ਮੋਦੀ ਨੂੰ ਸੇਕ ਲਾਉਣ ਲਈ ਅੰਦੋਲਨ ਨੂੰ ਹੋਰ ਪ੍ਰਚੰਡ ਕਰਨ ਦੀ ਰਣਨੀਤੀ

ਨਵੀਂ ਦਿੱਲੀ: ਤਿੰਨਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਸੰਘਰਸ਼ੀਆਂ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੀ ਘੇਰਾਬੰਦੀ ਹੋਰ ਤਿੱਖੀ ਕਰਨ ਦੀ ਰਣਨੀਤੀ ਬਣਾ ਲਈ ਹੈ। ਹਜ਼ਾਰਾਂ ਕਿਸਾਨਾਂ ਦੀ ਅਗਵਾਈ ਕਰ ਰਹੇ ‘ਸੰਯੁਕਤ ਕਿਸਾਨ ਮੋਰਚੇ` ਵੱਲੋਂ ਐਲਾਨ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਹੀਨਾਵਾਰ ਪ੍ਰੋਗਰਾਮ ‘ਮਨ ਕੀ ਬਾਤ` ਦਾ ਵਿਰੋਧ ਕੌਮੀ ਪੱਧਰ ਉਪਰ ਅਕਾਸ਼ਵਾਣੀ ਤੋਂ ਪ੍ਰਸਾਰਨ ਹੋਣ ਦੌਰਾਨ ਖਾਲੀ ਥਾਲੀਆਂ ਖੜਕਾ ਕੇ ਕੀਤਾ ਜਾਵੇਗਾ।

ਆਗੂਆਂ ਮੁਤਾਬਕ ਇਹ ਕਦਮ ਉਸੇ ਤਰਜ਼ ਉਪਰ ਪੁੱਟਿਆ ਜਾਵੇਗਾ ਜਿਵੇਂ ਕਰੋਨਾ ਵਾਇਰਸ ਖਿਲਾਫ ਡਾਕਟਰਾਂ ਤੇ ਹੋਰ ਕੋਵਿਡ ਯੋਧਿਆਂ ਨਾਲ ਇਕਮੁੱਠਤਾ ਪ੍ਰਗਟਾਉਣ ਲਈ ਕੀਤਾ ਗਿਆ ਸੀ। ਉਧਰ, ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਨੂੰ ਪ੍ਰਚੰਡ ਕਰਦਿਆਂ ਕਿਸਾਨਾਂ ਨੇ ਦਿੱਲੀ ਨਾਲ ਲੱਗਦੇ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਬਾਰਡਰਾਂ ‘ਤੇ ਲੜੀਵਾਰ ਭੁੱਖ ਹੜਤਾਲ ਆਰੰਭ ਦਿੱਤੀ ਹੈ। ਪ੍ਰਦਰਸ਼ਨਕਾਰੀ ਕਿਸਾਨ ਭੁੱਖ ਹੜਤਾਲ ‘ਤੇ ਜਥਿਆਂ ਵਿਚ ਬੈਠਣਗੇ। ਸਵਰਾਜ ਇੰਡੀਆ ਦੇ ਆਗੂ ਯੋਗਿੰਦਰ ਯਾਦਵ ਨੇ ਕਿਹਾ ਕਿ ਦਿੱਲੀ-ਜੈਪੁਰ ਹਾਈਵੇਅ ਉਪਰ ਪੱਕਾ ਮੋਰਚਾ ਗੱਡਣ ਮਗਰੋਂ ਹੁਣ ਹਰਿਆਣਾ ਸਰਕਾਰ ਝੰਡੇ ਲੱਗੀਆਂ ਟਰੈਕਟਰ ਟਰਾਲੀਆਂ ਨੂੰ ਬਾਹਰ ਨਹੀਂ ਨਿਕਲਣ ਦੇ ਰਹੀ। ਉਨ੍ਹਾਂ ਕਿਹਾ ਕਿ ਰਾਜਸਥਾਨ ਤੇ ਹੋਰ ਰਾਜਾਂ ਤੋਂ ਥਾਂ-ਥਾਂ ਤੋਂ ਕਿਸਾਨ ਅੰਦੋਲਨ ਵਿਚ ਆ ਰਹੇ ਹਨ। ਸੁਪਰੀਮ ਕੋਰਟ ਮੁਤਾਬਕ ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ ਪਰ ਸਰਕਾਰ ਅੜਿੱਕੇ ਪਾ ਰਹੀ ਹੈ। ਉਨ੍ਹਾਂ ਕਿਹਾ ਕਿ 24 ਘੰਟੇ ਦਾ ਰਿਲੇਅ ਭੁੱਖ ਹੜਤਾਲ ਹਰ ਧਰਨਿਆਂ ਉਤੇ ਕੀਤੀ ਜਾਵੇਗੀ। ਦਿੱਲੀ ਦੇ ਮੋਰਚਿਆਂ ‘ਤੇ ਗਿਆਰਾਂ-ਗਿਆਰਾਂ ਲੋਕ ਬੈਠਣਗੇ ਤੇ ਬਾਕੀ ਲੋਕ ਸਮਰੱਥਾ ਮੁਤਾਬਕ ਭੁੱਖ ਹੜਤਾਲ ਕਰਨਗੇ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ 25,26, 27 ਦਸੰਬਰ ਨੂੰ ਹਰਿਆਣਾ ਦੇ ਸਾਰੇ ਟੋਲ ਪਲਾਜ਼ੇ ਮੁਕਤ ਕੀਤੇ ਜਾਣਗੇ। ਪ੍ਰਵਾਸੀ ਭਾਰਤੀਆਂ ਵੱਲੋਂ ਭਾਰਤੀ ਦੂਤਾਵਾਸਾਂ ਰਾਹੀਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ ਜਾਵੇਗੀ।
ਕਾਬਲੇਗੌਰ ਹੈ ਕਿ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਜਿਨ੍ਹਾਂ ਵਿਚ ਜ਼ਿਆਦਾਤਰ ਪੰਜਾਬ ਅਤੇ ਹਰਿਆਣਾ ਤੋਂ ਹਨ, ਬੀਤੇ ਚਾਰ ਹਫਤਿਆਂ ਤੋਂ ਦਿੱਲੀ ਬਾਰਡਰ ‘ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਸਵਰਾਜ ਇੰਡੀਆ ਦੇ ਮੁਖੀ ਯੋਗਿੰਦਰ ਯਾਦਵ ਨੇ ਕਿਹਾ ਸੀ, ” ਕਿਸਾਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਲੜੀਵਾਰ ਭੁੱਖ ਹੜਤਾਲ ਆਰੰਭਣਗੇ। ਹੜਤਾਲ ਸਿੰਘੂ ਬਾਰਡਰ ਸਮੇਤ ਸਭਨਾਂ ਪ੍ਰਦਰਸ਼ਨ ਵਾਲੀਆਂ ਵਾਲੀਆਂ ਥਾਵਾਂ ‘ਤੇ ਕੀਤੀ ਜਾਵੇਗੀ ਤੇ ਇਸ ਦੀ ਸ਼ੁਰੂਆਤ ਇਥੋਂ 11 ਕਿਸਾਨਾਂ ਵੱਲੋਂ ਭੁੱਖ ਹੜਤਾਲ ‘ਤੇ ਬੈਠ ਕੇ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਪੂਰੇ ਮੁਲਕ ਵਿਚ ਪ੍ਰਦਰਸ਼ਨ ਕਰਨ ਵਾਲਿਆਂ ਤੋਂ ਅਜਿਹਾ ਕਰਨ ਦੀ ਅਪੀਲ ਕੀਤੀ ਸੀ।“
___________________________________________________
ਕਿਸਾਨਾਂ ਨੇ ਖੂਨ ਨਾਲ ਲਿਖਿਆ ਪੱਤਰ ਮੋਦੀ ਨੂੰ ਭੇਜਿਆ
ਨੂਰਪੁਰ ਬੇਦੀ: ਨੂਰਪੁਰ ਬੇਦੀ ਦੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿੰਡ ਡੂਮੇਵਾਲ ਵਿਚ ਸਤਲੁਜ ਪ੍ਰੈਸ ਕਲੱਬ ਨੂਰਪੁਰ ਬੇਦੀ ਵੱਲੋਂ ਲਗਾਏ ਖੂਨਦਾਨ ਕੈਂਪ ਦੌਰਾਨ ਖੂਨ ਨਾਲ ਲਿਖਿਆ ਖਤ ਮੋਦੀ ਸਰਕਾਰ ਨੂੰ ਭੇਜਿਆ। ਇਸ ਮੌਕੇ ਕਿਸਾਨਾਂ ‘ਚ ਖੇਤੀ ਕਾਨੂੰਨਾਂ ਖਿਲਾਫ ਜਜ਼ਬਾ ਪ੍ਰਚੰਡ ਸੀ। ਪਿੰਡ ਸ਼ਾਹਪੁਰ ਬੇਲਾ ਦੇ ਕਿਸਾਨ ਜਗਵੀਰ ਸਿੰਘ ਬੇਲਾ ਨੇ ਕਿਹਾ ਕਿ ਉਹ ਮੋਦੀ ਸਰਕਾਰ ਤੋਂ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਕਿਸਾਨ ਇਕ ਮਹੀਨੇ ਤੋਂ ਸਿੰਘੂ ਬਾਰਡਰ ‘ਤੇ ਡਟੇ ਹੋਏ ਹਨ। ਕਿਸਾਨਾਂ ਨੇ ਅੱਥਰੂ ਗੈਸ ਦੇ ਗੋਲੇ ਵੀ ਸਹੇ, ਪੁਲਿਸ ਦੀ ਕੁੱਟਮਾਰ ਦਾ ਸ਼ਿਕਾਰ ਵੀ ਹੋਏ ਪਰ ਪਿੱਛੇ ਨਹੀਂ ਹਟੇ ਅਤੇ ਨਾ ਹੀ ਹਟਣਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਨੇ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਆਖਰੀ ਦਮ ਤੱਕ ਲੜਦੇ ਰਹਿਣਗੇ।