ਕੜਾਕੇ ਦੀ ਠੰਢ ਵੀ ਮੱਠਾ ਨਾ ਕਰ ਸਕੀ ਘੋਲ ਵਿਚ ਡਟੇ ਲੋਕਾਂ ਦਾ ਜੋਸ਼

ਚੰਡੀਗੜ੍ਹ: ਦਿੱਲੀ ਦੀਆਂ ਸਿੰਘੂ ਤੇ ਟਿੱਕਰੀ ਹੱਦਾਂ ‘ਤੇ ਤਿੰਨ ਹਫਤਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ‘ਚ ਸ਼ਾਮਲ ਹੋਣ ਲਈ ਪੰਜਾਬ ਵਾਸੀਆਂ ਦਾ ਜੋਸ਼ ਮੱਠਾ ਨਹੀਂ ਪੈ ਰਿਹਾ। ਕਿਸਾਨ ਜਥੇਬੰਦੀਆਂ ਦਾ ਇਸ ਗੱਲੋਂ ਫਿਕਰ ਮੁੱਕ ਗਿਆ ਹੈ ਕਿ ਮੋਰਚੇ ਵਿਚ ਲੋਕਾਂ ਦੀ ਸ਼ਮੂਲੀਅਤ ਕਿਵੇਂ ਕਰਾਉਣੀ ਹੈ। ਦਿੱਲੀ ਨਾਲ ਸਿੱਧੀ ਟੱਕਰ ਹੋਣ ਕਾਰਨ ਪੰਜਾਬ ਦਾ ਕੋਈ ਅਜਿਹਾ ਪਿੰਡ ਨਹੀਂ ਬਚਿਆ ਜਿਥੋਂ ਲੋਕ ਆਪ-ਮੁਹਾਰੇ ਮੋਰਚਿਆਂ ਵਿਚ ਨਾ ਪੁੱਜੇ ਹੋਣ। ਠੰਢ ਵਧਣ ਦੇ ਬਾਵਜੂਦ ਵੀ ਲੋਕਾਂ ਦਾ ਜੋਸ਼ ਮੱਠਾ ਨਹੀਂ ਪਿਆ ਤੇ ਆਏ ਦਿਨ ਵੱਡੀ ਗਿਣਤੀ ਲੋਕ ਵਹੀਰਾਂ ਘੱਤ ਕੇ ਟਰਾਲੀਆਂ ਤੇ ਹੋਰ ਸਾਧਨਾਂ ਰਾਹੀਂ ਦਿੱਲੀ ਮੋਰਚੇ ਵਿਚ ਸ਼ਾਮਲ ਹੋਣ ਜਾ ਰਹੇ ਹਨ।

ਪੰਜਾਬ ਵਿਚ ਡਿਪਟੀ ਕਮਿਸ਼ਨਰ ਦਫਤਰਾਂ ਅੱਗੇ ਦਿੱਤੇ ਗਏ ਰੋਸ ਧਰਨਿਆਂ ‘ਚ ਗਿਣਤੀ ਵਧਣ ਦਾ ਇਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜਿਹੜੇ ਲੋਕ ਦਿੱਲੀ ਨਹੀਂ ਜਾ ਸਕੇ, ਉਨ੍ਹਾਂ ਨੇ ਆਪਣਾ ਫਰਜ਼ ਸਮਝ ਕੇ ਰੋਸ ਧਰਨਿਆਂ ਵਿਚ ਆਪਣੀ ਸ਼ਮੂਲੀਅਤ ਕੀਤੀ ਹੈ। ਜ਼ਿਆਦਾਤਰ ਕਿਸਾਨ ਟਰਾਲੀਆਂ ਵਿਚ ਜਾਣ ਨੂੰ ਤਰਜੀਹ ਦੇ ਰਹੇ ਹਨ। ਲੋਕ ਦਿੱਲੀ ਸੰਘਰਸ਼ ਲਈ ਲੋਕ ਆਪ-ਮੁਹਾਰੇ ਹੀ ਆ ਰਹੇ ਹਨ।
ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਨੂੰ ਲੰਬਾ ਚਲਾਉਣ ਲਈ ‘ਇਕ ਵਿਅਕਤੀ ਪ੍ਰਤੀ ਘਰ` ਦੇ ਹਿਸਾਬ ਨਾਲ ਨਾਭਾ ਦੇ ਪਿੰਡਾਂ ਵਿਚੋਂ ਵਾਰੀ ਸਿਰ ਲੋਕ ਦਿੱਲੀ ਧਰਨੇ ਵਿਚ ਸ਼ਾਮਲ ਹੋ ਰਹੇ ਹਨ। ਜਿ਼ਕਰਯੋਗ ਹੈ ਕਿ ਨੌਜਵਾਨਾਂ ਦੀ ਇਹ ਟੀਮ ਦਿੱਲੀ ਮੋਰਚੇ ਵਿਚ ਆਉਂਦੇ-ਜਾਂਦੇ ਹਰ ਵਿਅਕਤੀ ਦਾ ਰਿਕਾਰਡ ਰੱਖਦੀ ਹੈ। ਕਿਸਾਨ ਦੇ ਮੋਰਚੇ ਵਿਚ ਜਾਣ ਪਿੱਛੋਂ ਉਸ ਦੀ ਫਸਲ ਨੂੰ ਪਾਣੀ ਲਾਉਣ ਅਤੇ ਡੰਗਰ-ਪਸ਼ੂਆਂ ਦੇ ਹਰੇ-ਚਾਰੇ ਦਾ ਪ੍ਰਬੰਧ ਵੀ ਕਰਦੀ ਹੈ।
ਇਸੇ ਤਰ੍ਹਾਂ ਪਿੰਡ ਕੱਲ੍ਹਾਮਾਜਰਾ ਵਿਚ ਨੌਜਵਾਨਾਂ ਦੀ 11 ਮੈਂਬਰੀ ਟੀਮ ਹਰ ਚੌਥੇ ਦਿਨ 25 ਜਣਿਆਂ ਦਾ ਜਥਾ ਬਣਾ ਕੇ ਦਿੱਲੀ ਭੇਜਦੀ ਹੈ। ਉਸੇ ਸਾਧਨ ਵਿਚ ਪਹਿਲਾਂ ਗਏ 25 ਜਣੇ ਪਿੰਡ ਵਾਪਸ ਪਰਤ ਆਉਂਦੇ ਹਨ। ਪਿੰਡ ਵੱਲੋਂ ਜੋ ਟਰੈਕਟਰ-ਟਰਾਲੀ ਅਤੇ ਰਾਸ਼ਨ ਆਦਿ ਦਿੱਲੀ ਮੋਰਚੇ ਲਈ ਭੇਜਿਆ ਜਾਂਦਾ ਹੈ, ਉਸ ਦਾ ਸਾਰਾ ਹਿਸਾਬ-ਕਿਤਾਬ ਇਹ ਟੀਮ ਹੀ ਰੱਖਦੀ ਹੈ। ਪਿੰਡ ਦੇ ਸਰਪੰਚ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਤੋਂ ਮਜ਼ਦੂਰ ਪਰਿਵਾਰਾਂ ਨੇ ਵੀ 10 ਜਣੇ ਦਿੱਲੀ ਭੇਜੇ ਹਨ। ਉਨ੍ਹਾਂ ਕਿਹਾ ਕਿ ਮਜ਼ਦੂਰ ਪਰਿਵਾਰਾਂ ਵੱਲੋਂ ਹਰ ਵਾਰ 10 ਜਣੇ ਭੇਜਣ ਦਾ ਅਹਿਦ ਕੀਤਾ ਗਿਆ ਹੈ। ਇਸੇ ਤਰ੍ਹਾਂ ਥੂਹੀ ਪਿੰਡ ਦੇ ਮਜ਼ਦੂਰ ਸੋਮਨਾਥ ਸੋਮਾ ਵੱਲੋਂ ਵੀ ਇਹ ਐਲਾਨ ਕੀਤਾ ਗਿਆ ਕਿ ਜੇ ਕੋਈ ਪਿੰਡ ਵਾਸੀ ਦਿੱਲੀ ਧਰਨੇ ਵਿਚ ਜਾਣਾ ਚਾਹੁੰਦਾ ਹੈ ਤਾਂ ਬੇਫਕਿਰ ਹੋ ਕੇ ਜਾ ਸਕਦਾ ਹੈ, ਉਸ ਦੇ ਪਸ਼ੂਆਂ ਦੀ ਸਾਂਭ-ਸੰਭਾਲ ਤੇ ਹਰੇ-ਚਾਰੇ ਦੀ ਜਿੰਮੇਵਾਰੀ ਉਹ ਨਿਭਾਏਗਾ।
ਉਧਰ, ਸਿੰਘੂ ਬਾਰਡਰ ਉਪਰ ਰੋਜ਼ਾਨਾ ਹਜ਼ਾਰਾਂ ਲੋਕਾਂ ਦਾ ਇਕੱਠ ਹੋ ਜਾਂਦਾ ਹੈ ਤੇ ਸਾਰਿਆਂ ਲਈ ਸਮੇਂ ਸਿਰ ਲੰਗਰ ਤਿਆਰ ਕਰਨ ਦੀ ਸੇਵਾ ਵਿਚ ਵੱਖ-ਵੱਖ ਸੰਸਥਾਵਾਂ ਲੱਗੀਆਂ ਹੋਈਆਂ ਹਨ। ਲੋਕਾਂ ਦੀ ਆਮਦ ਨੂੰ ਦੇਖਦੇ ਹੋਏ ਕਈ ਥਾਵਾਂ ਉਪਰ ਇਥੇ ਕੌਮੀ ਮਾਰਗ-1 ਉਪਰ ਰੋਟੀ/ਪ੍ਰਸ਼ਾਦੇ ਸੇਕਣ ਵਾਲੀਆਂ ਮਸ਼ੀਨਾਂ ਲਾਈਆਂ ਗਈਆਂ ਹਨ। ਕਈਆਂ ਵੱਲੋਂ ਵੱਡੇ ਤਵਿਆਂ ‘ਤੇ ਰੋਟੀਆਂ ਸੇਕੀਆਂ ਜਾਂਦੀਆਂ ਹਨ। ਖਾਸ ਕਰਕੇ ਧਾਰਮਿਕ ਸੰਸਥਾਵਾਂ ਵੱਲੋਂ ਜਾਂ ਪਿੰਡਾਂ ਤੋਂ ਆਈਆਂ ਟਰਾਲੀਆਂ ਵਿਚ ਚੁੱਲ੍ਹਿਆਂ ਦਾ ਪ੍ਰਬੰਧ ਹੋਣ ਕਰ ਕੇ ਉਨ੍ਹਾਂ ਨੂੰ ਔਖ ਨਹੀਂ ਹੁੰਦੀ। ਦਿੱਲੀ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਸਮਾਰਕ ਦੇ ਕੈਂਪਸ ਵਿਚ ਤਿੰਨ ਰੋਟੀਆਂ ਪਕਾਉਣ ਵਾਲੀਆਂ ਮਸ਼ੀਨਾਂ ਲਾਈਆਂ ਗਈਆਂ ਹਨ। ਕੌਮੀ ਮਾਰਗ-1 ਉਪਰ ਇਕ ਸਵੈ-ਸੇਵੀ ਸੰਸਥਾ ਵੱਲੋਂ ਰੋਟੀ ਬਣਾਉਣ ਵਾਲੀ ਮਸ਼ੀਨ ਲਾਈ ਗਈ ਹੈ, ਜਿਥੇ ਧਰਨੇ ਵਿੱਚ ਸ਼ਾਮਲ ਔਰਤਾਂ ਵੱਲੋਂ ਆਟੇ ਦੇ ਪੇੜੇ ਬਣਾਉਣ ਦੀ ਸੇਵਾ ਰੋਜ਼ਾਨਾ ਕੀਤੀ ਜਾਂਦੀ ਹੈ। ਦੁਪਹਿਰੇ ਤੇ ਸ਼ਾਮ ਨੂੰ ਲੰਗਰ ਚਲਾਏ ਜਾਂਦੇ ਹਨ ਤੇ ਵਧਦੀ ਭੀੜ ਨੂੰ ਦੇਖਦੇ ਹੋਏ ਮਸ਼ੀਨਾਂ ਨਾਲ ਕੰਮ ਸੌਖਾ ਹੋ ਜਾਂਦਾ ਹੈ।
___________________________________________
ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਅਤੇ ਸੌਣ ਦੇ ਪ੍ਰਬੰਧ
ਨਵੀਂ ਦਿੱਲੀ: ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਸਿੰਘੂ ਬਾਰਡਰ ਦੇ ਮੋਰਚੇ ‘ਤੇ ਡਟੇ ਕਿਸਾਨਾਂ ਲਈ ਦੋ ਥਾਵਾਂ ਉਪਰ ਲੰਗਰ ਤੇ ਰਾਤ ਨੂੰ ਪੈਣ-ਸੌਣ ਦਾ ਪ੍ਰਬੰਧ ਕੀਤਾ ਗਿਆ ਹੈ। ਕਮੇਟੀ ਮੁਲਾਜ਼ਮ ਵੀਰ ਸਿੰਘ ਨੇ ਦੱਸਿਆ ਕਿ ਕਰੀਬ 200 ਲੋਕਾਂ ਦੇ ਸੌਣ ਦੀ ਵਿਵਸਥਾ ਕੁੰਡਲੀ ਵਾਲੇ ਖੇਤਰ ਵਿਚ ਕੀਤੀ ਗਈ ਹੈ। ਇਥੇ 24 ਘੰਟੇ ਲੰਗਰ ਚੱਲਦਾ ਰਹਿੰਦਾ ਹੈ, ਜਿਸ ਵਿਚ ਰਵਾਇਤੀ ਲੰਗਰ ਤੋਂ ਇਲਾਵਾ ਚਾਹ ਤੇ ਹੋਰ ਖਾਣ ਦੀਆਂ ਚੀਜ਼ਾਂ ਲੰਗਰ ਤੋਂ ਵੱਖਰੀਆਂ ਮੁਹੱਈਆ ਹਨ। ਸਨਅਤੀ ਤੇ ਖੇਤੀ ਵਾਲਾ ਖੇਤਰ ਹੋਣ ਕਰਕੇ ਮੱਖੀ-ਮੱਛਰ ਤੋਂ ਬਚਾਅ ਲਈ ਮੱਛਰਦਾਨੀਆਂ ਵੀ ਲਾਈਆਂ ਗਈਆਂ ਹਨ। ਦਾਨੀ ਸੰਸਥਾਵਾਂ ਵੱਲੋਂ ਮੱਛਰ ਭਜਾਉਣ ਵਾਲੀਆਂ ਧੂਫਾਂ ਤੇ ਤੇਲ ਵੀ ਅਜਿਹੀਆਂ ਥਾਵਾਂ ਉਪਰ ਵੰਡਿਆ ਜਾਂਦਾ ਹੈ। ਕਮੇਟੀ ਦੇ 50 ਦੇ ਕਰੀਬ ਮੁਲਾਜ਼ਮ ਕੁਰੂਕਸ਼ੇਤਰ, ਅੰਬਾਲਾ ਤੇ ਅੰਮ੍ਰਿਤਸਰ ਤੋਂ ਇਥੇ ਤਾਇਨਾਤ ਕੀਤੇ ਹੋਏ ਹਨ। ਮੀਰੀ-ਪੀਰੀ ਡਾਕਟਰੀ ਸੰਸਥਾ ਦੇ ਡਾਕਟਰਾਂ ਦੀ ਟੀਮ ਵੀ ਤਾਇਨਾਤ ਕੀਤੀ ਗਈ ਹੈ।
_______________________________________
ਸਾਮਾਨ ਭੇਜਣ ਲਈ ਉਤਾਵਲੇ ਨੇ ਦਾਨੀ ਸੱਜਣ
ਨਵੀਂ ਦਿੱਲੀ: ਸਿੰਘੂ ਤੇ ਟਿੱਕਰੀ ਮੋਰਚਿਆਂ ਉਪਰ ਡਟੇ ਕਿਸਾਨਾਂ ਲਈ ਦਾਨੀ ਸੱਜਣ ਹੁਣ ਮੌਜੂਦਾ ਲੋੜਾਂ ਮੁਤਾਬਕ ਸਾਮਾਨ ਪਹੁੰਚਾਉਣ ਲੱਗੇ ਹਨ। ਕੜਾਕੇ ਦੀ ਠੰਢ ਵਿੱਚ ਕਿਸਾਨ ਆਗੂਆਂ ਵੱਲੋਂ ਇਥੋਂ ਪੰਜਾਬ ਤੇ ਹਰਿਆਣਾ ਸਮੇਤ ਹੋਰ ਰਾਜਾਂ ਨੂੰ ਆਉਣ ਜਾਣ ਵਾਲੇ ਕਿਸਾਨਾਂ ਨੂੰ ਠੰਢ ਤੋਂ ਬਚਾਅ ਦੇ ਉਪਰਾਲਿਆਂ ਵੱਲ ਧਿਆਨ ਦੇਣ ਦੇ ਸੁਨੇਹੇ ਭੇਜੇ ਜਾ ਰਹੇ ਹਨ। ਇਸੇ ਲੜੀ ‘ਚ ਮੋਗਾ ਦੇ ਨਵਦੀਪ ਸੰਘਾ ਵੱਲੋਂ ਕਿਸਾਨਾਂ ਨੂੰ ਠੰਢ ਤੋਂ ਬਚਾਉਣ ਲਈ 10 ਹਜ਼ਾਰ ਜੋੜੇ ਜੁਰਾਬਾਂ ਸਿੰਘੂ ਬਾਰਡਰ ਉਪਰ ਵੰਡੀਆਂ ਗਈਆਂ। ਉਹ ਅੱਗੋਂ ਹੋਰ ਸਾਮਾਨ ਵੀ ਲੈ ਕੇ ਆਉਣਗੇ। ਸ੍ਰੀ ਸੰਘਾ ਵੱਲੋਂ ਦਿੱਲੀ ਨੂੰ ਜਾਂਦੇ ਪੰਜ ਮੁੱਖ ਮਾਰਗਾਂ ‘ਤੇ ਚੱਲ ਰਹੇ ਧਰਨਿਆਂ ਦੌਰਾਨ ਗਰਮ ਕੱਪੜੇ, ਦੇਸੀ ਗੀਜ਼ਰ, ਪਾਥੀਆਂ, ਮੋਟੀ ਲੱਕੜੀ ਦੀਆਂ ਗੰਢਾਂ ਸਮੇਤ ਬਲੱਡ ਪ੍ਰੈੱਸ਼ਰ ਮਾਪਣ ਵਾਲੀਆਂ ਮਸ਼ੀਨਾਂ ਲਈ ਵੀ ਅਪੀਲ ਕੀਤੀ ਜਾ ਰਹੀ ਹੈ।