ਸੰਤ ਰਾਮ ਸਿੰਘ ਸੀਂਘੜੇ ਵਾਲਿਆਂ ਨੂੰ ਯਾਦ ਕਰਦਿਆਂ

ਸਾਲ 1992 ਦੀ ਗੱਲ ਹੈ, ਜਦੋਂ ਮੈਂ ਲੁਧਿਆਣੇ ਦੇ ਮਸ਼ਹੂਰ ਚੌੜਾ ਬਾਜ਼ਾਰ ਸਥਿਤ ਅਕਾਲਗੜ੍ਹ ਮਾਰਕਿਟ ਵਿਚ ਪੰਜਾਬੀ ਦੇ ਪ੍ਰਸਿੱਧ ਅਖਬਾਰ “ਅਜੀਤ” ਦਾ ਦਫਤਰ ਖੋਲ੍ਹਿਆ ਸੀ। ਅਕਾਲਗੜ੍ਹ ਮਾਰਕਿਟ ਵਿਚ ਉਨ੍ਹੀਂ ਦਿਨੀਂ ਕੈਸੇਟ ਕੰਪਨੀਆਂ ਦੇ ਬਹੁਤ ਸਾਰੇ ਸ਼ੋਅ ਰੂਮ ਸਨ, ਇਨ੍ਹਾਂ ਵਿਚੋਂ ਫਾਈਨਟੋਨ ਦਾ ਉਸ ਵੇਲੇ ਕਾਫੀ ਵੱਡਾ ਨਾਮ ਸੀ। ਇਸੇ ਮਾਰਕਿਟ ਵਿਚ ਉਨ੍ਹੀਂ ਦਿਨੀਂ ਪ੍ਰਸਿੱਧ ਰਾਗੀ ਗੁਰਚਰਨ ਸਿੰਘ ਰਸੀਆ ਦੀ ਵੀ ਇਕ ਕੈਸੇਟ ਕੰਪਨੀ ਸੀ, ਜੋ ਖੁਦ ਰਾਗੀ ਰਸੀਆ ਸਮੇਤ ਹੋਰਨਾਂ ਰਾਗੀਆਂ ਦੀਆਂ ਕੈਸੇਟਾਂ ਵੀ ਰਿਕਾਰਡ ਕਰਕੇ ਰਿਲੀਜ਼ ਕਰਦੀ ਸੀ।

ਉਨ੍ਹੀਂ ਦਿਨੀਂ ਸੰਤ ਰਾਮ ਸਿੰਘ ਸੀਂਘੜੇ ਵਾਲਿਆਂ ਨਾਲ ਭਾਈ ਰਸੀਆ ਦੇ ਭਤੀਜੇ ਜਗਜੀਤ ਸਿੰਘ, ਜੋ ਕੈਸੇਟ ਕੰਪਨੀ ਦਾ ਕੰਮ ਦੇਖਦਾ ਹੁੰਦਾ ਸੀ, ਦੇ ਰਾਹੀਂ ਕੁਝ ਮੁਲਾਕਾਤਾਂ ਦਾ ਸਬੱਬ ਬਣਿਆ ਸੀ। ਉਨ੍ਹਾਂ ਨਾਲ ਮਿਲਦਿਆਂ ਮੈਨੂੰ ਇਸ ਗੱਲ ਦਾ ਜ਼ਰੂਰ ਅਹਿਸਾਸ ਹੋਇਆ ਸੀ ਕਿ ਉਨ੍ਹਾਂ ਵਿਚ ਗੁਰਬਾਣੀ ਸੰਗੀਤ ਪ੍ਰਤੀ ਅਥਾਹ ਪਿਆਰ ਤੇ ਲਗਾਉ ਸੀ। ਉਨ੍ਹਾਂ ਦੀ ਅਵਾਜ ਵਿਚ ਗਜਬ ਦੀ ਮਿਠਾਸ ਤੇ ਠਹਿਰਾਉ ਸੀ। ਉਨ੍ਹਾਂ ਦੀ ਸ਼ਬਦ ਗਾਇਨ ਪ੍ਰਤੀ ਸਿ਼ੱਦਤ ਬਾਕਮਾਲ ਸੀ। ਉਨ੍ਹਾਂ ਦਾ ਹਰ ਸ਼ਬਦ ਗਾਇਨ ਦੇ ਵਕਤ ਯਤਨ ਹੁੰਦਾ ਸੀ ਕਿ ਉਨ੍ਹਾਂ ਦੀ ਅਵਾਜ ਰੂਹ ਦੀਆਂ ਡੂੰਘਾਈਆਂ ਵਿਚੋਂ ਨਿਕਲੇ। ਭਾਵੇਂ ਉਹ ਨਾਨਕਸਰ ਸੰਪਰਦਾਏ ਨਾਲ ਜੁੜੇ ਹੋਏ ਸਨ, ਲੋਕਾਂ ਨੇ ਉਨ੍ਹਾਂ ਦੇ ਨਾਮ ਨਾਲ ਬਾਬਾ ਸ਼ਬਦ ਜੋੜ ਦਿੱਤਾ ਸੀ, ਪਰ ਉਹ ਮੇਰੇ ਮਤ ਅਨੁਸਾਰ ਬਾਬਾ ਤਾਂ ਬਿਲਕੁਲ ਨਹੀਂ, ਸੰਤ ਜ਼ਰੂਰ ਸਨ। ਉਨ੍ਹਾਂ ਦੀ ਸ਼ਖਸੀਅਤ ਵਿਚ ਨਾਨਕਸਰ ਸੰਪਰਦਾਏ ਵਾਲੇ ਬਾਬਿਆਂ ਦੇ ਲਾਣੇ ਵਾਲਾ “ਬਾਬਾ” ਤਾਂ ਬਿਲਕੂਲ ਨਹੀਂ ਸੀ, ਪਰ ਹਾਂ “ਸੰਤ” ਦੀ ਸੁਖਨ ਸੁਗੰਧੀ ਜ਼ਰੂਰ ਸੀ, ਜਿਸ ਨੇ ਕਿਰਸਾਨਾਂ, ਕਿਰਸਾਨੀ ਅਤੇ ਉਨ੍ਹਾਂ ਵੱਲੋਂ ਹੱਕਾਂ ਲਈ ਲੜੇ ਜਾ ਰਹੇ ਬਿਖਮ ਸੰਗਰਾਮ ਪ੍ਰਤੀ ਕੇਂਦਰ ਸਰਕਾਰ ਦੀ ਉਪਰਾਮਤਾ ਨੇ ਉਨ੍ਹਾਂ ਨੂੰ ਆਪਣੀ ਬਲੀ ਜਿਹਾ ਦਾਨ ਦੇਣ ਲਈ ਤਿਆਰ ਕੀਤਾ। ਸੰਤ ਰਾਮ ਸਿੰਘ ਨੇ ਆਮ ਬਾਬਿਆਂ ਦੀ ‘ਹਰ ਹਾਲ ਵਿਚ ਜਿਉਣ’ ਦੀ ਲਲਕ ਦੇ ਉਲਟ ਗੁਰੂ ਨਾਨਕ ਵੱਲੋਂ ਵਰੋਸਾਏ ਪੰਜਾਬੀ ਤੇ ਭਾਰਤੀ ਕਿਰਸਾਨ ਅਤੇ ਕਿਰਸਾਨੀ ਲਈ ਜਾਨ ਦੇਣ ਨੂੰ ਪਹਿਲ ਦਿੱਤੀ।
ਵਾਹਿਗੁਰੂ ਸੰਤ ਰਾਮ ਸਿੰਘ ਦੇ ਬਲੀਦਾਨ ਨੂੰ ਫਲੀਭੂਤ ਕਰੇ ਅਤੇ ਪੰਜਾਬ ਤੇ ਭਾਰਤ ਦੇ ਕਿਰਸਾਨ ਦਾ ਦੋਖੀ, ਨੌਸਰਬਾਜ, ਨਾਅਹਿਲ ਤੇ ਤਿਕੜਮਬਾਜ ਪ੍ਰਧਾਨ ਮੰਤਰੀ ਮੋਦੀ ਤੇ ਉਸ ਦੀ ਅਸੰਵੇਦਨਸ਼ੀਲ ਸਰਕਾਰ ਨੂੰ ਅਜਿਹੀ ਕਰਾਰੀ ਮਾਤ ਦੇਵੇ ਕਿ ਭਵਿੱਖ ਵਿਚ ਕੋਈ ਵੀ ਗੁਰੂ ਨਾਨਕ ਦੀ ਕਿਰਸਾਨੀ ਨੂੰ ਮਾੜੀ ਨਿਗਾਹ ਨਾਲ ਨਾ ਤੱਕੇ।
-ਅਮਰਜੀਤ ਸਿੰਘ ਮੁਲਤਾਨੀ