ਖਰਚਾ ਤਾਂ ਦਿਖਾਈ ਦਿੰਦਾ ਹੈ, ਖੇਤਾਂ ਦੀਆਂ ਫਸਲਾਂ ਤੋਂ ਪੈਦਾ ਹੋ ਰਹੀ ਹਰਿਆਵਲ ਰਾਹੀਂ ਵਾਤਾਵਰਨ ਵਿਚੋਂ ਸੋਖੀ ਜਾ ਰਹੀ ਕਾਰਬਨ ਡਾਈਅਕਸਾਈਡ ਨਹੀਂ ਦਿਸਦੀ, ਜੋ ਆਕਸੀਜਨ ਵੰਡਦੀ ਹੈ। ਇਸ ਦੀ ਕੀਮਤ ਲਗਪਗ ਸਵਾ ਲੱਖ ਕਰੋੜ ਪ੍ਰਤੀ ਸਾਲ ਬਣਦੀ ਹੈ। ਸਰਕਾਰ ਅਜਿਹਾ ਲਾਭ ਦੇਣ ਵਾਲੇ ਕਿਸਾਨ ਨੂੰ ਕਾਰਪੋਰੇਟ ਘਰਾਣਿਆਂ ਦੇ ਰਹਿਮੋ ਕਰਮ ਵਿਚ ਝੋਕਣਾ ਚਾਹੰੁਦੀ ਹੈ। ਅਰਥ ਸ਼ਾਸਤਰੀ ਜਾਣਦੇ ਹਨ ਕਿ ਦੇਸ਼ ਦੀਆਂ ਛੇ ਹਜ਼ਾਰ ਐਮ. ਐਸ. ਪੀ. ਮੰਡੀਆਂ ਵਿਚੋਂ ਇੱਕ ਤਿਹਾਈ ਪੰਜਾਬ ਵਿਚ ਹਨ। ਇਹ ਵੀ ਕਿ ਭਾਰਤ ਵਿਚ 86 ਫੀਸਦੀ ਕਿਸਾਨਾਂ ਕੋਲ ਦੋ ਹੈਕਟੇਅਰ ਤੋਂ ਵੀ ਘੱਟ ਜ਼ਮੀਨ ਹੈ। ਨਵੇਂ ਕਾਨੂੰਨ ਉਨ੍ਹਾਂ ਸਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਦੀ ਝੋਲੀ ਵਿਚ ਸਿੱਟ ਰਹੀ ਹੈ।
ਕਿਸਾਨ ਨਾਲ ਇਹ ਧੱਕਾ ਇਕ ਸਦੀ ਪਹਿਲਾਂ ਵਾਲੇ ਪਗੜੀ ਸੰਭਾਲ ਜੱਟਾ ਦਾ ਨਾਅਰਾ ਚੇਤੇ ਕਰਾਉਂਦਾ ਹੈ। 1907 ਵਿਚ ਗੋਰੀ ਸਰਕਾਰ ਤਾਂ ਪੰਜਾਬ ਲੈਂਡ ਕਾਲੋਨਾਈਜੇਸ਼ਨ ਬਿਲ ਲਿਆ ਕੇ ਨਵੀਆਂ ਕੱਢੀਆਂ ਨਹਿਰਾਂ ਦਾ ਲਾਭ ਛੋਟੇ ਕਿਸਾਨਾਂ ਦੀ ਥਾਂ ਵੱਡੇ ਜ਼ਿਮੀਂਦਾਰਾਂ ਨੂੰ ਦੇਣਾ ਚਾਹੰੁਦੀ ਸੀ। ਇਸ ਨੂੰ ਰੋਕਣ ਤੇ ਰੱਦ ਕਰਾਉਣ ਦਾ ਬੀੜਾ ਭਗਤ ਸਿੰਘ ਸ਼ਹੀਦ ਦੇ ਚਾਚਾ ਅਜੀਤ ਸਿੰਘ ਨੇ ਚੁੱਕਿਆ ਸੀ। ਉਦੋਂ 22 ਮਾਰਚ 1907 ਨੂੰ ਲਾਇਆ ਕਿਸਾਨਾਂ ਦਾ ਮੋਰਚਾ ਨਵੰਬਰ 1907 ਤੱਕ ਚਲਿਆ ਸੀ ਤੇ ਗੋਰੀ ਸਰਕਾਰ ਨੂੰ ਸਾਰੇ ਐਕਟ ਵਾਪਸ ਲੈਣੇ ਪਏ ਸਨ। ਉਦੋਂ ਵਾਲਾ ਮੋਰਚਾ ਕੜਾਕੇ ਦੀ ਠੰਢ ਵਿਚ ਨਹੀਂ ਸੀ ਲੱਗਾ, ਜਦੋਂ ਕਿ ਹੁਣ ਵਾਲਾ ਮੋਰਚਾ ਕਹਿਰਾਂ ਦੀ ਸਰਦੀ ਵਿਚ ਲਾਉਣਾ ਪੈ ਗਿਆ ਹੈ। ਉਦੋਂ ਕਿਸਾਨਾਂ ਨੇ ਗੋਰਿਆਂ ਨਾਲ ਆਢਾ ਲਿਆ ਸੀ। ਅੱਜ ਤਾਂ ਆਪਣੇ ਹੀ ਗੋਰੇ ਬਣੇ ਬੈਠੇ ਹਨ। ਮੋਰਚੇ ਨੂੰ ਬਦਨਾਮ ਕਰਨ ਲਈ ਹਰ ਤਰ੍ਹਾਂ ਦੀਆਂ ਸਿਆਸੀ ਤੇ ਗੈਰ-ਸਿਆਸੀ ਊਜਾਂ ਲਾਈਆਂ ਜਾ ਰਹੀਆਂ ਹਨ। ਫਿਰ ਵੀ ਪੰਜਾਬ ਤੇ ਹਰਿਆਣਾ ਦੀ ਪਿੱਠ ਉੱਤੇ ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਕੇਰਲ ਤੱਕ ਦੇ ਕਿਸਾਨ ਹੀ ਨਹੀਂ, ਅਰਥ ਸ਼ਾਸਤਰੀ, ਵਕੀਲ ਬੁੱਧੀਜੀਵੀ ਤੇ ਸਾਬਕਾ ਵੱਡੇ ਫੌਜੀ ਤੇ ਅਫਸਰ ਨਿੱਤਰ ਆਏ ਹਨ। ਜੇ ਕੇਂਦਰ ਸਰਕਾਰ ਲੋੜੀਂਦਾ ਹੱਲ ਨਹੀਂ ਲੱਭਦੀ ਤਾਂ ਦੇਸ਼ ਦਾ ਫੈਡਰਲ ਢਾਂਚਾ ਵੀ ਟੱੁਟ ਸਕਦਾ ਹੈ, ਜਿਸ ਦੀ ਖਾਤਰ ਸਾਡੇ ਵਡੇਰਿਆਂ ਨੇ ਸਿਰ ਧੜ ਦੀ ਬਾਜ਼ੀ ਲਾਈ ਸੀ। ਰੱਬ ਖੈਰ ਕਰੇ!
ਟਰੰਪ ਬਨਾਮ ਨਰੇਂਦਰ ਮੋਦੀ: ਪਿਛਲੇ ਵਰਿਆਂ ਵਿਚ ਜਦੋਂ ਵੀ ਆਪਣੇ ਅਮਰੀਕਾ ਨਿਵਾਸੀ ਮਿੱਤਰਾਂ ਤੋਂ ਉਨ੍ਹਾਂ ਦੇ ਰਾਸ਼ਟਰਪਤੀ ਡੋਨਲਡ ਟਰੰਪ ਬਾਰੇ ਪੁਛਿਆ ਜਾਂਦਾ ਹੈ ਤਾਂ ਉਹ ਇਕ ਹੀ ਲਾਈਨ ਦਾ ਉੱਤਰ ਦਿੰਦੇ ਹਨ, ‘ਤੁਹਾਡੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਾਲਾ ਹੀ ਹੈ।’ ਮਤਲਬ ਸਪਸ਼ਟ ਹੈ। ਹਾਲ ਹੀ ਵਿਚ ਡੋਨਲਡ ਟਰੰਪ ਨੇ ਨਰੇਂਦਰ ਮੋਦੀ ਨੂੰ ਟਰੰਪ ਨੇ ਵੱਕਾਰੀ ਸਨਮਾਨ ‘ਲੀਜੀਅਨ ਆਫ ਮੈਰਿਟ’ ਦੇ ਕੇ ਇਸ ਉੱਤੇ ਮੋਹਰ ਲਾ ਦਿੱਤੀ ਹੈ। ਮੋਦੀ ਨੇ ਟਰੰਪ ਦਾ ਧੰਨਵਾਦ ਕਰਦਿਆਂ ਆਪਣੇ ਆਪ ਨੂੰ ਬੇਹਦ ਸਨਮਾਨਤ ਗਰਦਾਨਿਆ ਹੈ। ਉਸ ਦਾ ਆਪਣਾ ਭਵਿਖ ਕੀ ਹੈ? ਉਹ ਜਾਣੇ ਜਾਂ ਉਪਰ ਵਾਲਾ। ਮੇਰੇ ਅਮਰੀਕਨ ਮਿੱਤਰ ਠੀਕ ਹੀ ਕਹਿੰਦੇ ਸਨ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਸਨਮਾਨ ਵਿਚ ਮੇਰੇ ਗੋਤ ਦਾ ਵੀ ਹੱਥ ਹੈ। ਇਸ ਨੂੰ ਪ੍ਰਵਾਨ ਕਰਨ ਦਾ ਫਰਜ਼ ਮੇਰੇ ਗੋਤੀ ਤਰਨਜੀਤ ਸਿੰਘ ਸੰਧੂ ਨੇ ਨਿਭਾਇਆ, ਜੋ ਅੱਜ ਕਲ੍ਹ ਅਮਰੀਕਾ ਵਿਚ ਭਾਰਤ ਦੇ ਸਫੀਰ ਵਜੋਂ ਤਾਇਨਾਤ ਹੈ। ਆਮੀਨ!
ਅੰਤਿਕਾ: ਗੁਮਨਾਮ
ਸ਼ੁਹਰਤ ਕੀ ਬੁਲੰਦੀ ਭੀ ਪਲ ਭਰ ਕਾ ਤਮਾਸ਼ਾ ਹੈ,
ਜਿਸ ਸ਼ਾਖ ਪੇ ਬੈਠੇ ਹੋ ਵੁਹ ਟੂਟ ਭੀ ਸਕਤੀ ਹੈ।